ਲੰਗੜਾ ਬਘਿਆੜ

ਵਿਜੇਦਾਨ ਦੇਥਾ (ਪਹਿਲੀ ਸਤੰਬਰ 1926-10 ਨਵੰਬਰ 2013) ਰਾਜਸਥਾਨੀ ਲੋਕਧਾਰਾ ਦਾ ਅਹਿਮ ਨਾਂ ਹੈ। ਉਹਨੇ ਰਾਜਸਥਾਨੀ ਲੋਕ ਕਹਾਣੀ ਇਕੱਠੀਆਂ ਕੀਤੀਆਂ ਅਤੇ ਖੁਦ ਮੌਲਿਕ ਕਹਾਣੀ ਦੀ ਰਚਨਾ ਵੀ ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਉਸ ਦੀਆਂ ਇਕੱਠੀਆਂ ਕੀਤੀਆਂ ਰਾਜਸਥਾਨੀ ਲੋਕ ਕਹਾਣੀਆਂ ਨੂੰ ਪੰਜਾਬੀ ਰੂਪ ਦਿੱਤਾ ਹੈ। ਇਸ ਵਾਰ ‘ਲੰਗੜਾ ਬਘਿਆੜ’ ਨਾਂ ਦੀ ਲੋਕ ਕਹਾਣੀ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।

-ਸੰਪਾਦਕ

ਵਿਜੇਦਾਨ ਦੇਥਾ
ਅਨੁਵਾਦ: ਡਾ. ਹਰਪਾਲ ਸਿੰਘ ਪੰਨੂ
ਫੋਨ: +91-94642 51454

ਵਿਜੇਦਾਨ ਦੇਥਾ (ਪਹਿਲੀ ਸਤੰਬਰ 1926-10 ਨਵੰਬਰ 2013) ਰਾਜਸਥਾਨੀ ਲੋਕਧਾਰਾ ਦਾ ਅਹਿਮ ਨਾਂ ਹੈ। ਉਹਨੇ ਰਾਜਸਥਾਨੀ ਲੋਕ ਕਹਾਣੀ ਇਕੱਠੀਆਂ ਕੀਤੀਆਂ ਅਤੇ ਖੁਦ ਮੌਲਿਕ ਕਹਾਣੀ ਦੀ ਰਚਨਾ ਵੀ ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਉਸ ਦੀਆਂ ਇਕੱਠੀਆਂ ਕੀਤੀਆਂ ਰਾਜਸਥਾਨੀ ਲੋਕ ਕਹਾਣੀਆਂ ਨੂੰ ਪੰਜਾਬੀ ਰੂਪ ਦਿੱਤਾ ਹੈ। ਇਸ ਵਾਰ ‘ਲੰਗੜਾ ਬਘਿਆੜ’ ਨਾਂ ਦੀ ਲੋਕ ਕਹਾਣੀ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। -ਸੰਪਾਦਕ
ਇੱਕ ਸੀ ਹਿਰਨੀ। ਉਸ ਦੇ ਨਿੱਕੇ-ਨਿੱਕੇ ਚਾਰ ਬੱਚੇ ਸਨ। ਸਰੀਰ ਭਾਰੀ ਹੋਣ ਕਰ ਕੇ ਚਰਦੀ-ਚਰਦੀ ਥੱਕ ਜਾਂਦੀ, ਰਸਤੇ ‘ਚ ਸੌਂ ਜਾਂਦੀ। ਇੱਕ ਦਿਨ ਕਿਸਾਨ ਘਾਹ ਫੂਸ ਦਾ ਗੱਡਾ ਲਈ ਆ ਰਿਹਾ ਸੀ ਕਿ ਰਸਤੇ ‘ਚ ਲੇਟੀ ਹਿਰਨੀ ਨੂੰ ਬੋਲਿਆ-ਹਿਰਨੀ ਹਿਰਨੀ! ਪਰ੍ਹੇ ਹਟ ਜਾ। ਮੇਰੇ ਬਲਦ ਮਾਰ ਖੰਡਾਹੇ ਨੇ। ਜੇ ਤੇਰੇ ਸਿੰਗ ਮਾਰਿਆ, ਮੈਨੂੰ ਪਾਪ ਲੱਗੇਗਾ। ਹਿਰਨੀ ਲੇਟੀ-ਲੇਟੀ ਬੋਲੀ-ਗੱਡੇ ਵਾਲੇ ਭਰਾ! ਮੇਰੇ ਨਿੱਕੇ-ਨਿੱਕੇ ਬੱਚੇ ਨੇ। ਜੇ ਠੰਢ ਲੱਗ ਗਈ, ਮਰ ਜਾਣਗੇ। ਸੁੰਨੀ ਥਾਂ ‘ਚ ਜੰਗਲੀ ਜਾਨਵਰ ਖਾ ਜਾਣਗੇ। ਆਹ ਘਾਹ ਫੂਸ ਦਾ ਗੱਡਾ ਇੱਥੇ ਸਿਟ ਜਾ, ਮੈਂ ਝੌਂਪੜੀ ਬਣਾ ਲਵਾਂਗੀ। ਤੇਰੀ ਹਿਰਨੀ ਭੈਣ ਤੈਨੂੰ ਅਸੀਸਾਂ ਦਿਉਗੀ, ਤੇਰਾ ਬੰਸ ਵਧੇ, ਤੇਰੀ ਖੇਤੀਬਾੜੀ ਵਧੇ ਫੁੱਲੇ।
ਹਿਰਨੀ, ਉਹ ਵੀ ਵਿਚਾਰੀ ਠੰਢ ਵਿਚ ਕੰਬਦੀ, ਬਚਿਆਂ ਲਈ ਵਾਸਤਾ ਪਾਉਂਦੀ…। ਗਰੀਬ ਜਾਨਵਰ ਦੀ ਮਿੰਨਤ ਸੁਣ ਕੇ ਕਿਸਾਨ ਨੂੰ ਤਰਸ ਆ ਗਿਆ। ਜਿੱਥੇ ਹਿਰਨੀ ਨੇ ਕਿਹਾ, ਕਿਸਾਨ ਨੇ ਉਥੇ ਹੀ ਗੱਡਾ ਢੇਰੀ ਕਰ ਦਿੱਤਾ। ਹਿਰਨੀ ਨੇ ਘਾਹ ਦੀ ਝੌਂਪੜੀ ਬਣਾਈ, ਥੱਕ ਕੇ ਝੌਂਪੜੀ ਸਾਹਮਣੇ ਖਲੋਤੇ ਕੇਸਰ ਦੇ ਰੁੱਖ ਹੇਠ ਆਰਾਮ ਕਰਨ ਲੇਟ ਗਈ। ਬੂਹੇ ਬਾਰੀਆਂ ਨਾਲ ਲੱਦਿਆ ਹੋਇਆ ਮਿਸਤਰੀ ਦਾ ਗੱਡਾ ਆਇਆ। ਰਸਤੇ ਵਿਚਕਾਰ ਹਿਰਨੀ ਸੁੱਤੀ ਦੇਖ ਕੇ ਗੱਡਾ ਰੋਕਿਆ, ਬੋਲਿਆ-ਹਿਰਨੀ ਹਿਰਨੀ! ਪਰ੍ਹੇ ਹਟ ਜਾ। ਮੇਰੇ ਬਲਦ ਮਾਰ ਖੰਡਾਹੇ ਨੇ। ਸਿੰਗ ਮਾਰ ਦਿੱਤਾ ਤਾਂ ਮੈਨੂੰ ਪਾਪ ਲੱਗੂਗਾ।
ਹਿਰਨੀ ਲੇਟੀ-ਲੇਟੀ ਬੋਲੀ-ਗੱਡੇ ਵਾਲੇ ਵੀਰ, ਗੱਡੇ ਵਾਲੇ ਵੀਰ! ਮੇਰੇ ਬੱਚੇ ਠੰਢ ਵਿਚ ਕੰਬੀ ਜਾਂਦੇ ਨੇ। ਇੱਕ ਚੁਗਾਠ, ਦਰਵਾਜ਼ਿਆਂ ਦੀ ਇੱਕ ਜੋੜੀ ਮੈਨੂੰ ਦੇ ਜਾ। ਹਿਰਨੀ ਭੈਣ ਤੈਨੂੰ ਅਸੀਸ ਦੇਊਗੀ। ਤੇਰਾ ਬੰਸ ਵਧੇ, ਤੇਰਾ ਕਾਰੋਬਾਰ ਵਧੇ।
ਵਿਚਾਰੀ ਹਿਰਨੀ! ਉਹ ਵੀ ਨਿੱਕੇ-ਨਿੱਕੇ ਬੱਚਿਆਂ ਦੀ ਮਾਂ। ਮਿਸਤਰੀ ਦੇ ਦਿਲ ਵਿਚ ਤਰਸ ਆਉਣਾ ਹੀ ਸੀ। ਉਸ ਨੇ ਚੁਗਾਠ ਅਤੇ ਪੱਲੇ ਝੌਂਪੜੀ ਅੱਗੇ ਉਤਾਰ ਦਿੱਤੇ। ਦਰਵਾਜ਼ੇ ਫਿੱਟ ਕਰ ਕੇ ਅਗਲੇ ਦਿਨ ਹਿਰਨੀ ਫਿਰ ਰਸਤੇ ਵਿਚ ਲੇਟ ਗਈ। ਗੁੜ ਅਤੇ ਚੌਲਾਂ ਨਾਲ ਭਰਿਆ ਗੱਡਾ ਆ ਗਿਆ। ਰਸਤੇ ਵਿਚ ਹਿਰਨੀ ਪਈ ਦੇਖੀ। ਉਚੀ ਅਵਾਜ਼ ਵਿਚ ਕਿਹਾ-ਹਿਰਨੀਏਂ, ਹਿਰਨੀਏਂ! ਪਰ੍ਹੇ ਹਟ ਜਾਹ। ਮੇਰੇ ਬਲਦ ਮਾਰ ਖੰਡਾਹੇ ਨੇ, ਸਿੰਗ ਮਾਰ ਦਿੱਤਾ ਤਾਂ ਮੈਨੂੰ ਪਾਪ ਲੱਗੂ।
ਲੇਟੀ-ਲੇਟੀ ਹਿਰਨੀ ਬੋਲੀ-ਗੱਡੇ ਵਾਲੇ ਭਾਈ! ਮੈਂ ਨਿੱਕੇ-ਨਿੱਕੇ ਬੱਚਿਆਂ ਦੀ ਮਾਂ ਹਾਂ। ਘਾਹ ਵਾਲਾ ਘਾਹ ਦੇ ਗਿਆ, ਦਰਵਾਜ਼ਿਆਂ ਵਾਲਾ ਦਰਵਾਜ਼ੇ। ਕੰਧਾਂ ਲਿੱਪਣ ਵਾਸਤੇ ਮੈਨੂੰ ਗੁੜ ਤੇ ਚੌਲ ਚਾਹੀਦੇ ਨੇ, ਇੱਕ ਗੱਡਾ ਮੇਰੇ ਵਾਸਤੇ ਦਾਨ ਕਰ ਦੇ। ਤੇਰੀ ਹਿਰਨੀ ਭੈਣ ਤੇਰੇ ਗੁਣ ਗਾਊਗੀ, ਅਸੀਸ ਦੇਊਗੀ, ਤੇਰਾ ਬੰਸ ਵਧੇ, ਕਾਰੋਬਾਰ ਚੱਲੇ।
ਹਿਰਨੀ, ਉਹ ਵੀ ਠੰਢ ਵਿਚ ਕੰਬਦੀ! ਗੱਡੇ ਵਾਲੇ ਨੂੰ ਗਰੀਬ ਜਾਨਵਰ ਉਪਰ ਤਰਸ ਆ ਗਿਆ। ਉਸ ਨੇ ਝੌਂਪੜੀ ਸਾਹਮਣੇ ਇੱਕ ਢੇਰ ਗੁੜ ਦਾ, ਤੇ ਦੂਜਾ ਚੌਲਾਂ ਦਾ ਲਾ ਦਿੱਤਾ। ਹਿਰਨੀ ਨੇ ਗੁੜ ਨਾਲ ਝੌਂਪੜੀ ਲਿੱਪ ਦਿੱਤੀ ਤੇ ਚੌਲਾਂ ਨਾਲ ਚਿਤਰ ਦਿੱਤੀ। ਫਿਰ ਹਿਰਨੀ ਝੌਂਪੜੀ ਸਾਹਮਣੇ ਰਸਤੇ ਉਪਰ ਲੇਟ ਗਈ। ਐਤਕਾਂ ਸੇਠ ਗੱਡਾ ਲਈ ਆ ਰਿਹਾ ਸੀ ਜਿਸ ਵਿਚ ਆਟਾ, ਖੰਡ, ਘਿਉ, ਗੂੰਦ, ਜਵੈਣ, ਸੁੰਢ ਵਗੈਰਾ ਸਮਾਨ ਭਰਿਆ ਹੋਇਆ। ਰਸਤੇ ਵਿਚ ਹਿਰਨੀ ਲੇਟੀ ਦੇਖੀ ਤਾਂ ਪੁਚਕਾਰ ਕੇ ਬਲਦ ਰੋਕ ਲਏ। ਕਿਹਾ-ਹਿਰਨੀ ਹਿਰਨੀ! ਦੂਰ ਹੋਜਾ। ਪਰ੍ਹੇ ਹਟ ਜਾ। ਮੇਰੇ ਬਲਦ ਗੁਸੈਲੇ ਨੇ। ਸਿੰਗ ਮਾਰ ਦਿੱਤੇ ਤਾਂ ਮਰ ਜਾਏਂਗੀ, ਮੈਨੂੰ ਪਾਪ ਲੱਗੂਗਾ।
ਲੇਟੀ-ਲੇਟੀ ਹਿਰਨੀ ਬੋਲੀ-ਗੱਡੀਵਾਨ ਗੱਡੀਵਾਨ! ਮੈਂ ਨਿੱਕੇ-ਨਿੱਕੇ ਬੱਚਿਆਂ ਦੀ ਮਾਂ ਹਾਂ, ਮੇਰੇ ਬੱਚੇ ਠੰਢ ਨਾਲ ਕੰਬਦੇ ਨੇ। ਘਾਹ ਵਾਲਾ ਘਾਹ ਦੇ ਗਿਆ, ਝੌਂਪੜੀ ਬਣਾ ਲਈ। ਦਰਵਾਜ਼ਿਆਂ ਵਾਲਾ ਦਰਵਾਜ਼ਾ ਦੇ ਗਿਆ, ਮੈਂ ਦਰਵਾਜ਼ੇ ਜੜ ਦਿੱਤੇ। ਫਿਰ ਗੁੜ ਚੌਲਾਂ ਵਾਲਾ ਆਇਆ, ਗੁੜ ਚੌਲ ਦੇ ਗਿਆ, ਮੈਂ ਝੌਂਪੜੀ ਲਿੱਪ ਲਈ। ਮੈਨੂੰ ਪੰਜੀਰੀ ਵਾਸਤੇ ਵੀ ਤਾਂ ਸਮਾਨ ਚਾਹੀਦੈ। ਤੇਰੀ ਹਿਰਨੀ ਭੈਣ, ਤੇ ਤੇਰੇ ਭਾਣਜੇ ਤੇਰੇ ਗੁਣ ਗਾਇਆ ਕਰਨਗੇ। ਤੇਰਾ ਬੰਸ ਵਧੇਗਾ, ਬਰਕਤਾਂ ਹੋਣਗੀਆਂ।
ਹਿਰਨੀ! ਉਹ ਵੀ ਨਿੱਕੇ ਬਚਿਆਂ ਦੀ ਮਾਂ! ਸੇਠ ਨੂੰ ਤਰਸ ਆਉਣਾ ਹੀ ਸੀ। ਉਸ ਨੇ ਸਾਰਾ ਮਾਲ-ਪੱਤਾ ਝੌਂਪੜੀ ਸਾਹਮਣੇ ਢੇਰੀ ਕਰ ਦਿੱਤਾ। ਹਿਰਨੀ ਨੇ ਬੇਅੰਤ ਅਸੀਸਾਂ ਦਿੱਤੀਆਂ। ਪੰਜੀਰੀ ਦਾ ਸਾਮਾਨ ਅੰਦਰ ਧਰ ਲਿਆ। ਚਾਰ ਬਹੁਤ ਸੁਹਣੇ ਬੱਚੇ ਸਨ। ਸਮੇਂ ਸਿਰ ਪੰਜੀਰੀ ਖਾਂਦੀ, ਸਮੇਂ ਸਿਰ ਬੱਚਿਆਂ ਨੂੰ ਦੁੱਧ ਚੁੰਘਾਉਂਦੀ। ਨਹਾ-ਧੋ ਕੇ, ਸੂਰਜ ਨੂੰ ਮੱਥਾ ਟੇਕ ਕੇ ਉਹ ਬਾਹਰ ਨਿਕਲੀ। ਜੰਗਲ ਵਿਚ ਘਾਹ ਚਰਨ ਵੀ ਤਾਂ ਜਾਣਾ ਹੁੰਦੈ। ਜਾਂਦੀ ਹੋਈ ਬੱਚਿਆਂ ਨੂੰ ਪੂਰੇ ਚੌਕਸ ਕਰ ਕੇ ਜਾਂਦੀ ਕਿ ਦਰਵਾਜ਼ਾ ਅੰਦਰਲੀ ਅਰਲੀ ਲਾ ਕੇ ਬੰਦ ਕਰਨੈ। ਘਾਹ ਚਰ ਕੇ, ਰੱਜ ਪੁੱਜ ਕੇ ਸ਼ਾਮ ਨੂੰ ਵਾਪਸ ਆਉਂਦੀ। ਝੌਂਪੜੀ ਦੇ ਬਾਹਰ ਖੜ੍ਹੀ ਹੋ ਕੇ ਅਵਾਜ਼ ਮਾਰਦੀ:
ਗੁੜ ਲਿੱਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥
ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥
ਇਹ ਬੋਲ ਸੁਣਨ ਸਾਰ ਬੱਚੇ ਅੰਦਰ ਲੱਗੀ ਹੋਈ ਅਰਲੀ ਪਰ੍ਹੇ ਹਟਾ ਕੇ ਦਰਵਾਜ਼ਾ ਖੋਲ੍ਹ ਦਿੰਦੇ। ਅੰਦਰ ਆਉਂਦੀ, ਚਾਰੇ ਬੱਚੇ ਮਾਂ ਨੂੰ ਘੇਰ ਲੈਂਦੇ, ਲਿਪਟ-ਲਿਪਟ ਜਾਂਦੇ। ਬੇਅੰਤ ਖ਼ੁਸ਼ ਹੋ ਕੇ ਮਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀ।
ਉਸ ਜੰਗਲ ਵਿਚ ਲੰਗੜਾ ਬਘਿਆੜ ਰਹਿੰਦਾ ਸੀ। ਉਸ ਦਾ ਜੀਅ ਕਰਦਾ ਰਹਿੰਦਾ, ਨਿੱਕੇ-ਨਿੱਕੇ ਬੱਚਿਆਂ ਦਾ ਨਰਮ-ਨਰਮ ਮਾਸ ਖਾਵਾਂ। ਹਿਰਨੀ ਦੇ ਚਾਰੇ ਬੱਚਿਆਂ ਉਪਰ ਉਸ ਦੀ ਅੱਖ ਸੀ। ਇੱਕ ਦਿਨ ਝੌਂਪੜੀ ਸਾਹਮਣੇ ਖਲੋ ਕੇ ਉਸ ਨੇ ਦਰਵਾਜ਼ਾ ਖੜਕਾਇਆ। ਬੱਚਿਆਂ ਨੇ ਪੁੱਛਿਆ-ਕੌਣ ਹੈ? ਲੰਗੜੇ ਬਘਿਆੜ ਨੇ ਜਵਾਬ ਕੋਈ ਨਾ ਦਿੱਤਾ, ਫਿਰ ਦਰਵਾਜ਼ਾ ਖੜਕਾਇਆ। ਬੱਚੇ ਜਾਣ ਗਏ ਕਿ ਮਾਂ ਨਹੀਂ ਹੈ। ਹਿਰਨੀ ਸਮਝਾ ਕੇ ਗਈ ਸੀ ਕਿ ਜਦੋਂ ਮੈਂ ਇਹ ਗੀਤ ਗਾਵਾਂ, ਫਿਰ ਹੀ ਦਰਵਾਜ਼ਾ ਖੋਲ੍ਹਿਓ:
ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥
ਲੰਗੜੇ ਬਘਿਆੜ ਨੇ ਬਥੇਰੀ ਸਿਰ ਖਪਾਈ ਕੀਤੀ ਪਰ ਬੱਚਿਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਲੰਗੜਾ ਸੋਚੀ ਜਾਵੇ-ਹੁਣ ਕਰਾਂ ਤਾਂ ਕੀ ਕਰਾਂ? ਉਸ ਦਾ ਕੋਈ ਵਸ ਨਾ ਚੱਲਿਆ। ਸ਼ਾਮ ਨੂੰ ਉਦਾਸ ਹੋ ਕੇ ਝੌਂਪੜੀ ਦੇ ਪਿੱਛੇ ਉਚੇ ਲੰਮੇ ਘਾਹ ਵਿਚ ਲੁਕ ਕੇ ਬੈਠ ਗਿਆ। ਜਦੋਂ ਹਿਰਨੀ ਆਈ, ਬੱਚਿਆਂ ਨੂੰ ਅਵਾਜ਼ ਮਾਰੀ। ਬਘਿਆੜ ਨੇ ਉਹ ਸਾਰੇ ਸ਼ਬਦ ਤੇ ਅਵਾਜ਼ ਦਾ ਸੁਰ ਲਹਿਜਾ ਸਿੱਖ ਲਿਆ, ਯਾਦ ਕਰ ਲਿਆ। ਦੂਜੇ ਦਿਨ ਜਦੋਂ ਹਿਰਨੀ ਜੰਗਲ ਵਿਚ ਚਲੀ ਗਈ, ਹਿਰਨੀ ਦੀ ਅਵਾਜ਼ ਵਿਚ ਬਘਿਆੜ ਬੋਲਿਆ-
ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥
ਹਿਰਨੀ ਦੇ ਬੱਚੇ ਖੁਸ਼ ਹੋ ਕੇ ਦਰਵਾਜ਼ਾ ਖੋਲ੍ਹਣ ਲੱਗੇ ਹੀ ਸਨ ਕਿ ਕੇਸਰ ਦਾ ਬੂਟਾ ਬੋਲਿਆ-ਖਬਰਦਾਰ! ਦਰਵਾਜ਼ਾ ਨਾ ਖੋਲ੍ਹ ਦੇਇਓ ਕਿਤੇ, ਇਹ ਤਾਂ ਲੰਗੜਾ ਬਘਿਆੜ ਹੈ, ਖਾ ਜਾਊਗਾ ਤੁਹਾਨੂੰ। ਦਰਵਾਜ਼ਾ ਤਾਂ ਨਹੀਂ ਖੁੱਲ੍ਹਿਆ, ਸੋ ਨਹੀਂ ਖੁੱਲ੍ਹਿਆ ਪਰ ਲੰਗੜੇ ਬਘਿਆੜ ਨੂੰ ਇੰਨਾ ਗੁੱਸਾ ਆਇਆ ਕਿ ਪੰਜਿਆਂ ਨਾਲ ਉਸ ਨੇ ਕੇਸਰ ਦਾ ਬੂਟਾ ਸਣੇ ਜੜ੍ਹਾਂ ਉਖਾੜ ਦਿੱਤਾ। ਅਗਲੇ ਦਿਨ ਫਿਰ ਆਇਆ, ਗਾਉਣ ਲੱਗਾ:
ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥
ਜ਼ਮੀਨ ‘ਤੇ ਡਿਗਿਆ ਪਿਆ ਕੇਸਰ ਦਾ ਬੂਟਾ ਫਿਰ ਬੋਲਿਆ-ਦਰਵਾਜ਼ਾ ਨਾ ਖੋਲ੍ਹਿਓ! ਇਹ ਲੰਗੜਾ ਬਘਿਆੜ ਹੈ, ਤੁਹਾਨੂੰ ਖਾ ਜਾਏਗਾ। ਬੱਚੇ ਸਾਵਧਾਨ ਹੋ ਗਏ। ਦਰਵਾਜ਼ਾ ਨਾ ਖੋਲ੍ਹਿਆ। ਬੱਚੇ ਤਾਂ ਹੱਥ ਨਹੀਂ ਆਏ ਪਰ ਬਘਿਆੜ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਕੇਸਰ ਦੇ ਬੂਟੇ ਨੂੰ ਅੱਗ ਵਿਚ ਜਲਾ ਦਿੱਤਾ, ਉਸ ਦੀ ਰਾਖ ਪਾਣੀ ਵਿਚ ਘੋਲ ਕੇ ਪੀ ਗਿਆ ਕਿ ਕਿਤੇ ਰਾਖ ਨਾ ਰੌਲਾ ਪਾ ਦੇਵੇ। ਅਗਲੇ ਦਿਨ ਫਿਰ ਗਾਉਣ ਲੱਗਾ:
ਗੁੜ ਲਿਪੀ ਚੌਲਾਂ ਚਿੱਤੀ,
ਖੋਲ੍ਹੋ ਵੇ ਬੱਚਿਉ ਝੌਂਪੜੀ॥
ਬੱਚਿਆਂ ਨੇ ਸੋਚਿਆ- ਲੰਗੜਾ ਬਘਿਆੜ ਹੁੰਦਾ, ਕੇਸਰ ਦਾ ਬੂਟਾ ਸਾਨੂੰ ਸਾਵਧਾਨ ਕਰ ਦਿੰਦਾ। ਪੱਕੀ ਗੱਲ, ਇਹ ਮਾਂ ਹੀ ਹੈ। ਦਰਵਾਜ਼ਾ ਖੋਲ੍ਹ ਦਿੱਤਾ। ਖੋਲ੍ਹਣ ਸਾਰ ਦੇਖਿਆ- ਉਹੋ!…ਇਹ ਤਾਂ ਲੰਗੜਾ ਬਘਿਆੜ ਹੈ! ਪਰ ਹੁਣ ਕੀ ਹੋ ਸਕਦਾ ਸੀ? ਲੰਗੜਾ ਚਾਰੇ ਬੱਚਿਆਂ ਨੂੰ ਖਾ ਗਿਆ। ਨਰਮ-ਨਰਮ ਬੱਚੇ ਉਸ ਨੂੰ ਮੱਖਣ ਵਰਗੇ ਸੁਆਦ ਲੱਗੇ।
ਘਾਹ ਚਰ ਕੇ ਰੱਜ ਪੁੱਜ ਕੇ ਹਿਰਨੀ ਵਾਪਸ ਆਈ, ਦੇਖਿਆ ਦਰਵਾਜ਼ਾ ਖੁੱਲ੍ਹਾ ਪਿਆ ਹੈ। ਝੌਂਪੜੀ ਬਾਹਰ ਬਘਿਆੜ ਦੀਆਂ ਪੈੜਾਂ ਦੇ ਨਿਸ਼ਾਨ! ਕੇਸਰ ਦਾ ਬੂਟਾ ਕਿਤੇ ਨਹੀਂ! ਸਿਰ ਚਕਰਾ ਗਿਆ। ਝੌਂਪੜੀ ਦੇ ਅੰਦਰ ਗਈ। ਇੱਕ ਵੀ ਬੱਚਾ ਨਹੀਂ ਦਿਸਿਆ! ਚੀਕਾਂ ਮਾਰ ਕੇ ਰੋਈ। ਜਿੱਧਰ ਕਿੱਧਰ ਬਘਿਆੜ ਦੀਆਂ ਪੈੜਾਂ ਗਈਆਂ, ਉਧਰ-ਉਧਰ ਦੌੜਨ ਲੱਗੀ। ਰੋਂਦੀ ਜਾਂਦੀ, ਭੱਜੀ ਜਾਂਦੀ।
ਰੋਂਦੀ-ਰੋਂਦੀ ਨੂੰ ਤਲਾਬ ਦਾ ਕਿਨਾਰਾ ਆ ਗਿਆ। ਕੀ ਦੇਖਿਆ, ਲੰਗੜਾ ਬਘਿਆੜ, ਲੰਗ ਮਾਰਦਾ ਮਾਰਦਾ, ਡਕਾਰਾਂ ਲੈਂਦਾ-ਲੈਂਦਾ ਮੌਜ ਨਾਲ ਪਾਣੀ ਪੀਣ ਤਲਾਬ ਵਿਚ ਹੇਠਾਂ ਉਤਰ ਰਿਹਾ ਹੈ। ਚੁੰਨੀ ਨਾਲ ਅੱਖਾਂ ਪੂੰਝਦੀ-ਪੂੰਝਦੀ ਹਿਰਨੀ ਕਹਿੰਦੀ-ਓ ਲੰਗੜੇ ਚੰਡਾਲ, ਮੇਰੇ ਬੱਚੇ ਵਾਪਸ ਮੈਨੂੰ ਦੇ!
ਲੰਗੜੇ ਨੇ ਕਿਹਾ-ਮੈਨੂੰ ਕੀ ਪਤਾ ਤੇਰੇ ਬੱਚਿਆਂ ਦਾ? ਮੈਂ ਉਨ੍ਹਾਂ ਦਾ ਚੌਕੀਦਾਰ ਹਾਂ? ਇਹ ਕਹਿ ਕੇ ਉਸ ਨੇ ਮੌਜ ਨਾਲ ਆਪਣੇ ਪੇਟ ਉਪਰ ਹੱਥ ਫੇਰਿਆ ਤੇ ਡਕਾਰ ਮਾਰੀ। ਹਿਰਨੀ ਚੀਕ ਮਾਰ ਕੇ ਫਿਰ ਰੋ ਪਈ। ਰੋਂਦੀ-ਰੋਂਦੀ ਕਹਿੰਦੀ-ਤੇਰਾ ਕੱਖ ਨਾ ਰਹੇ ਪਾਪੀ, ਮੇਰੇ ਬੱਚੇ ਖਾਧੇ।
ਪਰ ਲੰਗੜੇ ਨੂੰ ਹਿਰਨੀ ਦੀ ਕੀ ਪਰਵਾਹ? ਪਾਣੀ ਪੀਣ ਲਈ ਮੂੰਹ ਹੇਠਾਂ ਕੀਤਾ ਹੀ ਸੀ ਕਿ ਹਿਰਨੀ ਨੇ ਸਰਾਪ ਦਿੱਤਾ-ਜਿਸ ਨੇ ਮੇਰੇ ਬੱਚੇ ਖਾਧੇ, ਉਸ ਦੀਆਂ ਅੱਖਾਂ ਫੁੱਟ ਜਾਣ। ਲਉ ਜੀ, ਇਸ ਬੋਲ ਨਾਲ ਬਘਿਆੜ ਅੰਨ੍ਹਾ ਹੋ ਗਿਆ। ਦਹਾੜ ਮਾਰ ਕੇ ਪਿੱਛੇ ਮੁੜ ਕੇ ਹਿਰਨੀ ‘ਤੇ ਹੱਲਾ ਕਰਨਾ ਚਾਹਿਆ। ਹਿਰਨੀ ਨੇ ਕਿਹਾ-ਜਿਸ ਨੇ ਮੇਰੇ ਬੱਚੇ ਖਾਧੇ, ਉਸ ਦੀਆਂ ਲੱਤਾਂ ਟੁੱਟਣ!
ਇੱਕ ਲੱਤ ਤਾਂ ਪਹਿਲਾਂ ਹੀ ਟੁੱਟੀ ਹੋਈ ਸੀ, ਬਘਿਆੜ ਦੀਆਂ ਬਾਕੀ ਤਿੰਨ ਲੱਤਾਂ ਵੀ ਟੁੱਟ ਗਈਆਂ। ਕਿਨਾਰੇ ‘ਤੇ ਡਿੱਗ ਪਿਆ। ਹਿਰਨੀ ਨੇ ਫਿਰ ਕਿਹਾ-ਜਿਸ ਨੇ ਮੇਰੇ ਬੱਚੇ ਖਾਧੇ, ਉਸ ਦਾ ਪੇਟ ਫੁੱਟ ਜਾਵੇ! ਬਘਿਆੜ ਦਾ ਪੇਟ ਪਟਾਕ ਕਰ ਕੇ ਫੁੱਟ ਗਿਆ। ਚਾਰੇ ਬੱਚੇ ਛਾਲਾਂ ਮਾਰਦੇ ਬਾਹਰ ਨਿਕਲ ਆਏ। ਕੇਸਰ ਦਾ ਬੂਟਾ ਵੀ ਨਿਕਲ ਆਇਆ। ਕੇਸਰ ਦਾ ਬੂਟਾ ਫਿਰ ਜੜ੍ਹੋਂ ਹਰਾ ਹੋ ਗਿਆ। ਭੱਜ ਕੇ ਹਿਰਨੀ ਬੱਚਿਆਂ ਕੋਲ ਗਈ। ਤਲਾਬ ਵਿਚ ਇਸ਼ਨਾਨ ਕਰਾਇਆ, ਦੁੱਧ ਚੁੰਘਾਇਆ। ਬੱਚੇ ਭੁੱਖੇ ਸਨ, ਰੱਜ ਕੇ ਦੁੱਧ ਚੁੰਘਿਆ। ਬਾਕੀ ਬਚਿਆ ਦੁੱਧ ਕੇਸਰ ਦੀਆਂ ਜੜ੍ਹਾਂ ਵਿਚ ਚੁਆ ਦਿੱਤਾ। ਕੇਸਰ ਦੇ ਫੁੱਲ ਖਿੜ ਗਏ। ਫਿਰ ਹਿਰਨੀ ਬੱਚਿਆਂ ਨੂੰ ਕੇਸਰ ਦੇ ਫੁੱਲ ਘੋਲ ਕੇ ਦੁੱਧ ਪਿਆਉਂਦੀ। ਸਾਰੇ ਜਣੇ ਮੌਜਾਂ ਨਾਲ ਰਹਿਣ ਲੱਗੇ। ਕਿੰਨੇ ਦਿਨ ਲੰਗੜਾ ਬਘਿਆੜ ਤਲਾਬ ਕਿਨਾਰੇ ਮਰਿਆ ਪਿਆ ਰਿਹਾ। ਕਾਂ, ਇਲਾਂ, ਗਿਰਝਾਂ, ਕੁੱਤੇ ਆ ਗਏ। ਉਸ ਦੀ ਬੋਟੀ-ਬੋਟੀ ਚੂੰਡ ਲਈ। ਹੁਣ ਤੱਕ ਹੱਡੀਆਂ ਤਲਾਬ ਕਿਨਾਰੇ ਖਿੱਲਰੀਆਂ ਪਈਆਂ ਦਿਸ ਜਾਂਦੀਆਂ ਹਨ ਜਿਸ ਨੇ ਦੇਖਣੀਆਂ ਹੋਣ ਦੇਖ ਲਵੇ।
(ਛਪ ਰਹੀ ਕਿਤਾਬ ‘ਰਾਜਸਥਾਨੀ ਕਥਾ ਸਾਗਰ’ ਵਿਚੋਂ)

ਮਣਿ ਕੌਲ ਦਾ ਖਤ ਵਿਜੇਦਾਨ ਦੇ ਨਾਂ

ਮਣਿਕੌਲ ਪ੍ਰੋਡਕਸ਼ਨਜ਼
21 ਮਈ, 1972

ਪਿਆਰੇ ਵਿਜੇਦਾਨ ਬਿੱਜੀ,
ਤੂੰ ਛੁਪਿਆ ਹੋਇਆ ਠੀਕ ਹੈਂ। ਅੱਜ ਲੱਗਿਆ, ਤੇਰੀਆਂ ਕਹਾਣੀਆਂ ਸ਼ਹਿਰੀ ਜਾਨਵਰਾਂ ਤੱਕ ਪੁੱਜ ਜਾਂਦੀਆਂ, ਉਹ ਕੁੱਤਿਆਂ ਵਾਂਗ ਟੁੱਟ ਪੈਂਦੇ। ਗਿਰਝਾਂ ਨੇ। ਨੋਚ ਖਾਂਦੇ। ਤੇਰੀ ਨਿਮਰਤਾ ਹੈ ਆਪਣੇ ਰਤਨਾਂ ਨੂੰ ਤੂੰ ਬਰੀਕ ਰੇਤ ਨਾਲ ਢਕੀ ਰੱਖਿਆ। ਰੇਤਾ ਵੀ ਦਿਸਦਾ ਹੈ, ਰਤਨ ਵੀ। ਕੱਲ੍ਹ ਰਾਤ ਤੋਂ ਅੱਜ ਦਿਨ ਤੱਕ ਤਿੰਨੇ ਕਹਾਣੀਆਂ ਬਿਨਾਂ ਰੁਕੇ ਪੜ੍ਹ ਚੁੱਕਾ ਹਾਂ-ਆਸਮਾਨ ਜੋਗੀ, ਨਾਗਣ ਥਾਰੋ ਬੰਸ ਬਧੈ ਅਤੇ ਮਿਨਖ ਜਮਾਰੌ। ਕਹਾਣੀਆਂ ਦਾ ਵਿਸ਼ਲੇਸ਼ਣ ਕਰਨਾ ਤਾਂ ਨ੍ਹੇਰੀ ਪਿੱਛੋਂ ਖਿੱਲਰੀਆਂ ਚੀਜ਼ਾਂ ਦੁਬਾਰਾ ਇਕੱਠਾ ਕਰਨ ਵਰਗਾ ਲਗਦਾ ਹੈ। ਵਿਸ਼ਲੇਸ਼ਣ ਕਰਨਾ ਆਉਂਦਾ ਵੀ ਤਾਂ ਨਹੀਂ । ਜੋ ਮਨ ਆਇਆ, ਸੋ ਲਿਖਿਆ, ਸਮਝ ਲੈਣਾ।
‘ਨਾਗਣ ਥਾਰੋ ਬੰਸ ਬਧੈ’ ਪੜ੍ਹ ਕੇ ਮੈਂ ਹੈਰਾਨ ਹੋ ਗਿਆ। ਖਾਸ ਕਰ ਕੇ ਵੀਲਿਆ ਦੇ ਅੰਤਿਮ ਸ਼ਬਦਾਂ ਵਿਚ ਕਮਾਲ ਕਰ ਦਿੱਤੀ ਤੂੰ। ਗਾਉਂ ਚੌਧਰੀ ਗੱਲ ਸਮਝਿਆ ਨਾ ਸਮਝਿਆ, ਮੈਨੂੰ ਵੀ ਗੱਲ ਸਮਝ ਨਾ ਆਈ। ਇਸ ਦਾ ਜਿੰਨਾ ਅਮੂਰਤ ਸਾਰ ਸੀ, ਉਹ ਪੂਰਾ ਸਮਝ ਗਿਆ। ਤੁਹਾਡੀ ਇਸ ਕਹਾਣੀ ਦਾ ਰੂਪ ਗਣਿਤ ਦੀ ਬੁਝਾਰਤ ਵਰਗਾ ਹੈ। ਗਣਿਤ ਵਿਚ ਸਵਾਲਾਂ ਦੇ ਜਵਾਬ ਨਹੀਂ ਹੁੰਦੇ, ਹੱਲ ਹੁੰਦੇ ਹਨ। ਇਹ ਹੱਲ ਆਪਣੇ ਆਪ ਵਿਚ ਕੋਈ ਵਿਚਾਰ ਨਹੀਂ ਹੁੰਦੇ, ਇਨ੍ਹਾਂ ਦਾ ਕੰਮ ਕੇਵਲ ਉਨ੍ਹਾਂ ਸਾਧਨਾ ਵਲ ਸੰਬੋਧਿਤ ਹੋਣਾ ਹੈ ਜਿਨ੍ਹਾਂ ਸਦਕਾ ਸਵਾਲ ਸੁਲਝ ਗਿਆ। ਜੋ ਬਾਕੀ ਬਚ ਗਿਆ, ਉਸ ਵਿਚ ਉਲਝਣ ਨਾਲ ਹੀ ਪਿੰਡ ਦੇ ਚੌਧਰੀ ਅਤੇ ਮੇਰੀ ਹਾਲਤ ਕਹਾਣੀ ਦੇ ਅੰਤ ਵਿਚ ਇੱਕੋ ਜਿਹੀ ਹੋ ਗਈ।
ਫਰਾਂਸ ਦੇ ਸਮਾਜ ਸ਼ਾਸਤਰੀ ਕਲਾਡ ਲੇਵੀ ਸਤ੍ਰਾਸ ਨੇ ਆਪਣੇ ਸਿਧਾਂਤ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਕਦੇ-ਕਦੇ ਕਿਸੇ ਮਿੱਥ ਨੂੰ ਸੁਲਝਾਣ ਵਾਸਤੇ ਉਸ ਨੂੰ ਪੁੱਠੀ ਕਰ ਕੇ ਦੇਖਣਾ ਹੁੰਦਾ ਹੈ, ਯਾਨੀ ਮਿੱਥ ਰਾਹੀਂ ਜੋ ਸਵਾਲ ਪੈਦਾ ਹੋਣ, ਉਨ੍ਹਾਂ ਨੂੰ ਉਲਟਾ ਦਿਉ। ਉਦਾਹਰਣ ਵਜੋਂ, ਵਾਕ ਹੈ-ਇੱਕ ਸਵਾਲ ਅਜਿਹਾ ਹੈ ਜਿਸ ਦਾ ਕੋਈ ਜਵਾਬ ਨਹੀਂ। ਅਸੀਂ ਲੋਕ ਜਵਾਬ ਲੱਭਣ ਦੇ ਝਮੇਲੇ ਵਿਚ ਫਸੇ ਰਹਿੰਦੇ ਹਾਂ। ਤੇਰੀਆਂ ਕਹਾਣੀਆਂ ਇਹ ਕਹਿ ਕੇ ਇਸ ਉਲਝਣ ਵਿਚੋਂ ਨਿਕਲ ਗਈਆਂ-ਕੋਈ ਜਵਾਬ ਹੈ ਅਜਿਹਾ, ਜਿਸ ਦਾ ਸਵਾਲ ਨਹੀਂ। ਇਸ ਨੂੰ ਕਹਿੰਦੇ ਨੇ ਅਨੁਭਵ ਜੋ ਤੂੰ ਹਾਸਲ ਕਰ ਲਿਆ। ਇਸ ਉਤਰ ਵਾਸਤੇ ਤੇਰੀ ਖੋਜ ਕਹਾਣੀਆਂ ਵਿਚ ਥਾਂ-ਥਾਂ ਦਿਸਦੀ ਹੈ ਜੋ ਪੈਦਾ ਹੋਏ ਸਵਾਲਾਂ ਦੇ ਜਵਾਬ ਨਹੀਂ ਦਿੰਦੀ, ਇਹੋ ਜਿਹੇ ਫੁੱਲਾਂ ਦੀ ਫੁਲਵਾੜੀ ਪੈਦਾ ਕਰ ਦਿੰਦੀ ਹੈ ਜਿਸ ਸਦਕਾ ਸਾਹਮਣੇ ਪਏ ਸਵਾਲਾਂ ਦਾ ਮਰਮ ਫਿੱਕਾ ਪੈ ਜਾਂਦਾ ਹੈ। ਜ਼ਿੰਦਗੀ ਨੂੰ ਉਨ੍ਹਾਂ ਸਵਾਲਾਂ ਦੀ ਜ਼ਰੂਰਤ ਨਹੀਂ ਰਹਿੰਦੀ। ਵੀਲਿਆ ਖਵਾਸ, ਕਹਾਣੀ ਸੁਣਨ ਪਿੱਛੋਂ ਹਰ ਵਾਰ ਬਦਲਦਾ ਜਾਂਦਾ ਹੈ। ਸਾਡੇ ਵਰਗੇ ਕਹਾਣੀ ਦੇ ਸਰੋਤੇ ਹਰ ਵਾਰ ਬਦਲਦੇ ਜਾਂਦੇ ਹਨ। ਹੋ ਸਕਦੈ, ਟੁੱਟੇ ਫੁੱਟੇ ਸ਼ਹਿਰੀ ਲੇਖਕ ਇਹੋ ਜਿਹੇ ਸਵਾਲ ਪੈਦਾ ਕਰਨ ਜਿਨ੍ਹਾਂ ਦਾ ਅਸਲੀਅਤ ਨਾਲ ਕੋਈ ਸਬੰਧ ਹੋਵੇ, ਇਸ ਬਹਾਨੇ ਉਨ੍ਹਾਂ ਵਿਚ ਉਲਝੇ ਰਹਿਣ। ਪਰ ਤੂੰ ਇਨ੍ਹਾਂ ਸਵਾਲਾਂ ਜਵਾਬਾਂ ਤੋਂ ਕੀ ਲੈਣਾ ਦੇਣਾ! ਤੇਰੇ ਅੱਗੇ, ਤੇਰੇ ਉਤਰਾਂ ਅੱਗੇ, ਇਨ੍ਹਾਂ ਸਵਾਲਾਂ ਦੀ ਔਕਾਤ ਹੀ ਕੀ? ਵਜੂਦ ਹੀ ਕੀ?
ਅੱਜ ਤੁਹਾਨੂੰ ‘ਤੂੰ’ ਕਹਿਣ ਵਿਚ ਆਨੰਦ ਆ ਰਿਹੈ, ਨਜ਼ਦੀਕ ਲੱਗ ਰਿਹੈਂ। ਸੋ ਹਿੰਮਤ ਕਰ ਲਈ, ਬਿੱਜੀ ਨਾਮ ਨਾਲ ਬੁਲਾਇਆ। ‘ਅਸਮਾਨ ਜੋਗੀ’ ਵਿਚ ਘੁਮਿਆਰੀ ਦੇ ਮੁੰਡੇ ਦੀ ਮਾਸੂਮੀਅਤ ਕੈਦ ਵਿਚ ਫਸ ਜਾਏ, ਸਾਡੇ ਸਭ ਦੇ ਮਨ ਨੂੰ ਛੁਟਕਾਰਾ ਦੇ ਸਕਦੀ ਹੈ। ‘ਆਸਮਾਨ ਜੋਗੀ’ ਉਦੋਂ ਬੇਚੈਨ ਹੋ ਜਾਂਦਾ ਹੈ, ਜਦੋਂ ਉਸ ਨੂੰ ਪਹਿਲੀ ਵਾਰ ਲਗਦਾ ਹੈ ਕਿਸੇ ਔਰਤ ਵਾਸਤੇ ਉਸ ਵਿਚ ਕੋਈ ਉਤੇਜਨਾ ਨਹੀਂ ਰਹੀ। ਇਸ ਨਾਲ ਉਹ ਹੋਰ ਬੇਚੈਨ ਹੁੰਦਾ ਹੈ। ਬਾਲਪਨ ਦੀ ਸਹਿਜਤਾ ਤੇ ਉਦੋਂ ਦਾ ਨਿਰਮਲ ਸਰੂਪ ਹੀ ਫਿਰ ਵਾਪਸ ਪਰਤਦਾ ਹੈ ਜੋ ਸੀਨਾ ਚਾਕ ਕਰ ਦਿੰਦਾ ਹੈ, ਜੋ ਇੰਨਾ ਨਿਰਮਲ, ਭੋਲਾ, ਅਨਜਾਣ ਹੁੰਦਾ ਹੋਇਆ ਵੀ ਤੜਫਾ ਦਿੰਦਾ ਹੈ। ਫਿਰ ਤੂੰ ਇੱਕ ਦੂਜੇ ਪੈਂਤੜੇ ਤੋਂ ਕਮਾਲ ਕਰ ਗਿਆ। ਕਹਾਣੀ ਨੂੰ ਕੁਝ ਇਉਂ ਬੁਣਿਆ ਜਾਵੇ ਕਿ ਜਦ ਤਾਣਾ ਸਿੱਧਾ ਹੋਵੇ, ਕਿਸੇ ਦਾ ਤਾਣਾ, ਟੇਢਾ ਵੀ ਨਜ਼ਰਾਂ ਤੋਂ ਦੂਰ ਨਾ ਜਾਏ, ਯਾਨੀ ਮਤਲਬ ਦਾ ਤਾਣਾ ਜਦੋਂ ਟੇਢਾ ਚੱਲੇ ਤਾਂ ਸਿੱਧਾ ਵੀ ਹਰ ਵਕਤ ਮੌਜੂਦ। ਜਿਵੇਂ ਕੋਈ ਕੱਪੜਾ ਬੁਣਿਆ ਜਾ ਰਿਹਾ ਹੋਵੇ, ਸਿੱਧਾ ਵੀ ਟੇਢਾ ਵੀ। ਕਹਾਣੀ ਪੜ੍ਹਨ ਪਿੱਛੋਂ ਲੱਗਿਆ ਮੈਂ ਖੁਦ ਆਸਮਾਨ ਜੋਗੀ ਹਾਂ ਤੇ ਘੁਮਿਆਰੀ ਦਾ ਮੁੰਡਾ ਵੀ। ਤੂੰ ਚਰਿਤਰਾਂ ਨੂੰ ਵੱਖ-ਵੱਖ ਕਰ ਕੇ ਨਿਭਾ ਦਿੰਨੈ ਪਰ ਸਭ ਦੀ ਪੂਰਨ ਇਕਾਈ ਤੋਂ ਨਜ਼ਰ ਇੱਧਰ ਉਧਰ ਨਹੀਂ ਹੋਣ ਦਿੰਦਾ। ਅਖੀਰ ਵਿਚ ਜਦ ਇਹ ਸ਼ਬਦ ਆਏ-‘ਸਾਚ ਮਾਨਣਿਆ, ਕੁਮਹਾਰੀ ਰੇ ਬੇਟਾ ਰੀ ਗਲਾਈ ਸੁਖੀ ਵਹੈਲਾ। ਗਾਜਾਂ ਬਾਜਾਂ ਮਨਚਾਹੀ ਬਿਆ ਵਹੈਲਾ।’ ਮੈਂ ਇਹ ਤੈਅ ਨਹੀਂ ਕਰ ਸਕਿਆ ਕਿ ਮੇਰਾ ਕੀ ਬਣੇਗਾ।
ਕੱਲ੍ਹ ਰਾਤ ਦੇਰ ਤੱਕ ਇਸ ਕਹਾਣੀ ਨੇ ਸੌਣ ਨਹੀਂ ਦਿੱਤਾ। ਸੁਲਝਣ ਦਾ ਚੈਨ ਅਤੇ ਦੋਸ਼ਾਂ ਦੀ ਚੁਭਣ ਦੋਵੇਂ ਬਰਾਬਰ ਜਾਗ੍ਰਤ ਸਨ।
‘ਆਦਮੀ ਦੀ ਜ਼ਿੰਦਗੀ'(ਮਿਨਖ ਜਮਾਰੌ)
ਦੋ ਕਹਾਣੀਆਂ ਦੇ ਨਸ਼ੇ ਵਿਚ ਤੀਜੀ ਕਹਾਣੀ ਸ਼ੁਰੂ ਕਰਨੀ ਬੇਵਕੂਫੀ ਸੀ। ਕਦੇ ਫਿਰ ਪੜ੍ਹਾਂਗਾ ਤੇ ਲਿਖਾਂਗਾ। ਇਸ ਕਹਾਣੀ ਤੋਂ ਡਰ ਗਿਆ ਸ਼ਾਇਦ। ਇੱਕ ਵਾਰ ਫਿਰ ਦੇਖਾਂਗਾ, ਐਨਾ ਭਾਰ ਝੱਲਣ ਦਾ ਜਿਗਰ ਹੈ ਕਿ ਨਹੀਂ।
ਚਿੱਤਰ ਅਤੇ ਸ਼ਬਦਾਂ ਬਾਰੇ ਜੋ ਤੂੰ ਲਿਖਿਆ, ਮੈਨੂੰ ਬਿਲਕੁਲ ਸਹੀ ਲੱਗਿਆ ਪਰ ਕੁੱਖ ਤੋਂ ਸੁਤੰਤਰ ਹੋਣ ਵਾਸਤੇ ਤਾਂ ਕਿੰਨੇ ਸਾਲ ਲੱਗਣਗੇ। ਕੋਸ਼ਿਸ਼ ਕਰ ਰਿਹਾਂ। ਇਸ ਵਾਸਤੇ ਮੈਂ ਕੀ-ਕੀ ਤਰੀਕੇ ਲੱਭੇ, ਉਸ ਉਪਰ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਪੜ੍ਹੇਗਾ ਕੌਣ? ਇੱਥੇ ਤਾਂ ਕੁੱਖ ਤੱਕ ਵੀ ਬਹੁਤ ਘੱਟ ਪੁੱਜੇ ਨੇ, ਲਗਦੈ ਗੁੱਡੇ-ਗੁੱਡੀ ਨਾਲ ਖੇਡ ਰਹੇ ਨੇ। ਕਹਾਣੀ ਉਨ੍ਹਾਂ ਵਾਸਤੇ ਖੇਡ ਹੈ। ਖੇਡਦੇ ਨੇ, ਰੋਂਦੇ ਨੇ, ਹਸਦੇ ਨੇ। ਉਨ੍ਹਾਂ ਦਾ ਸਹੀ ਸਬੰਧ ਹੁਣ ਤੱਕ ਇਸ ਕਰ ਕੇ ਨਹੀਂ ਜਮਿਆ ਕਿਉਂਕਿ ਕਹਾਣੀ ਨੂੰ ਇੱਕ ਪੂਰਨ ਰੂਪ ਨਹੀਂ ਦਿੱਤਾ ਗਿਆ। ਉਹ ਕਹਾਣੀ ਦੀ ਵਰਤੋਂ ਕਰਦੇ ਨੇ। ਵਰਤੋਂ ਕਰਨ ਦਾ ਮਤਲਬ ਆਪਣੀ ਆਜ਼ਾਦੀ ਨੂੰ ਹੀ ਖੋ ਲੈਣਾ ਹੁੰਦਾ ਹੈ। ਮੈਂ ਕਿਸੇ ਦੀ ਵਰਤੋਂ ਕਰਦਾ ਹਾਂ ਤਾਂ ਮੇਰਾ ਉਸ ਉਪਰ ਨਿਰਭਰ ਹੋਣਾ ਸੁਭਾਵਕ ਹੈ, ਫਿਰ ਸੁਤੰਤਰਤਾ ਕਿੱਥੇ? ਸਮਾਂ ਤਾਂ ਲੱਗੇਗਾ, ਲੱਗਣਾ ਚਾਹੀਦਾ ਵੀ ਹੈ, ਇਨ੍ਹਾਂ ਫਿਲਮੀ ਜਾਦੂਗਰੀ ਦੀਆਂ ਤਰਕੀਬਾਂ ਦਾ ਭਾਂਡਾ ਫੁੱਟਣ ਨੂੰ। ਮੁੱਦਤ ਹੋ ਗਈ ਪੁਰਾਣੀਆਂ ਤਰਕੀਬਾਂ ਨਾਲ ਮੱਥਾ ਮਾਰਦਿਆਂ। ਜੇ ਕੁਝ ਬਦਲਦਾ ਵੀ ਹੈ ਤਾਂ ਵੇਚਣ ਦਾ ਨਵਾਂ ਤਰੀਕਾ ਲੱਭ ਕੇ। ਜੀ ਕਰਦੈ ‘ਨਾਗਣ ਥਾਰੋ ਬੰਸ ਬਧੈ’, ਅਤੇ ‘ਅਸਮਾਨੀ ਜੋਗੀ’ ਉਪਰ ਫਿਲਮ ਮੈਂ ਹੀ ਬਣਾਵਾਂ ਕਦੀ।
ਆਦਮੀ ਹਾਂ, ਏਨੇ ਸਾਰੇ ਰਤਨਾਂ ਦਾ ਉਘੜਿਆ ਢੇਰ ਦੇਖ ਕੇ ਬਾਂਸਾਂ ਜਿੰਨਾ ਉਚਾ ਉਛਲ ਰਿਹਾਂ। ਨੇੜੇ ਤੇੜੇ ਕੋਈ ਨਹੀਂ। ਲਗਦੈ ਸਾਰੀ ਮਾਇਆ ਮੇਰੇ ਈ ਹੱਥ ਲੱਗ ਜਾਵੇ।
ਤੇਰਾ,
ਮਣਿ।