ਨੂਰਾਂ ਅਜੇ ਮਰੀ ਨਹੀਂ

ਉੱਘੇ ਲੇਖਕ ਕਰਮ ਮਾਨ ਦੀ ਇਹ ਰਚਨਾ ‘ਨੂਰਾਂ ਅਜੇ ਮਰੀ ਨਹੀਂ’ ਸੰਤਾਲੀ ਦੀ ਵੱਢ-ਟੁੱਕ ਦੇ ਪਿਛੋਕੜ ਨਾਲ ਜੁੜੀ ਹੋਈ ਹੈ। ਉਸ ਵਕਤ ਆਮ ਲੋਕਾਂ ਉਤੇ ਅਤਿਅੰਤ ਜ਼ੁਲਮ ਹੋਏ, ਖਾਸ ਕਰ ਕੇ ਔਰਤਾਂ ਦੀ ਬੇਵਸੀ ਹਰ ਕਿਸੇ ਨੂੰ ਬੇਵੱਸ ਕਰ ਜਾਂਦੀ। ਇਹ ਉਹ ਕਹਾਣੀਆਂ ਹਨ, ਜਦ ਵੀ ਸੁਣੋ ਜਾਂ ਪੜ੍ਹੋ, ਅੱਖਾਂ ਨਮ ਹੋ ਜਾਂਦੀਆਂ ਹਨ।

-ਸੰਪਾਦਕ

ਕਰਮ ਮਾਨ

ਪਿੰਡ ਗਹਿਲ ਪੁਰਾਣਾ ਇਤਿਹਾਸਕ ਪਿੰਡ ਹੈ। ਇਸ ਦੀ ਖੱਬੀ ਵੱਖੀ ਨਾਲ ਦੀ ਖਹਿ ਕੇ ਸਰਹੰਦ ਨਹਿਰ ਦੀ ਬਠਿੰਡਾ ਬ੍ਰਾਂਚ ਲੰਘਦੀ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਮਹਿਰਾਜ ਨੂੰ ਜਾਂਦੇ ਸਮੇਂ ਇਕ ਰਾਤ ਇੱਥੇ ਠਹਿਰੇ ਸਨ। ਸਿੱਖਾਂ ਦੇ ਵਡੇ ਘੱਲੂਘਾਰੇ ਦੀ ਅੰਤਮ ਭਿਆਨਕ ਲੜਾਈ ਇਸ ਪਿੰਡ ਦੀ ਵੱਡੀ ਢਾਬ ‘ਰਾਮਸਰ’ ‘ਤੇ ਹੋਈ। ਕੁੱਪ ਰਹੀੜਾ (ਮਲੇਰਕੋਟਲਾ) ਤੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਸਿੰਘ ‘ਰਾਮਸਰ’ ਝੀਲ ‘ਤੇ ਪਹੁੰਚੇ ਸਨ। ਇਸ ਅੰਤਮ ਭਿਆਨਕ ਲੜਾਈ ਵਿਚ ਦੋਵੇਂ ਪਾਸਿਆਂ ਦਾ ਇੰਨਾ ਖੂਨ ਵਹਿਆ, ਜਦੋਂ ਲੜਾਕੇ ਪੀਣ ਲਈ ਪਾਣੀ ਦਾ ਬੁੱਕ ਭਰਦੇ, ਪਾਣੀ ਵਿਚ ਘੁਲੀ ਲਹੂ ਤੇ ਮਿੱਝ ਹੁੰਦੀ। ਇਸ ਵਿਚ ਤੀਹ ਹਜ਼ਾਰ ਦੇ ਲਗਭਗ ਸਿੱਖ ਮਾਰੇ ਗਏ ਸਨ। ਫਰਵਰੀ ਦੇ ਮਹੀਨੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਤਿੰਨ ਦਿਨ ਦਾ ਵੱਡਾ ਜੋੜ ਮੇਲਾ ਲੱਗਦਾ ਹੈ।
ਛੇਵੇਂ ਗੁਰੂ ਦੇ ਅਨਿੰਨ ਸ਼ਰਧਾਲੂ ਭਾਈ ਭਗਤੂ ਦਾ ਸਥਾਨ ਵੀ ਹੈ ਜਿਹੜਾ ਹੁਣ ਧਾਰਮਿਕ, ਸਮਾਜਿਕ ਤੇ ਰਾਜਨੀਤਕ ਗਤੀਵਿਧੀਆਂ ਦਾ ਵੱਡਾ ਕੇਂਦਰ ਬਣ ਗਿਆ ਹੈ। ਇਸ ਪਿੰਡ ਵਿਚ ‘ਉਦਾਸੀ’, ‘ਨਿਰਮਲੇ’ ਅਤੇ ‘ਵੈਰਾਗੀ’ ਸੰਪ੍ਰਦਾਵਾਂ ਦੇ ਡੇਰੇ ਵੀ ਹਨ। ਇਸ ਵਿਚੋਂ ਸਭ ਤੋਂ ਪ੍ਰਮੁੱਖ ਹੈ-‘ਉਦਾਸੀ’ ਸੰਤ ਬੀਰਮ ਦਾਸ ਦਾ ਡੇਰਾ। ‘ਉਦਾਸੀ’ ਸੰਪਰਦਾ ਦਾ ਇਹ ਡੇਰਾ ਇਕ ਪ੍ਰਕਾਰ ਦੀ ਵਿਦਿਅਕ ਅਕੈਡਮੀ ਸੀ ਜਿਸ ਵਿਚ ਪੰਜਾਬੀ, ਗੁਰਬਾਣੀ ਤੇ ਪ੍ਰਾਚੀਨ ਧਾਰਮਿਕ ਗ੍ਰੰਥਾਂ ਦੀ ਵਿਦਿਆ ਦਿੱਤੀ ਜਾਂਦੀ ਸੀ। ਇਹ ਦੇਸ਼-ਭਗਤਾਂ ਦੀ ਪਨਾਹ ਵੀ ਸੀ। ਇਸ ਪਿੰਡ ਨੇ ‘ਕੂਕਾ ਲਹਿਰ’, ‘ਗਦਰੀ ਬਾਬੇ’, ‘ਅਕਾਲੀ ਲਹਿਰ’ ‘ਬਬਰ ਅਕਾਲੀ ਲਹਿਰ’ ਅਤੇ ਦੇਸ਼ ਦੀ ਆਜ਼ਾਦੀ ਤੇ ਹੋਰ ਲਹਿਰਾਂ ਵਿਚ ਵੀ ਭਰਪੂਰ ਯੋਗਦਾਨ ਪਾਇਆ ਹੈ।
ਪਰ ਉਪਰੋਕਤ ਤੋਂ ਉਪਰੰਤ ਪਿੰਡ ਦਾ ਸਿਰਜਿਆ ਵੱਖਰਾ ਇਤਿਹਾਸ ਵੀ ਹੈ ਜੋ ਮੇਰੇ ਪਿੰਡ ਦੀ ਕਮਜ਼ੋਰ ਤੇ ਡਰਪੋਕ ਮਾਨਸਿਕਤਾ ਨੂੰ ਪ੍ਰਗਟਾਉਂਦਾ ਹੈ। 1947 ਈਸਵੀ ਵਿਚ ਦੇਸ਼ ਦੀ ਵੰਡ ਸਮੇਂ ਪਿੰਡ ਦੀ ਅਣਖ ਤੇ ਗੈਰਤ ਨਾ ਜਾਗੀ, ਜਦੋਂ ਪਿੰਡ ਤੋਂ ਇਕ ਮੀਲ ਦੂਰ ਨਹਿਰੀ ਕੋਠੇ ਨੇੜੇ ਨਿਹੱਥੇ ਬੇਵਸ ਗਰੀਬ ਮੁਸਲਮਾਨ ਲੋਕਾਂ ਦੇ ਇਕੱਠੇ ਕੀਤੇ ਕਾਫਲੇ ਨੂੰ ਲੁੱਟ-ਖੋਹ ਕੇ ਬੜੀ ਦਰਿੰਦਗੀ ਤੇ ਬੇਰਹਿਮੀ ਨਾਲ ਵੱਢ-ਟੁੱਕ ਕੇ ਨਹਿਰ ਵਿਚ ਸੁੱਟ ਦਿੱਤਾ ਸੀ। ਕੁਝ ਗਰੀਬ ਨੌਜਵਾਨ ਕੁੜੀਆਂ ਅਤੇ ਬਣਦੀਆਂ ਤਣਦੀਆਂ ਨੌਜਵਾਨ ਔਰਤਾਂ ਨੂੰ ਲੁਟੇਰੇ ਚੁੱਕ ਕੇ ਲੈ ਗਏ। ਬਹੁਤ ਸਾਰੀਆਂ ਕੁੜੀਆਂ ਆਪਣੀ ਇੱਜ਼ਤ ਬਚਾਉਣ ਖਾਤਰ ਨਹਿਰ ਦੇ ਡੋਬੂ ਪਾਣੀ ਵਿਚ ਡੁੱਬ ਮੋਈਆਂ ਸਨ। ਨੌਜਵਾਨਾਂ ਦੇ ਡੱਕਰੇ ਕਰ ਕੇ ਆਹੂ ਲਾਹ ਦਿੱਤੇ। ਨੌਜਵਾਨਾਂ ‘ਤੇ ਤਾਂ ਕਿਸੇ ਨੇ ਰਹਿਮ ਕੀ ਕਰਨਾ ਸੀ, ਮਾਸੂਮ ਬੱਚੇ ਵੀ ਉਨ੍ਹਾਂ ਦੇ ਨੇਜ਼ਿਆਂ ਦੀਆਂ ਨੋਕਾਂ ਦੇ ਸ਼ਿਕਾਰ ਹੋ ਗਏ ਸਨ। ਨੇੜਲੇ ਪਿੰਡ ਦੇ ਲੁਟੇਰੇ ਜੱਥੇ ਦੇ ਜੱਥੇਦਾਰਾਂ ਨੇ ਆਸੇ-ਪਾਸੇ ਦੇ ਪਿੰਡਾਂ ਤੋਂ ਮੁਸਲਮਾਨਾਂ ਨੂੰ ਇਹ ਕਹਿ ਕੇ ਇਕੱਠੇ ਕਰ ਲਿਆ ਸੀ ਕਿ ਉਹ ਉਨ੍ਹਾਂ ਨੂੰ ਮਲੇਰਕੋਟਲੇ ਦੀ ਰਿਆਸਤ ਦੀ ਹੱਦ ਵਿਚ ਸਹੀ ਸਲਾਮਤ ਛੱਡ ਆਉਣਗੇ। ਮਲੇਰਕੋਟਲੇ ਦੇ ਨਵਾਬ ਨੇ ਛੋਟੇ ਸ਼ਹਿਬਜਾਦਿਆਂ ਨੂੰ ਨੀਂਹਾਂ ਵਿਚ ਚਿਣਨ ਸਮੇਂ ਇਸ ਜ਼ੁਲਮ ਵਿਰੁਧ ਰੋਸ ਪ੍ਰਗਟ ਕੀਤਾ ਸੀ ਪਰ ਕੁਝ ਵਿਅਕਤੀਆਂ ਦੇ ਸਾਹਸ ਭਰੇ ਕਾਰਨਾਮੇ ਵੀ ਹਨ ਜੋ ਇਸ ਲੱਗੇ ਦਾਗ ਨੂੰ ਧੋਂਦੇ ਵੀ ਹਨ।
ਇਸ ਵੱਢ-ਟੁੱਕ ਵਿਚੋਂ ਤਿੰਨ ਮਾਸੂਮ ਬੱਚੇ-ਵੱਡੀਆਂ ਦੋ ਕੁੜੀਆਂ ਤੇ ਇਕ ਛੋਟਾ ਮੁੰਡਾ, ਪੰਜ ਤੋਂ ਗਿਆਰਾਂ ਸਾਲਾਂ ਵਿਚਕਾਰ ਉਮਰ ਦੇ-ਜ਼ਖਮੀ ਤੇ ਸਹਿਮ ਨਾਲ ਕੰਬਦੇ ਕਿਵੇਂ ਨਾ ਕਿਵੇਂ ਬਚ ਕੇ ਸੂਰਜ ਡੁੱਬਦੇ ਨਾਲ ਮਾਨਾਂ ਦੀ ਸੱਥ ਵਿਚਕਾਰ ਬੁੱਤ ਬਣੇ ਖੜ੍ਹੇ ਸਨ। ਇਨ੍ਹਾਂ ਬੱਚਿਆਂ ਦੇ ਜ਼ਖਮਾਂ ਵਿਚੋਂ ਰਿਸਦੇ ਖੂਨ ਦਾ ਚਸ਼ਮਦੀਦ ਗਵਾਹ ਮੈਂ ਹਾਂ।
ਸ਼ਾਮ ਦੇ ਘੁਸਮੁਸੇ ਵਿਚ ਮੈਂ ਵੀ ਆਪਣੇ ਪਿਤਾ ਜੀ ਦੀ ਉਂਗਲ ਫੜੀ ਸਹਿਮਿਆ ਖੜ੍ਹਾ ਸੀ। ਪਿੰਡ ਦੀ ਪੱਤੀ ਦਾ ਨੰਬਰਦਾਰ ਉਨ੍ਹਾਂ ਨੂੰ ਮਾਰ ਕੇ ਦੁਬਾਰਾ ਨਹਿਰ ‘ਚ ਸੁੱਟਣ ਲਈ ਉਥੇ ਖੜ੍ਹੇ ਲੋਕਾਂ ਨੂੰ ਭੜਕਾ ਰਿਹਾ ਸੀ। ਨਵਾਂ ਸਜਿਆ ਲੁਟੇਰਾ ਸਿੰਘ ਨੰਦ ਸਿੰਘ (ਫਰਜ਼ੀ ਨਾਉਂ) ਰੋਹਬ ਨਾਲ ਹੱਥ ਵਿਚ ਨੇਜ਼ਾ ਫੜੀ ਨੌਜਵਾਨ ਮੁੰਡੀਹਰ ਨੂੰ, ਧਾਰਮਿਕ ਜਨੂਨ ਦੀ ਜ਼ਹਿਰ ਦਾ ਟੀਕਾ ਲਾ ਰਿਹਾ ਸੀ। ਲੋਕ ਚੁੱਪ-ਚਾਪ ‘ਭੀਸ਼ਮ ਪਿਤਾਮਾ’ ਬਣੇ ਖੜ੍ਹੇ ਸਨ।
ਲੋਕ ਇਸ ਜ਼ੁਲਮ ਵਿਰੁਧ ਉਸ ਦੇ ਜਨੂਨੀ ਅਤੇ ਘਿਰਣਾ ਭਰੇ ਭਾਸ਼ਨ ਦਾ ਅਸਰ ਕਬੂਲ ਨਹੀਂ ਸਨ ਕਰ ਰਹੇ, ਪਰ ਉਹ ਡਰਦੇ ਸਨ ਕਿ ਇਹ ਨਵੇਂ ਬਣੇ ਲੁਟੇਰਿਆਂ ਦੇ ਟੋਲੇ ਉਨ੍ਹਾਂ ਦੇ ਘਰ-ਘਾਟ ਨੂੰ ਅੱਗ ਲਾ ਕੇ ਜਾਨੀ ਮਾਲੀ ਨੁਕਸਾਨ ਨਾ ਕਰ ਦੇਣ। ਕਈ ਪਿੰਡਾਂ ‘ਚ ਅਜਿਹੀਆਂ ਦੁਰਘਟਨਾਵਾਂ ਵਾਪਰ ਗਈਆਂ ਸਨ ਜਿਥੇ ਲੁਟੇਰਿਆਂ ਦੇ ਹਜੂਮ ਨੇ ਘਰਾਂ ਨੂੰ ਅੱਗ ਲਾ ਕੇ ਸਾੜ ਦਿੱਤਾ ਅਤੇ ਬਾਹਰ ਨਿਕਲਦੇ ਬੰਦਿਆਂ ਨੂੰ ਕੋਹ-ਕੋਹ ਕੇ ਮਾਰ ਦਿੱਤਾ ਸੀ। ਪਤਾ ਨਹੀਂ, ਮੇਰੇ ਪਿਤਾ ਜੀ ਵਿਚ ਕਿਥੋਂ ਦਲੇਰੀ ਆ ਗਈ। ਉਨ੍ਹਾਂ ਦੀ ਜ਼ਮੀਰ ਇਸ ਜ਼ੁਲਮ ਵਿਰੁਧ ਡਟ ਗਈ। ਉਨ੍ਹਾਂ ਨੇ ਤਾਂ ਕਦੇ ਕਿਸੇ ਨਾਲ ਉਚਾ ਬੋਲ ਕੇ ਨਹੀਂ ਸੀ ਵੀ ਵੇਖਿਆ। ਜੋ ਵਾਰਤਾਲਾਪ ਉਥੇ ਹੋਈ, ਉਸ ਦਾ ਥੋੜ੍ਹਾ ਜਿਹਾ ਸਾਰੰਸ਼ ਮੇਰੀ ਸਿਮ੍ਰਤੀ ਵਿਚ ਹੁਣ ਵੀ ਪਿਆ ਹੈ।
“ਗੁਰੂ ਜੀ ਦੇ ਛੋਟੇ ਲਾਲਾਂ ਦੇ ਕਾਤਲਾਂ ਦੇ ਟੋਟੇ ਕਰ ਕੇ ਨਹਿਰ ‘ਚ ਸੁੱਟ ਆਓ, ਜੁਆਨੋ! ਦੀਨ, ਧਰਮ ਦਾ ਕੰਮ ਕਰੋ?” ਨੰਦੂ ਗੜ੍ਹਕਿਆ। ਪਹਿਲਾਂ ਉਸ ਨੂੰ ਲੋਕ ਨੰਦੂ ਹੀ ਕਹਿੰਦੇ ਸਨ। ਨੰਦ ਸਿੰਘ ਤਾਂ ਉਹ ਨਵਾਂ ਸਿੰਘ ਸਜ ਕੇ ਹੀ ਬਣਿਆ ਸੀ।
“ਇਹ ਮਾਸੂਮ ਕਿਵੇਂ ਕਾਤਲ ਹੋਏ? ਭੋਰਾ ਤਾਂ ਤਰਸ ਕਰੋ? ਇਹ ਧਰਮ ਦਾ ਕੰਮ ਐ? ਬੱਚਿਆਂ ਦੀ ਜਾਨ ਲੈਣਾ। ਇਹ ਵੀ ਕਿਸੇ ਮਾਂ ਦੇ ਲਾਲ ਨੇ। ‘ਦਇਆ ਬਿਨ ਸਿੱਧ ਕਸਾਈਂ’?” ਬਾਪੂ ਬੜੀ ਹਲੀਮੀ ਨਾਲ ਬੋਲਿਆ।
“ਤਰਸ? ਟੌਂਡਿਆਂ ‘ਤੇ ਤਰਸ? ਇਨ੍ਹਾਂ ਝੂਠੀਆਂ ਕਸਮਾਂ ਖਾ ਕੇ ਆਨੰਦਪੁਰ ਦਾ ਕਿਲ੍ਹਾ ਖਾਲੀ ਕਰਾਇਆ। ਕਸਮਾਂ ਤੋੜ ਕੇ ਗੁਰੂ ਜੀ ‘ਤੇ ਧਾਵਾ ਕੀਤਾ।” ਨੰਦ ਸਿੰਘ ਦਹਾੜਿਆ।
“ਉਸ ਪਾਪੀ ਨੇ ਪਾਪ ਕਮਾਇਆ। ਆਪ ਦੀ ਕੀਤੀ ਦਾ ਫਲ ਭੋਗ ਗਿਆ। ਕਸਮਾਂ ਤੂੰ ਨੀਂ ਤੋੜੀਆਂ? ਇਨ੍ਹਾਂ ਨਾਲ ਵਾਅਦਾ ਤਾਂ ਕੀਤਾ ਸੀ ਮਲੇਰਕੋਟਲੇ ਰਾਜ ‘ਚ ਛੱਡਣ ਦਾ, ਪਰ ਕਰਤੂਤ…! ਲੁੱਟ ਖੋਹ ਕੇ ਆਹ ਵੱਢ’ਤੇ ਵਿਚਾਰੇ? ਕਿਹੜਾ ਕੁਕਰਮ ਨੀ ਕੀਤਾ? ਭੈਣਾਂ, ਮਾਵਾਂ ਤੇ ਧੀਆਂ ਨਾਲ ਵੀ?” ਪਿਤਾ ਜੀ ਸਹਿਜ ਸੁਭਾ ਹੀ ਬੋਲ ਰਹੇ ਸਨ। ਇੱਡੀ ਵੱਡੀ ਗੱਲ ਕਹਿਣ ਨਾਲ ਵੀ ਉਨ੍ਹਾਂ ਦੇ ਬੋਲ ਵਿਚ ਤਲਖੀ ਨਹੀਂ ਆਈ ਸੀ। ਉਨ੍ਹਾਂ ਦੇ ਚਿਹਰੇ ‘ਤੇ ਕਿਸੇ ਕਿਸਮ ਦਾ ਡਰ-ਭਾਉ ਵੀ ਨਹੀਂ ਸੀ।
“ਤੂੰ ਖਾਲਸੇ ਨੂੰ ਨੀ ਜਾਣਦਾ? ਸੋਧਾਂ ਤੈਨੂੰ?” ਉਹ ਇਕ ਕਦਮ ਅੱਗੇ ਵਧ ਕੇ ਰੁਕ ਗਿਆ। ਸ਼ਾਇਦ ਉਹ ਉਥੇ ਖੜ੍ਹੇ ਲੋਕਾਂ ਦੇ ਭੈਅ ਕਾਰਨ ਰੁਕ ਗਿਆ ਹੋਵੇ। ਨਾਲੇ ਲੁਟੇਰੇ ਵਿਚ ਦਲੇਰੀ ਵੀ ਕਿੰਨੀ ਕੁ ਹੁੰਦੀ ਆ।
“ਤੂੰ ਸੋਧੇਂਗਾ? ਨੰਦੂ, ਤੂੰ ਸੋਧੇਂਗਾ? ਤੇਰੀ ਮਾਂ ਫਲਾਣੇ ਪਿੰਡ ਫਲਾਣੇ ਦੇ ਬੈਠੀ ਆ। ਜਾ ਉਹਨੂੰ ਲਿਆ।” ਬਾਪੂ ਨੇ ਜ਼ਖਮੀ ਮੁੰਡੇ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ। “ਆਉ, ਧੀਓ ਤੁਰੋ ਮੂਹਰੇ।” ਮੈਂ ਉਨ੍ਹਾਂ ਦੇ ਪਿੱਛੇ ਹੋ ਤੁਰਿਆ। ਅਸੀਂ ਪੰਜੇ ਜਣੇ ਘਰ ਪਹੁੰਚ ਗਏ।
“ਹੁਣ ਜੇ ਬਾਹਰਲੇ ਸ਼ੇਰ ਸਿੰਘ ਆਗੇ, ਮੈਥੋਂ ਨੀ ਰੁਕਣੇ। ਫਿਰ ਮੈਨੂੰ ਦੋਸ਼ ਦਿਉਂਗੇ। ਇਹ ਕੱਛ ਆਲੇ ਨੇ ਕਰਤੀ ਕਰਤੂਤ।” ਨਵਾਂ ਬਣਿਆ ਲੁਟੇਰਾ ਸਿੰਘ ਲੋਕਾਂ ਨੂੰ ਸਿੱਟੇ ਭੁਗਤਣ ਦੀ ਧਮਕੀ ਦੇ ਕੇ ਚਲਿਆ ਗਿਆ। ਲੋਕ ਪਿੰਡ ‘ਤੇ ਆਉਣ ਵਾਲੇ ਖਤਰੇ ਦੇ ਭੈਅ ਤੋਂ ਭੈਭੀਤ ਹੋ ਗਏ ਸਨ।
ਪਤਾ ਨਹੀਂ, ਬੱਚਿਆਂ ਨੂੰ ਜ਼ਖਮ ਦੀ ਪੀੜ ਨਾਲੋਂ ਮੌਤ ਦਾ ਸਹਿਮ ਵਧੇਰੇ ਹੋਣ ਕਰ ਕੇ ਸੀ, ਉਹ ਨਾ ਰੋ ਕੁਰਲਾ ਰਹੇ ਸਨ, ਨਾ ਹੀ ਚੀਸ ਵੱਟ ਕੇ ਆਪਣੇ ਅੰਦਰ ਹੋਣ ਵਾਲੀ ਪੀੜ ਨੂੰ ਪ੍ਰਗਟ ਕਰ ਰਹੇ ਸਨ। ਉਹ ਤਾਂ ਸੁੰਨ ਸਨ, ਜਿਵੇਂ ਉਨ੍ਹਾਂ ਨੂੰ ਕੋਈ ਦਰਦ ਰੋਕਣ ਦਾ ਟੀਕਾ ਲੱਗਿਆ ਹੋਵੇ। ਮੈਨੂੰ ਯਾਦ ਹੈ, ਮੇਰੀ ਮਾਂ ਨੇ ਪਹਿਲਾਂ ਉਨ੍ਹਾਂ ਨੂੰ ਦੁੱਧ ਵਿਚ ਘਿਉ ਪਾ ਕੇ ਪੀਣ ਲਈ ਦਿੱਤਾ ਜਿਸ ਨੂੰ ਉਨ੍ਹਾਂ ਬੜੀ ਮੁਸ਼ਕਿਲ ਨਾਲ ਹੀ ਮੂੰਹ ਲਾਇਆ। ਉਨ੍ਹਾਂ ਦੇ ਜ਼ਖਮ ਕੋਸੇ ਪਾਣੀ ਨਾਲ ਨਿੰਮ ਦੇ ਪੱਤਿਆਂ ਨਾਲ ਧੋਤੇ। ਘਰ ਵਿਚ ਜ਼ਖਮਾਂ ‘ਤੇ ਬੰਨ੍ਹਣ ਲਈ ਕੁਝ ਹੋਰ ਤਾਂ ਨਹੀਂ ਸੀ। ਉਸ ਨੇ ਆਪਣੀ ਮਲਮਲ ਦੀ ਚੁੰਨੀ ਸੰਦੂਕ ਵਿਚੋਂ ਕੱਢੀ। ਸ਼ਾਇਦ ਉਸ ਕੋਲ ਇੱਕੋ-ਇੱਕ ਹੀ ਚੁੰਨੀ ਸੀ। ਉਸ ਨੇ ਪਾੜ ਕੇ ਬੱਚਿਆਂ ਦੇ ਜ਼ਖਮਾਂ ‘ਤੇ ਬੰਨ੍ਹ ਕੇ ਤੁਪਕਾ-ਤੁਪਕਾ ਡਿਗਦਾ ਲਹੂ ਰੋਕਿਆ। “ਇਥੇ ਡਰੋ ਨਾ ਮੇਰੇ ਲਾਲ। ਇਥੇ ਕੋਈ ਨੀ ਸੋਨੂੰ ਕੁਝ ਕਹਿ ਸਕਦਾ। ਕੋਈ ਨੀ ਸਾਡੇ ਘਰੇ ਆ ਸਕਦਾ ਸੋਨੂੰ ਮਾਰਨ ਲਈ।” ਉਸ ਨੇ ਮੁੰਡੇ ਨੂੰ ਚੁੱਕ ਲਿਆ। ਕੁੜਤੀ ਤੇ ਸਲਵਾਰ ਉਤੇ ਪੱਟ ‘ਤੇ ਹੋਏ ਡੂੰਘੇ ਜ਼ਖਮ ਵਿਚੋਂ ਰਿਸਦੇ ਖੂਨ ਨਾਲ ਧੱਬੇ ਪੈ ਗਏ।
ਚਾਰ-ਪੰਜ ਸਾਡੇ ਆਪਣੇ ਘਰ ਸਨ। ਹੋਰ ਪੱਤੀ ਦੇ ਘਰਾਂ ਦੇ ਮੁੰਡੇ ਆ ਗਏ। ਸਾਰੀ ਰਾਤ ਇਹ ਨੌਜਵਾਨ ਮੁੰਡੇ ਘਰ ‘ਤੇ ਪਹਿਰਾ ਦਿੰਦੇ ਰਹੇ। ਗੰਡਾਸੇ, ਡਾਂਗ-ਸੋਟੇ ਕਹੀਆਂ ਫੜੀ। ਉਨ੍ਹਾਂ ਕੋਠੇ ‘ਤੇ ਬਨੇਰਿਆਂ ਦੇ ਉਹਲੇ ਇੱਟਾਂ-ਰੋੜੇ ਇਕੱਠੇ ਕਰ ਲਏ। ਇਹ ਸੋਚ ਕਿ ਜੇ ਲੁਟੇਰੇ ਆਏ ਤਾਂ ਬੰਬਾਂ ਵਾਂਗੂੰ ਵਰ੍ਹਾ ਦਿਆਂਗੇ। ਫਿਰਨੀ ‘ਤੇ ਸਾਰੀ ਰਾਤ ਕੁੱਤੇ ਭੌਂਕਦੇ ਰਹੇ ਪਰ ਸਾਡੀ ਬੀਹੀ ਵਿਚ ਆਉਣ ਦੀ ਕਿਸੇ ਵਿਚ ਦਲੇਰੀ ਨਾ ਆਈ। ‘ਲੁਟੇਰੇ ਦਾ ਕੋਈ ਧਰਮ ਨੀ ਹੁੰਦਾ। ਉਸ ਦਾ ਧਰਮ ਤਾਂ ਲੁੱਟ-ਮਾਰ ਈ ਹੁੰਦਾ। ਹੁਣ ਇਥੋਂ ਕੱਢਣ-ਪਾਉਣ ਨੂੰ ਵੀ ਕੀ ਸੀ?’
ਇੱਕ-ਦੋ ਦਿਨ ਪਿੱਛੋਂ ਪਿੰਡ ਦਾ ਮਾਹੌਲ ਹੀ ਬਦਲ ਗਿਆ। ਹੁਣ ਬੱਚਿਆਂ ਲਈ ਸਭ ਦੇ ਦਿਲ ਵਿਚ ਤਰਸ ਆ ਗਿਆ। ਕੋਈ ਕੁਝ ਦੇ ਜਾਂਦਾ, ਕੋਈ ਕੁਝ। ਗਿੰਦਰ ਨਿੰਮ ਦੇ ਪੱਤਿਆਂ ਨਾਲ ਜ਼ਖਮ ਸਾਫ ਕਰ ਦਿੰਦਾ। ਸ਼ਰਾਬ ਨਾਲ ਭਿਉਂ ਕੇ ਪੱਟੀ ਕਰ ਦਿੰਦਾ। ਉਹ ਸਾਡੇ ਗੁਆਂਢ ਵਿਚ ਸੀਰੀ ਰਲਿਆ ਹੋਇਆ ਸੀ, ਜੋ ਕੁਝ ਸਮਾਂ ਫੌਜ ‘ਚ ਨੌਕਰੀ ਕਰ ਕੇ ਆਇਆ ਸੀ-ਪੱਟੀ ਕਰਨਾ ਤੇ ਟੀਕਾ ਲਾਉਣਾ ਜਾਣਦਾ ਸੀ। ਪੰਜ-ਸੱਤ ਦਿਨ ਵਿਚ ਹੀ ਉਨ੍ਹਾਂ ਦੇ ਜ਼ਖਮ ਭਰ ਗਏ। ਬੱਚੇ ਵਿਛੜੇ ਮਾਤਾ-ਪਿਤਾ ਨੂੰ ਯਾਦ ਕਰ ਕੇ ਉਦਾਸ ਹੋ ਜਾਂਦੇ। ਮੁੰਡਾ ਤਾਂ ਕਈ ਵਾਰ ਰੋਣ ਵੀ ਲੱਗ ਜਾਂਦਾ। ਵੱਡੀ ਕੁੜੀ ਤੇ ਬੇਬੇ ਉਸ ਨੂੰ ਚੁੱਪ ਕਰਾ ਕੇ ਪਰਚਾ ਦਿੰਦੀ। ਉਹ ਦੋ ਮਹੀਨੇ ਸਾਡੇ ਘਰੇ ਰਹੇ। ਮੁੰਡਾ ਤੇ ਮੈਂ ਇਕੱਠੇ ਖੇਡਦੇ ਰਹੇ। ਜਦ ਮੈਂ ਘਰ ਦੀ ਆਕੜ ਕਰ ਕੇ ਉਸ ‘ਤੇ ਧੌਂਸ ਜਮਾਉਣ ਦੀ ਕੋਸ਼ਿਸ ਕਰਦਾ ਤਾਂ ਮੇਰੇ ਘਰੋਂ ਕੁੱਟ ਪੈਂਦੀ। ਦੋ ਮਹੀਨੇ ਪਿੱਛੋਂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਲੱਭ ਕੇ ਮਾਂ ਨੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ। ਜਦ ਮਗਰੋਂ ਕਿਤੇ ਕੋਈ ਨੇਕ ਕੰਮ ਦੀ ਅਸੀਸ ਦਿੰਦਾ ਤਾਂ ਉਹ ਬੜੇ ਮਾਣ ਨਾਲ ਕਹਿੰਦੀ, “ਵਾਗਰੂ ਕਰਾਉਣ ਆਲਾ। ਬੰਦਾ ਨੀ ਕੁਛ ਕਰ ਸਕਦਾ। ਉਹੀ ਸਮੱਤ ਦਿੰਦਾ। ਮੇਰੇ ਚਾਰੇ ਜਰਵਾਣੇ ਭਰਾਵਾਂ ਨੇ ਵੀ ਆਪਣੇ ਪਿੰਡ ਦਾ ਇਕ ਵੀ ਬੰਦਾ ਨੀ ਮਰਨ ਦਿੱਤਾ। ਚਾਲੀ ਜੀਅ ਸਨ ਸਾਡੇ ਪਿੰਡ ਮੁਸਲਮਾਨਾਂ ਦੇ। ਬੁੜ੍ਹੀਆਂ ਕੁੜੀਆਂ ਦੀਆਂ ਮੁਸਲਮਾਨੀ ਮੀਢੀਆਂ ਖੋਲ੍ਹ ਕੇ ਹਿੰਦੂਆਂ ਵਾਲੀਆਂ ਕਰ ਕੇ ਗੱਡੀ ਚਾੜ੍ਹ ਕੇ ਬੀਕਾਨੇਰ ਦੇ ਰਾਜ ‘ਚ ਛੱਡ ਆਉਂਦੇ। ਚਾਰੇ ਭਰਾ ਡਾਂਗਾਂ ਲੈ ਕੇ ਖੜ੍ਹ ਜਾਂਦੇ।”
ਮਾਂ ਦੇ ਭੋਗ ਪੈਣ ਤੋਂ ਬਾਅਦ ਮੰਜੇ ‘ਤੇ ਪਏ ਦੇ ਇਹ ਸ਼ਬਦ ਆਪ-ਮੁਹਾਰੇ ਹੀ ਬੁੱਲ੍ਹਾਂ ‘ਤੇ ਆ ਗਏ ਸਨ:
1947 ਦਾ ਸਾਲ ਸੀ/ ਗਰਦ ਸੀ ਗਹਿਰ ਸੀ/ ਫਿਜ਼ਾ’ਚ ਜ਼ਹਿਰ ਸੀ/ ਕਹਿਰਾਂ ਦਾ ਕਹਿਰ ਸੀ/ ‘ਆਦਮ-ਬੋ ਆਦਮ-ਬੋ’ ਕਰਦੇ ਲੁਟੇਰੇ/ ਹੱਥ’ਚ ਨੇਜ਼ੇ, ਦਾਹ ਤੇ ਛਵ੍ਹੀਆਂ ਲਟਕਾਈ/ ਦਹਾੜਦੇ ਬੁੜ੍ਹਕਦੇ ਆਏ/ਕੱਢ ਇਨ੍ਹਾਂ ਕਾਤਲਾਂ ਨੂੰ ਬਾਹਰ/ ਨਹੀਂ, ਆਪਣੀ ਖੈਰ ਨਾ ਭਾਲ /ਫੂਕ ਦਿਆਂਗੇ ਘਰ ਤੇਰਾ/ ਬਣਾ ਦਿਆਂਗੇ ਪਿੰਡ ਨੂੰ ਰਾਖ ਦਾ ਢੇਰ। ਧੀ-ਪੁੱਤ ਪਾਲਣ ਲਈ ਹੁੰਦੇ ਨੇ ਵੱਢਣ ਲਈ ਨੀ ਹੁੰਦੇ। ਬੇਬੇ ਦਹਾੜੀ, ਉਸ ਦੀ ਮਮਤਾ ਬਣ ਗਈ, ਸ਼ੀਹਣੀ ‘ਚੰਡੀ’। ਭਾਲ ਕੇ ਉਨ੍ਹਾਂ ਦੇ ਮਾਪੇ, ਉਨ੍ਹਾਂ ਦੇ ਹਵਾਲੇ ਕਰ ਕੇ ਮਾਂ ਦੀ ਮਮਤਾ ਸੁਰਖਰੂ ਹੋਈ ਸੀ।
ਹੱਲੇ-ਗੁੱਲੇ ਦੇ ਇਕ ਮਹੀਨੇ ਬਾਅਦ ਮੇਰੀ ਮਾਂ, ਚਾਚੀ ਬੰਤੋ ਅਤੇ ਤਿੰਨ ਚਾਰ ਚੋਗੀਆਂ ਕਪਾਹ ਚੁਗ ਰਹੀਆਂ ਸਨ। ਢਲਦੀ ਦੁਪਹਿਰ ਦਾ ਸਮਾਂ ਸੀ। ਕੋਈ ਉਚੀ-ਉਚੀ ਰੋ ਰਿਹਾ ਸੀ, ਜਿਵੇਂ ਕਿਸੇ-ਕਿਸੇ ਦਿਨ ਰਾਤ ਸਮੇਂ ਕੁੱਤੇ ਰੋਂਦੇ ਹਨ। ਇਸ ਨੂੰ ਲੋਕ ਬਦਸ਼ਗਨੀ ਸਮਝਦੇ ਸਨ। ਲੋਕ ਇਹ ਕਹਿੰਦੇ ਸਨ ਕਿ ਇਨ੍ਹਾਂ ਨੂੰ ਜਮਦੂਤ ਦਿਸਦੇ ਹਨ। ਇਹ ਕਿਸੇ ਦੇ ਮਰਨ ਦੀ ਸੁਣੌਤੀ ਦਿੰਦੇ ਹਨ ਜਾਂ ਫਿਰ ਇਹ ਕਿਸੇ ਵਿਛੜੇ ਨੂੰ ਯਾਦ ਕਰ ਕੇ ਰੋਂਦੇ ਹਨ। ਮੈਂ ਸੁਣ ਕੇ ਭੈ-ਭੀਤ ਵੀ ਹੋ ਗਿਆ ਸੀ ਤੇ ਇਹ ਕੀ ਹੈ? ਇਸ ਨੂੰ ਜਾਨਣ ਦੀ।
“ਜਾਹ ਸੰਤੀਏ ਦੂਰ ਪਰਲੇ ਖੇਤ ਦੇ ਖਾਲ ਦੀ ਵੱਟ ਤੇ ਚਾਹ ਦਾ ਗਲਾਸ ਤੇ ਦੋ ਰੋਟੀਆਂ ਧਰ ਆ। ਪਤਾ ਨੀ ਕੀਹਨੂੰ ਭਾਲਦਾ ਹੋਣਾ, ਭੁੱਖਾ-ਭਾਣਾ ਵਿਚਾਰਾ! ਇੱਥੇ ਕਿਤੇ ਈ ਲੁਕਿਆ ਹੋਊ ਵਿਚਾਰਾ। ਰੋਂਦਾ ਹੋਊ ਵਿਚਾਰਾ ਆਪਣੇ ਧੀਆਂ-ਪੁੱਤਾਂ ਨੂੰ ਯਾਦ ਕਰਕੇ।” ਭਾਬੀ ਬੰਤੋ ਇਹ ਕਹਿੰਦੀ ਅੱਖਾਂ ਭਰ ਆਈ। ਸੰਤੀ ਚਾਹ ਤੇ ਰੋਟੀਆਂ ਰੱਖ ਆਈ। ਉਚੀ-ਉਚੀ ਕਹਿੰਦੀ ਆਈ। ‘ਅਗਲੀ ਖੇਤ ਦੀ ਖਾਲ ਦੀ ਵੱਟ ਤੇ ਪਈਆਂ ਨੇ ਰੋਟੀਆਂ ਤੇ ਚਾਹ। ‘ ਫਿਰ ਇਸ ਤੋਂ ਬਾਅਦ ਕਿੰਨਾਂ ਈ ਚਿਰ ਖੇਤ ਵਿਚ ਕਿਸੇ ਨੇ ਕੋਈ ਗੱਲ ਨਾ ਕੀਤੀ। ਕੁੱਝ ਚਿਰ ਬਾਅਦ ਰੋਣ ਦੀਆਂ ਚੀਕਾਂ ਬੰਦ ਹੋ ਗਈਆਂ। ਜਾਣ ਸਮੇਂ ਸੰਤੀ ਖਾਲੀ ਪੋਣਾ ਤੇ ਚਾਹ ਵਾਲਾ ਖਾਲੀ ਗਿਲਾਸ ਚੁੱਕ ਲਿਆਈ। “ਇਹ ਕੌਣ ਸੀ, ਮੈਂ ਚਾਚੀ ਬੰਤੋ ਤੋਂ ਸਹਿਮੇ ਹੋਏ ਨੇ ਪੁੱਛਿਆ।
“ਕਿਉਂ ਡਰੀ ਜਾਨਾਂ, ਗਿੱਦੜ! ਇੱਥੇ ਹਾੜ੍ਹ ਬੋਲਦਾ ਹੁੰਦਾ, ਦੁਪਹਿਰ ਵੇਲੇ ਤੇ ਅੱਧੀ ਰਾਤ ਨੂੰ। ਉਹ ਕਿਸੇ ਨੂੰ ਕੁਝ ਨੀਂ ਕਹਿੰਦਾ।” ਮੈਂ ਅੱਗੇ ਕੁਝ ਨਹੀਂ ਪੁੱਛਿਆ। ਬੱਸ ਇੰਨਾ ਹੀ ਕਿਹਾ, ‘ਹਾੜ ਨੂੰ ਵੀ ਭੁੱਖ ਤੇ ਤ੍ਰੇਹ ਲਗਦੀ ਆ। ‘ ਚਾਚੀ ਬੰਤੋ ਨੇ ਇਸ ਦਾ ਕੋਈ ਉਤਰ ਨਾ ਦਿੱਤਾ।
‘ਸਾਡੇ ਪਿੰਡ ਇਕ ਹੋਰ ਬੰਦਾ ਮਾਰਿਆ ਸੀ- ਰੂਪੂ ਪਿੰਡ ਦਾ ਚੌਂਕੀਦਾਰ। ਉਹ ਬੜਾ ਕੱਬਾ ਸੀ ਪੁਲੀਸ ਦਾ ਟਾਊਟ ਸੀ ਤੇ ਮੁਖਬਰ। ਉਸ ਨੇ ਲੋਕ ਬਹੁਤ ਹੀ ਤੰਗ ਕਰਾਏ ਸਨ। ਉਸ ਦੇ ਮਰਨ ਤੇ ਕਿਸੇ ਦੁੱਖ ਨਾ ਮਨਾਇਆ। ਸਗੋਂ ਲੋਕ ਕਹਿੰਦੇ ਚੰਗਾ ਹੋਇਆ ‘ਵੱਢ’ਤਾ ਫਾਹਾ। ਪਾਕਿਸਤਾਨ ਜਾ ਕੇ ਕਿਹੜਾ ਇਹਨੇ ਲੋਕਾਂ ਨਾਲ ਭਲੀ ਕਰਨੀ ਸੀ। ‘
ਇਕ-ਦੋ ਇਮਾਨਦਾਰੀ ਦੀਆਂ ਗੱਲਾਂ ਵੀ ਆਮ ਚਲਦੀਆਂ ਸਨ। ਇਮਾਨਦਾਰੀ ਦੀ ਇੰਤਹਾ ਕਿਰਦਾਰ। ਇਹ ਕਿਰਦਾਰ ਹੈ ਭਾਈ ਜੀ ਸਰਵਣ ਸਿੰਘ ਦਾ। ਉਸ ਦਾ ਪਿੰਡ ਸਾਡੇ ਪਿੰਡ ਤੋਂ ਇਕ ਪਿੰਡ ਛੱਡ ਕੇ ਅਗਲਾ ਪਿੰਡ। ਉਸ ਦਾ ਖੇਤ ਨੀਵੇਂ ਥਾਂ ਸੀ। ਹਰ ਸਾਲ ਫਸਲ ਮਰ ਜਾਂਦੀ। ਪਰਿਵਾਰ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਬੜੀ ਮੁਸ਼ਕਿਲ ਨਾਲ ਹੁੰਦੀ। ਅਤਿ ਦੀ ਗਰੀਬੀ ਵਿਚ ਰਹਿ ਰਿਹਾ ਸੀ ਪਰਿਵਾਰ। ਮਾਘ-ਫੱਗਣ ਦੇ ਮਹੀਨੇ ਤੱਕ ਉਸ ਦੇ ਘਰ ਖਾਣ ਲਈ ਦਾਣਾ ਵੀ ਨਹੀਂ ਬਚਦਾ ਸੀ। ਪਿੰਡ ਦੇ ਸ਼ਾਹੂਕਾਰ ਬਾਣੀਏ ਤੋਂ ਦਾਣੇ ਸਵਾਈ ਡਿਓਡੀ ‘ਤੇ ਲੈ ਕੇ ਪਰਿਵਾਰ ਦਾ ਨਿਰਵਾਹ ਹੁੰਦਾ। ਉਸ ਦਾ ਗੁਆਂਢੀ ਸੀ ਸੈਫਦੀਨ। ਰੱਜਿਆ-ਪੁੱਜਿਆ ਕਿਸਾਨ ਸੀ ਪਿੰਡ ਦਾ। ਉਸ ਸਮੇਂ ਉਹ ਪਿੰਡ ਦਾ ਸਭ ਤੋਂ ਵੱਡਾ ਧਨੀ ਸੀ। ਉਹ ਪਾਕਿਸਤਾਨ ਤੋਂ ਪੰਜ ਸਾਲ ਬਾਅਦ ਮਿਲਣ ਲਈ ਆਇਆ। “ਲੈ ਬਈ ਸੈਫਦੀਨਾ, ਆਪਣੀ ਅਮਾਨਤ।” ਉਸ ਨੇ ਉਸ ਦਾ ਉਸੇ ਤਰ੍ਹਾਂ ਪਿਆ ਸੋਨਾ ਖਿਆਨਤ ਨਹੀਂ ਕੀਤੀ ਸੀ। ਹੁਣ ਵੀ ਜਦ ਪਿੰਡ ਝਗੜੇ ਸਮੇਂ ਸੱਚ-ਝੂਠ ਦਾ ਨਿਤਾਰਾ ਕਰਨਾ ਹੋਵੇ ਤਾਂ ਲੋਕ ਆਖਦੇ, “ਜੇ ਤੂੰ ਸੱਚਾ ਏਂ ਤਾਂ ਸਹੁੰ ਖਾ ਭਾਈ ਜੀ ਸਰਵਣ ਦੀ।” ਅੱਜ ਭਾਈ ਜੀ ਸਰਵਣ ਸਿੰਘ ਦਾ ਪਰਿਵਾਰ ਪਿੰਡ ਦਾ ਰੱਜਿਆ-ਪੁੱਜਿਆ ਪਰਿਵਾਰ ਹੈ। ਲੋਕ ਇਸ ਦਾ ਸਿਹਰਾ ਸਰਵਣ ਸਿੰਘ ਦੀ ਇਮਾਨਦਾਰੀ ਦੇ ਸਿਰ ਬੰਨ੍ਹਦੇ ਹਨ।
ਮੇਰੇ ਪਿੰਡ ਦਾ ਗੱਜਣ ਸਿੰਘ ਹੁੰਦਾ ਸੀ। ਜ਼ਮੀਨ ਘੱਟ ਹੋਣ ਕਰਕੇ ਉਸ ਸਮੇਂ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ। ਪਠੋਰਿਆਂ ਦੇ ਤਾੜਨ ਲਈ ਉਸ ਕੋਲ ਬਹੁਤ ਹੀ ਵੱਡਾ ਟੋਕਰਾ ਸੀ ਜਿਸ ਥੱਲੇ ਉਹ ਨਿੱਕੀ ਉਮਰ ਦੇ ਪਠੋਰਿਆਂ ਨੂੰ ਕੁੱਤੇ-ਬਿੱਲੇ ਦੇ ਡਰ ਤੋਂ ਤਾੜ ਕੇ ਰੱਖਦਾ। ਉਸ ਦੇ ਘਰ ਦੀ ਚਾਰ-ਦੀਵਾਰੀ ਝਾਫਿਆਂ ਦੀ ਸੰਘਣੀ ਵਾੜ ਸੀ। ਇੱਕੋ-ਇੱਕ ਕੱਚੀ ਸਬਾਤ ਸੀ। ਉਹ ਇਹ ਵੱਡਾ ਟੋਕਰਾ ਇਸੇ ਸਬਾਤ ਵਿਚ ਰੱਖਦਾ। ਹੱਲੇ-ਗੁੱਲੇ ਸਮੇਂ ਉਸ ਨੇ ਆਪਣੇ ਗੁਆਂਢੀ ਦੇ ਚਾਰੇ ਜੀਆਂ ਨੂੰ (ਪਿਉ, ਘਰਵਾਲੀ ਤੇ ਨੌਜਵਾਨ ਮੁੰਡਾ ਅਤੇ ਕੁੜੀ) ਇਨ੍ਹਾਂ ਵੱਡੇ ਟੋਕਰਿਆਂ ਥੱਲੇ ਲਕੋ ਕੇ ਰੱਖਿਆ। ਜਨੂੰਨੀ ਉਸ ਦੇ ਘਰ ਗੇੜੇ ਮਾਰਦੇ ਰਹੇ। ਆਸੇ-ਪਾਸੇ ਦੇ ਹੋਰ ਘਰਾਂ ਦੀ ਤਲਾਸ਼ੀ ਵੀ ਲਈ ਪਰ ਉਸ ਨੇ ਕੱਚੀ ਸਬਾਤ ਦਾ ਬਾਰ ਖੁੱਲ੍ਹਾ ਈ ਰੱਖਿਆ। ਉਸ ‘ਤੇ ਤਾਂ ਕਿਸੇ ਨੂੰ ਕੀ ਸ਼ੱਕ ਹੋਣਾ ਸੀ। ਗੱਜਣ ਸਿੰਘ ਇਕ ਦਿਨ ਬੀਹੀ ‘ਚ ਖੜ੍ਹੇ ਧਾੜਵੀਆਂ ਨੂੰ ਬੋਲਿਆ, “ਸਾਲੇ ਖੜਸੁੱਲੇ ਪਤਾ ਨੀ ਕਿਹੜੇ ਵੇਲੇ ਨਿਕਲਗੇ। ਸੋਡੇ ਤਾਂ ਆਉਣ ਦੀ ਲੋੜ ਨਹੀਂ ਸੀ ਪੈਣੀ। ਮੈਂ ਈ ਉਨ੍ਹਾਂ ਨੂੰ ਗੱਡੀ ਚਾੜ੍ਹ ਦੇਣਾ ਸੀ। ਜਦੋਂ ਕਿਸੇ ਦਿਨ ਉਠਣ ਸਾਰ ਉਨ੍ਹਾਂ ਦੇ ਘਰੋਂ ਅੱਗ ਲੈਣ ਜਾਣਾ। ਸੁੱਲੀ ਨੇ ਔਖੀ ਹੋ ਜਾਣਾ।” ਕੁਝ ਦਿਨ ਬਾਅਦ ਰਾਤ-ਬਰਾਤੇ ਉਹ ਆਪਣੀ ਜਾਨ ਤਲੀ ‘ਤੇ ਧਰ ਕੇ ਉਨ੍ਹਾਂ ਨੂੰ ਮਲੇਰਕੋਟਲੇ ਦੀ ਰਿਆਸਤ ਵਿਚ ਛੱਡ ਆਇਆ।
ਕੁਝ ਸਾਲਾਂ ਵਿਚ ਉਸ ਪਿੰਡ ਵਿਚ ਮੁਰੱਬੇਬੰਦੀ ਹੋ ਗਈ। ਉਨ੍ਹਾਂ ਦੀ ਜਿਹੜੀ ਖਿੰਡੀ-ਪੁੰਡੀ ਜ਼ਮੀਨ ਇਕ ਥਾਂ ਤੇ ਇਕੱਠੀ ਹੋ ਗਈ। ਉਸ ਨੂੰ ਰੁਪਏ ਮੁੱਲ ਵਾਲੀ ਜ਼ਮੀਨ ਦੇ ਬਦਲੇ ਪੱਚੀ ਪੈਸੇ ਵਾਲੀ ਮਿਲਣ ਕਰਕੇ ਉਸ ਦੇ ਸੱਤ ਘੁਮਾਂ ਤੋਂ ਅਠਾਈ ਏਕੜ ਬਣ ਗਈ। ਬਾਕੀ ਮਿਹਨਤੀ ਤਾਂ ਉਹ ਸੀ ਹੀ। ਉਸ ਨੇ ਕੁਝ ਜ਼ਮੀਨ ਹੋਰ ਖਰੀਦ ਲਈ। ਉਸ ਦਾ ਵਿਆਹ ਹੋ ਗਿਆ ਤੇ ਤਿੰਨ ਮੁੰਡੇ ਵੀ। ਦੋ ਮੁੰਡੇ ਪੜ੍ਹ-ਲਿਖ ਕੇ ਚੰਗੀਆਂ ਨੌਕਰੀਆਂ ਤੇ ਲੱਗ ਗਏ। ਭਾਵੇਂ ਉਹ ਮਿਹਨਤ ਕਰ ਕੇ ਟ੍ਰੈਕਟਰਾਂ-ਟਰਾਲੀਆਂ ਵਾਲਾ ਰੱਜਿਆ-ਪੁੱਜਿਆ ਕਿਸਾਨ ਬਣ ਗਿਆ ਪਰ ਭੇਡਾਂ ਵਾਲਾ ਗੱਜਣ ਦੀ ਅੱਲ ਉਸ ਦੇ ਨਾਲ ਹੀ ਰਹੀ। ਉਸ ਦੀ ਸਫਲਤਾ ਦਾ ਕਾਰਨ ਉਨ੍ਹਾਂ ਤਿੰਨ ਮੁਸਲਮਾਨ ਗੁਆਂਢੀਆਂ ਦੀ ਜਾਨ ਬਚਾਉਣ ਦੇ ਕੀਤੇ ਪੁੰਨ ਦਾ ਦੱਸਦੇ ਹਨ।
ਮੈਂ ਆਪਣੇ ਪਿੰਡ ਦੇ ਕੁਝ ਨੌਜਵਾਨਾਂ ਦੀ ਡਰਪੋਕ ਮਾਨਸਿਕਤਾ ਬਾਰੇ ਇਕ ਹੋਰ ਗੱਲ ਸੁਣੀ ਸੀ। ਪਿੰਡ ਦੇ ਕਈ ਨੌਜਵਾਨ ਗੁਆਂਢੀ ਨੌਜਵਾਨਾਂ ਨੂੰ ਮਲੇਰਕੋਟਲੇ ਰਿਆਸਤ ਵਿਚ ਛੱਡਣ ਲਈ ਰਾਤ ਨੂੰ ਚੱਲ ਪਏ। ਲਗਭਗ ਰਾਤ ਦੇ ਦਸ ਵਜੇ। ਉਨ੍ਹਾਂ ਨੇ ਦੱਸਿਆ ਸੀ ਕਿ ਦਿਨ ਚੜ੍ਹਦੇ ਨੂੰ ਉਹ ਉਸ ਰਿਆਸਤ ਵਿਚ ਪਹੁੰਚ ਜਾਣਗੇ। ਰਿਆਸਤ ਦਾ ਨੇੜੇ ਦਾ ਪਿੰਡ ਵੀਹ ਮੀਲ ਦੂਰ ਸੀ। ਉਨ੍ਹਾਂ ਸੋਚਿਆ ਕਿ ਉਹ ਦਿਨ ਚੜਦੇ ਨੂੰ ਉਸ ਪਿੰਡ ਪਹੁੰਚ ਜਾਣਗੇ। ਉਹ ਅਜੇ ਚਾਰ ਮੀਲ ਈ ਗਏ ਹੋਣਗੇ, ਅੱਗੇ ਰੌਲਾ ਪੈਂਦਾ ਸੁਣਿਆ। ਉਨ੍ਹਾਂ ਨੂੰ ਉਹ ਉਥੇ ਈ ਛੱਡ ਕੇ ਵਾਪਸ ਭੱਜ ਆਏ। ਉਨ੍ਹਾਂ ਨਾਲ ਕੀ ਵਾਪਰੀ ਕਿਸੇ ਨੂੰ ਕੋਈ ਪਤਾ ਨਹੀਂ।
ਇਕ ਹੋਰ ਕਹਾਣੀ ਜਿਹੜੀ ਮੈਂ ਸੁਣੀ, ਉਸ ਨੂੰ ਸੁਣ ਕੇ ਤਾਂ ਪੱਥਰ-ਦਿਲ ਇਨਸਾਨ ਦਾ ਹਿਰਦਾ ਕਿਹੜਾ ਫਟ ਨਾ ਜਾਵੇ। ਅਕਤੂਬਰ ਦੇ ਮਹੀਨੇ ਮੈਂ ਨੇੜਲੇ ਪਿੰਡ ਹਠੂਰ ਦੀ ਮੰਡੀ ਝੋਨਾ ਵੇਚਣ ਗਿਆ ਸੀ ਪਰ ਬੋਲੀ ਨਾ ਆਉਣ ਕਾਰਨ ਰਾਤ ਉਥੇ ਈ ਕੱਟਣੀ ਪਈ। ਮੈਂ, ਬਚਨ ਸਿੰਘ ਤੇ ਕਈ ਹੋਰ ਜਣੇ ਵੀ ਆਪੋ-ਆਪਣੀਆਂ ਢੇਰੀਆਂ ਕੋਲ ਮੰਜੇ ਡਾਹੀ ਪਏ ਸੀ। ਉਸ ਰਾਤ ਹਵਾ ਬਿਲਕੁਲ ਬੰਦ ਸੀ। ਭਾਦੋਂ ਦੇ ਮਹੀਨੇ ਦਾ ਹੁੰਮਸ। ਮੰਡੀ ਦਾ ਗਰਦ ਗੁਬਾਰ। ਗਰਦ ਝੋਨੇ ਦੀ ਕੰਡ ਜੀ ਬਣ ਕੇ ਲੜੀ ਜਾ ਰਹੀ ਸੀ। ਅਸੀਂ ਉਸਲ-ਵੱਟੇ ਲਈ ਜਾ ਰਹੇ ਸਾਂ। ਕਦੀ ਉਠਦੇ ਕਦੀ ਬਹਿੰਦੇ। ਪੀਣ ਲਈ ਘੁੱਟ ਪਾਣੀ ਵੀ ਨਹੀਂ ਸੀ।
“ਆਪ ਤਾਂ ਘਰੇ ਜਾ ਵੜਿਆ ਕਰਿਆੜੀ ਕੋਲ। ਭੈਣ-ਦੇਣਾ ਖੱਖਾ ਜਾ (ਬਾਣੀਏ ਆੜ੍ਹਤੀਏ ਲਈ), ਸਾਲਿਆ, ਭਣੋਈਆਂ ਲਈ ਕੋਈ ਪੰਪ ਤਾਂ ਲੁਆ ਦਿੰਦਾ। ਬਾਬਾ ਬਚਨ ਸਿੰਘ ਦੇ ਗੱਲ ਕਰਨ ਵਿਚ ਰੋਸ ਸੀ। ਫਿਰ ਉਸ ਨੇ ਸੁਭਾਵਿਕ ਈ ਗੱਲ ਤੋਰ ਲਈ। “ਚੋਬਰਾ, ਪਾਪੀ ਦੇ ਮਾਰਨ ਲਈ ਪਾਪ ਮਹਾਂਬਲੀ ਹੈ।” ਉਸ ਨੇ ਮੈਨੂੰ ਚੋਬਰ ਕਹਿ ਕੇ ਗੱਲ ਸ਼ੁਰੂ ਕੀਤੀ। ਸ਼ਾਇਦ ਹਰ ਇੱਕ ਨੂੰ ਚੋਬਰ ਨਾਲ ਸੰਬੋਧਨ ਕਰਨਾ ਉਸ ਦਾ ਸੁਭਾਅ ਹੋਵੇ।
“ਬੜਾ ਭੈਣ-ਦੇਣਾ ਸੀ ਕੰਜਰ, ਜਗਨਾ। ਸਾਲਾ ਚਿੱਟੇ ਕੱਪੜੇ, ਕਾਲੀ ਪੱਗ ਫਿਫਟੀ ਲਾ ਕੇ ਬੰਨ੍ਹਦਾ। ਚਾਰ ਫੁੱਟੀ ਕਿਰਪਾਨ ਗਾਤਰੇ ‘ਚ ਪਾਈ ਰੱਖਦਾ। ਅੱਖਾਂ ਮੀਚ ਕੇ ਧਰਮ-ਕਰਮ ਦੀਆਂ ਗੱਲਾਂ ਕਰਦਾ। ਸਾਲਾ, ਜਿਵੇਂ ਕੋਈ ਗਿਆਨੀ-ਧਿਆਨੀ ਹੁੰਦਾ। ਭੁੱਖਾ ਮਰਦਾ ਸੀ ਉਹ ਪਹਿਲਾਂ। ਕੁਲ ਚਾਰ ਸੌ ਰੁਪਏ ਉਧਾਰੇ ਲਈ ਸੀ ਗੁਆਂਢੀ ਭਰਾਈ ਚੰਨਣ ਤੋਂ। ਕਈ ਪੀੜ੍ਹੀਆਂ ਤੋਂ ਸਾਂਝ ਤੇ ਵਰਤ-ਵਰਤਾਅ। ਨਵੇਂ ਬਣੇ ਲੁਟੇਰੇ ਸਿੰਘਾਂ ਦੇ ਜੱਥੇ ਵਿਚ ਰਲ ਗਿਆ। ਲੁੱਟ ਦੇ ਮਾਲ ਦਾ ਖੂਨ ਮੂੰਹ ਨੂੰ ਲੱਗ ਗਿਆ। ਜਦੋਂ ਬੰਦਾ ਇੱਕ ਪਾਪ ਕਰ ਲਏ ਤਾਂ ਉਸ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਨਾਲੇ ਲੁਟੇਰੇ ਦਾ ਕੋਈ ਧਰਮ ਨੀ ਹੁੰਦਾ। ਨਾ ਬਾਪ, ਨਾ ਧੀ, ਨਾ ਕੋਈ ਹੋਰ ਰਿਸ਼ਤੇਦਾਰ। ਊਂ ਸਾਲੇ ਨੂੰ ਰੱਬ ਨੇ ਦਿੱਤੀ ਸਜ਼ਾ। ਸਾਲਾ ਇਸੇ ਜਨਮ ‘ਚ ਈ ਭੁਗਤ ਗਿਆ। ਭੋਗ ਗਿਆ ਆਪਣੀ ਕਰਨੀ ਦਾ ਫਲ। ਕੁੱਤੇ ਦਾ ਪੁੱਤ! ਸਾਲੇ ਦਾ ਨਾਂ ਵੀ ਲੈਣਾ ਮਾੜਾ।” ਬਾਬਾ ਬਚਨ ਸਿੰਘ ਇੱਕੋ ਸਾਹ ਹੀ ਨਫਰਤ ਭਰੀਆਂ ਗਾਲ੍ਹਾਂ ਕੱਢੀ ਗਿਆ।
“ਉਸ ਸਮੇਂ ਭੁੱਖਾ ਮਰਦਾ ਸੀ ਸਾਲਾ। ਕਹਿੰਦਾ, ‘ਤੈਨੂੰ ਤੇ ਨੂਰੇ ਨੂੰ ਛੱਡ ਆਉਨਾ ਮੇਰੇ ਸਹੁਰੀਂ। ਧੰਨੀ ਤਾਈ ਅਤੇ ਨੂਰੀ ਅਜੇ ਘਰੇ ਬੈਠੇ ਰਹੋ, ਤੁਹਾਡਾ ਵੀ ਇੰਤਜ਼ਾਮ ਕਰ ਦੂੰਗਾ’।
“ਚਲ ਬਈ ਨੂਰਿਆ ਆ’ ਗੀ ਤੇਰੀ ਵਾਰੀ। ਤਾਈ ਤੁਹਾਨੂੰ ਦੋਵਾਂ ਨੂੰ ਫਿਰ ਛੱਡ ਆਉਨਾ ਬੂਰੇ ਕੋਲ। ਬਾਹਰਲੇ ਦਰਵਾਜੇ ਨੂੰ ਜਿੰਦਰਾ ਮਾਰ ਜਾਨਾ। ਤੁਸੀ ਮੇਰੇ ਬਗੈਰ ਕਿਸੇ ਨੂੰ ਬਾਰ ਨਾ ਖੋਲ੍ਹਣਾ।” ਉਸ ਨੇ ਨੂਰੇ ਨੂੰ ਅੱਗੇ ਲਾ ਲਿਆ। ਤਾਈ ਧੰਨੀ ਅਤੇ ਨੂਰਾਂ ਸਹਿਮੀਆਂ ਘਰੇ ਬੈਠੀਆਂ ਰਹੀਆਂ।
ਉਹ ਪਿੰਡ ਦੀ ਹੱਦ ‘ਤੇ ਪਹੁੰਚ ਗਏ।
“ਚੱਲ ਬਈ ਟੌਂਡਿਆ, ਚੜ੍ਹ ਗੱਡੀ।” ਨੂਰੇ ਨੇ ਬਥੇਰੀ ਮਿੰਨਤ ਕੀਤੀ।
“ਛੱਡ ਦਿੰਨਾਂ, ਪਹਿਲਾਂ ਦੱਸ ਕਿੱਥੇ ਲਕੋਇਆ, ਸੋਡਾ ਗਹਿਣਾ-ਗੱਟਾ। ਚੂਨ-ਭੂਨ?” ਉਸ ਨੇ ਇੱਕ ਨੇਜਾ ਛਾਤੀ ‘ਚ ਤੇ ਦੂਸਰਾ ਢਿੱਡ ‘ਚ। ਬਰਛੇ ਦਾ ਡੰਗ ਬਾਹਰ ਖਿੱਚਣ ਨਾਲ ਹੀ ਆਂਦਰਾਂ ਬਾਹਰ ਨਿਕਲ ਆਈਆਂ। ਉਹ ਧਰਤੀ ‘ਤੇ ਢਹਿ ਢੇਰੀ ਹੋ ਗਿਆ। ਇੱਕ ਘੰਟੇ ਵਿਚ ਹੀ ਉਹ ਵਾਪਸ ਆ ਗਿਆ।
“ਛੱਡ ਆਇਆ ਪੁੱਤ ਮੇਰੇ ਨੂਰੇ ਨੂੰ?” ਮਾਂ ਨੇ ਬੜੀ ਉਤਸੁਕਤਾ ਨਾਲ ਪੁੱਛਿਆ।
“ਪਾਣੀ-ਧਾਣੀ ਪੀਤਾ ਨੀ, ਇਹਨੂੰ ਨੂਰੇ ਦੀ ਪੈ ਗਈ। ਟੂੰਮ-ਛੱਲਾ ਤਾਂ ਲਕੋ ਲਿਆ। ਉਤੋਂ ਭਾਲਦੀ ਆ ਗੱਡੀ ਦਾ ਟਿਕਟ।” ਉਹ ਧੰਨੀ ਨੂੰ ਟੁੱਟ ਕੇ ਪੈ ਗਿਆ। ਪਹਿਲਾਂ ਤਾਂ ਇਹਦਾ ਤਾਈ-ਤਾਈ ਕਹਿੰਦੇ ਦਾ ਮੂੰਹ ਸੁੱਕਦਾ ਸੀ। ਉਹ ਇੰਨਾ ਰੁੱਖਾ ਬੋਲਿਆ। ਇਸ ਨਾਲ ਧੰਨੀ ਨੂੰ ਸ਼ੱਕ ਹੋ ਗਿਆ।
“ਪੁੱਤ ਆਹ ਚਾਰ ਤੋਲੇ ਤੇਰੀ ਭੈਣ ਬੀਬੀ ਨੂਰਾਂ ਦੇ ਵਿਆਹ ਲਈ ਰੱਖਿਆ ਸੀ।” ਧੰਨੀ ਨੇ ਟੂਮਾਂ ਵਾਲੀ ਗੁਥਲੀ ਉਸ ਦੇ ਅੱਗੇ ਰੱਖ ਦਿੱਤੀ। ਕੁੜੀ ਨੂਰਾਂ ਅੰਦਰ ਬੈਠੀ ਰੋਂਦੀ ਰਹੀ।
“ਚੱਲ, ਮਿਲਾ ਦਿੰਦਾ ਤੈਨੂੰ, ਤੇਰੇ ਪੁੱਤ ਨੂੰ। ਨੂਰਾਂ ਨੂੰ ਇਥੇ ਬੈਠੀ ਰਹਿਣ ਦੇ। ਤੁਹਾਡੇ ਕੋਲ ਮੁੜ ਕੇ ਛੱਡ ਜੂੰ। ਹੁਣੇ ਈ ਛੱਡ ਜੂੰ।” “ਪੁੱਤ ਲੈ ਭੈਣ ਕਿਹੜਾ ਤੈਨੂੰ ਬਗਾਨੀ ਆ। ਸਕੀ ਭੈਣ ਵਰਗੀ ਆ ਤੇਰੀ। ਜੇ ਬਲਬੀਰ ਇਹਦੀ ਭਾਬੀ ਇੱਥੇ ਹੁੰਦੀ, ਇਹਦਾ ਜੀਅ ਲੱਗਿਆ ਰਹਿਣਾ ਸੀ। ਇਹ ਕਿਹੜਾ ਤੈਨੂੰ ਓਪਰੀ ਆ।” ਉਹ ਆਪਣੀ ਪਤਨੀ ਬਲਬੀਰ ਨੂੰ ਕਈ ਦਿਨ ਹੋਏ ਉਸ ਦੇ ਪੇਕੀਂ ਛੱਡ ਆਇਆ ਸੀ, ਬਈ ਉਸ ਦੀਆਂ ਕਰਤੂਤਾਂ ਦਾ ਉਸ ਨੂੰ ਪਤਾ ਨਾ ਲੱਗੇ।
ਪੁੱਤਰ ਨੂੰ ਮਿਲਣ ਲਈ ਧੰਨੀ ਉਸ ਦੇ ਮਗਰ ਤੁਰ ਪਈ। ਉਹ ਉਹਨੂੰ ਪਿੰਡ ਦੀ ਜੂਹ ‘ਤੇ ਨੂਰੇ ਕੋਲ ਲੈ ਗਿਆ ਜਿੱਥੇ ਉਹ ਅਜੇ ਤੜਫ ਰਿਹਾ ਸੀ। ਮਾਂ ਪੁੱਤ ਨੂੰ ਵੇਖ ਕੇ ਉਸ ਤੇ ਬੇਹੋਸ਼ ਹੋ ਕੇ ਡਿੱਗ ਪਈ। ਡਿੱਗੀ ਪਈ ਮਾਂ ਦੇ ਦੋ ਵਾਰ ਨੇਜਾ ਉਸ ਦੀ ਛਾਤੀ ਵਿਚ ਦੀ ਆਰ-ਪਾਰ ਲੰਘਾ ਦਿੱਤਾ। “ਲੈ, ਬੁੜ੍ਹੀਏ ਟਿਕਟ। ਚੜ੍ਹ ਜਾ ਪੁੱਤ ਦੇ ਨਾਲ।”
ਕੰਜਰ ਆਪਣਾ ਇਹ ਪਾਪ ਲੋਕਾਂ ਨੂੰ ਹੁੱਬ-ਹੁੱਬ ਕੇ ਦੱਸਦਾ। ਜਦ ਲੋਕ ਉਸ ਤੋਂ ਬੀਬੀ ਨੂਰਾਂ ਬਾਰੇ ਪੁੱਛਦੇ ਤਾਂ ਉਹ ਟਾਲਾ-ਟੱਪਾ ਜਿਹਾ ਕਰ ਜਾਂਦਾ। ਕਿਸੇ ਦੇ ਪੱਲੇ ਕੁਝ ਨਾ ਪਾਉਂਦਾ।
“ਸਾਲੇ ਨੇ ਲੁੱਟ ਦੇ ਪੈਸੇ ਨਾਲ ਇੱਥੇ ਕੋਠੀ ਪਾ ਲਈ। ਚਾਰ ਮੁਰੱਬੇ ਯੂ.ਪੀ. ‘ਚ ਜਾ ਖਰੀਦੇ ਤੇ ਦੋ ਬੱਸਾਂ ਪਾ ਲਈਆਂ। ਸਾਲੇ ਦਾ ਕੰਮ ਚੜ੍ਹਦਾ ਈ ਗਿਆ। ਚਾਰ ਮੁਰੱਬੇ ਹੋਰ ਤੇ ਬੱਸਾਂ ਵੀ ਪਾ ਲਈਆਂ। ਸਰਕਾਰੇ ਦਰਬਾਰੇ ਚੰਗੀ ਪੁੱਛ-ਗਿੱਛ। ਉਹੀ ਭੈੜੇ ਚਾਲੇ ਕੰਜਰ ਦੇ। ਮੁੰਡਿਆਂ ਨੇ ਕੁੱਟ ਕੇ ਘਰੋਂ ਬਾਹਰ ਕੱਢ’ਤਾ। ਦੋਵੇਂ ਮੁੰਡੇ ਬੱਸਾਂ ਦੇ ਰੌਲੇ ‘ਚ ਦੂਜੀ ਧਿਰ ਨੇ ਕੋਹ-ਕੋਹ ਕੇ ਵੱਢ’ਤੇ। ਉਨ੍ਹਾਂ ਦੇ ਦਰੇਗ ‘ਚ ਸਾਲਾ ਮੇਰਾ, ਉਸੇ ਖੂਹ ‘ਚ ਡੁੱਬ ਕੇ ਮਰਿਆ ਜਿਹੜਾ ਉਸ ਨੇ ਲੁੱਟ ਦੇ ਮਾਲ ਨਾਲ ਆਪਣੇ ਖੇਤ ‘ਚ ਲਵਾਇਆ ਸੀ। ਪਾਪੀ ਦੇ ਮਾਰਨੇ ਲਈ ਪਾਪ ਬਲੀ ਹੈ।” ਇਹ ਗੱਲਾਂ ਕਰਦੇ ਦਾ ਉਸ ਦਾ ਗੱਚ ਭਰ ਗਿਆ।
ਬਾਬਾ ਬਚਨ ਸਿੰਘ ਸਾਰੀ ਗੱਲਬਾਤ ਸੁਣਾਉਣ ਤੋਂ ਪਿੱਛੋਂ ਕਹਿੰਦਾ, “ਸੌ ਹੱਥ ਰੱਸਾ ਸਿਰੇ ‘ਤੇ ਗੰਢ। ਲੋਕ ਮਾੜੇ ਨੀ ਹੁੰਦੇ। ਸਾਰਿਆਂ ਲੋਕਾਂ ‘ਚ ਤਰਸ, ਰਹਿਮ ਤੇ ਜ਼ੁਲਮ ਵਿਰੁਧ ਗੁੱਸਾ ਵੀ ਹੁੰਦਾ ਹੈ। ਬਸ ਡਰਦੇ ਮਾਰੇ ‘ਭੀਸ਼ਮ ਪਤਾਮਾ’ ਬਣ ਜਾਂਦੇ ਨੇ। ਖੱਸੀ ਹੋ ਜਾਂਦੇ ਨੇ।”
“ਹਾਂ, ਬਾਬਾ ਜੀ! ਇਹ ਗੱਲ ਤਾਂ ਸੱਚੀ ਆ। ਲੋਕ ਜਿਨ੍ਹਾਂ ਨੇ ਆਪਣੇ ਭਰਾਵਾਂ ਦੀ ਰੱਖਿਆ ਕੀਤੀ, ਉਨ੍ਹਾਂ ਨੂੰ ਲੋਕਾਂ ਨੇ ਪੁੰਨ ਦਾ ਕੰਮ ਸਮਝਿਆ ਅਤੇ ਜਨੂਨੀ ਲੁਟੇਰੇ ਜ਼ਾਲਮ ਲੋਕਾਂ ਨੂੰ ਪਾਪੀ।”
ਇਸ ਘਟਨਾ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਿਆ। ਸਮਾਂ ਦਿਨ ਦੇ ਬਾਰਾਂ ਵਜੇ ਦਾ ਸੀ। ਮੇਰੇ ਪਿੰਡ ਦਾ ਜਵੰਦਾ ਸਿੰਘ ਨੂਰਦੀਨ ਨੂੰ ਅੱਗੇ ਲਾ ਕੇ ਤੁਰਿਆ ਜਾ ਰਿਹਾ ਸੀ। ਉਸ ਨੇ ਬੁਰਜੀ ਨੰਬਰ 203 ਤੇ ਨਹਿਰ ਦੇ ਕਿਨਾਰੇ ‘ਤੇ ਖੜ੍ਹਾ ਕਰ ਲਿਆ। ਉਥੇ ਉਹ ਗੋਲੀ ਚਲਾਉਂਦਾ ਦਿਸਿਆ। ਜ਼ੋਰ ਦਾ ਖੜਾਕਾ ਹੋਇਆ, ਜਿਵੇਂ ਦੀਵਾਲੀ ਵਾਲੇ ਦਿਨ ਚਲਾਏ ਬੰਬ ਤੋਂ ਹੁੰਦਾ ਹੈ। ਜਿੱਥੇ ਉਹ ਡਿੱਗਿਆ, ਉਥੇ ਦੂਰ ਤੱਕ ਪਾਣੀ ਵਿਚ ਖੂਨ ਦੇ ਲਾਲ ਰੰਗੇ ਬੁਲਬੁਲੇ ਉਠਦੇ ਰਹੇ। ਦੂਰ-ਦੂਰ ਤੀਕਰ ਨਹਿਰ ਦੇ ਪਾਣੀ ਵਿਚ ਖੂਨ ਦੀ ਛੱਲ ਫੈਲ ਗਈ। ਇਹ ਵੇਖ ਕੇ ਮੇਰੇ ਅੰਦਰ ਦਹਿਲ ਜਿਹਾ ਪੈ ਗਿਆ। ਮੈਨੂੰ ਕਿੰਨੇ ਈ ਦਿਨ ਬੁਖਾਰ ਚੜ੍ਹਦਾ ਰਿਹਾ। ਉਸ ਪਿੱਛੋਂ ਵੀ ਕਦੀ-ਕਦੀ ਨਹਿਰ ਵਿਚ ਫੁੱਲੀਆਂ ਲਾਸ਼ਾਂ ਤਰਦੀਆਂ ਆਉਂਦੀਆਂ, ਉਨ੍ਹਾਂ ਨੂੰ ਵੇਖ ਕੇ ਮੇਰਾ ਤ੍ਰਾਹ ਨਿਕਲ ਜਾਂਦਾ।
ਇੱਕ ਹੋਰ ਗੱਲ ਸਾਡੇ ਸਕੂਲ ਮਾਸਟਰ ਦੀ ਹੈ। ਮਲਕੀਤ ਸਿੰਘ ਸੀ ਨਾਂ ਉਸ ਦਾ। ਸੁਹਣਾ-ਸੁਨੱਖਾ। ਗੋਰਾ ਨਿਛੋਹ, ਪਰ ਸੀ ਉਹ ਬੁੱਚੜ। ਬੜੀ ਬੇਰਹਿਮੀ ਨਾਲ ਕੁੱਟਦਾ ਸੀ। ਪੁੱਠੇ ਕੰਨ ਫੜਾ ਕੇ ਫੱਟੀ ਦੀ ਨੋਕ ਨਾਲ ਢੂਹੀ ਦੀ ਕੰਗਰੋੜ ‘ਤੇ ਮਾਰਦਾ। ਜਾਨ ਨਿਕਲ ਜਾਂਦੀ। ਕਈਆਂ ਦਾ ਪਿਸ਼ਾਬ ਵਿਚੇ ਈ ਨਿਕਲ ਜਾਂਦਾ। ਉਸ ਦੇ ਵੇਲੇ ਸਕੂਲ ਵਿਚ ਪੰਦਰਾਂ ਬੱਚਿਆਂ ਤੋਂ ਸੋਲ੍ਹਵਾਂ ਦਾਖਲ ਨਹੀਂ ਹੋਇਆ। ਉਹ ਵੀ ਲੁਟੇਰੇ ਸਿੰਘਾਂ ਨਾਲ ਰਲ ਕੇ ਪਿੰਡ ਤੋਂ ਚਾਰ ਮੀਲ ਦੂਰ ਪਿੰਡ ਹਠੂਰ ਲੁੱਟਣ ਚਲਿਆ ਗਿਆ। ਉਥੋਂ ਦੇ ਮੁਸਲਮਾਨ ਜਗੀਰਾਂ ਦੇ ਮਾਲਕ ਰੱਜੇ-ਪੁੱਜੇ ਜ਼ਿਮੀਂਦਾਰ ਸਨ। ਹਥਿਆਰਾਂ ਨਾਲ ਲੈਸ। ਆਸੇ-ਪਾਸੇ ਦੇ ਪਿੰਡਾਂ ਦੇ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰਾ ਪਾਇਆ ਹੋਇਆ ਸੀ। ਉਹ ਗੋਲੀਆਂ ਚਲਾਉਂਦੇ ਸਭ ਨੂੰ ਲਲਕਾਰ ਕੇ ਲੰਘ ਗਏ। ਉਨ੍ਹਾਂ ਦੀ ਇਕ ਗੋਲੀ ਮਾਸਟਰ ਦੀ ਖੱਬੀ ਵੱਖੀ ਨੂੰ ਚੱਟ ਕੇ ਲੰਘ ਗਈ। ਇਸ ਨਾਲ ਸਕੂਲ ਨੇ ਬੰਦ ਤਾਂ ਹੋਣਾ ਈ ਸੀ। ਮੈਂ ਤਾਂ ਉਨ੍ਹੀਂ ਦਿਨੀਂ ਨਹਿਰ ‘ਤੇ ਕਤਲ ਦੀ ਘਟਨਾ ਨੂੰ ਵੇਖ ਕੇ ਬੁਖਾਰ ਨਾਲ ਘਰੇ ਬਿਮਾਰ ਪਿਆ ਰਹਿੰਦਾ ਸੀ ਪਰ ਦੂਜੇ ਸਾਰੇ ਬੱਚੇ ਹਰ ਰੋਜ਼ ਗੁਰਦੁਆਰੇ ਜਾ ਕੇ ਅਰਦਾਸ ਕਰਦੇ, ਉਸ ਦੀ ਤੰਦਰੁਸਤੀ ਲਈ ਨਹੀਂ, ਉਸ ਦੇ ਮਰ ਕੇ ਨਹਿਰ ਵਿਚ ਡਿੱਗਣ ਦੀ, ਪਰ ਬੱਚਿਆਂ ਦੀ ਅਰਦਾਸ ਸੁਣੀ ਨਾ ਗਈ, ਤੇ ਇਕ ਮਹੀਨੇ ਬਾਅਦ ਉਹ ਸਕੂਲ ਵਿਚ ਆ ਧਮਕਿਆ।
ਉਹ ਇਕ ਸਾਲ ਪਿੱਛੋਂ ਬਦਲ ਕੇ ਚਲਿਆ ਗਿਆ। ਉਸ ਦੇ ਨਾਲ ਹੀ ਚਲੀ ਗਈ ਉਰਦੂ ਭਾਸ਼ਾ। ਉਰਦੂ ਨਾਲ ਹੀ ਗੱਡੀ ਚੜ੍ਹ ਗਈ। ਬੁੱਚੜਕੁੱਟ। ਉਸ ਦੇ ਬਾਅਦ ਬੱਚਿਆਂ ਦੀ ਗਿਣਤੀ ਇੱਕਦਮ ਪੰਜਾਹ ‘ਤੇ ਪੁੱਜ ਗਈ। ਪਿੱਛੋਂ ਜਦ ਮੈਂ ਜਵਾਨ ਹੋ ਕੇ ਸਕੂਲ ਮਾਸਟਰ ਲੱਗ ਗਿਆ ਤਾਂ ਉਹ ਬਹੁਤ ਮੋਹ ਨਾਲ ਮਿਲਦਾ, ਪਰ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਨਾ ਬਣਦਾ। ਉਸ ਦੀ ਹਠੂਰ ਦੀ ਘਟਨਾ ਕਾਰਨ ਮੇਰੇ ਦਿਮਾਗ ‘ਚ ਉਸ ਦਾ ਅਕਸ ਧੁੰਦਲਾ ਹੀ ਰਿਹਾ।
ਲੁਟੇਰਿਆਂ ਨੇ ਲੁੱਟ ਦੇ ਮਾਲ ਨਾਲ ਜਾਇਦਾਦਾਂ ਬਣਾ ਲਈਆਂ ਸਨ। ਲੋਕ ਨਿੱਕੇ-ਮੋਟਿਆਂ ਦੀ ਗੱਲ ਈ ਨਾ ਕਰਦੇ, ਵੱਡੀਆਂ ਮੱਛੀਆਂ ਨੂੰ ਈ ਫੜਦੇ। ਕਿਵੇਂ ਕਿਸੇ ਦੀ ਲੁੱਟੀ ਜਾਇਦਾਦ ਰੂੰ ਦੇ ਫੰਭਿਆਂ ਵਾਂਗ ਉਡੀ। ਕਿਵੇਂ ਉਹ ਆਪ ਨਸ਼ਈ ਤੇ ਡਰੱਗੀ ਬਣੇ, ਕਿਵੇਂ ਉਨ੍ਹਾਂ ਦੀਆਂ ਕਰਤੂਤਾਂ ਕਰ ਕੇ ਉਨ੍ਹਾਂ ਦੇ ਧੀ-ਪੁੱਤਰ ਘਰ ਘਾਟ ਦੇ ਨਾ ਰਹੇ। ਉਨ੍ਹਾਂ ਦੀਆਂ ਕਰਤੂਤਾਂ ਨਾਲ ਧੀਆਂ ਪੁੱਤਰਾਂ ਹੱਥੋਂ ਮਾਰੇ ਗਏ। ਸਾਰੀਆਂ ਗੱਲਾਂ ਤਾਂ ਹੁੰਦੀਆਂ, ਪਰ ਅਖੀਰ ਵਿਚ ਗੱਲਬਾਤ ਵੈਦ ਪੰਡਤ ਠੇਲਾ ਰਾਮ ਨੇ ਜਥੇਦਾਰ ਨਰੈਣ ਸਿੰਘ ਦੀ ਗੱਲ ਤਾਂ ਕਰਨੀ ਹੀ ਹੋਈ।
“ਪਾਪੀ ਦੇ ਮਾਰਨ ਕੋ ਪਾਪ ਮਹਾਂਬਲੀ ਹੈ। ਆਹ ਆਪਣੀਆਂ ਅੱਖਾਂ ਦੇ ਸਾਹਮਣੇ ਈ ਵੇਖ ਲੋ ਨਰੈਣੇ ਸਿਉਂ ਦੀ। ਉਹਦੀ ਗੱਲ ਕਰ ਕੇ ਤਾਂ ਮਨ ਕਰੇਲੇ ਵਰਗਾ ਹੋ ਜਾਂਦਾ।” ਉਹ ਮੱਥੇ ‘ਤੇ ਤਿਉੜੀਆਂ ਪਾ ਕੇ ਤੇ ਚੰਦਰਾ ਜਿਹਾ ਮੂੰਹ ਬਣਾਉਂਦਾ ਜਿਸ ਨੂੰ ਵੇਖ ਕੇ ਸਾਰੇ ਹੱਸ ਪੈਂਦੇ।
ਅਖੇ, ਸੋਨੂੰ ਸਾਰਿਆਂ ਨੂੰ ਕੋਟਲੇ ਦੇ ਰਾਜ ‘ਚ ਸਹੀ ਸਲਮਤ ਛੱਡ ਆਊਂ। ਆਪਣੇ ਪਿੰਡ ਇਹਨੇ ਨੇੜੇ-ਤੇੜੇ ਦੇ ਗਰੀਬ ਮੁਸਲਮਾਨ ਇਕੱਠੇ ਕਰ ਲਏ। ਇੱਕ ਹਜ਼ਾਰ ਤੋਂ ਵੱਧ ਹੋਣਗੇ ਸਾਰੇ। ਇਸ ਨੇ ਪੰਜ ਲੁਟੇਰਿਆਂ ਦਾ ਜੱਥਾ ਬਣਾ ਲਿਆ। ਆਪ ਜੱਥੇਦਾਰ ਬਣ ਗਿਆ। ‘ਕੋਈ ਗੱਲ ਜੱਥੇਦਾਰ ਦੇ ਹੁਕਮ ਤੋਂ ਬਿਨਾ ਨੀ ਕਰਨੀ। ਲੁੱਟਮਾਰ ਦਾ ਸਾਰਾ ਸਮਾਨ ਜੱਥੇਦਾਰ ਕੋਲ ਜਮ੍ਹਾਂ ਕਰਾਉਣਾ। ਲੁੱਟਣ-ਮਾਰਨ ਸਮੇਂ ਕਿਸੇ ਕਿਸਮ ਦਾ ਤਰਸ ਨੀ ਕਰਨਾ। ਮਾਰਨ ਵੇਲੇ ਵੀ ਕੋਈ ਰਹਿਮ ਨੀ। ਹਾਂ, ਐਸ਼ ਜਿਵੇਂ ਤੁਹਾਡੀ ਮਰਜ਼ੀ ਕਰ ਲੋ। ਜੀਹਦੇ ਨਾਲ ਜੀਅ ਕਰੇ, ਖੇਹ ਖਾ ਲਿਉ। ਪਰ ਮੇਰੇ ਪੁੱਛੇ ਬਿਨਾਂ ਵੇਚਣੀ ਨੀ। ਜਿਹੜੀ ਮਰਜ਼ੀ ਆ ਘਰੇ ਵਸਾ ਲਿਉ ਪਰ ਮੈਨੂੰ ਦੱਸ ਕੇ’। ਉਸੇ ਸਮੇਂ ਜੱਥੇਦਾਰ ਦੀ ਰਾਏ ਤੋਂ ਇਕੱਠੇ ਕਰ ਲਏ ਪਿੰਡ। ਜੋ ਵਿਚਾਰਿਆਂ ਨਾਲ ਵਾਪਰੀ, ਆਪਾਂ ਸਾਰਿਆਂ ਨੇ ਵੇਖੀ ਆ।
ਲੁੱਟ ਦੇ ਮਾਲ ਨਾਲ ਵੀਹ ਕਿੱਲੇ ਜ਼ਮੀਨ ਖਰੀਦ ਲਈ। ਪਹਿਲਾਂ ਦਸ ਕਿੱਲੇ ਪਿਤਾ ਪੁਰਖੀ ਆਈ। ਉਸ ਦੀ ਵੱਡੇ ਜਗੀਰਦਾਰਾਂ ਵਿਚ ਗਿਣਤੀ ਹੋਣ ਲੱਗ ਪਈ। ਸਰਕਾਰੇ-ਦਰਬਾਰੇ ਪਹਿਲਾਂ ਨਾਲੋਂ ਵੀ ਇੱਜ਼ਤ ਵਧ ਗਈ। ਵੱਡਾ ਮੁੰਡਾ ਥੋੜ੍ਹਾ ਜਿਹਾ ਉਸ ਦੀਆਂ ਕਰਤੂਤਾਂ ਕਰ ਕੇ ਰੜਕ ਮੰਨਦਾ ਸੀ। ਉਸ ਨੂੰ ਬਾਹਰਲੇ ਦੇਸ਼ ਭੇਜ ਕੇ ਰਾਹ ‘ਚੋਂ ਰੋੜਾ ਹਟਾ ਦਿੱਤਾ। ਘਰ ਨੌਜਵਾਨ ਨੂੰਹ ਸੀ। ਘਰਵਾਲੀ ਤਾਂ ਐਵੇਂ ਬਸ ਬੁੱਤ ਈ ਸੀ ਮਿੱਟੀ ਦਾ। ਸਾਰੀ ਉਮਰ ਹੀ ਦਬਾ ਕੇ ਰੱਖੀ ਹੋਈ। ਉਹ ਕੀ ਬੋਲਦੀ ਵਿਚਾਰੀ? ਦੋ-ਚਾਰ ਸਾਲ ਬਾਅਦ ਈ ਬਸ ਉਹ ਨਿਕਲ ਆਈ ਬਾਹਰ। ਪਹਿਲੀ ਬੱਸ ਆਇਆ ਕਰੇ। ਰਾਤ ਪੈਣ ਸਮੇਂ ਘਰ ਮੁੜਿਆ ਕਰੇ। ਇਸ ਬਾਰੇ ਚਾਰ-ਚੁਫੇਰੇ ਦੇ ਪਿੰਡਾਂ ਵਿਚ ਦੰਦ-ਕਥਾ ਚਲਦੀ ਰਹਿੰਦੀ। ਦਸ-ਪੰਦਰਾਂ ਮੀਲ ਤੱਕ ਸਾਰੇ ਲੋਕ ਉਸ ਨੂੰ ਜਾਣਦੇ ਸਨ। ਜਦ ਮੁੰਡਾ ਪਿੰਡ ਆਇਆ, ਲੋਕਾਂ ਨੇ ਉਸ ਨੂੰ ਚੁੱਕ ਦਿੱਤਾ। ਉਹ ਆਪਣਾ ਹਿੱਸਾ ਮੰਗਣ ਲੱਗਿਆ। ਲੜਾਈ ਤੱਕ ਨੌਬਤ ਆ ਗਈ। ਪਤਾ ਨੀ ਮੁੰਡਾ ਇਸ ਦੀ ਗੋਲੀ ਨਾਲ ਮਰਿਆ ਜਾਂ ਹੋਰ ਕੋਈ ਦੁਸ਼ਮਣੀ ਕੱਢ ਗਿਆ। ਕਤਲ ਦਾ ਕੇਸ ਤਾਂ ਇਸ ‘ਤੇ ਹੀ ਬਣਨਾ ਸੀ। ਕਤਲ ਦੇ ਖਰਚੇ। ਵਕੀਲਾਂ ਦੀ ਫੀਸ ਈ ਘਰ ਖੁੰਘਲ ਕਰ ਦਿੰਦੀ ਐ। ਉਹੀ ਵੀਹ ਕਿੱਲੇ ਜਿਨ੍ਹਾਂ ਲਈ ਉਸ ਨੇ ਗਰੀਬਾਂ ਦੀ ਕੱਟ ਵੱਢ ਕੀਤੀ ਸੀ, ਬੈਅ ਹੋ ਗਈ ਤੇ ਵਿਆਜ ਵਿਚ ਵੀਹ ਸਾਲ ਕੈਦ ਵੀ ਹੋ ਗਈ। ਜਿਹੜੀ ਤਿੰਨ ਮੰਜ਼ਲੀ ਕੋਠੀ ਉਸ ਨੇ ਬਣਾਈ ਸੀ, ਉਹ ਖੋਲਾ ਬਣ ਗਈ। ਉਸ ਵਿਚ ਕੁੱਤੇ ਮੂਤਦੇ ਜਾਂ ਅਵਾਰਾ ਡੰਗਰ ਉਸ ਵਿਚ ਰਾਤ ਨੂੰ ਆ ਬੈਠਦੇ।
1947 ਈਸਵੀਂ ਤੋਂ ਬਾਅਦ, ਕਈ ਸਾਲਾਂ ਲਈ ਲਗਾਤਾਰ ਮੋਹਲੇਧਾਰ ਵਰਖਾ ਹੁੰਦੀ ਰਹੀ। ਪਿਛਲੇ ਸਾਰੇ ਪਿੰਡਾਂ ਦਾ ਪਾਣੀ ਇਸ ਕੋਠੀ ਕੋਲ ਨਹਿਰ ਦੀ ਪਟੜੀ ਨਾਲ ਆ ਟੱਕਰ ਲਾਉਂਦਾ। ਇਸ ਸਾਰੇ ਪਾਣੀ ਨਾਲ ਫਸਲਾਂ ਮਰ ਜਾਂਦੀਆਂ। ਇਸੇ ਥਾਂ ਤੋਂ ਨਹਿਰ ਵੱਢ ਕੇ ਪਾਣੀ ਨਹਿਰ ਵਿਚ ਪਾਉਂਦੇ ਤਾਂ ਜਾ ਕੇ ਕਣਕ-ਬੀਜਣ ਲਈ ਜ਼ਮੀਨ ਸੁੱਕਦੀ। ਲੋਕਾਂ ਦੀ ਇਹੀ ਧਾਰਨਾ ਸੀ ਕਿ ਮੁਸਲਮਾਨਾਂ ਦੀ ਵੱਢ ਟੁੱਕ ਤੇ ਹੋਏ ਜ਼ੁਲਮ ਦੀ ਪਿੰਡ ਨੂੰ ਸਜ਼ਾ ਮਿਲ ਰਹੀ ਹੈ ਤੇ ਮਾਸੂਮਾਂ ਦੇ ਵਹੇ ਖੂਨ ਦੇ ਦਾਗ ਧੋ ਰਹੀ ਹੈ।
ਸਾਡੇ ਘਰ ਦੀ ਪਿੱਠ ‘ਤੇ ਚੰਨਣ ਭਰਾਈ ਦੇ ਘਰ ਦੇ ਪਿਛਲੇ ਪਾਸੇ ਦੀ ਕੰਧ ਸਾਂਝੀ ਸੀ। ਭਰਾਈ ਤਾਂ ਸਭ ਕੁਝ ਛੱਡ ਕੇ ਚਲਿਆ ਗਿਆ ਸੀ। ਉਨ੍ਹਾਂ ਦੇ ਡੰਗਰ ਹੋਰ ਸਭ ਘਰ ਦਾ ਸਮਾਨ, ਇੱਥੋਂ ਤੱਕ ਕਿ ਮਿੱਟੀ ਦੇ ਭਾਂਡੇ ਵੀ ਛੱਡੇ ਨਹੀਂ ਸੀ। ਰਹਿ ਗਿਆ ਸੀ ਬਾਲਣ ਲਈ ਕਾਨੇ ਸਲਵਾੜ। ਉਨ੍ਹਾਂ ਦੇ ਉਜੜ ਕੇ ਚਲੇ ਜਾਣ ਤੋਂ ਮਹੀਨਾ ਕੁ ਪਿੱਛੋਂ ਮੇਰੀ ਮਾਂ ਸਵੇਰੇ ਬਾਲਣ ਲਈ ਸਲਵਾੜ ਦੀ ਪੂਲੀ ਚੁੱਕ ਲਿਆਈ। ਇਹ ਵੇਖ ਕੇ ਮੇਰੇ ਬਾਪੂ ਜੀ ਬੇਬੇ ਦੇ ਗਲ ਟੁੱਟ ਕੇ ਪੈ ਗਏ। “ਚਲ ਉਥੇ ਈ ਵਾਪਸ ਰੱਖ ਕੇ ਆ।” ਮੇਰੇ ਪਿਤਾ ਜੀ ਅੱਗ ਭਬੂਕਾ ਹੋ ਕੇ ਗਾਲ੍ਹ ਵੀ ਕੱਢ ਗਏ।
“ਚਾਰ ਕਾਨੇ ਸਲਵਾੜ ਈ ਨੇ। ਮੈਂ ਕਿਹੜਾ ਉਨ੍ਹਾਂ ਦਾ ਸੋਨਾ ਲੁੱਟ ਲਿਆਈ।”
“ਤੈਂ ਗੁਆਂਢੀ ਮਰੇ ਈ ਸਮਝ ਲਏ। ਮਰੇ ਈ ਸਮਝ ਲਏ ਤੈਂ?”
“ਆਹ ਤਾਂ ਠੀਕ ਐ। ਸੱਚੀਂ, ਮੈਂ ਨੂਰਾਂ ਨੂੰ ਮਰਿਆ ਈ ਸਮਝ ਲਿਆ।” ਉਹ ਚੁੱਪ-ਚੁਪੀਤੀ ਚਾਰ ਸੁੱਕੇ ਕਾਨੇ ਤੇ ਘਾਸ-ਫੂਸ ਉਥੇ ਈ ਰੱਖ ਆਈ।