ਪਰਖ ਦੀ ਘੜੀ

ਹਰਜੀਤ ਦਿਓਲ, ਬਰੈਂਪਟਨ
ਇਹ ਕੋਈ ਅੱਧੀ ਸਦੀ ਪਹਿਲਾਂ ਦਾ ਸਮਾਂ ਹੈ, ਜਦ ਹਿਮਾਚਲ ਵਿਚ ਬਿਆਸ-ਸਤਲੁਜ ਲਿੰਕ ਪ੍ਰਾਜੈਕਟ ਚੱਲ ਰਿਹਾ ਸੀ। ਇਸ ਪ੍ਰਾਜੈਕਟ ਰਾਹੀਂ ਬਿਆਸ ਦਰਿਆ ਦਾ ਪਾਣੀ ਟਨਲਾਂ ਰਾਹੀਂ ਸਤਲੁਜ ਵਿਚ ਪਹੁੰਚਾਉਣ ਦੀ ਯੋਜਨਾ ਸੀ। ਮੰਡੀ ਤੋਂ ਕੋਈ ਬਾਰਾਂ ਕਿਲੋਮੀਟਰ ਅੱਗੇ ਪੰਡੋਹ ਨਾਂ ਦੇ ਸਥਾਨ ਨੇੜੇ ਬਿਆਸ ਦਰਿਆ ‘ਤੇ ਬੰਨ੍ਹ ਲਾ ਕੇ ਟਨਲ ਰਾਹੀਂ ਇਹ ਪਾਣੀ ਕਰੀਬ ਚੌਵੀ ਕਿਲੋਮੀਟਰ ਦਾ ਪੰਧ ਤੈਅ ਕਰਕੇ ਕੋਈ ਚਾਰ ਸੌ ਫੁਟ ਦੀ ਉਚਾਈ ਤੋਂ ਸਤਲੁਜ ਵਿਚ ਡਿੱਗਦਾ ਹੈ। ਇਸ ਸਥਾਨ ਦਾ ਨਾਂ ਸਲਾਪਰ ਹੈ। ਇਸ ਤਰ੍ਹਾਂ ਇਸ ਯੋਜਨਾ ਨਾਲ ਭਾਖੜਾ ਡੈਮ ‘ਚ ਪਾਣੀ ਦੀ ਕਮੀ ਪੂਰੀ ਹੋਣ ਨਾਲ ਸਲਾਪਰ ਵਿਖੇ ਵੀ ਬਿਜਲੀ ਦਾ ਉਤਪਾਦਨ ਹੁੰਦਾ ਹੈ।

ਮੈਂ ਉਸ ਸਮੇਂ ਪੰਡੋਹ ਵਿਖੇ ਬਣ ਰਹੇ ਡੈਮ ‘ਤੇ ਕੰਮ ਕਰਦਾ ਸਾਂ। ਇਹ ਦੱਸਣ ਦੀ ਲੋੜ ਨਹੀਂ ਕਿ ਇਹ ਸਮਾਂ ਛੜਿਆਂ ਦੀ ਜ਼ਿੰਦਗੀ ਦਾ ਬਿਹਤਰੀਨ ਹਿੱਸਾ ਹੁੰਦਾ ਹੈ। ਕਰੀਬ ਹਰ ਵੀਕਐਂਡ ‘ਤੇ ਫਿਲਮ ਦੇਖਣ ਮੰਡੀ ਚਲੇ ਜਾਂਦੇ। ਜਦ ਹੋਰ ਸਾਥੀ ਤਾਸ਼ ਦੀਆਂ ਬਾਜੀਆਂ ਲਾਉਂਦੇ, ਮੈਂ ਨੇੜੇ ਦੀਆਂ ਪਹਾੜੀਆਂ ‘ਤੇ ਵਸੇ ਪਿੰਡਾਂ ਦੀ ਸੈਰ ਕਰਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦਾ। ਪਿਛਲੇ ਵੀਕਐਂਡ ਅਸੀਂ ਮਨੋਜ ਕੁਮਾਰ ਤੇ ਸਾਧਨਾ ਦੀ ਭੂਤ ਪ੍ਰੇਤਾਂ ਨਾਲ ਸਬੰਧਤ ਫਿਲਮ ‘ਵੋਹ ਕੌਨ ਥੀ’ ਦੇਖੀ ਸੀ। ਇਹ ਇੱਕ ਡਰਾਉਣੀ ਫਿਲਮ ਸੀ, ਪਰ ਜਾਹਰ ਹੈ, ਛੜੇ ਸਾਧਨਾ ਜਿਹੀਆਂ ਖੂਬਸੂਰਤ ਆਤਮਾਵਾਂ ਤੋਂ ਡਰਨ ਦੀ ਥਾਂ ਉਨ੍ਹਾਂ ਨਾਲ ਰੂਬਰੂ ਹੋਣ ਲਈ ਤਰਸਦੇ ਹਨ। ਕਾਸ਼! ਕੋਈ ਸਾਨੂੰ ਵੀ ਟੱਕਰੇ।
ਇੱਕ ਪਹਾੜੀ ‘ਤੇ ਰਿਹਾਇਸ਼ ਲਈ ਕੁਆਟਰ ਬਣੇ ਸਨ। ਦੂਜੇ ਪਾਸੇ ਪਹਾੜ ਵਿਚ ਡਰਿੱਲਾਂ ਰਾਹੀਂ ਛੇਕ ਕਰਕੇ ਉਸ ‘ਚ ਡਾਈਨੇਮਾਈਟ ਭਰ ਵਿਸਫੋਟ ਕੀਤੇ ਜਾਂਦੇ। ਇਸ ਤਰ੍ਹਾਂ ਤੋੜੀਆਂ ਚੱਟਾਨਾਂ ਦਾ ਮਲਬਾ ਸ਼ਵਲ ਮਸ਼ੀਨਾਂ ਤੇ ਡੰਪ ਟਰੱਕਾਂ ਰਾਹੀਂ ਹਟਾਇਆ ਜਾਂਦਾ। ਦਰਿਆਵਾਂ ਦੇ ਰੁਖ ਮੋੜਨ ਲਈ ਜੋਰਾਵਰ ਕੁਦਰਤ ਨਾਲ ਇਨਸਾਨੀ ਘੋਲ ਦੀ ਅਨੋਖੀ ਮਿਸਾਲ ਸੀ ਇਹ। ਕਾਮਿਆਂ ਨੂੰ ਰਿਹਾਇਸ਼ ਤੋਂ ਕੰਮ ਵਾਲੇ ਥਾਂ ਅਪੜਨ ਲਈ ਕੋਈ ਚਾਲੀ ਕੁ ਮਿੰਟ ਤੁਰ ਕੇ ਜਾਣਾ ਹੁੰਦਾ ਸੀ। ਬਾਅਦ ਦੁਪਹਿਰ ਦੀ ਸ਼ਿਫਟ ਸ਼ਾਮ ਚਾਰ ਵਜੇ ਸ਼ੁਰੂ ਹੋ ਰਾਤ ਇੱਕ ਵਜੇ ਖਤਮ ਹੁੰਦੀ। ਕਈ ਵਾਰੀ ਇਵੇਂ ਹੁੰਦਾ ਕਿ ਮੇਰੇ ਨਾਲ ਸਬੰਧਤ ਕੰਮ ਖਤਮ ਹੋਣ ਨਾਲ ਗਿਆਰਾਂ ਕੁ ਵਜੇ ਮੇਰੀ ਲੋੜ ਨਾ ਰਹਿੰਦੀ। ਮੇਰੀ ਲਾਟਰੀ ਲੱਗ ਜਾਂਦੀ, ਕਿਉਂਕਿ ਮੇਰੀ ਫੋਰਮੈਨ ਨਾਲ ਸੀਟੀ ਰਲੀ ਹੋਣ ਕਰਕੇ ਉਹ ਮੈਨੂੰ ਛੱਡ ਦਿੰਦਾ ਤੇ ਮੈਂ ਇਕੱਲਾ ਹੋਣ ਕਰਕੇ ਸੁਨਸਾਨ ਖਾਮੋਸ਼ੀ ਵਿਚ ਦਰਿਆ ਦੇ ਸ਼ੂਕਦੇ ਪਾਣੀ ਲਾਗਿਓਂ ਕੁਦਰਤ ਦਾ ਅਨੰਦ ਮਾਣਦਾ ਕੁਆਟਰ ਪਹੁੰਚ ਦੋ ਘੰਟੇ ਪਹਿਲਾਂ ਨੀਂਦ ਦੇ ਆਗੋਸ਼ ਵਿਚ ਹੁੰਦਾ।
ਇਕ ਰਾਤ ਇਵੇਂ ਹੀ ਹੋਇਆ, ਜਦ ਫੋਰਮੈਨ ਨੇ ਆ ਕਿਹਾ, “ਜਾ ਮਿੱਤਰਾ ਐਸ਼ ਕਰ, ਤੂੰ ਵੀ ਕੀ ਯਾਦ ਕਰੇਂਗਾ।” ਮੈਂ ਖੁਸ਼ੀ ਖੁਸ਼ੀ ਲੰਚ ਬਾਕਸ ਚੁਕਿਆ ਤੇ ਦਰਿਆ ਦੇ ਕੰਢੇ ਹੋ ਗੁਨਗੁਨਾਉਂਦਾ ਤੁਰ ਪਿਆ। ਹਾਲੇ ਪੰਜ ਕੁ ਮਿੰਟ ਹੀ ਤੁਰਿਆ ਸਾਂ ਕਿ ਮੇਰੇ ਪੈਰਾਂ ਨੂੰ ਜਿਵੇਂ ਐਮਰਜੈਂਸੀ ਬਰੇਕ ਲੱਗ ਗਏ। ਸੋਚਿਆ ਪਿੱਛੇ ਮੁੜ ਜਾਵਾਂ ਤੇ ਸ਼ਿਫਟ ਖਤਮ ਹੋਣ ਵੇਲੇ ਸਭ ਨਾਲ ਆਵਾਂ। ਕੀ ਹੋਇਆ? ਇਹ ਦੱਸਣ ਲਈ ਸ਼ਾਮ ਨੂੰ ਡਿਉਟੀ ਆਉਂਦੇ ਹੋਏ ਵਾਪਰੀ ਘਟਨਾ ਦਾ ਹਵਾਲਾ ਦੇਣਾ ਹੋਵੇਗਾ।
ਕਾਮਿਆਂ ਦੇ ਟੋਲਿਆਂ ਨਾਲ ਦਰਿਆ ਕੰਢਿਓਂ ਡਿਊਟੀ ਜਾਂਦੇ ਹੋਏ ਇਕ ਜਗ੍ਹਾ ਥੱਲੇ ਪਾਣੀ ਲਾਗੇ ਭੀੜ ਜੁੜੀ ਦੇਖੀ। ਉਤਸੁਕਤਾਵੱਸ ਮੈਂ ਵੀ ਨਿਗ੍ਹਾ ਮਾਰ ਆਇਆ। ਇਹ ਕੋਈ ਲਾਸ਼ ਸੀ, ਜੋ ਕਈ ਦਿਨਾਂ ਦੀ ਦੂਰੋਂ ਕਿਤੋਂ ਰੁੜ੍ਹਦੀ ਆਉਂਦੀ ਇੱਥੇ ਆ ਚੱਟਾਨਾਂ ਵਿਚ ਫਸ ਪਾਣੀ ‘ਚ ਘੁੰਮਣਘੇਰੀਆਂ ਖਾਣ ਲੱਗ ਪਈ ਸੀ। ਕਿਸੇ ਦੱਸਿਆ ਔਰਤ ਦੀ ਲਾਸ਼ ਹੈ, ਕਿਉਂਕਿ ਸਾਰੀ ਚਮੜੀ ਗਲ ਕੇ ਲਹਿ ਜਾਣ ਪਿਛੋਂ ਵੀ ਬਾਂਹਾਂ ਤੇ ਪੈਰਾਂ ਦੇ ਕੰਗਨ ਵਿਖਾਈ ਦਿੰਦੇ ਸਨ। ਜਾਪਦਾ ਸੀ, ਕਈ ਦਿਨ ਪਹਿਲਾਂ ਕਿਸੇ ਮਾਰ ਕੇ ਸੁੱਟ ਦਿੱਤੀ ਹੋਵੇਗੀ। ਤੇ ਹੁਣ ਇਸ ਹਨੇਰੀ ਰਾਤ ਵਿਚ ਉਸ ਕੋਲੋਂ ਦੀ ਇਕੱਲੇ ਲੰਘਣਾ! ਨਾ ਬਈ ਨਾ। ਸਰੀਰ ਵਿਚ ਝਰਨਾਹਟ ਫਿਰ ਗਈ।
ਵਾਪਸ ਮੁੜਨ ਲੱਗਾ ਤਾਂ ਅੰਦਰਲਾ ਤਰਕਸ਼ੀਲ ਜਾਗ ਪਿਆ ਤੇ ਲੱਗਾ ਮੈਨੂੰ ਲਾਹਨਤਾਂ ਪਾਉਣ। ਜੇ ਅੱਜ ਮੁੜ ਗਿਆ ਤਾਂ ਸਾਰੀ ਉਮਰ ਤਰਕਸ਼ੀਲ ਹੋਣ ਦਾ ਢੋਂਗ ਨਾ ਕਰੀਂ। ਪਤੰਦਰਾ ਸਾਧਨਾ ਦੀ ਖੂਬਸੂਰਤ ਆਤਮਾ ਜਿਹੀ ਹੀ ਕੋਈ ਸੋਹਣੀ ਪਹਾੜਨ ਤੈਨੂੰ ਟੱਕਰ ਰਹੀ ਹੈ ਤੇ ਤੂੰ ਮੋਕ ਮਾਰ ਰਿਹੈਂ, ਲੱਖ ਲਾਹਨਤ! ਪੰਜ ਕੁ ਮਿੰਟ ਤਰਕਸ਼ੀਲਤਾ ਅੰਦਰਖਾਤੇ ਉਸਲਵੱਟੇ ਲੈਂਦੀ ਰਹੀ ਤੇ ਅੰਤ ਜਿੱਤ ਗਈ। ਫਿਲਮ ‘ਵੋਹ ਕੌਨ ਥੀ’ ਦਾ ਗੀਤ ਗੁਨਗੁਨਾਉਂਦਿਆਂ ਕੁਆਟਰ ਪਹੁੰਚ ਉਸ ਬਦਨਸੀਬ ਪਹਾੜਨ ਬਾਰੇ ਸੋਚਦੇ ਹੋਏ ਨੀਂਦ ਦੇ ਆਗੋਸ਼ ਵਿਚ ਗੁਆਚ ਗਿਆ। ਪਰਖ ਦੀ ਘੜੀ ਵਿਚ ਮੈਂ ਪਾਸ ਹੋ ਗਿਆ ਸਾਂ। ਅਗਲੇ ਦਿਨ ਪਤਾ ਲੱਗਾ, ਪੁਲਿਸ ਵਾਲਿਆਂ ਆਪਣੇ ਗਲੋਂ ਬਲਾ ਲਾਹੁਣ ਲਈ ਲਾਸ਼ ਨੂੰ ਇਕ ਲੰਮੇ ਡੰਡੇ ਨਾਲ ਪਿਛਲੀ ਸ਼ਾਮ ਹੀ ਅੱਗੇ ਰੋੜ੍ਹ ਦਿੱਤਾ ਸੀ।