ਬੇਰਾਂ ਵਾਲੀ ਭੂਆ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਮੈਨੂੰ ਬੇਰਾਂ ਵਾਲੀ ਭੂਆ ਬੜੀ ਯਾਦ ਆਉਂਦੀ ਹੈ। ਉਨ੍ਹਾਂ ਦੇ ਬੇਰਾਂ ਦੇ ਬਾਗ ਸਨ। ਬਾਗਾਂ ਦਾ ਅਸਲੀ ਮਾਲਕ ਤਾਂ ਭਾਵੇਂ ਉਨ੍ਹਾਂ ਦਾ ਤਾਇਆ ਸੀ, ਪਰ ਕਿਉਂਕਿ ਉਹ ਹਰੇਕ ਸਾਲ ਜਦੋਂ ਬੇਰ ਪੱਕਦੇ ਤਾਂ ਪੱਲੇ ਭਰ ਭਰ ਪੱਕੇ ਮਿੱਠੇ ਬੇਰ ਸਾਡੇ ਘਰ ਕਈ ਵਾਰੀ ਜਰੂਰ ਦੇਣ ਆਉਂਦੇ ਤੇ ਅਸੀਂ ਸੁਆਦ ਨਾਲ ਖਾਂਦੇ। ਬੇਰ ਬਹੁਤ ਖਟ-ਮਿਠੇ ਤੇ ਸੁਆਦੀ ਹੁੰਦੇ ਸਨ। ਭੂਆ ਬਹੁਤ ਮਿਹਨਤੀ, ਸਿਰੜੀ ਤੇ ਖਾਸ ਅਸੂਲਾਂ ਦੀ ਧਾਰਨੀ ਸੀ। ਉਸ ਨੇ ਆਪਣਾ ਸਾਰਾ ਵਿਧਵਾ ਜੀਵਨ ਪਰਪੱਕ ਅਸੂਲਾਂ ਤੇ ਨੇਮਾਂ ਨਾਲ ਗੁਜਾਰਿਆ।

ਉਹ ਤਿੰਨ ਭੈਣਾਂ ਸਨ। ਉਨ੍ਹਾਂ ਦੀ ਮਾਤਾ ਦੀ ਅੱਖਾਂ ਦੀ ਲੋਅ ਤਾਂ ਪਤਾ ਨਹੀਂ ਕਦੋਂ ਦੀ ਗਈ ਹੋਈ ਸੀ, ਪਰ ਉਹ ਸੀ ਬਹੁਤ ਗੜਕੇ ਤੇ ਰੋਅਬ ਵਾਲੀ। ਉਨ੍ਹਾਂ ਦਾ ਸਕਾ ਭਰਾ ਕੋਈ ਨਹੀਂ ਸੀ। ਉਨ੍ਹਾਂ ਸਮਿਆਂ ‘ਚ ਜਿਹੜੇ ਪਰਿਵਾਰ ‘ਚ ਮੁੰਡਾ ਨਾ ਹੋਵੇ ਤਾਂ ਨੇੜਲੇ ਸ਼ਰੀਕ ਉਨ੍ਹਾਂ ਦੀ ਜ਼ਮੀਨ ਦੇ ਕਾਨੂੰਨੀ ਹੱਕਦਾਰ ਸਮਝੇ ਜਾਂਦੇ ਸਨ। ਕਈ ਵਾਰੀ ਤਾਂ ਸ਼ਰੀਕ ਇੰਨਾ ਜ਼ਾਲਮ ਤੇ ਬੇਗਾਨਾ ਵਤੀਰਾ ਅਖਤਿਆਰ ਕਰ ਲੈਂਦੇ ਸਨ ਕਿ ਕੁੜੀਆਂ ਨੂੰ ਉਸ ਘਰ ‘ਚ ਵੜਨ ‘ਤੇ ਵੀ ਪਾਬੰਦੀ ਲੱਗ ਜਾਂਦੀ ਸੀ। ਭੂਆ ਦੀ ਦੂਜੀ ਵਿਧਵਾ ਭੈਣ ਵੀ ਬਹੁਤ ਚਿਰ ਆਪਣੀ ਮਾਂ ਕੋਲ ਬੇਰਾਂ ਵਾਲੀ ਭੂਆ ਦੇ ਨਾਲ ਹੀ ਰਹੀ। ਉਹ ਵੀ ਬਹੁਤ ਤਪ-ਤੇਜ ਤੇ ਰੋਅਬ ਵਾਲੀ ਸੀ।
ਸ਼ਰੀਕਾਂ ਦਾ ਉਨ੍ਹਾਂ ਦੀ ਜ਼ਮੀਨ ਹੜੱਪ ਕੇ ਉਨ੍ਹਾਂ ਨੂੰ ਘਰੋਂ ਕੱਢਣ ਦਾ ਹੀਆ ਤਾਂ ਭਾਵੇਂ ਨਾ ਪਿਆ, ਪਰ ਉਨ੍ਹਾਂ ਨੂੰ ਉਨ੍ਹਾਂ ਦੋਹਾਂ ਵਿਧਵਾ ਭੈਣਾਂ ਦਾ ਆਪਣੀ ਮਾਂ ਕੋਲ ਰਹਿਣਾ ਹਮੇਸ਼ਾ ਹੀ ਰੜਕਦਾ ਰਿਹਾ। ਭੂਆ ਦੀ ਮਾਂ ਦਾ ਦਬਕਾ ਤੇ ਗੜ੍ਹਕਾ ਆਪਣੇ ਘਰਦਿਆਂ ‘ਤੇ ਤਾਂ ਕੀ, ਸਗੋਂ ਆਂਢ-ਗੁਆਂਢ ਵੀ ਦਬਦਬਾ ਸੀ। ਸਾਡੇ ਪਰਿਵਾਰ ਨਾਲ ਖਾਸ ਕਰਕੇ ਮੇਰੇ ਬੀਬੀ ਜੀ (ਮੇਰੇ ਮਾਤਾ ਜੀ) ਨਾਲ ਬੇਰਾਂ ਵਾਲੀ ਭੂਆ ਦੇ ਸਾਰੇ ਟੱਬਰ ਦਾ ਬਹੁਤ ਪਿਆਰ ਸੀ ਤੇ ਉਹ ਤੋੜ ਤੱਕ ਨਿਭਿਆ। ਭਾਵੇਂ ਮੇਰੀ ਆਪਣੀ ਭੂਆ ਤਾਂ ਕੋਈ ਨਹੀਂ ਸੀ, ਪਰ ਉਹ ਮੈਨੂੰ ਸਕੀਆਂ ਜਿਹਾ ਪਿਆਰ ਕਰਦੀ ਸੀ। ਮੇਰੀ ਸੁਰਤ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਤੇ ਪਤੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਮਾਤਾ ਨੇ ਹੀ ਸ਼ਰੀਕਾਂ ‘ਚ ਰੜਕ ਨਾਲ ਰਹਿ ਕੇ ਤਿੰਨਾਂ ਭੈਣਾਂ ਨੂੰ ਵਿਆਹਿਆ ਵਰਿਆ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ-ਬੇਰਾਂ ਵਾਲੀ ਭੂਆ ਤੇ ਉਸ ਦੀ ਵੱਡੀ ਭੈਣ ਵਿਆਹ ਪਿਛੋਂ ਛੇਤੀਂ ਹੀ ਵਿਧਵਾ ਹੋ ਗਈਆਂ।
ਪਿੰਡਾਂ ‘ਚ ਪੰਡੇ (ਜੋਤਿਸ਼ੀ) ਆਮ ਗਸ਼ਤ ਕਰਨ ਆਇਆ ਕਰਦੇ ਸਨ, ਕੁਝ ਹਰਿਦਵਾਰ ਤੋਂ ਤੇ ਕੁਝ ਹੋਰ ਦੂਰੋਂ ਨੇੜਿਓ। ਇੱਕ ਵਾਰੀ ਇੱਕ ਪੰਡਾ ਬੇਰਾਂ ਵਾਲੀ ਭੂਆ ਦੇ ਘਰ ਆਇਆ। ਉਨ੍ਹਾਂ ਦਾ ਘਰ ਪਿੰਡ ਦੇ ਗੱਭੇ ਬਹੁਤ ਉਚੀ ਥਾਂ ਮਹਿਲ ਨੁਮਾ ਤਿੰਨ ਮੰਜ਼ਿਲਾ ਪੱਕਾ ਘਰ ਸੀ। ਉਸ ਦੀ ਉਚਾਈ ਇੰਨੀ ਸੀ ਕਿ ਪਿੰਡ ਦੇ ਚਾਰ ਚੁਫੇਰੇ ਚਾਰ-ਚਾਰ ਮੀਲ ਤੋਂ ਉਨ੍ਹਾਂ ਦੀ ਤੀਜੀ ਮੰਜ਼ਿਲ ਦਿਸਿਆ ਕਰਦੀ ਸੀ। ਸਾਂਝੀ ਡਿਉਢੀ ਦੇ ਬਾਹਰਲੇ ਦਰਵਾਜੇ ‘ਤੇ ਬਹੁਤ ਮੀਨਾਕਾਰੀ ਕੀਤੀ ਹੋਈ ਸੀ। ਬਹੁਤ ਮੋਟੀ ਪੱਕੀ ਲੱਕੜ ਦੀ ਚੌਗਾਠ ਦੀਆਂ ਬਾਰਾਂ ਇੰਚ ਅਕਾਰ ਦੀਆਂ ਸਾਖਾਂ ਦਾ ਕੋਨਾ ਕੋਨਾ ਮੀਨਾਕਾਰੀ ਨਾਲ ਜੜਿਆ ਤੇ ਜਕੜਿਆ ਪਿਆ ਸੀ। ਚੌਗਾਠ ਦੇ ਉਪਰ ਗੱਭੇ ਗੁਰੂ ਨਾਨਕ ਦੇਵ ਜੀ ਦੀ ਲੱਕੜ ‘ਚ ਹੀ ਤਰਾਸ਼ੀ ਹੋਈ ਬਹੁਤ ਸੁੰਦਰ ਤਸਵੀਰ ਸੀ। ਬਹੁਤ ਭਾਰੀ ਪੱਕੀ ਲੱਕੜ ਦੇ ਲੋਹੇ ਨਾਲ ਜੜੇ ਭਾਰੇ ਭਾਰੇ ਦਰਵਾਜੇ ਸਨ। ਇੱਕ ਵਾਰੀ ਇੱਕ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਉਨ੍ਹਾਂ ਦੇ ਘਰ ਦੀ ਉਪਰਲੀ ਮੰਜ਼ਿਲ ਨੂੰ ਪਿੰਡ ਦਾ ਕੋਈ ਦ੍ਰਿਸ਼ ਲੈਣ ਲਈ ਵੀ ਵਰਤਿਆ ਗਿਆ ਸੀ। ਮੈਨੂੰ ਮਾੜਾ ਜਿਹਾ ਯਾਦ ਹੈ ਕਿ ਅਸਾਂ ਨਿਆਣਿਆਂ ਬਾਹਰ ਖੇਡਦਿਆਂ ਦੇਖਿਆ ਕਿ ਇੱਕ ਕੈਮਰਾਮੈਨ, ਫਿਲਮੀ ਕੈਮਰੇ ਨੂੰ ਟਰਾਈ ਪੌਡ ‘ਤੇ ਰੱਖ ਇੱਧਰ ਉਧਰ ਘੁਮਾ ਰਿਹਾ ਸੀ; ਸ਼ਾਇਦ ਉਹ ਉਥੋਂ ਪਿੰਡ ਦਾ ਕੋਈ ਖਾਸ ਦ੍ਰਿਸ਼ ਫਿਲਮ ਲਈ ਕੈਮਰਾ ਬੰਦ ਕਰ ਰਿਹਾ ਹੋਵੇ।
ਹਾਂ! ਪੰਡੇ ਨੇ ਬੇਰਾਂ ਵਾਲੀ ਭੂਆ ਦੀ ਵੱਡੀ ਭੈਣ ਦਾ ਹੱਥ ਦੇਖਿਆ; ਜੋਤਿਸ਼ੀ ਹੱਥ ਦੇਖ ਕੇ ਹੱਥ ‘ਤੇ ਪਈਆਂ ਲਕੀਰਾਂ ਤੇ ਰੇਖਾਵਾਂ ਨੂੰ ਵੇਖ, ਗਿਣਤੀਆਂ ਮਿਣਤੀਆਂ ਲਾ ਆਪਣਾ ਵਿਚਾਰ ਦੱਸਦੇ ਹੁੰਦੇ ਸਨ। ਕਿਸਮਤ ਕਿਹੋ ਜਿਹੀ ਹੈ? ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ? ਕਿੰਨੇ ਬੱਚੇ ਪੈਦਾ ਹੋਣਗੇ? ਕਿੰਨੇ ਪੈਸੇ ਕਦੋਂ ਮਿਲਣਗੇ ਇਤਿਆਦਿ। ਵੱਡੀ ਭੂਆ ਦਾ ਹੱਥ ਫੜ ਕੇ ਪੰਡਾ ਬੈਠਾ ਆਪਣੀਆਂ ਗਿਣਤੀਆਂ ਮਿਣਤੀਆਂ ਸੇਧ ਰਿਹਾ ਸੀ। ਆਲੇ ਦੁਆਲੇ ਸਾਰੇ ਘਰ ਦੀਆਂ ਬੁੜੀਆਂ ਦਾ ਝੁਰਮਟ ਲੱਗਾ ਹੋਇਆ ਤੇ ਆਂਢ-ਗੁਆਂਢ ਦੀਆਂ ਕੁੜੀਆਂ ਚਿੜੀਆਂ ਵੀ ਇਕੱਤਰ ਹੋ ਗਈਆਂ। ਭੂਆ ਦੀ ਮਾਤਾ ਨੂੰ ਅੱਖਾਂ ਦੀ ਲੋਅ ਨਾ ਹੋਣ ਕਾਰਨ ਤੁਰਨ ਤੇ ਟੋਹਣ ਵਾਸਤੇ ਸੋਟੀ ਦਾ ਸਹਾਰਾ ਲੈਣਾ ਪੈਂਦਾ ਸੀ, ਇਸ ਕਰਕੇ ਉਸ ਦੇ ਕੋਲ ਹਮੇਸ਼ਾ ਹੀ ਬਹੁਤ ਨਿੱਗਰ ਬਾਂਸ ਦੀ ਉਚੀ ਭਾਰੀ ਖੂੰਡੀ ਹੁੰਦੀ ਸੀ। ਮਹਿਲਾਂ ਜਿਹੀ ਹਵੇਲੀ ਵਰਗੇ ਘਰ ਦੇ ਚਾਰ ਚੁਫੇਰੇ ਛਤਾਈ, ਮੁਹਰੇ ਬਰਾਂਡੇ ਤੇ ਵਿਚਾਲੇ ਖੁੱਲ੍ਹਾ ਪੱਕਾ ਵਿਹੜਾ, ਜਿੱਥੇ ਪੰਡੇ ਦੁਆਲੇ ਬੁੜੀਆਂ ਦਾ ਹਜੂਮ ਇਕੱਠਾ ਹੋਇਆ ਹੋਇਆ ਸੀ। ਇਸ ਹਵੇਲੀ ਨੁਮਾ ਘਰ ‘ਚ ਤਿੰਨ ਪਰਿਵਾਰਾਂ ਦਾ ਨਿਵਾਸ ਸੀ। ਦੋ ਬੇਰਾਂ ਵਾਲੀ ਭੂਆ ਦੇ ਤਾਇਆਂ ਦੇ ਟੱਬਰ ਤੇ ਇੱਕ ਤਿਹਾਈ ਹਿੱਸੇ ‘ਚ ਭੂਆ ਹੋਰੀਂ ਆਪਣੀ ਸ਼ੇਰ ਮਾਂ ਨਾਲ ਰਹਿੰਦੀਆਂ ਸਨ। ਸਾਰੀਆਂ ਘਰ ਦੀਆਂ ਤੇ ਆਂਢ-ਗੁਆਂਢ ਦੀਆਂ ਬੁੜੀਆਂ ਦੇ ਝੁਰਮਟ ‘ਚ ਬੈਠਾ ਪੰਡਾ ਵੱਡੀ ਭੂਆ ਦਾ ਹੱਥ ਦੇਖ ਆਪਣੀਆਂ ਕਿਆਸ ਅਰਾਈਆਂ ਲਾ ਕਹਿਣ ਲੱਗਾ ਕਿ ਬੀਬੀ ਤੇਰੇ ਤਿੰਨ ਮੁੰਡੇ ਹੋਣਗੇ। ਇਹ ਸੁਣਦੇ ਸਾਰ ਹੀ ਭੂਆ ਦੀ ਮਾਤਾ ਨੂੰ ਐਸਾ ਰੋਹ ਚੜ੍ਹਿਆ ਕਿ ਉਸ ਆਪਣੀ ਭਾਰੀ ਖੂੰਡੀ ਚੁੱਕ ਪੰਡੇ ਦੇ ਜੜਨ ਲਈ ਉਲਾਰੀ ਤੇ ਨਾਲੇ ਮੋਟੀ ਸਾਰੀ ਕੱਢੀ ਗਾਲ੍ਹ। ਪੰਡਾ ਝਟਾ ਝੱਟ ਆਪਣਾ ਢੁੰਡਰ ਪੋਲਾ ਹੋਣ ਤੋਂ ਡਰਦਾ ਆਪਣੀ ਡਫਲੀ ਚੁੱਕ, ਵੱਡੀ ਭੂਆ ਦਾ ਹੱਥ ਵਿੱਚੇ ਹੀ ਛੱਡ ਡਿਉਢੀ ਵਲ ਨੂੰ ਭੱਜ ਤੁਰਿਆ। ਅੱਗੇ ਅੱਗੇ ਪੰਡਾ ਤੇ ਮਗਰ ਮਗਰ ਭੂਆ ਦੀ ਮਾਂ ਪੰਡੇ ਦੇ ਖੂੰਡਾ ਜੜਨ ਲਈ ਹੋ ਤੁਰੀ। ਮਸਾਂ ਪੰਡਾ ਆਪਣੀ ਜਾਨ ਬਚਾ ਐਸਾ ਭੱਜਿਆ ਕਿ ਕਈ ਸਾਲ ਮੁੜ ਪਿੰਡ ਨਹੀਂ ਵੜਿਆ। ਇਥੇ ਇਹ ਦੱਸ ਦੇਣਾ ਜਰੂਰੀ ਹੈ ਕਿ ਜਿਸ ਭੂਆ ਦਾ ਹੱਥ ਪੰਡਾ ਦੇਖ ਰਿਹਾ ਸੀ, ਉਸ ਨੂੰ ਵਿਧਵਾ ਹੋਈ ਨੂੰ ਦਸ ਸਾਲ ਤੋਂ ਉਪਰ ਸਮਾਂ ਹੋ ਗਿਆ ਸੀ; ਤੇ ਉਹ ਆਪਣੀ ਮਾਂ ਕੋਲ ਬੇਰਾਂ ਵਾਲੀ ਭੂਆ ਦੇ ਨਾਲ ਹੀ ਰਹਿੰਦੀ ਸੀ। ਇੱਜਤ ਆਬਰੂ ਨਾਲ ਆਪਣੀਆਂ ਦੋਹਾਂ ਜੁਆਨ ਵਿਧਵਾ ਧੀਆਂ ਨੂੰ ਆਪਣੇ ਖੰਭਾਂ ਦੀ ਬੁੱਕਲ ‘ਚ ਲਈ ਬੈਠੀ ਮਾਂ ਨੂੰ ਇਹ ਗੱਲ ਕਿਸੇ ਪੱਖੋਂ ਵੀ ਨਹੀਂ ਸੀ ਭਾਉਂਦੀ ਕਿ ਉਸ ਦੇ ਤਿੰਨ ਮੁੰਡੇ ਕਿਵੇਂ ਹੋ ਸਕਦੇ ਹਨ? ਉਹ ਤਾਂ ਵਿਧਵਾ ਹੈ!
ਸਾਲਾਂ ਬੱਧੀ ਡਰਦਾ ਪੰਡਾ ਪਿੰਡ ਨਾ ਵੜਿਆ, ਤੇ ਜਦੋਂ ਕਈ ਸਾਲਾਂ ਪਿਛੋਂ ਪਿੰਡ ਆਇਆ ਤਾਂ ਪਤਾ ਲੱਗਾ ਕਿ ਸਬੱਬੀਂ ਉਸ ਬੇਰਾਂ ਵਾਲੀ ਭੂਆ ਦੀ ਵੱਡੀ ਭੈਣ ਦਾ ਸੰਜੋਗ ਉਘੜਿਆ, ਉਸ ਦਾ ਮੁੜ ਵਿਆਹ ਕਰ ਦਿੱਤਾ; ਉਸ ਦੇ ਸੱਚੀਂ ਤਿੰਨ ਮੁੰਡੇ ਹੀ ਹੋਏ। ਬੇਰਾਂ ਵਾਲੀ ਭੂਆ ਵੀ ਜਦੋਂ ਚੜ੍ਹਦੀ ਵਰੇਸੇ ਵਿਧਵਾ ਹੋਈ ਤਾਂ ਉਸ ਦੇ ਦੋ ਛੋਟੇ ਛੋਟੇ ਮੁੰਡੇ ਸਨ, ਜਿਨ੍ਹਾਂ ਸਾਰੀ ਉਮਰ ਆਪਣੇ ਨਾਨਕੀਂ ਹੀ ਬਿਤਾਈ। ਆਪਣੇ ਸ਼ਰੀਕ ਮਾਮਿਆਂ ਨਾਲ, ਕਈ ਵਾਰੀ ਕਈ ਤਰ੍ਹਾਂ ਦੇ ਅੜਿੱਕੇ ਫੜਿੱਕੇ ਹੋਣ ਦੇ ਬਾਵਜੂਦ ਸਮਾਂ ਕੱਢਿਆ।
ਸਾਡੇ ਪਰਿਵਾਰ ਨਾਲ ਬਣਿਆ ਸਨੇਹ ਪੰਜਵੀਂ ਪੀੜ੍ਹੀ ਤੱਕ ਵੀ ਤਰੋ ਤਾਜ਼ਾ ਨਿਭ ਰਿਹਾ ਹੈ। ਇਹ ਬੇਰਾਂ ਵਾਲੀ ਭੂਆ ਦੇ ਨੇਮਬੱਧ ਜੀਵਨ ਦਾ ਔਖੀ ਕੁਠਾਲੀ ਵਿਚ ਦੀ ਹੰਢ ਕੇ ਨਿਕਲਿਆ ਹੋਣ ਕਰਕੇ ਤੇ ਉਸ ਦੀ ਸੁਚੱਜੀ ਜੀਵਨ ਸੇਧ ਕਰਕੇ ਹੀ ਨਿਭਿਆ। ਆਪਣੇ ਤਾਇਆਂ ਦੇ ਬਰਾਬਰ ਆਪਣੇ ਹਿੱਸੇ ਦੀ ਜ਼ਮੀਨ ਨੂੰ ਆਪ ਵਾਹਿਆ, ਵੱਢਿਆ ਤੇ ਸ਼ਰੀਕਾਂ ਦੇ ਵਿਚ ਘਸ ਘਸ ਕੇ ਸਾਂਭਿਆ। ਕਿਸੇ ਦੇ ਹੱਕ ‘ਤੇ ਨਿਗ੍ਹਾ ਨਹੀਂ ਰੱਖੀ ਤੇ ਆਪਣਾ ਹੱਕ ਛੱਡਿਆ ਨਹੀਂ। ਵਿਧਵਾ ਮਾਂ ਦਾ ਸ਼ੇਰਨੀਆਂ ਵਾਂਗ, ਵਿਧਵਾ ਭੈਣਾਂ ਨੇ ਸਾਥ ਦਿੱਤਾ-ਅਣਖ ਇੱਜਤ ਨਾਲ ਜੀਵਨ ਬਸਰ ਕੀਤਾ। ਇਹ ਕੁਝ ਮਿਸਾਲਾਂ ਹਨ, ਜਿਨ੍ਹਾਂ ਨੂੰ ਯਾਦ ਕਰਕੇ ਤੁਹਾਨੂੰ ਸੇਧ ਵੀ ਮਿਲਦੀ ਹੈ ਤੇ ਪੁਰਾਣੀਆਂ ਨਿਭਦੀਆਂ ਆ ਰਹੀਆਂ ਸਾਂਝਾਂ ਦੀਆਂ ਯਾਦਾਂ ਵੀ ਤਾਜ਼ਾ ਹੁੰਦੀਆਂ ਹਨ।
ਇੱਕ ਹੋਰ ਬਿਰਤਾਂਤ ਬੇਰਾਂ ਵਾਲੀ ਭੂਆ ਬਾਰੇ ਦੱਸਣਾ ਜਰੂਰੀ ਹੈ, ਜਿਸ ਬਿਨਾ ਇਹ ਸਾਰੀ ਕਹਾਣੀ ਅਧੂਰੀ ਰਹੇਗੀ। ਪੋਹ ਮਾਘ ਦਾ ਮਹੀਨਾ ਸੀ, ਡਾਢੀ ਸਰਦੀ ਸੀ ਤੇ ਪੱਛੋਂ ਦੀ ਠੰਡੀ ਹਵਾ ਦਾ ਠੱਕਾ ਵਗਦਾ ਸੀ। ਲੌਢੇ ਵੇਲੇ ਦਾ ਸਮਾਂ ਸੀ ਤਾਂ ਪਤਾ ਲੱਗਾ ਕਿ ਛਿੰਦਾ ਸੁਰਗਵਾਸ ਹੋ ਗਿਆ। ਭੂਆ ਆਪਣੀ ਵੱਡੀ ਭੈਣ ਦੇ ਗਈ ਹੋਈ ਸੀ। ਪਤਾ ਲਗਦੇ ਸਾਰ ਹੀ ਮੈਂ ਭਾਰੀ ਕੋਟੀ ਪਾ, ਖੇਸੀ ਦੀ ਬੁੱਕਲ ਮਾਰ ਸਾਈਕਲ ‘ਤੇ ਭੂਆ ਨੂੰ ਲੈਣ ਤੁਰ ਪਿਆ। ਮੂਹਰਿਓ ਵਗਦੀ ਠੰਡੀ ਪੱਛੋਂ ਦੀ ਹਵਾ ਸਰੀਰ ਨੂੰ ਸੁੰਨ ਕਰ ਰਹੀ ਸੀ। ਵਾਹੋ ਦਾਹੀ ਸਾਈਕਲ ਚਲਾਉਂਦਾ ਸੂਰਜ ਛਿਪਦੇ ਨੂੰ ਵੱਡੀ ਭੂਆ ਦੇ ਘਰ ਪੁੱਜ ਗਿਆ ਤਾਂ ਪਤਾ ਲੱਗਾ ਕਿ ਭੂਆ ਤਾਂ ਅੱਗੇ ਖੂਹ ‘ਤੇ ਗਈ ਹੋਈ ਹੈ। ਖੂਹ ਪਿੰਡ ਤੋਂ ਕੋਈ ਮੀਲ ਕੁ ਦੀ ਦੂਰੀ ‘ਤੇ ਸੀ; ਉਨ੍ਹੀਂ ਪੈਰੀਂ ਬਿਨਾ ਕੁਝ ਖਾਧੇ-ਪੀਤੇ ਸਿੱਧਾ ਖੂਹ ‘ਤੇ ਪੁੱਜਾ ਤਾਂ ਦੱਸਿਆ ਕਿ ਭੂਆ ਜੀ ਪਿੰਡ ਚੱਲਣਾ ਹੈ, ਛਿੰਦਾ ਬਿਮਾਰ ਹੋ ਗਿਆ। ਭੂਆ ਪੁੱਛੇ ਕਿ ਕੀ ਗੱਲ ਹੋਈ? ਮੇਰੇ ਮੂੰਹੋਂ ਉਤਰ ਕੋਈ ਨਿਕਲੇ ਨਾ, ਸਿਰਫ ਇਹੀ ਕਹਾਂ ਕਿ ਕੁਝ ਢਿੱਲਾ ਹੋ ਗਿਆ। ਭੁਆ ਨੇ ਆਪੇ ਹੀ ਲੱਖਣ ਲਾ ਕੇ ਕਿਹਾ ਕਿ ਕਿਤੇ ਸ਼ਰਾਬੀ ਹੋਇਆ ਡਿਗ ਪਿਆ ਹੋਣਾ; ਅੱਗੇ ਵੀ ਸ਼ਰਾਬ ਪੀ ਕੇ ਡਿਗਿਆ ਕਈ ਵਾਰੀ ਚੁੱਕ ਕੇ ਘਰ ਲਿਆਉਣਾ ਪੈਂਦਾ ਸੀ।
ਖੂਹ ਤੋਂ ਹੀ ਭੂਆ ਨੂੰ ਸਾਈਕਲ ਦੀ ਪਿਛਲੀ ਸੀਟ (ਕੈਰੀਅਰ) ‘ਤੇ ਬਿਠਾ, ਘਰ ਆ ਝੋਲਾ ਚੁੱਕ ਸਿੱਧੇ ਪਿੰਡ ਨੂੰ ਮੋੜੇ ਲਾ ਲਏ। ਠੰਢ ਵੀ ਕਹੇ ਕਿ ਮੈਂ ਹੀ ਹਾਂ। ਮੁੜਦਿਆਂ ਸਾਈਕਲ ਚਲਾਉਣਾ ਹੋਰ ਵੀ ਔਖਾ ਸੀ, ਇੱਕ ਤਾਂ ਸਵਾਰੀ ਦੂਹਰੀ, ਦੂਜਾ ਘੁੱਪ ਹਨੇਰਾ। ਆਖਿਰ ਪੰਦਰਾਂ ਮੀਲ ਦੀ ਵਾਟ ਵੱਢ ਕੇ ਜਦੋਂ ਪਿੰਡ ਦੀ ਜੂਹ ‘ਚ ਵੜੇ ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ। ਪਿੰਡ ਵੜਦਿਆਂ ਹੀ ਬਾਹਰ ਵਾਰ ਸਿਵੇ (ਸ਼ਮਸ਼ਾਨਘਾਟ) ਸੀ। ਸਿਵਾ ਬਲਦਾ ਦੇਖ ਭੂਆ ਕਹਿੰਦੀ ਕੌਣ ਮਰ ਗਿਆ? ਮੈਂ ਦੱਬੀ ਅਵਾਜ਼ ‘ਚ ਕਿਹਾ, “ਪਤਾ ਨ੍ਹੀਂ, ਭੂਆ ਜੀ।”
ਆਪਣੇ ਘਰ ਪਹੁੰਚ ਭੂਆ ਨੂੰ ਰੋਟੀ ਪਾਣੀ ਖੁਆ, ਆਪਣੇ ਬੀਜੀ ਨੂੰ ਨਾਲ ਲੈ ਭੂਆ ਦੇ ਘਰ ਨੂੰ ਜਾਂਦਿਆਂ ਮੇਰੇ ਬੀਬੀ ਜੀ ਨੇ ਜੇਰਾ ਕਰਕੇ ਦੱਸਿਆ ਕਿ ਆਪਣਾ ਛਿੰਦਾ ਪੂਰਾ ਹੋ ਗਿਆ ਅੱਜ; ਉਸ ਨੂੰ ਦਾਗ ਵੀ ਸ਼ਾਮ ਹੀ ਦੇ ਦਿੱਤਾ, ਮਤਾਂ ਕੋਈ ਮੂੰਹ ਮਾਰੇ ਕਿ ਕਿਵੇਂ ਮਰਿਆ ਤੇ ਪੁਲਿਸ ਲਾਸ਼ ਦੀ ਚੀਰ ਫਾੜ ਕਰਕੇ ਖੱਜਲ ਖੁਆਰ ਕਰੇ। ਮੇਰੇ ਬੀਬੀ ਜੀ ਦੀ ਇਹ ਗੱਲ ਸੁਣ ਕੇ ਭੂਆ ਨੇ ਲੰਬਾ ਹਉਕਾ ਲਿਆ ਤੇ ਬੋਲੀ, ‘ਅੱਛਾ! ਉਸ ਦਾ ਭਾਣਾ।’ ਕੋਈ ਹਾਈ ਕਲੱਪ ਨਹੀਂ ਕੀਤਾ, ਕੋਈ ਕੀਰਨੇ ਨਹੀਂ ਪਾਏ, ਸਬਰ ਦਾ ਘੁੱਟ ਭਰ ਸੰਤੋਖ ਕਰ ਲਿਆ। ਗੱਭਰੂ ਪੁੱਤ ਮਰ ਜਾਏ ਤੇ ਮਾਂ ਦਾ ਕਲੇਜਾ ਪੁੱਛਿਆ ਹੀ ਜਾਣੀਏ! ਇਸ ਭੂਆ ਨੇ ਸਾਰੀ ਜ਼ਿੰਦਗੀ ਇਮਤਿਹਾਨਾਂ ‘ਚ ਹੀ ਕੱਢੀ ਤੇ ਛਿੰਦੇ ਦੀ ਮੌਤ ਨੂੰ ਵੀ ਇੱਕ ਹੋਰ ਕਠਿਨ ਪ੍ਰੀਖਿਆ ਸਮਝ, ਅੱਗੇ ਵਾਂਗ ਹੀ ਭਾਣੇ ‘ਤੇ ਭਾਣਾ ਮੰਨਦੀ ਆਈ ਨੇ, ਇੱਕ ਹੋਰ ਮੰਨ ਲਿਆ। ਇਹੋ ਜਿਹੀ ਸੀ ਉਹ ਮੇਰੀ ਬੇਰਾਂ ਵਾਲੀ ਭੂਆ, ਜਿਸ ਨੇ ਸਾਰੀ ਜ਼ਿੰਦਗੀ ਹਰ ਉਸ ਮਿਹਨਤੀ, ਦ੍ਰਿੜ, ਪਰਪੱਕ ਇਰਾਦੇ ਵਾਲੇ ਤੇ ਆਪਣੇ ਅਸੂਲਾਂ ਦੇ ਧਾਰਨੀ ਇਨਸਾਨਾਂ ਵਾਂਗ ਗੱਭਰੂ ਪੁੱਤ ਦੀ ਮੌਤ ਨੂੰ ਵੀ ਖਿੜੇ ਮੱਥੇ ਸਵੀਕਾਰ ਕਰ ਲਿਆ।