ਉੱਤਰ ਪ੍ਰਦੇਸ਼ ਵਿਚ ਜੰਗਲ ਰਾਜ

ਗੁਲਜ਼ਾਰ ਸਿੰਘ ਸੰਧੂ
ਕਾਨਪੁਰ ਨੇੜੇ ਉੱਤਰ ਪ੍ਰਦੇਸ਼ ਵਿਚ ਕਤਲ ਤੇ ਲੁੱਟ-ਖਸੁੱਟ ਦੀਆਂ ਅਨੇਕਾਂ ਵਾਰਦਾਤਾਂ ਵਿਚ ਲੋੜੀਂਦੇ ਵਿਕਾਸ ਦੂਬੇ ਦਾ ਕਥਿਤ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਣਾ ਦੇਸ਼ ਦੀ ਨਿਆਂ ਪ੍ਰਣਾਲੀ ਤੇ ਰਾਜਨੀਤਕ ਗੁੰਡਾਗਰਦੀ ਦੀ ਮੂੰਹ ਬੋਲਦੀ ਤਸਵੀਰ ਹੈ। ਉਸ ਰਾਜ ਦੀ, ਜਿਸ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੇ ਰਾਜ ਦੇ ਗ੍ਰਹਿ ਵਿਭਾਗ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਰੱਖੀ ਹੈ। ਦੂਬੇ ਦਾ ਮੰਦਿਰ ਵਿਚ ਬਿਨ ਮਾਸਕ ਮੱਥਾ ਟੇਕਦੇ ਸਮੇਂ ਫੜੇ ਜਾਣ ਤੇ ਹਥਕੜੀਆਂ ਲਾਏ ਬਿਨ ਪੁਲਿਸ ਵੈਨ ਵਿਚ ਬਿਠਾ ਕੇ ਮੱਧ ਪ੍ਰਦੇਸ਼ ਤੋਂ ਉਤਰ ਪ੍ਰਦੇਸ਼ ਦੀ ਹੱਦ ਵਿਚ ਪ੍ਰਵੇਸ਼ ਕਰਨ ਪਿੱਛੋਂ

ਟੋਲ ਪਲਾਜ਼ਾ ਪਾਰ ਕਰਦੇ ਪੁਲਿਸ ਵੈਨ ਦਾ ਦੁਰਘਟਨਾ ਗ੍ਰਸਤ ਹੋਣਾ, ਇਤਿਹਾਸ-ਮਿਥਿਹਾਸ ਦੀਆਂ ਸੱਚੀਆਂ-ਝੂਠੀਆਂ ਘਟਨਾਵਾਂ ਨੂੰ ਮਾਤ ਪਾਉਣ ਵਾਲਾ ਹੈ। ਖਾਸ ਕਰਕੇ ਪੁਲਿਸ ਵੈਨ ਦੇ ਆਵਾਰਾ ਪਸੂਆਂ ਨੂੰ ਬਚਾਉਂਦੇ ਸਮੇਂ ਅਚਨਚੇਤ ਉਲਟਣ ਵਾਲਾ ਕਿੱਸਾ।
ਅਜਿਹੇ ਝੂਠੇ ਪੁਲਿਸ ਮੁਕਾਬਲੇ ਪੰਜਾਬ ਦੇ ਵਸਨੀਕਾਂ ਲਈ ਨਵੇਂ ਨਹੀਂ, ਜਿਨ੍ਹਾਂ ਨੇ ਪੰਜਾਬ ਦੇ ਕਾਲੇ ਦਿਨਾਂ ਵਿਚ ਨਿਤ ਨਵੇਂ ਹਾਦਸੇ ਤੱਕੇ ਹੋਏ ਹਨ ਅਤੇ ਜਿਨ੍ਹਾਂ ਦਾ ਅੱਜ ਦੇ ਦਿਨ ਵੀ ਇੱਕ ਸੇਵਾ ਮੁਕਤ ਪੁਲਿਸ ਅਧਿਕਾਰੀ ਪ੍ਰਿੰਟ ਤੇ ਬਿਜਲਈ ਮੀਡੀਆ ਦਾ ਪਾਤਰ ਬਣਿਆ ਹੋਇਆ ਹੈ। ਲੋਕ ਮਨਾਂ ਵਿਚ ਤਿਲੰਗਾਨਾ ਦੀ ਡਾਕਟਰ ਯੁਵਤੀ ਦਾ ਜਬਰਜਨਾਹ ਕਰਨ ਉਪਰੰਤ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਕਥਿਤ ਪੁਲਿਸ ਮੁਕਾਬਲੇ ਦਾ ਸ਼ਿਕਾਰ ਬਣਾਇਆ ਜਾਣਾ ਵੀ ਹਾਲੇ ਤਾਜ਼ਾ ਹੈ। ਅਜਿਹੇ ਦੋਸ਼ੀਆਂ ਨਾਲ ਸਬੰਧਤ ਕੇਸਾਂ ਦੇ ਸਾਲਾਂ ਬੱਧੀ ਕਚਹਿਰੀਆਂ ਵਿਚ ਲਟਕੇ ਰਹਿਣ ਕਾਰਨ ਲੋਕ ਮਨਾਂ ਵਿਚ ਅਮਨ ਚੈਨ ਦੀ ਸਥਿਤੀ ਪ੍ਰਤੀ ਅਵਿਸ਼ਵਾਸ ਦੀ ਭਾਵਨਾ ਆਮ ਲੋਕਾਂ ਨੂੰ ਗਲਤ-ਮਲਤ ਢੰਗ ਨਾਲ ਮਾਰੇ ਗਏ ਅਪਰਾਧੀਆਂ ਦੀ ਖਬਰ ਇਕ ਤਰ੍ਹਾਂ ਦੀ ਰਾਹਤ ਵੀ ਦਿੰਦੀ ਹੈ, ਪਰ ਭੋਲੀ ਭਾਲੀ ਜਨਤਾ ਭੁੱਲ ਜਾਂਦੀ ਹੈ ਕਿ ਅਜਿਹੇ ਗੁੰਡਿਆਂ ਦੇ ਖਾਤਮੇ ਨਾਲ ਉਨ੍ਹਾਂ ਭੇਤਾਂ ਉਤੇ ਵੀ ਮਿੱਟੀ ਪੈ ਜਾਂਦੀ ਹੈ, ਜਿਨ੍ਹਾਂ ਦਾ ਪ੍ਰਗਟਾਵਾ ਦੋਸ਼ੀਆਂ ਦੇ ਜੀਵਤ ਰਹਿਣ ਦੀ ਸੂਰਤ ਵਿਚ ਉਨ੍ਹਾਂ ਤੋਂ ਕੀਤੀ ਗਈ ਪੁੱਛ-ਗਿੱਛ ਨੇ ਖੋਲ੍ਹਣਾ ਹੁੰਦਾ ਹੈ।
ਜਾਨੀ ਚੋਰ ਤੇ ਜੱਗਾ ਡਾਕੂ ਦੇ ਕਾਰਨਾਮੇ ਪੜ੍ਹ ਕੇ ਵੱਡੇ ਹੋਏ ਪੰਜਾਬੀਆਂ ਲਈ ਤਾਂ ਵਿਕਾਸ ਦੂਬੇ ਵਾਂਗ ਜ਼ਮੀਨ ਜਾਇਦਾਦ ਦੀ ਮਾਲਕੀ ਲਈ ਕੀਤੀਆਂ ਹੱਤਿਆਵਾਂ ਤੇ ਲੁੱਟਾਂ ਖੋਹਾਂ ਨੂੰ ਹਜ਼ਮ ਕਰਨਾ ਉਕਾ ਹੀ ਸੰਭਵ ਨਹੀਂ। ਜੇ ਇਨ੍ਹਾਂ ਵਿਚ ਕੰਨਾਂ ਦੀਆਂ ਮੁਰਕੀਆਂ, ਮੋਟਰ ਸਾਈਕਲਾਂ ਤੇ ਕਾਰਾਂ ਦੀ ਲੁੱਟ-ਖਸੁੱਟ ਵੀ ਸ਼ਾਮਲ ਕਰ ਲਈਏ ਤਾਂ ਅਜਿਹੀ ਸਰਕਾਰਾਂ ਨੂੰ ਪ੍ਰਵਾਨ ਕਰਨਾ ਅਸਹਿ ਹੋ ਜਾਂਦਾ ਹੈ, ਜਿਸ ਨੂੰ ਇੱਕ ਰਾਸ਼ਟਰ, ਇੱਕ ਭਾਸ਼ਾ ਤੇ ਇੱਕ ਧਾਰਨਾ ਨੂੰ ਪ੍ਰਚਾਰਨ ਦੀ ਫਿਕਰ ਤਾਂ ਹੈ, ਅਮਨ ਚੈਨ ਬਾਰੇ ਕੋਈ ਚਿੰਤਾ ਨਹੀਂ। ਦੇਸ਼ ਵਿਚ ਅਮਨ ਚੈਨ ਦੇ ਨਿਘਾਰ ਨੂੰ ਵੇਖਦਿਆਂ ਸਿਆਣੀ ਮਾਨਵਤਾ ਤੇ ਬੁੱਧੀਜੀਵੀਆਂ ਦਾ ਫਰਜ਼ ਬਣਦਾ ਹੈ ਕਿ ਉਹ ਭਰਮਾਊ ਨਾਅਰਿਆਂ ਦੀ ਫੂਕ ਕੱਢਣ ਤੇ ਦੇਸ਼ ਦੀ ਜਨਤਾ ਨੂੰ ਉਨ੍ਹਾਂ ਦੀ ਵੋਟ ਦਾ ਮੁੱਲ ਸਮਝਾਉਣ, ਜੋ ਨਿਘਰਦੀ ਜਾ ਰਹੀ ਰਾਜਨੀਤੀ ਨੂੰ ਨੱਥ ਪਾਉਣ ਦਾ ਇੱਕੋ ਇੱਕ ਸਾਧਨ ਹੈ। ਇਹ ਸੰਦੇਸ਼ ਵਾਰ ਵਾਰ ਤੇ ਵੱਖ ਵੱਖ ਰੂਪਾਂ ਵਿਚ ਦਿੰਦੇ ਰਹਿਣਾ ਹੋਰ ਵੀ ਅਹਿਮ ਹੈ।
ਮੇਰੀ ਮ੍ਰਿਤਕ ਮਾਂ ਦੀ ਸ਼ਾਹੀ ਕੈਦ ਤੇ ਤਾਲਾਬੰਦੀ: ਮੇਰੀ ਮਾਂ ਦੇ ਮਾਪਿਆਂ ਦਾ ਪਿੰਡ ਖੰਨਾ (ਲੁਧਿਆਣਾ) ਤੋਂ ਅਠ ਮੀਲ ਸੀ ਤੇ ਸਹੁਰਿਆਂ ਦਾ ਬੰਗਾ (ਜਲੰਧਰ) ਤੋਂ ਅਠ ਮੀਲ। ਆਪਣੀ ਜੁਆਨੀ ਸਮੇਂ ਉਹ ਮੈਨੂੰ ਤੇ ਬਾਕੀ ਦਾ ਸਾਰਾ ਸਾਮਾਨ ਚੁੱਕ ਕੇ ਖੰਨੇ ਤੋਂ ਰੇਲ ਗੱਡੀ ਫੜਦੀ ਸੀ ਤੇ ਬੰਗੇ ਜਾ ਕੇ ਉਤਰਦੀ ਸੀ। ਉਸ ਨੇ ਪੱਲੇ ਬੱਧੀ ਰੋਟੀ ਫਗਵਾੜਾ ਦੇ ਰੇਲਵੇ ਸਟੇਸ਼ਨ ਉਤੇ ਖਾਣ ਹੁੰਦੀ ਸੀ ਤੇ ਫਿਰ ਬੰਗਾ ਤੋਂ ਅੱਠ ਮੀਲ ਸਹੁਰੇ ਪਿੰਡ ਪਹੁੰਚਣਾ ਹੁੰਦਾ ਸੀ। ਉਹ ਅੱਠ+ਅੱਠ ਭਾਵ ਸੌਲਾਂ ਮੀਲ ਤੁਰ ਕੇ ਪੇਕਿਆਂ ਤੋਂ ਸਹੁਰੀ ਪਹੁੰਚਦੀ ਸੀ, ਇਸੇ ਤਰ੍ਹਾਂ ਸਹੁਰਿਆਂ ਤੋਂ ਪੇਕੇ। ਉਸ ਦੀ ਆਖਰੀ ਉਮਰੇ ਉਸ ਦੀ ਸਿਹਤ ਦਾ ਧਿਆਨ ਰਖਦਿਆਂ ਮੈਂ ਉਸ ਨੂੰ ਆਪਣੇ ਕੋਲ ਚੰਡੀਗੜ੍ਹ ਲੈ ਆਇਆ। ਇਸ ਲਈ ਵੀ ਕਿ ਮੇਰੀ ਪਤਨੀ ਡਾਕਟਰ ਸੀ, ਇਥੇ ਉਸ ਦਾ ਜੀ ਨਾ ਲੱਗਣਾ। ਮੇਰੇ ਜਾਣੂਆਂ ਦਾ ਉਸ ਨੂੰ ਕੋਈ ਆਸਰਾ ਨਹੀਂ ਸੀ। ਮੈਂ ਹਫਤੇ ਵਿਚ ਇੱਕ ਵਾਰ ਉਸ ਨੂੰ ਕਾਰ ਵਿਚ ਬਿਠਾ ਕੇ ਨੇੜੇ ਹੀ ਆਪਣੀ ਮਾਮੀ ਨੂੰ ਮਿਲਾ ਲਿਆਉਂਦਾ, ਜੋ ਉਸ ਦੀ ਛੋਟੀ ਭਰਜਾਈ ਸੀ। ਪੰਜ ਚਾਰ ਫੇਰੀਆਂ ਪਿੱਛੋਂ ਉਸ ਨੇ ਮਾਮੀ ਦੇ ਘਰ ਦਾ ਰਾਹ ਚੇਤੇ ਕਰ ਲਿਆ ਤੇ ਇੱਕ ਦਿਨ ਜਦੋਂ ਮੈਂ ਤੇ ਮੇਰੀ ਬੀਵੀ ਆਪੋ ਆਪਣੇ ਦਫਤਰ ਗਏ ਹੋਏ ਸਾਂ, ਉਹ ਨੌਕਰ ਨੂੰ ਘਰ ਸੰਭਾਲ ਕੇ ਤੇ ਆਪਣੇ ਆਪ ਤੁਰ ਕੇ ਮੇਰੀ ਮਾਮੀ ਨੂੰ ਮਿਲ ਆਈ। ਸਾਨੂੰ ਪਤਾ ਲੱਗਾ ਤਾਂ ਮੈਂ ਆਪਣੀ ਮਾਂ ਨੂੰ ਬਹੁਤ ਗੁੱਸੇ ਹੋਇਆ। ਬਹੁਤਾ ਇਸ ਕਰਕੇ ਕਿ ਬੁੱਢੀ ਮਾਂ ਮੋਟਰ ਗੱਡੀਆਂ ਦੀ ਲਪੇਟ ਵਿਚ ਆ ਸਕਦੀ ਸੀ। ਜੇ ਮੈਂ ਉਸ ਨੂੰ ਪਿੰਡ ਛੱਡਣ ਦਾ ਡਰਾਵਾ ਦਿੰਦਾ ਤਾਂ ਉਸ ਨੇ ਫਟਾਫਟ ਤਿਆਰ ਹੋ ਜਾਣਾ ਸੀ। ਉਹ ਮੇਰੀ ਬੀਵੀ ਦੇ ਸਮਝਾਇਆਂ ਸਮਝ ਤਾਂ ਗਈ, ਪਰ ਉਸ ਨੂੰ ਪਿੱਛੇ ਰਹਿ ਗਏ ਪਿੰਡ ਚੇਤੇ ਆਉਂਦੇ ਤੇ ਉਦਾਸ ਹੋ ਜਾਂਦੀ।
ਕਦੀ ਕਦਾਈ ਮੇਰੀ ਮਾਮੀ ਵੀ ਸਾਡੇ ਘਰ ਚੱਕਰ ਮਾਰ ਜਾਂਦੀ। ਮੇਰੀ ਮਾਂ ਨੇ ਆਪਣੀ ਨੂੰਹ ਨੂੰ ਦਿੱਤਾ ਵਚਨ ਨਹੀਂ ਤੋੜਿਆ। ਇੱਕ ਦਿਨ ਮੈਂ ਤੇ ਮੇਰੀ ਬੀਵੀ ਨੇ ਸੁਣਿਆ ਕਿ ਉਹ ਬਾਹਰ ਲਾਅਨ ਵਿਚ ਬੈਠੀ ਮਾਮੀ ਕੋਲ ਆਪਣਾ ਦੁੱਖ ਰੋ ਰਹੀ ਸੀ, “ਬੱਸ ਸ਼ਾਹੀ ਕੈਦ ਭੋਗ ਰਹੀ ਹਾਂ। ਕੋਈ ਕੰਮ ਨਹੀਂ ਕਰਨਾ ਪੈਂਦਾ। ਪੱਕਿਆ ਪਕਾਇਆ ਮਿਲ ਜਾਂਦਾ ਹੈ। ਕਿਸੇ ਚੀਜ਼ ਦਾ ਘਾਟਾ ਨਹੀਂ। ਘਰੋਂ ਬਾਹਰ ਨਹੀਂ ਜਾ ਸਕਦੀ।” ਸਾਡੇ ਕੋਲ ਇਸ ਦਾ ਕੋਈ ਹੱਲ ਨਹੀਂ ਸੀ। ਫਿਰ ਇੱਕ ਦਿਨ ਅਚਾਨਕ ਹੀ ਉਸ ਨੂੰ ਅਧਰੰਗ ਹੋ ਗਿਆ ਤੇ ਉਹਦਾ ਇੱਕ ਪਾਸਾ ਮਾਰਿਆ ਗਿਆ, ਅੰਤ ਚੱਲ ਵੱਸੀ।
ਅਮਿਤਾਬ ਬਚਨ ਦਾ ਪਰਿਵਾਰ ਵੀ ਕਰੋਨਾ ਦਾ ਸ਼ਿਕਾਰ ਨਹੀਂ ਜਾਪਦਾ, ਜੋ ਛੇਤੀ ਸਥਿਰ ਹੋ ਗਿਆ ਹੈ। ਸ਼ਾਹੀ ਕੈਦ ਨੇ ਢਾਹ ਲਿਆ ਜਾਪਦਾ ਹੈ। ਅਜੋਕੀ ਤਾਲਾਬੰਦੀ ਨੇ ਵਸੀਲਿਆਂ ਵਾਲੀ ਸਾਰੀ ਜਨਤਾ ਨੂੰ ਸ਼ਾਹੀ ਕੈਦੀ ਬਣਾ ਰੱਖਿਆ ਹੈ, ਜਿਸ ਵਿਚ ਬਾਲੀਵੁੱਡ ਦੇ ਫਿਲਮੀ ਸਿਤਾਰੇ ਸਭ ਤੋਂ ਉਤੇ ਹਨ। ਅੰਤ ਦਾ ਪਤਾ ਨਹੀਂ। ਆਮੀਨ!
ਅੰਤਿਕਾ: ਮਿਰਜ਼ਾ ਗ਼ਾਲਿਬ
ਕੈਦ-ਏ-ਹਯਾਤ ਓ ਬੰਦ-ਏ-ਗਮ
ਅਸਲ ਮੇਂ ਦੋਨੋਂ ਏਕ ਹੈਂ,
ਮੌਤ ਸੇ ਪਹਿਲੇ ਆਦਮੀ
ਰਾਮ ਸੇ ਨਿਜਾਤ ਪਾਏ ਕਿਉਂ?