ਬੌਧਿਕ ਸਫਰ ਤੇ ਜ਼ਮੀਨੀ ਹਕੀਕਤਾਂ: ਇੱਕ ਦੂਜੇ ਦੇ ਪੂਰਕ ਜਾਂ ਵਿਰੋਧੀ

ਖਾਲਿਸਤਾਨ ਦੇ ਐਲਾਨਨਾਮੇ ਬਾਰੇ ਸ਼ੁਰੂ ਹੋਈ ਬਹਿਸ ਹੁਣ ਕਾਫੀ ਅੱਗੇ ਨਿਕਲ ਆਈ ਹੈ। ਇਸ ਬਹਿਸ ਤਹਿਤ ਵੱਖ-ਵੱਖ ਲਿਖਾਰੀਆਂ/ਵਿਦਵਾਨਾਂ ਦੀਆਂ ਲਿਖਤਾਂ ਛਾਪੀਆਂ ਗਈਆਂ। ਇਸ ਵਾਰ ਅਸੀਂ ਪ੍ਰਭਸ਼ਰਨਦੀਪ ਸਿੰਘ ਦੀ ਇਹ ਲਿਖਤ ਛਾਪ ਰਹੇ ਹਾਂ ਜਿਸ ਵਿਚ ਉਨ੍ਹਾਂ ਹਜ਼ਾਰਾ ਸਿੰਘ ਦੇ ਉਠਾਏ ਕੁਝ ਨੁਕਤਿਆਂ ਬਾਰੇ ਗੱਲ ਕਰਨ ਦਾ ਯਤਨ ਕੀਤਾ ਹੈ। ਇਹ ਬਹਿਸ ਚਲਾਉਣ ਦੀ ਸਾਰਥਕਤਾ ਇਹੋ ਬਣਦੀ ਹੈ ਤਾਂ ਕਿ ਕੁਝ ਨਵੇਂ ਵਿਚਾਰ ਸਾਹਮਣੇ ਲਿਆਂਦੇ ਜਾ ਸਕਣ।

-ਸੰਪਾਦਕ

ਪ੍ਰਭਸ਼ਰਨਦੀਪ ਸਿੰਘ

ਸੰਵਾਦ ਸਿਹਤਮੰਦ ਕਸਰਤ ਹੈ, ਜਿਸ ਬਿਨਾ ਕੌਮਾਂ ਦੇ ਵਿਕਾਸ ਵਿਚ ਖੜੋਤ ਆ ਸਕਦੀ ਹੈ ਤੇ ਉਨ੍ਹਾਂ ਦੇ ਸਰੋਕਾਰਾਂ ਦੀ ਸਹੀ ਨੁਮਾਇੰਦਗੀ ਦੀ ਸੰਭਾਵਨਾ ਵੀ ਮੱਧਮ ਪੈ ਸਕਦੀ ਹੈ, ਪਰ ਸੰਵਾਦ ਕਿਸੇ ਇੱਕ ਧਿਰ ਦੇ ਵੱਸ ਵਿਚ ਨਹੀਂ ਹੁੰਦਾ। ਇਸ ਲਈ ਲੋੜੀਂਦਾ ਸਭਿਆਚਾਰ ਹੋਣਾ ਜ਼ਰੂਰੀ ਹੈ। ਸਿਆਸੀ ਨੋਕ-ਝੋਕ ਜਾਂ ਮਿਹਣੇਬਾਜ਼ੀ ਵਿਚ ਸੰਵਾਦ ਵਾਲੀ ਕੋਈ ਗੱਲ ਨਹੀਂ ਹੁੰਦੀ। ਇਹ ਦੋ ਜਾਂ ਵੱਧ ਧਿਰਾਂ ਦਾ ਖੇਡ-ਤਮਾਸ਼ਾ ਹੁੰਦਾ ਹੈ, ਜਿਸ ਤਹਿਤ ਉਹ ਇੱਕ ਦੂਜੇ ਦੀ ਲਾਹ-ਪਾਹ ਰਾਹੀਂ ਆਮ ਲੋਕਾਂ ਦੇ ਬੁਨਿਆਦੀ ਸਰੋਕਾਰਾਂ ਨਾਲ ਖਿਲਵਾੜ ਕਰ ਜਾਂਦੇ ਹਨ। ਇਹ ਬੇਹੱਦ ਫਜ਼ੂਲ ਤੇ ਘਟੀਆ ਕਸਰਤ ਹੈ। ਬੌਧਿਕ ਸੰਵਾਦ ਇਨ੍ਹਾਂ ਲੀਹਾਂ ‘ਤੇ ਨਹੀਂ ਚੱਲਣੇ ਚਾਹੀਦੇ। ਬੌਧਿਕ ਸੰਵਾਦ ਵਿਚ ਇੱਕ ਪੱਧਰ ਦੀ ਨੈਤਿਕਤਾ ਸਦਾ ਬਰਕਰਾਰ ਰਹਿਣੀ ਚਾਹੀਦੀ ਹੈ। ਬੌਧਿਕ ਸੰਵਾਦ ਲਈ ਲੋੜੀਂਦੀ ਤਿਆਰੀ ਅਤੇ ਕੋਈ ਨਵਾਂ ਰਾਹ ਲੱਭਣ ਦੀ ਇੱਛਾ, ਜਾਂ ਚੱਲ ਰਹੇ ਰਾਹਾਂ ਦੀਆਂ ਸੀਮਤਾਈਆਂ ਨੂੰ ਸਮਝਣ ਦੀ ਸੁੱਚੀ ਚਾਹ ਸਦਾ ਲੋੜੀਂਦੀ ਹੈ। ਇਨ੍ਹਾਂ ਬੁਨਿਆਦੀ ਗੱਲਾਂ ਦੀ ਅਣਹੋਂਦ ਵਿਚ ਬੌਧਿਕ ਸੰਵਾਦ ਰਚਾਉਣਾ ਔਖਾ ਹੋ ਜਾਂਦਾ ਹੈ।
ਸ਼ ਹਜ਼ਾਰਾ ਸਿੰਘ ਨੇ ਮੇਰੀ ਅਤੇ ਮੇਰੇ ਭਰਾ ਦੀ ਬੌਧਿਕ ਕਾਰਜ ਨੂੰ ਸਮਰਪਿਤ ਹੋਣ ਦੀ ਪ੍ਰੇਰਨਾ ਬਾਰੇ ਆਪਣੇ ਕੁਝ ਨਿਰਣੇ ਸਾਂਝੇ ਕੀਤੇ ਹਨ। ਕਿਸੇ ਸਿਆਸੀ ਜਾਂ ਅਕਾਦਮਿਕ ਬਹਿਸ ਵਿਚ ਸ਼ਾਮਲ ਵਿਅਕਤੀਆਂ ਬਾਰੇ ਚੱਲਵੀਆਂ ਟਿੱਪਣੀਆਂ ਦੀ ਥਾਂ ਸਬੰਧਤ ਵਿਸ਼ੇ ਬਾਰੇ ਗੱਲ ਹੋਵੇ ਤਾਂ ਚੰਗੀ ਗੱਲ ਹੈ, ਪਰ ਲੱਗਦਾ ਹੈ, ਹਜ਼ਾਰਾ ਸਿੰਘ ਦੀ ਬਹਿਸ ਦੇ ਵਿਸ਼ੇ ਬਾਰੇ ਆਪਣੀ ਰਾਇ ਦੇਣ ਨਾਲੋਂ ਸਾਡੇ ਬਾਰੇ ਕੋਈ ਧਾਰਨਾ ਸਥਾਪਤ ਕਰਨ ਵਿਚ ਵੱਧ ਦਿਲਚਸਪੀ ਹੈ। ਸ਼ਾਇਦ ਅਜਿਹਾ ਕਰਨਾ ਉਨ੍ਹਾਂ ਦੀ ਪੁਰਾਣੀ ਪੱਕ ਚੁਕੀ ਆਦਤ ਹੋਵੇ, ਜੋ ਉਨ੍ਹਾਂ ਨੂੰ ਰਾਸ ਆਉਂਦੀ ਰਹੀ ਹੋਵੇ, ਪਰ ਇਸ ਵਾਰ ਉਨ੍ਹਾਂ ਦੀ ਇਲਹਾਮੀ ਦ੍ਰਿਸ਼ਟੀ ਥੋੜ੍ਹਾ ਥਿੜਕ ਗਈ ਜਾਪਦੀ ਹੈ। ਆਪਣਾ ਸਾਜ਼ਿਸ਼ੀ ਸਿਧਾਂਤ ਪ੍ਰਚਾਰਨ ਦੇ ਜੋਸ਼ ਵਿਚ ਉਹ ਕੁਝ ਪ੍ਰਤੱਖ ਦਿਸਦੇ ਤੱਥਾਂ ਜਿਵੇਂ ਸਾਡੇ ਲੰਮੇ ਬੌਧਿਕ ਸਫਰ ਦਾ ਮੂਲ ਖਾਸਾ, ਤੇ ਸਾਡੀਆਂ ਪਹਿਲੀਆਂ ਬਹਿਸਾਂ ਦੇ ਵਿਸ਼ੇ-ਵਸਤੂ ਆਦਿ ਨੂੰ ਧਿਆਨ ਵਿਚ ਰੱਖਣੋਂ ਉੱਕ ਗਏ। ਸਾਜ਼ਿਸ਼ੀ ਸਿਧਾਂਤ ਦੇ ਜੋਸ਼ੀਲੇ ਪ੍ਰਚਾਰਕਾਂ ਦੀ ਹੋਣੀ ਇਹੋ ਹੁੰਦੀ ਹੈ। ਉਹ ਕਿਸੇ ਵਰਤਾਰੇ ਬਾਰੇ ਕਾਹਲੀ ਵਿਚ ਕੋਈ ਸਨਸਨੀਖੇਜ਼ ਸ਼ੋਸ਼ਾ ਕੱਢ ਲਿਆਉਂਦੇ ਹਨ, ਉਸ ਨੂੰ ਹੁਣ ਤੱਕ ਅਣਗੌਲੇ ਰਹੇ ਅਹਿਮ ਤੱਥ ਵਜੋਂ ਪ੍ਰਚਾਰਦੇ ਹਨ, ਤੇ ਖੁਦ ਨੂੰ ਨਮੋਸ਼ੀਜਨਕ ਸਥਿਤੀ ਵਿਚ ਪਾਉਣ ਦਾ ਬੰਦੋਬਸਤ ਕਰ ਲੈਂਦੇ ਹਨ।
ਆਪਣੇ ਖਿਲਾਫ ਫਤਵੇਬਾਜ਼ੀ ਦਾ ਜੁਆਬ ਦੇਣ ਵਿਚ ਭਾਵੇਂ ਸਾਡੀ ਖਾਸ ਦਿਲਚਸਪੀ ਨਹੀਂ, ਪਰ ਮੈਂ ਇਸ ਲੇਖ ਦਾ ਜੁਆਬ ਦੇਣਾ ਚਾਹੁੰਦਾ ਹਾਂ, ਕਿਉਂਕਿ ਹਜ਼ਾਰਾ ਸਿੰਘ ਦੇ ਸਾਜ਼ਿਸ਼ੀ ਸਿਧਾਂਤ ਪਿੱਛੇ ਕੁਝ ਅਹਿਮ ਸੁਆਲ ਪਏ ਹਨ, ਜਿਵੇਂ: ਬੌਧਿਕ ਖੇਤਰ ਨੂੰ ਪ੍ਰਣਾਏ ਬੰਦਿਆਂ ਦੀ ਸਮਾਜਕ ਜਾਂ ਸਿਆਸੀ ਖੇਤਰ ਵਿਚ ਕੀ ਭੂਮਿਕਾ ਹੁੰਦੀ ਹੈ? ਕੀ ਬੌਧਿਕ ਕਾਰਜ ਸੂਖਮ ਫਲਸਫਾਨਾ ਸਿਧਾਂਤਕਾਰੀ ਤੱਕ ਸੀਮਿਤ ਰਹਿਣਾ ਚਾਹੀਦਾ ਹੈ ਜਾਂ ਇਸ ਦਾ ਸਥੂਲ ਵਰਤਾਰੇ ਨਾਲ ਵੀ ਕੋਈ ਨਾਤਾ ਹੋਣਾ ਚਾਹੀਦਾ ਹੈ? ਬੌਧਿਕ ਖੇਤਰ ਵਿਚ ਕੰਮ ਕਰਨ ਵਾਲੇ ਵਿਦਵਾਨਾਂ ਜਾਂ ਵਿਦਿਆਰਥੀਆਂ ਦੀ ਇਤਿਹਾਸਕ ਵਰਤਾਰਿਆਂ ਦੀ ਦਿਸ਼ਾ ਅਤੇ ਦਸ਼ਾ ਬਾਰੇ ਕਿਹੋ-ਜਿਹੀ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ? ਇਹ ਜ਼ਰੂਰੀ ਨਹੀਂ ਕਿ ਉਪਰੋਕਤ ਸੁਆਲਾਂ ਦੇ ਕੋਈ ਪੱਕੇ ਕਾਇਨਾਤੀ ਜੁਆਬ ਹੋਣ। ਇਨ੍ਹਾਂ ਸੁਆਲਾਂ ਬਾਰੇ ਕਈ ਕਿਸਮ ਦੀਆਂ ਪਹੁੰਚਾਂ ਹੋ ਸਕਦੀਆਂ ਹਨ, ਜੋ ਆਪੋ-ਆਪਣੀ ਥਾਂ ਸਹੀ ਵੀ ਹੋ ਸਕਦੀਆਂ ਹਨ। ਇਸ ਲਈ ਮੈਂ ਨਹੀਂ ਸਮਝਦਾ ਕਿ ਸਾਨੂੰ ਇਨ੍ਹਾਂ ਸੁਆਲਾਂ ਦੇ ਸਥਾਈ ਜਾਂ ਅੰਤਿਮ ਜੁਆਬ ਲੱਭਣੇ ਵੀ ਚਾਹੀਦੇ ਹਨ। ਇਸੇ ਕਰ ਕੇ, ਇਨ੍ਹਾਂ ਸੁਆਲਾਂ ਬਾਰੇ ਮੈਂ ਆਪਣਾ ਨਜ਼ਰੀਆ ਸਾਂਝਾ ਕਰਨਾ ਚਾਹੁੰਦਾ ਹਾਂ, ਜੋ ਮੈਨੂੰ ਹਥਲੇ ਪ੍ਰਸੰਗ ਵਿਚ ਸਾਰਥਕ ਪ੍ਰਤੀਤ ਹੁੰਦਾ ਹੈ।
ਸਾਡੇ ਦੋਹਾਂ ਭਰਾਵਾਂ ਦੇ ਬੌਧਿਕ ਸਫਰ ਦੇ ਦੋ ਪਹਿਲੂ ਇਸ ਬਹਿਸ ਦੇ ਪ੍ਰਸੰਗ ਵਿਚ ਅਹਿਮ ਹਨ: ਪਹਿਲਾ, ਅਸੀਂ ਸਿੱਖਾਂ ਦੀ ਆਜ਼ਾਦੀ ਨਾਲ ਸਰੋਕਾਰ ਰੱਖਣ ਵਾਲੇ ਵਿਦਿਆਰਥੀ ਕਾਰਕੁਨਾਂ ਵਜੋਂ ਆਪਣਾ ਜੀਵਨ ਸ਼ੁਰੂ ਕੀਤਾ; ਦੂਜਾ, ਅਸੀਂ ਰਾਜਨੀਤੀ ਵਿਗਿਆਨ ਜਾਂ ਸਮਾਜ ਵਿਗਿਆਨ ਦੇ ਨਹੀਂ, ਸਾਹਿਤ ਤੇ ਫਲਸਫੇ ਦੇ ਵਿਦਿਆਰਥੀ ਸਾਂ। ਦੂਜੇ ਸ਼ਬਦਾਂ ਵਿਚ, ਇੱਕ ਪਾਸੇ ਅਸੀਂ ਇੱਕ ਇਤਿਹਾਸਕ ਵਰਤਾਰੇ ਦਾ ਹਿੱਸਾ ਸਾਂ, ਦੂਜੇ ਪਾਸੇ ਅਸੀਂ ਜੀਵਨ ਦੀਆਂ ਸੂਖਮ ਰਮਜ਼ਾਂ ਨੂੰ ਜ਼ੁਬਾਨ ਦੇਣ ਵਾਲੀ ਕਵਿਤਾ, ਜ਼ਿੰਦਗੀ ਦੇ ਚਲੰਤ ਰੁਝਾਨਾਂ ਦੇ ਅੰਦਰ ਹੀ ਚੱਲ ਰਹੇ ਵੱਡੇ ਅਮਲਾਂ ਤੇ ਇਤਿਹਾਸਕ ਵਰਤਾਰਿਆਂ ਦਾ ਪ੍ਰਵਾਹ ਪੇਸ਼ ਕਰਨ ਵਾਲੀ ਗਲਪ, ਅਤੇ ਜ਼ਿੰਦਗੀ ਨੂੰ ਸਮਝਣ ਦੇ ਅਮਲਾਂ ਦੇ ਅੰਦਰਲੇ ਸੰਕਟਾਂ ਨੂੰ ਖੋਜਣ ਵਾਲੇ ਫਲਸਫੇ ਦਾ ਅਧਿਐਨ ਕਰ ਰਹੇ ਸਾਂ। ਦਿਸਦੇ ਵਰਤਾਰੇ ਨਾਲ ਸ਼ਿੱਦਤ ਭਰਪੂਰ ਸਾਂਝ ਦੇ ਨਾਲ-ਨਾਲ ਸਾਹਿਤ ਤੇ ਫਲਸਫੇ ਦੇ ਅਧਿਐਨ ਨੇ ਸਾਨੂੰ ਸਮਕਾਲੀ ਸਿਆਸੀ ਅਤੇ ਸਮਾਜਕ ਵਰਤਾਰੇ ਤੋਂ ਲਗਾਤਾਰ ਅਲਹਿਦਗੀ ਵੱਲ ਨੂੰ ਵੀ ਧੱਕਿਆ। ਇਸ ਸਦਕਾ ਪਹਿਲਾਂ ਸਾਡੀ ਸਿਆਸੀ ਅਤੇ ਬੌਧਿਕ ਹਲਕਿਆਂ ਨਾਲ ਛੇਤੀ ਸਾਂਝ ਪੈ ਜਾਂਦੀ, ਤੇ ਫਿਰ, ਬਹੁਤ ਛੇਤੀ, ਇਸੇ ਕਾਰਨ ਸਾਡਾ ਉਨ੍ਹਾਂ ਨਾਲ ਤੋੜ-ਵਿਛੋੜਾ ਹੋ ਜਾਂਦਾ। ਇਹ ਅਨੁਭਵ ਬਹੁਤਾ ਸੁਖਾਵਾਂ ਨਹੀਂ ਸੀ, ਪਰ ਇਹ ਸਾਡੇ ਲਈ ਸਿੱਖਾਂ ਦੇ ਬੌਧਿਕ ਅਤੇ ਸਿਆਸੀ ਹਲਕਿਆਂ ਦੇ ਅੰਦਰਲੇ ਸੰਕਟ ਨੂੰ ਸਮਝਣ ਲਈ ਬਹੁਤ ਸਹਾਈ ਹੋਇਆ। ਸਾਨੂੰ ਵਿਅਕਤੀਆਂ ਤੋਂ ਅਗਾਂਹ ਲੰਘ ਸਿੱਖਾਂ ਦੇ ਬੌਧਿਕ ਅਤੇ ਸਿਆਸੀ ਸਭਿਆਚਾਰ ਦੇ ਸੰਕਟ ਨੂੰ ਸਮਝਣ ਦਾ ਮੌਕਾ ਮਿਲਿਆ। ਮੁੱਕਦੀ ਗੱਲ, ਅਸੀਂ ਨਾਗਾਂ ਨਾਲ ਵਾਹ ਪਾ ਲਿਆ ਤੇ ਉਨ੍ਹਾਂ ਨੂੰ ਥਾਂ-ਟਿਕਾਣੇ ਰੱਖਣ ਦੇ ਬੰਦੋਬਸਤ ਕਰਨ ਲੱਗੇ, ਪਰ ਅਜਿਹਾ ਕਰਦਿਆਂ ਜ਼ਹਿਰ ਸਾਨੂੰ ਵੀ ਚੜ੍ਹਨਾ ਹੀ ਸੀ, ਜਿਸ ਦਾ ਬਿਨਾ ਸ਼ੱਕ ਨੁਕਸਾਨ ਵੀ ਹੋਇਆ।
ਖਾਲਿਸਤਾਨ ਦੀ ਲਹਿਰ ਸਿੱਖਾਂ ਅੰਦਰਲੇ ਦਰਦ ਦਾ ਸ਼ਿੱਦਤ ਭਰਿਆ ਪ੍ਰਗਟਾਵਾ ਸੀ। ਬਹੁਗਿਣਤੀ ਜੁਝਾਰੂ ਬਹੁਤ ਘੱਟ ਉਮਰ ਦੇ ਨੌਜੁਆਨ ਸਨ। ਉਨ੍ਹਾਂ ਨੇ ਬਿਨਾ ਕਿਸੇ ਖਾਸ ਸਿਖਲਾਈ ਜਾਂ ਬਾਹਰੀ ਹਮਾਇਤ ਦੇ ਲਹਿਰ ਨੂੰ ਆਪਣੀ ਸਮਰੱਥਾ ਨਾਲੋਂ ਵੱਧ ਦੇਣ ਦਿੱਤੀ। ਲਹਿਰ ਵਿਚ ਉੱਚੀ ਵਿੱਦਿਅਕ ਯੋਗਤਾ ਵਾਲੇ ਨੌਜੁਆਨਾਂ ਦਾ ਇੱਕ ਵਰਗ ਵੀ ਆਇਆ। ਇਸ ਵਰਗ ਦੇ ਕਈ ਨੌਜੁਆਨਾਂ ਵਿਚ ਬਹੁਤ ਕਮਾਲ ਦੀ ਬੌਧਿਕ ਸਮਰੱਥਾ ਸੀ, ਪਰ ਉਨ੍ਹਾਂ ਦੇ ਪਹਿਲੀ ਉਮਰ ਵਿਚ ਹੀ ਸ਼ਹੀਦ ਹੋ ਜਾਣ ਨਾਲ ਉਹ ਇਸ ਖੇਤਰ ਵਿਚ ਕੋਈ ਦੇਣ ਨਾ ਦੇ ਸਕੇ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਬਹੁਤ ਸਾਰੇ ਸਿੱਖ ਪ੍ਰੋਫੈਸਰ ਸਨ। ਇੱਕਾ-ਦੁੱਕਾ ਮਿਸਾਲਾਂ ਛੱਡ ਕੇ ਇਨ੍ਹਾਂ ਪ੍ਰੋਫੈਸਰਾਂ ਵਿਚ ਨਾ ਕਿਸੇ ਲਹਿਰ ਨੂੰ ਸੇਧ ਦੇਣ ਦੀ ਬੌਧਿਕ ਸਮਰੱਥਾ ਸੀ ਤੇ ਨਾ ਹੀ ਪ੍ਰਤੀਬੱਧਤਾ। ਮੁੱਕਦੀ ਗੱਲ, ਨੌਜੁਆਨ ਇਕੱਲੇ ਹੀ ਜੂਝੇ।
ਜੁਝਾਰੂ ਨੌਜੁਆਨਾਂ ਕੋਲ ਗੁਰਬਾਣੀ ਦਾ ਆਸਰਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਖੜ੍ਹੀ ਕੀਤੀ ਇਸ ਲਹਿਰ ਦੀ ਵੱਡੀ ਖਾਸੀਅਤ ਹੀ ਇਹ ਸੀ ਕਿ ਇਹ ਸਿੱਖ ਦੇ ਆਤਮਕ ਸਫਰ ਦੀ ਪੁਨਰ-ਸੁਰਜੀਤੀ ਸੀ, ਜੋ ਜੰਗ ਦੀ ਹਮਸਫਰ ਬਣ ਕੇ ਪ੍ਰਗਟ ਹੋਈ। ਸਿੱਟੇ ਵਜੋਂ, ਜੰਗ ਇੱਕੋ ਵੇਲੇ ਬਾਹਰੀ ਅਤੇ ਅੰਦਰੂਨੀ ਦੋਹਾਂ ਪੱਧਰਾਂ ‘ਤੇ ਲੜੀ ਜਾ ਰਹੀ ਸੀ। ਜੰਗ ਦੇ ਇਨ੍ਹਾਂ ਵੱਖਰੇ ਪਰ ਸਮਾਨੰਤਰ ਪਸਾਰਾਂ ਨੂੰ ਸਮਝਣ ਲਈ ਸਾਹਿਤ ਅਤੇ ਫਲਸਫੇ ਦਾ ਅਧਿਐਨ ਵੱਡੀ ਅਹਿਮੀਅਤ ਰੱਖਦਾ ਸੀ।
ਇੱਥੇ ਸੁਆਲ ਉੱਠ ਸਕਦਾ ਹੈ ਕਿ ਜਦੋਂ ਸਿੱਖਾਂ ਕੋਲ ਗੁਰਬਾਣੀ ਦਾ ਆਸਰਾ ਸੀ ਤਾਂ ਫਿਰ ਸਾਨੂੰ ਕਵਿਤਾ, ਗਲਪ ਅਤੇ ਫਲਸਫੇ ਜਿਹੇ ਆਸਰਿਆਂ ਦੀ ਕੀ ਲੋੜ ਸੀ? ਇਸ ਪ੍ਰਸੰਗ ਵਿਚ ਇਹ ਸਮਝਣ ਦੀ ਲੋੜ ਹੈ ਕਿ ਸਿੱਖ ਗੁਰਬਾਣੀ ਦੀ ਓਟ ਦੋ ਪੱਧਰਾਂ ‘ਤੇ ਲੈਂਦਾ ਹੈ: ਇੱਕ ਤਾਂ ਗੁਰਬਾਣੀ ਦੇ ਪਾਠ ਅਤੇ ਕੀਰਤਨ ਦਾ ਰਸ, ਜੋ ਸਿੱਖ ਨੂੰ ਦੁਨੀਆਂ ਦੇ ਛੋਟੇ ਰਸਾਂ ਤੋਂ ਉਚੇਰਾ ਰੱਖਦਾ ਹੈ ਤੇ ਆਤਮਕ ਤੌਰ ‘ਤੇ ਬਲਵਾਨ ਬਣਾਉਂਦਾ ਹੈ; ਦੂਜਾ, ਗੁਰਬਾਣੀ ਤੋਂ ਸਿਆਸੀ ਅਤੇ ਸਮਾਜਕ ਪ੍ਰਸੰਗ ਵਿਚ ਸਿਧਾਂਤਕ ਸੇਧ ਹਾਸਲ ਕਰਨ ਦਾ ਮਕਸਦ। ਪਹਿਲੇ ਪੱਖ ਤੋਂ ਵੇਖੀਏ ਤਾਂ ਸਾਹਿਤ ਜਾਂ ਫਲਸਫੇ ਦੀ ਕੋਈ ਲੋੜ ਨਹੀਂ, ਪਰ ਦੂਜੇ ਪੱਖ ਤੋਂ ਹੈ। ਇਸ ਦਾ ਕਾਰਨ ਹੈ ਕਿ ਗੁਰਬਾਣੀ ਤੋਂ ਸਿਧਾਂਤਕ ਸੇਧ ਲੈਣ ਵੇਲੇ ਅਸੀਂ ਆਪਣੀ ਜਾਂ ਕਿਸੇ ਹੋਰ ਦੀ ਗੁਰਬਾਣੀ ਵਿਆਖਿਆ ‘ਤੇ ਨਿਰਭਰ ਕਰਦੇ ਹਾਂ। ਗੁਰਬਾਣੀ ਦੀਆਂ ਅਜੋਕੀਆਂ ਵਿਆਖਿਆਵਾਂ ਆਧੁਨਿਕਵਾਦ ਤੇ ਮਾਰਕਸਵਾਦ ਵਰਗੇ ਪੱਛਮੀ ਫਲਸਫਿਆਂ ਤੋਂ ਪ੍ਰਭਾਵਿਤ ਹਨ। ਇਸ ਲਈ, ਬਹੁਤ ਵਾਰ ਅਸੀਂ ਦਾਅਵਾ ਗੁਰਬਾਣੀ ਦੇ ਸ਼ਬਦ ‘ਚੋਂ ਰਾਹ ਹਾਸਲ ਕਰਨ ਦਾ ਕਰਦੇ ਹਾਂ, ਪਰ ਅਚੇਤ ਹੀ ਪਿਛਲੱਗ ਕਿਸੇ ਹੋਰ ਕੱਚੇ ਫਲਸਫੇ ਦੇ ਬਣ ਬਹਿੰਦੇ ਹਾਂ, ਕਿਉਂਕਿ ਆਮ ਤੌਰ ‘ਤੇ ਸਾਡੇ ਦ੍ਰਿਸ਼ਟੀਕੋਣ ਵਿਚ ਸਾਡਾ ਆਪਣਾ ਬਹੁਤ ਘੱਟ ਹੁੰਦਾ ਹੈ ਜਾਂ ਕਿਤੇ ਡੂੰਘਾ ਦੱਬਿਆ ਹੋਇਆ ਹੁੰਦਾ ਹੈ, ਜਿਸ ਨੂੰ ਪ੍ਰਗਟ ਕਰਨ ਲਈ ਕਿਸੇ ਵੱਡੇ ਸਿਰਜਣਾਤਮਕ ਅਨੁਭਵ ਦੀ ਲੋੜ ਹੁੰਦੀ ਹੈ। ਅਜਿਹੀਆਂ ਚੁਣੌਤੀਆਂ ਦੇ ਦਰਪੇਸ਼ ਲੀਹ ਤੋਂ ਹਟ ਕੇ ਸੋਚਣ ਲਈ ਅਤੇ ਗੁਰਬਾਣੀ ਦੀ ਆਪਣੀ ਸਮਝ ਨੂੰ ਬਾਹਰੀ ਪ੍ਰਭਾਵਾਂ ਤੋਂ ਮੁਕਤ ਕਰਨ ਲਈ ਕਵਿਤਾ, ਗਲਪ ਅਤੇ ਫਲਸਫੇ ਦਾ ਗਹਿਰਾ ਅਧਿਐਨ ਕਾਫੀ ਮਦਦਗਾਰ ਸਾਬਤ ਹੁੰਦਾ ਹੈ।
1993 ਵਿਚ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੀ ਜੁਝਾਰੂ ਲਹਿਰ ਵਿਚ ਵੱਡੀ ਖੜੋਤ ਆ ਗਈ। ਸਭ ਦੇ ਸਾਹਮਣੇ ਇੱਕੋ ਹੀ ਸੁਆਲ ਸੀ ਕਿ ਆਖਰ ਕੀ ਹੋਇਆ? ਮੈਂ ਇਸ ਸੁਆਲ ਦੇ ਬਹੁਤ ਸਾਰੇ ਸਿੱਧੜ ਜਿਹੇ ਜੁਆਬ ਦਿੱਤੇ ਤੇ ਸੁਣੇ ਪਰ ਇਹ ਸੁਆਲ ਮੁੜ-ਮੁੜ ਮੂਹਰੇ ਆ ਖੜ੍ਹਦਾ ਸੀ। ਸਾਡੀ ਹੋਂਦ ਨਾਲ ਜੁੜੇ ਸੁਆਲ ਕਦੇ ਵੀ ਝੂਠੇ ਜੁਆਬਾਂ ਨਾਲ ਵਰਚਾਏ ਨਹੀਂ ਜਾ ਸਕਦੇ। ਮੈਂ ਭਾਵੇਂ ਅਜੇ ਵੀ ਮੰਨਦਾ ਹਾਂ ਕਿ ਇਸ ਸੁਆਲ ਦੇ ਜ਼ਿਆਦਾ ਗਹਿਰੇ ਜੁਆਬ ਖੋਜਣੇ ਚਾਹੀਦੇ ਹਨ, ਤਾਂ ਵੀ ਮੈਂ ਇਸ ਜੁਆਬ ‘ਤੇ ਠਹਿਰ ਜਾਣ ਦਾ ਫੈਸਲਾ ਕੀਤਾ ਕਿ ਸਿੱਖਾਂ ਦੇ ਸੰਘਰਸ਼ ਵਿਚ ਆਈ ਖੜੋਤ ਦਾ ਇੱਕ ਵੱਡਾ ਕਾਰਨ ਉਨ੍ਹਾਂ ਦੀ ਸਾਹਿਤਕ ਅਤੇ ਬੌਧਿਕ ਖੇਤਰਾਂ ਵਿਚ ਗੈਰਹਾਜ਼ਰੀ ਹੈ। ਬੌਧਿਕ ਖੇਤਰ ਦੀ ਅਹਿਮੀਅਤ ਇਸ ਲਈ ਹੈ ਕਿ ਅਜੋਕੇ ਜਗਤ ਵਿਚ ਹਕੂਮਤਾਂ ਕੋਲ ਲੋਕਾਂ ਦੇ ਅੰਤਰਮਨ ਨੂੰ ਕਾਬੂ ਕਰ ਉਨ੍ਹਾਂ ਦੀਆਂ ਇੱਛਾਵਾਂ ਅਤੇ ਸੋਚਾਂ ਨੂੰ ਦਿਸ਼ਾ ਦੇਣ ਵਾਲੇ ਸਾਧਨ ਹਨ। ਇਹ ਸਾਧਨ ਸਾਮਰਾਜੀ ਬਿਰਤਾਂਤਾਂ ਦੀ ਉਪਜ ਹਨ। ਹਕੂਮਤ ਖਿਲਾਫ ਕਿਸੇ ਵੀ ਲੜਾਈ ਦਾ ਬੁਨਿਆਦੀ ਆਧਾਰ ਉਸ ਲੜਾਈ ਦੇ ਹੱਕ ਵਿਚ ਮਜ਼ਬੂਤ ਜਨਤਕ ਮੁਹਾਜ਼ ਦਾ ਹੋਣਾ ਹੈ। ਸਰਕਾਰਾਂ ਜਨਤਕ ਰਾਇ ਆਪਣੇ ਹੱਕ ਵਿਚ ਰੱਖਣ ਲਈ ਲੋਕ-ਮਨ ਨੂੰ ਸਾਮ, ਦਾਮ, ਦੰਡ ਅਤੇ ਭੇਦ ਵਰਗੇ ਅਨੇਕ ਹੀਲਿਆਂ ਨਾਲ ਕਾਬੂ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਸਿੱਖਾਂ ਦੀ ਲੜਾਈ ਸਰਕਾਰ ਨਾਲੋਂ ਵੱਧ ਵੱਡੀ ਹਸਤੀ ਨਾਲ ਸੀ; ਹਿੰਦੁਸਤਾਨ ਦੇ ਲਿਬਰਲ ਅਤੇ ਖੱਬੇ-ਪੱਖੀ ਆਪਣੇ ਪੱਧਰ ‘ਤੇ ਹੀ ਪੂਰੀ ਤਨਦੇਹੀ ਨਾਲ ਸਿੱਖਾਂ ਦੇ ਸੰਘਰਸ਼ ਦੀ ਪ੍ਰਸੰਗਿਕਤਾ ‘ਤੇ ਸੁਆਲ ਖੜ੍ਹੇ ਕਰਨ ਲੱਗੇ ਹੋਏ ਸਨ।
ਅਜਿਹੀ ਸਥਿਤੀ ਵਿਚ ਸਾਡੇ ਲਈ ਬੌਧਿਕ ਕਾਰਜ ਦਾ ਅਰਥ ਸੀ ਸਰਕਾਰੀ ਤੇ ਗੈਰ-ਸਰਕਾਰੀ ਧਿਰਾਂ ਵਲੋਂ ਤੋਰੇ ਜਾ ਰਹੇ ਹਿੰਦੁਸਤਾਨੀ ਸਾਮਰਾਜੀ ਬਿਰਤਾਂਤ ਦੇ ਮੂਲ ਨੂੰ ਸਮਝਣਾ ਤੇ ਉਸ ਦੀ ਸਪੱਸ਼ਟ ਵਿਆਖਿਆ ਕਰਨੀ। ਬਿਨਾ ਸ਼ੱਕ, ਹਿੰਦੁਸਤਾਨੀ ਸਾਮਰਾਜੀ ਬਿਰਤਾਂਤ ਦਾ ਮੂਲ ਆਧਾਰ ਹਿੰਦੂ ਬ੍ਰਾਹਮਣਵਾਦੀ ਪਰੰਪਰਾ ਵਿਚ ਹੈ, ਪਰ ਇਸ ਦਾ ਮੌਜੂਦਾ ਰੂਪ ਯੂਰਪੀ ਬਸਤੀਵਾਦੀ ਬਿਰਤਾਂਤਾਂ ਦੇ ਆਸਰੇ ਬਿਨਾ ਅਗਾਂਹ ਵਧਣਾ ਸੰਭਵ ਨਹੀਂ ਸੀ। ਯੂਰਪੀ ਬਸਤੀਵਾਦੀ ਬਿਰਤਾਂਤ ਹੇਗਲ ਦੇ ਫਲਸਫੇ ਵਿਚੋਂ ਨਿਕਲੇ ਜਰਮਨ ਆਦਰਸ਼ਵਾਦ ਅਤੇ ਪੂਰਬਵਾਦ ਦੀ ਜ਼ਮੀਨ ‘ਤੇ ਵਿਕਸਿਤ ਹੋਏ। ਇਸ ਤੋਂ ਬਾਅਦ ਮਨੁੱਖਵਾਦ ਤੇ ਸੈਕੂਲਰਵਾਦ ਬਸਤੀਵਾਦੀ ਬਿਰਤਾਂਤਾਂ ਦੀ ਕਾਇਨਾਤੀ ਦਾਅਵੇਦਾਰੀ ਦਾ ਸਾਧਨ ਬਣੇ। ਸਾਡੇ ਸਾਹਮਣੇ ਮੁੱਖ ਚੁਣੌਤੀ ਸੀ ਹੇਗਲ, ਬਸਤੀਵਾਦ ਅਤੇ ਹਿੰਦੂ ਸਾਮਰਾਜਵਾਦ ਨੂੰ ਸਹੀ ਪ੍ਰਸੰਗ ਵਿਚ ਵੇਖਣਾ। ਇਹ ਟੀਚਾ ਸਰ ਕਰਨ ਲਈ ਸਾਨੂੰ ਉਨ੍ਹੀਂਵੀ ਅਤੇ ਵੀਹਵੀਂ ਸਦੀ ਦੇ ਪੱਛਮੀ ਫਲਸਫੇ ਦੇ ਵਿਧੀਵਤ ਅਧਿਐਨ ਦੇ ਨਾਲ-ਨਾਲ ਭਾਰਤੀ ਪਰੰਪਰਾ ਨੂੰ ਬਾਰੀਕੀ ਵਿਚ ਸਮਝਣ ਦੀ ਲੋੜ ਸੀ। ਅਸੀਂ ਆਪਣੇ ਜੀਵਨ ਇਸ ਖੇਤਰ ਨੂੰ ਸਮਰਪਿਤ ਕੀਤੇ ਤੇ ਲੋੜੀਂਦੀ ਬੌਧਿਕ ਸਿਖਲਾਈ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਜ ਲਈ ਸਾਨੂੰ ਆਪਣੀਆਂ ਜ਼ਿੰਦਗੀਆਂ ਦਾ ਵੱਡਾ ਹਿੱਸਾ ਲਾਉਣਾ ਪਿਆ, ਜਿਸ ਦਾ ਸਾਡੇ ਨਿੱਜੀ ਜੀਵਨਾਂ ‘ਤੇ ਕਾਫੀ ਅਸਰ ਵੀ ਪਿਆ। ਇਸ ਅਰਸੇ ਦੌਰਾਨ ਅਸੀਂ ਲਿਖਣ ਦੀ ਥਾਂ ਅਧਿਐਨ ਨੂੰ ਹੀ ਤਰਜੀਹ ਦਿੱਤੀ ਹੈ। ਸਾਡਾ ਮਕਸਦ ਜਨਤਕ ਖੇਤਰ ਵਿਚ ਬਤੌਰ ਵਿਦਵਾਨ ਆਪਣੀ ਪਛਾਣ ਬਣਾਉਣਾ ਹੀ ਹੁੰਦਾ ਤਾਂ ਅਸੀਂ ਵੀ ਸਾਧਾਰਨ ਸਿਆਸੀ ਵਿਸ਼ਲੇਸ਼ਣ ਵਾਲੀਆਂ ਕੁਝ ਕਿਤਾਬਾਂ ਲਿਖ ਕੇ ਛਪਵਾ ਸਕਦੇ ਸੀ, ਪਰ ਸ਼ ਹਜ਼ਾਰਾ ਸਿੰਘ ਲਈ ਇਹ ਗੱਲ ਮਾਇਨਾ ਨਹੀਂ ਰੱਖਦੀ, ਕਿਉਂਕਿ ਉਨ੍ਹਾਂ ਦਾ ਮਕਸਦ ਸਾਡੇ ਬੌਧਿਕ ਕਾਰਜ ਦੀ ਗੱਲ ਕਰਨਾ ਨਹੀਂ, ਸਗੋਂ ਸਾਡੇ ਬਾਰੇ ਇਹ ਧਾਰਨਾ ਸਥਾਪਤ ਕਰਨੀ ਹੈ ਕਿ ਅਸੀਂ ਸਾਰੀ ਬਹਿਸ ਆਪਣੀ ਜਨਤਕ ਪੱਧਰ ‘ਤੇ ਜਾਣ-ਪਛਾਣ ਕਰਵਾਉਣ ਲਈ ਹੀ ਛੇੜੀ ਹੈ। ਜਿਵੇਂ ਇਸ ਤੋਂ ਪਹਿਲਾਂ ਅਸੀਂ ਕਦੇ ਕਿਸੇ ਬਹਿਸ ਵਿਚ ਹਿੱਸਾ ਹੀ ਨਾ ਲਿਆ ਹੋਵੇ। ਇਹ ਬੇਹੱਦ ਅਫਸੋਸਨਾਕ ਹੈ। ਇਸ ਲਈ ਨਹੀਂ ਕਿ ਇਸ ਨਾਲ ਸਾਡੇ ਦੋਹਾਂ ਭਰਾਵਾਂ ਨਾਲ ਨਾਇਨਸਾਫੀ ਹੋ ਰਹੀ ਹੈ ਜਾਂ ਮੈਂ ਸਮਝਦਾ ਹਾਂ ਕਿ ਸਾਨੂੰ ਕਿਸੇ ਜ਼ਿਆਦਾ ਸੰਤੁਲਿਤ ਰਾਇ ਦੀ ਲੋੜ ਹੈ, ਪਰ ਇਸ ਲਈ ਕਿ ਅਜਿਹੀ ਤਿਕੜਮਬਾਜ਼ੀ ਬਹਿਸ ਦਾ ਕੋਈ ਮਿਆਰ ਨਹੀਂ ਰਹਿਣ ਦਿੰਦੀ। ਹਜ਼ਾਰਾ ਸਿੰਘ ਵਰਗੇ ਬੰਦੇ, ਆਪਣੀ ਬਹੁਤੀ ਉਮਰ ਲੰਘਾ ਕੇ ਵੀ, ਇਸ ਪੱਧਰ ‘ਤੇ ਵਿਚਰਦੇ ਹਨ ਕਿ ਆਪਣੇ ਸਿਆਸੀ ਜਾਂ ਵਿਚਾਰਧਾਰਕ ਵਿਰੋਧੀ ਨੂੰ ਕਿਸੇ ਵੀ ਹੀਲੇ ਥੱਲੇ ਲਾਹੁਣਾ ਜਾਇਜ਼ ਹੈ; ਜੇ ਅਗਲੇ ਦੇ ਵਿਚਾਰਾਂ ਨੂੰ ਚੁਣੌਤੀ ਦੇਣ ਦੀ ਸਮਰੱਥਾ ਨਹੀਂ ਰੱਖਦੇ ਤਾਂ ਉਸ ਦੀ ਕਿਰਦਾਰਕੁਸ਼ੀ ਕਰ ਕੇ ਉਸ ਦੇ ਵਿਚਾਰਾਂ ਨੂੰ ਅਪ੍ਰਸੰਗਿਕ ਬਣਾਉਣ ਦੀ ਕੋਸ਼ਿਸ਼ ਕਰੋ। ਹੋਰ ਤਾਂ ਹੋਰ ਹਜ਼ਾਰਾ ਸਿੰਘ ਹੁਰਾਂ ਨੇ ਮੇਰੇ ਖਿਲਾਫ ਗੁਰਦਰਸ਼ਨ ਸਿੰਘ ਢਿੱਲੋਂ ਵਰਗੇ ਬੰਦੇ ਵਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਵੀ ਵਰਤ ਲਿਆ। ਸਿਆਸੀ ਸੰਵਾਦ ਨੂੰ ਇਸ ਕਿਸਮ ਦੀ ਅਨੈਤਿਕ ਲੜਾਈ ਵਿਚ ਬਦਲ ਦੇਣਾ ਮੰਦਭਾਗਾ ਹੈ। ਅਜਿਹਾ ਰਵੱਈਆ ਗੈਰ-ਅਕਾਦਮਿਕ ਤੇ ਗੈਰ-ਸੰਜੀਦਾ ਪਹੁੰਚ ਦੀ ਉਪਜ ਹੈ, ਜਿਸ ਵਿਚ ਸ਼ਾਮਲ ਬੰਦਿਆਂ ਨੂੰ ਇਸ ਕਿਸਮ ਦੀਆਂ ਹਰਕਤਾਂ ਕਰਨ ‘ਤੇ ਕੋਈ ਨਮੋਸ਼ੀ ਮਹਿਸੂਸ ਨਹੀਂ ਹੁੰਦੀ। ਇਹ ਸਭਿਆਚਾਰਕ ਪ੍ਰਦੂਸ਼ਣ ਹੈ। ਕਿਸੇ ਵੀ ਅਰਥ-ਭਰਪੂਰ ਸੰਵਾਦ ਦੀ ਸ਼ੁਰੂਆਤ ਲਈ ਪਹਿਲਾਂ ਇਸ ਪ੍ਰਦੂਸ਼ਣ ਤੋਂ ਨਿਜਾਤ ਪਾਉਣੀ ਜ਼ਰੂਰੀ ਹੈ।
ਇੱਥੇ ਸੁਆਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਦੋਵੇਂ ਭਰਾ ਬੌਧਿਕ ਕਾਰਜ ਪ੍ਰਤੀ ਇੰਨੇ ਸੰਜੀਦਾ ਹਾਂ ਤਾਂ ਅਸੀਂ ਚਲੰਤ ਮੁੱਦਿਆਂ ਪ੍ਰਤੀ ਕੁਝ ਖਾਸ ਵਿਅਕਤੀਆਂ ਦੀ ਪਹੁੰਚ ਬਾਰੇ ਬਹਿਸਾਂ ਵਿਚ ਪੈ ਕੇ ਆਪਣਾ ਵਕਤ ਜ਼ਾਇਆ ਕਿਉਂ ਕਰਦੇ ਹਾਂ? ਇਸ ਸੁਆਲ ਦਾ ਜੁਆਬ ਸਿੱਖਾਂ ਦੀ ਮੌਜੂਦਾ ਹੋਣੀ ਨਾਲ ਜੁੜਿਆ ਹੋਇਆ ਹੈ, ਜਿਸ ਬਾਰੇ ਹਜ਼ਾਰਾ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਸ਼ ਹਜ਼ਾਰਾ ਸਿੰਘ ਮੁਤਾਬਕ, ਖਾਲਿਸਤਾਨ ਦੀ ਲੜਾਈ ਸਿੱਖ 6 ਜੂਨ 1984 ਨੂੰ ਹੀ ਹਾਰ ਗਏ ਤੇ ਉਸ ਪਿਛੋਂ ਇਸ ਲੜਾਈ ਦਾ ਕਦੇ ਕੋਈ ਭਵਿੱਖ ਨਹੀਂ ਸੀ। ਸਾਡੀ ਸਮਝ ਮੁਤਾਬਕ ਹਿੰਦੁਸਤਾਨ ਨੂੰ ਅੰਦਰੂਨੀ ਇਕਸੁਰਤਾ ਵਾਲੇ, ਆਜ਼ਾਦ ਸਵੈ-ਨਿਰਭਰ ਆਰਥਕਤਾ ਵਾਲੇ, ਸੰਘੀ ਢਾਂਚੇ ਵਜੋਂ ਸਥਾਪਤ ਕਰਨ ਦੀ ਲੜਾਈ ਭਾਰਤੀ ਹਕੂਮਤ 6 ਜੂਨ 1984 ਨੂੰ ਹਾਰ ਗਈ। 1991 ਵਿਚ ਗੈਟ ਸੰਧੀ ‘ਤੇ ਦਸਤਖਤ ਕਰ ਕੇ ਭਾਰਤੀ ਹੁਕਮਰਾਨਾਂ ਨੇ ਆਪਣੇ ਹਥਿਆਰ ਪੱਕੇ ਤੌਰ ‘ਤੇ ਸੁੱਟ ਦਿੱਤੇ। ਅੱਜ ਹਿੰਦੁਸਤਾਨ ਵਿਦੇਸ਼ੀ ਨਿਵੇਸ਼ ਸਿਰ ‘ਤੇ ਸਾਹ ਵਰੋਲਦੀ ਆਰਥਕਤਾ ਵਾਲਾ ਮੁਲਕ ਹੈ, ਜਿਸ ਦਾ ਕੋਈ ਭਵਿੱਖ ਨਹੀਂ। ਅਜਿਹੀ ਸਥਿਤੀ ਵਿਚ ਸਿੱਖਾਂ ਲਈ ਸਭ ਤੋਂ ਅਹਿਮ ਗੱਲ ਹੈ ਆਜ਼ਾਦ ਪ੍ਰਭੂਸੱਤਾ ਸੰਪੰਨ ਮੁਲਕ ਖਾਲਿਸਤਾਨ ਹਾਸਲ ਕਰਨ ਦੇ ਸੁਪਨੇ ਨੂੰ ਆਬਾਦ ਰੱਖਣਾ। ਅਸੀਂ ਅਜਮੇਰ ਸਿੰਘ ਵਲੋਂ ਖਾਲਿਸਤਾਨ ਦੇ ਵਿਰੋਧ ਬਾਰੇ ਸਿਰਫ ਉਸ ਨਾਲ ਅਸਹਿਮਤ ਹੋਣ ਕਰ ਕੇ ਬਹਿਸ ਨਹੀਂ ਛੇੜੀ। ਸਾਨੂੰ ਅਜਮੇਰ ਸਿੰਘ ਦੇ ਮਨਸੂਬੇ ਇਸ ਲਈ ਘਾਤਕ ਜਾਪਦੇ ਹਨ ਕਿ ਉਹ ਖਾਲਿਸਤਾਨੀ ਧਿਰਾਂ ਨੂੰ ਕਿਸੇ ਵਕਤੀ ਪੈਂਤੜੇ ਦੇ ਝਾਂਸੇ ਨਾਲ ਭਰਮਾ ਕੇ ਉਨ੍ਹਾਂ ਨੂੰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਰ੍ਹੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ; ਅਜਮੇਰ ਸਿੰਘ ਨੁਮਾਇੰਦਾ ਖਾਲਿਸਤਾਨੀ ਧਿਰਾਂ ਦੇ ਅੰਦਰੋਂ ਖਾਲਿਸਤਾਨ ਦਾ ਸੁਪਨਾ ਹੀ ਖਤਮ ਕਰਨ ‘ਤੇ ਤੁਲਿਆ ਹੋਇਆ ਹੈ। ਇਸ ਠੀਕ ਹੈ ਕਿ ਅਜਮੇਰ ਸਿੰਘ ਖਾਲਿਸਤਾਨ ਦੇ ਹਾਮੀ ਸਾਰੇ ਸਿੱਖਾਂ ਨੂੰ ਆਪਣੀਆਂ ਲਿਖਤਾਂ ਜਾਂ ਤਕਰੀਰਾਂ ਨਾਲ ਨਹੀਂ ਬਦਲ ਸਕਦਾ, ਪਰ ਇਤਿਹਾਸਕ ਫੈਸਲਿਆਂ ਵਿਚ ਆਮ ਲੋਕਾਂ ਦੀ ਰਾਇ ਘੱਟ ਮਾਇਨਾ ਰੱਖਦੀ ਹੈ ਤੇ ਨੁਮਾਇੰਦਾ ਜਥੇਬੰਦੀਆਂ ਜਾਂ ਸਿਆਸੀ ਪਾਰਟੀਆਂ ਦੀ ਜ਼ਿਆਦਾ। ਇਸ ਲਈ ਅਜਮੇਰ ਸਿੰਘ ਦਾ ਵਾਰ ਅਸਲ ਵਿਚ ਕਾਫੀ ਘਾਤਕ ਹੈ। ਸਿੱਖਾਂ ਦੀਆਂ ਨੁਮਾਇੰਦਾ ਜਥੇਬੰਦੀਆਂ ਵਿਚੋਂ ਖਾਲਿਸਤਾਨ ਦਾ ਸੁਪਨਾ ਖਤਮ ਹੋ ਜਾਣ ਨਾਲ ਸਾਡੀ ਸੂਖਮ ਸਿਧਾਂਤਕਾਰੀ ਦਾ ਵੀ ਬਹੁਤਾ ਫਾਇਦਾ ਨਹੀਂ ਹੋ ਸਕਦਾ। ਇਸ ਲਈ ਬਹੁਤ ਵਾਰ ਕਈ ਫਰਜ਼ ਨਾ ਚਾਹੁੰਦਿਆਂ ਵੀ ਨਿਭਾਉਣੇ ਪੈਂਦੇ ਹਨ। ਆਪਣੇ ਘਰ ਵਿਚ ਜਮ੍ਹਾਂ ਹੋਇਆ ਕੂੜਾ ਹੂੰਝ ਕੇ ਬਾਹਰ ਸੁੱਟਣਾ ਸ਼ਾਇਦ ਕਿਸੇ ਦਾ ਮਨਭਾਉਂਦਾ ਕੰਮ ਨਾ ਹੋਵੇ, ਪਰ ਇਹ ਅਜਿਹਾ ਕੰਮ ਹੈ ਜਿਸ ਨੂੰ ਕਰੇ ਬਿਨਾ ਸਰ ਨਹੀਂ ਸਕਦਾ।
ਇਸ ਤੋਂ ਬਿਨਾ ਹਰਜੀਤ ਦਿਓਲ ਤੇ ਅਮਰਜੀਤ ਸਿੰਘ ਮੁਲਤਾਨੀ ਦੀਆਂ ਟਿੱਪਣੀਆਂ ਵੀ ਛਪੀਆਂ ਹਨ। ਹਰਜੀਤ ਦਿਓਲ ਦਾ ਇਹ ਦੋਸ਼ ਗਲਤ ਹੈ ਕਿ ਅਸੀਂ ਬਹਿਸ ਵਿਚ ਜਾਂ ਸੁਆਲਾਂ ਦੇ ਜੁਆਬ ਦੇਣ ਵਿਚ ਦਿਲਚਸਪੀ ਨਹੀਂ ਵਿਖਾਉਂਦੇ। ਅਸੀਂ ‘ਪੰਜਾਬ ਟਾਈਮਜ਼’ ਵਿਚ ਵੱਖ-ਵੱਖ ਸਮਿਆਂ ‘ਤੇ ਡਾæ ਬਲਕਾਰ ਸਿੰਘ, ਅਮਰਜੀਤ ਸਿੰਘ ਪਰਾਗ, ਗੁਰਦਿਆਲ ਸਿੰਘ ਬੱਲ ਅਤੇ ਅਵਤਾਰ ਸਿੰਘ (ਫਗਵਾੜਾ) ਨਾਲ ਵੱਖ-ਵੱਖ ਵਿਸ਼ਿਆਂ ‘ਤੇ ਸੰਵਾਦ ਰਚਾਇਆ ਹੈ, ਪਰ ਕਈ ਵਾਰ ਲਿਖਤਾਂ ਬਹੁਤੀਆਂ ਪੇਤਲੀਆਂ ਹੁੰਦੀਆਂ ਹਨ ਤੇ ਘਸੇ-ਪਿਟੇ ਵਿਚਾਰਾਂ ਦੇ ਦੁਹਰਾਅ ਨਾਲ ਭਰੀਆਂ ਹੁੰਦੀਆਂ ਹਨ। ਅਜਿਹੀਆਂ ਲਿਖਤਾਂ ਸੰਵਾਦ ਲਈ ਲੋੜੀਂਦੀ ਪ੍ਰੇਰਨਾ ਨਹੀਂ ਬਣਦੀਆਂ। ਪੰਜਾਬੀ ਦੇ ਲਿਖਾਰੀਆਂ ਵਿਚ ਇਹ ਸਮੱਸਿਆ ਆਮ ਵੇਖਣ ਵਿਚ ਆਉਂਦੀ ਹੈ ਕਿ ਉਹ ਆਪਣੇ ਪੱਧਰ ‘ਤੇ ਅਧਿਐਨ ਕਰਨ ਦੀ ਥਾਂ ਸੁਣੇ-ਸੁਣਾਏ ਨੁਕਤਿਆਂ ਨੂੰ ਹੀ ਆਪਣਾ ਨਿੱਜੀ ਇਲਹਾਮ ਬਣਾ ਕੇ ਲਿਖਦੇ ਰਹਿੰਦੇ ਹਨ। ਅਜਿਹੇ ਲੇਖਕ ਜੋ ਪਾਠਕ ਬਣਨ ਤੋਂ ਇਨਕਾਰੀ ਹਨ, ਪੰਜਾਬੀ ਸਾਹਿਤ ਅਤੇ ਬੌਧਿਕਤਾ ਦੀ ਮੌਜੂਦਾ ਦਸ਼ਾ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਹਨ।
ਇਹ ਜ਼ਰੂਰੀ ਹੈ ਕਿ ਅਸੀਂ ਸਿੱਖਾਂ ਦੀ ਮੌਜੂਦਾ ਦਸ਼ਾ ਦੇ ਮਸਲੇ ਨੂੰ ਮਹਿਜ਼ ਫਤਵੇਬਾਜ਼ੀ ਨਾਲ ਨਾ ਨਜਿੱਠੀਏ। ਸਿੱਖਾਂ ਦੀ ਮੌਜੂਦਾ ਦਸ਼ਾ ਹਿੰਦੁਸਤਾਨੀ ਹਾਕਮਾਂ ਦੀਆਂ ਸਿੱਖ-ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਇਨ੍ਹਾਂ ਨੀਤੀਆਂ ਦੀ ਨਿਸ਼ਾਨਦੇਹੀ ਕਰ ਕੇ ਇਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ। ਸਿੱਖਾਂ ਨੇ ਹਿੰਦੁਸਤਾਨ ਦੇ ਨਾਲ ਰਹਿ ਕੇ ਇਨਸਾਫ ਹਾਸਲ ਕਰਨ ਦਾ ਭਰਮ ਕੋਈ ਛੇ-ਸੱਤ ਦਹਾਕਿਆਂ ਤੱਕ ਪਾਲ ਲਿਆ ਹੈ। ਸਾਨੂੰ ਆਪਣੀ ਕਿਸਮਤ ਨਾਲ ਹੁਣ ਹੋਰ ਤਜਰਬੇ ਕਰਨ ਦੀ ਕੋਈ ਲੋੜ ਨਹੀਂ। ਸਿੱਖ ਸਿਆਸੀ ਧਿਰਾਂ ਨੂੰ ਖਾਲਿਸਤਾਨ ਦਾ ਸੁਪਨਾ ਆਬਾਦ ਰੱਖਣਾ ਚਾਹੀਦਾ ਹੈ। ਸਿੱਖ ਨੌਜੁਆਨਾਂ ਵਿਚੋਂ ਵਿਦਵਾਨਾਂ ਅਤੇ ਸਾਹਿਤਾਕਾਰਾਂ ਦੇ ਨਵੇਂ ਪੋਚ ਪੈਦਾ ਹੋਣੇ ਚਾਹੀਦੇ ਹਨ। ਖੱਬੇ-ਪੱਖੀ ਅਤੇ ਲਿਬਰਲ ਸਿੱਖਾਂ ਨੂੰ ਹਿੰਦੁਸਤਾਨੀ ਸਥਾਪਤੀ ਅੱਗੇ ਕਿਸੇ ਵੀ ਹੀਲੇ ਚੰਗੇ ਬਣਨ ਦੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ, ਝੂਠ ਅਤੇ ਤਿਕੜਮਬਾਜ਼ੀ ਰਾਹੀਂ ਕੀਤੇ ਆਪਣੇ ਗੁਮਰਾਹਕੁਨ ਪ੍ਰਚਾਰ ਦਾ ਗੁਨਾਹ ਕਬੂਲ ਕਰ ਕੇ ਉਸ ਲਈ ਮੁਆਫੀ ਮੰਗਣੀ ਚਾਹੀਦੀ ਹੈ ਤੇ ਅਗਾਂਹ ਨੂੰ ਆਪਣੇ ਲੋਕਾਂ ਲਈ ਹਾਅ ਦਾ ਨਾਅਰਾ ਮਾਰਨ ਦੀ ਹਿੰਮਤ ਆਪਣੇ ਅੰਦਰ ਪੈਦਾ ਕਰਨੀ ਚਾਹੀਦੀ ਹੈ। ਸਾਮਰਾਜ ਬਣਦੇ ਅਤੇ ਢਹਿੰਦੇ ਰਹਿੰਦੇ ਹਨ, ਪਰ ਜਿਉਂਦੇ ਸੁਪਨਿਆਂ ਨੇ ਧਰਤੀ ‘ਤੇ ਆਬਾਦ ਹੋਣਾ ਹੀ ਹੋਣਾ ਹੈ।