ਅਦਾਕਾਰਾ ਦੀਪਤੀ ਨਵਲ ਦਾ ਦਰਦ ਵਾਲਾ ਦੀਪ

ਨੌਜਵਾਨ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਫਿਲਮੀ ਦੁਨੀਆਂ ਦੀਆਂ ਬਹੁਤ ਸਾਰੀਆਂ ਪਰਤਾਂ ਖੁੱਲ੍ਹ ਰਹੀਆਂ ਹਨ ਅਤੇ ਇਹ ਸੱਚ ਸਭ ਦੇ ਸਾਹਮਣੇ ਆ ਰਿਹਾ ਹੈ ਕਿ ਦਮਕ-ਦਮਕ ਵਾਲੀ ਇਸ ਦੁਨੀਆਂ ਦੇ ਲੋਕ ਕਿਸ ਤਰ੍ਹਾਂ ਦੇ ਤਣਾਵਾਂ ਵਿਚੋਂ ਲੰਘਦੇ ਹਨ। ਸੁਸ਼ਾਂਤ ਰਾਜਪੂਤ ਵਾਲੇ ਕੇਸ ਨਾਲ ਫਿਲਮੀ ਦੁਨੀਆਂ ਅੰਦਰ ਭਾਈ-ਭਤੀਜਾਵਾਦ ਦੀ ਗੱਲ ਤਾਂ ਚੱਲੀ ਹੀ ਹੈ, ਨਾਲ ਇਹ ਖੁਲਾਸੇ ਵੀ ਹੋਏ ਹਨ ਕਿ ਅੰਤਾਂ ਦੇ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਇਸ ਦੁਨੀਆਂ ਵਿਚ ਤੁਹਾਡੀ ਕੋਈ ਵੁਕਅਤ ਨਹੀਂ।

ਆਮ ਦਰਸ਼ਕਾਂ ਜਾਂ ਬਾਹਰ ਦੀ ਦੁਨੀਆਂ ਨੂੰ ਜਿਹੜੇ ਲੋਕ ਆਮ ਕਰ ਕੇ ਨਾਇਕ ਦਿਸਦੇ ਹਨ, ਉਹ ਬਹੁਤ ਸਾਰੇ ਮਾਮਲਿਆਂ ਵਿਚ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਖਲਨਾਇਕਾਂ ਬਾਰੇ ਚਰਚਾ ਪਹਿਲਾਂ ਵੀ ਦੱਬਵੀਂ ਸੁਰ ਵਿਚ ਹੁੰਦੀ ਰਹੀ ਹੈ ਪਰ ਹੁਣ ਇਹ ਚਰਚਾ ਸਿਖਰਾਂ ਛੂਹ ਰਹੀ ਹੈ।
ਸੁਸ਼ਾਂਤ ਦੀ ਮੌਤ ਪਿਛੋਂ ਸ਼ੁਰੂ ਹੋਈ ਚਰਚਾ ਦੇ ਨਾਲ-ਨਾਲ ਪ੍ਰਸਿਧ ਅਦਾਕਾਰਾ ਦੀਪਤੀ ਨਵਲ ਨੇ 90ਵਿਆਂ ਦੌਰਾਨ ਆਪਣੇ ਮਾਨਸਿਕ ਤਣਾਅ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੇ ਮਨ ਵੀ ਖੁਦਕੁਸ਼ੀ ਕਰ ਲੈਣ ਦਾ ਖਿਆਲਾਂ ਆ ਗਿਆ ਸੀ ਅਤੇ ਉਸ ਨੂੰ ਇਸ ਖਲਜਗਣ ਵਿਚੋਂ ਨਿਕਲਣ ਲਈ ਬਹੁਤ ਪੱਧਰਾਂ ਉਤੇ ਜੂਝਣਾ ਪਿਆ ਸੀ। ਦੀਪਤੀ ਨਵਲ ਨੇ ਆਪਣੇ ਮਾਨਸਿਕ ਤਣਾਅ ਨਾਲ ਸੰਘਰਸ਼ ਦੌਰਾਨ ਲਿਖੀ ਕਵਿਤਾ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ ਅਤੇ ਬਹੁਤ ਸਾਰੇ ਪਿਆਰ ਨਾਲ ਸੁਸ਼ਾਂਤ ਰਾਜਪੂਤ ਨੂੰ ਯਾਦ ਕੀਤਾ ਹੈ। ਚੇਤੇ ਰਹੇ ਕਿ 34 ਵਰ੍ਹਿਆਂ ਦੇ ਸੁਸ਼ਾਂਤ ਰਾਜਪੂਤ ਦੀ ਲਾਸ਼ ਉਸ ਦੇ ਬਾਂਦਰਾ ਸਥਿਤ ਘਰ ‘ਚੋਂ ਲਟਕਦੀ ਹੋਈ ਮਿਲੀ ਸੀ। ਪੁਲਿਸ ਅਨੁਸਾਰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਉਹ ਮਾਨਸਿਕ ਤਣਾਅ ਨਾਲ ਜੂਝ ਰਿਹਾ ਸੀ ਅਤੇ ਇਸ ਸਬੰਧੀ ਉਸ ਦੀ ਦਵਾਈ ਵੀ ਚੱਲ ਰਹੀ ਸੀ।
ਦੀਪਤੀ ਨਵਲ ਨੇ ਲਿਖਿਆ, “ਇਹ ਕਾਲੇ ਦਿਨ ਨੇ। ਕਿੰਨਾ ਕੁਝ ਵਾਪਰ ਰਿਹਾ ਹੈ। ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਬਲਕਿ ਦਿਮਾਗ ਸੁੰਨ ਜਿਹਾ ਹੋ ਗਿਆ ਹੈ। ਅੱਜ ਮੇਰਾ ਕਈ ਵਰ੍ਹੇ ਪਹਿਲਾਂ ਲਿਖੀ ਕਵਿਤਾ ਸਾਂਝੀ ਕਰਨ ਦਾ ਜੀਅ ਕੀਤਾ ਹੈ। ਇਹ ਕਵਿਤਾ ਮੈਂ ਉਦੋਂ ਲਿਖੀ ਸੀ ਜਦੋਂ ਮੈਂ ਤਣਾਅ, ਚਿੰਤਾ, ਖੁਦਕੁਸ਼ੀ ਦੇ ਖਿਆਲਾਂ ਨਾਲ ਲੜ ਰਹੀ ਸੀ।” 68 ਵਰ੍ਹਿਆਂ ਦੀ ਦੀਪਤੀ ਨਵਲ ਨੇ ਆਪਣੀ ਇਸ ਕਵਿਤਾ ਨੂੰ ‘ਬਲੈਕ ਵਿੰਡ’ (ਕਾਲੀ ਬੋਲੀ ਹਵਾ) ਦਾ ਨਾਂ ਦਿੱਤਾ ਹੈ। ਉਸ ਨੇ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਫਿਲਮੀ ਦੁਨੀਆਂ ਨੂੰ ਕਦੀ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਹੈ।
ਦੀਪਤੀ ਨਵਲ ਨੇ ਆਪਣੇ ਫਿਲਮੀ ਕਰੀਅਰ ਦਾ ਆਰੰਭ ਪ੍ਰਸਿੱਧ ਫਿਲਮਸਾਜ਼ ਸ਼ਿਆਮ ਬੈਨੇਗਲ ਦੀ ਫਿਲਮ ‘ਜਨੂਨ’ ਨਾਲ ਕੀਤਾ ਸੀ। ਇਹ ਸਾਲ 1978 ਦੀਆਂ ਗੱਲਾਂ ਹਨ। ਉਦੋਂ ਉਸ ਦੀ ਉਮਰ 26 ਸਾਲ ਦੀ ਸੀ। ਮਗਰੋਂ ਉਸ ਨੇ ਭਾਰਤ ਅੰਦਰ ਚੱਲੀ ਸਾਰਥਕ ਸਿਨੇਮਾ ਵਾਲੀ ਲਹਿਰ ਅੰਦਰ ਅਹਿਮ ਭੂਮਿਕਾ ਨਿਭਾਈ। ਸਿਨੇਮਾ ਦੀ ਇਹ ਲਹਿਰ ਵਪਾਰ ਦੀ ਥਾਂ ਮਨੁੱਖੀ ਸਰੋਕਾਰਾਂ ਨੂੰ ਪਹਿਲ ਦਿੰਦੀ ਸੀ। ਇਸ ਪ੍ਰਸੰਗ ਵਿਚ ਉਸ ਦੀਆਂ ਦੋ ਫਿਲਮਾਂ ‘ਕਮਲਾ’(1984) ਅਤੇ ‘ਅਨਕਹੀ’ (1985) ਨੂੰ ਬੜੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। ਉਸ ਦੀਆਂ ਹੋਰ ਅਹਿਮ ਫਿਲਮਾਂ ਵਿਚ ‘ਹਮ ਪਾਂਚ’, ‘ਏਕ ਵਾਰ ਫਿਰ’, ‘ਚਸ਼ਮੇ ਬੱਦੂਰ’, ‘ਮੋਹਨ ਜੋਸ਼ੀ ਹਾਜ਼ਿਰ ਹੋ’, ‘ਹਿਪ ਹਿਪ ਹੁੱਰੇ’, ‘ਆਂਧੀ ਗਲੀ’, ‘ਦਾਮੁਲ’, ‘ਮਿਰਚ ਮਸਾਲਾ’ ਆਦਿ ਸ਼ਾਮਿਲ ਹਨ। ਅੰਮ੍ਰਿਤਸਰ ਦੀ ਜੰਪਲ ਦੀਪਤੀ ਨਵਲ ਨੇ ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਉਤੇ ਇਸੇ ਨਾਂ ਹੇਠ ਬਣੀ ਪੰਜਾਬੀ ਫਿਲਮ ਵਿਚ ਅਹਿਮ ਰੋਲ ਨਿਭਾਇਆ ਸੀ।
-ਆਮਨਾ ਕੌਰ