ਬੰਗਿਆਂ ਦੇ ਭੰਡ

ਇਕਬਾਲ ਜੱਬੋਵਾਲੀਆ
ਫੋਨ: 917-375-6395)
“ਜੜ੍ਹਾਂ ਹਰੀਆਂ, ਭਾਗ ਲੱਗੇ ਰਹਿਣ। ਜਜ਼ਮਾਨਾਂ ਦੀ ਹਵੇਲੀ ਜੁੱਗ ਜੁੱਗ ਜੀਵੇ। ਹੈਡਮਾਸਟਰ ਸਾਹਿਬ ਦੀ ਹਵੇਲੀ ਨੂੰ ਭਾਗ ਲੱਗਣ। ‘ਮਰੀਕਾ ਆਲਿਆਂ ਦੇ ਬੱਚੇ ਜੀਂਦੇ-ਵਸਦੇ ਰਹਿਣ।” ਕਹਿੰਦੇ ਬੰਗਿਆਂ ਦੇ ਭੰਡ ਡੌਰੂ ਵਜਾਉਂਦੇ ਗੇਟਾਂ ‘ਚ ਆ ਖੜੇ।
ਮੈਂ ਹੈਰਾਨ ਅਤੇ ਖੁਸ਼ ਵੀ ਸਾਂ। ਹੈਰਾਨ ਇਸ ਕਰਕੇ ਕਿ ਮੇਰੇ ਆਉਣ ਦਾ ਇਨ੍ਹਾਂ ਨੂੰ ਕਿਵੇਂ ਪਤਾ ਲੱਗਾ। ਖੁਸ਼ ਇਸ ਕਰਕੇ ਕਿ ਮੇਰੇ ਇਲਾਕੇ ਦੇ ਭੰਡ ਪਿੰਡਾਂ ‘ਚ ਮੈਨੂੰ ਕਿਤੇ ਨਾ ਕਿਤੇ ਮਿਲ ਪੈਂਦੇ ਹਨ। ਦੂਜਾ ਵੱਡੇ ਵੀਰ ਨੂੰ ਵੀ ਜਾਣਦੇ ਸਨ। ਉਹ ਵੀ ਉਨ੍ਹਾਂ ਨੂੰ ਕਦੇ ਖਾਲੀ ਨਹੀ ਸੀ ਮੋੜਦਾ।
“ਭੰਡਾ ਇਹ ਦੱਸ, ਤੈਨੂੰ ਮੇਰੇ ਆਉਣ ਦਾ ਪਤਾ ਕਿਵੇਂ ਲੱਗਾ,” ਮੈਂ ਸਰਸਰੀ ਪੁੱਛਿਆ।
“ਸਰਦਾਰਾ! ਤੂੰ ਸਾਡਾ ਖਾਸ ਬੰਦਾ ਏਂ। ਤੇਰੇ ਕੋਲ ਝੂਠ ਨ੍ਹੀਂ ਬੋਲਣਾ। ਪਿੰਡਾਂ ‘ਚ ਅਸੀਂ ਬੰਦੇ ਛੱਡੇ ਹੁੰਦੇ ਆ। ਉਹ ਸਾਨੂੰ ਝੱਟ ਦੱਸ ਦਿੰਦੇ ਆ। ਮਿੰਟ ਮਿੰਟ ਦੀ ਖ਼ਬਰ ਮਿਲਦੀ ਰਹਿੰਦੀ ਐ, ਸਾਨੂੰ। ਜਦੋਂ ਸਾਨੂੰ ਤੇਰੇ ਬਾਰੇ ਪਤਾ ਲੱਗਾ, ਚਾਅ ਚੜ੍ਹ ਗਿਆ। ਝੱਟ ਨੱਸੇ ਆਏ, ਰੋਟੀ ਵੀ ਨਾ ਖਾਧੀ।”
“ਜੇ ਕੈਮ ਆ ਤਾਂ, ਰੌਣਕ ਮੇਲਾ ਲਾਓ ਜਰਾ,” ਮੇਰੇ ਕਹਿਣ ਦੀ ਦੇਰ ਸੀ, ਲੱਗ ਪਏ ਪਟਾਕੀਆਂ ਮਾਰਨ। ਜਿਥੇ ਪਟਾਕੀ ਵੱਜੇ, ਉਥੇ ਹੱਥ ਰੱਖ ਲਵੇ।
“ਭੰਡਾ ਪਟਾਕੀ ਅਸਲੀ ਐ ਜਾਂ ਨਕਲੀ। ਤੇਰੇ ਸੱਟ ਨ੍ਹੀਂ ਲੱਗਦੀ?”
“ਮਰੀਕਾ ਆਲਿਆ ਕਿਉਂ ਭੰਡਾ ਪਿਛੇ ਪੈ ਗਿਐਂ! ਜੇ ਪਟਾਕੀ ਅਸਲੀ ਹੋਵੇ ਤਾਂ ਰੋਜ਼ ਦਾ ਇਕ ਭੰਡ ਨਾ ਮਰ ਜਾਏ। ਇਹ ਪਲਾਸਟਿਕ ਕੱਠੀ ਕੀਤੀ ਹੁੰਦੀ ਐ। ਖੜਕਾ ਬਹੁਤ ਕਰਦੀ ਐ। ਸਾਡੇ ਸੱਟ ਸੁੱਟ ਕੋਈ ਨ੍ਹੀਂ ਜੇ ਲੱਗਦੀ। ਬੱਸ ਡਰਾਮਾ ਜਿਹਾ ਕਰਦੇ ਹੁੰਨੇ ਆਂ,” ਕਹਿੰਦਾ ਉਹ ਹੱਸ ਪਿਆ।
“ਭੰਡੋ ਆਓ! ਤਾ’ਡੀ ਫੋਟੋ ਖਿਚਾਂ,” ਕੈਮਰਾ ਸਿਧਾ ਕਰਦੇ ਨੇ ਮੈਂ ਕਿਹਾ।
“ਖਿਚ ਲੈ ਖਿਚ ਲੈ, ਸਾਡੇ ਭੰਡਾਂ ਦੇ ਵੀ ਭਾਗ ਜਾਗ ਪੈਣ। ਅਸੀਂ ਤਾਂ ‘ਮਰੀਕਾ ਕੀ ਜਾਣੈ, ਸਾਡੀਆਂ ਫੋਟੋਆਂ ਲੈ ਜਾ। ਕਦੀ ਯਾਦ ਕਰਿਆ ਕਰੇਂਗਾ। ਜਜ਼ਮਾਨਾ, ਜਦੋਂ ਆਪਣੇ ਮੁੰਡਿਆਂ ਦਾ ਵਿਆਹ ਕਰਨ ਆਇਆ ਤਾਂ ਇਸ ਤਰ੍ਹਾਂ ਦਾ ਕੈਮਰਾ ਸਾਡੇ ਲਈ ਵੀ ਲੈ ਆਈਂ। ਭੰਡਾਂ ਦੀਆਂ ‘ਸੀਸਾਂ ਲੈਣੀਆਂ ਨਾ ਭੁਲੀਂ। ਜਦੋਂ ਤਾ’ਡੀ ਸਫ਼ਾਰੀ ਗੱਡੀ ਪੁਰਾਣੀ ਹੋ ਜੇ ਨਾ, ਤਾਂ ਕਿਸੇ ਨੂੰ ਦੇਣੀ ਨਾ। ਚਾਰ ਦਿਨ ਅਸੀਂ ਵੀ ਝੂਟੇ ਲੈ ਲਾਂ’ਗੇ।”
ਹੁਣ ਜਦੋਂ ਵੀ ਮੈਂ ਪੰਜਾਬ ਜਾਂਦਾ ਹਾਂ ਤਾਂ ਮੈਨੂੰ ਭੰਡ ਆਲੇ-ਦੁਆਲੇ ਦੇ ਪਿੰਡਾਂ ‘ਚ ਵਿਆਹ-ਸ਼ਾਦੀ ਜਾਂ ਹੋਰ ਖੁਸ਼ੀ ਦੇ ਪ੍ਰੋਗਰਾਮ ਵਿਚ ਕਿਤੇ ਨਾ ਕਿਤੇ ਮਿਲ ਹੀ ਜਾਂਦੇ ਹਨ। ਇਕ ਦਿਨ ਮੈਂ ਰਾਜਾ ਸਾਹਿਬ ਸਪੋਰਟਸ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਨੂੰ ਪੱਲੀਆਂ ਮਿਲਣ ਗਿਆ। ਕੁਦਰਤੀਂ ਕਲੱਬ ਦਾ ਕੈਸ਼ੀਅਰ ਪ੍ਰਦੀਪ ਸਿੰਘ ਦੀਪਾ ਵੀ ਪਿੰਡ ਗਿਆ ਹੋਇਆ ਸੀ। ਨਿੱਕਾ ਨਿੱਕਾ ਮੀਂਹ ਪੈ ਰਿਹਾ ਸੀ। ਅਸੀਂ ਜਸਵੀਰ ਦੇ ਘਰ ਮੋਹਰੇ ਵੱਡੇ ਚੌਰਸਤੇ ‘ਚ ਖੜ੍ਹੇ ਗੱਲਾਂ ਕਰ ਰਹੇ ਸਾਂ। ਅਚਾਨਕ ਦੋ ਮੋਟਰਸਾਈਕਲਾਂ ‘ਤੇ ਧੂੜਾਂ ਪੱਟਦੇ ਭੰਡ ਨਜ਼ਰ ਆਏ।
“ਲੈ ਬਈ ਜਸਵੀਰ, ਭੰਡ ਆ ਗਏ, ਹੁਣ ਲਾਉਨੇ ਆ ਮਜ਼ਮਾ,” ਖੁਸ਼ ਹੁੰਦੇ ਨੇ ਮੈਂ ਕਿਹਾ।
ਦੋ ਮੋਟਰਸਾਈਕਲਾਂ ‘ਤੇ ਛੇ ਜਣੇ-ਚਾਰ ਬੰਦੇ ਤੇ ਦੋ ਔਰਤਾਂ। ਤੇਜ਼ੀ ਨਾਲ ਆਉਂਦਿਆਂ ਨੂੰ ਮੈਂ ਹੱਥ ਦੇ ਕੇ ਰੋਕ ਲਿਆ।
“ਭੰਡਾ ਕਿਧਰ ਨੂੰ ਜਾ ਰਹੇਂ ਆਂ?” ਉਹਦਾ ਨਾਂ ਤਾਂ ਮੀਤਾ ਸੀ ਪਰ ਮੈਂ ਉਹਨੂੰ ਭੰਡ ਹੀ ਕਹਿੰਦਾ ਸਾਂ।
“ਜਾਣਾ ਅਸੀਂ ਢੱਠੇ ਖੂਹ ‘ਚ ਆ? ਸੁਜੋਂ ਸੂਰਾਪੁਰ ਕਿਸੇ ਵਿਆਹ ‘ਤੇ ਜਾ ਰਹੇ ਆਂ। ਦੋ ਪੈਸੇ ਬਣ ਜਾਣਗੇ।”
“ਵਿਆਹ ‘ਤੇ ਬਾਅਦ ‘ਚ ਜਾਇਓ, ਪਹਿਲਾਂ ਦੋ ਮਿੰਟ ਇਥੇ ਲਾਓ।”
ਪਿਛਿਓਂ ਤਿਆਰੀ ‘ਚ ਆਏ ਭੰਡਾਂ ਨੇ ਨਾਲ ਦੀਆਂ ਦੋਵੇਂ ਔਰਤਾਂ ਨੂੰ ਇਸ਼ਾਰਾ ਕਰਕੇ ਸੁੱਜੋਂ ਸੂਰਾਪੁਰ ਵੱਲ ਨੂੰ ਤੋਰ ਦਿਤਾ ਤੇ ਲੱਗ ਪਏ ਪਟਾਕੀਆਂ ਮਾਰਨ। ਨਕਲਾਂ ਕਰਦੇ ਰਹੇ ਤੇ ਵੇਲ-ਰੁਪਏ ਦੀ ਵੇਲ, ਅਮਰੀਕਾ ਵਾਲਿਆਂ ਦੀ ਵੇਲ, ਭਾਗ ਲੱਗੇ ਰਹਿਣ, ਕਰਦੇ ਕਰਦੇ ਕਿੰਨੇ ਪੈਸੇ ਬਣਾ ਗਏ। ਖੁਸ਼ ਹੁੰਦੇ ਜੀਂਦੇ-ਵਸਦੇ ਰਹਿਣ ਦੀਆਂ ਦੁਆਵਾਂ ਦਿੰਦੇ ਮੋਟਰ ਸਾਈਕਲਾਂ ‘ਤੇ ਚੜ੍ਹਨ ਲੱਗੇ ਜਸਵੀਰ ਨੂੰ ਕਹਿਣ ਲੱਗੇ, “ਜਸਵੀਰ ਸਿੰਹਾਂ ਆਪਣੇ ਭਰਾ ਸਤਵੀਰ ਸਿੰਘ ਨੂੰ ਕਹਿਣਾ ਜਦੋਂ ਕਾਰ ਪੁਰਾਣੀ ਹੋ ਜਾਵੇ ਤਾਂ ਕਿਸੇ ਨੂੰ ਦੇਵੇ ਨਾ, ਸਾਡੇ ਵਾਸਤੇ ਰੱਖ ਲਵੇ।”
“ਭੰਡਾ, ਮੇਰੇ ਕੋਲੋਂ ਸਫਾਰੀ ਮੰਗਦਾ ਸਂੈ, ਹੁਣ ਤੂੰ ਜਸਵੀਰ ਕੋਲੋਂ ਵੀ ਕਾਰ ਮੰਗੀ ਜਾਨੈਂ, ਐਨੀਆਂ ਗੱਡੀਆਂ ਕਿਥੇ ਰੱਖੇਂਗਾ,” ਮੈਂ ਯਾਦ ਕਰਾਇਆ।
“ਅਮਰੀਕਾ ਆਲਿਓ, ਤੁਸੀਂ ਵੀ ਸਾਡੇ ਮਰਾਸੀਆਂ ਵਾਂਗ ਗੱਲਾਂ ਦੇ ਗੋਗਲੇ ਬਣਾਈ ਜਾਂਦੇ ਓ, ਤੁਸੀਂ ਕਿਹੜਾ ਸਾਡੇ ਘਰ ਖੜੀਆਂ ਕਰ ‘ਤੀਆਂ। ਅਸੀਂ ਪਿਆਰ ਨਾਲ ਮੰਗਦੇ ਆਂ, ਕਿਹੜਾ ਜ਼ਬਰਦਸਤੀ ਮੰਗਦੇ ਆਂ।”
ਮੇਰੇ ਵਾਪਸ ਆਉਣ ਤੋਂ ਇਕ ਦਿਨ ਪਹਿਲਾਂ ‘ਪੰਜਾਬ ਟਾਈਮਜ਼’ ਦੇ ਕਾਮਲਨਵੀਸ ਐਸ਼ ਅਸ਼ੋਕ ਭੌਰਾ ਨੇ ਪਿੰਡ ਛੋਟਾ ਜਿਹਾ ਫੰਕਸ਼ਨ ਰੱਖਿਆ ਹੋਇਆ ਸੀ। ਮੈਂ ਉਥੇ ਗਿਆ ਤਾਂ ਭੰਡ ਵੀ ਉਥੇ ਪਹੁੰਚੇ ਹੋਏ ਸਨ।
“ਭੰਡਾ ਤੁਸੀਂ ਹਰ ਪਾਸੇ ਮੋਹਰੇ ਰਹਿੰਨੇਂ ਆਂ, ਕੀ ਗੱਲ?” ਹੱਸਦੇ ਨੇ ਮੈਂ ਕਿਹਾ।
“ਸਰਦਾਰਾ ਇਹ ਸਾਰਾ ਸਾਡਾ ਇਲਾਕਾ ਐ। ਸਾਡੇ ਇਲਾਕੇ ਕੋਈ ਖੰਘ ਨ੍ਹੀਂ ਸਕਦਾ। ਅਸੀਂ ਦੂਜੇ ਭੰਡਾਂ ਦੇ ਇਲਾਕੇ ‘ਚ ਨ੍ਹੀਂ ਜਾ ਸਕਦੇ। ਉਹ ਸਾਡੇ ਨ੍ਹੀਂ ਆ ਸਕਦੇ।”
“ਤੂੰ ਤਾਂ ਅਮਰੀਸ਼ ਪੁਰੀ ਵਾਂਗ, ਇਲਾਕੇ ਵੰਡੀ ਫਿਰਦੈ।”
“ਅਮਰੀਸ਼ ਪੁਰੀ ਸਾਡੇ ਮੋਹਰੇ ਕੀ ਐ? ਅਸੀਂ ਮਰਾਸੀ ਹੁੰਨੇ ਆਂ। ਅਸੀਂ ਤਾਂ ਕਈ ‘ਮਰੀਸ਼ ਪੁਰੀ ਅਰਗਿਆਂ ਨੂੰ ਹਸਾ ਹਸਾ ਮਾਰ ਦੇਦੀਏ। ਅਸੀਂ ਭੰਡ ਹੁੰਨੇ ਆ, ਭੰਡ।”
ਭੌਰੇ ਫ਼ੰਕਸ਼ਨ ਵਿਚ ਕਮਲਜੀਤ ਨੀਲੋਂ ਨੇ ਕਾਫ਼ੀ ਰੰਗ ਬੰਨਿਆ। ਦਰਸ਼ਨ ਦਰੜ, ਸ਼ਮਸ਼ੇਰ ਸੰਧੂ, ਪਰਮਜੀਤ ਕਾਹਮਾ, ਹਰਪਾਲ ਰਹਿਪਾ, ਮਾਸਟਰ ਜੋਗਾ ਸਿੰਘ, ਹਰਬੰਸ ਹੀਓਂ ਅਤੇ ਜਲੰਧਰ ਦੂਰਦਰਸ਼ਨ ਤੋਂ ਬਲਕਾਰ ਸਿੰਘ ਹੁਣੀਂ ਆਏ ਬੈਠੇ ਸਨ। ਨਕਲਾਂ ਕਰ ਕੇ ਭੰਡਾਂ ਨੇ ਸਟੇਜ ‘ਤੇ ਵਧੀਆ ਪ੍ਰੋਗਰਾਮ ਪੇਸ਼ ਕੀਤਾ। ਆਏ ਸਾਰੇ ਸੱਜਣਾਂ ਨੇ ਭੰਡਾਂ ‘ਤੇ ਚੰਗੇ ਪੈਸੇ ਵਾਰੇ। ਬਾਦ ‘ਚ ਮੀਤਾ ਭੰਡ ਮੈਨੂੰ ਬਾਹਰ ਲਿਜਾ ਕੇ ਕਹਿਣ ਲੱਗਾ।
“ਬਰਖੁਰਦਾਰਾ! ਵਾਪਸੀ ਕਦੋਂ ਦੀ ਐ?”
“ਸੱਚ ਦੱਸਾਂ! ਕੱਲ੍ਹ ਦੀ।”
“ਛੇਤੀ ਛੇਤੀ ਗੇੜਾ ਮਾਰ ਜਿਆ ਕਰੋ! ਅਸੀਂ ਬਾਹਰਲਿਆਂ ਦੇ ਸਿਰ ‘ਤੇ ਰੋਟੀ ਖਾਨੇਂ ਆ। ਨਿਆਣੇ ਵੀ ਤੁਸਾਡੇ ਸਿਰ ‘ਤੇ ਵਿਆਹੁਣੇ ਆ। ਅਸੀਂ ਪਹਿਲਾਂ ਸੈਕਲਾਂ ‘ਤੇ ਘੁੰਮਦੇ ਹੁੰਦੇ ਸਾਂ ਫਿਰ ਮੋਟਰਸੈਕਲਾਂ ‘ਤੇ। ਹੁਣ ਗੱਡੀਆਂ ‘ਚ ਵੀ ਤੁਹਾਡੀ ਕ੍ਰਿਪਾ ਨਾਲ ਘੁੰਮਣੈਂ। ਫਿਰ ਜਹਾਜਾਂ ਦੀਆਂ ਵੀ ਸੈਰਾਂ ਕਰਾਂਗੇ। ਭੰਡਾਂ ਨੂੰ ਭੁੱਲ ਨਾ ਜਾਇਓ। ਸਾਨੂੰ ਵੀ ਕਿਤੇ ਕਿਤੇ ਫੋਨ ਕਰ ਲਿਆ ਕਰੋ। ਕੀ ਪਤਾ ਮਰਾਸੀਆਂ ਦੇ ਕਿਤੇ ਭਾਗ ਹੀ ਜਾਗ ਪੈਣ,” ਕਹਿੰਦਾ ਠਹਾਕਾ ਮਾਰ ਕੇ ਹੱਸ ਪਿਆ।
ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਾਰੇ ਆਪੋ ਆਪਣੇ ਘਰਾਂ ਨੂੰ ਚੱਲ ਪਏ। ਅਸ਼ੋਕ ਦਾ ਦਿਲ ਨਾ ਕਰੇ ਸਾਨੂੰ ਘਰਾਂ ਨੂੰ ਭੇਜਣ ਨੂੰ। ਸ਼ਮਸ਼ੇਰ ਸੰਧੂ, ਮਾਸਟਰ ਜੋਗਾ ਸਿੰਘ, ਹਰਬੰਸ ਹੀਓ, ਹਰਪਾਲ ਰਹਿਪਾ ਤੇ ਮੈਂ ਕੋਠੇ ‘ਤੇ ਜਾ ਬੈਠੇ। ਬੈਠੇ ਗੱਲਾਂਬਾਤਾਂ ਕਰੀ ਗਏ ਤੇ ਪਕੌੜੇ ਖਾਈ ਗਏ। ਮਾਸਟਰ ਜੋਗਾ ਸਿੰਘ ਮੇਰੇ ਤੋਂ ਦੋ ਸਾਲ ਮੋਹਰੇ ਬੰਗਾ ਕਾਲਜ ਪੜ੍ਹਦਾ ਰਹਿਣ ਕਰਕੇ, ਕਾਲਜ ਸਮੇਂ ਦੀਆਂ ਪੁਰਾਣੀਆਂ ਗੱਲਾਂ ਦੀ ਪਟਾਰੀ ਖੋਲ੍ਹ ਕੇ ਬਹਿ ਗਏ। ਬਹੁਤ ਸਾਲਾਂ ਬਾਅਦ ਅੱਜ ਜੋਗਾ ਸਿੰਘ ਨਾਲ ਮੇਲ ਹੋਏ ਸਨ। ਕਦੇ ਸੁਰਜੀਤ ਬਿੰਦਰਖੀਏ ਦੀਆਂ ਗੱਲਾਂ ਹੋਣ ਤੇ ਕਦੇ ਦੀਦਾਰ ਸੰਧੂ ਦੀਆਂ। ‘ਨੇਰ੍ਹਾ ਅਤੇ ਵਾਪਸੀ ਦੇ ਫਿਕਰ ਵਿਚ ਅਸ਼ੋਕ ਭੌਰੇ ਤੋਂ ਆਗਿਆ ਲੈ ਭੰਡਾਂ ਦੀਆਂ ਗੱਲਾਂ ਚੇਤੇ ਕਰਕੇ ਹੱਸਦਾ ਜੱਬੋਵਾਲ ਨੂੰ ਤੁਰ ਪਿਆ।
ਜਾਂਦੀ ਵਾਰ ਦੀ ਸਤਿ ਸ੍ਰੀ ਅਕਾਲ ਕਹਿਣ ਲਈ ਦੂਜੇ ਦਿਨ ਸਵੇਰੇ ਉਠ ਕੇ ਮੈਂ ਭੰਡ ਨੂੰ ਫੋਨ ਮਿਲਾ ਲਿਆ। ਚੰਗਾ ਮੀਤਿਆ ਜੀਂਦੇ ਵਸਦੇ ਰਹੇ ਤਾਂ ਫਿਰ ਮਿਲਾਂਗੇ। ਕੱਲ੍ਹ ਭੌਰੇ ਪ੍ਰੋਗਰਾਮ ‘ਤੇ ਤੁਸੀਂ ਬਹਿ ਜਾ ਬਹਿ ਜਾ ਕਰਵਾ ਦਿਤੀ।
“ਚੱਲ ਉਹ ਤਾਂ ਹੋਈ, ਕੱਲ੍ਹ ਉਥੇ ਪ੍ਰੋਗਰਾਮ ‘ਤੇ ਸਟੇਜ ‘ਤੇ ਤੂੰ ਬੋਲਦਾ ਸੀ, ਬਈ ਤੂੰ ਤੇ ਭੌਰਾ ਸਾਹਿਬ ‘ਖਬਾਰਾਂ ਵਿਚ ਲਿਖਦੇ ਹੁੰਦੇ ਓ! ਕੀ ਲਿਖਦੇ ਹੁੰਦੇ ਓਂ ‘ਖਬਾਰਾਂ ‘ਚ? ਸਾਡੇ ਭੰਡਾਂ ਬਾਰੇ ਵੀ ਕੁਝ ਲਿਖਿਓ।
“ਮੈਂ ਅਸ਼ੋਕ ਭੌਰੇ ਨੂੰ ਕਹਾਂਗਾ, ਉਹ ਤੇਰੇ ਬਾਰੇ ਲਿਖੂਗਾ, ਮੈਂ ਤਾਂ ਖਿਡਾਰੀਆਂ ਜਾਂ ਭਲਵਾਨਾਂ ਬਾਰੇ ਲਿਖਦਾ ਹਾਂ। ਭਲਵਾਨੀ ਤੂੰ ਨ੍ਹੀਂ ਕਰਦਾ, ਕਬੱਡੀ ਤੂੰ ਨ੍ਹੀਂ ਖੇਡਦਾ। ਕੀ ਲਿਖਾਂ ਤੇਰੇ ਬਾਰੇ?”
“ਲਿਖ ਦੇ ਬੰਗਿਆਂ ਦੇ ਭੰਡ, ਦੁਨੀਆਂ ਦੇ ਮੰਨੇ ਪ੍ਰਮੰਨੇ ਮਰਾਸੀ ਆ, ਲੋਕਾਂ ਨੂੰ ਹਸਾ ਹਸਾ ਵੱਖੀਆਂ ਭੰਨ ਦਿੰਦੇ ਆ। ਢਿੱਡੀਂ ਪੀੜਾਂ ਪਾ ਦਿੰਦੇ ਆ,” ਕਹਿੰਦਾ ਉਹ ਠਹਾਕੇ ਮਾਰ ਮਾਰ ਹੱਸਣ ਲੱਗ ਪਿਆ।

Be the first to comment

Leave a Reply

Your email address will not be published.