ਫਤਹਿਗੜ੍ਹ ਸਾਹਿਬ: ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਚਾਨਕ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਘਰ ਪਿੰਡ ਤਲਾਣੀਆਂ ਮੁਲਾਕਾਤ ਕਰਨ ਪਹੁੰਚ ਗਏ।
ਸੂਤਰਾਂ ਅਨੁਸਾਰ ਸ਼ ਮਾਨ ਨੂੰ ਡੇਰਾ ਮੁਖੀ ਦੇ ਆਉਣ ਬਾਰੇ ਕੁਝ ਪਤਾ ਨਹੀਂ ਸੀ ਤੇ ਉਹ ਕਿਸੇ ਸਮਾਗਮ ਵਿਚ ਹਿੱਸਾ ਲੈਣ ਲਈ ਬਾਹਰ ਗਏ ਹੋਏ ਸਨ। ਇਸ ਮੌਕੇ ਸ਼ ਮਾਨ ਨੂੰ ਤੁਰੰਤ ਸੰਦੇਸ਼ ਭੇਜ ਕੇ ਬੁਲਾਇਆ ਗਿਆ। ਡੇਰਾ ਮੁਖੀ ਦੀ ਇਸ ਫੇਰੀ ਨਾਲ ਪੰਜਾਬ ਦੇ ਸਿਆਸੀ ਹਲਕਿਆ ਵਿਚ ਨਵੀਂ ਚਰਚਾ ਛਿੜ ਗਈ ਹੈ।
ਡੇਰਾ ਬਿਆਸ ਦੇ ਮੁਖੀ ਨੇ ਸਿਮਰਨਜੀਤ ਸਿੰਘ ਮਾਨ ਤੋਂ ਪਹਿਲਾਂ ਕਿਸੇ ਹੋਰ ਰਾਜਨੀਤਕ ਨੇਤਾ ਨਾਲ ਕਦੇ ਘਰ ਜਾ ਕੇ ਅਜਿਹੀ ਮਿਲਣੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਅਮ੍ਰਿੰਤਸਰ ਦਰਬਾਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਉਤੇ ਸ਼ ਮਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਮਿਆਨ ਤਣਾਅ ਵਾਲਾ ਮਾਹੌਲ ਪੈਦਾ ਹੋਣਾ ਤੇ ਅਗਲੇ ਹੀ ਦਿਨ ਤੁਰੰਤ ਡੇਰਾ ਬਿਆਸ ਦੇ ਮੁਖੀ ਵੱਲੋਂ ਉਨ੍ਹਾਂ ਦੇ ਘਰ ਪੁੱਜਣਾ ਹੈਰਾਨੀਜਨਕ ਘਟਨਾਕ੍ਰਮ ਸਮਝਿਆ ਜਾ ਰਿਹਾ ਹੈ।
ਪੰਜਾਬ ਅੰਦਰ ਖਾੜਕੂਵਾਦ ਦੌਰਾਨ ਡੇਰਾ ਬਿਆਸ ਤੇ ਗਰਮ ਦਲੀਆਂ ਵਿਚਕਾਰ ਦੂਰੀ ਬਣੀ ਰਹੀ ਸੀ ਪਰ ਇਸ ਸਮੇਂ ਗਰਮ ਦਲੀਆਂ ਦੇ ਲੀਡਰ ਮੰਨੇ ਜਾਂਦੇ ਸ਼ ਮਾਨ ਦੇ ਘਰ ਡੇਰਾ ਮੁਖੀ ਦਾ ਆਉਣਾ ਚਰਚਾ ਦਾ ਵਿਸ਼ਾ ਹੈ। ਜਦੋਂ ਡੇਰਾ ਮੁਖੀ ਡੇਢ ਵਜੇ ਸ਼ ਮਾਨ ਦੇ ਘਰ ਪਹੁੰਚੇ ਤਾਂ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਇਸ ਮੌਕੇ ਡੇਰਾ ਮੁਖੀ ਦੀ ਪਤਨੀ ਵੀ ਨਾਲ ਸਨ। ਮਿਲੀ ਜਾਣਕਾਰੀ ਮੁਤਾਬਤ ਡੇਰਾ ਮੁਖੀ ਤੇ ਸ਼ ਮਾਨ ਦਰਮਿਆਨ ਇਕ ਘੰਟੇ ਤੋਂ ਵੀ ਵੱਧ ਬੰਦ ਕਮਰੇ ਅੰਦਰ ਮੀਟਿੰਗ ਹੋਈ ਜਿਸ ਦੇ ਵੇਰਵੇ ਮੀਡੀਆ ਨੂੰ ਨਸ਼ਰ ਨਹੀਂ ਕੀਤੇ ਗਏ।
ਪਾਰਟੀ ਦੇ ਸਿਆਸੀ ਸਕੱਤਰ ਇਕਬਾਲ ਸਿੰਘ ਟਿਵਾਣਾ ਦੀ ਬੇਨਤੀ ਉੱਤੇ ਡੇਰਾ ਮੁਖੀ ਨੇ ਬਸੀ ਪਠਾਣਾਂ ਵਿਚ ਰਾਧਾ ਸੁਆਮੀ ਸਤਿਸੰਗ ਘਰ ਦਾ ਦੌਰਾ ਵੀ ਕੀਤਾ ਜਿਥੇ ਵੱਡੀ ਗਿਣਤੀ ਵਿਚ ਸੰਗਤਾਂ ਇਕੱਠੀਆਂ ਹੋ ਗਈਆਂ ਸਨ। ਇਸ ਮੌਕੇ ਸ਼ ਮਾਨ ਵੀ ਉਨ੍ਹਾਂ ਦੇ ਨਾਲ ਸਨ। ਪਹਿਲਾਂ ਤਾਂ ਕਿਸੇ ਨੂੰ ਵੀ ਇਹ ਭਿਣਕ ਨਹੀਂ ਪਈ ਕਿ ਡੇਰਾ ਮੁਖੀ ਇਥੇ ਆਏ ਹੋਏ ਹਨ ਪਰ ਇਕ-ਦੋ ਸੰਤਸੰਗੀ ਨੇ ਡੇਰਾ ਮੁਖੀ ਦੀ ਗੱਡੀ ਪਛਾਣ ਕੇ ਸ਼ਰਧਾਲੂਆਂ ਨੂੰ ਫੋਨ ਕਰ ਦਿੱਤੇ ਤਾਂ ਸ਼ ਮਾਨ ਦੇ ਘਰ ਨੇੜੇ ਸੰਗਤ ਜੁੜਨੀ ਇਕੱਠੀ ਹੋ ਗਈ। ਪੁਲਿਸ ਨੇ ਤੁਰੰਤ ਨਾਕਾ ਲਗਾ ਕੇ ਸ਼ ਮਾਨ ਦੇ ਘਰ ਨੂੰ ਜਾਂਦੇ ਰਸਤੇ ‘ਤੇ ਰੋਕ ਲਾ ਦਿੱਤੀ।
ਵਾਪਸੀ ਉਤੇ ਉਹ ਸ਼ ਮਾਨ ਦੇ ਘਰ ਦੁਆਲੇ ਖੜ੍ਹੀ ਸੰਗਤ ਨੂੰ ਜੈਕਾਰਾ ਛੱਡ ਕੇ ‘ਵਾਹਿਗੁਰੂ ਜੀ ਕਾ ਖਾਲਸਾ’, ‘ਵਾਹਿਗੁਰੂ ਜੀ ਕੀ ਫਤਹਿ’ ਕਹਿ ਕੇ ਰਵਾਨਾ ਹੋ ਗਏ। ਡੇਰਾ ਮੁਖੀ ਦੇ ਜਾਣ ਤੋਂ ਬਾਅਦ ਸ਼ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਉਨ੍ਹਾਂ ਨਾਲ ਪਿਆਰ ਹੀ ਹੈ ਜੋ ਉਹ ਮਿਲਣ ਉਨ੍ਹਾਂ ਦੇ ਘਰ ਆਏ। ਉਨ੍ਹਾਂ ਕਿਹਾ ਕਿ ਡੇਰਾ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਨ, ਉਹ ਅਮ੍ਰਿੰਤਸਰ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋ ਕੇ ਆਏ ਹਨ।
ਬਿਆਸ ਅੰਦਰ ਪਿੰਡ ਵੜੈਚ ਦੇ ਗੁਰਦੁਆਰੇ ਦਾ ਵਿਵਾਦ ਉਨ੍ਹਾਂ ਦੀ ਬੇਨਤੀ ਮੰਨ ਕੇ ਤੁਰੰਤ ਸੁਲਝਾ ਦਿੱਤਾ ਤੇ ਉਥੇ ਗੁਰਦੁਆਰਾ ਬਣਵਾ ਦਿੱਤਾ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਕਿ ਡੇਰਾ ਬਿਆਸ ਦੇ ਮੁਖੀ ਸਿੱਖਾਂ ਲਈ ਗੁਰਦੁਆਰੇ ਬਣਾਉਂਦੇ ਹਨ ਜਦੋਂਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਨਵੇਂ ਗੁਰਦੁਆਰੇ ਬਣਾਉਣ ਦਾ ਵਿਰੋਧ ਕੀਤਾ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਡੇਰਾ ਬਿਆਸ ਜ਼ਰੂਰ ਜਾਣਗੇ।
Leave a Reply