ਅਕਾਲੀ ਦਲਾਂ ਦੇ ਰੌਲੇ ‘ਚ ਪਾਸਕੂ ਭਾਜਪਾ ਦੇ ਹੱਥ ਆ ਸਕਦੈ

-ਜਤਿੰਦਰ ਪਨੂੰ
ਪੰਜਾਬ ਦੀ ਰਾਜਨੀਤੀ ਇਸ ਹਫਤੇ ਉਦੋਂ ਇੱਕ ਨਵੇਂ ਦੌਰ ਵਿਚ ਦਾਖਲ ਹੋ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਰੱਖੀ ਗਈ ਅਤੇ ਦੋਹਾਂ ਦਾ ਇੱਕੋ ਨਾਂ ਹੋਣ ਕਰ ਕੇ ਅਕਾਲੀ ਵਰਕਰਾਂ ਵਿਚ ਏਧਰ ਜਾਂ ਓਧਰ ਵਾਲਾ ਰਾਹ ਖੁੱਲ੍ਹ ਗਿਆ। ਅਕਾਲੀ ਦਲ ਪਹਿਲਾਂ ਵੀ ਇੱਕ ਤੋਂ ਦੋ ਅਤੇ ਕਦੀ-ਕਦੀ ਤਿੰਨ ਜਾਂ ਚਾਰ ਵੀ ਬਣਦੇ ਰਹੇ ਸਨ, ਪਰ ਹਰ ਵਾਰ ਇਨ੍ਹਾਂ ਦੇ ਨਾਂਵਾਂ ਨਾਲ ਅਕਾਲੀ ਦਲਾਂ ਦੇ ਮੁਖੀਆਂ ਦਾ ਨਾਂ ਜੋੜ ਲਿਆ ਜਾਂਦਾ ਸੀ।

ਇਸ ਵਾਰੀ ਅਜੇ ਤੱਕ ਨਹੀਂ ਜੋੜਿਆ ਗਿਆ, ਸਗੋਂ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਹਿ ਛੱਡਿਆ ਹੈ ਕਿ ਪਾਰਟੀ ਦੀ ਰਜਿਸਟਰੇਸ਼ਨ ਕਰਾਉਣ ਵੇਲੇ ਲੋੜ ਪਵੇਗੀ ਤਾਂ ਇਸ ਦੇ ਨਾਂ ਨਾਲ ਡੈਮੋਕਰੈਟਿਕ ਦਾ ‘ਡੀ’ ਜੋੜਿਆ ਜਾ ਸਕਦਾ ਹੈ। ਉਂਜ ਇਹ ਸ਼੍ਰੋਮਣੀ ਅਕਾਲੀ ਦਲ (ਡੀ) ਦਾ ਅਰਥ ਢੀਂਡਸਾ ਵੀ ਬਣ ਸਕਦਾ ਹੈ। ਇਸ ਤੋਂ ਸਾਫ ਹੈ ਕਿ ਦੋਹਾਂ ਅਕਾਲੀ ਦਲਾਂ ਵਿਚ ‘ਅਸਲੀ’ ਅਕਾਲੀ ਵਜੋਂ ਪ੍ਰਵਾਨਤ ਹੋਣ ਦੀ ਖਿੱਚੋਤਾਣ ਚੋਖੀ ਚੱਲੇਗੀ।
ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵੱਡੀ ਦੁਫੇੜ ਉਦੋਂ ਪਈ ਸੀ, ਜਦੋਂ ਦੋ ਆਗੂਆਂ-ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਦੀ ਅਣਬਣ ਹੋਈ ਸੀ। ਦੋਵੇਂ ਹੀ ਪੈਂਤੜੇ ਵੱਲੋਂ ਮੌਕਾਪ੍ਰਸਤੀ ਕਰਨੀ ਜਾਣਦੇ ਸਨ। ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖ ਕੇ ਛਿਆਲੀ ਦਿਨ ਪਿੱਛੋਂ ਤੋੜ ਦਿੱਤਾ ਤੇ ਫਿਰ ਅਕਾਲ ਤਖਤ ਤੋਂ ਲੱਗੀ ਸੇਵਾ ਨਿਭਾ ਕੇ ਵਿਹਲਾ ਹੋ ਗਿਆ ਸੀ। ਸੰਤ ਫਤਿਹ ਸਿੰਘ ਨੇ ਇੱਕ ਵਾਰ 22ਵੇਂ ਦਿਨ ਤੇ ਦੂਜੀ ਵਾਰੀ 20 ਕੁ ਦਿਨਾਂ ਪਿੱਛੋਂ ਮਰਨ ਵਰਤ ਛੱਡ ਦਿੱਤਾ ਸੀ। ਉਸ ਵੇਲੇ ਜਦੋਂ ਦੋਹਾਂ ਦੀ ਅਣਬਣ ਦੇ ਕਾਰਨ ਅਕਾਲੀ ਦਲ ਦੋ ਥਾਂਈਂ ਪਾਟਿਆ ਤਾਂ ਇੱਕ ਨੂੰ ਸ਼੍ਰੋਮਣੀ ਅਕਾਲੀ ਦਲ (ਸੰਤ) ਅਤੇ ਦੂਜੇ ਨੂੰ ਸ਼੍ਰੋਮਣੀ ਅਕਾਲੀ ਦਲ (ਮਾਸਟਰ) ਕਿਹਾ ਜਾਂਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਿਉਂਕਿ ਸੰਤ ਗਰੁੱਪ ਦਾ ਕਬਜ਼ਾ ਸੀ, ਇਸ ਲਈ ਗੋਲਕਾਂ ਦੀ ਮਾਇਆ ਆਸਰੇ ਉਹ ਧਿਰ ਮਜ਼ਬੂਤ ਹੁੰਦੀ ਗਈ ਤੇ ਮਾਸਟਰ ਧੜਾ ਹੌਲੀ-ਹੌਲੀ ਖੂੰਜੇ ਲੱਗਦਾ ਗਿਆ ਸੀ। ਉਦੋਂ ਇਸ ਚੱਕਰ ਵਿਚ ਅਕਾਲੀ ਪਾਰਟੀ ਦਾ ਪਹਿਲਾ ਚੋਣ ਨਿਸ਼ਾਨ ‘ਪੰਜਾ’ ਜਾਮ ਹੋ ਗਿਆ ਅਤੇ ਸੰਤ ਧੜੇ ਨੂੰ ਅਲਾਟ ਹੋਈ ‘ਤੱਕੜੀ’ ਇਸ ਪਾਰਟੀ ਦਾ ਚੋਣ ਨਿਸ਼ਾਨ ਮੰਨੀ ਜਾਣ ਲੱਗ ਪਈ, ਜੋ ਅੱਜਕੱਲ੍ਹ ਹਵਾ ਵਿਚ ਝੂਲ ਰਹੀ ਜਾਪਦੀ ਹੈ। ਚੋਣ ਨਿਸ਼ਾਨ ਲਈ ਅਕਾਲੀ ਆਗੂਆਂ ਦੀ ਅੱਗੇ ਵੀ ਕਾਨੂੰਨੀ ਲੜਾਈ ਹੁੰਦੀ ਰਹੀ ਹੈ, ਢੀਂਡਸਾ ਧੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਂ ਰੱਖੇ ਜਾਣ ਨਾਲ ਫਿਰ ਕਾਨੂੰਨੀ ਚੱਕਰ ਪੈ ਸਕਦਾ ਹੈ, ਪਰ ਅਸਲ ਗੱਲ ਚੋਣ ਨਿਸ਼ਾਨ ਦੀ ਨਹੀਂ, ਅਕਾਲੀ ਸਫਾਂ ਵਿਚ ਦੋਹਾਂ ਵਿਚੋਂ ਇੱਕ ਨੂੰ ਪ੍ਰਵਾਨਗੀ ਦੇ ਮੁਕਾਬਲੇ ਦੀ ਹੈ।
ਜਦੋਂ ਪਹਿਲੀ ਵਾਰੀ ਮਾਸਟਰ ਅਤੇ ਸੰਤ ਧੜਿਆਂ ਵਿਚ ਅਸਲੀ ਸਾਬਤ ਹੋਣ ਦੀ ਲੜਾਈ ਚੱਲੀ ਤਾਂ ਇੱਕ ਦੂਜੇ ਬਾਰੇ ਦੋਹਾਂ ਧੜਿਆਂ ਨੇ ਰੱਜ ਕੇ ਖੇਹ ਉਡਾਈ ਤੇ ਇੱਕ ਦੂਜੇ ਦੇ ਮਾਂ-ਬਾਪ ਤੱਕ ਨੌਲਣ ਤੋਂ ਗੁਰੇਜ਼ ਨਹੀਂ ਸੀ ਕੀਤਾ। ਇਹ ਕੰਮ ਇਸ ਵਾਰੀ ਵੀ ਹੋ ਸਕਦਾ ਹੈ। ਸਥਿਤੀ ਦਾ ਵੱਡਾ ਫਰਕ ਇਹ ਹੈ ਕਿ ਉਦੋਂ ਵਾਲੇ ਅਕਾਲੀ ਆਗੂ ਤੇ ਵਰਕਰ ਗੋਲਕਾਂ ਨੂੰ ਚੱਟਣ ਤੋਂ ਕੁਝ ਹੱਦ ਤੱਕ ਭੈਅ ਰੱਖਣ ਵਾਲੇ ਸਨ, ਉਂਜ ਇਹ ਕੰਮ ਉਦੋਂ ਵੀ ਹੁੰਦਾ ਸੀ, ਪਰ ਅਜੋਕੇ ਅਕਾਲੀ ਵਰਕਰਾਂ ਨੂੰ ਰਾਜ-ਸੁਖ ਮਾਣਨ ਵੇਲੇ ਕਿਸੇ ਵੀ ਧਿਰ ਵੱਲੋਂ ਮਿਲ ਰਿਹਾ ਮੁਫਤ ਦਾ ਮਾਲ ਛਕਣ ਦਾ ਏਨਾ ਵੱਡਾ ਚਸਕਾ ਲੱਗ ਚੁਕਾ ਹੈ ਕਿ ਏਧਰ ਜਾਂ ਓਧਰ ਜਾਣ ਦਾ ਫੈਸਲਾ ਉਹ ਇਸੇ ਸੋਚ ਹੇਠ ਲੈ ਸਕਦੇ ਹਨ। ਅਕਾਲੀ-ਭਾਜਪਾ ਦੇ ਦਸ ਸਾਲਾ ਰਾਜ ਵਿਚ ਬਹੁਤ ਸਾਰੇ ਅਕਾਲੀਆਂ ਨੂੰ ਚੇਅਰਮੈਨੀਆਂ ਦੇ ਸਹਾਰੇ ਮਾਲ ਖਾਣ ਦਾ ਮੌਕਾ ਮਿਲਦਾ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੈਂਬਰ ਤੇ ਅਹੁਦੇਦਾਰ ਬਣਾਏ ਗਏ ਸਨ, ਉਨ੍ਹਾਂ ਲਈ ਵੀ ਮੋਛੇ ਪਾਉਣ ਦਾ ਜੁਗਾੜ ਕਰਨ ਦੇ ਏਨੇ ਮੌਕੇ ਹੁੰਦੇ ਸਨ ਕਿ ਕੱਚਿਆਂ ਘਰਾਂ ਤੋਂ ਕੋਠੀਆਂ ਵਾਲੇ ਬਣੇ ਪਏ ਹਨ। ਸਰਾਵਾਂ ਵਿਚ ਵਿਛੀਆਂ ਦਰੀਆਂ ਉੱਤੇ ਸੌਣ ਵਾਲੇ ਜਿਨ੍ਹਾਂ ਅਕਾਲੀਆਂ ਨੂੰ ਪੰਜ-ਤਾਰਾ ਹੋਟਲਾਂ ਵਿਚ ਰਹਿਣ ਅਤੇ ਉਨ੍ਹਾਂ ਦੇ ਬਿੱਲ ਸਰਕਾਰੀ ਖਜਾਨੇ ਜਾਂ ਧਰਮ ਪ੍ਰਚਾਰ ਕਮੇਟੀ ਜਿਹੇ ਖਾਤੇ ਵਿਚ ਪਾਉਣ ਦੀ ਆਦਤ ਪੈ ਚੁਕੀ ਹੈ, ਉਹ ਰਿਸਕ ਨਹੀਂ ਲੈ ਸਕਦੇ। ਅਕਾਲੀ ਰਾਜ ਦੇ ਦਸ ਸਾਲਾਂ ਦੌਰਾਨ ਉਂਜ ਵੀ ਅਕਾਲੀ ਦਲ ਵਿਚ ਅਜਿਹੇ ਬੜੇ ਲੋਕ ਆ ਚੁਕੇ ਹਨ, ਜੋ ਨਾ ਸ਼ਕਲੋਂ ਅਕਾਲੀ ਲੱਗਦੇ ਹਨ ਤੇ ਨਾ ਅਕਲੋਂ ਅਕਾਲੀ ਦਲ ਦੀਆਂ ਪੁਰਾਣੀਆਂ ਰਵਾਇਤਾਂ ਨਾਲ ਸਾਂਝ ਦਾ ਚੇਤਾ ਰੱਖਦੇ ਹਨ। ਅਕਾਲੀ ਦਲ ਦੇ ਇਸ਼ਤਿਹਾਰਾਂ ਤੇ ਬੋਰਡਾਂ ਉੱਤੇ ਕਈ ਚਿਹਰੇ ਏਦਾਂ ਦੇ ਵੀ ਟੰਗੇ ਦਿੱਸਦੇ ਹਨ ਕਿ ਇਸ਼ਤਿਹਾਰੀ ਮੁਜਰਮ ਦਾ ਭੁਲੇਖਾ ਪੈ ਸਕਦਾ ਹੈ।
ਢੀਂਡਸਾ ਧੜੇ ਨੇ ਦਾਅਵਾ ਕੀਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਭ੍ਰਿਸ਼ਟਾਚਾਰੀਆਂ ਕੋਲੋਂ ਛੁਡਾਉਣ ਵਾਸਤੇ ਲੜਾਈ ਲੜਨਗੇ, ਪਰ ਇਹ ਕੰਮ ਏਨਾ ਸੌਖਾ ਨਹੀਂ। ਇਸ ਵਕਤ ਉਥੇ ਜੋ ਲੋਕ ਅਹੁਦੇਦਾਰੀਆਂ ਮਾਣਦੇ ਪਏ ਹਨ ਜਾਂ ਜੋ ਧਾਰਮਿਕ ਪਦਵੀਆਂ ਦੇ ਸਵਾਮੀ ਹਨ, ਉਨ੍ਹਾਂ ਵਿਚੋਂ ਬਹੁਤਿਆਂ ਦਾ ਕਿਰਦਾਰ ਏਨਾ ਕੁ ਗਿਰ ਚੁਕਾ ਹੈ ਕਿ ਗੁਰੂ ਮਹਾਰਾਜ ਦੀ ਵਫਾਦਾਰੀ ਦੀਆਂ ਗੱਲਾਂ ਕਰਦੇ ਹਨ, ਪਰ ਜਦੋਂ ਇਹ ਗੱਲ ਪੁੱਛੀ ਜਾਵੇ ਕਿ ਇਤਿਹਾਸਕ ਧਾਰਮਿਕ ਗ੍ਰੰਥ ਵੀ ਇਥੋਂ ਕੱਢ ਕੇ ਵਿਦੇਸ਼ਾਂ ਵਿਚ ਨੀਲਾਮ ਕੀਤੇ ਜਾਣ ਦੀ ਗੱਲ ਸੁਣੀ ਹੈ ਤਾਂ ਉਹ ਚੁੱਪ ਵੱਟ ਜਾਂਦੇ ਹਨ। ਇਤਿਹਾਸਕ ਮਹੱਤਵ ਵਾਲੇ ਇਹ ਗ੍ਰੰਥ ਏਦਾਂ ਦੀ ਨੀਲਾਮੀ ਵਿਚ ਲੱਖਾਂ ਅਤੇ ਕਈ ਵਾਰੀ ਕਰੋੜਾਂ ਵਿਚ ਵਿਕਣ ਦੀ ਗੱਲ ਵੀ ਸੁਣੀ ਜਾਂਦੀ ਹੈ, ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਇਸ ਦਾ ਸਾਰਾ ਸੱਚ ਲੋਕਾਂ ਅੱਗੇ ਰੱਖਣ ਦੀ ਹੈ, ਉਹ ਅਹੁਦੇ ਵੰਡਣ ਵਾਲੇ ਸਿਆਸੀ ਮਾਲਕਾਂ ਦੇ ਡਰ ਹੇਠ ਹੋਰ ਪਾਸੇ ਅੱਖਾਂ ਫੇਰ ਜਾਂਦੇ ਹਨ। ਭਲਕ ਨੂੰ ਜਦੋਂ ਅਸਲੀ ਅਕਾਲੀ ਦਲ ਦਾ ਨਿਬੇੜਾ ਕਰਨ ਵਾਲੀ ਕਤਾਰਬੰਦੀ ਹੋਈ ਤਾਂ ਇਨ੍ਹਾਂ ਧਾਰਮਿਕ ਪਦਵੀਆਂ ਦੇ ਸਵਾਮੀਆਂ ਨੇ ਚੁੱਪ ਨਹੀਂ ਰਹਿਣਾ, ਕਾਰੂ ਦੇ ਖਜਾਨੇ ਵਾਲੀ ਧਿਰ ਦੇ ਪੱਖ ਵਿਚ ਭੁਗਤਣ ਦਾ ਸਿੱਧਾ ਜਾਂ ਅਸਿੱਧਾ ਰਾਹ ਲੱਭਣ ਲੱਗ ਪੈਣਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਲੋਕ ਕਹਿਣ ਨੂੰ ਧਾਰਮਿਕ ਪੁਰਸ਼ ਹਨ, ਅਸਲ ਵਿਚ ਧਾਰਮਿਕਤਾ ਦੇ ਓਹਲੇ ਹੇਠ ਬਹੁਤੇ ਸੱਜਣ ਆਪੋ-ਆਪਣੇ ਹਰ ਕਿਸਮ ਦੇ ਹਿੱਤਾਂ ਦੀ ਪੂਰਤੀ ਲਈ ਏਨੇ ਕੁ ਫਾਵੇ ਹੋ ਜਾਂਦੇ ਹਨ ਕਿ ਕਿਸੇ ਹੋਰ ਗੱਲ ਬਾਰੇ ਸੋਚਦੇ ਹੀ ਨਹੀਂ। ਉਹ ਸ੍ਰੀ ਅਕਾਲ ਤਖਤ ਨੂੰ ਅਕਾਲ ਪੁਰਖ ਦਾ ਤਖਤ ਕਹਿੰਦੇ ਹਨ ਤੇ ਜਥੇਦਾਰ ਅਕਾਲ ਤਖਤ ਦੀ ਪਦਵੀ ਨੂੰ ਸਰਬ ਉੱਚ ਆਖਦੇ ਹਨ। ਜਿਸ ਵਿਅਕਤੀ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਮਿਲ ਜਾਵੇ, ਫਿਰ ਉਹਦੇ ਲਈ ਹੋਰ ਕੋਈ ਇੱਛਾ ਬਾਕੀ ਨਹੀਂ ਰਹਿਣੀ ਚਾਹੀਦੀ, ਪਰ ਇਤਿਹਾਸ ਗਵਾਹ ਹੈ ਕਿ ਅਕਾਲ ਤਖਤ ਦੇ ਸਾਬਕਾ ਜਥੇਦਾਰਾਂ ਨੇ ਵਿਧਾਨ ਸਭਾ ਤੇ ਪਾਰਲੀਮੈਂਟ ਦੀਆਂ ਚੋਣਾਂ ਵੀ ਲੜੀਆਂ ਅਤੇ ਜਿੱਤਣ-ਹਾਰਨ ਦੀ ਖੇਡ ਕਈ ਵਾਰ ਖੇਡੀ ਹੈ। ਇੱਕ ਜਥੇਦਾਰ ਤਾਂ ਪਿੱਛੋਂ ਕਾਂਗਰਸ ਵੱਲੋਂ ਜਿੱਤ ਕੇ ਮੁੱਖ ਮੰਤਰੀ ਵੀ ਬਣ ਗਿਆ ਸੀ। ਜਦੋਂ ਇਸ ਅਹੁਦੇ ਤੱਕ ਜਾ ਕੇ ਵੀ ਏਦਾਂ ਦੀ ਇੱਛਾ ਨਹੀਂ ਮਰਦੀ ਤਾਂ ਭਲੇ ਦੀ ਆਸ ਕਿੱਥੋਂ ਹੋਵੇਗੀ! ਸਾਰੀ ਅਕਾਲੀ ਰਾਜਨੀਤੀ ਇਸ ਗੱਦੀਆਂ ਦੀ ਹਵਸ ਅਤੇ ਗੋਲਕਾਂ ਦੀ ਮਾਇਆ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ।
ਅਜਿਹੇ ਮਾਹੌਲ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਬਣਾਇਆ ਹੈ ਤਾਂ ਪਹਿਲੇ ਚੱਲਦੇ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਦੇ ਬੁਲਾਰੇ ਨੇ ਇਸ ਨੂੰ ਕਾਂਗਰਸ ਦੀ ਸ਼ਹਿ ਉੱਤੇ ਕੀਤਾ ਗਿਆ ਡਰਾਮਾ ਕਿਹਾ ਹੈ। ਸੁਖਦੇਵ ਸਿੰਘ ਢੀਂਡਸੇ ਨੂੰ ਪੁੱਛਿਆ ਤਾਂ ਉਸ ਨੇ ਇਹ ਗੱਲ ਕਹਿ ਦਿੱਤੀ ਕਿ ਕਾਂਗਰਸ ਨਾਲ ਗੱਠਜੋੜ ਸਾਡਾ ਨਹੀਂ, ਬਾਦਲ ਪਰਿਵਾਰ ਦਾ ਹੈ, ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੇਠ ਵੀ ਬਾਦਲਾਂ ਦੇ ਸਾਰੇ ਧੰਦੇ ਪਹਿਲਾਂ ਵਾਂਗ ਚੱਲੀ ਜਾ ਰਹੇ ਹਨ। ਦੋਹਾਂ ਧਿਰਾਂ ਨੇ ਇੱਕ ਦੂਜੇ ਉੱਤੇ ਕਾਂਗਰਸ ਨਾਲ ਮਿਲ ਕੇ ਚੱਲਣ ਦਾ ਦੋਸ਼ ਲਾਉਣ ਦੀ ਰਸਮ ਨਿਭਾ ਦਿੱਤੀ ਹੈ, ਪਰ ਅਸਲ ਵਿਚ ਦੋਵੇਂ ਧਿਰਾਂ ਇੱਕ ਹੋਰ ਧਿਰ, ਭਾਜਪਾ ਨਾਲ ਤਾਲਮੇਲ ਕਰ ਕੇ ਅਗਲੀ ਚੋਣ ਵੇਲੇ ਉਸ ਨਾਲ ਗੱਠਜੋੜ ਦਾ ਰਾਹ ਭਾਲਣਗੀਆਂ। ਭਾਜਪਾ ਇਸ ਤੋਂ ਖੁਸ਼ ਹੈ। ਇਸੇ ਬਹਾਨੇ ਅਕਾਲੀਆਂ ਦੀਆਂ ਦੋਹਾਂ ਧਿਰਾਂ ਵਿਚੋਂ ਜੋ ਇੱਕ ਉਸ ਨੇ ਵਰਤਣੀ ਹੋਈ, ਉਸ ਨੂੰ ਪਹਿਲੀ ਸ਼ਰਤ ਇਹ ਮਨਾਵੇਗੀ ਕਿ ਪਹਿਲਾਂ ਵਾਂਗ ਵਿਧਾਨ ਸਭਾ ਦੀਆਂ ਤੇਈ ਸੀਟਾਂ ਅਸੀਂ ਨਹੀਂ ਲੈਣੀਆਂ ਤੇ ਤੁਹਾਡੀ ਮਰਜ਼ੀ ਦੀਆਂ ਵੀ ਨਹੀਂ ਲੈਣੀਆਂ, ਇਸ ਵਾਰ ਤੁਹਾਡੇ ਵਾਸਤੇ ਕੋਟਾ ਵੀ ਅਸੀਂ ਤੈਅ ਕਰਾਂਗੇ ਤੇ ਸੀਟਾਂ ਵੀ ਤੁਹਾਨੂੰ ਛੱਡਣ ਲਈ ਅਸੀਂ ਚੁਣਾਂਗੇ।
ਪੰਜਾਬ ਦੀ ਰਾਜਨੀਤੀ ਦਾ ਨਵਾਂ ਅਸਲੀ ਦੌਰ ਦੋ ਅਕਾਲੀ ਦਲਾਂ ਵਿਚ ਅਸਲੀ ਦੀ ਲੜਾਈ ਦੇ ਬਹਾਨੇ ਅਸਲ ਵਿਚ ਇਹ ਆ ਗਿਆ ਹੈ ਕਿ ਪਹਿਲਾਂ ਭਾਜਪਾ ਲਈ ਅਕਾਲੀ ਵੱਡੇ ਭਾਈ ਹੁੰਦੇ ਸਨ, ਅਗਲੀਆਂ ਚੋਣਾਂ ਵਿਚ ਭਾਜਪਾ ਵੱਡੇ ਭਾਈ ਦੀ ਭੂਮਿਕਾ ਨਿਭਾ ਸਕਦੀ ਹੈ ਤੇ ਅਕਾਲੀ ਦਲ ਦੇ ਆਗੂ ਉਸ ਦੇ ਪਿੱਛਲੱਗ ਜਿਹੇ ਬਣ ਕੇ ‘ਹਰ-ਹਰ ਮੋਦੀ, ਘਰ-ਘਰ ਮੋਦੀ’ ਕਰਦੇ ਨਜ਼ਰ ਆ ਸਕਦੇ ਹਨ। ਹਾਲੇ ਨਵੀਂ ਖੇਡ ਸ਼ੁਰੂ ਹੋਈ ਹੈ, ਇਸ ਦੇ ਅਗਲੇ ਰੰਗ ਹੋਰ ਵੀ ਹੈਰਾਨੀ ਵਾਲੇ ਹੋਣਗੇ, ਜਿਨ੍ਹਾਂ ਬਾਰੇ ਇਸ ਵੇਲੇ ਬਹੁਤਾ ਕੁਝ ਕਹਿ ਸਕਣਾ ਔਖਾ ਹੈ।