ਅਹੰ ਬ੍ਰਹਮੰ ਅਸਮੀਂ

ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਅਹੰ ਬ੍ਰਹਮੰ ਅਸਮੀਂ ਦਾ ਅਰਥ ਹੈ, ਮੈਂ ਹੀ ਬ੍ਰਹਮ ਭਾਵ ਈਸ਼ਵਰ ਹਾਂ। ਪਹਿਲੀ ਨਜ਼ਰੇ ਦੇਖਿਆਂ ਲਗਦਾ ਹੈ ਕਿ ਬਹੁਤ ਹੀ ਹੰਕਾਰ ਪੂਰਨ ਵਚਨ ਹੈ। ਅਹੰ, ‘ਮੈਂ ਹਾਂ’ ਦਾ ਅਰਥ ਦਿੰਦਾ ਹੈ। ਹੁਣ ਸਵਾਲ ਇਹ ਹੈ ਕਿ ‘ਮੈਂ ਕੌਣ ਹਾਂ’, ਇਹ ਕਿਸ ਦਾ ਸੂਚਕ ਹੈ? ਜੇ ਇਹ ਸਰੀਰ ਨਾਲ ਸਬੰਧਿਤ ਹੈ ਅਤੇ ਕਹਿਣ ਵਾਲਾ ਆਪਣੇ ਆਪ ਨੂੰ ਸਰੀਰ ਮੰਨ ਰਿਹਾ ਹੈ ਤਾਂ ਇਹ ਹੰਕਾਰ ਹੈ। ਆਮ ਵਿਅਕਤੀ ਤਾਂ ਆਪਣੇ ਸਰੀਰ ਅਤੇ ਅਪਣੇ ਨਾਮ ਨੂੰ ਹੀ ‘ਮੈਂ’ ਮੰਨਦਾ ਹੈ। ਉਸ ਨੂੰ ਇਸ ਤੋਂ ਇਲਾਵਾ ਕਿਸੇ ਹੋਰ ਮੈਂ ਦੀ ਸਮਝ ਨਹੀਂ ਹੈ। ਜੇ ਕਿਸੇ ਵੀ ਵਿਅਕਤੀ ਨੂੰ ਪੁੱਛੋ, ਉਹ ਕਹੇਗਾ-ਇਹ ਮੇਰਾ ਹੱਥ ਹੈ, ਇਹ ਮੇਰਾ ਪੈਰ ਹੈ, ਇਹ ਮੇਰਾ ਸਰੀਰ ਹੈ। ਇਹ ਮੇਰੀ ਬੁੱਧੀ ਹੈ। ਇਹ ਮੇਰਾ ਮਨ ਹੈ। ਇਹ ਮੇਰਾ ਪੁੱਤਰ, ਮੇਰੀ ਪਤਨੀ ਅਤੇ ਇਹ ਮੇਰਾ ਪਰਿਵਾਰ ਹੈ।

ਸੋ, ਜੋ ਮੇਰਾ ਹੈ, ਉਹ ਮੈਂ ਨਹੀਂ ਹੋ ਸਕਦਾ। ਜਾਂ ਤਾਂ ਉਹ ਮੈਂ ਹੋ ਸਕਦਾ ਹੈ ਜਾਂ ਉਹ ਮੇਰਾ ਹੋ ਸਕਦਾ ਹੈ। ਇਹ ਬਿਲਕੁਲ ਸੰਭਵ ਨਹੀਂ ਕਿ ਇਕੋ ਵੇਲੇ ਕੋਈ ‘ਮੈਂ’ ਵੀ ਹੋਵੇ ਅਤੇ ‘ਮੇਰਾ’ ਵੀ ਹੋਵੇ।
ਹੁਣ ਉਸ ਨੂੰ ਇਹ ਪੁਛਿਆ ਜਾਵੇ ਕਿ ਜਿਸ ਦਾ ਇਹ ਸਭ ਕੁਝ ਹੈ, ਉਹ ਕੌਣ ਹੈ। ਉਹ ਇਕ ਦਮ ਹੀ ਉਤਰ ਦੇਵੇਗਾ, ਜੋ ਤੁਹਾਡੇ ਸਾਹਮਣੇ ਖੜਾ ਹੈ, ਉਹ ਹੀ ਤਾਂ ਮੈਂ ਹਾਂ; ਪਰ ਤੁਸੀਂ ਤਾਂ ਇਸ ਸਰੀਰ ਨੂੰ ਮੇਰਾ ਕਹਿ ਚੁਕੇ ਹੋ, ਫਿਰ ਸਰੀਰ ਤੁਸੀਂ ਕਿਵੇਂ ਹੋ? ਅਸੀਂ ਤਾਂ ਸਰੀਰ ਨੂੰ ਹੀ ਮੈਂ ਮੰਨਦੇ ਹਾਂ ਅਤੇ ਇਸੇ ਰਾਹੀਂ ਹੀ ਸੰਸਾਰ ਵਿਚ ਵਿਚਰਦੇ ਹਾਂ। ਇਸ ਸਰੀਰ ਤੋਂ ਬਿਨਾ ਤਾਂ ਸਾਨੂੰ ਕਿਸੇ ਹੋਰ ਬਾਰੇ ਪਤਾ ਹੀ ਨਹੀਂ। ਸਾਰੇ ਹੀ ਸਬੰਧ ਸਰੀਰ ਕਰਕੇ ਹਨ ਅਤੇ ਸਰੀਰ ਰਾਹੀਂ ਹੀ ਸੰਸਾਰ ਨਾਲ ਜੁੜੇ ਹੋਏ ਹਾਂ। ਇਸ ਤੋਂ ਇਲਾਵਾ ਤਾਂ ਅਸੀਂ ਹੋਰ ਨੂੰ ਨਹੀਂ ਜਾਣਦੇ। ਇਸ ਤੋਂ ਬਿਨਾ ਮੇਰੀ ਹੋਰ ਕੋਈ ਪਛਾਣ ਹੀ ਨਹੀਂ ਹੈ। ਇਸੇ ਸਰੀਰ ਦਾ ਹੀ ਕੋਈ ਨਾਮ ਹੈ, ਇਸ ਸਰੀਰ ਕਰਕੇ ਹੀ ਮੇਰੀ ਪਛਾਣ ਹੈ। ਇਹ ਸਰੀਰ ਹੀ ਮੇਰੀ ਹੋਂਦ ਦਾ ਲਖਾਇਕ ਹੈ। ਇਸ ਤੋਂ ਬਿਨਾ ਤਾਂ ਮੇਰਾ ਹੋਣਾ ਕੋਈ ਅਰਥ ਨਹੀਂ ਰੱਖਦਾ। ਸੋ, ਜੋ ਵੀ ਸੰਸਾਰ ਵਿਚ ਪ੍ਰਾਪਤ ਕੀਤਾ ਹੈ, ਇਸੇ ਸਰੀਰ ਰਾਹੀਂ ਹੀ ਪ੍ਰਾਪਤ ਕੀਤਾ ਹੈ।
ਸਾਰੇ ਹੀ ਸਬੰਧ ਇਸ ਸਰੀਰ ਕਰਕੇ ਅਤੇ ਸਰੀਰ ਨਾਲ ਹੀ ਹਨ। ਸਰੀਰ ਖਤਮ ਹੋਣ ਨਾਲ ਸਭ ਕੁਝ ਖਤਮ ਹੋ ਜਾਂਦਾ ਹੈ। ਫਿਰ ਤੂੰ ਕੌਣ ਤੇ ਮੈਂ ਕੌਣ? ਸਭ ਕੁਝ ਇਥੇ ਹੀ ਧਰਿਆ ਧਰਾਇਆ ਰਹਿ ਜਾਂਦਾ ਹੈ। ਇਕ ਸੈਕੰਡ ਵਿਚ ਹੀ ਸਭ ਕੁਝ ਪਰਾਇਆ। ਭਾਵੇਂ ਧਨ ਪਦਾਰਥ ਦੇ ਕਿੱਡੇ ਵੀ ਵੱਡੇ ਅੰਬਾਰ ਖੜੇ ਕੀਤੇ ਹੋਣ, ਸਭ ਦੇਖਦੇ ਹੀ ਦੇਖਦੇ ਪਰਾਏ ਹੋ ਜਾਂਦੇ ਹਨ। ਕੋਈ ਜ਼ੋਰ ਨਹੀਂ, ਕੋਈ ਉਜਰ ਨਹੀਂ। ਜਿਨ੍ਹਾਂ ਨੂੰ ਮੇਰਾ ਕਹਿੰਦਾ ਸੀ, ਉਹ ਇਕ ਦਮ ਪਰਾਇਆ। ਕੀ ਪੁੱਤਰ, ਕੀ ਪਤਨੀ, ਸਾਰੇ ਸਕੇ ਸਬੰਧੀ ਸਭ ਕਹਿਣ ਲੱਗ ਪੈਂਦੇ ਹਨ ਕਿ ਇਸ ਨੂੰ ਜਲਦੀ ਹੀ ਸਮੇਟ ਦਿਓ ਨਹੀਂ ਤਾਂ ਮੁਸ਼ਕ ਮਾਰਨ ਲੱਗ ਜਾਵੇਗਾ।
ਕੀ ਇਹ ਹੀ ਮੈਂ ਸੀ? ਕੀ ਮੇਰੀ ਇਹ ਪਛਾਣ ਝੂਠੀ ਤਾਂ ਨਹੀਂ ਸੀ? ਜਿਨ੍ਹਾਂ ਨੂੰ ਮੈਂ ਆਪਣਾ ਸਮਝਦਾ ਰਿਹਾ, ਹੁਣ ਮੈਂ ਉਨ੍ਹਾਂ ਦਾ ਕੁਝ ਵੀ ਨਹੀਂ ਲਗਦਾ। ਕੀ ਤਬਦੀਲੀ ਆਈ ਗਈ ਕਿ ਹੁਣ ਸਭ ਕੁਝ ਬਦਲ ਗਿਆ। ਇਸ ਸਰੀਰ ਨੂੰ ਮੈਂ ਮੰਨ ਕੇ ਕੁਝ ਗਲਤ ਤਾਂ ਨਹੀਂ ਹੁੰਦਾ ਰਿਹਾ ਸੀ। ਇਸ ਨੂੰ ਅਤੇ ਇਸ ਦੇ ਸਬੰਧੀਆਂ ਨੂੰ ਖੁਸ਼ ਕਰਨ ਲਈ ਹੀ ਮੈਂ ਸਭ ਝੂਠ, ਤੁਫਾਨ ਕਿਉਂ ਬੋਲਦਾ ਰਿਹਾ? ਇਨ੍ਹਾਂ ਨੂੰ ਖੁਸ਼ ਕਰਨ ਲਈ ਕੀ ਕੀ ਨਹੀਂ ਕੀਤਾ? ਉਹ ਸਭ ਕੁਝ ਮੁੱਠੀ ‘ਚੋਂ ਰੇਤ ਵਾਂਗ ਕਿਉਂ ਕਿਰ ਗਿਆ? ਵੱਡੇ ਵੱਡੇ ਅੰਬਾਰ ਅਤੇ ਅਡੰਬਰ ਖੜੇ ਕੀਤੇ, ਉਹ ਇਕ ਪਲ ਵਿਚ ਹੀ ਪਰਾਏ ਹੋ ਗਏ। ਪਲ ਵਿਚ ਹੀ ਉਨ੍ਹਾਂ ਦੇ ਨਵੇਂ ਮਾਲਕ ਖੜੇ ਹੋ ਗਏ। ਕੀ ਇਹ ਮੇਰਾ ਹੰਕਾਰ ਤਾਂ ਨਹੀਂ ਸੀ, ਜਿਸ ਦੀ ਪੂਰਤੀ ਲਈ ਮਰਦਾ ਖਪਦਾ ਰਿਹਾ? ਪਤਾ ਨਹੀਂ ਕਿੰਨੇ ਗੁਨਾਹ ਅਤੇ ਪਾਪ ਇਹ ਸਭ ਕੁਝ ਇੱਕਠਾ ਕਰਨ ਲਈ ਕੀਤੇ। ਕਿੰਨੀ ਕੁ ਬੇਇਨਸਾਫੀਆਂ ਅਤੇ ਧੱਕੇ ਕੀਤੇ।
ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦੇ ਸਵੱਯੇ ਵਿਚ ਫੁਰਮਾਉਂਦੇ ਹਨ,
ਮਾਨਵ ਇੰਦ੍ਰ ਗਜਿੰਦ੍ਰ ਨਰਾਧਪ
ਜੌਨ ਤ੍ਰਿਲੋਕ ਕੋ ਰਾਜ ਕਰੈਂਗੇ॥
ਕੋਟਿ ਇਸ਼ਨਾਨ ਗਜਾਦਿਕ ਦਾਨ
ਅਨੇਕ ਸੁਅੰਬਰ ਸਾਜ਼ ਬਰੈਂਗੇ॥
ਬ੍ਰਹਮ ਮਹੇਸਰ ਬਿਸ਼ਨ ਸਚੀਪਤਿ
ਅੰਤ ਫਸੇ ਜਮ ਫਾਸ ਪਰੈਂਗੇ॥
ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ
ਪਗ ਤੇ ਨਰ ਫੇਰ ਨਾ ਦੇਹ ਧਰੈਂਗੇ॥੨੮॥
ਭਾਵ ਇਸ ਸਰੀਰ ਨੂੰ ਹੀ ਮੈਂ ਮੰਨ ਕੇ ਹੰਕਾਰ ਵੱਸ ਹੋ ਕੇ ਜੋ ਜੋ ਅਡੰਬਰ ਖੜੇ ਕੀਤੇ, ਉਨ੍ਹਾਂ ਨਾਲ ਹੰਕਾਰ ਦੀ ਪੂਰਤੀ ਤਾਂ ਹੁੰਦੀ ਰਹੀ, ਪਰ ਜੋ ਕਰਨਾ ਸੀ, ਜੋ ਸਮਝਣਾ ਸੀ, ਉਹ ਨਹੀਂ ਹੋ ਸਕਿਆ। ਇਸ ਸਰੀਰ ਵਿਚ ਜੋ ਵਸਦਾ ਸੀ, ਜਿਸ ਕਰਕੇ ਮੈਂ/ਮੇਰੀ ਦਾ ਜੰਜਾਲ ਖੜਾ ਕੀਤਾ, ਉਹ ਕਿਸ ਕੰਮ ਆਇਆ! ਇਸ ਸੰਸਾਰ ਦਾ ਪਰਛਾਵਾਂ ਜੋ ਮਨ ਅਤੇ ਬੁੱਧੀ ਰਾਹੀਂ ਬਣਦਾ ਰਿਹਾ, ਉਸ ਨੂੰ ਹੀ ਅਸਲੀ ਸੰਸਾਰ ਸਮਝਦਾ ਰਿਹਾ। ਦੇਖੋ, ਜਿਸ ਨਾਲ ਸਾਡਾ ਸਬੰਧ ਨਹੀਂ ਹੈ, ਉਸ ਬਾਰੇ ਅਸੀਂ ਭਾਵੁਕ ਨਹੀਂ ਹੁੰਦੇ, ਭਾਵੇਂ ਸਾਡੇ ਸਾਹਮਣੇ ਹੀ ਕੋਈ ਵੱਡਾ ਹਾਦਸਾ ਵੀ ਕਿਉਂ ਨਾ ਹੋਇਆ ਹੋਵੇ, ਪਰ ਜੇ ਸਾਡੇ ਨਾਲ ਸਬੰਧਿਤ ਨਹੀਂ ਤਾਂ ਘੱਟ ਹੀ ਪੀੜ ਲਗਦੀ ਹੈ। ਜੇ ਆਪਣੇ ਕਿਸੇ ਸਬੰਧੀ ਬਾਰੇ ਕੋਈ ਅਫਵਾਹ ਹੀ ਸੁਣ ਲਈਏ ਤਾਂ ਜਾਨ ਹੀ ਨਿਕਲ ਜਾਂਦੀ ਹੈ। ਇਹ ਮੋਹ, ਮਮਤਾ ਆਪਣਾ-ਪਰਾਇਆ ਸਭ ਹੰਕਾਰ ਕਰਕੇ ਮਹਿਸੂਸ ਹੁੰਦਾ ਹੈ। ਇਹ ਆਸਕਤੀ ਜਾਂ ਲਗਾਓ ਕਰਕੇ ਹੀ ਕੋਈ ਆਪਣਾ, ਪਰਾਇਆ ਅਤੇ ਚੰਗਾ ਜਾਂ ਬੁਰਾ ਲਗਦਾ ਹੈ। ਇਸ ਸੰਸਾਰ ਦਾ ਪਰਛਾਂਵਾਂ ਜੋ ਅੰਦਰ ਬਣਿਆ ਹੈ, ਉਹ ਹੀ ਸੰਸਾਰ ਪ੍ਰਤੀਤ ਹੁੰਦਾ ਹੈ। ਬਾਕੀ ਦੇ ਸੰਸਾਰ ਨਾਲ ਵਿਅਕਤੀ ਦਾ ਕੋਈ ਸਬੰਧ ਜਾਂ ਲਗਾਓ ਨਹੀਂ ਹੁੰਦਾ।
ਹੁਣ ਉਲਝਣ ਇਹ ਖੜੀ ਹੋ ਗਈ ਕਿ ਮੈਂ ਕੌਣ ਹਾਂ? ਸਰੀਰ ਮੈਂ ਹਾਂ, ਜਾਂ ਕੋਈ ਹੋਰ। ਕੌਣ ਹੈ, ਜੋ ਮੇਰਾ ਕਹਿ ਰਿਹਾ ਹੈ? ਉਸ ਦੀ ਪਛਾਣ ਕੀ ਹੈ? ਇਹ ਮੈਂ ਜਾਂ ਹਉਮੈ ਕੀ ਹੈ? ਇਹ ਕਿਵੇਂ ਅਤੇ ਕਿਥੋਂ ਪੈਦਾ ਹੁੰਦੀ ਹੈ? ਮਨੁੱਖ ਸੰਸਾਰ ਵਿਚ ਕਿਵੇਂ ਫਸਦਾ ਹੈ? ਇਸ ਤੋਂ ਮੁਕਤ ਹੋਣ ਦਾ ਕੀ ਢੰਗ ਜਾਂ ਸਾਧਨ ਹੈ? ਇਸ ਦਾ ਉਤਰ ਗੁਰੂ ਅੰਗਦ ਦੇਵ ਜੀ ਦੇ ਰਹੇ ਹਨ,
ਮਹਲਾ ੨
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ॥
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ॥
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ॥
ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸੁ ਮਾਹਿ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥੨॥
ਇਸ ਸਰੀਰ ਵਿਚ ਜੋ ਆਤਮਾ ਹੈ, ਉਹ ਪਰਮਾਤਮਾ ਰੂਪੀ ਨੂਰ ਦਾ ਕਿਣਕਾ ਮਾਤਰ ਹੀ ਹੈ। ਜੋ ਸਰੀਰ ਵਿਚ ਵਸਦਾ ਹੈ, ਇਸੇ ਕਾਰਨ ਹੀ ਵਿਅਕਤੀ ਨੂੰ ਪੁਰਸ਼ ਕਿਹਾ ਹੈ। ਭਾਵ ਸਰੀਰ ਰੂਪੀ ਪੁਰੀ ਵਿਚ ਵੱਸਣ ਵਾਲਾ। ਇਸੇ ਨੂਰ ਦੇ ਕਿਣਕੇ ਕਾਰਨ ਇਹ ਸਥੂਲ ਸਰੀਰ ਸੰਸਾਰ ਨਾਲ ਜੁੜਦਾ ਹੈ ਅਤੇ ਇਸ ਵਿਚ ਪ੍ਰਵਿਰਤ ਹੁੰਦਾ ਹੈ ਅਤੇ ਕਰਮ ਕਰਦਾ ਹੈ। ਜਦੋਂ ਇਹ ਆਤਮਾ ਸਰੀਰ ਤੋਂ ਵੱਖ ਹੋ ਜਾਂਦੀ ਹੈ ਤਾਂ ਇਹ ਸਰੀਰ ਕੋਈ ਵੀ ਹਰਕਤ ਨਹੀਂ ਕਰ ਸਕਦਾ। ਜਦੋਂ ਇਹ ਆਤਮਾ ਬੁੱਧੀ ਅਤੇ ਮਨ ਦਾ ਸੰਗ ਕਰਕੇ ਇਨ੍ਹਾਂ ਨੂੰ ਕ੍ਰਿਆਸ਼ੀਲ ਕਰਦੀ ਹੈ ਤਾਂ ਹੀ ਇਹ ਸਰੀਰ ਹਰਕਤ ਵਿਚ ਆਉਂਦਾ ਹੈ ਤੇ ਸਾਰੀਆਂ ਇੰਦਰੀਆਂ ਆਪੋ ਆਪਣੇ ਕੰਮ ਕਰਨ ਲੱਗ ਪੈਂਦੀਆਂ ਹਨ। ਪੁਰਸ਼ ਅਤੇ ਪ੍ਰਕਿਰਤੀ ਦੇ ਸੰਜੋਗ ਤੋਂ ਹੀ ਵਿਅਕਤੀ ਪ੍ਰਗਟ ਹੁੰਦਾ ਹੈ। ਪੰਜ ਤੱਤਾਂ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ ਅਤੇ ਇਨ੍ਹਾਂ ਦਾ ਕਾਰਨ ਮਨ, ਬੁੱਧੀ ਤੋਂ ਬਣਿਆ ਇਹ ਸਰੀਰ ਹੀ ਆਤਮਾ ਦਾ ਘਰ ਹੈ। ਇਸੇ ਤੋਂ ਹੀ ਸ਼ਕਤੀ ਪ੍ਰਾਪਤ ਕਰ ਕੇ ਇਹ ਸਰੀਰ ਸੰਸਾਰ ਵਿਚ ਵਿਚਾਰਦਾ ਅਤੇ ਕਰਮ ਕਰਦਾ ਹੈ।
ਸੋ, ਜੇ ਵਿਅਕਤੀ ਆਪਣੇ ਆਪ ਸਰੀਰ ਮੰਨ ਕੇ ਕਰਮ ਕਰਦਾ ਹੈ ਤਾਂ ਇਹ ਹੰਕਾਰ ਹੈ, ਪਰ ਜੇ ਉਸ ਨੂੰ ਸਮਝ ਆ ਜਾਵੇ ਅਤੇ ਗੁਰੂ ਦੀ ਮੱਤ ਲੈ ਕੇ ਆਪਣੇ ਆਪ ਨੂੰ ਜਾਣ ਲਵੇ ਕਿ ਮੈਂ ਸਰੀਰ ਰਾਹੀਂ ਸਗੋਂ ਆਤਮਾ ਹਾਂ, ਜੋ ਪਰਮਾਤਮਾ ਦੀ ਅੰਸ਼ ਅਤੇ ਉਸ ਦਾ ਹੀ ਰੂਪ ਹੈ ਤਾਂ ਇਸ ਦਾ ਸੰਸਾਰ ਵਿਚ ਆਉਣਾ ਸਫਲ ਹੋ ਜਾਂਦਾ ਹੈ। ਇਹ ਆਪਣੀ ਅਸਲ ਹੋਂਦ ਨੂੰ ਸਮਝ ਲਵੇ ਤਾਂ ਇਹੋ ਹਉਮੈ ਰੂਪੀ ਰੋਗ ਹੀ ਦਾਰੂ ਬਣ ਜਾਂਦਾ ਹੈ। ਇਸੇ ਬਾਹਰੀ ਹੋਂਦ ਜਾਂ ਅਸਤਿਤਵ ਨੂੰ ਹੀ ਜੇ ਭਰਮਿਆ ਹੋਇਆ ਆਪਣੇ ਆਪ ਨੂੰ ਸਰੀਰ ਹੀ ਸਮਝਦਾ ਹੈ ਤਾਂ ਇਹ ਰੋਗ ਹੈ, ਜੇ ਆਪਣੇ ਅਸਲ ਰੂਪ ਨੂੰ ਪਛਾਣ ਲੈਂਦਾ ਹੈ ਤਾਂ ਇਹ ਹੀ ਦਵਾ ਬਣ ਜਾਂਦੀ ਹੈ ਅਤੇ ਮੁਕਤੀ ਰੂਪੀ ਫਲ ਨੂੰ ਪ੍ਰਾਪਤ ਕਰ ਲੈਂਦਾ ਹੈ।
ਜੋ ਵੀ ਅਸੀਂ ਕਿਸੇ ਵੀ ਘਟਨਾ, ਪਦਾਰਥ ਜਾਂ ਵਿਅਕਤੀ ਬਾਰੇ ਸਮਝ ਬਣਾਉਂਦੇ ਹਾਂ, ਉਸ ਨੂੰ ਜਾਣਕਾਰੀ ਜਾਂ ਸਮਝ ਨੂੰ ਗਿਆਨ ਕਿਹਾ ਗਿਆ ਹੈ। ਇਹ ਸਹੀ ਵੀ ਹੋ ਸਕਦੀ ਹੈ ਜਾਂ ਗਲਤ ਵੀ ਹੋ ਸਕਦੀ ਹੈ, ਪਰ ਉਸ ਦੇ ਸਹੀ ਹੋਣ ਦੀ ਜ਼ਿਦ ਬਹੁਤ ਬਾਰੀਕ ਕਿਸਮ ਦਾ ਹੰਕਾਰ ਹੈ। ਇਸ ਦੀ ਵਿਅਕਤੀ ਨੂੰ ਸਮਝ ਨਹੀਂ ਆਉਦੀ ਅਤੇ ਇਸ ਤੋਂ ਛੁਟਣਾ ਕਿਸੇ ਸੂਰਬੀਰ ਦੇ ਹਿੱਸੇ ਹੀ ਆਉਂਦਾ ਹੈ। ਇਹ ਸਭ ਤੋਂ ਬਲਵਾਨ ਅਤੇ ਸੂਖਮ ਬੰਧਨ ਹੈ। ਇਸ ਤੋਂ ਜੋ ਮੁਕਤ ਹੋ ਗਿਆ, ਉਹ ਹੀ ਨਿਰਵਾਨ ਪਦ ਦਾ ਅਧਿਕਾਰੀ ਹੈ। ਉਹ ਮੁਕਤ ਪੁਰਸ਼ ਹੀ ‘ਅਹੰ ਬ੍ਰਹਮੰ ਅਸਮੀਂ’ ਕਹਿਣ ਦਾ ਹੱਕਦਾਰ ਹੈ। ਜਿਵੇਂ ਮਨਸੂਰ, ਜੋ ਅਨ ਅਲ ਹੱਕ ਦਾ ਐਲਾਨ ਕਰਦਾ ਸੀ, ਨੇ ਸਿਰ ਲੱਥਣ ਪਿਛੋਂ ਹੀ ਪੂਰਾ ਕਲਮਾ ਪੜ੍ਹਿਆ ਸੀ। ਇਸੇ ਅਵਸਥਾ ਵਿਚ ਹੀ ਸਥਿੱਤ ਹੋ ਕੇ ਸ੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ ਕਿ ਤੂੰ ਸਾਰੀਆਂ ਕਾਮਨਾਵਾਂ, ਕਰਮਾਂ ਦੇ ਫਲ ਤਿਆਗ ਕਰਕੇ ਅਤੇ ਆਸਰੇ ਛੱਡ ਕੇ ਮੇਰੀ ਸ਼ਰਣ ਆ, ਮੈਂ ਤੇਰੀ ਰਖਿਆ ਕਰਾਂਗਾ ਤੇ ਤੈਨੂੰ ਮੁਕਤ ਕਰ ਦੇਵਾਂਗਾ। ਸੋ, ਹੁਣ ਇਸ ਵਿਸ਼ੇ ਨੂੰ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੁਖਮਨੀ ਸਾਹਿਬ ਦੀ ਨੌਂਵੀਂ ਅਸ਼ਟਪਦੀ ਦੀ ਪਉੜੀ ਨਾਲ ਸਮੇਟਦੇ ਹਾਂ,
ਸੋ ਪੰਡਿਤੁ ਜੋ ਮਨੁ ਪਰਬੋਧੈ॥
ਰਾਮ ਨਾਮੁ ਆਤਮ ਮਹਿ ਸੋਧੈ॥
ਰਾਮ ਨਾਮ ਸਾਰੁ ਰਸੁ ਪੀਵੈ॥
ਉਸ ਪੰਡਿਤ ਕੈ ਉਪਦੇਸਿ ਜਗੁ ਜੀਵੈ॥
ਹਰਿ ਕੀ ਕਥਾ ਹਿਰਦੈ ਬਸਾਵੈ॥
ਸੋ ਪੰਡਿਤੁ ਫਿਰਿ ਜੋਨਿ ਨ ਆਵੈ॥
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ॥
ਸੂਖਮ ਮਹਿ ਜਾਨੈ ਅਸਥੂਲ॥
ਚਹੁ ਵਰਨਾ ਕਉ ਦੇ ਉਪਦੇਸੁ॥
ਨਾਨਕ ਉਸ ਪੰਡਿਤ ਕਉ ਸਦਾ ਅਦੇਸੁ॥੪॥