ਤੀਰਥੁ ਤਪੁ ਦਇਆ ਦਤੁ ਦਾਨੁ

ਪ੍ਰੋ. ਕਸ਼ਮੀਰਾ ਸਿੰਘ
ਮਾਣਯੋਗ ਸੰਪਾਦਕ ਜੀ,
ਪੰਜਾਬ ਟਾਈਮਜ਼ ਦੇ 4 ਜੁਲਾਈ 2020 ਦੇ ਅੰਕ ਵਿਚ ਜਪੁ ਜੀ ਬਾਣੀ ਵਿਚੋਂ ‘ਤੀਰਥੁ ਤਪੁ ਦਇਆ ਦਤੁ ਦਾਨੁ’ ਸਿਰਲੇਖ ਨਾਲ ਛਪੇ ਲੇਖ ਵਿਚ ਲੇਖਕ ਨੇ ਪੰਥ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਦੀ ਸ਼ਖਸੀਅਤ ਉਤੇ, ਉਸ ਵਲੋਂ ਸੰਬੰਧਤ ਪਉੜੀ ਦੇ ਕੀਤੇ ਅਰਥਾਂ ਨੂੰ ਨਕਾਰਦਿਆਂ ਕਈ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਪ੍ਰੋ. ਸਾਹਿਬ ਸਿੰਘ ਕੋਈ ਛੋਟੀ-ਮੋਟੀ ਸ਼ਖਸੀਅਤ ਨਹੀਂ, ਸਾਰਾ ਸਿੱਖ ਜਗਤ ਉਨ੍ਹਾਂ ਦੀ ਸਿੱਖ ਜਗਤ ਨੂੰ, ਵਡਮੁੱਲੀਆਂ ਧਾਰਮਿਕ ਪੁਸਤਕਾਂ ਅਤੇ ਗੁਰੂ ਗ੍ਰੰਥ ਸਾਹਿਬ ਦਰਪਣ ਰਾਹੀਂ ਦਿੱਤੀ ਦੇਣ ਨੂੰ ਕਦੇ ਵੀ ਭੁਲਾ ਨਹੀਂ ਸਕਦਾ। ਦੁਨੀਆਂ ਭਰ ਦੀ ਹਰ ਸਿੱਖ ਲਾਇਬ੍ਰੇਰੀ ਵਿਚ ਗੁਰਬਾਣੀ ਵਿਆਕਰਣ ਆਧਾਰਤ ਉਨ੍ਹਾਂ ਦਾ ਕੀਤਾ ਸਾਰੀ ਗੁਰਬਾਣੀ ਦਾ ਟੀਕਾ (ਦਸ ਜਿਲਦਾਂ ਵਿਚ) ਮੌਜੂਦ ਹੈ ਅਤੇ ਬੜੇ ਪਿਆਰ ਤੇ ਸਤਿਕਾਰ ਨਾਲ ਉਸ ਵਿਚੋਂ ਗੁਰਬਾਣੀ ਦੇ ਅਰਥ ਪੜ੍ਹੇ ਤੇ ਸੰਥਿਆ ਰਾਹੀਂ ਪੜ੍ਹਾਏ ਜਾ ਰਹੇ ਹਨ।

ਪ੍ਰੋ. ਸਾਹਿਬ ਸਿੰਘ ਦੀ ਸ਼ਖਸੀਅਤ ਬਾਰੇ ਲੇਖਕ ਨੇ ਲਿਖਆ ਹੈ, “ਇਸ ਵਿਦਵਾਨ ਉਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਸ ਦੀਆਂ ਜੜ੍ਹਾਂ ਹੀ ਜ਼ਮੀਨ ‘ਤੇ ਨਹੀਂ ਹਨ।…ਸਾਰੀ ਪਉੜੀ ਵਿਚ ਗੁਰੂ ਸਾਹਿਬ ਨੇ ਪ੍ਰਭੂ ਭਗਤੀ ਦਾ ਜ਼ਿਕਰ ਨਹੀਂ ਕੀਤਾ, ਪਰ ਇਹ ਵਿਦਵਾਨ ਇਸ ਨੂੰ ਇਸ ਦਾ ਕੇਂਦਰੀ ਮੁੱਦਾ ਬਣਾਈ ਬੈਠਾ ਹੈ। ਪ੍ਰਭੂ ਭਗਤੀ ਵਿਚ ਲੀਨ ਹੋਣ ਦੀ ਇਹ ਤੀਰਥ ਇਸ਼ਨਾਨ ਨਾਲ ਤੁਲਨਾ ਕਰਦਾ ਹੈ। ਇਸ ਲਈ ਇਹ ਤੀਰਥ ਇਸ਼ਨਾਨਾਂ ਦੀ ਕਦਰ ਕਰਦਾ ਹੈ, ਦਾਨ ਦਾ ਫਲ ਮੰਨਦਾ ਹੈ ਅਤੇ ਬ੍ਰਹਮਾ ਦੀ ਹੋਂਦ ਵਿਚ ਯਕੀਨ ਬੰਨ੍ਹਾਉਂਦਾ ਹੈ। ਇਹ ਵਿਦਵਾਨ ਟੀਕਾ ਕਰਨ ਲੱਗਿਆਂ ਉਥੇ ਵੀ ਪਰਮਾਤਮਾ ਲਿਖ ਦਿੰਦਾ ਹੈ, ਜਿੱਥੇ ਗੁਰੂ ਸਾਹਿਬ ਨੇ ਕੁਝ ਵੀ ਨਾ ਲਿਖਿਆ ਹੋਵੇ।”
ਲੇਖਕ ਨੇ ਪ੍ਰੋ. ਸਾਹਿਬ ਸਿੰਘ ਦੀ ਸ਼ਖਸੀਅਤ ਅਤੇ ਉਸ ਦੇ ਕੀਤੇ ਅਰਥਾਂ ‘ਤੇ ਕੀਤੀਆਂ ਟਿੱਪਣੀਆਂ ਵਿਚ ਕੋਈ ਸੱਚਾਈ ਨਹੀਂ ਹੈ। ਲੇਖਕ ਨੂੰ ਜਪੁ ਜੀ ਬਾਣੀ ਵਿਚ ਕਿਤੇ ਰੱਬ ਦਾ ਜ਼ਿਕਰ ਨਜ਼ਰ ਨਹੀਂ ਆਉਂਦਾ, ਜਦੋਂ ਕਿ ਹੁਣ ਤੱਕ ਦੇ ਸਾਰੇ ਸਿੱਖ ਵਿਦਵਾਨ ਜਪੁ ਜੀ ਵਿਚ ਰੱਬ ਦਾ ਜ਼ਿਕਰ ਕਰਦੇ ਹਨ। ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਰੱਬ ਦੇ ਸੰਕਲਪ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਪ੍ਰੋ. ਸਾਹਿਬ ਸਿੰਘ ਨੇ ਸਬੰਧਤ ਪਉੜੀ ਵਿਚ ਜੋ ਰੱਬ ਦਾ ਜ਼ਿਕਰ ਕੀਤਾ ਹੈ, ਉਹ ਪ੍ਰਸੰਗ ਤੋਂ ਬਾਹਰ ਨਹੀਂ ਹੈ। ਲੇਖਕ ਨੇ ਲਿਖਿਆ ਹੈ ਕਿ ਪ੍ਰੋ. ਸਾਹਿਬ ਸਿੰਘ ਪ੍ਰਭੂ ਭਗਤੀ ਵਿਚ ਲੀਨ ਹੋਣ ਦੀ ਤੀਰਥ ਇਸ਼ਨਾਨ ਨਾਲ ਤੁਲਨਾ ਕਰਦਾ ਹੈ। ਲੇਖਕ ਦੇ ਸਮਝਣ ਵਿਚ ਹੀ ਅੰਤਰ ਹੈ। ਸਾਹਿਬ ਸਿੰਘ ਨੇ ਜੋ ਲਿਖਿਆ ਹੈ, ਉਸ ਦਾ ਅਰਥ ਹੈ-ਜਿਸ ਨੇ ਗੁਰਬਾਣੀ ਦੇ ਰੱਬੀ ਗਿਆਨ ਨਾਲ ਮਨ ਪਵਿੱਤਰ ਕਰ ਲਿਆ ਹੈ, ਉਸ ਨੂੰ ਕਿਸੇ ਹੋਰ ਬਾਹਰੀ ਤੀਰਥ ਉਤੇ ਜਾ ਕੇ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ। ਗੁਰਬਾਣੀ ਦੇ ਰੱਬੀ ਗੁਣਾਂ ਨਾਲ ਮਨ ਨੂੰ ਪਵਿੱਤਰ ਕਰਨਾ ਹੀ ਅੰਦਰਲੇ ਤੀਰਥ ਉਤੇ ਇਸ਼ਨਾਨ ਕਰਨਾ ਹੈ, ਨਾ ਕਿ ਬਾਹਰੀ ਤੀਰਥਾਂ ਉਤੇ। ਪ੍ਰੋ. ਸਾਹਿਬ ਸਿੰਘ ਨੇ ਇੱਥੇ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰਨ ਦੀ ਪ੍ਰੋੜਤਾ ਨਹੀਂ ਕੀਤੀ ਜਿਵੇਂ ਕਿ ਲੇਖਕ ਕੇ ਮਿੱਥ ਲਿਆ ਹੈ। ਜਿਸ ਅੰਦਰਲੇ ਤੀਰਥ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਅਤੇ ਪ੍ਰੋ. ਸਾਹਿਬ ਸਿੰਘ ਨੇ ਉਸ ਦਾ ਜ਼ਿਕਰ ਕੀਤਾ ਹੈ, ਉਸ ਤੀਰਥ ਦਾ ਜ਼ਿਕਰ ਗੁਰਬਾਣੀ ਵਿਚ ਹੋਰ ਥਾਂਵਾਂ ਉਤੇ ਵੀ ਕੀਤਾ ਗਿਆ ਹੈ, ਜਿਵੇਂ,
(A) ਤਿਲੰਗ ਬਾਣੀ ਭਗਤਾ ਕੀ ਕਬੀਰ ਜੀ॥
ਅਸਮਾਨ ਮਿ´ਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ॥
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ॥ (ਪੰਨਾ 727)
(ਅ) ਵਡਹੰਸੁ ਮਹਲਾ 3॥
ਹੰਉਮੈ ਮਾਇਆ ਮੈਲੁ ਹੈ
ਮਾਇਆ ਮੈਲੁ ਭਰੀਜੈ ਰਾਮ॥
ਗੁਰਮਤੀ ਮਨੁ ਨਿਰਮਲਾ ਰਸਨਾ
ਹਰਿ ਰਸੁ ਪੀਜੈ ਰਾਮ॥
ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ
ਸਾਚ ਸਬਦਿ ਬੀਚਾਰੀ॥
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ
ਸਬਦੇ ਕਾਢਿ ਪੀਐ ਪਨਿਹਾਰੀ॥ (ਪੰਨਾ 570)
ਲੇਖਕ ਨੇ ਲਿਖਿਆ ਹੈ ਕਿ ਅਰਥਾਂ ਵਿਚ ਪ੍ਰੋ. ਸਾਹਿਬ ਸਿੰਘ ਦਾਨ ਦਾ ਫਲ ਮੰਨਦਾ ਹੈ, ਪਰ ਲੇਖਕ ਦਾ ਇਹ ਨਿਰਣਾ ਸਹੀ ਨਹੀਂ ਹੈ। ਪ੍ਰੋ. ਸਾਹਿਬ ਸਿੰਘ ਨੇ ‘ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲ ਕਾ ਮਾਨੁ॥’ ਦੇ ਅਰਥ ਕਰਦਿਆਂ ਕਿਤੇ ਵੀ ਦਾਨ ਦੇ ਫਲ ਦੀ ਪ੍ਰੋੜਤਾ ਨਹੀਂ ਕੀਤੀ, ਸਗੋਂ ਇਹ ਲਿਖਿਆ ਹੈ ਕਿ ਇਨ੍ਹਾਂ ਕੀਤੇ ਕਰਮਾਂ ਦੀ ਜੇ ਕਿਸੇ ਨੂੰ ਹਉਮੈ ਰੂਪੀ ਵਡਿਆਈ ਮਿਲਦੀ ਵੀ ਹੈ ਤਾਂ ਉਹ ਤੁੱਛ ਮਾਤਰ ਹੈ, ਜਿਸ ਦੀ ਕੋਈ ਅਹਿਮੀਅਤ ਨਹੀਂ।
ਲੇਖਕ ਨੇ ਲਿਖਿਆ ਹੈ ਕਿ ਪ੍ਰੋ. ਸਾਹਿਬ ਸਿੰਘ ਬ੍ਰਹਮਾ ਦੀ ਹੋਂਦ ਵਿਚ ਯਕੀਨ ਬੰਨ੍ਹਾਉਂਦਾ ਹੈ, ਪਰ ਲੇਖਕ ਦਾ ਇਹ ਨਿਰਣਾ ਸਹੀ ਨਹੀਂ ਹੈ। ਗੁਰਬਾਣੀ ਵਿਚ ਬਾਣੀਕਾਰਾਂ ਨੇ ਅਨੇਕਾਂ ਥਾਂਵਾਂ ਉਤੇ ਬ੍ਰਹਮਾ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਬ੍ਰਹਮਾ ਦਾ ਅਰਥ ਬ੍ਰਹਮਾ ਹੀ ਹੋਵੇਗਾ, ਕੋਈ ਹੋਰ ਨਹੀਂ। ਗੁਰੂ ਨਾਨਕ ਸਾਹਿਬ ਨੇ ਓਅੰਕਾਰੁ ਨਾਂ ਦੀ ਬਾਣੀ ਵਿਚ ਬ੍ਰਹਮਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ,
ਰਾਮਕਲੀ ਮਹਲਾ ੧ ਦਖਣੀ ਓਅੰਕਾਰੁ॥
ਓਅੰਕਾਰਿ ਬ੍ਰਹਮਾ ਉਤਪਤਿ॥
ਓਅੰਕਾਰੁ ਕੀਆ ਜਿਨਿ ਚਿਤਿ॥ (ਪੰਨਾ 929)
ਜਪੁ ਜੀ ਬਾਣੀ ਵਿਚ ਬ੍ਰਹਮਾਉ ਦਾ ਅਰਥ ਬ੍ਰਹਮਾ ਹੀ ਹੈ, ਜੋ ਪ੍ਰੋ. ਸਾਹਿਬ ਸਿੰਘ ਨੇ ਕੀਤਾ ਹੈ, ਜਿਸ ਵਿਚ ਬ੍ਰਹਮਾ ਦੀ ਹੋਂਦ ਬੰਨ੍ਹਾਉਣ ਦੀ ਗੱਲ ਕਿੱਥੋਂ ਆ ਗਈ? ਇਸੇ ਤਰ੍ਹਾਂ ਸ਼ਿਵ, ਕ੍ਰਿਸ਼ਨ, ਵਿਸ਼ਨੂ, ਪਾਰਬਤੀ ਆਦਿਕ ਨਾਂਵਾਂ ਦਾ ਗੁਰਬਾਣੀ ਵਿਚ ਵਰਤਣਾ ਇਨ੍ਹਾਂ ਦੀ ਹੋਂਦ ਦ੍ਰਿੜ੍ਹ ਕਰਵਾਉਣਾ ਕਿਵੇਂ ਹੋ ਸਕਦਾ ਹੈ? ਅਰਥ ਕਰਨ ਲੱਗਿਆਂ ਇਨ੍ਹਾਂ ਦੇ ਨਾਂਵਾਂ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦਾ ਹੈ।
ਲੇਖਕ ਨੇ ਲਿਖਿਆ ਹੈ ਕਿ ਪ੍ਰੋ. ਸਾਹਿਬ ਸਿੰਘ ਓਥੇ ਵੀ ਪਰਮਾਤਮਾ ਲਿਖ ਦਿੰਦਾ ਹੈ, ਜਿੱਥੇ ਗੁਰੂ ਸਾਹਿਬ ਨੇ ਨਹੀਂ ਵੀ ਲਿਖਿਆ ਹੁੰਦਾ। ਇਹ ਤਾਂ ਲੇਖਕ ਦੀ ਹੀ ਸੋਚ ਹੈ ਕਿ ਗੁਰਬਾਣੀ ਵਿਚ ਪਰਮਾਤਮਾ ਦਾ ਕੋਈ ਜ਼ਿਕਰ ਨਹੀਂ, ਜਿਵੇਂ ਉਨ੍ਹਾਂ ਨੂੰ ਜਪੁ ਬਾਣੀ ਵਿਚ ਕਿਤੇ ਵੀ ਪਰਮਾਤਮਾ ਦਾ ਜ਼ਿਕਰ ਨਹੀਂ ਲੱਭਦਾ। ਪ੍ਰੋ. ਸਾਹਿਬ ਸਿੰਘ ਨੂੰ ਗੁਰਬਾਣੀ ਵਿਚੋਂ ਪਰਮਾਤਮਾ ਬਾਰੇ ਲਿਖਿਆ ਬਹੁਤ ਕੁਝ ਮਿਲਿਆ ਹੈ ਅਤੇ ਉਸ ਦਾ ਜ਼ਿਕਰ ਉਨ੍ਹਾਂ ਨੇ ਢੁਕਵੀਆਂ ਥਾਂਵਾਂ ਉਤੇ ਕੀਤਾ ਹੈ। ਜਪੁ ਜੀ ਸਮੇਤ ਸਾਰੀ ਬਾਣੀ ਵਿਚੋਂ ਪਰਮਾਤਮਾ ਨੂੰ ਲਾਂਭੇ ਰੱਖ ਕੇ ਅਰਥ ਸਾਰਥਕ ਨਹੀਂ ਹੋ ਸਕਦੇ।
ਜੇ ਕਿਤੇ ਬੰਦਗੀ ਜਾਂ ਭਗਤੀ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਤਾਂ ਉਥੇ ਇਹ ਸਪੱਸ਼ਟ ਹੈ ਕਿ ਬੰਦਗੀ/ਭਗਤੀ ਪਰਮਾਤਮਾ ਦੀ ਹੀ ਕਰਨੀ ਹੈ, ਕਿਸੇ ਪੱਥਰ ਦੀ ਮੂਰਤੀ ਦੀ ਨਹੀਂ। ਪੱਥਰ ਪੂਜਾ ਸਿੱਖੀ ਵਿਚਾਰਧਾਰਾ ਨਹੀਂ ਹੈ। ਦੇਖੋ ਕੁਝ ਪ੍ਰਮਾਣ, ਜੋ ਪਰਮਾਤਮਾ ਸ਼ਬਦ ਦੀ ਵਰਤੋਂ ਤੋਂ ਬਿਨਾ ਹੀ ਪਰਮਾਤਮਾ ਦੇ ਜ਼ਿਕਰ ਤੋਂ ਖਾਲੀ ਨਹੀਂ, ਭਾਵੇਂ ਲੇਖਕ ਨੂੰ ਇੱਥੇ ਵੀ ਪਰਮਾਤਮਾਂ ਦਾ ਜ਼ਿਕਰ ਨਾ ਲੱਭਦਾ ਹੋਵੇ,
(A) ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ॥
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ॥ (ਪੰਨਾ 724)
(ਅ) ਬੰਦੇ ਬੰਦਗੀ ਇਕਤੀਆਰ॥ (ਪੰਨਾ 338)
(e) ਬੰਦਉ ਹੋਇ ਬੰਦਗੀ ਗਹੈ॥ (ਪੰਨਾ 341)
(ਸ) ਸੇਖ ਫਰੀਦੈ ਖੈਰੁ ਦੀਜੈ ਬੰਦਗੀ॥ (ਪੰਨਾ 488)
(ਹ) ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ॥
ਚਰਨ ਕਮਲ ਮੇਰੇ ਹੀਅਰੇ ਬਸੈਂ॥1॥ ਰਹਾਉ॥
ਲੇਖਕ ਨੇ ਲਿਖਿਆ ਹੈ ਕਿ ਪ੍ਰੋ. ਸਾਹਿਬ ਸਿੰਘ ਤੀਰਥ ਇਸ਼ਨਾਨਾਂ ਦੀ ਕਦਰ ਕਰਦਾ ਹੈ, ਪਰ ਇਹ ਨਿਰਣਾ ਸਹੀ ਨਹੀਂ ਹੈ। ਜਿਸ ਵਿਅਕਤੀ ਨੇ ਸਾਰੀ ਗੁਰਬਾਣੀ ਦਾ ਟੀਕਾ ਲਿਖਣ ਲਈ ਗੁਰਬਾਣੀ ਵਿਆਕਰਣ ਦੀ ਖੋਜ ਸਮੇਤ 19 ਸਾਲ ਖਰਚ ਕੀਤੇ, ਕੀ ਉਸ ਨੂੰ ਤੀਰਥ ਇਸ਼ਨਾਨ ਦੀ ਅਸਲੀਅਤ ਦਾ ਵੀ ਪਤਾ ਨਹੀਂ ਲੱਗਾ ਕਿ ਇਹ ਸਿੱਖੀ ਵਿਚਾਰਧਾਰਾ ਵਿਚ ਪ੍ਰਵਾਨ ਹੈ ਜਾਂ ਨਹੀਂ? ਲੇਖਕ ਨੇ ਬਹੁਤ ਹੀ ਕਾਹਲ ਵਿਚ ਇਹ ਨਿਰਣਾ ਲਿਆ ਹੈ ਕਿ ਪ੍ਰੋ. ਸਾਹਬ ਸਿੰਘ ਤੀਰਥ ਇਸ਼ਨਾਨਾਂ ਦੀ ਕਦਰ ਕਰਦਾ ਹੈ। ਕੁਝ ਪੰਕਤੀਆਂ ਅਤੇ ਉਨ੍ਹਾਂ ਦੇ ਅਰਥ ਜਿਵੇਂ ਪ੍ਰੋ. ਸਾਹਿਬ ਸਿੰਘ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਵਿਚ ਕੀਤੇ, ਇੱਥੇ ਪੇਸ਼ ਹਨ, ਜਿਸ ਤੋਂ ਲੇਖਕ ਦਾ ਕੀਤਾ ਨਿਰਣਾ ਗਲਤ ਸਾਬਤ ਹੁੰਦਾ ਹੈ,
1. ਗੰਗਾ ਜਉ ਗੋਦਾਵਰਿ ਜਾਈਐ
ਕੁੰਭਿ ਜਉ ਕੇਦਾਰ ਨ੍ਹਾਈਐ
ਗੋਮਤੀ ਸਹਸ ਗਊ ਦਾਨੁ ਕੀਜੈ॥
ਕੋਟਿ ਜਉ ਤੀਰਥ ਕਰੈ
ਤਨੁ ਜਉ ਹਿਵਾਲੇ ਗਾਰੈ
ਰਾਮ ਨਾਮ ਸਰਿ ਤਊ ਨ ਪੂਜੈ॥ (ਪੰਨਾ 973)
ਅਰਥ: (ਹੇ ਮੇਰੇ ਮਨ!) ਕੁੰਭ ਦੇ ਮੇਲੇ ‘ਤੇ ਜੇ ਗੰਗਾ ਜਾਂ ਗੋਦਾਵਰੀ ਤੀਰਥ ‘ਤੇ ਜਾਈਏ, ਕੇਦਾਰ ਤੀਰਥ ‘ਤੇ ਇਸ਼ਨਾਨ ਕਰੀਏ ਜਾਂ ਗੋਮਤੀ ਨਦੀ ਦੇ ਕੰਢੇ ਹਜ਼ਾਰ ਗਊਆਂ ਦਾ ਦਾਨ ਕਰੀਏ; (ਹੇ ਮਨ!) ਜੇ ਕੋਈ ਕਰੋੜਾਂ ਵਾਰੀ ਤੀਰਥ ਯਾਤਰਾ ਕਰੇ, ਜਾਂ ਆਪਣਾ ਸਰੀਰ ਹਿਮਾਲਿਆ ਪਰਬਤ ਦੀ ਬਰਫ ਵਿਚ ਗਾਲ ਦੇਵੇ, ਤਾਂ ਭੀ ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।
2. ਗੰਗਾ ਜਲੁ ਗੁਰ ਗੋਬਿੰਦ ਨਾਮ॥
ਜੋ ਸਿਮਰੈ ਤਿਸ ਕੀ ਗਤਿ ਹੋਵੈ
ਪੀਵਤ ਬਹੁੜਿ ਨ ਜੋਨਿ ਭ੍ਰਮਾਮ॥ ਰਹਾਉ॥ (ਪੰਨਾ 1137)
ਅਰਥ: ਹੇ ਭਾਈ! ਗੁਰ-ਗੋਬਿੰਦ ਦਾ ਨਾਮ (ਹੀ ਅਸਲ) ਗੰਗਾ-ਜਲ ਹੈ। ਜਿਹੜਾ ਮਨੁੱਖ (ਗੋਬਿੰਦ ਦਾ ਨਾਮ) ਸਿਮਰਦਾ ਹੈ, ਉਸ ਦੀ ਉਚੀ ਆਤਮਕ ਅਵਸਥਾ ਬਣ ਜਾਂਦੀ ਹੈ, ਜਿਹੜਾ (ਇਸ ਨਾਮ-ਜਲ ਗੰਗਾ-ਜਲ ਨੂੰ) ਪੀਂਦਾ ਹੈ, ਉਹ ਮੁੜ ਜੂਨਾਂ ਵਿਚ ਨਹੀਂ ਭਟਕਦਾ।
3. ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ॥
ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ॥3॥ (ਪੰਨਾ 1195)
ਅਰਥ: ਗੰਗਾ, ਗਇਆ, ਗੋਦਾਵਰੀ (ਆਦਿਕ ਤੀਰਥਾਂ ‘ਤੇ ਜਾਣਾ-ਇਹ) ਦੁਨੀਆਂ ਨੂੰ ਹੀ ਪਤਿਆਉਣ ਵਾਲੇ ਕੰਮ ਹਨ; ਪਰ, ਹੇ ਨਾਮਦੇਵ! ਭਗਤ ਉਹੀ ਹੈ, ਜਿਸ ਉਤੇ ਪ੍ਰਭੂ ਆਪ ਤਰੁੱਠ ਪਏ (ਤੇ ਆਪਣੇ ਨਾਮ ਦੀ ਦਾਤ ਦਏ)।