ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਮਨੁੱਖੀ ਸਮਾਜ ਅਤੇ ਪਸ਼ੂਆਂ ਦੀ ਦੁਨੀਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਲੋਕ ਮਨ ਪਸ਼ੂ ਸੰਸਾਰ ਨੂੰ ਆਪਣੇ ਸਮਾਜਚਾਰੇ ਦਾ ਹਿੱਸਾ ਸਮਝ ਕੇ ਉਸ ਦੇ ਮਹੱਤਵ ਨੂੰ ਪਛਾਣਦਾ ਆਇਆ ਹੈ ਤੇ ਉਸ ਦੀ ਕਦਰ ਵੀ ਕਰਦਾ ਆਇਆ ਹੈ। ਪਸ਼ੂ.ਆਂ ਦੀ ਦੁਨੀਆਂ ਵਿਚ ਵਿਚਰਨਾ, ਉਸ ਦੁਨੀਆਂ ਨਾਲ ਸਾਂਝ ਸਥਾਪਤ ਕਰਨੀ, ਉਨ੍ਹਾਂ ਕੋਲੋਂ ਕੰਮ ਲੈਣੇ, ਉਨ੍ਹਾਂ ਦੇ ਕੰਮ ਆਉਣਾ ਮਨੁੱਖ ਦੀ ਲੋੜ ਵੀ ਰਹੀ ਹੈ ਤੇ ਇਹ ਪਹਿਲੂ ਉਸ ਦੇ ਸੁਭਾਅ ਦਾ ਹਿੱਸਾ ਵੀ ਬਣਦਾ ਆਇਆ ਹੈ।

ਇਸੇ ਕਰਕੇ ਮਨੁੱਖ ਜਨੌਰਾਂ ਨਾਲ ਸਬੰਧਤ ਸਾਹਿਤ, ਵਿਸ਼ੇਸ਼ ਕਰਕੇ ਜਨੌਰ ਕਥਾਵਾਂ ਦੀ ਸਿਰਜਣਾ ਕਰਦਾ ਆਇਆ ਹੈ ਤੇ ਉਨ੍ਹਾਂ ਵਿਚ ਉਸ ਦੀ ਵਿਸ਼ੇਸ਼ ਦਿਲਚਸਪੀ ਵੀ ਲੈਂਦਾ ਆਇਆ ਹੈ। ਜਨੌਰ ਕਥਾਵਾਂ ਵਿਚਲੇ ਪਸ਼ੂ-ਪੰਛੀ ਪਾਤਰ ਮਨੁੱਖਾਂ ਵਾਂਗ ਬੋਲਦੇ ਹਨ, ਕਾਰ-ਵਿਹਾਰ ਕਰਦੇ ਹਨ, ਦੁੱਖ-ਸੁਖ ਮਹਿਸੂਸ ਕਰਦੇ ਹਨ, ਕਠਿਨ ਹਾਲਤਾਂ ਵਿਚ ਵੀ ਇਕ-ਦੂਜੇ ਦਾ ਸਾਥ ਨਿਭਾਉਂਦੇ ਹਨ। ਇਸੇ ਕਰਕੇ ਉਹ ਮਨੁੱਖ ਨੂੰ ਚੰਗੇ ਲੱਗਦੇ ਹਨ। ਜਨੌਰ ਕਥਾਵਾਂ ਮਨੁੱਖ ਦਾ ਭਰਪੂਰ ਮਨੋਰੰਜਨ ਤਾਂ ਕਰਦੀਆਂ ਹੀ ਹਨ, ਉਸ ਦੀਆਂ ਭਾਵਨਾਵਾਂ ਨੂੰ ਉਤੇਜਿਤ ਵੀ ਕਰਦੀਆਂ ਹਨ ਤੇ ਨਾਲ ਹੀ ਨੈਤਿਕ ਮੁੱਲਾਂ ਨਾਲ ਜੁੜਦਾ ਕੋਈ ਖਾਸ ਸੁਨੇਹਾ ਵੀ ਦਿੰਦੀਆਂ ਹਨ।
ਪੁਰਾਣੇ ਸਮਿਆਂ ਤੋਂ ਮਨੁੱਖੀ ਮਨ ਉਪਰ ਪਸ਼ੂ ਜਗਤ ਦਾ ਬਹੁਤ ਗਹਿਰਾ ਤੇ ਪ੍ਰਬਲ ਪ੍ਰਭਾਵ ਰਿਹਾ ਹੈ। ਇਸੇ ਕਰਕੇ ਮਨੁੱਖ ਉਨ੍ਹਾਂ ਨਾਲ ਸਬੰਧਤ ਕਥਾਵਾਂ ਵਿਚੋਂ ਮਿਲਣ ਵਾਲੇ ਕਿਸੇ ਸੁਨੇਹੇ ਜਾਂ ਸੇਧ ਨੂੰ ਸਵੀਕਾਰ ਕਰਨ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ। ਜਨੌਰ ਕਥਾਵਾਂ ਦਾ ਵੱਡਾ ਹਿੱਸਾ ਨੀਤੀ ਕਥਾਵਾਂ ਨਾਲ ਜੁੜਦਾ ਹੈ। ਕਈ ਜਨੌਰ ਕਥਾਵਾਂ ਵਿਚ ਕੋਈ ਪਾਤਰ ਉਸ ਕਥਾ ਦੇ ਨਾਇਕ/ਨਾਇਕਾ ਦੀ ਭੂਮਿਕਾ ਅਦਾ ਕਰ ਰਿਹਾ ਹੁੰਦਾ ਹੈ ਤੇ ਸਾਰੀ ਕਥਾ ਉਸ ਦੇ ਜੀਵਨ ਬਿਰਤਾਂਤ ਦੁਆਲੇ ਹੀ ਘੁੰਮਦੀ ਹੈ। ਪਸ਼ੂ-ਪੰਛੀ ਨਾਇਕ/ਨਾਇਕਾ ਦਾ ਕਿਰਦਾਰ/ਸੁਭਾਅ ਵਿਲੱਖਣ ਕਿਸਮ ਦਾ ਤੇ ਰੌਚਕਤਾ ਭਰਪੂਰ ਹੁੰਦਾ ਹੈ। ਜਨੌਰ ਕਥਾਵਾਂ ਵਿਚਲਾ ਸੰਸਾਰ ਅਜਿਹੀ ਬਿਰਤਾਂਤਕ ਜੁਗਤ ਨਾਲ ਸਿਰਜਿਆ ਜਾਂਦਾ ਹੈ, ਜਿਵੇਂ ਕਿਸੇ ਅਲੌਕਾਰੀ ਸੰਸਾਰ ਦੀ ਰਚਨਾ ਕੀਤੀ ਜਾ ਰਹੀ ਹੋਵੇ ਜਾਂ ਕਿਸੇ ਪਰੀ-ਲੋਕ ਵਿਚ ਵਾਪਰਦੀ ਕਿਸੇ ਲੋਕ ਕਥਾ ਦੇ ਦ੍ਰਿਸ਼ ਸਾਕਾਰ ਕੀਤੇ ਜਾ ਰਹੇ ਹੋਣ। ਕਈ ਜਨੌਰ ਕਥਾਵਾਂ ਵਿਚ ਪਸ਼ੂ-ਪੰਛੀ ਸਹਾਇਕ ਪਾਤਰਾਂ ਦੇ ਰੂਪ ਵਿਚ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਉਹ ਕਥਾ ਦੇ ਨਾਇਕ ਦੇ ਸਹਿਯੋਗੀ ਬਣ ਕੇ ਉਭਰਦੇ ਹਨ। ਨਾਇਕ ਜਦੋਂ ਕਿਸੇ ਸੰਕਟ ਦੀ ਸਥਿਤੀ ਵਿਚ ਫਸਦਾ ਹੈ ਤਾਂ ਉਹ ਉਸ ਦੀ ਮਦਦ ਕਰਕੇ ਉਸ ਨੂੰ ਸੰਕਟ ਦੀ ਉਸ ਸਥਿਤੀ ਤੋਂ ਪਾਰ ਲੰਘਾਉਂਦੇ ਹਨ। ਕਿਸੇ ਉਦੇਸ਼-ਟੀਚੇ ਦੀ ਭਾਲ ਵਿਚ ਨਿਕਲੇ ਨਾਇਕ ਦੀ ਉਹ ਥਾਂ-ਥਾਂ ਹਰੇਕ ਹੀਲੇ ਮਦਦ ਕਰਦੇ ਹਨ ਤੇ ਉਸ ਨੂੰ ਉਸ ਦੇ ਉਦੇਸ਼ ਤੱਕ ਪਹੁੰਚਾਉਣ ਜਾਂ ਸਬੰਧਤ ਚੀਜ਼ ਦੀ ਭਾਲ ਕਰਨ ਵਿਚ ਉਸ ਦੀ ਮਦਦ ਕਰਦੇ ਹਨ।
ਕਈ ਜਨੌਰ ਕਥਾਵਾਂ ਸਿਰਫ ਮਨੋਰੰਜਨ ਕਰਨ ਦੇ ਮੰਤਵ ਨਾਲ ਘੜੀਆਂ, ਲਿਖੀਆਂ, ਪੜ੍ਹੀਆਂ, ਸੁਣਾਈਆਂ ਤੇ ਵਿਖਾਈਆਂ ਜਾਂਦੀਆਂ ਹਨ। ਉਨ੍ਹਾਂ ਵਿਚ ਪਸ਼ੂ-ਪੰਛੀ ਪਾਤਰ ਕਥਾ ਦੇ ਮੁੱਖ ਪਾਤਰ ਵਜੋਂ ਪੇਸ਼ ਹੁੰਦੇ ਹਨ ਤੇ ਕਥਾ ਦਾ ਸਾਰਾ ਤਾਣਾ-ਬਾਣਾ ਉਨ੍ਹਾਂ ਦੁਆਲੇ ਹੀ ਉਸਰਦਾ ਹੈ। ਨਿਰੋਲ ਕਲਪਨਾ ‘ਤੇ ਆਧਾਰਿਤ ਜਨੌਰ ਕਥਾਵਾਂ ਵਿਚ ਪਸ਼ੂਆਂ ਦੀ ਬਹਾਦਰੀ, ਉਨ੍ਹਾਂ ਦੀਆਂ ਮਨੁੱਖ ਨਾਲੋਂ ਵੱਖਰੀ ਕਿਸਮ ਦੀਆਂ ਸਮਰਥਾਵਾਂ/ਗੁਣਾਂ, ਉਨ੍ਹਾਂ ਦੇ ਅਦਭੁੱਤ ਕਾਰਜਾਂ, ਉਨ੍ਹਾਂ ਦੇ ਪਿਆਰ, ਉਨ੍ਹਾਂ ਦੀਆਂ ਦੁਸ਼ਮਣੀਆਂ, ਉਨ੍ਹਾਂ ਦੀ ਵਫਾਦਾਰੀ ਆਦਿ ਦੁਆਲੇ ਉਸਰਦੀਆਂ ਹਨ। ਵਿਰੋਧੀ ਲੱਛਣਾਂ ਵਾਲੇ ਪਸ਼ੂਆਂ (ਜਿਵੇਂ ਸ਼ੇਰ ਤੇ ਬੱਕਰੀ) ਨਾਲ ਸਬੰਧਤ ਲੋਕ ਕਥਾਵਾਂ ਵੀ ਅਹਿਮ ਸੁਨੇਹਾ ਦਿੰਦੀਆਂ ਹਨ। ਕਈ ਜਨੌਰ ਕਥਾਵਾਂ ਨਾਲ ਕਈ ਲੋਕ-ਵਿਸ਼ਵਾਸ ਵੀ ਜੁੜਦੇ ਜਾਂਦੇ ਹਨ।
ਜਨੌਰ ਕਥਾਵਾਂ ਅਸਲ ਵਿਚ ਲੋਕ ਮਨ ਦੀ ਤਰਜਮਾਨੀ ਕਰਦੀਆਂ ਹਨ। ਉਹ ਪਰੰਪਰਾ ਨਾਲ ਜੁੜੀਆਂ ਹੁੰਦੀਆਂ ਹਨ ਤੇ ਉਨ੍ਹਾਂ ਵਿਚਲੇ ਬਿਰਤਾਂਤਕ ਤੱਤ ਉਨ੍ਹਾਂ ਦੀ ਉਸਾਰੀ ਦਾ ਮੂਲ ਧੁਰਾ ਬਣਦੇ ਹਨ। ਜਨੌਰ ਕਥਾਵਾਂ ਇਕ ਤਰ੍ਹਾਂ ਨਾਲ ਪੜ੍ਹਨ-ਸੁਣਨ ਵਾਲਿਆਂ ਨੂੰ ਕਿਸੇ ਸੁਪਨ ਜਗਤ ਦੀ ਸੈਰ ਕਰਵਾ ਦਿੰਦੀਆਂ ਹਨ। ਉਹ ਮਨੁੱਖੀ ਜੀਵਨ ਦੀਆਂ ਸੱਧਰਾਂ ਦੀ ਤਰਜਮਾਨੀ ਕਰਦੀਆਂ ਹਨ। ਜਨੌਰ ਕਥਾਵਾਂ ਦੀਆਂ ਰੂਪ ਵੰਨਗੀਆਂ ਦਾ ਖੇਤਰ ਏਨਾ ਵਿਸ਼ਾਲ ਹੈ ਕਿ ਉਨ੍ਹਾਂ ਨੂੰ ਕਿਸੇ ਨਿਸਚਿਤ ਇਕਾਈ ਵਿਚ ਬੰਨ੍ਹ ਸਕਣਾ ਕਠਿਨ ਹੈ। ਜਨੌਰ ਕਥਾਵਾਂ ਸੁਣਨ-ਸੁਣਾਉਣ ਦੇ ਸਮੇਂ ਬੇਸ਼ੱਕ ਬੀਤੇ ਦੀ ਬਾਤ ਬਣ ਕੇ ਰਹਿ ਗਏ ਹਨ, ਪਰ ਇਕ ਗੱਲ ਨਿਸਚਿਤ ਹੈ ਕਿ ਹੁਣ ਦੇ ਡਿਜੀਟਲ ਯੁੱਗ ਵਿਚ ਵੀ ਉਨ੍ਹਾਂ ਦੇ ਮਹੱਤਵ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਹੁਣ ਦੇ ਬੱਚੇ ਅਖਬਾਰਾਂ, ਮੈਗਜ਼ੀਨਾਂ, ਕਿਤਾਬਾਂ ‘ਚੋਂ ਜੰਗਲੀ ਜੀਵ ਸੰਸਾਰ ਨਾਲ ਜੁੜੀਆਂ ਕਹਾਣੀਆਂ ਪੜ੍ਹਨੀਆਂ, ਕੌਮਿਕਸ ਪੜ੍ਹਨੀਆਂ, ਕਾਰਟੂਨ ਵੇਖਣੇ/ਪੜ੍ਹਨੇ ਤੇ ਟੀ. ਵੀ. ਤੋਂ ਕਾਰਟੂਨ ਫਿਲਮਾਂ ਵੇਖਣੀਆਂ ਇਸੇ ਕਰਕੇ ਪਸੰਦ ਕਰਦੇ ਹਨ ਕਿ ਉਹ ਮਨੋਰੰਜਨ ਨਾਲ ਭਰਪੂਰ ਵੀ ਹੁੰਦੀਆਂ ਹਨ, ਸਿੱਖਿਆਦਾਇਕ ਵੀ ਹੁੰਦੀਆਂ ਹਨ ਤੇ ਪ੍ਰੇਰਨਾਦਾਇਕ ਵੀ ਹੁੰਦੀਆਂ ਹਨ।