ਸ਼ਾਇਰੀ ਤੋਂ ਡਰਦੀ ਸੱਤਾ

ਗੁਰਜੰਟ ਸਿੰਘ
ਇਨਕਲਾਬੀ ਸ਼ਾਇਰ ਵਰਵਰਾ ਰਾਓ ਇਕ ਵਾਰ ਫਿਰ ਚਰਚਾ ਵਿਚ ਹੈ। ਉਹ ਤੇਲਗੂ ਭਾਸ਼ਾ ਦਾ ਸਮਰੱਥ ਸ਼ਾਇਰ ਹੈ ਅਤੇ ਉਨ੍ਹਾਂ ਲੋਕਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਨੂੰ ਮੋਦੀ ਸਰਕਾਰ ਹਰ ਹਾਲ ਜੇਲ੍ਹ ਵਿਚ ਰੱਖਣਾ ਚਾਹੁੰਦੀ ਹੈ। ਉਹਨੇ ਕਵਿਤਾ ਦੀਆਂ ਤਕਰੀਬਨ 15 ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ ਅਣਗਿਣਤ ਲੇਖ ਲਿਖੇ ਅਤੇ ਸਾਹਿਤ ਆਲੋਚਨਾ ‘ਤੇ ਮੁੱਲਵਾਨ ਕੰਮ ਕੀਤਾ। ਉਹ ਲੰਮਾ ਸਮਾਂ ਤੇਲਗੂ ਸਾਹਿਤ ਦੀ ਜੂਝਾਰ ਪਰੰਪਰਾ ਵਾਲੇ ਪਰਚੇ ‘ਸਰੰਜਨਾ’ (ਸਿਰਜਣਾ) ਦੇ ਸੰਪਾਦਕ ਰਹੇ ਹਨ।

ਇਹ ਪਰਚਾ 1966 ਵਿਚ ਤ੍ਰੈਮਾਸਿਕ ਵਜੋਂ ਆਰੰਭ ਕੀਤਾ ਗਿਆ ਸੀ ਜੋ ਬਾਅਦ ਵਿਚ ਮਹੀਨੇਵਾਰ ਨਿਕਲਣ ਲੱਗ ਪਿਆ। ਇਹ ਪਰਚਾ 1992 ਤੱਕ ਛਪਦਾ ਰਿਹਾ ਪਰ ਉਨ੍ਹਾਂ ਦਾ ਚਰਚਾ ਉਨ੍ਹਾਂ ਦਾ ਨਾਂ ਦਸੰਬਰ 2017 ਨੂੰ ਹੋਈ ਭੀਮਾ ਕੋਰੇਗਾਓਂ ਵਾਲੀ ਘਟਨਾ ਨਾਲ ਜੁੜੇ ਕੇਸ ਵਿਚ ਹੋਣ ਲੱਗ ਪਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਥਿਤ ਹੱਤਿਆ ਸਾਜ਼ਿਸ਼ ਕੇਸ ਵਿਚ ਵੀ ਉਨ੍ਹਾਂ ਦਾ ਨਾਂ ਬੋਲਦਾ ਹੈ। ਪੂਨਾ ਪੁਲਿਸ ਵਲੋਂ ਦਰਜ ਐਫ਼ਆਈ.ਆਰ. ਰਾਹੀਂ ਜੂਨ 2018 ਪਹਿਲਾਂ ਜੋ ਬੰਦੇ ਗ੍ਰਿਫਤਾਰ ਕੀਤੇ ਜਾਂਦੇ ਹਨ, ਉਨ੍ਹਾਂ ਵਿਚ ਸੁਰਿੰਦਰ ਗਾਡਲਿੰਗ (ਨਾਗਪੁਰ ਯੂਨੀਵਰਸਿਟੀ ਦਾ ਪ੍ਰੋਫੈਸਰ), ਪ੍ਰੋਫੈਸਰ ਸੋਮਾ ਸੈਨ, ਸੁਧੀਰ ਦੇਵਰਾ, ਉਘਾ ਪੱਤਰਕਾਰ ਰੋਨਾ ਵਿਲਸਨ ਆਦਿ ਲੋਕ ਹਨ। ਉਸ ਤੋਂ ਬਾਅਦ ਅਗਸਤ 2018 ਵਿਚ ਅੱਸੀ ਸਾਲਾਂ ਦੇ ਸ਼ਾਇਰ ਵਰਵਰਾ ਰਾਓ ਅਤੇ ਫਿਰ ਮਸ਼ਹੂਰ ਹਫਤਾਵਾਰੀ ‘ਇਕਨੌਮਿਕ ਐਂਡ ਪੁਲਿਟੀਕਲ ਵੀਕਲੀ’ ਨਾਲ ਜੁੜੇ ਪੱਤਰਕਾਰ ਤੇ ਲੇਖਕ ਗੌਤਮ ਨਵਲੱਖਾ ਸਮੇਤ ਕਈ ਹੋਰ ਲੋਕ ਗ੍ਰਿਫਤਾਰ ਕਰ ਲਏ ਗਏ।
ਵਰਵਰਾ ਰਾਓ ਦਾ ਜਨਮ 3 ਨਵੰਬਰ 1940 ਨੂੰ ਹੋਇਆ। ਉਹ 1957 ਤੋਂ ਜਦੋਂ ਉਹ ਸਿਰਫ 17 ਵਰ੍ਹਿਆਂ ਦੇ ਸਨ, ਕਵਿਤਾ ਲਿਖ ਰਹੇ ਹਨ। ਤੇਲਗੂ ਸਾਹਿਤ ਅਤੇ ਆਲੋਚਨਾ ਵਿਚ ਉਨ੍ਹਾਂ ਦਾ ਬੜਾ ਨਾਂ-ਥਾਂ ਹੈ ਅਤੇ ਉਨ੍ਹਾਂ 40 ਵਰ੍ਹੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ। ਉਨ੍ਹਾਂ ਦੀਆਂ ਲਿਖਤਾਂ ਭਾਰਤ ਦੀਆਂ ਤਮਾਮ ਭਾਸ਼ਾਵਾਂ ਵਿਚ ਅਨੁਵਾਦ ਹੋਈਆਂ। ਉਹ ਸਮੇਂ-ਸਮੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੇਖਕਾਂ ਬੁੱਧੀਜੀਵੀਆਂ ਨੂੰ ਸੰਬੋਧਤ ਹੁੰਦੇ ਰਹੇ। ਪੰਜਾਬ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਓ ਰਿਹਾ ਹੈ।
ਵਰਵਰਾ ਰਾਓ ਬੰਬਈ ਦੀ ਤੈਲੂਜਾ ਜੇਲ ਵਿਚ ਬੰਦ ਸੀ, ਹੁਣ ਉਸ ਨੂੰ ਬੰਬਈ ਦੇ ਜੇ.ਜੇ. ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਸ ਦੇ ਬ੍ਰੇਨ ਵਿਚ ਸੋਡੀਅਮ ਤੇ ਪੋਟਾਸ਼ੀਅਮ ਦੀ ਘਾਟ ਹੋ ਗਈ ਹੈ ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਮਰੱਥਾ ਬੁਰੀ ਤਰ੍ਹਾਂ ਗੜਬੜਾ ਗਈ ਹੈ।
ਵਰਵਰਾ ਰਾਓ ਸਦਾ ਹੀ ਲੋਕਾਂ ਲਈ ਜੂਝਦੇ ਰਹੇ ਹਨ। ਉਨ੍ਹਾਂ ਨੂੰ ਸਭ ਤੋਂ ਪਹਿਲਾਂ ਅਕਤੂਬਰ 1973 ਵਿਚ ‘ਮੀਸਾ’ ਤਹਿਤ ਗ੍ਰਿਫਤਾਰ ਕੀਤਾ ਗਿਆ ਪਰ ਹਾਈ ਕੋਰਟ ਦੇ ਦਖਲ ਪਿਛੋਂ ਡੇਢ ਮਹੀਨੇ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਦਾਲਤ ਨੇ ਸਰਕਾਰ ਨੂੰ ਤਾੜ ਕੇ ਕਿਹਾ ਕਿ ਲੇਖਕਾਂ ਨੂੰ ਇਸ ਤਰ੍ਹਾਂ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ ਪਰ ਸਰਕਾਰ ਨੇ ਕੁਝ ਮਹੀਨਿਆਂ ਬਾਅਦ ਹੀ ਫਿਰ ਵਰਵਰਾ ਰਾਓ ਅਤੇ ਹੋਰ ਨਿਕਲਾਬੀ ਲੇਖਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਮਈ 1974 ਵਿਚ ਸਕੰਦਰਾਬਾਦ ਸਾਜ਼ਿਸ਼ ਕੇਸ ਵਿਚ ਫਸਾ ਲਿਆ। ਇਸ ਕੇਸ ਵਿਚੋਂ ਇਹ ਸਾਰੇ ਬਾਅਦ ਵਿਚ ਫਰਵਰੀ 1989 ਵਿਚ ਬਰੀ ਹੋਏ। ਐਮਰਜੈਂਸੀ ਦੌਰਾਨ ਵੀ ਉਨ੍ਹਾਂ ਗ੍ਰਿਫਤਾਰ ਕੀਤਾ ਗਿਆ।
ਸਾਲ 2001 ਵਿਚ ਉਨ੍ਹਾਂ ਨਕਸਲਵਾਦੀਆਂ ਅਤੇ ਆਂਧਰਾ ਪ੍ਰਦੇਸ਼ ਦੀ ਤੇਲਗੂ ਦੇਸਮ ਸਰਕਾਰ ਵਿਚਕਾਰ ਚੱਲੀ ਗੱਲਬਾਤ ਵਿਚ ਹਿੱਸਾ ਲਿਆ ਅਤੇ ਇਨਕਲਾਬੀਆਂ ਦਾ ਪੱਖ ਰੱਖਿਆ। ਉਸ ਵਕਤ ਉਨ੍ਹਾਂ ਨਾਲ ਮਸ਼ਹੂਰ ਇਨਕਲਾਬੀ ਗਾਇਕ ਗਦਰ ਵੀ ਸੀ। ਉਨ੍ਹਾਂ ਨੇ ਸਦਾ ਹੀ ਅਵਾਮ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸੇ ਕਰ ਕੇ ਹੁਣ ਮੋਦੀ ਸਰਕਾਰ ਉਨ੍ਹਾਂ ਅਤੇ ਉਨ੍ਹਾਂ ਵਰਗੇ ਹੋਰ ਕਾਰਕੁਨਾਂ ਖਿਲਾਫ ਸਖਤੀ ਕਰ ਰਹੀ ਹੈ ਤਾਂ ਕਿ ਵਿਰੋਧ ਦੀ ਹਰ ਆਵਾਜ਼ ਬੰਦ ਕੀਤੀ ਜਾ ਸਕੇ। ਹੋਰ ਤਾਂ ਹੋਰ, ਜੇਲ੍ਹ ਵਿਚ ਉਨ੍ਹਾਂ ਦੀ ਸਿਹਤ ਦਾ ਉਕਾ ਹੀ ਧਿਆਨ ਨਹੀਂ ਰੱਖਿਆ ਜਾ ਰਿਹਾ।