‘ਪ੍ਰਚੰਡ ਜਜ਼ਬਿਆਂ ਦੀ ਸਵੇਰ’ ਅਤੇ ‘ਪ੍ਰਭਸ਼ਰਨ-ਭਰਾ’

ਅਮਰਜੀਤ ਸਿੰਘ ਮੁਲਤਾਨੀ, ਨਿਊ ਯਾਰਕ
‘ਪੰਜਾਬ ਟਾਈਮਜ਼’ ਦੇ 11 ਜੁਲਾਈ 2020 ਦੇ ਅੰਕ ਵਿਚ ਹਜ਼ਾਰਾ ਸਿੰਘ ਮਿਸੀਸਾਗਾ ਨੇ ਪ੍ਰਭਸ਼ਰਨ-ਭਰਾਵਾਂ ਬਾਰੇ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੇ ਲੇਖ ਬਾਰੇ ਪ੍ਰਤੀਕਰਮ ਦਿੰਦਿਆਂ ਬਹੁਤ ਸਪਸ਼ਟਤਾ ਨਾਲ ਲਿਖਿਆ ਹੈ ਕਿ ਕਿਵੇਂ ਉਹ ਆਪਣੇ ਲੇਖਾਂ ‘ਤੇ ਉਠੇ ਸਵਾਲਾਂ ਦਾ ਉਤਰ ਨਹੀਂ ਦਿੰਦੇ, ਜੋ ਹਰ ਇਕ ਲੇਖਕ ਦਾ ਨੈਤਿਕ ਫਰਜ਼ ਬਣਦਾ ਹੈ। ਜਾਂ ਤਾਂ ਉਹ ਇਹ ਸਮਝਦੇ ਹਨ ਕਿ ਉਨ੍ਹਾਂ ਵੱਲੋਂ ਲਿਖਿਆ ਹੀ ਅੰਤਿਮ ਸੱਚ ਹੈ? ਜਾਂ ਉਹ ਹੋਰਨਾਂ ਲੇਖਕਾਂ ਨੂੰ ਮਾਨਸਿਕ ਜਾਂ ਵਿਦਿਅਕ ਤੌਰ ‘ਤੇ ਆਪਣੇ ਆਪ ਤੋਂ ਘੱਟ ਆਂਕਦੇ ਹਨ? ਕੁਝ ਅਜਿਹਾ ਹੀ ਜਾਪਦਾ ਹੈ, ਨਹੀਂ ਤਾਂ ਗੁਰੂਬਾਣੀ ਤਾਂ ਦੁਬਿਧਾ ਦੀ ਅਵਸਥਾ ਵਿਚ ਰਲ-ਮਿਲ ਬੈਠ ਕੇ ਵਿਚਾਰ-ਚਰਚਾ ਕਰਨ ਦੀ ਸਲਾਹ ਦਿੰਦੀ ਹੈ। ਮੇਰੇ ਵਿਚਾਰ ਅਨੁਸਾਰ ਜੇ ਤੁਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁੱਦਈ ਹੋ, ਤਾਂ ਤੁਹਾਨੂੰ ਉਪਰੋਕਤ ਤੱਥਾਂ ਦੀ ਮੌਜੂਦਾ ਤੇ ਤਾਜਾ ਵਾਸਤੂ-ਸਥਿਤੀ ਨੂੰ ਹਮੇਸ਼ਾ ਆਪਣੇ ਵਿਚਾਰਾਂ ਦੇ ਕੇਂਦਰ ਵਿਚ ਰੱਖਣਾ ਪਵੇਗਾ।

ਡਾ. ਗੁਰਨਾਮ ਕੌਰ ਨੇ ਵੀ ਆਪਣੀ ਲਿਖਤ ਵਿਚ ਪੰਜਾਬ ਨਾਲ ਵਾਪਰੀ ਭੂਗੋਲਿਕ ਤ੍ਰਾਸਦੀ ਅਤੇ ਮੌਜੂਦਾ ‘ਸੂਬੀ’ ਵਾਲੀ ਸਥਿਤੀ ਤੇ ਫਿਰ ਸੂਬੀ ਵਿਚ ਵਸੇਬਾ ਕਰਨ ਵਾਲੇ ਪੰਜਾਬੀਆਂ ਵੱਲੋਂ ਹੰਢਾਈਆਂ ਜਾ ਰਹੀਆਂ ਬਹੁਪੱਖੀ ਦੁਸ਼ਵਾਰੀਆਂ ਦਾ ਬੜੀ ਤਰਸੇਵੇਂ ਵਾਲੀ ਹਾਲਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ ਪ੍ਰਤੀ ਦਰਦਮੰਦ ਅਮਰਜੀਤ ਸਿੰਘ ਗਰੇਵਾਲ ਵਲੋਂ ਪੰਜਾਬ ਦੇ ਪੁਨਰ ਜਾਗਰਣ ਲਈ ਸਭ ਤੋਂ ਅਹਿਮ ਵਿੱਦਿਅਕ ਪੁਨਰ ਜਾਗਰਣ ਬਾਰੇ ਲਿਖੀ ਲੇਖ ਲੜੀ ਰਾਹੀਂ ਦਿੱਤੇ ਸੁਝਾਵਾਂ ਨੂੰ ਵੀ ਰੇਖਾਂਕਿਤ ਕੀਤਾ ਹੈ।
ਡਾ. ਗੁਰਨਾਮ ਕੌਰ ਨੇ ਵੀ ਪੱਤਰਕਾਰ ਕਰਮਜੀਤ ਸਿੰਘ ਵਲੋਂ ‘ਪ੍ਰਚੰਡ ਜਜ਼ਬਿਆਂ’ ਵਾਲੇ ਆਪਣੇ ਲੇਖ ਬਾਰੇ ਉਠੇ ਪ੍ਰਤੀਕਰਮਾਂ ਦਾ ਉਤਰ ਦਿੱਤੇ ਬਿਨਾ ਹੀ ਪ੍ਰਭਸ਼ਰਨ-ਭਰਾਵਾਂ ਦੇ ਵਿਦਿਅਕ ਦਬਦਬੇ ਅਤੇ ਖਾੜਕੂ ਲਹਿਰ ਪ੍ਰਤੀ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਿਰਮੌਰ ਸਥਾਪਿਤ ਕਰਦਾ ਲੇਖ ਲਿਖਣਾ ਹੀ ਹਾਂ ਪੱਖੀ ਮੰਨਿਆ। ਉਨ੍ਹਾਂ ਨੇ ਸਿੱਖ ਚਿੰਤਕ ਪ੍ਰੀਤਮ ਸਿੰਘ ਕੁਮੇਦਾਨ ਵਲੋਂ ਉਠਾਏ ਤਕਨੀਕੀ ਸਵਾਲਾਂ ਦਾ ਖਾਲਿਸਤਾਨੀ ਕਰਤਿਆਂ ਵਲੋਂ ਉਤਰ ਨਾ ਦੇਣ ‘ਤੇ ਵੀ ਸਵਾਲ ਉਠਾਇਆ ਹੈ।
ਗੁਰੂ ਨਾਨਕ ਸਾਹਿਬ ਨੇ ਕਿਤੇ ਵੀ ਆਪਣੇ ਹੀ ਵਿਚਾਰਾਂ ਨੂੰ ਅੰਤਿਮ ਹੱਲ ਨਹੀਂ ਦੱਸਿਆ, ਨਾ ਹੀ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਕਿਸੇ ‘ਤੇ ਥੋਪਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਹਮੇਸ਼ਾ ਸੱਚ ਦੀ ਗੱਲ ਕੀਤੀ। ਇਹ ਸਚਿਆਰੀਆਂ ਗੱਲਾਂ ਅਤੇ ਗੁਰੂ ਨਾਨਕ ਦੀ ਨਿਰਭੈਅਤਾ ਨੇ ਵੱਡੀ ਗਿਣਤੀ ਵਿਚ ਉਸ ਵਕਤ ਦੇ ਸੁਜੱਗ ਦਿਮਾਗ ਲੋਕਾਂ ਨੂੰ ਧੂਰ ਅੰਦਰੋਂ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਲੋਕਾਂ ਨੇ ਇਨ੍ਹਾਂ ਸਚਿਆਈਆਂ ਨੂੰ ਆਪਣੇ ਜੀਵਨ ਦਾ ਮਾਰਗ ਬਣਾਇਆ ਤੇ ਇੰਜ ਉਹ ਗੁਰੂ ਨਾਨਕ ਦੇ ਪੱਕੇ ਸ਼ਿਸ਼ ਬਣ ਗਏ ਤੇ ਅਲੋਕਾਰੀ ‘ਸਿੱਖ ਪੰਥ’ ਸਾਜ ਲਿਆ। ਸਾਨੂੰ ਇਹ ਗੱਲ ਹਮੇਸ਼ਾ ਆਪਣੇ ਦਿਮਾਗ ਵਿਚ ਰੱਖਣੀ ਚਾਹੀਦੀ ਹੈ ਕਿ ‘ਸੱਚ ਕੀ ਬੇਲਾ’ ਲਈ ਗੁਰੂ ਨਾਨਕ ਸਾਹਿਬ ਨੇ ਨਿਰਭਉ ਹੋ ਕੇ ਆਪਣੇ ਵੇਲੇ ਦੇ ਸ਼ਕਤੀਸ਼ਾਲੀ ਹਿੰਦੂ ਅਤੇ ਇਸਲਾਮ ਧਰਮਾਂ ਦੀਆਂ ਮਾਨਵਤਾ-ਵਿਰੋਧੀ ਨੀਤੀਆਂ ਦਾ ਵਿਰੋਧ ਕੀਤਾ, ਪਰ ਆਪਣੇ ਵਿਚਾਰਾਂ ਨੂੰ ਕਦੇ ਵੀ ‘ਅਕਾਸ਼ਵਾਣੀ’ ਵਜੋਂ ਨਹੀਂ ਪ੍ਰਚਾਰਿਆ; ਪਰ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਦੇ ਸਹਿਜ ਸੁਭਾਅ ਉਚਾਰੇ ਬੋਲਾਂ ਨੂੰ ਧੂਰ ਕੀ ਬਾਣੀ ਵਾਂਗ ਸਵੀਕਾਰੀਆਂ ਤੇ ਸਤਿਕਾਰਿਆ।
ਗੁਰੂ ਨਾਨਕ ਸਾਹਿਬ ਵੱਲੋਂ ਦਰਸਾਏ ਸੱਚ ਦੇ ਮਾਰਗ ‘ਤੇ ਚੱਲਦਿਆਂ “ਮਨਿ ਜੀਤੈ ਜਗੁ ਜੀਤੁ” ਫਲਸਫੇ ਦੀ ਲੋਅ ਵਿਚ ਸਿੱਖ ਚਾਹੁਣ ਤਾਂ ਸੰਸਾਰ ਜੇਤੂ ਬਣ ਸਕਦੇ ਹਨ? ਸ਼ਾਇਦ ਗੁਰੂ ਨਾਨਕ ਸਾਹਿਬ ਦੇ ਅੰਤਰ ਮਨ ਅੰਦਰ ਕੋਈ ਅਜਿਹੀ ਹੀ ਸੋਚ ਵਿਚਾਰ ਹੋਵੇ, ਜਿਸ ਕਰਕੇ ਉਨ੍ਹਾਂ ਨੇ ਆਪਣੀ ਸਰੀਰਕ ਸਮਰੱਥਾ ਅਤੇ ਉਮਰ ਨੂੰ ਧਿਆਨ ਵਿਚ ਰੱਖਦਿਆਂ ਵੱਧ ਤੋਂ ਵੱਧ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਹਰ ਥਾਂ ਉਥੋਂ ਦੇ ਮੂਲ ਨਿਵਾਸੀਆਂ ਨੂੰ ਪ੍ਰਭਾਵਿਤ ਕੀਤਾ ਤੇ ਸ਼ਿਸ਼ ਬਣਾਏ, ਜਿਸ ਦੇ ਪ੍ਰਮਾਣ ਸਿੱਖਾਂ ਸਾਹਮਣੇ ਪ੍ਰਤੱਖ ਹਨ। ਪਰ ਕੀ ਸਿੱਖਾਂ ਨੇ ਕਦੇ ਇਸ ਬਾਰੇ ਵੀ ਵਿਚਾਰਿਆ ਹੈ ਕਿ ਸਾਡੇ ਇਸ਼ਟ ਨੇ ਹਜਾਰਾਂ ਮੀਲਾਂ ਦਾ ਸਫਰ ਕਰਕੇ ਅਨਗਿਣਤ ਦੇਸ਼ਾਂ ਦੀਆਂ ਯਾਤਰਾਵਾਂ ਕਿਉਂ ਕੀਤੀਆਂ? ਜੇ ਸਿੱਖ ਧਰਮ ਨੇ ਪੁਰਾਤਨ ਹਿੰਦੁਸਤਾਨ ਦੀ ਹੱਦ ਅੰਦਰ ਹੀ ਸੀਮਤ ਰਹਿਣਾ ਸੀ ਤਾਂ ਗੁਰੂ ਨਾਨਕ ਸਾਹਿਬ ਨੇ ਸਰੀਰਕ ਯਾਤਨਾਵਾਂ ਸਹਿੰਦਿਆਂ ਹਜ਼ਾਰਾਂ ਮੀਲਾਂ ਦੀਆਂ ਦੁਰਗਮ ਯਾਤਰਾਵਾਂ ਕਿਉਂ ਕੀਤੀਆਂ? ਕਿਉਂ ਹਰ ਉਸ ਦੇਸ਼ ਵਿਚ ਗੁਰੂ ਨਾਨਕ ਦੇ ਚਾਹੁਨ ਵਾਲੇ ਹਨ? ਸਿੱਖਾਂ ਨੇ ਗੁਰੂ ਨਾਨਕ ਦੇ ਧਰਮ ਨਾਲ ਕੀ ਨਿਆਂ ਕੀਤਾ ਹੈ?
ਜੇ ਇਜ਼ਰਾਈਲ ਵਿਚ ਜੰਮਿਆ ਇਸਾਈ ਧਰਮ ਹਜਾਰਾਂ ਮੀਲ ਦੂਰ ਭਾਰਤ ਦੇ ਬੀਆਬਾਨ ਜੰਗਲੀ ਇਲਾਕਿਆਂ ਵਿਚ ਆਦਿਵਾਸੀਆਂ ਵਲੋਂ ਅਪਨਾਇਆ ਜਾ ਸਕਦਾ ਹੈ, ਪਰ ਸਿੱਖ ਧਰਮ ਕੁਝ ਸੌ ਮੀਲ ਦੀ ਯਾਤਰਾ ਕਰਕੇ ਉਨ੍ਹਾਂ ਤੱਕ ਕਿਉਂ ਨਹੀਂ ਪੁੱਜਿਆ? ਇਹ ਸਵਾਲ ਹਰ ਸਿੱਖ ਤੋਂ ਜਵਾਬ ਮੰਗਦਾ ਹੈ, ਪਰ ਸਿੱਖੀ ‘ਤੇ ਕਾਬਜ ਮੌਜੂਦਾ ਨਿਜ਼ਾਮ ਨੇ ਆਮ ਸਿੱਖ ਨੂੰ ਮਾਨਸਿਕ ਤੌਰ ‘ਤੇ ਇਸ ਪੱਧਰ ਤੱਕ ਸੋਚਣ ਦੇ ਕਾਬਲ ਛੱਡਿਆ ਹੀ ਨਹੀਂ?
ਹਰ ਸੁਜੱਗ ਸਿੱਖ ਨੂੰ ਸਿੱਖ ਹੋਣ ਦੇ ਨਾਤੇ ਆਪਣੇ ਆਪ ਨੂੰ ਹਰ ਉਸ ਅਸਫਲਤਾ ਤੇ ਅਸਫਲਤਾਵਾਂ ਦਾ ਹਿੱਸੇਦਾਰ ਮੰਨਣਾ ਚਾਹੀਦਾ ਹੈ, ਜਿਸ ਕਾਰਨ ਜਗਤ ਗੁਰੂ ਨਾਨਕ ਦਾ ਸਿੱਖ ਧਰਮ ਪਹਿਲਾਂ ਹਿੰਦੁਸਤਾਨ ਅੰਦਰ ਸਿਮਟਿਆ, ਫਿਰ ਪੰਜਾਬ ਵਿਚ ਸੀਮਤ ਰਹਿ ਗਿਆ ਤੇ ਮੌਜੂਦਾ ਦੌਰ ਵਿਚ ਗੁਰੂ ਨਾਨਕ ਦਾ ‘ਅਲੋਕਾਰੀ ਸਿੱਖ ਧਰਮ’ ਹੋਂਦ ਦੀ ਸ਼ਾਇਦ ਆਖਰੀ ਲੜਾਈ ਲੜ ਰਿਹਾ ਹੈ? ਰੋਜ਼ਾਨਾ ਸਿੱਖ ਧਰਮ ‘ਤੇ ਹਮਲਿਆਂ ਦੀਆਂ ਹੀ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜੋ ਹਰ ਸੁਜੱਗ ਸਿੱਖ ਨੂੰ ਟੁੰਬਦੀਆਂ ਹਨ; ਪਰ ਇਹ ਸ਼ਰਮਨਾਕ ਹੈ ਜਾਂ ਮਹਾਬੇਸ਼ਰਮਨਾਕ ਹੈ-ਅੱਜ ਹਰ ਸਿੱਖ ਸਿਰਫ ਆਪਣੇ ਆਪ ਨੂੰ ਅਤੇ ਆਪਣੇ ਜਿਹਿਆਂ ਨੂੰ ਹੀ ਸਿੱਖ ਮੰਨਦਾ ਹੈ ਤੇ ਸਿੱਖੀ ਦਾ ਅਲੰਬਰਦਾਰ ਕਹਾਉਂਦਾ ਹੈ, ਭਾਵੇਂ ਉਨ੍ਹਾਂ ਦੀਆਂ ਇਨ੍ਹਾਂ ਜਿਦਾਂ ਤੇ ਜ਼ਿਦਬਾਜ਼ੀਆਂ ਕਾਰਨ ਕੋਈ ਵੀ ਸਿੱਖ ਬਚੇ ਹੀ ਨਾ? ਇਸ ਦੀ ਕਿਸੇ ਵੀ ਧਿਰ ਨੂੰ ਪਰਵਾਹ ਨਹੀਂ। ਹਾਂ, ਜੇ ਸਿੱਖ ਹੀ ਨਾ ਬਚਿਆ ਤਾਂ ਸਿੱਖ ਧਰਮ ਬਾਰੇ ਕੁਝ ਵੀ ਕਹਿਣ ਦੀ ਲੋੜ ਨਹੀਂ? ਬਚਣਗੇ ਤਾਂ ਇਹ ਅਖੌਤੀ ਪ੍ਰਚੰਡ ਪ੍ਰਗਤੀਵਾਦੀ, ਸੰਘਰਸ਼ਵਾਦੀ ਲੋਕ, ਜਿਨ੍ਹਾਂ ਨੂੰ ਸ਼ਾਇਦ ਕੁਝ ਵੱਡੇ-ਵੱਡੇ ਇਨਾਮ, ਵੱਡੇ-ਵੱਡੇ ਰੁਤਬੇ ਜਰੂਰ ਮਿਲ ਜਾਣਗੇ ਜਾਂ ਵੱਡੀਆਂ-ਵੱਡੀਆਂ ਜਾਇਦਾਦਾਂ ਜਰੂਰ ਪ੍ਰਾਪਤ ਕਰ ਲੈਣਗੇ? ਆਮ ਸਿੱਖ ਦਾ ਤਾਂ ਵਾਹਿਗੁਰੂ ਆਪ ਯਾਨਿ ਗੁਰੂ ਨਾਨਕ ਹੀ ਰਾਖਾ ਹੈ!