ਪ੍ਰਿੰ. ਸਰਵਣ ਸਿੰਘ
ਸਵਾਲ ਹੈ: ਉਹ ਕਿਹੜੀ ਵਬਾ ਹੋਵੇਗੀ, ਜੋ ਲੋਕਾਈ ਲਈ ਮਹਾਮਾਰੀ ਬਣੇਗੀ?
ਜਵਾਬ ਹੈ: ਉਹ ਵਬਾ ਹੋਵੇਗੀ ਲੋੜੋਂ ਵਧ ਖਾਣਾ ਤੇ ਮੁਟਾਪੇ ਦੇ ਸ਼ਿਕਾਰ ਹੋਣਾ।
ਅੰਕੜੇ ਦੱਸਦੇ ਹਨ ਕਿ ਮੁਟਾਪੇ ਕਾਰਨ ‘ਕੱਲੇ ਅਮਰੀਕਾ ਵਿਚ ਹੀ ਹਰ ਸਾਲ ਸਵਾ ਚਾਰ ਲੱਖ ਲੋਕ ਮਰ ਰਹੇ ਹਨ। ਇਸ ਹਿਸਾਬ ਨਾਲ ਤਾਂ ਦੁਨੀਆਂ ‘ਚ ਆਏ ਸਾਲ ਇਕ ਕਰੋੜ ਬੰਦੇ ਪਾਰ ਬੋਲਦੇ ਹੋਣਗੇ। 2010 ਦੇ ‘ਮੈਨਜ਼ ਫਿਟਨੈਸ’ ਮੈਗਜ਼ੀਨ ਦੀ ਵਿਸ਼ੇਸ਼ ਰਿਪੋਰਟ ਵਿਚ ਤੱਤ ਕੱਢਿਆ ਗਿਆ ਸੀ ਕਿ ਇੱਕੀਵੀਂ ਸਦੀ ਦੇ ਮੁੱਢਲੇ ਦਸਾਂ ਸਾਲਾਂ ਵਿਚ ਹੀ ਮੋਟੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਅਮਰੀਕਾ ‘ਚ ਉਸ ਸਮੇਂ ਤਕ ਬਾਰਾਂ ਕਰੋੜ ਸੱਤਰ ਲੱਖ ਲੋਕਾਂ ‘ਤੇ ਮੁਟਾਪੇ ਦੇ ਲਿਓੜ ਚੜ੍ਹ ਚੁਕੇ ਸਨ!
ਹੁਣ ਹਾਲਤ ਇਹ ਹੈ ਕਿ ਕੁਲ ਦੁਨੀਆਂ ਦੀ ਆਬਾਦੀ ਦਾ ਕਰੀਬ ਪੰਜਵਾਂ ਹਿੱਸਾ ਮੁਟਾਪੇ ਦਾ ਸ਼ਿਕਾਰ ਹੋ ਗਿਆ ਹੈ। ਘੱਟੋ-ਘੱਟ ਸਵਾ ਅਰਬ ਲੋਕ। ਇਉਂ ਇੱਕੀਵੀਂ ਸਦੀ ਦੀ ਸਭ ਤੋਂ ਵੱਡੀ ਜੰਗ ਦਹਿਸ਼ਤਵਾਦ ਜਾਂ ਕਰੋਨਾ ਵਾਇਰਸ ਜਿਹੀਆਂ ਮਹਾਮਾਰੀਆਂ ਦੀ ਥਾਂ ਮੁਟਾਪੇ ਦੇ ਖਿਲਾਫ ਲੜਨੀ ਪਵੇਗੀ। ਮੁਟਾਪੇ ਦਾ ਮੁੱਖ ਕਾਰਨ ਖੁਰਾਕ ਦੀ ਬਹੁਤਾਤ ਅਤੇ ਸਰੀਰਕ ਮੁਸ਼ੱਕਤ ਦੀ ਘਾਟ ਹੈ। ਕਦੇ ਰਾਜੇ-ਰਾਣੀਆਂ ਦੀਆਂ ਬਾਤਾਂ ਵਿਚ ਛੱਤੀ ਪ੍ਰਕਾਰ ਦੇ ਭੋਜਨ ਸੁਣਿਆਂ ਕਰਦੇ ਸਾਂ। ਹੁਣ ‘ਕੱਲੇ ਅਮਰੀਕਾ ‘ਚ ਹਰ ਸਾਲ 3000 ਤਰ੍ਹਾਂ ਦੇ ਨਵੇਂ ਲੇਬਲਾਂ ਵਾਲੇ ਭੋਜਨ ਮਾਰਕਿਟ ਵਿਚ ਆ ਰਹੇ ਹਨ। ਖਾਣਿਆਂ ਤੇ ਪੀਣਿਆਂ ਦੀ ਏਡੀ ਵੱਡੀ ਮਾਰਕਿਟ ਹੈ ਕਿ ਹਰ ਰੋਜ਼ ਅਰਬਾਂ-ਖਰਬਾਂ ਡਾਲਰਾਂ ਦਾ ਵਣਜ ਵਪਾਰ ਹੋ ਰਿਹੈ। ਸਾਢੇ ਸੱਤ ਸੌ ਕਰੋੜ ਦੀ ਜਨ ਸੰਖਿਆ, ਪ੍ਰਤੀ ਜੀਅ ਰੋਜ਼ ਪੰਜ ਦਸ ਡਾਲਰਾਂ ਦਾ ਭੋਜਨ ਵੀ ਖਰੀਦੇ ਤਾਂ ਹਿਸਾਬ ਲਾ ਲਓ ਕੁਲ ਕਿੰਨੇ ਦੀ ਖਰੀਦ ਹੋਈ?
ਬਹੁਤੀਆਂ ਕੰਪਨੀਆਂ ਨੂੰ ਬਹੁਤੇ ਮੁਨਾਫੇ ਲਈ ਮਨੁੱਖ ਦੇ ਸੁਆਦਾਂ ਦਾ ਫਿਕਰ ਹੈ, ਨਾ ਕਿ ਸਿਹਤ ਦਾ। ਸੁਆਦਾਂ ਨੇ ਦੁਨੀਆਂ ਪੱਟੀ ਪਈ ਹੈ। ਖਾਣ ਪੀਣ ਦੇ ਸੁਆਦ ਦੀ ਮਨੁੱਖੀ ਕਮਜ਼ੋਰੀ ਦਾ ਲਾਭ ਲੈਂਦਿਆਂ ਖਾਣੇ ਤਿਆਰ ਕਰਨ ਵਾਲੀਆਂ ਕੰਪਨੀਆਂ ਉਹਦੀ ਬਲੈਕਮੇਲ ਕਰ ਰਹੀਆਂ ਹਨ। ਦੂਜੇ ਬੰਨੇ ਮਨੁੱਖ ਦੀਆਂ ਆਪ ਸਹੇੜੀਆਂ ਬਿਮਾਰੀਆਂ ਦੇ ਇਲਾਜ ਦਾ ਲਾਹਾ ਲੈਂਦਿਆਂ ਦਵਾਈਆਂ ਵਾਲੀਆਂ ਕੰਪਨੀਆਂ ਮਾਲਾ-ਮਾਲ ਹੋ ਰਹੀਆਂ ਹਨ। ਇਹ ਸਮਝ ਲਓ ਕਿ ਮਨੁੱਖ ਦੇ ਪੇਟ ਵਿਚ ਬੇਲੋੜੀ ਖਾਧ ਸਮੱਗਰੀ ਪਾਉਣ ਵਾਲਿਆਂ ਦੀਆਂ ਵੀ ਪੰਜੇ ਘਿਉ ‘ਚ ਹਨ ਤੇ ਪਿਛੋਂ ਦਵਾਈਆਂ ਦੇਣ ਵਾਲਿਆਂ ਦੇ ਵੀ ਦੋਹੀਂ ਹੱਥੀਂ ਲੱਡੂ ਹਨ!
ਮਨੁੱਖ ਜਿਵੇਂ-ਜਿਵੇਂ ਮਸ਼ੀਨਾਂ ਉਤੇ ਨਿਰਭਰ ਹੋਈ ਜਾ ਰਿਹੈ, ਉਹਦੀ ਸਰੀਰਕ ਮਿਹਨਤ ਘਟਦੀ ਜਾ ਰਹੀ ਹੈ। ਕਈਆਂ ਦਾ ਜ਼ੋਰ ਤਾਂ ਸਿਰਫ ਚਾਬੀ ਘੁਮਾਉਣ ਤੇ ਬਟਨ ਦੱਬਣ ਤਕ ਹੀ ਲੱਗ ਰਿਹੈ। ਕਈ ਕੰਮ ਰਿਮੋਟ ਕੰਟਰੋਲ ਨਾਲ ਕੀਤੇ ਜਾ ਰਹੇ ਨੇ। ਬੰਦਾ ਜ਼ੋਰ ਲਾ ਕੇ ਖੁਰਾਕੀ ਕਲੋਰੀਆਂ ਬਾਲਣ ਦੀ ਥਾਂ ਤੇਲ ਬਾਲੀ ਜਾ ਰਿਹੈ ਅਤੇ ਬੈਟਰੀਆਂ ਤੇ ਬਿਜਲੀ ਨਾਲ ਬੁੱਤੇ ਸਾਰੀ ਜਾ ਰਿਹੈ। ਬੰਦੇ ਦੇ ਢਿੱਡ ‘ਚ ਪਾਈਆਂ ਜਾ ਰਹੀਆਂ ਕਲੋਰੀਆਂ ਚਰਬੀ ‘ਚ ਬਦਲੀ ਜਾ ਰਹੀਆਂ ਨੇ, ਜਿਸ ਨਾਲ ਮੁਟਾਪਾ ਦਿਨੋ ਦਿਨ ਹੋਰ ਵਧੀ ਜਾ ਰਿਹੈ।
ਬਹੁਤ ਸਾਰੇ ਲੋਕਾਂ ਨੂੰ ਤਾਂ ਅਜੇ ਤਕ ਇਹ ਵੀ ਨਹੀਂ ਪਤਾ ਕਿ ਮੁਟਾਪਾ ਹੁੰਦਾ ਕਿਉਂ ਐਂ ਤੇ ਮੁਟਾਪੇ ਨਾਲ ਬਿਮਾਰੀਆਂ ਕਿਉਂ ਲੱਗਦੀਐਂ? ਉਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਮੁਟਾਪਾ ਅਨੇਕਾਂ ਬਿਮਾਰੀਆਂ ਦੀ ਮਾਂ ਹੈ। ਬਹੁਤੇ ਬਲੱਡ ਪ੍ਰੈਸ਼ਰ, ਸ਼ੂਗਰ ਰੋਗ, ਹਾਰਟ ਅਟੈਕ ਤੇ ਹੋਰ ਦਰਜਨਾਂ ਬਿਮਾਰੀਆਂ ਮੁਟਾਪੇ ਕਾਰਨ ਹੁੰਦੀਆਂ ਹਨ। ਮੋਟਾ ਬੰਦਾ ਵੈਸੇ ਵੀ ਆਲਸੀ ਹੋ ਜਾਂਦੈ, ਜਿਸ ਨਾਲ ਕੰਮਾਂ ਕਾਰਾਂ ਦਾ ਕਾਫੀ ਨੁਕਸਾਨ ਹੁੰਦੈ। ਉਹ ਖਾਂਦਾ ਪੀਂਦਾ ਵੱਧ ਐ, ਕਮਾਉਂਦਾ ਘੱਟ। ਬਿਮਾਰ ਹੋ ਕੇ ਤਾਂ ਉਹ ਸਮਾਜ ‘ਤੇ ਦੂਹਰਾ ਭਾਰ ਬਣ ਜਾਂਦੈ। ਬਿਮਾਰ ਬੰਦਾ ਆਪ ਹੀ ਦੁਖੀ ਨਹੀਂ ਹੁੰਦਾ, ਸਗੋਂ ਹੋਰਨਾਂ ਨੂੰ ਵੀ ਦੁਖੀ ਕਰਦੈ।
ਪਹਿਲੀ ਲੋੜ ਹੈ, ਲੋਕਾਂ ਨੂੰ ਸਰੀਰ ਦੇ ਵਾਧੂ ਭਾਰ ਪ੍ਰਤੀ ਸੁਚੇਤ ਕਰਨ ਦੀ। ਸਰੀਰਕ ਭਾਰ ਕੋਈ ਰਾਤੋ-ਰਾਤ ਨਹੀਂ ਵੱਧ ਜਾਂਦਾ। ਇਹ ਹੌਲੀ-ਹੌਲੀ ਵਧਦੈ, ਪਰ ਜਦੋਂ ਵਧ ਜਾਵੇ ਤਾਂ ਘਟਾਉਣਾ ਕਾਫੀ ਔਖਾ ਹੁੰਦੈ। ਇਸ ਲਈ ਅਰੰਭ ਤੋਂ ਹੀ ਸਭ ਨੂੰ ਸਰੀਰਕ ਭਾਰ ਬਾਰੇ ਸੁਚੇਤ ਕਰ ਦੇਣਾ ਚਾਹੀਦੈ। ਸਕੂਲੀ ਪੜ੍ਹਾਈ ਤੇ ਸਿਖਲਾਈ ਵਿਚ ਵਿਦਿਆਰਥੀਆਂ ਨੂੰ ਦੱਸਿਆ ਜਾਣਾ ਚਾਹੀਦੈ ਕਿ ਮੁਟਾਪੇ ਤੋਂ ਕਿਵੇਂ ਬਚਿਆ ਜਾ ਸਕਦੈ?
ਸਰੀਰਕ ਭਾਰ ਦਾ ਸਬੰਧ ਸਰੀਰਕ ਕੰਮ ਕਾਰ ਤੇ ਖਾਧ ਖੁਰਾਕ ਨਾਲ ਹੁੰਦੈ। ਜਿਹੋ ਜਿਹਾ ਕਿਸੇ ਦਾ ਘੱਟ ਜਾਂ ਵਧ ਜ਼ੋਰ ਵਾਲਾ ਕੰਮ ਕਾਜ ਹੋਵੇ, ਉਹਦੇ ਮੁਤਾਬਿਕ ਉਹਨੂੰ ਖਾਣ ਪੀਣ ਕਰਨਾ ਚਾਹੀਦੈ। ਇਹ ਨਹੀਂ ਹੋਣਾ ਚਾਹੀਦਾ ਕਿ ਦਿਹਾੜੀ ‘ਚ ਕਲੋਰੀਆਂ ਤਾਂ ਡੇਢ ਹਜ਼ਾਰ ਹੀ ਬਲਣ, ਪਰ ਪੇਟ ‘ਚ ਦੋ ਤਿੰਨ ਹਜ਼ਾਰ ਪਾਈਆਂ ਜਾਂਦੀਆਂ ਰਹਿਣ। ਜਿੰਨੀਆਂ ਕਲੋਰੀਆਂ ਢਿੱਡ ‘ਚ ਪਾਈਆਂ ਜਾਣ, ਉਨੀਆਂ ਬਾਲੀਆਂ ਵੀ ਜਾਣ। ਮੋਟੇ ਬੰਦੇ ਸਗੋਂ ਵਧੇਰੇ ਕਲੋਰੀਆਂ ਬਾਲਣ ਤਾਂ ਕਿ ਉਨ੍ਹਾਂ ਦਾ ਵਾਧੂ ਬੋਝ ਘਟਣ ਲੱਗੇ।
ਅਸੀਂ ਅਕਸਰ ਵੇਖਦੇ ਹਾਂ ਕਿ ਸਖਤ ਸਰੀਰਕ ਕੰਮ ਕਰਨ ਵਾਲਿਆਂ ਨੂੰ ਰੋਗ ਘੱਟ ਚੰਬੜਦੇ ਹਨ ਅਤੇ ਬੈਠੇ ਬਿਠਾਏ ਕੰਮ ਕਰਨ ਵਾਲੇ ਤੇ ਵਿਹਲੜਾਂ ਨੂੰ ਵੱਧ। ਡਾਕਟਰਾਂ ਦਾ ਕਹਿਣਾ ਕਿ ਖੁਰਾਕ ਦੀ ਘਾਟ ਕਾਰਨ ਘੱਟ ਬਿਮਾਰੀਆਂ ਲੱਗਦੀਆਂ ਹਨ, ਪਰ ਖੁਰਾਕ ਦੀ ਬਹੁਤਾਤ ਕਾਰਨ ਵੱਧ। ਹੁਣ ਭੁੱਖ ਨਾਲ ਉਨੇ ਬੰਦੇ ਨਹੀਂ ਮਰ ਰਹੇ, ਜਿੰਨੇ ਵੱਧ ਖਾਣ ਨਾਲ ਮਰ ਰਹੇ ਨੇ। ਦੁਨੀਆਂ ਵਿਚ ਖਾਧ ਪਦਾਰਥ ਬਹੁਤ ਹੋ ਗਏ ਨੇ ਤੇ ਹੋਰ ਵੀ ਹੁੰਦੇ ਜਾਣੇ ਨੇ। ਲੋਕਾਂ ਨੂੰ ਵੱਡੀ ਪੱਧਰ ‘ਤੇ ਸਿਖਿਅਤ ਕਰਨਾ ਪਵੇਗਾ ਕਿ ਉਹ ਕੀ ਖਾਣ ਤੇ ਕੀ ਨਾ ਖਾਣ? ਨਾਲ ਇਹ ਵੀ ਕਿ ਉਹ ਜੋ ਕੁਝ ਖਾ-ਪੀ ਰਹੇ ਨੇ, ਉਹਦੇ ਨਾਲ ਤਕੜੇ ਤਾਂ ਰਹਿਣ ਪਰ ਮੋਟੇ ਨਾ ਹੋਣ।
ਅਮਰੀਕਾ ਵਿਚ ਇਕ ਸਰਵੇਖਣ ਕੀਤਾ ਗਿਐ ਕਿ ਲੋਕ ਮੋਟੇ ਕਿਉਂ ਹੋ ਰਹੇ ਨੇ? ਨਤੀਜਾ ਨਿਕਲਿਆ ਹੈ ਕਿ 54% ਲੋਕ ਵਾਧੂ ਭੋਜਨ ਕਰਨ ਦੀਆਂ ਭੈੜੀਆਂ ਆਦਤਾਂ ਕਰਕੇ ਮੋਟੇ ਹੁੰਦੇ ਨੇ। 28% ਕਸਰਤ ਦੀ ਘਾਟ ਕਾਰਨ ਮੋਟੇ ਹੋ ਜਾਂਦੇ ਨੇ। ਬਾਕੀ 18% ਦੇ ਮੋਟੇ ਹੋਣ ਦਾ ਕਾਰਨ ਸਿਹਤ ਸੰਭਾਲ ਤੋਂ ਅਣਜਾਣ ਹੋਣਾ, ਕਸਰਤ ਲਈ ਸਮਾਂ ਨਾ ਕੱਢਣਾ ਅਤੇ ਖਾਣਿਆਂ-ਪੀਣਿਆਂ ਦੀ ਚਟਪਟੀ ਇਸ਼ਤਿਹਾਰਬਾਜ਼ੀ ਦੇ ਸ਼ਿਕਾਰ ਹੋ ਬਹਿਣਾ ਹੁੰਦੈ।
ਪਿਛਲੇ ਕੁਝ ਸਾਲਾਂ ਤੋਂ ਭਾਰ ਘਟਾਉਣ ਦਾ ਕਾਰੋਬਾਰ ਅਰਬਾਂ-ਖਰਬਾਂ ਡਾਲਰਾਂ ਦਾ ਧੰਦਾ ਬਣ ਚੁਕੈ। ਵਾਧੂ ਭਾਰ ਘਟਾਉਣ ਦੀਆਂ ਇੰਡਸਟਰੀਆਂ ਧੜਾਧੜ ਹੋਂਦ ਵਿਚ ਆ ਰਹੀਆਂ ਹਨ। ਕਿਧਰੇ ਭਾਰ ਘਟਾਉਣ ਦਾ ਮੈਟਰ ਛਾਪਣ ਵਾਲੇ ਮੈਗਜ਼ੀਨ ਛਪ ਰਹੇ ਨੇ, ਕਿਤਾਬਾਂ ਛਪ ਰਹੀਆਂ ਨੇ ਤੇ ਕਿਧਰੇ ਕਸਰਤੀ ਮਸ਼ੀਨਾਂ ਦੀਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ। ਭਾਰ-ਘਟਾਊ ਖਾਣੇ ਤਿਆਰ ਕੀਤੇ ਜਾ ਰਹੇ ਹਨ। ਭਾਰ ਘਟਾਉਣ ਵਾਲੀਆਂ ਜੜ੍ਹੀਆਂ ਬੂਟੀਆਂ ਦੀ ਖੋਜ ਹੋ ਰਹੀ ਹੈ ਤੇ ਵਾਧੂ ਭਾਰ ਪੇਟ ‘ਚੋਂ ਚੀਰ ਦੇਣ ਦੀਆਂ ਸਰਜਰੀਆਂ ਹੋ ਰਹੀਆਂ ਹਨ। ਭਾਰ ਘਟਾਉਣ ਦੇ ਮਾਹਿਰ ਵਕੀਲਾਂ ਵਾਂਗ ਫੀਸਾਂ ਲੈਣ ਲੱਗੇ ਹਨ। ਭਾਰ ਸਾਵਾਂ ਕਰਨ ਵਾਲੇ ਕਲੀਨਿਕ ਖੁੱਲ੍ਹ ਗਏ ਹਨ ਤੇ ਡਾਕਟਰ ਅਜਿਹੀ ਗੋਲੀ ਤਿਆਰ ਕਰਨ ਵਿਚ ਮਸਰੂਫ ਹਨ, ਜਿਹਦੇ ਸੇਵਨ ਨਾਲ ਵਾਧੂ ਭਾਰ ਆਪਣੇ ਆਪ ਘਟ ਸਕੇ। ਭਾਰ ਘਟਾਊ ਗੋਲੀ ਲਈ ਕਰੋੜਾਂ ਡਾਲਰਾਂ ਦੇ ਪ੍ਰਾਜੈਕਟ ਖੋਜ ਅਧੀਨ ਹਨ।
ਜਿਨ੍ਹਾਂ ਦਾ ਭਾਰ ਵਧ ਗਿਆ ਹੋਵੇ, ਜੇ ਉਹ ਕੋਸ਼ਿਸ਼ ਕਰਨ ਤਾਂ ਘਟਾਇਆ ਜਾ ਸਕਦਾ ਹੈ, ਪਰ ਇਹਦੇ ਲਈ ਵਿੱਲ ਪਾਵਰ ਮਜ਼ਬੂਤ ਹੋਣੀ ਚਾਹੀਦੀ ਹੈ। ਦ੍ਰਿੜ ਇਰਾਦੇ ਤੋਂ ਬਿਨਾ ਭਾਰ ਘਟਾਇਆ ਜਾਣਾ ਕਾਫੀ ਮੁਸ਼ਕਿਲ ਹੈ। ਉਹੀ ਬੰਦੇ ਵਧਿਆ ਭਾਰ ਘਟਾ ਸਕਦੇ ਨੇ, ਜੋ ਸੁਆਦਾਂ ਉਤੇ ਕਾਬੂ ਪਾ ਲੈਣ। ਮੁਟਾਪੇ ਲਈ ਵਰਜਿਤ ਖਾਣੇ ਤੇ ਪੀਣੇ ਬਿਲਕੁਲ ਨਾ ਖਾਣ-ਪੀਣ। ਭਾਰ ਘਟਾਉਣ ਬਾਰੇ ਡਾਕਟਰਾਂ, ਕਿਤਾਬਾਂ ਤੇ ਮੈਗਜ਼ੀਨਾਂ ਦੀਆਂ ਸੈਂਕੜੇ ਸਲਾਹਾਂ ਤੇ ਹਜ਼ਾਰਾਂ ਗੁਰ ਹਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪੰਜਾਬੀ ਪੜ੍ਹਨ ਵਾਲਿਆਂ ਲਈ ਡਾ. ਨਵਦੀਪ ਸਿੰਘ ਦੀ ਪੁਸਤਕ ‘ਮੋਟਾਪੇ ਤੋਂ ਮੁਕਤੀ’ ਦੇ ਚੰਗੇ ਗੁਰ ਦੱਸਣ ਵਾਲੀ ਹੈ। ਸਭ ਤੋਂ ਸਸਤੇ ਤੇ ਸਹੀ ਗੁਰ ਉਗਲਾਂ ‘ਤੇ ਗਿਣੇ ਜਾਣ ਜੋਗੇ ਹੀ ਹਨ।
ਪਹਿਲਾ ਗੁਰ ਹੈ, ਹਰ ਕੋਈ ਕਲੋਰੀਆਂ ਬਾਰੇ ਸੁਚੇਤ ਹੋਵੇ। ਅਜਿਹੇ ਚਾਰਟ ਆਮ ਮਿਲ ਜਾਂਦੇ ਹਨ, ਜਿਨ੍ਹਾਂ ਵਿਚ ਖਾਧ ਪਦਾਰਥਾਂ ਦੀਆਂ ਕਲੋਰੀਆਂ ਦੱਸੀਆਂ ਹੁੰਦੀਆਂ ਹਨ। ਮਸਲਨ ਤਲਿਆ ਹੋਇਆ ਪਰੌਂਠਾ ਤਿੰਨ ਸੌ ਕਲੋਰੀਆਂ ਦਾ ਹੋ ਸਕਦੈ, ਜਦ ਕਿ ਅਣਚੋਪੜੀ ਰੋਟੀ ਸੌ ਕਲੋਰੀਆਂ ਦੀ ਵੀ ਨਹੀਂ ਹੁੰਦੀ। ਕੱਚਾ ਪਿਆਜ਼ ਪੱਚੀ ਕਲੋਰੀਆਂ ਦਾ ਵੀ ਨਹੀਂ ਹੁੰਦਾ, ਜਦ ਕਿ ਤੜਕਿਆ ਤਿੰਨ ਸੌ ਕਲੋਰੀਆਂ ਦਾ ਬਣ ਜਾਂਦੈ। ਥੰਧੇ ਤੇ ਮਿੱਠੇ ਵਿਚ ਸਭ ਤੋਂ ਵੱਧ ਕਲੋਰੀਆਂ ਹੁੰਦੀਆਂ ਹਨ। ਮੋਟਿਆਂ ਨੂੰ ਥੰਧਾ, ਮਿੱਠਾ ਤੇ ਲੂਣ ਹਰ ਹਾਲਤ ਵਿਚ ਘਟਾ ਦੇਣਾ ਚਾਹੀਦੈ।
ਤਲੇ ਹੋਏ ਖਾਣੇ, ਮਠਿਆਈਆਂ ਤੇ ਸਲੂਣੇ ਮੁਟਾਪੇ ਦੀ ਖਾਣ ਹਨ। ਮੋਟੇ ਬੰਦੇ ਸਬਜ਼ੀਆਂ ਤੇ ਫੋਕੇ ਫਲ ਖਾ ਕੇ ਵਜ਼ਨ ਘਟਾ ਸਕਦੇ ਨੇ। ਉਨ੍ਹਾਂ ਨੂੰ ਰੋਟੀਆਂ ਵੀ ਘਟਾਉਣੀਆਂ ਚਾਹੀਦੀਆਂ ਤੇ ਦੁੱਧ ਵੀ ਇਕ/ਦੋ ਪਰਸੈਂਟ ਫੈਟ ਵਾਲਾ ਪੀਣਾ ਚਾਹੀਦੈ। ਸਲਾਦ ਵੱਧ ਖਾ ਲੈਣ। ਜਿੰਨਾ ਕੁਝ ਖਾਣ ਪੀਣ ਉਹਦੀਆਂ ਕਲੋਰੀਆਂ ਗਿਣਨ। ਜਿੰਨੀਆਂ ਕਲੋਰੀਆਂ ਢਿੱਡ ਵਿਚ ਪਾਈਆਂ ਨੇ, ਜੇ ਉਨੀਆਂ ਹੀ ਬਾਲੀਆਂ ਜਾਂਦੀਆਂ ਨੇ ਤਾਂ ਨਾ ਭਾਰ ਘਟੇਗਾ, ਨਾ ਵਧੇਗਾ। ਜੇ ਪੰਦਰਾਂ ਸੌ ਕਲੋਰੀਆਂ ਪਾ ਕੇ ਸਰੀਰਕ ਸਰਗਰਮੀ ਨਾਲ ਦੋ ਢਾਈ ਹਜ਼ਾਰ ਬਾਲ ਦਿੱਤੀਆਂ ਜਾਣ ਤਾਂ ਭਾਰ ਘਟਣਾ ਸ਼ੁਰੂ ਹੋ ਜਾਵੇਗਾ।
ਵਰਤ ਰੱਖ ਕੇ ਜਾਂ ਡੰਗ ਭੰਨ-ਭੰਨ ਕੇ ਭਾਰ ਘਟਾਉਣਾ ਵਧੀਆ ਤਰੀਕਾ ਨਹੀਂ। ਇਸ ਤਰ੍ਹਾਂ ਘਟਾਇਆ ਭਾਰ ਖਾਣ-ਪੀਣ ਨਾਲ ਫਿਰ ਵਧ ਜਾਂਦੈ। ਵਧੀਆ ਤਰੀਕਾ ਇਹ ਹੈ ਕਿ ਮੋਟੇ ਬੰਦੇ ਆਪਣੀ ਖਾਧ ਖੁਰਾਕ ਦੀ ਸਹੀ ਚੋਣ ਕਰਨ। ਹੌਲੀ-ਹੌਲੀ ਕਲੋਰੀਆਂ ਘਟਾਈ ਜਾਣ ਤੇ ਸਰੀਰਕ ਸਰਗਰਮੀ ਵਧਾਈ ਜਾਣ। ਲੰਮੇ ਸਮੇਂ ਦਾ ਪ੍ਰੋਗਰਾਮ ਬਣਾਉਣ, ਜੋ ਸਾਲਾਂ-ਬੱਧੀ ਚੱਲ ਸਕੇ। ਸਰੀਰਕ ਭਾਰ ਹੌਲੀ-ਹੌਲੀ ਲਗਾਤਾਰ ਘਟਾਇਆ ਜਾਵੇ ਤੇ ਆਦਰਸ਼ ਭਾਰ ‘ਤੇ ਲਿਆ ਕੇ ਟਿਕਾਅ ਲਿਆ ਜਾਵੇ। ਇਸ ਅਮਲ ਵਿਚ ਹਰ ਵੇਲੇ ਚੇਤੰਨ ਰਹਿਣ ਦੀ ਲੋੜ ਹੈ। ਸੌਖਾ ਗੁਰ ਹੈ, ਆਪਣੀ ਖਾਧ ਖੁਰਾਕ ਦਾ ਤੀਜਾ ਹਿੱਸਾ ਘਟਾ ਦਿਓ ਅਤੇ ਸਰੀਰਕ ਸਰਗਰਮੀ ਤੀਜਾ ਹਿੱਸਾ ਵਧਾ ਦਿਓ। ਮੋਟਾਪਾ ਆਪਣੇ ਆਪ ਘਟਦਾ ਜਾਵੇਗਾ।
ਅਖੀਰ ਵਿਚ ਮੈਂ ਉਸ ਗੁਰ ਦਾ ਵੀ ਜ਼ਿਕਰ ਕਰਨਾ ਚਾਹਾਂਗਾ, ਜੋ ਖਾਣ-ਪੀਣ ਦੀ ਪਾਰਟੀ ਵਿਚ ਇਕ ਹੰਢੇ ਹੋਏ ਬਜੁਰਗ ਨੇ ਦੱਸਿਆ ਸੀ। ਉਹ ਖੁਦ ਇਕਹਿਰੇ ਜੁੱਸੇ ਦਾ ਹਸਮੁੱਖ ਜਿਊੜਾ ਸੀ, ਜੋ ਮਹਿਫਿਲ ਦਾ ਸ਼ਿੰਗਾਰ ਬਣਿਆ ਹੋਇਆ ਸੀ। ਹੋਰਨਾਂ ਵਾਂਗ ਉਹ ਮੀਟ ਮੱਛੀ ਦੇ ਪਕੌੜਿਆਂ ਨੂੰ ਮੂੰਹ ਨਹੀਂ ਸੀ ਮਾਰ ਰਿਹਾ, ਨਮਕੀਨ ਨਹੀਂ ਸੀ ਨਿਗਲ ਰਿਹਾ। ਉਹ ਦੋ ਛੋਟੇ ਹਾੜਿਆਂ ਤਕ ਹੀ ਸੀਮਤ ਰਿਹਾ। ਜਾਂਦਾ-ਜਾਂਦਾ ਲੱਖ ਰੁਪਏ ਦੀ ਗੱਲ ਦੱਸ ਗਿਆ, ਅਖੇ ਜਿਹੜਾ ਬੰਦਾ ਤੀਜੇ ਹਾੜੇ ਤੇ ਤੀਜੀ ਰੋਟੀ ਨੂੰ ਨਾਂਹ ਕਰ ਸਕਦੈ, ਉਹ ਦਸ ਵਰ੍ਹੇ ਵੱਧ ਜਿਉਂ ਸਕਦੈ। ਇਹ ਜਿਉਣ ਵਾਲਿਆਂ ‘ਤੇ ਨਿਰਭਰ ਹੈ, ਉਹ ਵੱਧ ਜਿਉਣਾ ਚਾਹੁੰਦੇ ਨੇ ਜਾਂ ਘੱਟ?
