ਮੀਰੀ ਤੇ ਪੀਰੀ

ਹਰਸ਼ਿੰਦਰ ਸਿੰਘ ਸੰਧੂ*
ਫੋਨ: 253-335-5666
ਫਾਰਸੀ ਭਾਸ਼ਾ ਦੇ ਦੋ ਸ਼ਬਦ-ਮੀਰੀ ਤੇ ਪੀਰੀ, ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਹੀ ਮੌਜੂਦ ਸਨ। ਮੀਰ ਵੀ ਆਗੂ ਹੁੰਦਾ ਹੈ ਤੇ ਪੀਰ ਵੀ। ਮੀਰ ਸਮਾਜਕ, ਆਰਥਕ ਜਾਂ ਵਿਹਾਰਕ ਆਗੂ ਹੁੰਦਾ ਹੈ। ਪੀਰ ਧਾਰਮਿਕ ਜਾਂ ਅਧਿਆਤਮਕ ਆਗੂ ਨੂੰ ਕਹਿੰਦੇ ਹਨ। ਮੀਰੀ ਤੇ ਪੀਰੀ ਉਨ੍ਹਾਂ ਦੇ ਕਰਤੱਵ ਦੇ ਨਾਮ ਹਨ।

ਗੁਰੂ ਨਾਨਕ ਦੇਵ ਜੀ ਵੇਲੇ ਨਾ ਮੀਰਾਂ ਦੀ ਕਮੀ ਸੀ, ਨਾ ਪੀਰਾਂ ਦੀ। ਪੀਰਾਂ ਦੀ ਗਿਣਤੀ ਤਾਂ ਮੀਰਾਂ ਨਾਲੋਂ ਕਿਤੇ ਵੱਧ ਸੀ; ਪਰ ਸਭ ਨਾਮ ਦੇ ਹੀ ਮੀਰ ਜਾਂ ਪੀਰ ਸਨ। ਦੋਨੋਂ ਸ਼੍ਰੇਣੀਆਂ ਆਪਣੇ ਕਰਤੱਵ ਭੁਲ ਚੁੱਕੀਆਂ ਸਨ। ਇਹ ਸੁਭਾਵਕ ਸੀ, ਕਿਉਂਕਿ ਮੀਰ ਤੇ ਪੀਰ ਦੋ ਅਲੱਗ ਅਲੱਗ ਸ਼੍ਰੇਣੀਆਂ ਸਨ। ਮੀਰ ਤੇ ਪੀਰ ਇਕ ਬਲਵਾਨ ਸਮਾਜ ਦੀ ਨੀਂਹ ਹੁੰਦੇ ਹਨ। ਜੇ ਹੁਕਮਰਾਨ ਦੇ ਮਨ ਵਿਚ ਸਤ, ਦਇਆ, ਧਰਮ, ਹਲੀਮੀ ਨਹੀਂ ਹੈ ਤਾਂ ਉਹ ਪਰਜਾ ਦਾ ਮਾਨ ਹਾਸਲ ਨਹੀਂ ਕਰ ਸਕਦਾ; ਪਰ ਇਹ ਧਰਮ ਦੇ ਅੰਗ ਹਨ। ਜੇ ਪੀਰ ਦੇ ਹੱਥ ਵਿਚ ਤਾਕਤ ਨਹੀਂ ਤਾਂ ਬਾਦਸ਼ਾਹ ਦੇ ਅਨਿਆਂ ਵਿਰੁੱਧ ਲੜ ਨਹੀਂ ਸਕੇਗਾ। ਸੋ ਤੰਦਰੁਸਤ ਸਮਾਜ ਵਿਚ ਮੀਰੀ ਤੇ ਪੀਰੀ ਦਾ ਇਕੋ ਹੀ ਦਰਜਾ ਹੋਣਾ ਜਰੂਰੀ ਹੈ। ਇਸ ਦਾ ਸੰਤੁਲਨ ਵਿਗੜਨ ਨਾਲ ਸਮਾਜ ਬਾਈਪੋਲਰ ਹੋ ਜਾਂਦਾ ਹੈ।
ਗੁਰੂ ਨਾਨਕ ਨੇ ਆਪਣੇ ਕਾਲ ਵਿਚ ਮੀਰਾਂ ‘ਤੇ ਝਾਤ ਪਾਈ। ਉਨ੍ਹਾਂ ਨੂੰ ‘ਰਾਜੇ ਕਸਾਈ’ ਲੱਗੇ। ਤਦ ਸਿਕੰਦਰ ਖਾਂ ਲੌਧੀ ਨੇ ਮੰਦਿਰ ਤੇ ਦੇਹੁਰੇ ਢਾਹੇ। ਉਹਨੇ ਦੌਲਤ ਖਾਨ ਨੂੰ ਪੰਜਾਬ ਵਿਚ ਸੁਲਤਾਨਪੁਰ ਦਾ ਨਵਾਬ ਬਣਾ ਕੇ ਭੇਜਿਆ। ਦੌਲਤ ਖਾਨ ਨੇ ਆਲਮ ਖਾਂ ਲੋਧੀ ਨਾਲ ਰਲ ਕੇ ਬਾਬਰ ਨੂੰ ਹਿੰਦੁਸਤਾਨ ‘ਤੇ ਹਮਲਾ ਕਰਨ ਲਈ ਉਕਸਾਇਆ। ਇਸ ਹਮਲੇ ਵਿਚ ਆਮ ਜਨਤਾ ਦਾ ਧਨ ਮਾਲ ਲੁੱਟਿਆ ਗਿਆ, ਬਹੂ-ਬੇਟੀਆਂ ਦੀ ਆਬਰੂ ਨਾਲ ਖੇਡਿਆ ਗਿਆ। ਇਸ ਭਿਆਨਕ ਦ੍ਰਿਸ਼ ਨੂੰ ਗੁਰੂ ਜੀ ਨੇ ਬਾਬਰਵਾਣੀ ਵਿਚ ਚਿਤਰਿਆ।
ਗੁਰੂ ਸਾਹਿਬ ਨੇ ਪੀਰਾਂ ਵਲ ਨਿਗਾਹ ਕੀਤੀ, ਤੇ ਉਨ੍ਹਾਂ ਦੇ ‘ਰੋਟੀਆਂ ਕਾਰਨ ਪੂਰਹਿ ਤਾਲ’ ਵਾਲਾ ਆਦਰਸ਼ਹੀਣ, ਚਰਿੱਤਰਹੀਣ ਜੀਵਨ ਨੋਟ ਕੀਤਾ। ਬਾਬਰਵਾਣੀ ਮੀਰੀ ਤੇ ਪੀਰੀ-ਦੋਹਾਂ ਦੀ ਕਮਜ਼ੋਰ ਵਿਵਸਥਾ ਦਾ ਸਿੱਟਾ ਸੀ।
ਕਾਜ਼ੀ, ਧਾਰਮਿਕ ਆਗੂ ਵੀ ਸੀ ਤੇ ਰਾਜਨੀਤਕ ਵੀ। ਉਹਦੇ ਤੋਂ ਮੀਰੀ ਤੇ ਪੀਰੀ-ਦੋਹਾਂ ਗੁਣਾਂ ਦੀ ਆਸ ਰੱਖੀ ਜਾਣੀ ਚਾਹੀਦੀ ਸੀ, ਪਰ ਉਨ੍ਹਾਂ ਸੱਚ ਦਾ ਪੱਲਾ ਛੱਡ, ਰਿਸ਼ਵਤ ਦਾ ਪੱਲਾ ਫੜ ਲਿਆ ਸੀ।
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਪੰਨਾ 662)
ਸੋ ਸੰਖੇਪ ਸ਼ਬਦਾਂ ਵਿਚ ਇਹ ਆਖਣਾ ਗਲਤ ਨਹੀਂ ਹੋਵੇਗਾ ਕਿ ਮੀਰ ਨੇ ਸ਼ਸ਼ਤਰ ਦੀ ਤੇ ਪੀਰ ਨੇ ਸ਼ਾਸ਼ਤਰ ਦੀ ਵਰਤੋਂ ਨਾਲ ਆਮ ਲੋਕਾਂ ਦਾ ਕਤਲੇਆਮ ਕੀਤਾ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਅਰਜਨ ਦੇਵ ਤਕ, ਪੰਜ ਜਾਮਿਆ ਨੇ ਆਪਣੀ ਕਲਮ ਤੇ ਸ਼ਾਂਤਮਈ ਸੰਘਰਸ਼ ਰਾਹੀਂ ਲੋਕਾਂ ਨੂੰ ਸਮਝਾਇਆ ਕਿ ਪੀਰ ਵਿਚ ਮੀਰ ਦੇ ਅਤੇ ਮੀਰ ਵਿਚ ਪੀਰ ਦੇ ਗੁਣ ਨਾ ਹੋਣ ਕਰਕੇ, ਸੱਚ ਤੇ ਇਨਸਾਫ ਸੰਭਵ ਨਹੀਂ।
ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ, ਰਾਜ ਤੇ ਯੋਗ, ਸੰਤ ਤੇ ਸਿਪਾਹੀ ਦੇ ਸੰਕਲਪ ਨੂੰ ਸਿਧਾਂਤਕ ਤੌਰ ‘ਤੇ ਪ੍ਰਵਾਨ ਕੀਤਾ। ਇਸ ਸਿਧਾਂਤ ਨੂੰ ਪਰਗਟ ਕਰਨ ਲਈ ਉਨ੍ਹਾਂ ਦੋ ਕਿਰਪਾਨਾਂ ਪਹਿਨੀਆਂ-ਇਕ ਮੀਰੀ ਦੀ ਤੇ ਇਕ ਪੀਰੀ ਦੀ, ਇਕ ਭਗਤੀ ਦੀ ਤੇ ਇਕ ਸ਼ਕਤੀ ਦੀ। ਇਸ ਕਾਰਜ ਦੀ ਰਸਮੀ ਕਾਰਵਾਈ ਉਨ੍ਹਾਂ ਨੇ ਬਾਬਾ ਬੁੱਢਾ ਜੀ ਤੋਂ ਕਰਵਾਈ।
ਭਾਈ ਸੰਤੋਖ ਸਿੰਘ ਨੇ ‘ਗੁਰ ਪ੍ਰਤਾਪ ਸੂਰਜ ਪ੍ਰਕਾਸ਼’ ਵਿਚ ਲਿਖਿਆ ਹੈ,
ਧਰੇ ਤੇਜ ਸਤਿਗੁਰੁ ਬਚ ਕਹੇ।
ਹਮ ਨੇ ਇਸ ਹਿਤ ਜੁਗ ਅਸਿ ਗਹੇ।
ਇਕ ਤੇ ਲੈ ਮੀਰਨਿ ਕੀ ਮੀਰੀ।
ਦੂਸਰ ਤੇ ਪੀਰਨਿ ਕੀ ਪੀਰੀ।
ਮੀਰੀ ਪੀਰੀ ਦੋਨੋਂ ਧਰੈ।
ਬਚਹਿ ਸ਼ਰਨਿ ਨਤੁ ਜੁਗ ਪਰਹਰੈਂ।
ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਗੁਰੂ ਸਾਹਿਬ ਨੇ ਜਿੱਥੇ ਮੀਰੀ ਲਈ ਤਲਵਾਰ ਪਹਿਨੀ, ਉਥੇ ਪੀਰੀ ਲਈ ਵੀ ਤਲਵਾਰ ਹੀ ਪਹਿਨੀ; ਮਾਲਾ ਨਹੀਂ ਪਹਿਨੀ। ਸਮਰੱਥ ਰਾਮਦਾਸ ਨਾਮ ਦੇ ਇਕ ਵਿਅਕਤੀ ਨੇ ਸਵਾਲ ਕੀਤਾ, ਗੁਰੂ ਨਾਨਕ ਪੀੜ੍ਹੀ ਨਾਲ ਇਨ੍ਹਾਂ ਸ਼ਾਸ਼ਤਰਾਂ ਦਾ ਕੀ ਵਾਸਤਾ? ਉਸ ਨੂੰ ਜਵਾਬ ਦਿਤਾ,
ਬਾਤਨ ਫਕੀਰੀ, ਜ਼ਾਹਿਰ ਅਮੀਰੀ।
ਸ਼ਸਤਰ ਗਰੀਬ ਦੀ ਰੱਖਿਆ।
ਜਰਵਾਣੇ ਦੀ ਭੱਖਿਆ।
ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੇ ਘੋੜੇ ਤੇ ਚੰਗੇ ਸ਼ਸ਼ਤਰ, ਭੇਟ ਕਰਨ ਲਈ ਕਿਹਾ। ਇਹ ਇਕ ਰਿਹਰਸਲ ਸੀ, ਭਵਿੱਖ ਵਿਚ ਆਣ ਵਾਲੇ ਉਸ ਦਿਨ ਲਈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ‘ਸੀਸ ਭੇਟਣ’ ਦੀ ਮੰਗ ਕਰਨੀ ਸੀ।
ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਬਣਵਾਇਆ। ਹਰਿਮੰਦਰ ਸਾਹਿਬ ਰੂਹਾਨੀ ਸ਼ਕਤੀ ਦਾ ਅਤੇ ਅਕਾਲ ਤਖਤ ਸੰਸਾਰਕ ਸ਼ਕਤੀ ਦਾ ਪ੍ਰਤੀਕ ਬਣਾਇਆ।
ਇਸ ਸੰਕਲਪ ਨੂੰ ਧਾਰਨ ਕਰਨ ਨਾਲ ਸਿੱਖਾਂ ਨੇ ਕਿਥੇ ਕਿਥੇ ਆਪਣੇ ਰਾਜ ਦੇ ਝੰਡੇ ਝੁਲਾਏ ਤੇ ਧਰਮ ਅਸਥਾਨ ਵਸਾਏ, ਇਸ ਬਾਰੇ ਸਾਰੀ ਦੁਨੀਆਂ ਜਾਣਦੀ ਹੈ।
ਅੱਜ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਰਾਜਨੀਤੀ ਦੀ ਡੂੰਘੀ ਖਾਈ ਵਿਚ ਜਾ ਡੁੱਬਿਆ ਹੈ, ਜੋ ਆਉਣ ਵਾਲੇ ਸਮੇਂ ਵਿਚ ਸਿੱਖਾਂ ਦੀ ਗੁਲਾਮੀ ਦਾ ਸੂਚਕ ਹੈ। ਇਸ ਨੂੰ ਵਾਪਸ ਲੀਹ ‘ਤੇ ਲਿਆਉਣ ਲਈ ਸਿਰਫ ਇਕ ਤਰੀਕਾ ਹੈ ਕਿ ਵਿਦਵਾਨ ਲੇਖਕ ਤੇ ਪ੍ਰਚਾਰਕ ਇਕ ਪਲੈਟਫਾਰਮ ‘ਤੇ ਇਕੱਠੇ ਹੋਣ। ਮੀਡੀਆ ਉਨ੍ਹਾਂ ਦੀ ਬਾਂਹ ਪਕੜੇ, ਬਿਨਾ ਕਿਸੇ ਲਾਲਚ ਜਾਂ ਸਵਾਰਥ ਤੋਂ। ਗੁਰੂ ਸਾਹਿਬ ਨੇ ਕਦੇ ਕੋਈ ਐਸਾ ਸਿਧਾਂਤ ਨਹੀਂ ਬਣਾਇਆ, ਜਿਸ ਨੂੰ ਅਮਲੀ ਜਾਮਾ ਪਹਿਨਾਉਣਾ ਅਸੰਭਵ ਹੋਵੇ।

*ਗੁਰਦੁਆਰਾ ਸੱਚਾ ਮਾਰਗ ਸਾਹਿਬ
ਆਬਰਨ, ਵਾਸ਼ਿੰਗਟਨ।