ਪਰਦੇਸੀਆਂ ਦੀ ਪੀੜਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਬੋਲਾਂ ਦੇ ਮੂੰਹ ਵਿਚ ਅਜਿਹੇ ਬੋਲ ਪਾਉਣ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਸੀ, ਜਿਨ੍ਹਾਂ ਨਾਲ ਭਾਂਬੜ ਮੱਚਦੇ ਹੋਣ ਜਾਂ ਰਿਸ਼ਤਿਆਂ ਵਿਚ ਤ੍ਰੇੜਾਂ ਪੈਂਦੀਆਂ ਹੋਣ। ਉਨ੍ਹਾਂ ਕਿਹਾ ਸੀ, “ਬੋਲ ਸੰਕੋਚਵੇਂ, ਸੱਚੇ, ਸੁੱਚੇ, ਸੁੰਦਰ, ਸੰਜੀਦਾ ਅਤੇ ਸਪੱਸ਼ਟ ਹੋਣ ਤਾਂ ਇਨ੍ਹਾਂ ਦੇ ਅਰਥਾਂ ਦੀ ਅਸੀਮਤਾ ਤੇ ਡੂੰਘਾਈ, ਸੁਣਨ ਵਾਲੇ ਲਈ ਬੋਲ-ਬਬੀਹਾ ਹੁੰਦੀ, ਜਿਸ ਦੀ ਪੁਕਾਰ ਸੁਣ ਕੇ ਖੁਦਾ ਵੀ ਦ੍ਰਿਸ਼ਟਮਾਨ ਹੋ ਜਾਂਦਾ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਖਦਸ਼ਾ ਪ੍ਰਗਟ ਕੀਤਾ ਹੈ, “ਪਰਦੇਸੀਆਂ ਪ੍ਰਤੀ ਬੇਰੁਖੀ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਵੱਡੇ ਆਰਥਕ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ, ਪਰ ਸਭ ਤੋਂ ਅਹਿਮ ਅਤੇ ਖਤਰਨਾਕ ਹੈ ਭਾਈਚਾਰਕ ਸਾਂਝ ਦਾ ਤਿੜਕਣਾ, ਸਮਾਜਕ ਦਿੱਖ ਦਾ ਧੁੰਦਲਕਾ ਅਤੇ ਮਰਨਹਾਰੀ ਮਾਨਸਿਕਤਾ, ਜਿਸ ਦੀ ਪੂਰਤੀ ਕਦੇ ਵੀ ਨਹੀਂ ਹੋਣੀ।” ਉਹ ਕਹਿੰਦੇ ਹਨ, “ਮਨਾਂ ਵਿਚਲੀਆਂ ਤਰੇੜਾਂ ਦਾ ਦਰਦ, ਇਕ ਰਿਸਦਾ ਫੋੜਾ ਹੁੰਦਾ, ਜੋ ਪਲ ਪਲ ਬੀਤੇ ਦੀ ਯਾਦ ਦਿਵਾਉਂਦਾ, ਸਾਹਾਂ ਨੂੰ ਸੰਤਾਪਦਾ ਰਹਿੰਦਾ। ਪਰਦੇਸੀਆਂ ਨੇ ਇਕ ਸੰਤਾਪ ਤਾਂ ਪਰਵਾਸ ਕਰਨ ਲੱਗਿਆਂ ਹੰਢਾਇਆ ਸੀ, ਪਰ ਹੁਣ ਆਪਣਿਆਂ ਦੀ ਬੇਰੁਖੀ ਦਾ ਸੰਤਾਪ ਤੇ ਸੋਗ, ਸਮਿਆਂ ਨੂੰ ਵੀ ਸੰਤਾਪਣ ਲੱਗ ਪਿਆ ਏ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080

ਮਨ ਬਹੁਤ ਨਿਰਾਸ਼, ਉਦਾਸ ਤੇ ਹਤਾਸ਼ ਹੈ, ਪਰਦੇਸੀਆਂ ਪ੍ਰਤੀ ਆਪਣਿਆਂ ਦੀ ਬੇਰੁਖੀ, ਬੇਰੁਹਮਤੀ ਤੇ ਬੇਗਾਨਗੀ ਤੋਂ। ਸੋਚਦਾ ਹਾਂ ਕਿ ਪੰਜਾਬੀ ਅਜਿਹੇ ਤਾਂ ਨਹੀਂ ਸਨ। ਕੀ ਇਹ ਅਚਨਚੇਤੀ ਹੀ ਵਾਪਰਿਆ? ਕੀ ਇਹ ਬਦਤਰ ਬਦਲਾਓ ਚਿਰ ਤੋਂ ਹੀ ਉਨ੍ਹਾਂ ਦੇ ਮਨਾਂ ਵਿਚ ਪਨਪ ਰਿਹਾ ਸੀ ਅਤੇ ਕਰੋਨਾ ਦੀ ਆਫਤ ਨੇ ਉਨ੍ਹਾਂ ਦੇ ਅੰਦਰਲੇ ਸਵਾਰਥ ਨੂੰ ਜੱਗ-ਜਾਹਰ ਕਰ ਦਿਤਾ? ਕਿਉਂ ਉਹ ਪੰਜਾਬੀਅਤ ਅਤੇ ਅਮੀਰ ਵਿਰਸੇ ਨੂੰ ਭੁੱਲ ਗਏ? ਕੀ ਇਹ ਆਪ-ਮੁਹਾਰੇ ਸੀ ਜਾਂ ਕਿਸੇ ਸੋਚੀ-ਸਮਝੀ ਸਾਜਿਸ਼ ਦਾ ਹਿੱਸਾ ਸੀ? ਪਰਦੇਸੀਆਂ ਦੇ ਮਨ ਵਿਚ ਬਹੁਤ ਸਾਰੇ ਪ੍ਰਸ਼ਨ ਉਭਰ ਕੇ, ਇਕ ਚਸਕ ਪੈਦਾ ਕਰਦੇ ਨੇ। ਇਨ੍ਹਾਂ ਸਵਾਲਾਂ ਦੀ ਧਰਾਤਲ ਹੈ, ਬੀਤੇ ਦਿਨੀਂ ਸਾਹਮਣੇ ਆਏ ਕੁਝ ਦ੍ਰਿਸ਼।
ਪਹਿਲਾ: ਏਅਰਪੋਰਟ ਤੋਂ ਆਪਣੇ ਪਿੰਡ ਆ ਰਿਹਾ ਪਰਦੇਸੀ ਟੈਕਸੀ ਵਿਚ ਇਕ ਗਾਣਾ ਸੁਣਦਾ ਹੈ, ਜਿਸ ਵਿਚ ਪੰਜਾਬ ਵਿਚਲੀ ਕਰੋਨਾ ਮਹਾਮਾਰੀ ਦਾ ਕਸੂਰਵਾਰ, ਵਿਦੇਸ਼ ਤੋਂ ਆਏ ਇਕ ਵਿਅਕਤੀ ਵਿਸ਼ੇਸ਼ ਨੂੰ ਠਹਿਰਾਇਆ ਜਾ ਰਿਹਾ ਏ। ਬਿਨਾ ਕਿਸੇ ਕਸੂਰ ਤੋਂ ਖੁਦ ਨੂੰ ਦੋਸ਼ੀ ਸਮਝਣ ਲੱਗ ਪੈਂਦਾ ਏ, ਆਪਣੇ ਪਿੰਡ ਜਾ ਰਿਹਾ ਪਰਦੇਸੀ।
ਦੂਜਾ: ਪਿੰਡ ਵੜਨ ਲੱਗਿਆਂ ਪਰਦੇਸੀ ਦੇਖਦਾ ਹੈ ਕਿ ਉਸ ਵਲੋਂ ਆਪਣੇ ਬਾਪ ਦੀ ਯਾਦ ਵਿਚ ਉਸਾਰੇ ਗੇਟ ‘ਤੇ ਪਿੰਡ ਦੇ ਚੌਬਰਾਂ ਨੇ ਨਾਕਾ ਲਾਇਆ ਏ। ਉਸ ਦੀ ਆਓ-ਭਗਤ ਕਰਨ ਵਾਲੇ ਹੀ ਉਸ ਨੂੰ ਪਿੰਡ ਵਿਚ ਵੜਨ ਤੋਂ ਵਰਜਦੇ ਨੇ। ਇਹ ਕੇਹੀ ਗਲਤ ਧਾਰਨਾ ਫੈਲਾ ਦਿਤੀ ਗਈ ਕਿ ਵਿਦੇਸ਼ ਤੋਂ ਆਉਣ ਵਾਲਾ ਹਰ ਵਿਅਕਤੀ ਹੀ ਕਰੋਨਾ ਲੈ ਕੇ ਪਿੰਡ ਵਿਚ ਆ ਰਿਹਾ ਏ। ਉਸ ਦਾ ਪਿੰਡ ਵਿਚ ਦਾਖਲਾ ਹੀ ਵਰਜਿੱਤ ਕਰ ਦਿਤਾ ਜਾਂਦਾ ਏ। ਕੁਝ ਸਿਆਣੇ ਉਸ ਨੂੰ ਇਸ ਸ਼ਰਤ ‘ਤੇ ਪਿੰਡ ਵੜਨ ਦਿੰਦੇ ਨੇ ਕਿ ਉਹ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇਗਾ ਅਤੇ ਕਿਸੇ ਨੂੰ ਨਹੀਂ ਮਿਲੇਗਾ। ਆਪਣਿਆਂ ਨੂੰ ਮਿਲਣ ਆਏ ‘ਤੇ ਇਹ ਕੇਹੀਆਂ ਪਾਬੰਦੀਆਂ ਲਾ ਦਿੱਤੀਆਂ ਗਈਆਂ ਕਿ ਉਹ ਆਪਣੇ ਪਿੰਡ ਤੇ ਘਰ ਵਿਚ ਹੀ ਕੈਦ ਹੋ ਗਿਆ। ਇਸ ਦੇ ਕੀ ਅਰਥ ਨੇ, ਕਦੇ ਉਸ ਦੇ ਆਪਣਿਆਂ ਨੇ ਪਰਦੇਸੀ ਨੂੰ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜੋ ਕਦੇ ਉਸ ਦੇ ਸਾਹੀਂ ਜਿਉਣ ਦਾ ਦਮ ਭਰਦੇ ਸਨ। ਕੁਝ ਤਾਂ ਉਹਦੀਆਂ ਰਹਿਮਤਾਂ ਵੀ ਮਾਣਦੇ ਸਨ।
ਤੀਜਾ: ਪਰਵਾਸੀ ਪਰਿਵਾਰ ਕਈ ਦਿਨਾਂ ਤੋਂ ਆਪਣੇ ਘਰ ਵਿਚ ਨਜ਼ਰਬੰਦ ਏ। ਭਾਈਚਾਰੇ, ਸਮਾਜ ਜਾਂ ਸਰਕਾਰ ਨੂੰ ਉਸ ਦੇ ਖਾਣ-ਪੀਣ ਜਾਂ ਸਹੂਲਤਾਂ ਦੀ ਕੋਈ ਪ੍ਰਵਾਹ ਨਹੀਂ। ਉਹ ਭੁੱਖਣ-ਭਾਣਾ, ਮਿੰਨਤਾਂ ਤਰਲਿਆਂ ਨਾਲ ਮਿਲਦੀ ਰੋਟੀ ਲਈ ‘ਆਪਣਿਆਂ’ ਦੇ ਰਹਿਮ ‘ਤੇ ਹੈ, ਜਿਨ੍ਹਾਂ ਲਈ ਕਦੇ ਉਹ ਰੋਟੀ ਦਾ ਸਬੱਬ ਬਣਿਆ ਸੀ। ਹੁਣ ਅਛੂਤ ਬਣ ਗਿਆ ਹੈ ਉਨ੍ਹਾਂ ਲਈ, ਜਿਨ੍ਹਾਂ ਨਾਲ ਖੂਨ ਦੇ ਰਿਸ਼ਤੇ ਸਨ ਅਤੇ ਸ਼ਰਾਬ ਤੇ ਕਬਾਬ ਦੀ ਸਾਂਝ ਵੀ ਹੁੰਦੀ ਸੀ।
ਚੌਥਾ: ਪੰਜਾਬੀ ਅਦਬ ਨੂੰ ਪਿਆਰ ਕਰਨ ਵਾਲਾ ਅਤੇ ਇਸ ਦੀ ਪ੍ਰਫੁਲਤਾ ਨੂੰ ਜੀਵਨ-ਅਕੀਦਾ ਮੰਨਣ ਵਾਲਾ ਪਰਦੇਸ ਵਿਚ ਰਹਿੰਦਾ ਅਦੀਬ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਉਸ ਦੇ ਪਿੰਡ ਜਾਂਦਾ ਏ। ਮਿਲ ਕੇ ਖੁਸ਼ ਹੋਣ ਅਤੇ ਅਪਣੱਤ ਨਾਲ ਨਿਵਾਜਣ ਵਾਲਿਆਂ ਦਾ ਰੁੱਖਾ ਵਰਤਾਓ, ਬੇਰੁਖੀ ਅਤੇ ਘ੍ਰਿਣਤ ਵਤੀਰਾ ਦੇਖ ਕੇ ਉਹ ਅਦਬੀ ਸ਼ਖਸ਼ ਦਹਿਲ ਜਾਂਦਾ ਏ। ਇਸ ਸ਼ਰਮਨਾਕ ਤਬਦੀਲੀ ਕਾਰਨ ਅੰਦਰੋਂ ਛਿੱਲਿਆ ਤੇ ਹਿਲਿਆ, ਆਪਣੇ ਘਰ ਪਰਤਦਾ ਹੈ। ਉਸ ਦੇ ਵਿਚਾਰ ਵਿਯੋਗੇ ਗਏ ਕਿ ਇਹ ਕਿਵੇਂ ਅਤੇ ਕਿਉਂ ਹੋਇਆ?
ਹੋਰ ਵੀ ਬਹੁਤ ਸਾਰੇ ਦ੍ਰਿਸ਼ਟਾਂਤ ਸੋਚਾਂ ਵਿਚ ਤਰਦੇ ਨੇ, ਜਿਨ੍ਹਾਂ ਕਾਰਨ ਮਨ ਬਹੁਤ ਉਚਾਟ ਏ। ਇਹ ਕੇਹਾ ਘਿਨੌਣਾ ਸੱਚ ਉਜਗਾਰ ਹੋਇਆ ਏ ਕਿ ਹੁਣ ਪਰਦੇਸੀ ਇਸ ਸੱਚ ਦਾ ਸਾਹਮਣਾ ਕਰਨ ਤੋਂ ਖੌਫ ਖਾਂਦੇ ਨੇ। ਅਜਿਹਾ ਸੱਚ, ਜਿਸ ਨੇ ਪੰਜਾਬੀਆਂ ਦੀ ਭਾਈਚਾਰਕ ਸਾਂਝ, ਰਿਸ਼ਤੇਦਾਰੀਆਂ, ਸਬੰਧਾਂ, ਸੱਜਣਾਂ, ਸਕਿਆਂ ਅਤੇ ਸਾਂਝਾਂ ‘ਤੇ ਵੱਡਾ ਪ੍ਰਸ਼ਨ ਚਿੰਨ ਲਾ ਦਿਤਾ ਏ। ਇਹ ਕਿਉਂ, ਕਿੰਜ ਅਤੇ ਕਿਸ ਨੇ ਕੀਤਾ? ਕੀ ਇਹ ਸਭ ਕੁਝ ਪੰਜਾਬ ਅਤੇ ਪੰਜਾਬੀਅਤ ਦੇ ਹਿੱਤ ਵਿਚ ਸੀ? ਇਸ ਵਰਤਾਰੇ ਨਾਲ ਪਰਦੇਸੀਆਂ ਦੇ ਮਨਾਂ ‘ਤੇ ਕਿੰਨੇ ਡੂੰਘੇ ਜ਼ਖਮ ਹੋਏ? ਉਨ੍ਹਾਂ ਦੇ ਦਿਲਾਂ ਵਿਚ ਆਪਣੇ ਪੰਜਾਬ ਪ੍ਰਤੀ ਕਿਸ ਤਰ੍ਹਾਂ ਦੀ ਬੇਰਸੀ ਤੇ ਬੇਗਾਨਗੀ ਪੈਦਾ ਹੋਈ, ਇਸ ਬਾਰੇ ਕਿਸੇ ਨੂੰ ਖਿਆਲ ਹੈ? ਕੀ ਕਿਸੇ ਸਮਾਜਕ ਅਦਾਰੇ, ਸਰਕਾਰੀ ਤੰਤਰ ਜਾਂ ਸਵੈ-ਸੇਵੀ ਸੰਸਥਾਵਾਂ ਨੇ ਇਸ ਘਟਨਾਕ੍ਰਮ ਪ੍ਰਤੀ ਸੰਵੇਦਨਾ ਪ੍ਰਗਟਾਈ ਏ? ਕੀ ਇਸ ਨੂੰ ਮੁਖਾਤਬ ਹੋਣ ਦੀ ਕਿਸੇ ਵਿਚ ਜ਼ੁਰਅਤ ਹੈ? ਕੀ ਇਸ ਨੂੰ ਰਾਜਨੀਤਕ ਤੌਰ ‘ਤੇ ਜਾਣ-ਬੁੱਝ ਕੇ ਸ਼ੋਸ਼ਲ ਮੀਡੀਆ ਰਾਹੀਂ ਫੈਲਣ ਦਿਤਾ ਗਿਆ ਤਾਂ ਕਿ ਪਰਦੇਸੀਆਂ ਨੂੰ ਪੰਜਾਬ ਪ੍ਰਤੀ ਉਚਾਟ ਕੀਤਾ ਜਾਵੇ? ਕੀ ਇਹ ਵਰਤਾਰਾ ਪੰਜਾਬੀਆਂ ਦੀ ਨਵੀਂ ਆਦਤ ਏ ਜਾਂ ਪੰਜਾਬੀ ਕਿਸੇ ਗਿਣੀ-ਮਿੱਥੀ ਸਾਜਿਸ਼ ਦਾ ਸ਼ਿਕਾਰ ਹੋ ਗਏ ਨੇ? ਇਸ ਨਾਲ ਕਿਹੜੇ ਸਰੋਕਾਰਾਂ ਅਤੇ ਮੰਤਵਾਂ ਦੀ ਪੂਰਤੀ ਕੀਤੀ ਗਈ? ਬਹੁਤ ਸਾਰੀਆਂ ਗਲਤ ਧਾਰਨਾਵਾਂ ਪਰਦੇਸੀਆਂ ਦੇ ਮਨਾਂ ਵਿਚ ਪੈਦਾ ਹੋ ਰਹੀਆਂ ਨੇ, ਜਿਨ੍ਹਾਂ ਦਾ ਜਵਾਬ ਪੰਜਾਬ ਵਿਚ ਵੱਸਦੇ ਪੰਜਾਬੀਆਂ ਨੂੰ ਹੀ ਦੇਣਾ ਪੈਣਾ।
ਪਰਦੇਸੀਆਂ ਪ੍ਰਤੀ ਇਸ ਬੇਰੁਖੀ ਦੀ ਰਹਿਤਲ ਵਿਚ ਬਹੁਤ ਕੁਝ ਪਿਆ ਏ, ਜਿਸ ਦਾ ਖਮਿਆਜ਼ਾ ਪੰਜਾਬ ਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪੈ ਸਕਦਾ। ਬਹੁਤ ਸਾਰੇ ਪੱਖ ਹਨ, ਜਿਨ੍ਹਾਂ ਨੂੰ ਵਿਚਾਰਨ ਅਤੇ ਇਨ੍ਹਾਂ ਵਿਚੋਂ ਕੁਝ ਸੁਚਾਰੂ, ਸੰਵੇਦਨਾ ਭਰਪੂਰ ਤੇ ਸਾਰਥਕ ਕਰਨ ਦੀ ਅਤਿਅੰਤ ਲੋੜ ਹੈ ਤਾਂ ਕਿ ਪਰਦੇਸੀਆਂ ਦੇ ਮਨਾਂ ਦੇ ਤੌਖਲਿਆਂ ਨੂੰ ਦੂਰ ਕੀਤਾ ਜਾ ਸਕੇ।
ਅਜੋਕੀ ਤ੍ਰਾਸਦੀ ਨੇ ਇਹ ਦਰਸਾ ਦਿਤਾ ਕਿ ਪੰਜਾਬੀਆਂ ਦੀ ਭਾਈਚਾਰਕ ਸਾਂਝ ਕਿੰਨੀ ਹੀਣੀ, ਸਵਾਰਥੀ ਅਤੇ ਕਮਜ਼ੋਰ ਹੈ ਕਿ ਉਹ ਨਿੱਜੀ ਮੁਫਾਦ ਖਾਤਰ ਇਸ ਨੂੰ ਤੋੜਨ ਲੱਗਿਆਂ ਦੇਰ ਨਹੀਂ ਲਾਉਂਦੇ। ਇਹ ਸਾਂਝ ਪਹਿਲਾਂ ਆਪਣਿਆਂ ਨੇ ਤੋੜੀ, ਫਿਰ ਸਮਾਜ ਨੇ ਅਤੇ ਆਖਰ ਨੂੰ ਸਰਕਾਰ ਨੇ। ਕਿਸੇ ਨੇ ਇਸ ਨੂੰ ਜੋੜਨ ਤੇ ਮਜ਼ਬੂਤ ਕਰਨ ਵੰਨੀਂ ਕੋਈ ਕਦਮ ਨਹੀਂ ਉਠਾਇਆ। ਪਰਦੇਸੀ ਆਪਣੇ ਘਰਾਂ ਨੂੰ ਪਰਤਦੇ ਸਨ, ਜੜ੍ਹਾਂ ਨਾਲ ਜੁੜਨ, ਭਾਈਚਾਰਕ ਸਾਂਝ ਨੂੰ ਪ੍ਰਫੁਲਤ ਕਰਨ ਅਤੇ ਮਿੱਟੀ ਦੀ ਮਹਿਕ ਨੂੰ ਸਾਹਾਂ ਵਿਚ ਵਸਾਉਣ। ਹਰੇਕ ਪਰਦੇਸੀ ਦੇ ਮਨ ਵਿਚ ਆਪਣੇ ਪਿੰਡ ਦੇ ਵਿਕਾਸ ਦੀ ਚਾਹਨਾ ਹੁੰਦੀ ਸੀ। ਉਨ੍ਹਾਂ ਨੇ ਆਪੋ-ਆਪਣੇ ਪਿੰਡਾਂ ਵਿਚ ਜਿੰਮ ਤੇ ਲਾਇਬਰੇਰੀਆਂ ਬਣਾਈਆਂ, ਖੇਡ ਮੈਦਾਨ ਬਣਾਏ, ਸਕੂਲਾਂ ਨੂੰ ਨਵੀਂ ਦਿੱਖ ਦਿੱਤੀ, ਸਟਰੀਟ ਲਾਈਟਾਂ ਲਵਾਈਆਂ, ਸੀਵਰੇਜ਼ ਸਿਸਟਮ, ਸ਼ਮਸ਼ਾਨ ਘਾਟ, ਮੁਰਦਾਘਰ ਬਣਾਏ, ਹੁਸ਼ਿਆਰ ਤੇ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਤੇ ਵਰਦੀਆਂ ਲਈ ਦਿਲ ਖੋਲ੍ਹ ਕੇ ਦਾਨ ਦਿਤਾ। ਪਰਦੇਸੀਆਂ ਨੇ ਪੰਜਾਬ ਦੇ ਪਿੰਡਾਂ ਦੇ ਸੁਧਾਰ ਲਈ ਕਰੋੜਾਂ ਰੁਪਏ ਖਰਚੇ। ਇਹ ਪਰਦੇਸੀ ਹੀ ਹਨ, ਜੋ ਹਰ ਸਾਲ ਪਿੰਡਾਂ ਵਿਚ ਮੈਡੀਕਲ ਕੈਂਪ, ਖੇਡ ਮੇਲੇ, ਗਰੀਬ ਕੁੜੀਆਂ ਦੇ ਵਿਆਹ ਆਦਿ ਸਮਾਜ ਭਲਾਈ ਦੇ ਕਾਰਜ ਆਯੋਜਿਤ ਕਰਦੇ, ਕਿਉਂਕਿ ਉਨ੍ਹਾਂ ਦੇ ਮਨਾਂ ਵਿਚ ਆਪਣੇ ਇਲਾਕੇ ਦੀ ਪ੍ਰਫੁਲਤਾ ਦਾ ਚਾਅ ਹੁੰਦਾ ਸੀ। ਅੰਦਾਜ਼ਾ ਲਾਓ ਕਿ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਵਿਚ ਕਿੰਨਾ ਧਨ ਪਰਦੇਸੀ ਲਾਉਂਦੇ ਸਨ? ਕੀ ਹੁਣ ਉਹ ਅਜਿਹਾ ਕਰਨ ਵਿਚ ਰੁਚੀ ਦਿਖਾਉਣਗੇ, ਸ਼ੱਕ ਹੈ?
ਪਰਦੇਸੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਅਕਸਰ ਉਨ੍ਹਾਂ ਦੇ ਆਪਣੇ ਹੀ ਸਾਂਭਦੇ ਸਨ। ਜ਼ਮੀਨ ਦਾ ਠੇਕਾ ਆਦਿ ਵੀ ਕਦੇ ਕਦਾਈਂ ਹੀ ਲੈਂਦੇ ਸਨ। ਇਸ ਬੇਰੁਖੀ ਕਾਰਨ ਪਰਦੇਸੀ ਆਪਣੀਆਂ ਜਮੀਨਾਂ-ਜਾਇਦਾਦਾਂ ਬਹੁਤ ਜਲਦੀ ਵੇਚਣਗੇ। ਇਸ ਨਾਲ ਭਾਅ ਹੋਰ ਡਿੱਗਣਗੇ ਅਤੇ ਉਹ ਰੂਹ ਨਾਲ ਬਣਾਇਆ ਸਭ ਕੁਝ ਕੌਡੀਆਂ ਦੇ ਭਾਅ ਵੇਚ ਕੇ ਪੰਜਾਬ ਨਾਲੋਂ ਸਦਾ ਲਈ ਨਾਤਾ ਤੋੜ ਲੈਣਗੇ। ਵੱਡਾ ਆਰਥਕ ਨੁਕਸਾਨ ਪਰਦੇਸੀਆਂ ਨੂੰ ਝੱਲਣਾ ਪਵੇਗਾ। ਜਮੀਨਾਂ ਹੁਣ ਪੰਜਾਬੀਆਂ ਦੇ ਹੱਥੋਂ ਖੁੱਸ ਕੇ ਵੱਡੇ ਜਿਮੀਂਦਾਰਾਂ ਜਾਂ ਵਪਾਰਕ ਘਰਾਣਿਆਂ ਕੋਲ ਚਲੇ ਜਾਣਗੀਆਂ ਅਤੇ ਪੰਜਾਬੀ, ਮਾਲਕ ਤੋਂ ਮੁਜਾਰੇ ਬਣ ਜਾਣਗੇ। ਕਿੰਨਾ ਘਾਟਾ ਪਵੇਗਾ ਪਰਦੇਸੀਆਂ ਪ੍ਰਤੀ ਬੇਸਮਝੀ ਨਾਲ ਕੀਤੇ ਦੁਰਵਿਹਾਰ ਦਾ? ਹੁਣ ਪਰਦੇਸੀ ਪਿੰਡਾਂ ਵਿਚ ਕੋਠੀਆਂ ਨਹੀਂ ਪਾਉਣਗੇ, ਜਿਸ ਕਾਰਨ ਕਿੰਨੇ ਕਾਮੇ ਵਿਹਲੇ ਹੋ ਜਾਣਗੇ? ਕਿੰਨੇ ਕਰੋੜਾਂ ਰੁਪਿਆ ਪੰਜਾਬ ਵਿਚ ਨਹੀਂ ਖਰਚਿਆ ਜਾਵੇਗਾ? ਅੰਦਾਜ਼ਾ ਲਾਓ। ਪੰਜਾਬ ਦੀ ਆਰਥਕਤਾ ਨੂੰ ਹੁਲਾਰਾ ਦੇਣ ਵਾਲੇ ਹਜਾਰਾਂ ਕਰੋੜ ਰੁਪਏ ਹੁਣ ਪੰਜਾਬ ਵਿਚ ਨਹੀਂ ਆਉਣਗੇ।
ਪਰਦੇਸੀ ਹਰ ਸਾਲ ਵੱਡੀ ਗਿਣਤੀ ਵਿਚ ਆਪਣੇ ਵਤਨ ਪਰਤਦੇ ਨੇ ਅਤੇ ਉਹ ਖੁੱਲ ਕੇ ਖਰਚ ਕਰਦੇ ਨੇ ਆਪਣਿਆਂ ‘ਤੇ, ਆਪਣਿਆਂ ਲਈ ਅਤੇ ਆਪਣਿਆਂ ਦੀ ਬਿਹਤਰੀ ਲਈ। ਜੇ 50 ਹਜਾਰ ਪਰਦੇਸੀ ਹਰ ਸਾਲ ਪੰਜਾਬ ਵਿਚ ਆਵੇ ਅਤੇ ਹਰੇਕ ਸਿਰਫ 50 ਹਜਾਰ ਹੀ ਖਰਚੇ ਤਾਂ ਇਹ 250 ਕਰੋੜ ਬਣਦੇ ਨੇ। ਇਹ ਰਾਸ਼ੀ ਆਉਣ ਵਾਲੇ ਸਮੇਂ ਵਿਚ ਜਰੂਰ ਘਟੇਗੀ, ਕਿਉਂਕਿ ਹੁਣ ਪਰਦੇਸੀ ਪੰਜਾਬ ਵਿਚ ਪਰਤਣ ਤੋਂ ਡਰਨਗੇ। ਉਨ੍ਹਾਂ ਦੇ ਮਨਾਂ ਵਿਚ ਤੌਖਲਾ ਹੋਵੇਗਾ ਕਿ ਪਤਾ ਨਹੀਂ ਕੀ ਦਾ ਕੀ ਹੋ ਜਾਵੇ? ਕੌਣ ਏ ਇਸ ਦਾ ਕਸੂਰਵਾਰ? ਕੀ ਕੋਈ ਪਿੰਡ ਦਾ ਚੌਧਰੀ ਇਸ ਦੀ ਜ਼ਿੰਮੇਵਾਰੀ ਲਵੇਗਾ?
ਪਰਦੇਸੀਆਂ ਨੂੰ ਚਾਅ ਹੁੰਦਾ ਸੀ ਕਿ ਉਹ ਆਪਣੇ ਜਵਾਨ ਬੱਚਿਆਂ ਦਾ ਰਿਸ਼ਤਾ ਪੰਜਾਬ ਵਿਚ ਕਰਨ ਤਾਂ ਕਿ ਨਵੀਂ ਪੀੜ੍ਹੀ ਆਪਣੀ ਮਿੱਟੀ ਨਾਲ ਜੁੜੀ ਰਹੇ, ਪਰ ਹੁਣ ਅਜਿਹਾ ਨਹੀਂ ਹੋਣਾ ਅਤੇ ਪਰਦੇਸੀ ਪੰਜਾਬ ਵਿਚ ਆਪਣੇ ਬੱਚਿਆਂ ਨੂੰ ਵਿਆਹੁਣ ਤੋਂ ਤੌਬਾ ਕਰਗੇ। ਬਹੁਤ ਸਾਰੇ ਪਰਦੇਸੀਆਂ ਨੇ ਪਰਦੇਸਾਂ ਵਿਚ ਵੱਸਦੇ ਬੱਚਿਆਂ ਦੇ ਵਿਆਹ ਪੰਜਾਬ ਵਿਚ ਨਿਰਧਾਰਤ ਕੀਤੇ ਸਨ ਕਿ ਚੱਲੋ! ਵਿਆਹ ਦੇ ਬਹਾਨੇ, ਪਰਦੇਸ ਵਿਚ ਪ੍ਰਵਾਨ ਚੜ੍ਹੇ ਬੱਚੇ ਪੰਜਾਬ ਜਾ ਆਉਣਗੇ। ਉਨ੍ਹਾਂ ਹੁਣ ਪੰਜਾਬ ਵਿਚਲੇ ਵਿਆਹ ਕੈਂਸਲ ਕਰਕੇ ਵਿਦੇਸ਼ ਵਿਚ ਹੀ ਵਿਆਹ ਕਾਰਜ ਸੰਪੂਰਨ ਕਰਨ ਦਾ ਮਨ ਬਣਾ ਲਿਆ ਏ। ਇਕ ਵਿਆਹ ‘ਤੇ ਲੱਖਾਂ ਰੁਪਏ ਖਰਚ ਕਰਨ ਵਾਲੇ ਪਰਦੇਸੀਆਂ ਦੀ ਬੇਰੁਖੀ ਦਾ ਘਾਟਾ ਮੈਰਿਜ ਪੈਲੇਸਾਂ ਅਤੇ ਵਿਆਹ ਨਾਲ ਜੁੱੜੇ ਵੱਖ-ਵੱਖ ਆਮ ਵਿਅਕਤੀਆਂ ਨੂੰ ਜ਼ਰਨਾ ਪਵੇਗਾ। ਜੇ ਅਸੀਂ ਹਰ ਸਾਲ ਪਰਦੇਸੀਆਂ ਦੇ 1000 ਵਿਆਹ ਮੰਨ ਲਈਏ ਅਤੇ ਇਕ ਵਿਆਹ ਦਾ ਖਰਚਾ 50 ਲੱਖ ਹੋਵੇ ਤਾਂ 500 ਕਰੋੜ ਰੁਪਿਆ ਹੁਣ ਪੰਜਾਬ ਵਿਚ ਖਰਚ ਨਹੀਂ ਹੋਵੇਗਾ! ਵਿਆਹ ਕਰਵਾ ਕੇ ਪਰਦੇਸ ਵਿਚ ਵੱਸਣ ਵਾਲੇ ਪੰਜਾਬੀ ਬੱਚਿਆਂ ਦੇ ਟੁੱਟੇ ਹੋਏ ਸੁਪਨਿਆਂ ਦੀ ਪੀੜਾ ਲਈ ਉਨ੍ਹਾਂ ਦੇ ਹੀ ਮਾਪੇ ਜ਼ਿੰਮੇਵਾਰ ਹੋਣਗੇ।
ਮਨ ਬਹੁਤ ਪੀੜਤ ਏ ਕਿ ਪਰਦੇਸੀਆਂ ਦੇ ਸਿਰ ‘ਤੇ ਦੌਲਤ-ਸ਼ੁਹਰਤ ਕਮਾਉਣ ਵਾਲੇ ਪੰਜਾਬੀ ਗਾਇਕਾਂ ਦੀ ਕੇਹੀ ਮਾਨਸਿਕਤਾ ਬਣ ਗਈ ਕਿ ਜਦ ਇਕ ਗਾਇਕ (ਜਿਸ ‘ਤੇ ਪੰਜਾਬ ਦੀ ਪੁਲਿਸ ਵਲੋਂ ਐਫ਼ ਆਈ. ਆਰ. ਵੀ ਦਰਜ ਹੈ ਅਤੇ ਗੈਰ-ਜਮਾਨਤੀ ਵਰੰਟ ਵੀ ਹਨ) ਵਲੋਂ ਪਰਦੇਸੀਆਂ ਪ੍ਰਤੀ ਘ੍ਰਿਣਾ ਪੈਦਾ ਕਰਦਾ ਗੀਤ ਗਾਇਆ ਗਿਆ ਤਾਂ ਬਾਕੀ ਗਾਇਕ (ਕੁਝ ਇਕ ਨੂੰ ਛੱਡ ਕੇ, ਜੋ ਆਪਣੀ ਬੇਬਾਕੀ ਅਤੇ ਸੱਚ ਕਹਿਣ ਲਈ ਜਾਣੇ ਜਾਂਦੇ ਨੇ) ਖਾਮੋਸ਼ ਹੀ ਰਹੇ। ਇਸ ਦੀ ਤਹਿ ਵਿਚ ਕੀ ਸੀ, ਸੋਚਣ ਅਤੇ ਸਮਝਣ ਦੀ ਲੋੜ ਹੈ? ਉਨ੍ਹਾਂ ਗਾਇਕਾਂ ਨੂੰ ਸ਼ਾਇਦ ਯਾਦ ਹੀ ਨਹੀਂ ਰਿਹਾ ਕਿ ਉਨ੍ਹਾਂ ਦੇ ਅਖਾੜਿਆਂ/ਮੇਲਿਆਂ ਦੇ ਸਭ ਤੋਂ ਵੱਡੇ ਸਪਾਂਸਰ ਪਰਦੇਸੀ ਹੀ ਹਨ। ਕੀ ਹੁਣ ਉਹ ਅਜਿਹੇ ਦੋਗਲੇ ਗਾਇਕਾਂ ਨੂੰ ਮੂੰਹ ਨਹੀਂ ਲਾਉਣਗੇ? ਉਹ ਕਿਹੜਾ ਮੂੰਹ ਲੈ ਕੇ ਵਿਦੇਸ਼ਾਂ ਵਿਚ ਪ੍ਰੋਗਰਾਮ ਕਰਨ ਆਉਣਗੇ? ਅਫਸੋਸ ਤਾਂ ਇਸ ਗੱਲ ਦਾ ਹੈ ਕਿ ਬਹੁਤ ਸਾਰੇ ਗਾਇਕ ਖੁਦ ਪਰਦੇਸੀ ਹਨ, ਪਰ ਉਨ੍ਹਾਂ ਨੇ ਵੀ ਮੂੰਹਾਂ ਵਿਚ ਘੁੰਘਣੀਆਂ ਪਾ ਲਈਆਂ। ਪੰਜਾਬ ਕੰਗਾਲ ਤਾਂ ਹੋ ਹੀ ਰਿਹਾ ਏ, ਪਰ ਪਰਦੇਸੀਆਂ ਪ੍ਰਤੀ ਬੇਰੁਖੀ, ਕੰਗਾਲੀ ਦੀ ਰਫਤਾਰ ਨੂੰ ਹੋਰ ਤੇਜ ਕਰੇਗੀ। ਪਰਦੇਸੀ ਤਾਂ ਪਹਿਲਾਂ ਹੀ ਪੰਜਾਬ ਵਿਚ ਧਨ ਲਾਉਣ ਜਾਂ ਬਿਜਨਸ ਸਥਾਪਤ ਪ੍ਰਤੀ ਕਰਨ ਨਿਰ-ਉਤਸ਼ਾਹਤ ਸਨ। ਇਸ ਸੰਭਾਵਨਾ ਨੂੰ ਖਤਮ ਕਰਨ ਦਾ ਸਾਧਨ ਬਣ ਗਿਆ ਏ ਸਰਕਾਰ ਤੇ ਸਮਾਜ ਦਾ ਅਜੋਕਾ ਗੈਰ-ਜਿੰਮੇਵਾਰਨਾ ਵਤੀਰਾ ਅਤੇ ਅਵੇਸਲਾਪਣ।
ਪਰਦੇਸੀਆਂ ਦਾ ਉਨ੍ਹਾਂ ਪੰਜਾਬੀਆਂ ਨੂੰ ਵੀ ਇਕ ਪ੍ਰਸ਼ਨ ਹੈ, ਜੋ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਲਈ ਹੁਣ ਹਰ ਹੀਲਾ ਵਰਤ ਰਹੇ ਨੇ। ਕੀ ਉਹ ਆਪਣੇ ਵਿਦੇਸ਼ ਜਾਣ ਵਾਲੇ ਬੱਚਿਆਂ ਨਾਲ ਵੀ ਉਹੀ ਵਰਤਾਓ ਕਰਨਗੇ, ਜਦ ਉਹ ਪ੍ਰਦੇਸ ਤੋਂ ਪਰਤਣਗੇ, ਜੋ ਉਨ੍ਹਾਂ ਨੇ ਪਰਦੇਸੀਆਂ ਨਾਲ ਕੀਤਾ ਏ? ਕੀ ਉਹ ਇਹ ਜ਼ਰ ਸਕਣਗੇ ਕਿ ਉਨ੍ਹਾਂ ਦੀਆਂ ਆਂਦਰਾਂ ਨੂੰ ਬੇਗਾਨਗੀ ਅਤੇ ਬੇਗੈਰਤਾ ਕਾਰਨ ਮਾਨਸਿਕ ਪੀੜਾ ਵਿਚੋਂ ਗੁਜਰਨਾ ਪਵੇ? ਕੀ ਉਨ੍ਹਾਂ ਨੇ ਖੁਦ ਨੂੰ ਅਜਿਹੀ ਸਥਿਤੀ ਵਿਚ ਮਹਿਸੂਸ ਕਰਕੇ, ਕਦੇ ਅਹਿਸਾਸ ਕੀਤਾ ਏ ਕਿ ਉਨ੍ਹਾਂ ਨੇ ਆਪਣਿਆਂ ਨਾਲ ਕੀ ਦਾ ਕੀ ਕਰ ਦਿੱਤਾ? ਕੀ ਉਨ੍ਹਾਂ ਦੇ ਮਨ ਵਿਚ ਆਪਣੇ ਕੀਤੇ ਦਾ ਅਫਸੋਸ ਏ? ਕੀ ਉਨ੍ਹਾਂ ਨੇ ਆਪਣੇ ਮਨ ਕੋਲੋਂ ਇਸ ਦੀ ਮੁਆਫੀ ਮੰਗੀ ਏ? ਕੀ ਉਹ ਇਸ ਵਤੀਰੇ ਪਿਛੋਂ ਆਪਣੇ ਭਰਾਵਾਂ, ਭਤੀਜਿਆਂ, ਭਾਣਜਿਆਂ ਜਾਂ ਭਾਈਬੰਦਾਂ ਨੂੰ ਗਲਵੱਕੜੀ ਵਿਚ ਲੈ ਕੇ ਮੋਹ ਦਾ ਨਿਉਂਦਾ ਪਾ ਸਕਣਗੇ? ਕੀ ਉਨ੍ਹਾਂ ਦੇ ਮਨ ਵਿਚ ਕੀਤੀ ਗਈ ਕੁਤਾਹੀ ਪ੍ਰਤੀ ਗੁਨਾਹ ਦਾ ਅਹਿਸਾਸ ਹੋਇਆ ਏ? ਕੀ ਉਹ ਕੁਝ ਅਜਿਹਾ ਕਰਨਗੇ ਕਿ ਪਰਦੇਸੀਆਂ ਦੇ ਮਨਾਂ ਵਿਚ ਪਿੰਡਾਂ ਨੂੰ ਪਹਿਲਾਂ ਵਾਂਗ ਪਰਤਣ, ਆਪਣਿਆਂ ਨਾਲ ਕੁਝ ਸਮਾਂ ਗੁਜਾਰਨ ਅਤੇ ਫਿਰ ਵਾਪਸ ਮਿਲਣ ਦਾ ਵਾਅਦਾ ਕਰਕੇ, ਆਉਣ-ਜਾਣ ਬਣੇ ਰਹਿਣ ਦੀ ਰੀਤ ਨੂੰ ਬਰਕਰਾਰ ਰੱਖਿਆ ਜਾਵੇ?
ਪੰਜਾਬੀ ਪਰਦੇਸੀ ਹੁਣ ਛੁੱਟੀਆਂ ਮਨਾਉਣ, ਘੁੰਮਣ-ਫਿਰਨ, ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਜਾਂ ਆਪਣੀ ਮਿੱਟੀ ਨੂੰ ਸਿਜਦਾ ਕਰਨ ਪੰਜਾਬ ਨਹੀਂ ਆਉਣਗੇ। ਸਗੋਂ ਹੁਣ ਯੂਰਪੀਅਨ ਆਦਿ ਦੇਸ਼ਾਂ ਨੂੰ ਜਾਣਗੇ। ਦੂਜੇ ਦੇਸ਼ਾਂ ਨੂੰ ਹੋਣ ਵਾਲੀ ਕਮਾਈ, ਪੰਜਾਬ ਲਈ ਨਿਰੋਲ ਘਾਟਾ ਹੋਵੇਗਾ। ਪਰਦੇਸੀ ਪੰਜਾਬ ਆ ਕੇ ਹਮੇਸ਼ਾ ਕੁਝ ਦਿੰਦੇ ਨੇ, ਯੋਗਦਾਨ ਪਾਉਂਦੇ ਨੇ ਅਤੇ ਇਸ ਦੇ ਇਵਜ਼ ਵਿਚ ਸਿਰਫ ਮੁਹੱਬਤ ਚਾਹੁੰਦੇ ਨੇ। ਜਦ ਲੈਣ ਵਾਲੇ ਹੀ ਮੋਹ-ਮੁਹੱਬਤ ਦੇਣ ਤੋਂ ਮੁਨਕਰ ਹੋ ਜਾਣ ਤਾਂ ਉਹ ਪੰਜਾਬ ਵੱਲ ਮੂੰਹ ਕਿੰਜ ਕਰਨਗੇ?
ਪੰਜਾਬੀ ਪਰਦੇਸੀ ਜਦ ਆਪਣੇ ਵਤਨ ਨਾ ਪਰਤੇ ਤਾਂ ਪੰਜਾਬ ਵਿਚਲੇ ਖਾਲੀਪਣ ਨੂੰ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਭਰਨਗੇ, ਜਿਸ ਨਾਲ ਪੰਜਾਬ ਦੀ ਸਮਾਜਕ ਦਿੱਖ ਬਦਲ ਜਾਵੇਗੀ। ਪੰਜਾਬੀਅਤ ਤਬਦੀਲ ਹੋ ਜਾਵੇਗੀ। ਪੰਜਾਬ ਦੀ ਸਮਾਜਕ ਦਿੱਖ ਵਿਚਲੇ ਵਿਗਾੜ ਅਤੇ ਤਾਣੇ-ਬਾਣੇ ਵਿਚ ਹੋਈ ਟੁੱਟ-ਭੱਜ ਦਾ ਹਰਜ਼ਾਨਾ ਤਾਂ ਫਿਰ ਉਨ੍ਹਾਂ ਪੰਜਾਬੀਆਂ ਨੂੰ ਹੀ ਭੁਗਤਣਾ ਪੈਣਾ, ਜਿਨ੍ਹਾਂ ਨੇ ਪਰਦੇਸੀਆਂ ਦੇ ਮਨਾਂ ਵਿਚ ਬੇਗਾਨਗੀ ਬੀਜੀ। ਆਪਣਿਆਂ ਵਿਚੋਂ ਅਪਣੱਤ ਮੁੱਕ ਜਾਵੇ ਤਾਂ ਸਿਰਫ ਬੇਰੁਖੀ ਹੀ ਰਹਿੰਦੀ ਏ, ਜੋ ਪੰਜਾਬੀਆਂ ਨੇ ਪਰਦੇਸੀਆਂ ਦੇ ਪੱਲੇ ਪਾਈ ਏ।
ਪਰਦੇਸੀਆਂ ਪ੍ਰਤੀ ਬੇਰੁਖੀ ਨਾਲ ਪੰਜਾਬ ਅਤੇ ਪੰਜਾਬੀਆਂ ਨੂੰ ਵੱਡੇ ਆਰਥਕ ਘਾਟੇ ਦਾ ਸਾਹਮਣਾ ਕਰਨਾ ਪੈ ਸਕਦਾ, ਪਰ ਸਭ ਤੋਂ ਅਹਿਮ ਅਤੇ ਖਤਰਨਾਕ ਹੈ ਭਾਈਚਾਰਕ ਸਾਂਝ ਦਾ ਤਿੜਕਣਾ, ਸਮਾਜਕ ਦਿੱਖ ਦਾ ਧੁੰਦਲਕਾ ਅਤੇ ਮਰਨਹਾਰੀ ਮਾਨਸਿਕਤਾ, ਜਿਸ ਦੀ ਪੂਰਤੀ ਕਦੇ ਵੀ ਨਹੀਂ ਹੋਣੀ। ਮਨਾਂ ਵਿਚਲੀਆਂ ਤਰੇੜਾਂ ਦਾ ਦਰਦ, ਇਕ ਰਿਸਦਾ ਫੋੜਾ ਹੁੰਦਾ, ਜੋ ਪਲ ਪਲ ਬੀਤੇ ਦੀ ਯਾਦ ਦਿਵਾਉਂਦਾ, ਸਾਹਾਂ ਨੂੰ ਸੰਤਾਪਦਾ ਰਹਿੰਦਾ। ਪਰਦੇਸੀਆਂ ਨੇ ਇਕ ਸੰਤਾਪ ਤਾਂ ਪਰਵਾਸ ਕਰਨ ਲੱਗਿਆਂ ਹੰਢਾਇਆ ਸੀ, ਪਰ ਹੁਣ ਆਪਣਿਆਂ ਦੀ ਬੇਰੁਖੀ ਦਾ ਸੰਤਾਪ ਤੇ ਸੋਗ, ਸਮਿਆਂ ਨੂੰ ਵੀ ਸੰਤਾਪਣ ਲੱਗ ਪਿਆ ਏ। ਰੱਬ ਮਿਹਰ ਕਰੇ!
ਖੇਦ ਇਸ ਗੱਲ ਦਾ ਵੀ ਹੈ ਕਿ ਪਰਦੇਸੀਆਂ ਦੀ ਚੀਸ ਪ੍ਰਤੀ ਖਾਮੋਸ਼ ਨੇ ਕਲਮਾਂ, ਗੁੰਗੇ ਨੇ ਗਾਇਕ ਤੇ ਗੀਤਕਾਰ, ਸੁੰਨ-ਸਮਾਧੀ ਵਿਚ ਚਲੇ ਗਏ ਨੇ ਸੰਵੇਦਨਸ਼ੀਲ ਲੋਕ, ਚੁੱਪ ਹੀ ਹੋ ਗਏ ਨੇ ਚਿੰਤਕ, ਵੇਲਾ ਵਹਾ ਚੁਕੇ ਨੇ ਵਿਦਵਾਨ ਅਤੇ ਮੂਕ ਦਰਸ਼ਕ ਬਣ ਗਿਆ ਏ ਮੀਡੀਆ। ਕੀ ਕੋਈ ਇਸ ਚੀਸ ਨੂੰ ਉਲਥਾਵੇਗਾ? ਕਿੱਧਰ ਗਈ ਪੰਜਾਬੀਅਤ ਅਤੇ ਪੰਜਾਬ ਪ੍ਰਤੀ ਪ੍ਰਤੀਬੱਧਤਾ? ਵੱਡੇ ਸਵਾਲ ਨੇ ਅਜੋਕੇ ਸਮਾਜ, ਸੰਸਥਾਵਾਂ, ਸਰਕਾਰ ਅਤੇ ਸੁਘੜ ਸੋਚਾਂ ਲਈ।
ਯਾਦ ਰੱਖਣਾ! ਇਹ ਭਾਈਚਾਰਕ ਪਾੜਾ ਆਪਣੇ ਆਪ ਨਹੀਂ ਮਿੱਟਣਾ। ਕੀ ਪੰਜਾਬੀ ਇਸ ਨੂੰ ਮਿਟਾਉਣ ਲਈ ਕੋਈ ਉਦਮ ਕਰਨਗੇ? ਇਹ ਪੰਜਾਬੀਆਂ ‘ਤੇ ਨਿਰਭਰ ਕਰਦਾ ਕਿ ਉਹ ਪਰਦੇਸੀਆਂ ਪ੍ਰਤੀ ਕਿਹੜੀ ਸੋਚ, ਸੁਪਨਾ, ਸਮਝ ਜਾਂ ਸੰਜੀਦਗੀ ਰੱਖਦੇ ਨੇ?