ਕਿੰਨੂ

ਚਰਨਜੀਤ ਸਿੰਘ ਪੰਨੂ ਕੈਲੀਫੋਰਨੀਆ
ਇੱਕ ਦਿਨ ਬਾਨੋ ਨੂੰ ਕਲਾਸ ਵਿਚੋਂ ਗੈਰਹਾਜ਼ਰ ਵੇਖ ਕੇ ਸੁਖਰਾਜ ਦਾ ਮਨ ਤਰਲੋਮੱਛੀ ਹੋਣ ਲੱਗਾ। ਉਸ ਦੀਆਂ ਨਜ਼ਰਾਂ ਚੁੱਪ ਚਾਪ ਉਸ ਦੀ ਤਲਾਸ਼ ਕਰਨ ਲੱਗੀਆਂ। ਭਾਵੇਂ ਇੱਕ ਦੋ ਹੋਰ ਕੁੜੀਆਂ ਦੇ ਡੈਸਕ ਵੀ ਖਾਲੀ ਸਨ, ਪਰ ਉਹ ਗਮਗੀਨ ਮੁਦਰਾ ਵਿਚ ਅੰਦਰ ਹੀ ਅੰਦਰ ਬਾਨੋ ਬਾਰੇ ਫਿਕਰਮੰਦ ਹੋ ਰਿਹਾ ਸੀ।

“ਚੰਨਾ ਤੈਨੂੰ ਮੈਡਮ ਸੱਦਦੀ ਆ।” ਜੀਤੇ ਨੇ ਆ ਉਸ ਦਾ ਮੋਢਾ ਹਲੂਣ ਦਿੱਤਾ।
“ਕਿਉਂ! ਕੀ ਗੱਲ? ਮੈਨੂੰ ਮੈਡਮ ਨੇ ਕਿਉਂ ਬੁਲਾਇਆ?” ਨਵੀਂ ਚਿੰਤਾ ਨੇ ਉਸ ਨੂੰ ਆਣ ਘੇਰਿਆ।
“ਬਾਨੋ ਓਧਰ ਬਿਮਾਰ ਹੈ, ਗੰਭੀਰ ਹਾਲਤ ਹੈ ਉਸ ਦੀ, ਵੇਖ ਲਾ ਜਾ ਕੇ।” ਜੀਤੋ ਦਾ ਟੁਣਕੇ ਜਿਹਾ ਜੁਆਬ ਉਸ ਨੂੰ ਹੋਰ ਪ੍ਰੇਸ਼ਾਨ ਕਰ ਗਿਆ।
ਉਸ ਨੇ ਡਰਦੇ ਡਰਦੇ ਲੇਡੀਜ਼ ਸਟਾਫ-ਰੂਮ ਵਿਚ ਪੈਰ ਪਾਇਆ। ਬਾਨੋ ਅੱਖਾਂ ਮੀਟੀ ਥੱਲੇ ਦਰੀ ‘ਤੇ ਲੇਟੀ ਹੋਈ ਸੀ। ਬੀਰੋ, ਬੌਬੀ ਤੇ ਸ਼ਾਮੋ ਸਰਹਾਣੇ ਬੈਠੀਆਂ ਉਸ ਨੂੰ ਘੁੱਟ ਰਹੀਆਂ ਸਨ। ਮੈਡਮ ਉਸ ਨੂੰ ਸਿਰ ਪਿੱਠ ਪਲੋਸ ਕੇ ਦਿਲਾਸਾ ਦੇ ਰਹੀ ਸੀ।
ਸੁਖਰਾਜ ਦੀ ਬਿੜਕ ਨਾਲ ਉਸ ਨੇ ਅੱਖਾਂ ਖੋਲ੍ਹੀਆਂ ਤੇ ਭਰ ਲਈਆਂ। ਦੂਜੀਆਂ ਨੇ ਵੀ ਆਪਣੀਆਂ ਤਰ ਹੋਈਆਂ ਅੱਖਾਂ ਚੁੰਨੀਆਂ ਨਾਲ ਸਾਫ ਕੀਤੀਆਂ। ਜਾਪਦਾ ਸੀ ਉਹ ਸਾਰੀਆਂ ਡੂੰਘੇ ਫਿਕਰਾਂ ਵਿਚੋਂ ਲੰਘ ਰਹੀਆਂ ਸਨ।
“ਇਸ ਦੇ ਪੇਟ ਦਰਦ ਹੈ। ਕਈ ਵੇਰਾਂ ਬੇਹੋਸ਼ ਹੋਈ ਹੈ ਸਵੇਰ ਦੀ। ਗਸ਼ੀ ਪੈ ਰਹੀ ਹੈ ਇਸ ਨੂੰ। ਇਹਨੂੰ ਕੋਈ ਅਵੱਲੀ ਬਿਮਾਰੀ ਹੈ। ਪੀਰੀਅਡ ਨਹੀਂ ਆਏ, ਹੋ ਸਕਦਾ ਇਹ ਸਭ ਕੁਝ ਇਸ ਕਾਰਨ ਹੋਵੇ।” ਮੈਡਮ ਨੇ ਫਸਟ-ਏਡ ਦੀ ਕਿੱਟ ਵੱਲ ਧਿਆਨ ਦਿਵਾਉਂਦਿਆਂ ਇਕੋ ਸਾਹੇ ਉਸ ਨੂੰ ਉਲਝਾ ਦਿੱਤਾ।
“ਕੁੱਝ ਗੋਲੀਆਂ ਦਿੱਤੀਆਂ ਹਨ, ਇਹ ਠੀਕ ਹੋ ਜਾਵੇਗੀ।”
“ਪਰ ਮੈਨੂੰ ਕੀ? ਮੈਨੂੰ ਕਿਉਂ ਬੁਲਾਇਆ! ਮੈਂ ਤਾਂ ਕਦੇ ਕੋਈ ਪੀਰੀਅਡ ਮਿੱਸ ਨਹੀਂ ਕੀਤਾ। ਵੇਖ ਲਓ ਰਜਿਸਟਰ! ਮੈਂ ਲਾਏ ਨੇ ਸਾਰੇ, ਮੈਨੂੰ ਇਹਦੇ ਪੀਰਡਾਂ ਨਾਲ ਕੀ? ਮੇਰੀ ਗਵਾਂਢਣ ਹੋਣ ਨਾਤੇ ਥੋੜ੍ਹੀ ਬਹੁਤ ਹਮਦਰਦੀ ਹੈ। ਜੇ ਇਸ ਨੇ ਪੀਰਡ ਨਹੀਂ ਲਾਏ ਤਾਂ ਮੈਂ ਜ਼ਿੰਮੇਵਾਰ ਥੋੜ੍ਹਾ ਹਾਂ! ਮੈਂ ਇਸ ਦਾ ਬਾਡੀਗਾਰਡ ਕਦੰਤ ਨਹੀਂ!” ਉਹ ਇਨ੍ਹਾਂ ਅਲਾਮਤਾਂ ਤੋਂ ਅਣਜਾਣ ਸ਼ਸ਼ੋਪੰਜ ਡੌਰ-ਭੌਰਾ ਹੋ ਗਿਆ।
“ਤੂੰ ਤਾਂ ਪੀਰਡ ਠੀਕ ਲਾਇਆ ਹੈ ਬੁਨ੍ਹਿਆਂ! ਤੇਰੀ ਗੱਲ ਨਹੀਂ। ਇਸ ਨੂੰ ਕੁੜੀਆਂ ਵਾਲਾ ਮਾਸਕ ਧਰਮ ਸ਼ੁਰੂ ਹੋਣ ਵਾਲਾ ਹੈ। ਇਹ ਕੋਈ ਗੰਭੀਰ ਬਿਮਾਰੀ ਨਹੀਂ, ਕੁਦਰਤੀ ਪ੍ਰਕ੍ਰਿਆ ਹੈ। ਅੰਦਰ ਵੱਟ ਪੈ ਰਹੇ ਨੇ ਇਸ ਦੇ। ਹੋ ਸਕਦਾ ਨਾਲ ਕੋਈ ਹੋਰ ਵੀ ਮੈਡੀਕਲ ਪ੍ਰਾਬਲਮ ਹੋਵੇ। ਤੈਨੂੰ ਇਸ ਲਈ ਬੁਲਾਇਆ ਹੈ ਕਿ ਤੂੰ ਇਸ ਨੂੰ ਸਹਾਰੇ ਨਾਲ ਸਹੀ ਸਲਾਮਤ ਘਰ ਪਹੁੰਚਾ ਦੇਹ। ਇਸ ਨੂੰ ਲੈ ਕੇ ਭਾਵੇਂ ਪਹਿਲਾਂ ਹੀ ਚਲਾ ਜਾਵੀਂ।” ਮਾਸਟਰਨੀ ਦੇ ਸ਼ਬਦ ਸੁਣ ਕੁ ਹੋਰ ਕੁੜੀਆਂ ਨੇ ਮੂੰਹ ਵਿਚ ਚੁੰਨੀਆਂ ਚਿੱਥ ਲਈਆਂ, ਜਿਵੇਂ ਉਸ ਦਾ ਮੌਜੂ ਉਡਾਇਆ ਹੋਵੇ।
ਉਹ ਘਬਰਾ ਗਿਆ। ਉਸ ਨੇ ਸੁਣਿਆ ਸੀ, ਜਵਾਨ ਕੁੜੀਆਂ ਨੂੰ ਭੂਤ ਪ੍ਰੇਤ ਬੜੀ ਜਲਦੀ ਚੰਬੜ ਜਾਂਦੇ ਨੇ ਤੇ ਖਾਸ ਕਰਕੇ ਉਨ੍ਹਾਂ ਦਾ ਗਵਾਂਢੀ ਹਾਸ਼ਮ ਤਾਂ ਕਿਸੇ ਦਾ ਵੀ ਜਰਾ ਲਿਹਾਜ਼ ਨਹੀਂ ਕਰਦਾ। ਹੋ ਸਕਦਾ ਇਹਨੇ ਉਥੇ ਕੋਈ ਅਣਗਹਿਲੀ ਅਵੱਗਿਆ ਕਰ ਦਿੱਤੀ ਹੋਵੇ; ਪਰ ਦੂਜੀਆਂ ਵੀ ਤਾਂ ਉਸ ਦੇ ਲਾਗੇ ਹੀ ਹਨ, ਉਨ੍ਹਾਂ ਨੂੰ ਨਹੀਂ ਚੰਬੜਿਆ!” ਕਈ ਸਵਾਲ ਜਵਾਬ ਸੁਖਰਾਜ ਦੇ ਜ਼ਿਹਨ ‘ਚੋਂ ਗੁਜਰ ਗਏ।
“ਬਿਮਾਰੀ ਇਹਨੂੰ ਹੋਣ ਵਾਲੀ ਹੈ ਤਾਂ ਮੈਂ ਕਿਹੜਾ ਡਾਕਟਰ ਆਂ!…ਮੇਰਾ ਇਸ ਨਾਲ ਕੀ ਵਾਸਤਾ!” ਸੁੱਖ ਨੂੰ ਉਸ ਦੀ ਬਿਮਾਰੀ ਦਾ ਰਹੱਸ ਸਮਝ ਨਹੀਂ ਆਇਆ।
“ਭੁੱਖੀ ਹੈ ਸਵੇਰ ਦੀ ਇਹ। ਇਸ ਨੇ ਸਵੇਰ ਦਾ ਕੁਝ ਨਹੀਂ ਖਾਧਾ। ਪੁੱਛੋ ਇਹਨੂੰ, ਕੀ ਖਾਧਾ ਹੈ ਇਸ ਨੇ?” ਉਸ ਨੇ ਦੁਰਗੀ ਟੀਚਰ ਨੂੰ ਇਕੋ ਸਾਹੇ ਕਹਿ ਦਿੱਤਾ। ਉਸ ਨੂੰ ਯਾਦ ਆਇਆ, ਅੱਜ ਤਾਂ ਉਹ ਵੀ ਘਰੋਂ ਪਰੌਂਠੇ ਨਹੀਂ ਲਿਆਇਆ। ਹੁਣ ਕੀ ਕੀਤਾ ਜਾਵੇ! ਕੰਟੀਨ ਤੋਂ ਬਿਸਕੁਟ ਪਕੌੜੇ? ਨਹੀਂ ਨਹੀਂ ਇਸ ਵਾਸਤੇ ਵੀ ਸ਼ਾਇਦ ਮਾਸਟਰਨੀ ਨਾ ਮੰਨੇ। ਉਹ ਨਿੰਮੋਝੂਣਾ ਜਿਹਾ ਹੁੰਦਾ ਖੜ੍ਹਾ ਰਿਹਾ। ਹੁਣ ਤੱਕ ਮਰੀਜ਼ ਕੁਝ ਸਹਿਲ ਹੋ ਚੁਕਾ ਸੀ।
ਉਸ ਦੇ ਮਨ ਵਿਚ ਫੁਰਨਾ ਫੁਰਿਆ। ਬਾਹਰ ਨਿਕਲ ਤੁਰਿਆ। ਬਰਾਂਡੇ ‘ਚੋਂ ਲੰਘਦੇ ਉਸ ਨੇ ਵੇਖਿਆ ਸਟਾਫ ਰੂਮ ਵਿਚ ਹੈਡਮਾਸਟਰ ਦੀ ਹਰਮੀਤ ਬੰਗਲਾ ਮਾਸਟਰ ਦੇ ਮੂੰਹ ਬੁਰਕੀ ਤੁੰਨਦੀ ਹਿੱਚ ਹਿੱਚ ਕਰ ਰਹੀ ਹੈ ਤੇ ਉਹ ਛੀ ਛੀ ਕਰਦਾ ਮੂੰਹ ਪਿੱਛੇ ਭੁਵਾਂ ਰਿਹਾ ਹੈ। ਉਸ ਦੇ ਮਨ ਵਿਚ ਵਿਦਰੋਹ ਭੜਕ ਪਿਆ। ਪਲ ਦੀ ਪਲ ਉਸ ਦੇ ਮਨ ਵਿਚ ਆਇਆ ਕਿ ਇਹ ਟਿਫਨ ਖੋਹ ਕੇ ਕਿਸੇ ਭੁੱਖੇ ਲੋੜਵੰਦ ਦੇ ਮੂੰਹ ਪਾਵੇ ਤੇ ਅੱਜ ਦੀ ਸਭ ਤੋਂ ਵੱਧ ਲੋੜਵੰਦ ਬਾਨੋ ਹੀ ਤਾਂ ਹੈ। ਪਰ ਹੈਡਮਾਸਟਰ ਦੀ ਕੁੱਟ-ਮਾਰ ਤੇ ਸਕੂਲ ਨਿਕਾਲੇ ਦਾ ਡਰ ਉਸ ਅੱਗੇ ਵਾੜ ਬਣ ਗਿਆ।
ਉਸ ਨੇ ਜੇਬ ਟੋਹੀ, ਇੱਕ ਆਨਾ ਤੇ ਇੱਕ ਦੁਆਨੀ ਛਣਕ ਰਹੀ ਸੀ। ਫੁਰਤੀ ਨਾਲ ਉਹ ਪ੍ਰੇਮ ਪਕੌੜਿਆਂ ਵਾਲੇ ਕੋਲ ਗਿਆ। ਨਹੀਂ, ਨਹੀਂ! ਉਹ ਤਾਂ ਅੱਗੇ ਹੀ ਬਿਮਾਰ ਹੈ। ਪੇਟ ਦਰਦ ਹੈ ਉਸ ਦੇ, ਤੇ ਪ੍ਰੇਮ ਦੇ ਘਟੀਆ ਤੇਲ ਵਾਲੇ ਪਕੌੜੇ ਉਹਨੂੰ ਹੋਰ ਖਰਾਬ ਕਰਨਗੇ। ਉਹ ਉਪਰ ਦੀ ਝਕਾਨੀ ਮਾਰ ਕੇ ਨੇੜੇ ਹੀ ਘੁੱਕੇਵਾਲੀ ਪਿੰਡ ਦੇ ਕਿੰਨੂਆਂ ਦੇ ਬਾਗ ਵੱਲ ਨਿਕਲ ਤੁਰਿਆ। ਤਿੰਨ ਆਨੇ ਦੇ ਕਿੰਨੂ ਵੀ ਤਾਂ ਤਿੰਨ ਆ ਜਾਣੇ ਨੇ। ਮੋਟੇ ਮੋਟੇ ਲਾਲ ਲਾਲ ਸੰਧੂਰੀ ਭਾਅ ਮਾਰਦੇ ਲਿਸ਼ਕਦੇ ਕਿੰਨੂ ਲਮਕਦੇ ਵੇਖ ਕੇ ਉਸ ਦੇ ਮੂੰਹ ਪਾਣੀ ਭਰ ਆਇਆ। ਆਸੇ-ਪਾਸੇ ਨਜ਼ਰ ਦੁੜਾਈ। ਇੱਥੇ ਕੋਈ ਨਹੀਂ ਸੀ, ਕੋਈ ਵੀ ਤਾਂ ਨਹੀਂ ਸੀ ਦਿਸਦਾ ਨੇੜੇ ਤੋੜੇ ਏਨੇ ਵੱਡੇ ਬਾਗ ਦਾ ਰਖਵਾਲਾ।
“ਮਾਲੀ! ਓ ਮਾਲੀ! ਬਾਬਾ ਜੀ! ਭਾਊ…!” ਉਸ ਨੇ ਵਾਰ ਵਾਰ ਉਚੀ ਦੇਣੀ ਅਵਾਜ਼ ਲਾਈ। ਅੱਗੋਂ ਕੋਈ ਹੁੰਗਾਰਾ ਨਾ ਆਇਆ। ਉਹ ਚਾਹੁੰਦਾ ਸੀ, ਤਿੰਨ ਆਨਿਆਂ ਦੇ ਤਿੰਨ ਕਿੰਨੂ ਲੈ ਜਾਏਗਾ ਤੇ ਬਾਨੋ ਨੂੰ ਖੁਆਏਗਾ ਜਾਂ ਇਨ੍ਹਾਂ ਦਾ ਰਸ ਉਸ ਨੂੰ ਪਿਆਏਗਾ, ਪਰ ਪੈਸੇ ਕਿਸ ਨੂੰ ਦੇਵੇ? ਉਹ ਸ਼ਸ਼ੋਪੰਜ ਵਿਚ ਪੈ ਗਿਆ। ਪਿੱਛੇ ਵੀ ਹੰਗਾਮੀ ਹਾਲਤ ਵਾਂਗ ਜਲਦੀ ਮੁੜਨ ਦਾ ਮਾਮਲਾ ਸੀ। ਮਲਕੜੇ ਜਿਹੇ ਉਸ ਦੇ ਹੱਥ ਕਿੰਨੂਆਂ ਵੱਲ ਵਧੇ ਤੇ ਦੋ, ਤਿੰਨ, ਚਾਰ ਤੋੜ ਕੇ ਉਸ ਨੇ ਝੱਗੇ ਦੀ ਝੋਲੀ ਬਣਾ ਕੇ ਪਾ ਲਏ। ਬਾਹਰ ਨਿਕਲਦੇ ਵੇਖ ਕੇ ਮਾਲੀ ਨੇ ਦੌੜ ਕੇ ਆ ਕੇ ਦਬੋਚ ਲਿਆ। ਭੱਜਣ ਨੂੰ ਉਸ ਦਾ ਦਿਲ ਨਾ ਕੀਤਾ, ਉਹ ਚੋਰ ਥੋੜ੍ਹਾ ਸੀ। ਉਸ ਨੇ ਸੋਚਿਆ, ਉਹ ਸਕੂਲ ਦੀ ਵੈਲਫੇਅਰ ਕਮੇਟੀ ਮੈਂਬਰ ਹੋਣ ਦਾ ਧੌਂਸ ਦੇ ਕੇ ਮਾਲੀ ‘ਤੇ ਰੋਹਬ ਪਾ ਲਏਗਾ, ਪਰ ‘ਨਹੀਂ ਨਹੀਂ ਇਹ ਤਾਂ ਹੋਰ ਵੀ ਮਾੜੀ ਗੱਲ ਹੋਊ। ਵੈਲਫੇਅਰ ਕਮੇਟੀ ਦਾ ਨੁਮਾਇੰਦਾ ਚੋਰੀ ਕਰਦਾ ਫੜਿਆ ਗਿਆ! ਕਿੰਨੀ ਤੋਏ ਤੋਏ, ਦੁਰੇ ਦੁਰੇ ਹੋਊ। ਉਸ ਨੇ ਫਿਰ ਕਿਸੇ ਪਾਸੇ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ। ਹੈਡਮਾਸਟਰ, ਜਿਸ ਨੇ ਲੀਡਰ ਬਣਾਉਣ ਖਾਤਰ ਉਸ ਤੇ ਏਨਾ ਭਰੋਸਾ ਕੀਤਾ, ਦੇ ਮਨ ‘ਤੇ ਕੀ ਬੀਤੇਗੀ!’ ਉਸ ਨੇ ਖਿੜੇ ਮੱਥੇ ਚੋਰੀ ਦਾ ਜ਼ਿੰਮਾ ਲੈਣ ਦਾ ਮਨ ਬਣਾ ਲਿਆ।
“ਹੱਛਾ! ਤਾਂ ਤੂੰ ਹੈਂ! ਜੋ ਹਰ ਰੋਜ਼ ਚੋਰੀ ਕਰਦਾ ਇੱਥੇ। ਮੈਂ ਕਿੰਨੇ ਦਿਨਾਂ ਤੋਂ ਤੇਰੀ ਤਲਾਸ਼ ਕਰ ਰਿਹਾ ਹਾਂ।”
‘ਤੂੰ ਵੀ ਮੇਰੀ ਤਲਾਸ਼ ਕਰਨ ਲੱਗਾ! ਮੇਰੀ ਤਲਾਸ਼ ਵਿਚ ਤਾਂ ਹੋਰ ਕਈ ਰੱਬ ਦੇ ਪਿਆਰੇ ਹੇਰਵਾ ਕਰਨ ਲੱਗੇ ਮੰਜਾ ਮੱਲ ਬੈਠੇ ਨੇ।’ ਉਸ ਨੇ ਮਨ ਹੀ ਮਨ ਜੁਆਬ ਦਿੱਤਾ।
“ਨਹੀਂ! ਨਹੀਂ ਮੈਂ ਚੋਰੀ ਨਹੀਂ ਕਰਦਾ। ਮੈਂ ਤਾਂ ਅੱਜ ਹੀ ਆਇਆਂ ਇੱਥੇ ਪਹਿਲੀ ਵਾਰ, ਮੈਥੋਂ ਪੈਸੇ ਲੈ ਲੈ।” ਉਸ ਨੇ ਸਿੱਕੇ ਕੱਢ ਕੇ ਉਧਰ ਵਗਾਏ।
“ਨਹੀਂ ਪੁੱਤਰਾ! ਪੈਸੇ ਨਹੀਂ ਲੈਣੇ; ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਇੱਥੋਂ ਕੋਈ ਰੋਜ ਕਿੰਨੂ ਤੋੜਦਾ, ਅੱਜ ਤੂੰ ਕਾਬੂ ਆ ਗਿਆਂ, ਮੇਰੇ ਵਾਸਤੇ ਤਾਂ ਤੂੰ ਹੀ ਮੇਰਾ ਪੱਕਾ ਚੋਰ ਹੈਂ। ਮੈਂ ਤੈਨੂੰ ਨਹੀਂ ਛੱਡਣਾ। ਹੈਡਮਾਸਟਰ ਕੋਲ ਲੈ ਜਾਊਂ, ਛਿੱਤਰ ਪੌਲਾ ਫਿਰਾਊਂ, ਪੁਲਿਸ ਨੂੰ ਫੜਾਊਂ…।”
“ਨਾ, ਨਾ…ਯਾਰ ਬਾਬਾ! ਇਹ ਸ਼ਰੀਫਮਾਰ ਕੰਮ ਨਾ ਕਰੀਂ, ਮੈਂ ਚੋਰ ਬਿਲਕੁਲ ਨਹੀਂ! ਮੈਥੋਂ ਪੈਸੇ ਲੈ ਲੈ। ਹੋਰ ਜੋ ਮਰਜ਼ੀ ਜੁਰਮਾਨਾ ਕਰ ਦੇਹ, ਡੰਨ ਲਾ ਦੇਹ, ਮੈਂ ਭਰਨ ਨੂੰ ਤਿਆਰ ਹਾਂ। ਆਹ ਵੇਖ! ਮੇਰੇ ਕੋਲ ਤਿੰਨ ਆਨੇ ਹੈਗੇ ਨੇ।”
“ਹੱਛਾ! ਤਾਂ ਫਿਰ ਬੈਠਕਾਂ ਮਾਰ ਪੰਜਾਹ।” ਹੰਢੇ ਵਰਤੇ ਮਾਲੀ ਨੂੰ ਉਸ ਦੀ ਮਾਸੂਮੀਅਤ ‘ਤੇ ਤਰਸ ਆ ਗਿਆ।
“ਪੰਜਾਹ! ਧੰਨਵਾਦ। ਬੈਠਕਾਂ ਤਾਂ ਕਹੇਂ ਤਾਂ ਮੈਂ ਹਜ਼ਾਰ ਮਾਰ ਦੇਊਂ।” ਉਸ ਦਾ ਹੌਸਲਾ ਵਾਪਸ ਪਰਤਿਆ।
ਉਹ ਬੈਠਕਾਂ ਮਾਰਨ ਲੱਗਾ। ਬੜੇ ਧੀਰਜ ਨਾਲ ਉਹ ਪੰਜਾਹ ਟੱਪ ਕੇ ਇਕਵੰਜਾ, ਬਵੰਜਾ, ਤਰਵੰਜਾ, ਚੁਰੰਜਾ, ਪਚਵੰਜਾ ਤੱਕ ਪਹੁੰਚਿਆ।
“ਬੱਸ ਬੱਸ ਪੁੱਤ ਬੱਸ! ਸ਼ਾਬਾਸ਼। ਲੈ ਦੋ ਹੋਰ ਲੈ ਜਾਹ।” ਬੁੱਢੇ ਮਾਲੀ ਨੇ ਉਸ ਦੀ ਪਿੱਠ ਥਪਕਦੇ ਸ਼ਰਾਫਤ ਦੀ ਕਦਰ ਕੀਤੀ। ਉਹ ਉਸ ਨੂੰ ਬੜਾ ਪਿਆਰਾ ਲੱਗਾ।
“ਸੁਣ ਬੇਟਾ! ਜਦੋਂ ਤੇਰਾ ਜੀ ਕਰੇ ਆ ਜਾਇਆ ਕਰ, ਆ ਕੇ ਖਾ ਜਾਇਆ ਕਰ ਮਨ ਚਾਹੇ…ਤੈਨੂੰ ਖੁੱਲ੍ਹੀ ਛੁੱਟੀ।” ਉਸ ਨੂੰ ਛਾਤੀ ਨਾਲ ਘੁੱਟ ਲਿਆ।
ਮਾਲੀ ਦੇ ਬੋਲਾਂ ਨੇ ਉਸ ਦੇ ਜ਼ਖਮੀ ਹੋਏ ਆਤਮ ਵਿਸ਼ਵਾਸ ‘ਤੇ ਮਲ੍ਹਮ ਲਾ ਦਿੱਤੀ। ਉਹ ਸਰਪਟ ਦੌੜਿਆ ਭਾਵੇਂ ਸਕੂਲ ਬਹੁਤ ਦੂਰ ਨਹੀਂ ਸੀ, ਪਰ ਦੇਰ ਜ਼ਰੂਰ ਹੋ ਗਈ ਸੀ। ਕਿੰਨੂ ਉਸ ਨੇ ਮੈਡਮ ਦੇ ਸਾਹਮਣੇ ਢੇਰੀ ਕਰ ਦਿੱਤੇ, “ਮੈਡਮ ਕਿੰਨੂ ਖਾਓ, ਤੁਸੀਂ ਵੀ ਤੇ ਇਹਨੂੰ ਵੀ ਖੁਆਓ। ਇਹ ਇਸ ਦੀ ਬਿਮਾਰੀ ਦਾ ਇਲਾਜ ਹੈ।”
ਗੁਲਬਾਨੋ ਹੁਣ ਤੱਕ ਉਠ ਕੇ ਬੈਠ ਚੁਕੀ ਸੀ, ‘ਕੇਰਾਂ ਫਿਰ ਫਿੱਸ ਪਈ। ਦੂਜੀਆਂ ਸਹੇਲੀਆਂ ਨੇ ਵੀ ਸੁਮਕੇ ਮਾਰ ਕੇ ਅੱਖਾਂ ਪੂੰਝੀਆਂ ਤੇ ਇੱਕ ਇੱਕ ਫੜ ਕੇ ਛਿੱਲਣ ਲੱਗ ਪਈਆਂ।
“ਬੈਠ ਜਾਹ ਤੂੰ ਵੀ ਖਾ ਲੈ, ਤੈਨੂੰ ਯਾਦ ਕਰਦੀ ਤੇਰਾ ਫਿਕਰ ਕਰਦੀ ਸੀ। ਆਪੇ ਖੁਆ ਇਸ ਨੂੰ। ਇੱਕ ਵੇਰਾਂ ਤੇ ਮੁੜ ਆਈ ਹੈ ਅਗਲੇ ਜਹਾਨੋਂ।” ਮਾਸਟਰਨੀ ਨੇ ਟਿੱਚਰ ਭਰੀ ਰਮਜ਼ ਨਾਲ ਉਸ ਨੂੰ ਸਮਝਾ ਦਿੱਤਾ ਕਿ ਦਾਲ ਵਿਚ ਕੁਝ ਕਾਲਾ ਹੈ ਤੇ ਇਹ ਪਿਆਰ ਦੀ ਪਹਿਲੀ ਝਲਕ ਹੈ। ਬਾਨੋ ਨੇ ਡਲ੍ਹਕਦੀਆਂ ਅੱਖਾਂ ਝਮਕੀਆਂ ਜਿਵੇਂ ਕਹਿ ਰਹੀ ਹੋਵੇ, ‘ਤੁਮ ਹੀ ਨੇ ਦਰਦ ਦੀਆ ਹੈ, ਤੁਮ ਹੀ ਦਵਾ ਦੇਨਾ।’ ਉਸ ਵਾਸਤੇ ਇਹ ਨਵੀਂ ਨਿਆਮਤ ਸੀ।
ਉਹ ਉਥੇ ਖੜ੍ਹਾ ਨਾ ਹੋ ਸਕਿਆ। ਝੱਗੇ ਨਾਲ ਮੂੰਹ, ਅੱਖਾਂ ਪੂੰਝਦਾ ਮੁੜ ਅੱਧ-ਵਰਿੱਤਾ ਜਿਹਾ ਹੋ ਕੇ ਕਲਾਸ ਵਿਚ ਜਾ ਬੈਠਾ।