ਭਾਰਤੀ ਸਿਨੇਮਾ ਨੇ ਆਪਣੇ 100 ਵਰ੍ਹੇ ਪੂਰੇ ਕਰ ਲਏ ਹਨ। ਇਸ ਦੇ ਸ਼ੁਰੂਆਤੀ ਦੌਰ ਵਿਚ ਰੂੜ੍ਹੀਵਾਦੀ, ਛੂਆ-ਛਾਤ ਤੇ ਗੁਲਾਮੀ ਨੇ ਸਮਾਜ ਨੂੰ ਪੂਰੀ ਤਰ੍ਹਾਂ ਜਕੜਿਆ ਹੋਇਆ ਸੀ।ਉਸ ਦੌਰ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ ਵੀ ਸਮਾਜ ਦੇ ਉਦੋਂ ਦੇ ਹਾਲਾਤ ਨੂੰ ਦਰਸਾਉਂਦੀਆਂ ਹਨ। 1936 ਵਿਚ ਪ੍ਰਦਰਸ਼ਿਤ ਫ਼ਿਲਮ ‘ਅਛੂਤ ਕੰਨਿਆ’ ਰਾਹੀਂ ਇਕ ਛੂਆ-ਛਾਤ ਦਾ ਦੁੱਖ ਸਹਿੰਦੀ ਮੁਟਿਆਰ ਦੀ ਕਹਾਣੀ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਗਿਆ ਸੀ। ਸਮਾਜ ਵਿਚ ਕੁਝ ਹਾਂਪੱਖੀ ਤਬਦੀਲੀਆਂ ਹੋਈਆਂ ਪਰ ਆਜ਼ਾਦੀ ਤੋਂ ਬਾਅਦ ਰਾਸ਼ਟਰ ਨਿਰਮਾਣ ਦੀ ਚੁਣੌਤੀ ਸਾਹਮਣੇ ਸੀ।
ਇਸ ਸਮੇਂ ਦੌਰਾਨ ਸਿਨੇਮਾ ਨੇ ਆਪਣੀਆਂ ਸਮਾਜਕ ਜ਼ਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਿਆ। ਇਕ ਪਾਸੇ ‘ਦੋ ਬੀਘਾ ਜ਼ਮੀਨ’, ‘ਨੀਚਾ ਨਗਰ’, ‘ਮਦਰ ਇੰਡੀਆ’ ਤੇ ‘ਦੋ ਆਂਖੇਂ ਬਾਰਾਹ ਹਾਥ’ ਵਰਗੀਆਂ ਸਮਾਜਕ ਸਰੋਕਾਰ ਵਾਲੀਆਂ ਫ਼ਿਲਮਾਂ ਪ੍ਰਦਰਸ਼ਿਤ ਹੋਈਆਂ ਦੂਜੇ ਪਾਸੇ ‘ਮਧੂਮਤੀ’ ਤੇ ‘ਸ੍ਰੀ 420’ ਵਰਗੀਆਂ ਮਨੋਰੰਜਨ ਫ਼ਿਲਮਾਂ ਵੀ ਬਣਾਈਆਂ। ਚੇਤਨ ਆਨੰਦ ਦੀ ‘ਨੀਚਾ ਨਗਰ’ ਵਿਚ ਕਾਮਿਆਂ ਤੇ ਮਾਲਕਾਂ ਦੇ ਸੰਘਰਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਵੀæ ਸ਼ਾਂਤਾ ਰਾਮ, ਵਿਮਲ ਰਾਏ, ਰਾਜ ਕਪੂਰ, ਗੁਰੂ ਦੱਤ ਨੇ ਅਜਿਹੀਆਂ ਫ਼ਿਲਮਾਂ ਨੂੰ ਨਵੀਆਂ ਉਚਾਈਆਂ ਉਤੇ ਪਹੁੰਚਾਇਆ। ‘ਸੁਜਾਤਾ’ ਵਿਚ ਵਿਮਲ ਰਾਏ ਦੀਪਕਾ ਰਾਣੀ ਤੋਂ ਵਧੇਰੇ ਪ੍ਰਮਾਣਿਕ ਅਛੂਤ ਕੰਨਿਆ (ਨੂਤਨ) ਪੇਸ਼ ਕੀਤੀ। ਆਜ਼ਾਦੀ ਤੋਂ ਬਾਅਦ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ ਵਿਚ ਸਮਾਜਕ ਸਮੱਸਿਆਵਾਂ ਦੇ ਨਾਲ ਹੀ ਅੰਗਰੇਜ਼ਾਂ ਪ੍ਰਤੀ ਨਫ਼ਰਤ ਤੇ ਅਮੀਰ-ਗਰੀਬ ਵਿਚਲੇ ਪਾੜੇ ਨੂੰ ਵੀ ਅਹਿਮ ਥਾਂ ਦਿੱਤੀ ਜਾਂਦੀ ਸੀ।
ਆਜ਼ਾਦੀ ਤੋਂ ਤਿੰਨ-ਚਾਰ ਦਹਾਕੇ ਬਾਅਦ ਹਾਲਾਤ ਹੋਰ ਸੁਧਰੇ। ਤਕਨੀਕੀ ਪੱਧਰ ‘ਤੇ ਤਰੱਕੀ ਹੋਈ, ਭਾਰਤ ਨੇ ਵਿਕਾਸ ਵੱਲ ਕਦਮ ਪੁੱਟਿਆ ਤਾਂ ਕੁਝ ਨਵੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ। ਰੋਜ਼ਮਰ੍ਹਾ ਦੇ ਜੀਵਨ ਵਿਚ ਅਸੰਤੁਸ਼ਟ ਆਮ ਆਦਮੀ ਤੇਜ਼-ਤਰਾਰ ਹੋਣ ਲੱਗਾ। ਵਿਵਸਥਾ ਨਾਲ ਜੂਝਦੇ ਆਮ ਆਦਮੀ ਦੀ ਹਾਲਤ ਤੇ ਕ੍ਰੋਧ ਨੂੰ ਫ਼ਿਲਮਕਾਰਾਂ ਨੇ ਸਮਝਿਆ ਤੇ ਉਸ ਨੂੰ ਆਪਣੀਆਂ ਫ਼ਿਲਮਾਂ ਦੀ ਮੁੱਖ ਕਹਾਣੀ ਵੀ ਬਣਾਇਆ। ਸਿੱਟੇ ਵਜੋਂ ‘ਦੀਵਾਰ’ ਤੇ ‘ਜ਼ੰਜੀਰ’ ਵਰਗੀਆਂ ਫ਼ਿਲਮਾਂ ਦਾ ਨਿਰਮਾਣ ਹੋਇਆ। ਇਸ ਦੌਰ ਦਾ ਨਾਇਕ ਧਾਕੜ ਤੇ ਲੜਾਕਾ ਸੀ। ਉਸ ਦੌਰ ਵਿਚ ਭਾਰਤ ਦੇ ਨੌਜਵਾਨਾਂ ਵਿਚ ਗੁੱਸਾ ਸੀ। ਸਲੀਮ-ਜਾਵੇਦ ਨੇ ਉਸੇ ਆਕ੍ਰੋਸ਼ ਨੂੰ ਆਵਾਜ਼ ਦਿੱਤੀ। ਲੋਕਾਂ ਨੂੰ ਅਜਿਹਾ ਨਾਇਕ ਚੰਗਾ ਲਗਦਾ ਸੀ ਜੋ ਸਿਸਟਮ ਦੇ ਖਿਲਾਫ਼ ਖੜ੍ਹਾ ਹੁੰਦਾ ਸੀ। ਉਸੇ ਦੌਰ ਵਿਚ ਸ਼ਿਆਮ ਬੈਨੇਗਲ ਦੀ ‘ਅੰਕੁਰ’, ‘ਮੰਥਨ’, ਗੋਵਿੰਦ ਨਿਲਹਾਨੀ ਦੀ ‘ਆਕ੍ਰੋਸ਼’, ‘ਅਰਧ-ਸੱਤਿਆ’ ਨਾਲ ਸਮਾਜ ਦੀਆਂ ਕਈ ਭਖਦੀਆਂ ਸਮੱਸਿਆਵਾਂ ਨਾਲ ਰੂ-ਬਰੂ ਕਰਵਾਇਆ। ਸਮਿਤਾ ਪਾਟਿਲ ਦੀ ‘ਚੱਕਰ’ ਮੀਲ ਦਾ ਪੱਥਰ ਸਾਬਤ ਹੋਈ ਸੀ।
ਆਜ਼ਾਦੀ ਦੀ ਗੋਲਡਨ ਜੁਬਲੀ ਨਾਲ ਹੀ ਭਾਰਤੀ ਸਮਾਜ ਆਧੁਨਿਕ ਹੋਣ ਲੱਗਾ। ਫ਼ਿਲਮਾਂ ਵਿਚ ਇਸ ਸਮਾਜਕ ਤਬਦੀਲੀ ਦਾ ਅਸਰ ਵੀ ਦੇਖਣ ਨੂੰ ਮਿਲਿਆ। ਨਾਇਕ ਤੇ ਨਾਇਕਾ ਦੇ ਪ੍ਰੇਮ ਸਬੰਧਾਂ ਵਿਚ ਹੁਣ ਹਾਲਾਤ ਜਾਂ ਉਨ੍ਹਾਂ ਦਾ ਕਰੀਅਰ ਖਲਨਾਇਕ ਹੋਣ ਲੱਗਾ, ਨਾ ਕਿ ਉਨ੍ਹਾਂ ਦੇ ਭਰਾ ਜਾਂ ਪਿਤਾ। ਨੌਜਵਾਨਾਂ ਲਈ ਸਫ਼ਲਤਾ ਦੀ ਦੌੜ ਵਿਚ ਦੌੜਨਾ ਅਹਿਮ ਹੋ ਗਿਆ, ਨਾ ਕਿ ਪ੍ਰੇਮ ਰਸ ਵਿਚ ਡੁੱਬਣਾ। ‘ਥ੍ਰੀ ਇਡੀਅਟਸ’ ਵਿਚ ਮੌਜੂਦਾ ਨੌਜਵਾਨ ਪੀੜ੍ਹੀ ਦੇ ਇਸ ਪੱਖ ਦਾ ਵਰਨਣ ਕੀਤਾ ਗਿਆ ਹੈ। ਦਾਦਾ ਸਾਹਿਬ ਫਾਲਕੇ ਨੇ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖ ਕੇ ‘ਰਾਜਾ ਹਰੀਸ਼ ਚੰਦਰ’ ਦਾ ਨਿਰਮਾਣ ਕੀਤਾ। ਇਸ ਤਰ੍ਹਾਂ ਭਾਰਤੀ ਸਿਨੇਮਾ ਦੀ ਨੀਂਹ ਰੱਖੀ ਗਈ। ਫ਼ਿਲਮ ਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਦਾਦਾ ਸਾਹਿਬ ਫਾਲਕੇ ਨੇ ਨਾਸਿਕ ਵਿਚ ‘ਹਿੰਦੁਸਤਾਨ ਫ਼ਿਲਮ ਕੰਪਨੀ’ ਸਥਾਪਤ ਕੀਤੀ। ਉਸ ਸਮੇਂ ਫ਼ਿਲਮ ਇੰਡਸਟਰੀ ਨੂੰ ਕਾਟੇਜ ਇੰਡਸਟਰੀ ਦਾ ਨਾਂ ਦਿੱਤਾ ਜਾਂਦਾ ਸੀ। ਉਸ ਦੌਰ ਵਿਚ ਫ਼ਿਲਮ ਨਿਰਮਾਣ ਫਾਇਦੇਮੰਦ ਧੰਦਾ ਨਹੀਂ ਸੀ। ਹੌਲੀ-ਹੌਲੀ ਸਟੂਡੀਓ ਸਿਸਟਮ ਦੀ ਸ਼ੁਰੂਆਤ ਹੋਈ।
ਫ਼ਿਲਮ ਨਿਰਮਾਣ ਦੀ ਪ੍ਰਕਿਰਿਆ ਨੂੰ ਤਰਤੀਬਬੱਧ ਕਰਨ ਲਈ ਸਟੂਡੀਓ ਸਿਸਟਮ ਦੀ ਸ਼ੁਰੂਆਤ ਹੋਈ। ਇੰਪੀਰੀਅਲ ਸਟੂਡੀਓ, ਵਾਡੀਆ ਮੂਵੀਟੋਨ, ਰਣਜੀਤ ਸਟੂਡੀਓ, ਪ੍ਰਭਾਤ ਸਟੂਡੀਓ, ਬੰਬੇ ਟਾਕੀਜ਼ ਸਟੂਡੀਓ ਸਥਾਪਤ ਹੋਏ। ਸਿੱਟੇ ਵਜੋਂ ਫ਼ਿਲਮ ਨਿਰਮਾਣ ਵਿਚ ਤੇਜ਼ੀ ਆਈ। ਜਿਵੇਂ-ਜਿਵੇਂ ਵਧੇਰੇ ਫ਼ਿਲਮਾਂ ਬਣਨੀਆਂ ਸ਼ੁਰੂ ਹੋਈਆਂ ਤਾਂ ਅਭਿਨੇਤਾ-ਅਭਿਨੇਤਰੀਆਂ ਨੂੰ ਸਟਾਰਜ਼ ਸਟੇਟਸ ਮਿਲਣ ਲੱਗਾ ਤਾਂ ਉਨ੍ਹਾਂ ਨੇ ਮਿਹਨਤਾਨਾ ਵਧਾਉਣ ਦੀ ਮੰਗ ਕੀਤੀ। ਅੰਤ ਫ਼ਿਲਮ ਨਿਰਮਾਤਾਵਾਂ ਨੂੰ ਫਾਈਨਾਂਸਰਾਂ ਦਾ ਸਹਾਰਾ ਲੈਣਾ ਪਿਆ। ਫ਼ਿਲਮਾਂ ਵਿਚ ਕਾਰਪੋਰੇਟ ਜਗਤ ਦਾ ਨਿਵੇਸ਼ ਸ਼ੁਰੂ ਹੋਇਆ। ਫ਼ਿਲਮ ਨਿਰਮਾਣ ਕੰਪਨੀਆਂ ਬਣਾਈਆਂਗਈਆਂ ਜਿਨ੍ਹਾਂ ਵਿਚ ਮੁਕਤਾ ਆਰਟਸ, ਯਸ਼ਰਾਜ ਫ਼ਿਲਮਜ਼, ਵਾਇਓਕਾਮ 18, ਰਿਲਾਇੰਸ ਇੰਟਰਟੇਨਮੈਂਟ, ਯੂ ਟੀæ ਵੀæ ਮੋਸ਼ਨ ਪਿਕਰਜ਼, ਈਰੋਜ਼ ਇੰਟਰਨੈਸ਼ਨਲ, ਬਾਲਾਜੀ ਟੈਲੀਫ਼ਿਲਮ ਵਰਨਣਯੋਗ ਹਨ। ਕਾਰਪੋਰੇਟ ਜਗਤ ਦੇ ਫ਼ਿਲਮ ਜਗਤ ਵਿਚ ਦਾਖਲੇ ਨਾਲ ਫ਼ਿਲਮ ਜਗਤ ਨੂੰ ਇੰਡਸਟਰੀ ਦਾ ਦਰਜਾ ਮਿਲ ਗਿਆ ਤੇ ਫ਼ਿਲਮ ਇੰਡਸਟਰੀ ਬਾਕਾਇਦਾ ਭਾਰਤੀ ਅਰਥ ਵਿਵਸਥਾ ਦਾ ਹਿੱਸਾ ਬਣ ਗਈ। ਪਿਛਲੇ 100 ਸਾਲਾਂ ਵਿਚ ਫ਼ਿਲਮ ਇੰਡਸਟਰੀ ਵਿਚ ਆਰਥਿਕ ਵਾਧੇ ਦੀ ਦਰ ਦਾ ਔਸਤ ਕੱਢੀਏ ਤਾਂ ਇਹ 3 ਤੋਂ 6 ਫ਼ੀਸਦੀ ਦੇ ਦਰਮਿਆਨ ਰਹੀ ਹੈ। ਹਜ਼ਾਰ ਰੁਪਏ ਦੇ ਮਾਲੀਏ ਨਾਲ ਸ਼ੁਰੂ ਹੋਇਆ ਹਿੰਦੀ ਸਿਨੇਮਾ ਦਾ ਵਪਾਰ ਤਕਰੀਬਨ 93 ਅਰਬ ਰੁਪਏ ਤੱਕ ਪਹੁੰਚ ਚੁੱਕਾ ਹੈ। ਇਕ ਸਰਵੇ ਅਨੁਸਾਰ ਫ਼ਿਲਮ ਇੰਡਸਟਰੀ ਹਰ ਸਾਲ ਭਾਰਤੀ ਅਰਥ ਵਿਵਸਥਾ ਵਿਚ ਲਗਭਗ 1æ5 ਅਰਬ ਯੋਗਦਾਨ ਦਿੰਦੀ ਹੈ।
Leave a Reply