ਫਿਰੰਗੀ ਵਿਰੁੱਧ ਪਹਿਲੀ ਬਗਾਵਤ

ਸੁਖਦੇਵ ਸਿੱਧੂ
ਅੰਗਰੇਜ਼ ਦਾ ਭਾਰਤ ‘ਚ ਆਉਣ ਸਿੱਧਾ ਨਹੀਂ ਹੋਇਆ ਸੀ। ਕਾਲੋਨੀਆਂ ਬਣਾਉਣ ਦੀ ਦੌੜ ‘ਚ ਕਈ ਯੂਰਪੀ ਮੁਲਕ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦੇ ਸਨ। ਵਲੈਤ ਦੀ ਇਥੇ ਈਸਟ ਇੰਡੀਆ ਕੰਪਨੀ ਆਈ ਤੇ ਸਭ ਤੋਂ ਤਾਕਤਵਰ ਹੋ ਗਈ। ਈਸਟ ਇੰਡੀਆ ਕੰਪਨੀ ਨੇ ਜਦੋਂ ਭਾਰਤ ‘ਚ ਪੈਰ ਲਾ ਲਾਏ ਤਾਂ ਅੰਗਰੇਜ਼ ਸਰਕਾਰ ਨੇ ਕੰਪਨੀ ਨੂੰ ਆਪਣੇ ਰਾਜ ਭਾਗ ‘ਚ ਰਲਾ ਲਿਆ। ਹੌਲੀ ਹੌਲੀ ਅੰਗਰੇਜ਼, ਸਾਰੇ ਭਾਰਤ ‘ਤੇ ਕਬਜ਼ੇ ਦੀ ਦੌੜ ‘ਚ ਦੂਜਿਆਂ ਤੋਂ ਅਗੇ ਨਿਕਲ ਗਿਆ।

ਦਾਬੇ-ਕਬਜ਼ੇ ਦੀ ਸਹਿਮਤੀ ਤਾਂ ਕਿਸੇ ਕੀ ਦੇਣੀ ਹੁੰਦੀ ਹੈ। ਦਾਬੇ ਵਾਲੇ ਵਰਤਾਅ ਦਾ ਵਿਰੋਧ ਵੀ ਨਾਲ ਹੀ ਸ਼ੁਰੂ ਹੋ ਜਾਣਾ ਹੁੰਦਾ ਹੈ। ਭਾਰਤ ‘ਚ ਵੀ ਅੰਗਰੇਜ਼ ਦਾ ਵਿਰੋਧ ਹੋਣਾ ਸੁਭਾਵਿਕ ਸੀ। ਭਾਰਤ ਦੀਆਂ ਨਿੱਕੀਆਂ ਵੱਡੀਆਂ ਦੇਸੀ ਰਿਆਸਤਾਂ ਆਪਸ ਵਿਚ ਵੀ ਸਿੰਙ ਫਸਾਈ ਰੱਖਦੀਆਂ ਸਨ। ਇਕ ਦੂਜੇ ਦੇ ਇਲਾਕਿਆਂ ‘ਤੇ ਅੱਖ ਰੱਖਦੇ; ਕਦੇ ਖੋਹ ਖਿਚ ਵੀ ਕਰ ਲੈਂਦੇ; ਵਿਚ ਵਿਚ ਆਪਸ ‘ਚ ਸੁਲਾਹ ਵੀ ਹੋ ਜਾਂਦੀ। ਪਰ ਹਮੇਸ਼ਾ ਆਂਢ-ਗੁਆਂਢ ਦਾ ਹਲਕਾ ਆਪਣੇ ਕਬਜ਼ੇ ‘ਚ ਕਰਨ ਦੀ ਤਾਂਘ ਰੱਖਦੇ। ਗੋਰਿਆਂ ਲਈ ਆਪਸੀ ਫੁੱਟ ਦੀ ਇਹ ਸਥਿਤੀ ਚੰਗੀ ਸੀ। ਐਸੇ ਵੰਡੇ ਹੋਏ ਸਮਾਜ ਦੇ ਹਾਕਮਾਂ ‘ਤੇ ਕਾਬੂ ਪਾਉਣਾ ਸੌਖਾ ਹੋ ਗਿਆ।
ਅੰਗਰੇਜ਼ ਨੇ ਟੀਪੂ ਸੁਲਤਾਨ ਦੇ ਰਾਜ ‘ਤੇ ਵੀ ਅੱਖ ਰੱਖ ਹੋਈ ਸੀ। ਟੀਪੂ ਸੁਲਤਾਨ ਨਾਲ ਪਹਿਲੀ ਲੜਾਈ ਵਿਚ ਫਿਰੰਗੀ ਨੂੰ ਬੜੀ ਮਾਰ ਪਈ ਸੀ। ਉਦੋਂ ਟੀਪੂ, ਇੱਕੋ ਵੇਲੇ, ਗੋਰਿਆਂ ਤੋਂ ਬਿਨਾ ਮਰਾਠਿਆਂ ਤੇ ਹੈਦਰਾਬਾਦ ਦੇ ਨਿਜ਼ਾਮ ਨਾਲ ਵੀ ਲੜ ਰਿਹਾ ਸੀ। ਤੀਹਰੀ ਲੜਾਈ ‘ਚ ਵੀ ਟੀਪੂ ਨੂੰ ਕੋਈ ਨਹੀਂ ਸੀ ਹਰਾ ਸਕਿਆ, ਸਗੋਂ ਉਹ ਸਭ ‘ਤੇ ਜੇਤੂ ਹੋ ਗਿਆ ਸੀ। ਹਾਰ ਖਾ ਕੇ ਵੀ ਅੰਗਰੇਜ਼ ਨੇ ਪਸਾਰੇ ਦੀ ਨੀਤੀ ਨਹੀਂ ਸੀ ਛੱਡੀ। ਮਈ 1805 ਨੂੰ ਕੁਝ ਸਿਪਾਹੀਆਂ ਨੇ ਨਵੀਂ ਵਰਦੀ ਦੇ ਖਿਲਾਫ ਬਗਾਵਤ ਕਰ ਦਿੱਤੀ। ਜਿਨ੍ਹਾਂ ਨੇ ਹੁਕਮ ਦੀ ਸਹਿਮਤੀ ਦੀ ਥਾਂ ਉਜ਼ਰ ਕੀਤਾ ਸੀ, ਉਨ੍ਹਾਂ ਨੂੰ ਮਦਰਾਸ ਦੇ ਸੇਂਟ ਜੋਰਜ ਕਿਲੇ ‘ਚ ਲੈ ਜਾਇਆ ਗਿਆ ਤੇ ਹੁਕਮ ਅਦੂਲੀ ਦੀ ਸਜ਼ਾ ਦੇ ਦਿੱਤੀ। ਉਨ੍ਹਾਂ ‘ਚੋਂ ਦੋਂਹ (ਇਕ ਹਿੰਦੂ ਤੇ ਇਕ ਮੁਸਲਮਾਨ) ਨੂੰ ਤਾਂ ਸ਼ੱਰੇਆਮ ਨੱਬੇ-ਨੱਬੇ ਕੋੜੇ ਮਾਰੇ ਗਏ ਤੇ ਉਸੇ ਵੇਲੇ ਨੌਕਰੀ ਤੋਂ ਕੱਢ ਦਿੱਤਾ ਗਿਆ। ਬਾਕੀ ਦੇ ਉੱਨੀਆਂ ਨੂੰ ਪੰਜਾਹ-ਪੰਜਾਹ ਕੋੜੇ ਮਾਰੇ ਗਏ; ਇਨ੍ਹਾਂ ਨੂੰ ਰਹਿਮ ਦੀ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਇਸ ਨੀਤੀ ਦਾ ਅਸਰ ਅੰਗਰੇਜ਼ ਦੀ ਆਸ ਦੇ ਉਲਟ ਹੋ ਗਿਆ। ਹਿੰਦੂ-ਮੁਸਲਮਾਨ ਸਿਪਾਹੀਆਂ ਦੇ ਮਨਾਂ ਚ ਰਿੱਝਦੀ ਗੁੱਸੇ ਦੀ ਭਾਵਨਾ ਨੂੰ ਹੋਰ ਹਵਾ ਮਿਲੀ ਗਈ। ਟੀਪੂ ਸੁਲਤਾਨ ਦੇ ਪਰਿਵਾਰ ਨੇ ਇਸ ਮੌਕੇ ਨੂੰ ਅੰਗਰੇਜ਼ਾਂ ਦੇ ਖਿਲਾਫ ਵਰਤਿਆ।
ਜਨਰਲ ਸਰ ਜੌਹਨ ਕਰੈਡਿੱਕ, ਮਦਰਾਸ ਆਰਮੀ ਦਾ ਕਮਾਂਡਰ ਇਨ ਚੀਫ ਸੀ। ਉਹਨੇ ਲਾਰਡ ਹਾਓਡਨ ਨਾਲ ਰਲ ਕੇ 14 ਨਵੰਬਰ 1805 ਨੂੰ ਫੌਜ ‘ਚ ਤਬਦੀਲੀ ਲਿਆਉਣ ਲਈ ਇਕਤਰਫੇ ਹੁਕਮ ਜਾਰੀ ਕਰ ਦਿੱਤੇ ਸਨ। ਫੌਜ ਨੂੰ ਪਹਿਲਾਂ ਹੁਕਮ ਇਹ ਹੋਇਆ ਕਿ ਕੋਈ ਵੀ ਸਿਪਾਹੀ ਦਾੜੀ-ਮੁੱਛ ਨਹੀਂ ਰੱਖੇਗਾ ਤੇ ਹਿੰਦੂ ਸਿਪਾਹੀ ਤਿਲਕ ਵਗੈਰਾ ਨਹੀਂ ਲਾ ਸਕਣਗੇ। ਹਿੰਦੂ ਤਿਲਕ ਨਹੀਂ ਲਾਉਣਗੇ ਤੇ ਆਪਣੀ ਜਾਤ ਵੀ ਨਹੀਂ ਲਿਖਣਗੇ। ਕੋਈ ਨੱਤੀਆਂ ਨਹੀਂ ਪਾਏਗਾ। ਇਨ੍ਹਾਂ ਦਾ ਮਕਸਦ ਫੌਜ ਦੀ ਦਿੱਖ ਨੂੰ ਯੂਰਪੀਨ ਫੌਜਾਂ ਵਰਗੀ ਚੁਸਤ-ਫੁਰਤ ਕਰਨਾ ਸੀ। ਅਗਲੀ ਤਬਦੀਲੀ ਪੱਗ ਨਾ ਪਹਿਨਣ ਦੀ ਸੀ ਤੇ ਉਸ ਦੀ ਥਾਂ ‘ਤੇ ਜਿਹੜਾ ਟੋਪ ਪਹਿਨਣਾ ਸੀ, ਉਸ ਨੂੰ ਚਮੜੇ ਦੀ ਸਜਾਵਟੀ ਕਲਗੀ ਵੀ ਲੱਗੀ ਹੋਈ ਸੀ। ਫੌਜੀ ਇਸ ਨੂੰ ‘ਫਿਰੰਗੀ ਪਗੜੀ’ ਕਹਿੰਦੇ ਸਨ। ਹਿੰਦੂਆਂ ‘ਚ ਤਾਂ ਚਮੜਾ ਓਦਾਂ ਹੀ ਅਪਵਿਤਰ ਹੈ। ਧਾਰਮਿਕ ਤੇ ਆਸਥਾ ਵਾਲੇ ਭਾਰਤੀਆਂ ਲਈ ਇਹ ਮਾਮੂਲੀ ਗੱਲ ਨਹੀਂ ਸੀ। ਭਾਰਤੀ ਸਿਪਾਹੀਆਂ ਦੇ ਮਨ ‘ਚ ਇਹ ਗੱਲ ਆ ਗਈ ਕਿ ਬਹਾਨਾ ਫੌਜ ਦੀ ਵਰਦੀ ਦਾ ਹੈ, ਪਰ ਅਸਲ ‘ਚ ਅੰਗਰੇਜ਼ ਧਰਮ ਬਦਲ ਕੇ ਇਨ੍ਹਾਂ ਨੂੰ ਇਸਾਈ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਜ਼ਿੱਦੀ ਸਰ ਜੌਹਨ ਕਰੈਡਿੱਕ ਭਾਰਤੀਆਂ ਦੀ ਧਾਰਮਿਕ ਭਾਵਨਾ ਨੂੰ ਭੋਰਾ ਵੀ ਮਹੱਤਤਾ ਦੇਣ ਨੂੰ ਤਿਆਰ ਨਾ ਹੋਇਆ। ਆਪਣੇ ਇਕੋ ਹੁਕਮ ਨਾਲ ਉਹਨੇ ਮੁਸਲਿਮ ਤੇ ਹਿੰਦੂ ਸਿਪਾਹੀ ਨਾਰਾਜ਼ ਕਰ ਲਏ ਸਨ।
ਟੀਪੂ ਨੂੰ ਮਾਰਨ ਤੇ ਉਸ ਦੀ ਫੌਜ ਨੂੰ ਹਰਾਉਣ ਪਿਛੋਂ ਅੰਗਰੇਜ਼ਾਂ ਨੇ ਟੀਪੂ ਸੁਲਤਾਨ ‘ਤੇ 1799 ‘ਚ ਜਿੱਤ ਪ੍ਰਾਪਤ ਕਰ ਲਈ ਸੀ। ਉਸ ਦੇ ਸਾਰੇ ਧੀਆਂ-ਪੁੱਤਾਂ ਨੂੰ ਮੈਸੂਰ ਤੋਂ ਸਵਾ ਦੋ ਸੌ ਮੀਲ ਦੂਰ, ਵੈਲੂਰ ਕਿਲੇ ਦੇ ਵੱਖ ਵੱਖ ਮਹੱਲਾਂ ‘ਚ ਰੱਖਿਆ ਹੋਇਆ ਸੀ। ਨੌਂ ਜੁਲਾਈ ਨੂੰ ਟੀਪੂ ਸੁਲਤਾਨ ਦੀ ਧੀ ਦੀ ਸ਼ਾਦੀ ਰੱਖੀ ਹੋਈ ਸੀ। ਬਾਗੀ ਸਿਪਾਹੀਆਂ ਨੇ ਪੂਰੀ ਤਿਆਰੀ ਕਰ ਲਈ ਸੀ। ਵਿਆਹ ‘ਚ ਹਿੱਸਾ ਲੈਣ ਦੇ ਬਹਾਨੇ ਬਾਗੀ ਕਿਲੇ ਅੰਦਰ ਦਾਖਲ ਹੋ ਗਏ ਸਨ। ਬਾਗੀਆਂ ਨੇ 10 ਜੁਲਾਈ 1806 ਨੂੰ ਤੜਕੇ ਦੋ ਵਜੇ, ਵੈਲੂਰ (ਤਾਮਿਲਨਾਡੂ) ਦੇ ਕਿਲੇ ‘ਚ ਅੰਗਰੇਜ਼ ਅਫਸਰਾਂ ਤੇ ਸਿਪਾਹੀਆਂ ‘ਤੇ ਹਮਲਾ ਕਰ ਦਿੱਤਾ। ਇਸ ਦੀ ਕਿਸੇ ਨੂੰ ਵੀ ਸੂਹ ਨਹੀਂ ਸੀ। ਗੋਰੇ ਫੌਜੀ ਤੇ ਅਫਸਰ ਅਵੇਸਲੇ ਸਨ; ਇਸ ਤਰ੍ਹਾਂ ਦੀ ਬਗਾਵਤ ਤਾਂ ਉਨ੍ਹਾਂ ਦੇ ਚਿੱਤ-ਚੇਤੇ ‘ਚ ਵੀ ਨਹੀਂ ਸੀ। ਕਿਲੇ ‘ਚ ਟੀਪੂ ਦੀ ਧੀ ਦੀ ਸ਼ਾਦੀ ਹੋਣ ਕਰਕੇ, ਮਹੱਲਾਂ ‘ਚ ਗਹਿਮਾ ਗਹਿਮੀ ਸੀ। ਅੰਗਰੇਜ਼ ਨੂੰ ਇਸ ਬਗਾਵਤ ਦੀ ਆਸ ਨਹੀਂ ਸੀ। ਸੁਤੇ ਸਿੱਧ ਹਮਲੇ ਕਾਰਨ ਅੰਗਰੇਜ਼ ਦਾ ਕਾਫੀ ਨੁਕਸਾਨ ਹੋਇਆ ਸੀ। ਇਸ ਬਗਾਵਤ ਨੂੰ ਬਗਾਵਤ ਉਕਸਾਉਣ ਵਿਚ ਟੀਪੂ ਸੁਲਤਾਨ ਦੇ ਪੁੱਤਰ ਦਾ ਹੱਥ ਵੀ ਸੀ।
ਬਾਗੀਆਂ ਨੇ ਆਪਣੀ ਬ੍ਰਿਗੇਡ ਅਤੇ 69ਵੀਂ ਰੈਜੀਮੈਂਟ ਦੇ ਵੀ 200 ਬੰਦੇ ਮਾਰ ਦਿੱਤੇ; ਇਨ੍ਹਾਂ ਵਿਚ ਹਸਪਤਾਲ ‘ਚ ਇਲਾਜ ਕਰਾਉਣ ਆਏ ਗੋਰੇ ਵੀ ਸਨ। ਬਾਗੀਆਂ ਨੇ ਹਮਲਾ ਸੁੱਤਿਆਂ ‘ਤੇ ਕੀਤਾ ਸੀ, ਇਸ ਲਈ ਬਹੁਤ ਤਬਾਹੀ ਮਚਾਉਣ ‘ਚ ਕਾਮਯਾਬ ਹੋ ਗਏ। ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਗੀ ਸਿਪਾਹੀਆਂ ਨੇ ਕਿਲੇ ‘ਤੇ ਕਬਜ਼ਾ ਕਰ ਲਿਆ ਸੀ। ਕਿਲੇ ਤੋਂ ਅੰਗਰੇਜ਼ ਦਾ ਝੰਡਾ ਉਤਾਰ ਦਿੱਤਾ ਸੀ; ਉਸ ਦੀ ਥਾਂ ਮੈਸੂਰ ਸਲਤਨਤ ਦਾ ਝੰਡਾ ਲਹਿਰਾ ਦਿੱਤਾ ਅਤੇ ਟੀਪੂ ਦੇ ਪੁੱਤਰ ਫਤਿਹ ਹੈਦਰ ਬਹਾਦਰ ਨੂੰ ਮੁੜ ਕੇ ਰਾਜਾ ਹੋਣ ਦਾ ਐਲਾਨ ਕਰ ਦਿੱਤਾ ਸੀ। ਵੱਡਾ ਨੁਕਸਾਨ ਹੋ ਜਾਣ ਦੇ ਬਾਵਜੂਦ ਕੋਈ ਅੰਗਰੇਜ਼ ਬਚ ਕੇ ਲਾਗਲੀ ਫੌਜੀ ਛਾਉਣੀ (ਆਰਕੌਟ) ‘ਚ ਖਬਰ ਦੇਣ ਵਿਚ ਕਾਮਯਾਬ ਹੋ ਗਿਆ ਸੀ। ਇਸ ਕਿਲੇ ਦਾ ਇੰਚਾਰਜ ਕਰਨਲ ਸੇਂਟ ਜੌਹਨ ਫੈਨਕੋਰਟ ਦਾ ਟੱਬਰ ਬਚ ਗਿਆ ਸੀ, ਪਰ ਉਹ ਆਪ ਇਸ ਹਮਲੇ ‘ਚ ਮਾਰਿਆ ਗਿਆ ਸੀ। ਇਸ ਵਾਕਿਆ ਨਾਲ ਫਿਰੰਗੀ ਪੂਰੀ ਤਰ੍ਹਾਂ ਹਿੱਲ ਗਿਆ ਸੀ।
ਸਰ ਰੋਲੋ (ਰੌਬਰਟ) ਗਲੈਪਿਸੀ ਦਾ ਪਹਿਲਾਂ ਹੀ 10 ਜੁਲਾਈ ਨੂੰ ਵੈਲੂਰ ਨੂੰ ਆਉਣ ਦਾ ਪ੍ਰੋਗਰਾਮ ਸੀ, ਪਰ ਬਗਾਵਤ ਦਾ ਸੁਣ ਕੇ ਗੁੱਸੇ ‘ਚ ਆਰਕੌਟ ਤੋਂ ਪੈਦਲ ਤੇ ਘੋੜ ਸਵਾਰ ਫੌਜਾਂ ਲੈ ਕੇ ਬਗਾਵਤ ਨੂੰ ਕੁਚਲਣ ਲਈ ਚੜ੍ਹ ਆਇਆ। ਉਸ ਨੇ ਬਗਾਵਤ ‘ਤੇ ਦੋ ਕੁ ਵਜੇ ਕਾਬੂ ਪਾ ਲਿਆ ਸੀ। ਬਾਗੀਆਂ ‘ਚੋਂ ਸੌ ਨੂੰ ਬਿਨਾ ਕਿਸੇ ਮੁਕੱਦਮਾ ਚਲਾਏ ਕੰਧ ਨਾਲ ਖੜੇ ਕਰਕੇ, ਉਸੇ ਵੇਲੇ ਹੀ ਗੋਲੀਆਂ ਮਾਰ ਦਿੱਤੀਆਂ ਸਨ। ਬਾਅਦ ‘ਚ ਇਸ ਨੂੰ ਅੰਗਰੇਜ਼ ਅਫਸਰ ਨੇ ਵੀ ਵਹਿਸ਼ੀ ਕਾਰਨਾਮਾ ਮੰਨਿਆ। ਸਾਢੇ ਤਿੰਨ ਸੌ ਭਾਰਤੀ ਸਿਪਾਹੀ ਮੁੱਠਭੇੜ ‘ਚ ਮਾਰੇ ਗਏ ਸਨ ਤੇ ਏਨੇ ਕੁ ਹੀ ਜ਼ਖਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਅੱਠ ਸੌ ਹੋਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ; ਅੰਗਰੇਜ਼ ਅਫਸਰਾਂ ਤੇ ਸਿਪਾਹੀਆਂ ਦੀ ਗਿਣਤੀ ਦਾ ਸਬੂਤ ਉਨ੍ਹਾਂ ਦੀਆਂ ਕਬਰਾਂ ਤੋਂ ਮਿਲਦਾ ਹੈ। ਮੁਸਲਮਾਨ ਸਿਪਾਹੀਆਂ ਦਾ ਵੀ ਮਿਲ ਸਕਦਾ ਹੈ, ਪਰ ਹਿੰਦੂ ਸਿਪਾਹੀਆਂ ਦੀਆਂ ਲਾਸ਼ਾਂ ਅਗਨ ਭੇਟ ਕਰ ਦਿੱਤੀਆਂ ਸਨ। ਭਾਗ ਲੈਣ ਵਾਲੇ ਛੇ ਬਾਗੀਆਂ ਨੂੰ ਤੋਪਾਂ ਮੋਹਰੇ ਬੰਨ ਕੇ ਉੜਾ ਦਿੱਤਾ ਸੀ; ਪੰਜ ਨੂੰ ਫਾਂਸੀ ਦੇ ਦਿੱਤੀ ਸੀ ਤੇ ਕੁਝ ਕਾਲੇ ਪਾਣੀ ਵੀ ਭੇਜ ਦਿੱਤੇ ਸਨ। ਨਤੀਜੇ ਵਜੋਂ ਅੰਗਰੇਜ਼ ਨੇ ਕਿਲੇ ਦੀਆਂ ਤਿੰਨੇ ਰੈਜੀਮੈਂਟਾਂ ਭੰਗ ਕਰ ਦਿੱਤੀਆਂ ਸਨ। ਮਦਰਾਸ ਦੇ ਗਵਰਨਰ ਵਿਲੀਅਮ ਬੈਨਟੌਕ ਦੀ ਭਾਰਤ ‘ਚ ਨੌਕਰੀ ਚਲੇ ਗਈ ਸੀ। ਉਸ ਨੂੰ ਲੰਡਨ ਵਾਪਿਸ ਬੁਲਾ ਲਿਆ ਸੀ।
ਇੱਕੋ ਦਿਨ ਚੱਲੀ ਇਸ ਬਗਾਵਤ ਦੀਆਂ ਕਈ ਮਹੱਤਤਾਵਾਂ ਹਨ: ਫਿਰੰਗੀ ਨੇ ਨਵੀਂ ਵਰਦੀ ਦੇ ਆਰਡਰ ਵਾਪਿਸ ਲੈ ਲਏ ਸਨ। ਅੰਗਰੇਜ਼ ਖਬਰਦਾਰ ਹੋ ਗਿਆ ਸੀ। ਅੰਗਰੇਜ਼ ਦੇ ਮਨ ‘ਚ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਦਾ ਖਿਆਲ ਹੋਣ ਲੱਗ ਪਿਆ ਸੀ। ਅੱਗੇ ਤੋਂ ਫੌਜੀਆਂ ਨੂੰ ਕੋੜੇ ਮਾਰਨ ਦੀ ਮਨਾਹੀ ਕਰ ਦਿੱਤੀ ਸੀ। ਹੋਰ ਬਗਾਵਤ ਦੇ ਡਰੋਂ, ਟੀਪੂ ਸੁਲਤਾਨ ਦੇ ਸਾਰੇ ਪਰਿਵਾਰ ਨੂੰ ਏਥੋਂ ਦੂਰ, ਕਲਕੱਤੇ ਭੇਜ ਦਿੱਤਾ ਸੀ। ਨਵਾਂ ਡਰੈਸ ਕੋਡ ਥੋਪਣ ਦੇ ਜ਼ਿੰਮੇਵਾਰ ਅਫਸਰਾਂ ਨੂੰ ਵਾਪਿਸ ਲੰਡਨ ਬੁਲਾ ਲਿਆ ਸੀ। ਇਸ ਹਿਸਾਬ ਨਾਲ ਅੰਗਰੇਜ਼ ਖਿਲਾਫ ਇਸ ਬਗਾਵਤ ਨੂੰ ਕਾਮਯਾਬ ਮੰਨਿਆ ਜਾ ਸਕਦਾ ਹੈ। ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਸ ਦਾ ਅਸਰ 1857 ਵਾਲੀ ਬਗਾਵਤ ‘ਤੇ ਵੀ ਪਿਆ ਸੀ। ਕੁਝ ਇਤਿਹਾਸਕਾਰ ਇਸ ਨੂੰ ਅਗਲੀ ਬਗਾਵਤ ਦੀ ਮਸ਼ਕ ਹੀ ਮੰਨਦੇ ਹਨ। ਕੁਝ ਅੰਗਰੇਜ਼ ਲਿਖਾਰੀ ਇਸ ਨੂੰ ਫਿਰੰਗੀ ਵਰਦੀ ਦੇ ਵਿਰੁੱਧ ਗੁੱਸੇ ਦਾ ਪ੍ਰਗਟਾਓ ਕਹਿੰਦੇ ਹਨ ਤੇ ਕੁਝ ਟੀਪੂ ਸੁਲਤਾਨ ਦੀ ਔਲਾਦ ਵਲੋਂ ਮੁੜ ਤਖਤ ਸਾਂਭਣ ਦੀ ਕਾਰਵਾਈ ਕਹਿ ਕੇ ਛੋਟਾ ਕਰਦੇ ਹਨ। ਜਵਾਹਰ ਲਾਲ ਨਹਿਰੂ ਨੇ ਇਸ ਨੂੰ ਹੀ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਹੈ। ਕਾਰਲ ਮਾਰਕਸ ਨੇ ਵੀ ਇਸ ਨੂੰ ਭਾਰਤ ਦੀ ਪਹਿਲੀ ਬਗਾਵਤ ਕਿਹਾ ਹੈ। ਭਾਰਤ ‘ਚ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਪੁੱਟਣ ਲਈ ਪਹਿਲੀ ਜਥੇਬੰਦਕ ਕਾਰਵਾਈ ਇਹੋ ਸੀ।