ਰੂਸ ਦੀ ਯਮਲੀ ਜੱਟੀ ਕ੍ਰਿਸਤੀਨਾ ਅਖੀਵਾ

ਫਿਲਮ ‘ਯਮਲਾ ਪਗਲਾ ਦੀਵਾਨਾ 2’ ਕ੍ਰਿਸਤੀਨਾ ਅਖੀਵਾ ਦੀ ਪਲੇਠੀ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ ਉਸ ਨੇ ਤੈਲਗੂ ਫਿਲਮ ‘ਬਾਦਸ਼ਾਹ’ ਵਿਚ ਆਈਟਮ ਗੀਤ ‘ਤੇ ਨਾਚ ਕੀਤਾ ਸੀ। ਪਹਿਲੀ ਨਵੰਬਰ 1986 ਨੂੰ ਖਬਾਰੋਵਸਕ (ਰੂਸ) ਵਿਚ ਜਨਮੀ ਅਖੀਵਾ ਦੀ ਮਾਂ ਰੂਸੀ ਹੈ ਅਤੇ ਪਿਤਾ ਤਾਜਿਕਸਤਾਨੀ। ਅਖੀਵਾ ਉਦੋਂ 7 ਕੁ ਸਾਲ ਦੀ ਸੀ ਜਦੋਂ ਸਾਰਾ ਟੱਬਰ ਆਸਟਰੇਲੀਆ ਚਲਿਆ ਗਿਆ। ਫਿਰ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਵਿਚ ਉਸ ਨੇ ਐਕਟਿੰਗ ਦੀ ਟ੍ਰੇਨਿੰਗ ਲਈ ਤੇ ਫਿਰ ਸਫਲ ਮਾਡਲ ਹੋ ਨਿਬੜੀ। ਇਸ਼ਤਿਹਾਰਾਂ ਦੀ ਦੁਨੀਆਂ ਵਿਚ ਉਸ ਦੇ ਸੋਹਣੇ ਸੁਨੱਖੇ ਚਿਹਰੇ ਦਾ ਬਹੁਤ ਮੁੱਲ ਪਿਆ। ਉਸ ਨੂੰ ਮਿਲੇ ਇਸ਼ਤਿਹਾਰਾਂ ਵਿਚ ਮੁੱਖ ਰੂਪ ਵਿਚ ਉਸ ਦੇ ਚਿਹਰੇ ਨੂੰ ਹੀ ਦਿਖਾਇਆ ਜਾਂਦਾ ਹੈ। ਫਿਲਮ ‘ਯਮਲਾ ਪਗਲਾ ਦੀਵਾਨਾ 2’ ਵਿਚ ਉਸ ਨੇ ਉਸ ਪੰਜਾਬਣ ਦਾ ਕਿਰਦਾਰ ਨਿਭਾਇਆ ਹੈ, ਜਿਹੜੀ ਵਿਦੇਸ਼ ਵਸਦੀ ਹੈ। ਇਸ ਫਿਲਮ ਵਿਚ ਧਰਮਿੰਦਰ, ਸਨੀ ਦਿਓਲ ਅਤੇ ਬੌਬੀ ਦਿਓਲ ਦੇ ਮੁੱਖ ਰੋਲ ਹਨ। ਆਪਣੀ ਪਹਿਲੀ ਫਿਲਮ ‘ਯਮਲਾ ਪਗਲਾ ਦੀਵਾਨਾ’ ਵਿਚ ਇਨ੍ਹਾਂ ਪਿਉ-ਪੁੱਤਰਾਂ ਨੇ ਟੈਲੀਵਿਜ਼ਨ ਅਦਾਕਾਰਾ ਕੁਲਰਾਜ ਰੰਧਾਵਾ ਨੂੰ ਹਿੰਦੀ ਫਿਲਮਾਂ ਵਿਚ ਮੌਕਾ ਦਿੱਤਾ ਸੀ ਅਤੇ ਹੁਣ ਇਸ ਨਵੀਂ ਫਿਲਮ ਵਿਚ ਕ੍ਰਿਸਤੀਨਾ ਅਖੀਵਾ ਨੂੰ ਮੌਕਾ ਮਿਲ ਰਿਹਾ ਹੈ। ਕ੍ਰਿਸਤੀਨਾ ਅਖੀਵਾ ਉਨ੍ਹਾਂ ਕੁਝ ਕੁ ਮਾਡਲਾਂ ਵਿਚੋਂ ਇਕ ਬਣ ਗਈ ਹੈ ਜਿਨ੍ਹਾਂ ਨੇ ਫਿਲਮਾਂ ਨੂੰ ਆਪਣਾ ਕਰੀਅਰ ਬਣਾਇਆ। ਇਸ ਫਿਲਮ ਵਿਚ ਕੰਮ ਕਰ ਕੇ ਅਖੀਵਾ ਬਹੁਤ ਖੁਸ਼ ਹੈ। ਧਰਮਿੰਦਰ ਦੀਆਂ ਤਾਂ ਉਹ ਸਿਫਤਾਂ ਕਰਦੀ ਨਹੀਂ ਥੱਕਦੀ।
___________________________
ਜਾਹ ਨੀ ਜਾਹ ਜੀਆæææ
ਪੱਚੀ ਵਰ੍ਹਿਆਂ ਦੀ ਮੁਟਿਆਰ ਜੀਆ ਖਾਨ ਦਾ ਜੀਵਨ-ਸਫਰ ਅੱਧ ਵਿਚਾਲੇ ਟੁੱਕਿਆ ਗਿਆ। ਇਸ ਛੋਟੀ ਜਿਹੀ ਉਮਰ ਵਿਚ ਉਹ ਬਹੁਤ ਤੇਜ ਦੌੜੀ ਸੀ। 20 ਫਰਵਰੀ 1988 ਨੂੰ ਅਮਰੀਕਾ ਵਿਚ ਜਨਮ ਲੈਣ ਵਾਲੀ ਇਹ ਕੁੜੀ ਵਲਾਇਤ ਵਿਚ ਵੱਡੀ ਹੋਈ। ਛੇ ਵਰ੍ਹਿਆਂ ਦੀ ਸੀ ਜਦੋਂ ਰਾਮ ਗੋਪਾਲ ਵਰਮਾ ਦੀ ਫਿਲਮ ‘ਰੰਗੀਲੇ’ ਦੇਖੀ। ਇਸ ਫਿਲਮ ਵਿਚ ਉਰਮਿਲਾ ਮਤੋਂਡਕਰ ਨੂੰ ਦੇਖ ਕੇ ਉਸ ਦੇ ਦਿਲ ਵਿਚ ਬਾਲੀਵੁੱਡ ਦੀ ਹੀਰੋਇਨ ਬਣਨ ਦਾ ਚਾਅ ਉਮੜਿਆ। ਫਿਲਮ ‘ਦਿਲ ਸੇ’ ਨਾਲ ਉਸ ਦਾ ਫਿਲਮਾਂ ਵਿਚ ਆਉਣ ਦਾ ਇਹ ਚਾਅ ਪੂਰਾ ਹੋਇਆ। ਇਸ ਫਿਲਮ ਵਿਚ ਉਸ ਨੇ ਬਾਲ ਕਲਾਕਾਰ ਦਾ ਕਿਰਦਾਰ ਨਿਭਾਇਆ ਸੀ। ਉਸ ਨੂੰ ਫਿਲਮ ਦੀ ਹੀਰੋਇਨ ਮਨੀਸ਼ਾ ਕੋਇਰਾਲਾ ਦੇ ਬਚਪਨ ਵਾਲਾ ਰੋਲ ਮਿਲਿਆ। ਫਿਰ ਜਦੋਂ ਉਸ ਨੂੰ ਫਿਲਮ ‘ਨਿਸ਼ਬਦ’ ਦੀ ਪੇਸ਼ਕਸ਼ ਹੋਈ, ਉਹ ਚਾਅ ਨਾਲ ਬਾਵਰੀ ਹੋ ਗਈ। ਉਦੋਂ ਉਹ ਨਿਊ ਯਾਰਕ ਦੀ ਲੀ ਸਟਰਾਸਬਰਗ ਥਿਏਟਰ ਅਤੇ ਫਿਲਮ ਇੰਸਟੀਚਿਊਟ ਵਿਚ ਐਕਟਿੰਗ ਦੇ ਗੁਰ ਸਿੱਖ ਰਹੀ ਸੀ। ਇਸ ਫਿਲਮ ਲਈ ਉਸ ਨੇ ਇਹ ਸਿਖਲਾਈ ਵਿਚਾਲੇ ਛੱਡ ਦਿੱਤੀ ਅਤੇ ਮੁੰਬਈ ਆ ਗਈ। ਇਹ ਫਿਲਮ 2007 ਵਿਚ ਰਿਲੀਜ਼ ਹੋਈ ਅਤੇ ਇਸ ਫਿਲਮ ਦੇ ਨਾਲ ਹੀ ਉਸ ਨੇ ਆਪਣਾ ਪਹਿਲਾ ਨਾਂ ਨਫੀਸਾ ਖਾਨ ਤੋਂ ਬਦਲ ਕੇ ਜੀਆ ਖਾਨ ਰੱਖ ਲਿਆ। ਇਸ ਫਿਲਮ ਦਾ ਹੀਰੋ ਅਮਿਤਾਭ ਬੱਚਨ ਸੀ। ਉਂਜ 2012 ਵਿਚ ਉਸ ਨੇ ਆਪਣਾ ਨਾਂ ਫਿਰ ਤੋਂ ਨਫੀਸਾ ਖਾਨ ਰੱਖ ਲਿਆ। 2008 ਵਿਚ ਉਹ ਫਿਲਮ ‘ਗਜਨੀ’ ਵਿਚ ਨਜ਼ਰ ਆਈ ਅਤੇ 2010 ਵਿਚ ਉਸ ਦੀ ਫਿਲਮ ‘ਹਾਊਸਫੁੱਲ’ ਰਿਲੀਜ਼ ਹੋਈ ਪਰ ਉਸ ਦਾ ਫਿਲਮੀ ਕਰੀਅਰ ਲੀਹੇ ਨਾ ਪੈ ਸਕਿਆ। ਦੂਜੇ ਉਸ ਦਾ ਆਪਣੇ ਦੋਸਤ ਮੁੰਡੇ ਸੂਰਜ ਪੰਚੋਲੀ ਨਾਲ ਵੀ ਤਣਾਅ ਚੱਲ ਰਿਹਾ ਸੀ। ਹੁਣ ਉਸ ਦੇ ਘਰੋਂ 6 ਸਫਿਆਂ ਦਾ ਇਕ ਖਤ ਮਿਲਿਆ ਹੈ ਜਿਹੜਾ ਸੂਰਜ ਨੂੰ ਦਿੱਤੇ ਤਾਅਨੇ-ਮਿਹਣਿਆਂ ਨਾਲ ਭਰਿਆ ਪਿਆ ਹੈ। ਫਿਲਮੀ ਕਲਾਕਾਰਾਂ ਨੇ ਇਸ ਕੁੜੀ ਦੀ ਮੌਤ ‘ਤੇ ਡਾਢਾ ਦੁੱਖ ਜ਼ਾਹਿਰ ਕੀਤਾ ਹੈ। ਉਸ ਨਾਲ ਫਿਲਮ ਕਰਨ ਵਾਲੇ ਅਮਿਤਾਭ ਨੇ ਕਿਹਾ ਹੈ ਕਿ ਉਸ ਨੂੰ ਇਉਂ ਦਿਲ ਨਹੀਂ ਸੀ ਛੱਡਣਾ ਚਾਹੀਦਾ। ਅਸਲ ਵਿਚ ਉਹ ਕੁਝ ਵਧੇਰੇ ਹੀ ਭਿਅੰਕਰ ਪਲ ਹੁੰਦੇ ਹਨ, ਜਦੋਂ ਬੰਦਾ ਖੁਦਕੁਸ਼ੀ ਬਾਰੇ ਸੋਚ ਲੈਂਦਾ ਹੈ। ਗੁਰੂਦੱਤ ਵਰਗਾ ਅਦਾਕਾਰ ਅਤੇ ਨਿਰਦੇਸ਼ਕ ਵੀ ਇਸੇ ਰਾਹ ਚਲਾ ਗਿਆ ਸੀ।

Be the first to comment

Leave a Reply

Your email address will not be published.