ਢੀਂਡਸਿਆਂ ਨੇ ਸੁਖਬੀਰ ਬਾਦਲ ਤੋਂ ਕੁਰਸੀ ਖੋਹੀ

ਸ਼੍ਰੋਮਣੀ ਕਮੇਟੀ ਚੋਣਾਂ ਲੜਨ ਅਤੇ ਘਪਲੇ ਨੰਗੇ ਕਰਨ ਦਾ ਐਲਾਨ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਨਵਾਂ ਪ੍ਰਧਾਨ ਥਾਪ ਕੇ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਵੰਗਾਰ ਦੇ ਦਿੱਤੀ ਹੈ। ਪ੍ਰਧਾਨਗੀ ਮਿਲਦਿਆਂ ਹੀ ਬਾਗੀ ਧੜੇ ਨੇ ਐਲਾਨ ਕੀਤਾ ਕਿ ਅਕਾਲੀ ਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਕੇ ਸਭ ਤੋਂ ਪਹਿਲਾਂ ਸਿੱਖ ਭਾਈਚਾਰੇ ਦੀ ਇਸ ਮਹਾਨ ਸੰਸਥਾ ਵਿਚ ਬਾਦਲ ਪਰਿਵਾਰ ਵਲੋਂ ਕੀਤੇ ਘਪਲਿਆਂ ਦੀ ਜਾਂਚ ਕਰ ਕੇ ਕਸੂਰਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਸ਼ ਢੀਂਡਸਾ ਨੇ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ; ਹਾਲਾਂਕਿ ਸਿਆਸੀ ਮਾਹਿਰਾਂ ਦਾ ਦਾਅਵਾ ਹੈ ਕਿ ਬਾਗੀਆਂ ਦਾ ਇਹ ਐਲਾਨ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਹਿਲਾਉਣ ਵਿਚ ਕਿੰਨਾ ਸਫਲ ਹੋਵੇਗਾ, ਇਹ ਕਹਿਣਾ ਭਾਵੇਂ ਮੁਸ਼ਕਿਲ ਹੈ ਪਰ ਇਹ ਤੈਅ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਵੱਡੀ ਢਾਹ ਲਾਏਗਾ। ਬਾਦਲਾਂ ਵਾਲਾ ਧੜਾ ਵੀ ਇਸ ਨੂੰ ਗੱਲ ਨੂੰ ਮੰਨਦਾ ਹੋਇਆ ਇਸ ਨੂੰ ਕਾਂਗਰਸੀਆਂ ਦੀ ਸ਼ਹਿ ਦੱਸ ਰਿਹਾ ਹੈ।
ਬਾਦਲ ਧੜੇ ਨੇ ਪਾਰਟੀ ‘ਚੋਂ ਬਰਖਾਸਤ ਕੀਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਪਾਰਟੀ ਦਾ ਨਾਮ ਵਰਤੇ ਜਾਣ ਨੂੰ ਵੀ ‘ਗੈਰਕਾਨੂੰਨੀ ਤੇ ਧੋਖਾਧੜੀ’ ਕਰਾਰ ਦਿੱਤਾ ਹੈ। ਸੁਖਬੀਰ ਧੜੇ ਦਾ ਦਾਅਵਾ ਕਰ ਦਿੱਤਾ ਹੈ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਦਾ ਢਾਂਚਾ ਤੇ ਡੈਲੀਗੇਟ ਹੀ ਪਾਰਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕਰਦੇ ਹਨ। ਉਧਰ, ਅਕਾਲੀ ਦਲ ਦੀ ਬਾਦਲਾਂ ਕੋਲੋਂ ਆਜ਼ਾਦੀ ਲਈ ਝੰਡਾ ਚੁੱਕਣ ਵਾਲੀ ਇਨ੍ਹਾਂ ਟਕਸਾਲੀ ਆਗੂਆਂ ਦੀਆਂ ਪਲਟੀਆਂ ਨੇ ਸਿਆਸੀ ਮਾਹਿਰ ਨੂੰ ਹੈਰਾਨ ਕਰ ਦਿੱਤਾ ਹੈ। ਸਵਾਲ ਇਹ ਵੀ ਉਠ ਰਹੇ ਹਨ ਕਿ ਮਸਲਾ ਅਕਾਲੀ ਦਲ ਨੂੰ ਬਚਾਉਣ ਦਾ ਸੀ ਜਾਂ ਕੁਰਸੀ ਦਾ? ਜੇਕਰ ਰਣਜੀਤ ਸਿੰਘ ਬ੍ਰਹਮਪੁਰਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾ ਕੇ ਪਹਿਲਾਂ ਹੀ ਬਾਦਲਾਂ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਸੀ ਤਾਂ ਢੀਂਡਸਾ ਨੂੰ ‘ਧੱਕੇ’ ਨਾਲ ਪ੍ਰਧਾਨ ਬਣਾਉਣਾ ਕਿੰਨੀ ਕੁ ਸਿਆਣਪ ਵਾਲਾ ਕਦਮ ਹੈ? ਮਹਿਰਾਂ ਦਾ ਇਕ ਧੜਾ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਢੀਂਡਸਿਆਂ ਦਾ ਇਹ ਕਦਮ ਕੜਿੱਕੀ ਵਿਚ ਫਸੇ ਸੁਖਬੀਰ ਬਾਦਲ ਦੀ ਕੁਰਸੀ ਬਚਾਉਣ ਵਾਲਾ ਵੀ ਹੋ ਸਕਦਾ ਹੈ ਕਿਉਂਕਿ ਢੀਂਡਸਾ ਨਾਲ ਕਈ ਟਕਸਾਲੀ ਆਗੂਆਂ ਦੇ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਵੱਡੀ ਢਾਹ ਲੱਗੀ ਹੈ। ਇਸ ਨਾਲ ਇਹ ਜਥੇਬੰਦੀ ਫਿਲਹਾਲ ਖਿੰਡ ਗਈ ਹੈ। ਨਵੇਂ ਅਕਾਲੀ ਦਲ ਵਿਚ ਟਕਸਾਲੀ ਦਲ ਤੋਂ ਸੇਵਾ ਸਿੰਘ ਸੇਖਵਾਂ ਤੇ ਹੋਰ ਕਈ ਆਗੂ ਸ਼ਾਮਲ ਹੋ ਗਏ ਹਨ। ਅਕਾਲੀ ਦਲ (ਟਕਸਾਲੀ) ਦੇ ਗਠਨ ਵੇਲੇ ਤਿੰਨ ਬਾਨੀਆਂ ਵਿਚ ਸੇਵਾ ਸਿੰਘ ਸੇਖਵਾਂ ਤੋਂ ਇਲਾਵਾ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾæ ਰਤਨ ਸਿੰਘ ਅਜਨਾਲਾ ਪ੍ਰਮੁੱਖ ਤੌਰ ‘ਤੇ ਸ਼ਾਮਲ ਸਨ। ਨਵੇਂ ਅਕਾਲੀ ਦਲ ਦੇ ਗਠਨ ਮਗਰੋਂ ਸੇਵਾ ਸਿੰਘ ਸੇਖਵਾਂ ਉਸ ਵਿਚ ਸ਼ਾਮਲ ਹੋ ਗਏ ਹਨ। ਡਾæ ਰਤਨ ਸਿੰਘ ਅਜਨਾਲਾ ਪਹਿਲਾਂ ਹੀ ਘਰ ਬੈਠ ਚੁੱਕੇ ਹਨ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਇਸ ਵੇਲੇ ਜੇਰੇ ਇਲਾਜ ਹਨ।
ਸ਼ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਜਿਹੜੇ ਆਗੂ ਅਕਾਲ ਤਖਤ ‘ਤੇ 16 ਦਸੰਬਰ, 2018 ਨੂੰ ਅਰਦਾਸ ਕਰ ਕੇ ਇਕੱਠੇ ਹੋਏ ਸਨ ਅਤੇ ਅੱਜ ਪਾਰਟੀ ਛੱਡ ਗਏ ਹਨ, ਉਨ੍ਹਾਂ ਨੇ ਅਰਦਾਸ ਦੀ ਉਲੰਘਣਾ ਕੀਤੀ ਹੈ। ਸੇਵਾ ਸਿੰਘ ਸੇਖਵਾਂ ਅਤੇ ਡਾæ ਰਤਨ ਸਿੰਘ ਅਜਨਾਲਾ ਨੇ ਖੁਦ ਉਨ੍ਹਾਂ ਨੂੰ ਅਕਾਲੀ ਦਲ (ਟਕਸਾਲੀ) ਦਾ ਗਠਨ ਕਰਨ ਸਮੇਂ ਪ੍ਰਧਾਨ ਬਣਾਇਆ ਸੀ। ਹੁਣ ਡਾæ ਰਤਨ ਸਿੰਘ ਅਜਨਾਲਾ ਖਰਾਬ ਸਿਹਤ ਕਰਕੇ ਘਰ ਬੈਠੇ ਹਨ ਤੇ ਸ਼ ਸੇਖਵਾਂ ਅਤੇ ਬੀਰ ਦਵਿੰਦਰ ਸਿੰਘ ਨੇ ਸ਼ ਢੀਂਡਸਾ ਦੇ ਗਲ ਵਿਚ ਸਿਰੋਪਾਉ ਪਾ ਦਿੱਤੇ ਹਨ। ਦੱਸਣਯੋਗ ਹੈ ਕਿ ਡਾæ ਅਜਨਾਲਾ ਦਾ ਬੇਟਾ ਬੋਨੀ ਅਮਰਪਾਲ ਸਿੰਘ ਅਜਨਾਲਾ ਪਹਿਲਾਂ ਹੀ ਅਕਾਲੀ ਦਲ (ਟਕਸਾਲੀ) ਛੱਡ ਕੇ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕਾ ਹੈ। ਉਸ ਦੀ ਘਰ ਵਾਪਸੀ ਤੋਂ ਬਾਅਦ ਡਾæ ਅਜਨਾਲਾ ਵੀ ਸਰਗਰਮ ਸਿਆਸਤ ਛੱਡ ਕੇ ਘਰ ਬੈਠ ਚੁੱਕੇ ਹਨ। ਅਸਲ ਵਿਚ, ਬਾਗੀਆਂ ਅੰਦਰ ਸ਼ੁਰੂ ਹੋਈ ਇਹ ਬਗਾਵਤ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਬਦਲਣ ਵਾਲੀ ਹੈ। ਤੀਜੇ ਮੋਰਚੇ ਦੀਆਂ ਗੱਲਾਂ ਕਰਨ ਵਾਲੀਆਂ ਧਿਰਾਂ ਇਸ ਸਮੇਂ ਖਿੰਡੀਆਂ ਪਈਆਂ ਹਨ। ਆਮ ਆਦਮੀ ਪਾਰਟੀ ਆਪਣਾ ਵਜੂਦ ਬਚਾਉਣ ਲਈ ਹੱਥ ਪੈਰ ਮਾਰ ਰਹੀ ਹੈ। ਅਜਿਹੇ ਹਾਲਾਤ ਲੋਕ ਰੋਹ ਦਾ ਸਾਹਮਣਾ ਕਰ ਰਹੀ ਕਾਂਗਰਸ ਸਰਕਾਰ ਦੇ ਪੱਖ ਵਿਚ ਭੁਗਤ ਸਕਦੇ ਹਨ।