ਝੂਠੇ ਮੁਕਾਬਲਿਆਂ ਦਾ ਆਮ ਹੁੰਦਾ ਜਾ ਰਿਹਾ ਵਰਤਾਰਾ

ਡਾ. ਜਸਕਰਨ ਸਿੰਘ ਗਿੱਲ
ਫੋਨ: 91-98154-80892
ਜਦੋਂ ਦੇਸ਼ ਅੰਦਰ ਲੋਕਾਂ ਦੀ ਸੁਰੱਖਿਆ ਕਰਨ ਲਈ ਸਥਾਪਿਤ ਕੀਤੀਆਂ ਸੰਵਿਧਾਨਕ ਸੰਸਥਾਵਾਂ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਜਾਣ, ਉਦੋਂ ਅਰਾਜਕਤਾ ਸਰਕਾਰੀ ਰੂਪ ਵੀ ਧਾਰ ਸਕਦੀ ਹੈ। ਅਜਿਹਾ ਹੀ ਖਦਸ਼ਾ ਸਮੇਂ-ਸਮੇਂ ਤੇ ਭਾਰਤ ਵਿਚ ਵੀ ਮਹਿਸੂਸ ਕੀਤਾ ਜਾਂਦਾ ਰਿਹਾ ਹੈ। ਕੋਵਿਡ-19 ਦੀਆਂ ਖਬਰਾਂ ਦੌਰਾਨ ਜਿਸ ਖਬਰ ਨੇ ਪਿਛਲੇ ਦਿਨੀਂ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਦੀਆਂ ਸੁਰਖੀਆਂ ਬਟੋਰੀਆਂ ਸਨ, ਉਹ ਸੀ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੂਬੇ ਦਾ ਕਥਿਤ ਫਰਜ਼ੀ ਪੁਲਿਸ ਮੁਕਾਬਲੇ ‘ਚ ਮਾਰੇ ਜਾਣਾ। ਕੁਝ ਦਿਨਾਂ ਤੋਂ ਉੱਤਰ ਪ੍ਰਦੇਸ਼ ਪੁਲਿਸ ਵਲੋਂ ਹਾਈ ਪ੍ਰੋਫਾਈਲ ਗੈਂਗਸਟਰ ਵਿਕਾਸ ਦੂਬੇ ਦੇ ‘ਸੰਭਾਵੀ ਪੁਲਿਸ ਮੁਕਾਬਲੇ’ ਹੋਣ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ।

ਇਹ ਰਾਜਨੀਤਿਕ ਪਹੁੰਚ ਰੱਖਣ ਵਾਲਾ ਗੈਂਗਸਟਰ ਉੱਤਰ ਪ੍ਰਦੇਸ਼ ਵਿਚ ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਪਿਛੋਂ ਭਗੌੜਾ ਸੀ ਅਤੇ ਕਈਆਂ ਨੂੰ ਉਮੀਦ ਸੀ ਕਿ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਪੇਸ਼ ਕਰਨ ਦੀ ਥਾਂ ਉਸ ਨੂੰ ਝੂਠੇ ਮੁਕਾਬਲੇ ਦੀ ਭੇਟ ਚਾੜ੍ਹ ਸਕਦੀ ਹੈ। ਇਸ ਪਿੱਛੇ ਤਰਕ ਇਹ ਸੀ ਕਿ ਉਹ ਵੱਡੇ ਰਾਜਨੀਤਿਕ ਧੁਰੰਤਰਾਂ ਦੇ ਭੇਦ ਖੋਲ੍ਹ ਸਕਦਾ ਹੈ, ਜਿਨ੍ਹਾਂ ਨਾਲ ਉਸ ਦੇ ਨੇੜਲੇ ਸਬੰਧ ਰਹੇ ਸਨ। ਜੇ ਉਸ ਦੀ ਹਿਰਾਸਤ ਵਿਚ ਲੈ ਕੇ ਪੁਛ-ਪੜਤਾਲ ਕੀਤੀ ਜਾਂਦੀ ਤਾਂ ਬਹੁਤ ਸਾਰੀਆਂ ਵੱਡੀਆਂ ਸਿਆਸੀ ਮੱਛੀਆਂ ਜਾਲ ‘ਚ ਫਸ ਸਕਦੀਆਂ ਸਨ। ਇਹ ਆਪਣੀ ਤਰ੍ਹਾਂ ਦਾ ਪਹਿਲਾ ਮੌਕਾ ਹੈ, ਜਦੋਂ ਇੱਕ ਵੱਡੇ ਘਟਨਾਕ੍ਰਮ ਬਾਰੇ ਆਮ ਲੋਕਾਂ ਦੀ ਭਵਿੱਖਵਾਣੀ ਸਹੀ ਸਾਬਿਤ ਹੋਈ ਤੇ ਇਹ ਉਪੱਦਰਕਾਰੀ ਮਾਰਿਆ ਗਿਆ।
ਇਸ ਘਟਨਾ ਪਿਛੋਂ ਸੋਸ਼ਲ ਮੀਡੀਆ ਉੱਤੇ ਮਖੌਲੀਆ ਮੀਮ ਸਾਂਝੇ ਕੀਤੇ ਜਾ ਰਹੇ ਹਨ, ਜਿਸ ਵਿਚ ਲੋਕ ਇਸ ਮੁਕਾਬਲੇ ਨੂੰ ਪੁਲਿਸ ਵਲੋਂ ਰਚੀ ਝੂਠੀ ਕਹਾਣੀ ਦੱਸ ਕੇ ਇਸ ਦੀ ਆਲੋਚਨਾ ਕਰ ਰਹੇ ਹਨ ਅਤੇ ਇਸ ਕਤਲ ਜਾਂ ਮੁਕਾਬਲੇ ਦੀ ਸਿਆਸੀ ਚੂਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਰਾਸ਼ਟਰਵਾਦੀ ਮੀਡੀਆ ਸਮੇਤ ਕਈ ਲੋਕ ਇੱਕ ਅਪਰਾਧੀ ਨੂੰ ਉਸ ਦੇ ਅਸਲੀ ਅੰਜਾਮ ਤੱਕ ਪਹੁੰਚਾਉਣ ਲਈ ਪੁਲਿਸ ਅਤੇ ਯੋਗੀ ਸਰਕਾਰ ਦੀ ਪਿੱਠ ਵੀ ਥਾਪੜ ਰਹੇ ਹਨ।
ਇਹ ਰਾਜ ਦੀ ਪੁਲਿਸ ਫੋਰਸ ਦੀ ਇਕ ਕਿਸਮ ਦੀ ਹੇਠੀ ਵੀ ਸੀ, ਕਿਉਂਕਿ ਉਸ ਨੇ ਬੇਰਹਿਮੀ ਨਾਲ ਅੱਠ ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਸੀ ਅਤੇ ਉਨ੍ਹਾਂ ਦੇ ਹਥਿਆਰ ਵੀ ਲੈ ਕੇ ਭੱਜ ਗਿਆ ਸੀ। ਇਕ ਦਿਨ ਪਹਿਲਾਂ, ਉਸ ਦੇ ਦੋ ਸਹਿਯੋਗੀ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਨ ਅਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਉਸ ਦਾ ਹਸ਼ਰ ਵੀ ਇਹੀ ਹੋਵੇਗਾ। ਉਸ ਦੀ ਗ੍ਰਿਫਤਾਰੀ ਨੇ ਇਸ ਤਰ੍ਹਾਂ ਦੀਆਂ ਭਵਿੱਖਵਾਣੀਆਂ ‘ਤੇ ਰੋਕ ਲਾ ਦਿੱਤੀ, ਪਰ ਅਚਾਨਕ ਮੱਧ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਲਿਆAੁਂਦੇ ਸਮੇਂ ਉਸ ਦੇ ਮੁਕਾਬਲੇ ‘ਚ ਮਾਰੇ ਜਾਣ ਦੀ ਖਬਰ ਨੇ ਇੱਕ ਵਾਰ ਫਿਰ ਦੇਸ਼ ਵਿਚ ਕਾਨੂੰਨ ਦੇ ਸ਼ਾਸਨ ‘ਤੇ ਸਵਾਲ ਖੜ੍ਹੇ ਕਰ ਦਿੱਤੇ, ਜਿਸ ਦੇ ਨੁਮਾਇੰਦੇ ਆਪਣੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਅਹਿੰਸਾ ਦੇ ਗਾਂਧੀਵਾਦੀ ਸਿਧਾਂਤਾਂ ਲਈ ਆਪਣੇ ਦੇਸ਼ ਨੂੰ ਕੌਮਾਂਤਰੀ ਪੱਧਰ ‘ਤੇ ਵਡਿਆਉਣ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦੇ।
ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਪੁਲਿਸ ਨੇ ਦੇਸ਼ ਵਿਚ ਕਿਸੇ ਅਪਰਾਧੀ ਨੂੰ ਮੁਕਾਬਲੇ ‘ਚ ਹਲਾਕ ਕੀਤਾ ਹੋਵੇ। ਇਸ ਤੋਂ ਇਲਾਵਾ, ਜਿੱਥੇ ਜਿੱਥੇ ਵੀ ਹਥਿਆਰਬੰਦ ਸੰਘਰਸ਼ ਪਾਇਆ ਗਿਆ ਹੈ, ਉੱਥੇ ਹੀ ਸਟੇਟ ਦਾ ਇਹ ਇਕ ਆਮ ਵਰਤਾਰਾ ਰਿਹਾ ਹੈ। ਪੰਜਾਬ ਵਿਚ ਖਾੜਕੂਵਾਦ ਸਮੇਂ, ਮੁਬੰਈ ‘ਚ ਅੰਡਰਵਰਲਡ ਨਾਲ ਨਜਿਠਣ ਸਮੇਂ, ਉੱਤਰ-ਪੂਰਬ ਦੇ ਅੰਦਰੂਨੀ ਵਿਦਰੋਹ ਦੌਰਾਨ ਅਤੇ ਜੰਮੂ ਕਸ਼ਮੀਰ ਦੇ ਵੱਖਵਾਦੀਆਂ ਤੇ ਨਕਸਲ ਪ੍ਰਭਾਵਿਤ ਰਾਜਾਂ ਵਿਚ ਵੀ ਹਥਿਆਰਬੰਦ ਵਿਦਰੋਹ ਦੌਰਾਨ ਦੇਸ਼ ਦੇ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਬਹੁਤ ਸਾਰੇ ਨੌਜਵਾਨ ਮਾਰੇ ਗਏ ਹਨ।
ਕਸ਼ਮੀਰ ਤੇ ਨਕਸਲ ਪ੍ਰਭਾਵਿਤ ਇਲਾਕਿਆਂ ‘ਚ ਇਹ ਵਰਤਾਰਾ ਅਜੇ ਵੀ ਆਮ ਹੈ। ਹਾਲਾਂਕਿ ਇਨ੍ਹਾਂ ਪ੍ਰਭਾਵਿਤ ਇਲਾਕਿਆਂ ‘ਚ ਕਈ ਵਾਰ ਆਮ ਲੋਕ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਬੇਰਹਿਮੀ ਨੂੰ ਦੋਸ਼ੀ ਠਹਿਰਾਉਂਦੇ ਹਨ ਤੇ ਪੁਲਿਸ ਇਨ੍ਹਾਂ ‘ਅਤਿਵਾਦੀਆਂ/ਵੱਖਵਾਦੀਆਂ’ ਨੂੰ ਸਮਾਜ ਲਈ ਖਤਰਾ ਗਰਦਾਨ ਕੇ ਇਨ੍ਹਾਂ ਮੁਕਾਬਲਿਆਂ ਨੂੰ ਜਾਇਜ਼ ਠਹਿਰਾਉਂਦੀ ਹੈ, ਭਾਵੇਂ ਉਹ ਝੂਠੇ ਹੀ ਕਿਉਂ ਨਾ ਹੋਣ। ਜਦੋਂ ਪਿਛਲੇ ਸਾਲ ਹੈਦਰਾਬਾਦ ਵਿਚ ਇੱਕ ਡਾਕਟਰ ਕੁੜੀ ਨਾਲ ਬਲਾਤਕਾਰ ਅਤੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਪਿਛੋਂ ਇੱਕ ਫਿਲਮੀ ਪੁਲਿਸ ਮੁਕਾਬਲੇ ਵਿਚ ਹਲਾਕ ਕਰ ਦਿੱਤਾ ਗਿਆ ਤਾਂ ਮਨੁੱਖੀ ਅਧਿਕਾਰਾਂ ਦੇ ਕਾਰਕੁੰਨਾਂ ਨੇ ਕਾਨੂੰਨ ਦੇ ਰਾਜ ਪ੍ਰਤੀ ਪੁਲਿਸ ਦੀ ਵਚਨਬੱਧਤਾ ‘ਤੇ ਉਂਗਲ ਉਠਾਈ ਸੀ, ਪਰ ਇਸ ਦੇ ਉਲਟ ਬਹੁਤ ਸਾਰੇ ਰਾਜਨੇਤਾ, ਮਸ਼ਹੂਰ ਬਾਲੀਵੁੱਡ ਹਸਤੀਆਂ ਅਤੇ ਹੋਰ ਨਾਮੀ ਸ਼ਖਸੀਅਤਾਂ ਨੇ ਹੈਦਰਾਬਾਦ ਪੁਲਿਸ ਦੀ ਇਸ ਬਹਾਦਰੀ ਲਈ ਪਿੱਠ ਥਾਪੜੀ ਸੀ।
ਸਵਾਲ ਹੈ, ਕੀ ਪੁਲਿਸ ਦਾ ਸਿੱਧੇ ਹਿੰਸਾਤਮਕ ਢੰਗ ਤਰੀਕੇ ਵਰਤ ਕੇ ਇਨਸਾਫ ਕਰਨਾ ਜਾਂ ਦਿਵਾਉਣਾ ਵਾਜਬ ਹੈ? ਜੇ ਇਹ ਸਹੀ ਹੈ, ਫਿਰ ਅਦਾਲਤਾਂ ਅਤੇ ਨਿਆਂਪਾਲਿਕਾ ਦੀ ਭੂਮਿਕਾ ਤਾਂ ਅਕ੍ਰਿਆਸ਼ੀਲ ਅਤੇ ਬੇਲੋੜੀ ਸਾਬਿਤ ਹੁੰਦੀ ਹੈ। ਇਸ ਤਰ੍ਹਾਂ ਤਾਂ ਫਿਰ ਸੁਰੱਖਿਆ ਬਲਾਂ ਤੇ ਗੁੰਡੇ ਅਨਸਰਾਂ ਦੀ ਕਾਰਜਸ਼ੈਲੀ ਨੂੰ ਨਿਖੇੜਨਾ ਮੁਸ਼ਕਿਲ ਹੋ ਜਾਵੇਗਾ, ਪਰ ਇਹ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਭਾਰਤ ਦੀ ਦੁਨੀਆਂ ਵਿਚ ਆਪਣੀ ਪਛਾਣ ਲੋਕਤੰਤਰੀ ਦੇਸ਼ ਵਜੋਂ ਹੁੰਦੀ ਹੈ, ਜਿਥੇ ਅਜਿਹੇ ਸਮੰਤੀ ਤੇ ਪਿਛਾਖੜੀ ਵਰਤਾਰੇ ਕਤੱਈ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।
ਜਿੱਥੋਂ ਤੱਕ ਪੰਜਾਬ, ਜੰਮੂ ਕਸ਼ਮੀਰ, ਉੱਤਰ-ਪੂਰਬ ਅਤੇ ਕੇਂਦਰੀ ਰਾਜਾਂ ਵਿਚ ਹਥਿਆਰਬੰਦ ਸੰਘਰਸ਼ ਦਾ ਸਬੰਧ ਹੈ, ਸਾਨੂੰ ਇਸ ਦੇ ਪਿੱਛੇ ਦੇ ਰਾਜਨੀਤਿਕ-ਆਰਥਕ ਕਾਰਨਾਂ ਦੇ ਨਾਲ-ਨਾਲ ਇਸ ਸਮੱਸਿਆ ਨੂੰ ਸੁਲਝਾਉਣ ਵਿਚ ਕੇਂਦਰ ਤੇ ਰਾਜ ਸਰਕਾਰਾਂ ਦੀ ਭੂਮਿਕਾ ਦੀ ਵੀ ਨਿਸ਼ਾਨਦੇਹੀ ਕਰਨੀ ਪਵੇਗੀ। ਆਜ਼ਾਦੀ ਪਿਛੋਂ ਸ਼ਾਇਦ ਹੀ ਅਜਿਹਾ ਕੋਈ ਵੇਲਾ ਹੋਵੇ, ਜਦੋਂ ਆਵਾਮ ਦੇ ਸਰਕਾਰਾਂ ਵਿਰੁੱਧ ਵਿਦਰੋਹ ਨੂੰ ਨੱਪਣ ਲਈ ਹਥਿਆਰਬੰਦ ਫੌਜਾਂ ਨਾ ਤਾਇਨਾਤ ਕੀਤੀਆਂ ਗਈਆਂ ਹੋਣ।
ਦੂਜੇ ਪਾਸੇ ਦੇਸ਼ ਵਿਚ ਬਾਹੂਬਲੀ ਗੈਂਗਸਟਰਾਂ ਦਾ ਉਭਾਰ ਦੇਸ਼ ਦੀ ਜਗੀਰੂ ਰਾਜਨੀਤੀ ਦੀ ਉਪਜ ਹੈ। ਦੇਸ਼ ਵਿਚ ਭਾਰੀ ਬੇਰੁਜ਼ਗਾਰੀ ਅਤੇ ਗਰੀਬੀ ਦੇ ਝੰਬੇ ਦੁਖੀ ਨੌਜਵਾਨਾਂ ਤੱਕ ਇਹ ਗੈਂਗਸਟਰ ਅਸਾਨੀ ਨਾਲ ਪਹੁੰਚ ਕਰ ਲੈਂਦੇ ਹਨ, ਫਿਰ ਆਪਣੀ ਰਾਜਨੀਤਿਕ ਸ਼ਕਤੀ ਵਧਾਉਣ ਲਈ ਉਨ੍ਹਾਂ ਨੂੰ ਵਰਤਦੇ ਹਨ ਅਤੇ ਜੋ ਅੱਗੇ ਚੱਲ ਕੇ ਕਈ ਉਨ੍ਹਾਂ ਦੇ ਉਤਰਾਧਿਕਾਰੀ ਵੀ ਹੋ ਨਿਬੜਦੇ ਹਨ। ਖਾਸਕਰ ਪਿਛਲੇ ਸਾਲਾਂ ਵਿਚ ਜਿਥੇ ਇਨ੍ਹਾਂ ਗੁੰਡਾ ਅਨਸਰਾਂ ਨੇ ਭਾਂਪ ਲਿਆ ਕਿ ਉਹ ਨਾ ਸਿਰਫ ਸੱਤਾ ਦੇ ਭੁੱਖੇ ਸਿਆਸਤਦਾਨਾਂ ਦੀ ਪਨਾਹ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਸਨ, ਸਗੋਂ ਰਾਜਨੀਤਿਕ ਤਾਕਤ ਵੀ ਅਸਾਨੀ ਨਾਲ ਹਥਿਆ ਸਕਦੇ ਹਨ। ਰਾਜ ਅਤੇ ਕੇਂਦਰ ਸਰਕਾਰ ਵਿਚ ਮੰਤਰੀ ਤੱਕ ਦੇ ਅਹੁਦਿਆਂ ‘ਤੇ ਕਾਬਜ਼ ਹੋ ਸਕਦੇ ਹਨ। ਸੰਸਦ ਅਤੇ ਰਾਜ ਅਸੈਂਬਲੀਆਂ ਵਿਚ ਉਨ੍ਹਾਂ ਮੈਂਬਰਾਂ ਦੇ ਅੰਕੜੇ ਲਗਾਤਾਰ ਵਧ ਰਹੇ ਹਨ, ਜਿਨ੍ਹਾਂ ‘ਤੇ ਕਤਲ, ਦੰਗੇ, ਬਲਾਤਕਾਰ, ਫਿਰੌਤੀ ਅਤੇ ਭ੍ਰਿਸ਼ਟਾਚਾਰ ਆਦਿ ਜਿਹੇ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਇੰਜ ਜਾਪਣ ਲੱਗ ਪਿਆ ਹੈ, ਜਿਵੇਂ ਹੁਣ ਲੋਕਾਂ ਨੇ ਮੰਨ ਲਿਆ ਹੋਵੇ ਕਿ ਭਾਰਤੀ ਰਾਜਨੀਤੀ ਇਨ੍ਹਾਂ ਗੁੰਡਿਆਂ ਲਈ ਹੀ ਢੁਕਵੀਂ ਹੈ। ਇਹ ਇੱਕ ਖਤਰਨਾਕ ਸਥਿਤੀ ਹੈ।
ਸਮਾਜ ਵਿਚ ਇਸ ਤਰ੍ਹਾਂ ਦੇ ਅਪਰਾਧਿਕ ਜਗਤ ਦੇ ਸਰਗਨੇ ਕਿਵੇਂ ਬਣਦੇ ਤੇ ਪਨਪਦੇ ਹਨ, ਇਹ ਜਾਣਨ ਲਈ ਸਿਨੇਮਾ, ਮੀਡੀਆ ਅਤੇ ਸੋਸ਼ਲ ਨੈਟਵਰਕਿੰਗ ਸਾਈਟਾਂ ਦੀ ਭੂਮਿਕਾ ਨੂੰ ਵੀ ਕਟਹਿਰੇ ‘ਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਪਿਛਲੇ ਸਮੇਂ ਦੌਰਾਨ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਬਲਾਕਬਸਟਰ ਫਿਲਮਾਂ ਗੈਂਗਸਟਰਾਂ ਦੀਆਂ ਜੀਵਨ ਕੁ-ਕਥਾਵਾਂ ‘ਤੇ ਆਧਾਰਿਤ ਹਨ, ਜੋ ਬੇਰੁਜ਼ਗਾਰੀ ਦੀ ਮਾਰ ਹੇਠ ਨੌਜਵਾਨਾਂ ਦੇ ਵੱਡੇ ਹਿੱਸੇ ਨੂੰ ਲੁਭਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਸਿਆਸਤਦਾਨ ਬਣੇ ਗੈਂਗਸਟਰ ਕਈ ਉਚ ਕਮਾਈ ਵਾਲੀਆਂ ਸਫਲ ਫਿਲਮਾਂ ਦੇ ਕਹਾਣੀ ਲੇਖਕਾਂ ਲਈ ਇੱਕ ਪ੍ਰਮੁੱਖ ਥੀਮ ਰਿਹਾ ਹੈ। ਮੁੰਬਈ ਵਰਗੇ ਮੈਟਰੋ ਸ਼ਹਿਰਾਂ ਦੇ ਮਸ਼ਹੂਰ ਗੈਂਗਸਟਰ ਤੋਂ ਲੈ ਕੇ ਦੇਸ਼ ਦੇ ਛੋਟੇ-ਛੋਟੇ ਪਿੰਡਾਂ/ਸ਼ਹਿਰਾਂ ਦੇ ਬਦਮਾਸ਼ ਮਸ਼ਹੂਰ ਫਿਲਮਾਂ ਵਿਚ ਮੁੱਖ ਪਾਤਰ ਹੁੰਦੇ ਹਨ। ਇਹ ਫਿਲਮਾਂ ਨੌਜਵਾਨਾਂ ਦੀ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ, ਜੋ ਦੇਸ਼ ਦੀ ਆਬਾਦੀ ਦਾ ਸਭ ਤੋਂ ਵੱਡਾ ਸਮੂਹ ਹੈ।
ਇਸ ਉਪੱਦਰਕਾਰੀ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਵਿਚ ਸੰਗੀਤ ਜਗਤ ਦੀ ਵੀ ਭੂਮਿਕਾ ਹੈ। ਸਥਾਨਕ ਗਾਇਕ ਛੇਤੀ ਪ੍ਰਸਿੱਧੀ ਹਾਸਲ ਕਰਨ ਦੇ ਚੱਕਰ ਵਿਚ ਪੱਛਮੀ ਸੱਭਿਆਚਾਰ ਦੀ ਟੇਕ ਹੇਠ ਨੌਜਵਾਨ ਪੀੜ੍ਹੀ ਲਈ ਹਿੰਸਾ ਪਰੋਸਦੇ ਹਨ, ਜਿਸ ਦੇ ਸਿੱਧੇ ਅਸਰ ਹੇਠ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪਾੜ੍ਹੇ ਆAੁਂਦੇ ਹਨ। ਇਨ੍ਹਾਂ ਗੈਂਗਸਟਰਾਂ ਦੀ ਮੀਡੀਆ ਤੱਕ ਵੀ ਅਸਾਨੀ ਨਾਲ ਪਹੁੰਚ ਹੁੰਦੀ ਹੈ। ਮੀਡੀਆ ਕਰਮੀ ਉਨ੍ਹਾਂ ਦੇ ਨਾਮ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਦੀਆਂ ਸਨਸਨੀ ਭਰਪੂਰ ਖਬਰਾਂ ਬਣਾਉਣ ਲਈ ਚਮਕਾਉਂਦੇ ਹਨ। ਇਹ ਗੈਂਗਸਟਰ ਸਿਵਲ ਸੁਸਾਇਟੀ ਵਿਚ ਨਾਕਾਮ ਪ੍ਰਸ਼ਾਸਨ ਅਤੇ ਪੁਲਿਸ ਦੀ ਬੇਅਸਰਤਾ ਦਾ ਲਾਭ ਵੀ ਲੈਂਦੇ ਹਨ। ਆਮ ਤੌਰ ‘ਤੇ ਲੋਕ ਉਨ੍ਹਾਂ ਕੋਲ ਉਦੋਂ ਪਹੁੰਚ ਕਰਦੇ ਹਨ, ਜਦੋਂ ਉਹ ਮਹਿਸੂਸ ਕਰਦੇ ਹਨ ਕਿ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਉਨ੍ਹਾਂ ਦੀ ਲੋੜ ਸਮੇਂ ਮਦਦ ਕਰਨ ਵਿਚ ਅਸਮਰੱਥ ਹੈ। ਕਈ ਵਾਰ ਇਹ ਰੁਝਾਨ ਬਹੁਤ ਸਾਰੇ ਗੈਂਗਸਟਰਾਂ ਨੂੰ ਰਾਜਨੀਤੀ ਵੱਲ ਲੈ ਜਾਂਦਾ ਹੈ। ਉਹ ਆਪਣੀ ਧਾਂਕ ਨਾਲ ਪਹਿਲਾਂ ਸਥਾਨਕ ਸਰਕਾਰਾਂ ਦੇ ਨੁਮਾਇੰਦੇ ਚੁਣੇ ਜਾਂਦੇ ਹਨ ਅਤੇ ਫਿਰ ਕਈ ਵਾਰ ਵਿਧਾਇਕ ਅਤੇ ਸੰਸਦ ਮੈਂਬਰ ਬਣ ਰਾਜਨੀਤਿਕ ਸਿਖਰਾਂ ਨੂੰ ਛੂੰਹਦੇ ਹਨ।
ਵਧੇਰੇ ਚਿੰਤਾਜਨਕ ਗੱਲ ਇਹ ਹੈ ਕਿ ਲੋਕਾਂ ਨੂੰ ਕਤਲੇਆਮ ਜਾਂ ਮੁਕਾਬਲਿਆਂ ‘ਚ ਮਾਰੇ ਜਾਣ ਨੂੰ ਇੱਕ ਜਸ਼ਨ ਵਾਂਗ ਮਨਾਉਣ ਲਈ ਉਕਸਾਇਆ ਜਾ ਰਿਹਾ ਹੈ, ਪਰ ਇਸ ਸਾਰੇ ਵਰਤਾਰੇ ਵਿਚੋਂ ਗੰਭੀਰਤਾ ਦਾ ਅੰਸ਼ ਅਲੋਪ ਹੁੰਦਾ ਜਾਪਦਾ ਹੈ। ਖੂਨ-ਖਰਾਬੇ ਵਾਲੀਆਂ ਝੜਪਾਂ ਦਾ ਆਮ ਹੋ ਜਾਣਾ ਕਿਸੇ ਸਭਿਅਕ ਸਮਾਜ ਨੂੰ ਵਾਰੇ ਨਹੀਂ ਖਾਂਦਾ, ਸਗੋਂ ਇਹ ਇੱਕ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਇਹ ਇਕ ਵਿਆਪਕ ਕਿਸਮ ਦੀ ਹਿੰਸਾ ਹੈ, ਜੋ ਰਾਸ਼ਟਰ ਦੀਆਂ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕਰ ਸਕਦੀ ਹੈ ਅਤੇ ਇਸ ਦੇ ਨਤੀਜੇ ਸਮੁੱਚੀ ਮਾਨਵਤਾ ਲਈ ਵਿਨਾਸ਼ਕਾਰੀ ਸਾਬਿਤ ਹੋ ਸਕਦੇ ਹਨ।