ਚੰਡੀਗੜ੍ਹ: ਪੰਜਾਬ ਵਿਚ ਬਿਜਲੀ ਦੇ ਅਣਐਲਾਨੇ ਕੱਟ ਸ਼ੁਰੂ ਹੋ ਗਏ ਹਨ। ਦਸ ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਨਾਲ ਹੀ ਬਿਜਲੀ ਦੀ ਮੰਗ ਵਧ ਗਈ ਹੈ। ਬਿਜਲੀ ਨਿਗਮ ਦੇ ਸੂਤਰਾਂ ਮੁਤਾਬਕ ਪਹਿਲਾਂ ਬਿਜਲੀ ਦੀ ਮੰਗ ਸੱਤ ਹਜ਼ਾਰ ਮੈਗਾਵਾਟ ਸੀ 10 ਜੂਨ ਤੋਂ ਇਹ ਮੰਗ 8500 ਮੈਗਾਵਾਟ ਦੇ ਕਰੀਬ ਪਹੁੰਚ ਗਈ ਹੈ। ਸੂਬੇ ਦੇ ਇਕ ਚੌਥਾਈ ਹਿੱਸੇ ਦੇ ਲੋਕਾਂ ਨੂੰ ਬਿਜਲੀ ਦੀ ਕਿੱਲਤ ਦਾ ਜ਼ਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਤਰਾਂ ਮੁਤਾਬਕ 1000 ਫੀਡਰ ‘ਤੇ ਜ਼ਿਆਦਾ ਲੋਡ ਹੋਣ ਕਾਰਨ ਖੇਤੀ ਖੇਤਰ ਲਈ ਬਿਜਲੀ ਦੀ ਸਪਲਾਈ ਮਹਿਜ਼ ਛੇ ਘੰਟੇ ਹੀ ਦਿੱਤੀ ਜਾ ਸਕੇਗੀ ਤੇ ਇਹ ਬੋਝ ਨਵੇਂ ਗਰਿੱਡਾਂ ਦੇ ਚਾਲੂ ਨਾ ਹੋਣ ਕਾਰਨ ਵਧਿਆ ਹੈ। ਪੰਜਾਬ ਰਾਜ ਬਿਜਲੀ ਨਿਗਮ ਨੇ 3000 ਫੀਡਰਾਂ ‘ਤੇ ਖੇਤੀ ਖੇਤਰ ਲਈ ਬਿਜਲੀ ਦੀ ਸਪਲਾਈ ਅੱਠ ਘੰਟੇ ਦੇਣ ਦਾ ਪ੍ਰਬੰਧ ਕੀਤਾ ਹੈ। ਨਿਗਮ ਦੇ ਅਧਿਕਾਰੀਆਂ ਮੁਤਾਬਕ ਜੂਨ ਦੇ ਅੰਤਲੇ ਦਿਨਾਂ ਤੇ ਜੁਲਾਈ ਮਹੀਨੇ ਦੌਰਾਨ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਤੋਂ ਵੀ ਟੱਪ ਜਾਣ ਦੇ ਆਸਾਰ ਹਨ ਜਦੋਂਕਿ ਬਿਜਲੀ ਦੀ ਉਪਲੱਬਧਤਾ 8395 ਮੈਗਾਵਾਟ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਖੇਤਰ ਦੇ ਥਰਮਲ ਪਲਾਂਟਾਂ ਤੋਂ ਬਿਜਲੀ 2012 ਦੇ ਅੰਤ ਤੱਕ ਆਉਣ ਦੇ ਦਾਅਵੇ ਕੀਤੇ ਗਏ ਸਨ ਪਰ ਗੋਇੰਦਵਾਲ ਸਾਹਿਬ, ਤਲਵੰਡੀ ਸਾਬੋ ਤੇ ਰਾਜਪੁਰਾ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਇਕ ਵੀ ਯੂਨਿਟ ਚਾਲੂ ਨਹੀਂ ਹੋਇਆ। ਇਸ ਲਈ ਬਿਜਲੀ ਨਿਗਮ ਦਾ ਸਾਰਾ ਦਾਰੋਮਦਾਰ ਮੁੱਲ ਦੀ ਬਿਜਲੀ ‘ਤੇ ਹੀ ਟਿਕਿਆ ਹੋਇਆ ਹੈ। ਸੂਤਰਾਂ ਅਨੁਸਾਰ ਸਿਰਫ਼ ਝੋਨੇ ਦੇ ਸੀਜ਼ਨ ਦੌਰਾਨ ਹੀ ਪੰਜ ਹਜ਼ਾਰ ਕਰੋੜ ਰੁਪਏ ਤੋਂ ਵਧੀਕ ਦੀ ਬਿਜਲੀ ਖਰੀਦੀ ਜਾਵੇਗੀ। ਨਿਗਮ ਦੇ ਅਧਿਕਾਰੀਆਂ ਨੇ ਕੁਝ ਟੇਕ ਭਰਵੀਂ ਮਾਨਸੂਨ ‘ਤੇ ਵੀ ਲਾਈ ਹੋਈ ਹੈ। ਬਿਜਲੀ ਨਿਗਮ ਵੱਲੋਂ ਬਿਜਲੀ ਦੇ ਗਰਿੱਡ ਅਪਗਰੇਡ ਨਾ ਕਰਨ ਕਾਰਨ ਸੂਬੇ ਦੇ ਵੱਡੇ ਹਿੱਸੇ ਵਿਚ ਬਿਜਲੀ ਸੰਕਟ ਮੂੰਹ ਅੱਡੀ ਖੜ੍ਹਾ ਹੈ। ਜਾਣਕਾਰੀ ਮੁਤਾਬਕ ਕੁੱਲ 4000 ਫੀਡਰਾਂ ਵਿਚ ਇਕ ਹਜ਼ਾਰ ਫੀਡਰ ਅਜਿਹਾ ਹੈ ਜੋ ਓਵਰਲੋਡ ਮੰਨਿਆ ਜਾਂਦਾ ਹੈ। ਇਨ੍ਹਾਂ ਫੀਡਰਾਂ ‘ਤੇ ਬਿਜਲੀ ਦੀ ਸਪਲਾਈ ਜ਼ਿਆਦਾ ਨਹੀਂ ਦਿੱਤੀ ਜਾ ਸਕਦੀ। ਲਿਹਾਜ਼ਾ ਖੇਤੀ ਖੇਤਰ ਲਈ 25 ਫੀਸਦੀ ਹਿੱਸੇ ਵਿਚ ਛੇ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਸਕੇਗੀ। ਓਵਰਲੋਡ ਵਾਲੇ ਫੀਡਰਾਂ ਵਿਚ ਸੰਗਰੂਰ, ਬਰਨਾਲਾ ਸਮੇਤ ਮਾਲਵੇ ਦੇ ਹੋਰ ਜ਼ਿਲ੍ਹੇ ਤੇ ਸਰਹੱਦੀ ਖੇਤਰ ਹੀ ਮੰਨੇ ਜਾਂਦੇ ਹਨ। ਬਿਜਲੀ ਨਿਗਮ ਦੇ ਅਧਿਕਾਰੀਆਂ ਮੁਤਾਬਕ ਪੰਜਾਬ ਵਿਚ ਆਪਣੇ ਥਰਮਲਾਂ ਤੋਂ ਬਿਜਲੀ ਦਾ ਉਤਪਾਦਨ 288 ਮੈਗਾਵਾਟ, ਬੀæਬੀæਐਮæਬੀæ ਤੋਂ 670 ਮੈਗਾਵਾਟ, ਕੇਂਦਰੀ ਪੂਲ ਤੋਂ 2500 ਮੈਗਾਵਾਟ, ਬੈਂਕਿੰਗ ਰਾਹੀਂ 425 ਮੈਗਾਵਾਟ, ਪੇਡਾ ਦੇ ਪ੍ਰੋਜੈਕਟਾਂ ਤੋਂ 100 ਮੈਗਾਵਾਟ ਤੇ ਸ਼ਾਰਟ ਟਰਮ ਖਰੀਦ ਬੰਦੋਬਸਤ 199 ਮੈਗਾਵਾਟ ਦੇ ਹਨ। ਇਹ ਕੁੱਲ ਉਪਲੱਬਧਤਾ 8395 ਮੈਗਾਵਾਟ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਇਸ ਵਾਰੀ 27 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਹੋਣ ਦੀ ਸੰਭਾਵਨਾ ਹੈ। ਸਰਕਾਰ ਨੇ ਫਸਲੀ ਵਿਭਿੰਨਤਾ ਤਹਿਤ ਝੋਨੇ ਦੀ ਫਸਲ ਹੇਠੋਂ ਕੁਝ ਰਕਬਾ ਕੱਢਣ ਦਾ ਪ੍ਰੋਗਰਾਮ ਉਲੀਕਿਆ ਹੈ ਪਰ ਪਹਿਲੇ ਸਾਲ ਇਸ ਨੂੰ ਜ਼ਿਆਦਾ ਸਫਲਤਾ ਨਹੀਂ ਮਿਲ ਸਕਦੀ। ਇਕ ਲੱਖ ਹੈਕਟੇਅਰ ਰਕਬਾ ਹੀ ਝੋਨੇ ਦੇ ਹੇਠੋਂ ਕੱਢਿਆ ਜਾ ਸਕਦਾ ਹੈ। ਪਿਛਲੇ ਸਾਲ 28 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਹੋਈ ਸੀ। ਪਿਛਲੇ ਸਾਲ ਬਿਜਲੀ ਦੀ ਮੰਗ 11 ਹਜ਼ਾਰ ਮੈਗਾਵਾਟ ਸੀ। ਨਿਗਮ ਮੁਤਾਬਕ ਹਰ ਸਾਲ ਬਿਜਲੀ ਦੀ ਮੰਗ ਵਿਚ ਪੰਜ ਫੀਸਦੀ ਦਾ ਵਾਧਾ ਮੰਨਿਆ ਜਾਂਦਾ ਹੈ।
Leave a Reply