ਸਮਾਜਕ ਮਖੌਟਿਆਂ ਦੀ ਮੁਖਾਲਫਤ: ਤਿੰਨ ਚਿਹਰੇ

ਡਾ. ਕੁਲਦੀਪ ਕੌਰ
ਫੋਨ: +91-98554-04330
ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਰਾਨ ਦੇ ਸਰਕਰਦਾ ਫਿਲਮਸਾਜ਼ ਜਫਰ ਪਨਾਹੀ ਦੀ ਫਿਲਮ ‘ਤਿੰਨ ਚਿਹਰੇ’ ਬਾਰੇ ਚਰਚਾ ਕੀਤੀ ਗਈ ਹੈ ਜੋ ਔਰਤ ਦੀ ਹੋਣੀ ਦਾ ਬਿਆਨ ਹੈ।

-ਸੰਪਾਦਕ

ਫਿਲਮ ‘ਤਿੰਨ ਚਿਹਰੇ’ ਫਿਲਮਸਾਜ਼ ਜਫਰ ਪਨਾਹੀ ਦੀ ਚੌਥੀ ਫਿਲਮ ਸੀ ਜਿਸ ਉਪਰ ਇਰਾਨੀ ਸਰਕਾਰ ਨੇ ਪਾਬੰਦੀ ਲਗਾਈ। ਇਸ ਦੇ ਬਾਵਜੂਦ ਸਰਕਾਰ ਉਸ ਅੰਦਰਲੇ ਫਿਲਮਸਾਜ਼ ਨੂੰ ਚੁੱਪ ਕਰਾਉਣ ਵਿਚ ਕਾਮਯਾਬ ਨਹੀਂ ਹੋ ਸਕੀ। ਸਰਕਾਰ ਦਾ ਇਲਜ਼ਾਮ ਸੀ ਕਿ ਉਹ ਸਰਕਾਰ ਖਿਲਾਫ ਪ੍ਰਾਪੇਗੰਡਾ ਫਿਲਮਾਂ ਬਣਾਉਂਦਾ ਹੈ ਜਿਸ ਨਾਲ ਨਾ ਸਿਰਫ ਇਰਾਨੀਆਂ ਵਿਚ ਸਰਕਾਰੀ ਨੀਤੀਆਂ ਅਤੇ ਇਸ ਦੇ ਮੂਲਵਾਦੀ ਇਸਲਾਮੀ ਖਾਸੇ ਖਿਲਾਫ ਰੰਜ਼ ਤੇ ਰੋਸ ਪੈਦਾ ਹੁੰਦਾ ਹੈ ਸਗੋਂ ਬਾਹਰਲੇ ਮੁਲਕਾਂ ਵਿਚ ਇਰਾਨੀ ਸਰਕਾਰ ਦਾ ਅਕਸ ਤਾਨਾਸ਼ਾਹੀ ਅਤੇ ਜਾਬਰ ਸਰਕਾਰ ਵਾਲਾ ਬਣਦਾ ਹੈ। ਜਫਰ ਪਨਾਹੀ ਨੇ ਆਪਣੇ ਉਪਰ ਲਗਾਈਆਂ ਪਾਬੰਦੀਆਂ ਤੋਂ ਖੌਫਜ਼ਦਾ ਹੋਣ ਦੀ ਥਾਂ ਫਿਲਮਸਾਜ਼ੀ ਦਾ ਵੱਖਰਾ ਹੀ ਢੰਗ ਈਜਾਦ ਕਰ ਲਿਆ ਜਿਹੜਾ ਬਹੁਤ ਵਾਰ ਦਸਤਾਵੇਜ਼ੀ ਫਿਲਮ ਅਤੇ ਆਤਮ-ਕਥਾ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਮਜ਼ਾਕੀਆਂ ਤਰੀਕੇ ਨਾਲ ਸਰਕਾਰੀ ਪ੍ਰਬੰਧਾਂ ‘ਤੇ ਟੱਕ ਮਾਰਦਾ ਹੈ। ਇਸ ਫਿਲਮ ਵਿਚ ਕੈਮਰਾ ਕਿਸੇ ਖਾਸ ਬੰਧੇਜ਼ ਵਿਚ ਕੰਮ ਨਹੀਂ ਕਰਦਾ।
ਫਿਲਮ ‘ਤਿੰਨ ਚਿਹਰੇ’ ਵਿਚ ਤਿੰਨ ਚਿਹਰੇ ਕੌਣ ਹਨ? ਪਹਿਲਾ ਚਿਹਰਾ ਮਰਜ਼ੀਆਂ (ਮਰਜ਼ੀਆਂ ਰਜ਼ੀਲ) ਦਾ ਹੈ ਜਿਹੜੀ ਇਰਾਨ ਦੇ ਨਿੱਕੇ ਜਿਹੇ ਪਿੰਡ ਵਿਚ ਰਹਿੰਦੀ ਹੈ ਅਤੇ ਫਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਹੈ, ਤਕਰੀਬਨ ਕਰ ਹੀ ਰਹੀ ਹੈ। ਦੂਜਾ ਚਿਹਰਾ ਇਰਾਨ ਦੀ ਮਸ਼ਹੂਰ ਅਭਿਨੇਤਰੀ ਬਹਿਨਾਜ਼ (ਬਹਿਨਾਜ਼ ਜਾਫਰੀ) ਦਾ ਹੈ ਜਿਹੜੀ ਇਸ ਫਿਲਮ ਦੇ ਨਿਰਦੇਸ਼ਕ ਜਫਰ ਪਨਾਹੀ ਦੀ ਫਿਲਮ ਵਿਚ ਭੂਮਿਕਾ ਨਿਭਾ ਰਹੀ ਹੈ। ਅਸਲ ਵਿਚ ਸਾਰੇ ਅਦਾਕਾਰ ਅਸਲ ਜ਼ਿੰਦਗੀ ਵਾਲੀ ਭੂਮਿਕਾ ਹੀ ਫਿਲਮ ਵਿਚ ਦੁਹਰਾ ਰਹੇ ਹਨ। ਫਿਲਮ ‘ਤਿੰਨ ਚਿਹਰੇ’ ਦੀ ਸ਼ੁਰੂਆਤ ਵਿਚ ਮਰਜ਼ੀਆਂ, ਨਿਰਦੇਸ਼ਕ ਜਫਰ ਪਨਾਹੀ ਨੂੰ ਸਮਾਰਟ ਫੋਨ ਰਾਹੀ ਵੀਡੀਓ ਕਾਲ ਕਰ ਕੇ ਦੱਸਦੀ ਹੈ ਕਿ ਕਿਵੇਂ ਪਹਿਲਾਂ ਉਸ ਦੇ ਘਰਦਿਆਂ ਨੇ ਉਸ ਨੂੰ ਇਸ ਸ਼ਰਤ ‘ਤੇ ਉਸ ਦੀ ਅਗਲੀ ਫਿਲਮ ਵਿਚ ਅਦਾਕਾਰੀ ਕਰਨ ਦੀ ਇਜਾਜ਼ਤ ਦਿੱਤੀ ਸੀ ਕਿ ਉਹ ਬਦਲੇ ਵਿਚ ਜਿੰਨੀ ਛੇਤੀ ਹੋ ਸਕੇ, ਵਿਆਹ ਲਈ ਰਾਜ਼ੀ ਹੋ ਜਾਵੇਗੀ ਪਰ ਜਫਰ ਪਨਾਹੀ ‘ਤੇ ਪਾਬੰਦੀ ਲੱਗਣ ਨਾਲ ਹੁਣ ਉਸ ਦੇ ਘਰਦੇ ਬਿਲਕੁਲ ਹੀ ਮੁਕਰ ਗਏ ਹਨ। ਉਹ ਆਖਦੀ ਹੈ ਕਿ ਸ਼ਾਇਦ ਹੁਣ ਉਸ ਕੋਲ ਖੁਦਕੁਸ਼ੀ ਕਰਨ ਤੋਂ ਬਿਨਾਂ ਹੋਰ ਕੋਈ ਬਦਲ ਹੀ ਨਹੀਂ ਬਚਿਆ ਤੇ ਇਹ ਵੀਡੀਓ ਰਾਹੀ ਮੈਂ ਅੰਤਿਮ ਵਿਦਾ ਲੈਣੀ ਚਾਹੁੰਦੀ ਹਾਂ। ਇਹ ਵੀਡੀਓ ਬਹਿਨਾਜ਼ ਅਤੇ ਜਫਰ ਪਨਾਹੀ ਇਕੱਠਿਆਂ ਦੇਖ ਰਹੇ ਹਨ ਅਤੇ ਜਫਰ ਸਾਰੀ ਰੁਟੀਨ ਤੇ ਸ਼ੂਟਿੰਗ ਖਤਮ ਕਰ ਕੇ ਉਸ ਨਿੱਕੇ ਜਿਹੇ ਪਿੰਡ ਵੱਲ ਰਵਾਨਾ ਹੋ ਜਾਂਦਾ ਹੈ ਜਿਸ ਦੀ ਇੱਕ ਗੁਫਾ ਵਿਚ ਮਰਜ਼ੀਆਂ ਆਪਣੇ ਮਰਨ ਦਾ ਸਾਮਾਨ ਇਕੱਠਾ ਕਰ ਰਹੀ ਹੈ।
ਉਨ੍ਹਾਂ ਦਾ ਸਫਰ ਬੇਚੈਨੀ ਤੇ ਬਦਹਵਾਸੀ ਭਰਿਆ ਹੈ ਜਿਸ ਵਿਚੋਂ ਵਾਰ-ਵਾਰ ਅੱਬਾਸ ਕਇਰੋਸਤਮੀ ਦੀ ਫਿਲਮ ‘ਦਿ ਟੇਸਟ ਆਫ ਚੈਰੀ’ ਅਤੇ ਜਫਰ ਪਨਾਹੀ ਦੀ ਆਪਣੀ ਫਿਲਮ ‘ਟੈਕਸੀ’ ਦੇ ਝਲਕਾਰੇ ਪੈਂਦੇ ਹਨ। ਮਰਜ਼ੀਆਂ ਦੀ ਖੁਦਕੁਸ਼ੀ ਰੋਕਣ ਨਿਕਲੇ ਦੋਵੇਂ ਕਿਰਦਾਰ ਮੁਲਕ ਵਿਚ ਔਰਤਾਂ ਦੇ ਜਿਊਣ ਹਾਲਾਤ ਦਾ ਮੁਤਾਲਿਆ ਕਰਦਿਆਂ ਵਾਰ-ਵਾਰ ਤ੍ਰਭਕਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਕਿਤੇ ਔਰਤਾਂ ਲਗਾਤਾਰ ਲੰਮੀ ਖੁਦਕੁਸ਼ੀ ਵਿਚ ਹੀ ਤਾਂ ਨਹੀਂ ਜੀਅ ਰਹੀਆਂ ਤੇ ਅੰਤ ਵਿਚ ਸਰੀਰ ਦਾ ਖਤਮ ਹੋਣਾ ਉਨ੍ਹਾਂ ਦੇ ਸੋਗ ਦੀ ਥਾਂ ਉਨ੍ਹਾਂ ਦੇ ਦੁੱਖਾਂ ਤੋਂ ਨਿਜਾਤ ਪਾਉਣ ਦਾ ਜ਼ਰੀਆ ਹੀ ਹੋਵੇ। ਇਸ ਦਾ ਅੰਦਾਜ਼ਾ ਉਨ੍ਹਾਂ ਨੂੰ ਮਰਜ਼ੀਆਂ ਦੇ ਪਿੰਡ ਜਾ ਕੇ ਹੁੰਦਾ ਹੈ। ਇੱਕ ਬੰਦਾ ਹੱਥ ਵਿਚ ਪੱਥਰ ਲੈ ਕੇ ਘੁੰਮ ਰਿਹਾ ਹੈ ਤੇ ਅਗਲੇ ਦ੍ਰਿਸ਼ਾਂ ਵਿਚ ਦਰਸ਼ਕਾਂ ਨੂੰ ਜਫਰ ਪਨਾਹੀ ਦੀ ਗੱਡੀ ਦਾ ਸ਼ੀਸ਼ਾ ਟੁੱਟਿਆ ਮਿਲਦਾ ਹੈ। ਪਿੰਡ ਵਾਲਿਆਂ ਲਈ ਉਹ ਅਜਨਬੀ ਹਨ। ਉਨ੍ਹਾਂ ਦਾ ਪਿੰਡ ਵਿਚ ਆਉਣਾ ਪਿੰਡ ਵਾਸੀਆਂ ਨੂੰ ਸਿਰਫ ਇਸ ਲਈ ਮਾਣ ਵਾਲੀ ਗੱਲ ਲੱਗਦੀ ਹੈ ਕਿ ਕੋਈ ਫਿਲਮਸਾਜ਼ ਤੇ ਮਸ਼ਹੂਰ ਅਦਾਕਾਰਾ ਉਨ੍ਹਾਂ ਦੇ ਪਿੰਡ ਦੀ ਜ਼ਮੀਨ ‘ਤੇ ਖੜ੍ਹੇ ਹਨ; ਐਪਰ ਪਿੰਡ ਵਾਲਿਆਂ ਨੂੰ ਉਨ੍ਹਾਂ ਦੀਆਂ ਨੀਤਾਂ ‘ਤੇ ਸ਼ੱਕ ਹੈ। ਪਿੰਡ ਵਾਲਿਆਂ ਨੂੰ ਸਿਨੇਮਾ ਪਸੰਦ ਹੈ, ਫਿਲਮਾਂ ਪਸੰਦ ਹਨ, ਅਦਾਕਾਰ ਪਸੰਦ ਹਨ ਪਰ ਉਨ੍ਹਾਂ ‘ਤੇ ਯਕੀਨ ਕੋਈ ਨਹੀਂ। ਇਹ ਸਿਰਫ ਇਰਾਨੀ ਸਮਾਜ ਦਾ ਸੱਚ ਨਹੀਂ ਸਗੋਂ ਵੱਖ-ਵੱਖ ਸਮਾਜਾਂ ਵਿਚ ਸਿਰਜਣਾਤਮਿਕ ਤੇ ਕਲਾਵਾਂ ਨਾਲ ਜੁੜੇ ਲੋਕਾਂ ਨਾਲ ਲਗਾਤਾਰ ਵਾਪਰਦਾ ਹੈ। ਇਸ ਦਾ ਕਾਰਨ ਸ਼ਾਇਦ ਸਮਾਜ ਦਾ ਆਪਣਾ ਦੋਗਲਾਪਣ ਅਤੇ ਸੁਹਜ ਤੋਂ ਸੱਖਣੀ ਦ੍ਰਿਸ਼ਟੀ ਹੈ। ਇਸ ਫਿਲਮ ਵਿਚ ਪਿੰਡ ਵਾਲੇ ਜਫਰ ਪਨਾਹੀ ਅਤੇ ਉਸ ਦੀ ਫਿਲਮ ਦੀ ਅਦਾਕਾਰਾ ਨੂੰ ਆਪਣੇ ਨਾਲ ਚਾਹ ਪੀਣ ਦਾ ਸੱਦਾ ਦਿੰਦੇ ਹਨ ਪਰ ਇਸ ਸੱਦੇ ਵਿਚ ਇੰਨਾ ਜ਼ਿਆਦਾ ਰਸਮੀਪੁਣਾ ਹੈ ਕਿ ਇਹ ਮਹਿਜ਼ ਖੋਖਲਾ ਸੰਵਾਦ ਬਣ ਕੇ ਰਹਿ ਜਾਂਦਾ ਹੈ। ਜਫਰ ਪਨਾਹੀ, ਅੱਬਾਸ ਵਾਂਗ ਇਰਾਨ ਦੀਆਂ ਸਮਾਜਿਕ ਖਾਈਆਂ ਅਤੇ ਆਰਥਿਕ ਅਸਮਾਨਤਾਵਾਂ ਨੂੰ ਸ਼ਹਿਰੀ-ਦਿਹਾਤੀ ਅਤੇ ਨਵੇਂ-ਪੁਰਾਣੇ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਰਾਹੀ ਪੜ੍ਹਦਾ ਹੈ। ਉਸ ਦੇ ਕਿਰਦਾਰ ਆਪਣੇ ਆਲੇ-ਦੁਆਲੇ ਵਿਚ ਗੁੰਨੇ ਅਤੇ ਜ਼ਿੰਦਗੀ ਦੇ ਲਗਾਤਾਰ ਚੱਲਦੇ ਦਾਇਰਿਆਂ ਵਿਚ ਆਪਣੀ ਤਲਾਸ਼ ਕਰਦੇ ਨਜ਼ਰ ਆਉਂਦੇ ਹਨ।
ਫਿਲਮ ਦੇ ਸ਼ੁਰੂ ਤੋਂ ਅੰਤ ਤੱਕ ਕੈਮਰਾ ਵੀ ਕਿਸੇ ਕਿਰਦਾਰ ਵਾਂਗ ਪੂਰੀ ਫਿਲਮ ਵਿਚ ਆਪਣੀ ਹਾਜ਼ਰੀ ਲਵਾਉਂਦਾ ਹੈ। ਜਫਰ ਪਨਾਹੀ ਬਾਕੀ ਫਿਲਮਾਂ ਵਾਂਗ ਇਸ ਫਿਲਮ ਵਿਚ ਵੀ ਕੋਈ ਭਾਸ਼ਣ ਜਾਂ ਸਿਆਸੀ ਤਹਿਰੀਰ ਨਹੀਂ ਕਰਦਾ। ਉਸ ਦਾ ਸਿਨੇਮਾ ਘਟਨਾਵਾਂ ਅਤੇ ਵਰਤਾਰਿਆਂ ਦੇ ਮਨੁੱਖੀ ਹਾਲਾਤ ਨਾਲ ਟਕਰਾਓ ਨੂੰ ਸਮਝਣ ਅਤੇ ਸਮਝਾਉਣ ਦਾ ਸਿਨੇਮਾ ਹੈ। ਫਿਲਮ ਦੇ ਇੱਕ ਸੀਨ ਵਿਚ ਜਫਰ ਪਨਾਹੀ ਨੂੰ ਉਸ ਦੀ ਮਾਂ ਦਾ ਫੋਨ ਆਉਂਦਾ ਹੈ ਜਿਹੜੀ ਇਸ ਤੱਥ ਤੋਂ ਬੇਹੱਦ ਪ੍ਰੇਸ਼ਾਨ ਹੈ ਕਿ ਇਰਾਨੀ ਸਰਕਾਰ ਵਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਜਫਰ ਨੇ ਆਪਣੀ ਅਗਲੀ ਫਿਲਮ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਜਫਰ ਉਸ ਨੂੰ ਭਰੋਸਾ ਦਿੰਦਾ ਹੈ, “ਮਾਂ, ਅਫਵਾਹਾਂ ‘ਤੇ ਯਕੀਨ ਨਾ ਕਰੀਂ। ਇਹ ਸਭ ਝੂਠ ਹੋ ਸਕਦਾ ਹੈ।”
ਇਰਾਨੀ ਸਰਕਾਰ ਅਤੇ ਜਫਰ ਪਨਾਹੀ ਦੋਹਾਂ ਨੂੰ ਪਤਾ ਹੈ ਕਿ ਇਹ ਨਾ ਤਾਂ ਅਫਵਾਹ ਹੈ ਅਤੇ ਨਾ ਹੀ ਝੂਠ। ਫਿਲਮ ਦੇ ਅੰਤਿਮ ਦ੍ਰਿਸ਼ ਵਿਚ ਸਾਰੇ ਕਿਰਦਾਰ ਅਨੰਤਤਾ ਵੱਲ ਇਸ਼ਾਰਾ ਕਰਦੇ ਹਨ, ਅਰਥਾਤ ਜ਼ਿੰਦਗੀ ਕਦੇ ਵੀ ਰੁਕਦੀ ਨਹੀਂ, ਸਿਰਫ ਘਟਨਾਵਾਂ ਬਦਲਦੀਆਂ ਹਨ ਜਾਂ ਕਿਰਦਾਰ ਬਦਲਦੇ ਹਨ।