“ਤੇਰੇ ਜਾਣ ਮਗਰੋਂ…” ਅਲਵਿਦਾ ਬੈਂਸ ਸਾਹਿਬ!

ਇੰਦਰਮੋਹਨ ਸਿੰਘ ਛਾਬੜਾ
ਉਸਤਾਦ ਗਜ਼ਲਗੋ/ਸ਼ਾਇਰ ਤੇ ਬਹੁਤ ਹੀ ਨਿੱਘੀ ਸ਼ਖਸੀਅਤ ਸਿਆਟਲ ਵਾਸੀ ਸ਼ ਹਰਭਜਨ ਸਿੰਘ ਬੈਂਸ ਸਦੀਵੀ ਵਿਛੋੜਾ ਦੇ ਗਏ ਹਨ। ਬਜੁਰਗ ਅਵਸਥਾ ਵਿਚ ਸਨ ਅਤੇ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ।
ਬਹੁਤ ਹੀ ਸੰਵੇਦਨਸ਼ੀਲ ਇਨਸਾਨ ਅਤੇ ਬਹੁਤ ਹੀ ਮਜ਼ਾਕੀਆ ਸੁਭਾਅ ਦੇ ਮਾਲਕ ਸਨ। ਸਾਡੇ ਪਿੰਡ ਪੜ੍ਹਾਉਂਦੇ ਵੀ ਰਹੇ ਅਤੇ ‘ਚੜ੍ਹਦੀ ਕਲਾ’ ਅਖਬਾਰ ਦੇ ਸੰਪਾਦਕ ਵੀ ਰਹੇ।

ਕੁਝ ਸਾਲ ਪਹਿਲਾਂ ਉਮਰ ਦੇ ਢਲਦੇ ਪਹਿਰ ਖੂੰਡੀ ਫੜ੍ਹ ਕੇ ਅਖਬਾਰ ‘ਚੜ੍ਹਦੀ ਕਲਾ’ ਦੇ ਦਫਤਰ ਪਧਾਰੇ ਤਾਂ ਮੈਂ ਸਹਿਜ ਸੁਭਾਅ ਆਖਿਆ, “ਅੰਕਲ ਜੀ, ਖੂੰਡੀ ਫੜ੍ਹ ਲਈ?”
ਕਹਿੰਦੇ, “ਬਹੁਤੇ ਬੰਦਿਆਂ ਦਾ ਜ਼ਿੰਦਗੀ ‘ਚ ਦੋ ਵਾਰ ਵਿਆਹ ਹੁੰਦਾ, ਇੱਕ ਵਾਰ ਜਵਾਨੀ ਵੇਲੇ ਪਤਨੀ ਨਾਲ ਤੇ ਦੂਜਾ ਬੁਢਾਪੇ ‘ਚ ਖੂੰਡੀ ਨਾਲ਼..।” ਤੇ ਨਾਲ ਹੀ ਆਪਣਾ ਹੀ ਲਿਖਿਆ ਇਕ ਸ਼ੇਅਰ ਅਰਜ਼ ਕੀਤਾ,
“ਏਡੇ ਪੁਖਤਾ ਕਦਮ ਜਰਾ ਦੇ (ਬੁਢਾਪੇ ਦੇ)
ਆਵੇ, ਤੋੜ ਨਿਭਾਵੇ,
ਬਚਪਨ ਵਾਂਗ ਨਾ ਹੋਵੇ ਗਾਇਬ
ਜੋਬਨ ਵਾਂਗ ਖਰੇ ਨਾ।”
ਮੈਂ ਪੁੱਛਿਆ, “ਸਮਾਂ ਕਿੱਦਾਂ ਲੰਘਦਾ ਫੇਰ ਹੁਣ?”
ਕਹਿੰਦੇ, “ਬੱਸ ਸੜਕ ‘ਤੇ ਘਰ ਆ, ਕਾਰਾਂ ਦੇਖਦਾ ਰਹਿਨਾਂ, ਪਹਿਲਾਂ ਲਾਲ ਗਿਣਨ ਲੱਗ ਪੈਨਾਂ, 100 ਗਿਣਨ ਪਿਛੋਂ ਫੇਰ ਕਾਲੀਆਂ, ਫੇਰ ਨੀਲੀਆਂ, ਫੇਰ ਚਿੱਟੀਆਂ…। ਬੱਸ ਇੱਦਾਂ ਹੀ ਗਿਣਤੀਆਂ-ਮਿਣਤੀਆਂ ‘ਚ ਦਿਹਾੜੀ ਲੰਘ ਜਾਂਦੀ ਆ।
ਉਨ੍ਹਾਂ ਦੀਆਂ ਲਿਖਤਾਂ ਇੱਕ ਤੋਂ ਵਧ ਕੇ ਇੱਕ ਸਨ, ਪਰ ਇਹ ਹੇਠਲੀ ਉਨ੍ਹਾਂ ਦੀ ਸ਼ਾਹਕਾਰ ਰਚਨਾ ਸੀ,
ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ
ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ।
ਤੂੰ ਆਵੇਂ ਤਾਂ ਨਹਿਰਾਂ, ਚੁਰਾਹਿਆਂ ਨੇ ਦੱਸਣੈ
ਕਿ ਕੀ ਕੀ ਹੈ ਹੋਇਆ ਤੇਰੇ ਜਾਣ ਮਗਰੋਂ।

ਇਹ ਗਲੀਆਂ ਨੇ ਰੋਈਆਂ, ਇਹ ਕੰਧਾਂ ਵੀ ਰੋਈਆਂ,
ਤੇ ਥੜ੍ਹਿਆਂ ਦੀ ਰੌਣਕ ਨੂੰ ਡੱਸ ਗਈ ਉਦਾਸੀ,
ਇਹ ਦਿਲ ਜੋ ਰਿਹਾ ਏ ਸਦਾ ਗੁਣਗੁਣਾਉਂਦਾ
ਸੁਭਾ ਸ਼ਾਮ ਰੋਇਆ ਤੇਰੇ ਜਾਣ ਮਗਰੋਂ।

ਉਹ ਰੁੱਤਾਂ ਨਾ ਮੁੜੀਆਂ, ਉਹ ਮੌਸਮ ਨਾ ਪਰਤੇ,
ਤੇ ਬਾਗਾਂ ‘ਚ ਸੁਣਦੇ ਨੇ ਨਗਮੇ ਉਦਾਸੇ,
ਸੁਰਾਂ ਨੇ ਵੀ ਮੇਰੇ ਨਾ ਪੋਟੇ ਪਛਾਣੇ,
ਜਦੋਂ ਸਾਜ਼ ਛੋਹਿਆ ਤੇਰੇ ਜਾਣ ਮਗਰੋਂ।

ਤੇਰੀ ਪੈੜ ਸੁੰਘਦੇ ਨੇ ਗਦਰੇ ਤੇ ਸਾਵੇ,
ਤੇ ਸੁੱਕ’ਗੇ ਬਰੋਟੇ ਤੇਰੀ ਦੀਦ ਬਾਝੋਂ
ਹੈ ਨੱਚਦੀ ਚੁਫੇਰੇ ਸਦਾ ਮੌਤ ਅੱਜ ਕੱਲ੍ਹ,
ਹੈ ਜੀਵਨ ਖਲੋਇਆ ਤੇਰੇ ਜਾਣ ਮਗਰੋਂ।

ਇਹ ਅਮਨਾਂ ਦੇ ਰਾਖੇ, ਇਹ ਲੋਕਾਂ ਦੇ ਮੋਢੀ,
ਬੜਾ ਨਾਜ਼ ਕਰਦੇ ਨੇ ਦੇ ਦੇ ਤਸੀਹੇ,
ਹੈ ਚੁਣ ਚੁਣ ਕੇ ਮਾਰੀ ਬੇਦੋਸ਼ੀ ਜਵਾਨੀ,
ਤੇ ਕੰਜਕਾਂ ਨੂੰ ਕੋਹਿਆ ਤੇਰੇ ਜਾਣ ਮਗਰੋਂ।

ਹੈ ਮਾਤਾ ਵਿਚਾਰੀ ਤਾਂ ਮੰਜੀ ਨੂੰ ਲੱਗ ਗਈ,
ਤੇ ਭੈਣਾਂ-ਭਰਾਵਾਂ ਨੇ ਲਏ ਨੇ ਹਉਕੇ,
ਮੈਂ ਬਾਪੂ ਵਿਚਾਰੇ ਦਾ ਕੀ ਹਾਲ ਆਖਾਂ,
ਨਾ ਜਿਉਂਦਾ ਨਾ ਮੋਇਆ ਤੇਰੇ ਜਾਣ ਮਗਰੋਂ।

ਖੁਸ਼ ਈ ਏ ਤੇਰਾ ਲਾਲ ਤੇਰੇ ਹੀ ਵਾਂਗੂੰ
ਹੈ ਹੱਕ ਤੇ ਨਿਆਂ ਲਈ ਬੇਚੈਨ ਹੋਇਆ,
ਇਹ ਕੌਮੀ ਅਮਾਨਤ ਤੁਰੀ ਕੌਮ ਖਾਤਰ,
ਮੈਂ ਘਰ ਨਹੀਂ ਲਕੋਇਆ ਤੇਰੇ ਜਾਣ ਮਗਰੋਂ।
ਉਨ੍ਹਾਂ ਦਾ ਹੱਥ ਹਮੇਸ਼ਾ ਅਸ਼ੀਰਵਾਦ ਦਿੰਦਾ ਰਿਹਾ। ਉਨ੍ਹਾਂ ਦੀ ਯਾਦ ਹਮੇਸ਼ਾ ਮਨ ‘ਚ ਬਣੀ ਰਹੇਗੀ।
ਅਲਵਿਦਾ ਬੈਂਸ ਸਾਹਿਬ!