ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਸਾਉਣ ਦਾ ਮਹੀਨਾ ਆ ਗਿਆ ਹੈ, ਪਰ ਇਸ ਵਾਰ ਸਾਉਣ ਦਾ ਮਹੀਨਾ ਲੰਘ ਚੁਕੇ ਹਰ ਸਾਉਣ ਤੋਂ ਵੱਖਰਾ ਅਤੇ ਨਿਆਰਾ ਹੋਵੇਗਾ। ਕਿਹੋ ਜਿਹਾ ਹੋਵੇਗਾ ਇਸ ਵਾਰ ਸਾਉਣ ਦਾ ਮਹੀਨਾ, ਕਈ ਦਿਨਾਂ ਤੋਂ ਪਈ ਸੋਚਦੀ ਹਾਂ ਅਤੇ ਸੋਚਦੀ ਰਹਿੰਦੀ ਹਾਂ, ਫਿਰ ਦਿਲ ਕਾਹਲਾ ਜਿਹਾ ਪੈਣ ਲਗਦਾ ਹੈ ਤਾਂ ਉਠ ਕੇ ਕੁਝ ਹੋਰ ਕਰਨ ਲੱਗ ਜਾਂਦੀ ਹਾਂ।

ਵਿਰਸੇ ਵਿਚ ਗੁਰੂ ਦਾ ਪਿਆਰ, ਗੁਰੂ ਘਰ ਵਿਚ ਜਨਮ, ਗੁਰੂ ਘਰ ਦੀ ਸੇਵਾ ਅਤੇ ਕੀਰਤਨ ਦੀ ਦਾਤ ਮਿਲਣ ਕਰਕੇ ਸ਼ਬਦ ਗੁਰੂ ਜੀ ਨਾਲ ਅਥਾਹ ਪ੍ਰੀਤ ਹੈ, ਇਹ ਮੇਰੇ ਸਤਿਗੁਰੂ ਨਾਨਕ ਪਿਤਾ ਜੀ ਦੀ ਰਹਿਮਤ ਅਤੇ ਬਖਸ਼ਿਸ਼ ਹੈ, ਵਰਨਾ…! ਰਾਤ ਵੀ ਜਦ ‘ਸੋਹਿਲਾ’ ਦਾ ਸਿਮਰਨ ਕਰਕੇ ਲੰਮੀ ਪਈ ਤਾਂ ਸਾਉਣ ਮਹੀਨਾ ਫਿਰ ਸਾਹਮਣੇ ਆ ਖੜਿਆ, ਬਚਪਨ ਤੋਂ ਹੀ ਸਾਉਣ ਮਹੀਨੇ ਅਤੇ ਬਾਰਿਸ਼ ਨਾਲ ਮੇਰਾ ਬੇਅੰਤ ਲਗਾਉ ਰਿਹਾ ਹੈ। ਪਹਿਲਾ ਮੁੱਖ ਕਾਰਨ ਹੈ, ਗੁਰਬਾਣੀ ਦੇ ਅੰਦਰ ਵਰਖਾ ਅਤੇ ਸਾਉਣ ਦਾ ਬੇਹੱਦ ਖੂਬਸੂਰਤ ਵਰਣਨ ਅਤੇ ਵਾਰ ਵਾਰ ਜ਼ਿਕਰ ਹੋਣਾ,
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ॥
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ॥
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ॥
ਦਹ ਦਿਸ ਛਤ੍ਰ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ॥
ਸੇਜ ਇਕੇਲੀ ਨੀਦ ਨਹੁ ਨੈਨਹ ਪਿਰੁ ਪਰਦੇਸ ਸਿਧਾਇਓ॥
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ॥
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ॥
ਸਾਉਣ ਦੀ ਆਮਦ ਅਤੇ ਬਾਰਿਸ਼ ਦੇਖ ਕੇ ਤਾਂ ਪੂਰੀ ਦੀ ਪੂਰੀ ਕਾਇਨਾਤ ਹੀ ਖਿੜ ਉਠਦੀ ਹੈ, ਸਾਰੀ ਪ੍ਰਕਿਰਤੀ ਹੀ ਝੂਮ ਉਠਦੀ ਹੈ, ਧਰਤੀ ਤੇ ਵਿਚਰਦਾ ਹਰ ਜੀਵ ਜੰਤ ਮਾਲਕ ਦੇ ਸ਼ੁਕਰਾਨੇ ਵਿਚ ਆਪ ਮੁਹਾਰੇ ਜੁੜ ਬੈਠਦਾ ਹੈ, ਪਸੂ ਪੰਛੀ ਵੀ ਵੰਨ-ਸੁਵੰਨੀਆਂ ਅਵਾਜ਼ਾਂ ਵਿਚ ਕਾਦਰ ਦਾ ਸ਼ੁਕਰਾਨਾ ਕਰਦੇ ਹਨ। ਸਾਰੀ ਧਰਤ ਹਰੇ ਰੰਗ ਦੇ ਵਸਤਰ ਪਹਿਨ ਲੈਂਦੀ ਹੈ ਅਤੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਭਰਿਆ ਦਿਸਦਾ ਇਹ ਨਜ਼ਾਰਾ ਬਹੁਤ ਸੁਹਾਵਣਾ ਲਗਦਾ ਹੈ। ਮੇਘੜੜਾ ਆਪਣੀਆਂ ਫੌਜਾਂ ਲੈ ਗੜ ਗੜ ਕਰਦਾ ਪੂਰੇ ਅਸਮਾਨ ਨੂੰ ਢਕ ਲੈਂਦਾ ਹੈ ਅਤੇ ਬਿਜਲੀ ਦਾਮਨਿ ਵੀ ਚਮਕ ਚਮਕ ਕੇ ਕੜਕ ਕੜਕ ਕੇ ਆਪਣਾ ਰੰਗ ਦਿਖਾਉਂਦੀ ਹੈ। ਪਉਣ ਯਾਨਿ ਹਵਾ ਵੀ ਆਪਣੀ ਤੇਜ਼ ਤਰਾਰ ਚੰਚਲ ਰਫਤਾਰ ਨਾਲ ਮੇਘੜੇ ਦਾ ਸਾਥ ਦਿੰਦੀ ਹੈ, ਜਦ ਪਉਣ ਮਸਤ ਹੋ ਅਠਖੇਲੀਆਂ ਕਰਦੀ ਦੌੜਦੀ ਹੈ ਤਾਂ ਭਲਾ ਮੇਘੜਾ ਪਿਛੇ ਕਿਵੇਂ ਰਹਿ ਸਕਦਾ ਹੈ! ਉਹ ਵੀ ਧਰਤੀ ਦੀ ਪਿਆਸ ਬੁਝਾਉਣ ਲਈ ਵਿਆਕੁਲ ਹੋ ਖੂਬ ਵਰਸਦਾ ਹੈ, ਤਾਂ ਮੋਰ ਪੈਲਾਂ ਪਾਉਣ ਲਗਦੇ ਹਨ, ਅੰਬਾਂ ਦੇ ਬੂਟਿਆਂ ‘ਤੇ ਬੈਠੀਆਂ ਕੋਇਲਾਂ ਵੀ ਪੰਚਮ ਸੁਰਾਂ ਤੇ ਆਪਣਾ ਬਿਰਹੜੇ ਭਰਿਆ ਮਿਠੜਾ ਗਾਇਨ ਗਾ ਕੇ ਪਰਮਾਤਮਾ ਦੇ ਸ਼ੁਕਰਾਨੇ ਕਰਦੀਆਂ ਹਨ,
ਅਗਰ ਬੰਦੇ ਕੋਲ ਅਤੀਤ ਦੀਆਂ ਯਾਦਾਂ ਨਾ ਹੋਣ ਤਾਂ ਵਰਤਮਾਨ ਕਿੰਨਾ ਨੀਰਸ ਜਿਹਾ ਅਤੇ ਖਾਲੀ ਖਾਲੀ ਹੋ ਜਾਵੇ। ਅਤੀਤ ਹੀ ਤਾਂ ਹੈ, ਜਿਸ ਦੇ ਵੇਹੜੇ ਵਿਚ ਜਦੋਂ ਮਰਜ਼ੀ ਵੜ ਕੇ ਉਨ੍ਹਾਂ ਵਿਛੜੇ ਪਲਾਂ ਦਾ ਅਨੰਦ ਮਾਣ ਕੇ ਰੂਹ ਸਰਸ਼ਾਰ ਹੋ ਉਠਦੀ ਹੈ, ਵਰਨਾ ਸਾਡਾ ਕੀ ਬਣੇ! ਹਾਇ ਕਿੰਨੇ ਸੋਹਣੇ ਸਮੇਂ ਸਨ ਉਹ ਸਾਦਗੀ ਭਰੇ, ਕਿੰਨੇ ਸਿੱਧੇ ਅਤੇ ਸਾਦੇ ਸਨ ਉਹ ਲੋਕ ਸਾਡੇ ਵਡੇਰੇ-ਨਾ ਕੋਈ ਵਲ, ਨਾ ਕੋਈ ਛਲ। ਕਿੰਨਾਂ ਪਿਆਰਾ ਸੀ ਉਹ ਸਾਡਾ ਸਭ ਦਾ ਬਚਪਨ ਅਤੇ ਕਿਨਾ ਪਿਆਰਾ ਸੀ ਉਨ੍ਹਾਂ ਵੇਲਿਆਂ ਦਾ ਸਾਉਣ ਮਹੀਨਾ, ਮਿੱਟੀ ਦੇ ਖਿਡੌਣੇ, ਇਕ ਗੁੱਡੀ ਤੇ ਉਸ ਦੇ ਪਟੋਲੇ, ਕੱਚ ਦੀਆਂ ਚੂੜੀਆਂ ਦੇ ਟੋਟੇ ਤੇ ਕੁਝ ਘੁੱਗ ਮਨੱਕੇ, ਸਾਡੀ ਬੱਚਿਆਂ ਦੀ ਜਾਇਦਾਦ ਵੀ ਕਿੰਨੀ ਪਿਆਰੀ ਹੁੰਦੀ ਸੀ। ਅੱਜ ਕੱਲ ਤਾਂ ਹਜ਼ਾਰਾਂ ਕਿਸਮਾਂ ਦੇ ਖਿਡੌਣੇ ਹਨ, ਕਮਰੇ ਭਰੇ ਪਏ ਹਨ ਤਾਂ ਵੀ ਬੱਚੇ ਰੱਜਦੇ ਨਹੀਂ; ਪਰ ਉਸ ਵੇਲੇ ਨਿੱਕੀਆਂ ਨਿੱਕੀਆਂ ਖੇਡਾਂ ਵਿਚ ਵੀ ਪਿਆਰ ਹੀ ਪਿਆਰ ਸੀ। ਸਾਉਣ ਮਹੀਨਾ ਚੜ੍ਹਨਾ ਤੇ ਨਾਲ ਹੀ ਜ਼ਿੰਦਗੀ ਝੂਮ ਉਠਣੀ, ਹਰ ਜੀਵ ਦਾ ਮਨ ਉਮਾਹ ਅਤੇ ਉਤਸ਼ਾਹ ਨਾਲ ਭਰ ਜਾਣਾ, ਪਰ ਇਸ ਵਾਰ ਯਾਨਿ 2020 ਦਾ ਸਾਉਣ ਕਿਹੋ ਜਿਹਾ ਹੋਵੇਗਾ?
ਮੇਘੜੜੇ ਦੀਆਂ ਕਾਲੀਆਂ ਘਨਘੋਰ ਘਟਾਵਾਂ ਵੀ ਚੜ੍ਹ ਕੇ ਆਉਣਗੀਆਂ, ਠੰਢੜੀ ਠੰਢੜੀ ਮਸਤ ਪੁਰੇ ਦੀ ਪਉਣ ਵੀ ਖੂਬ ਜਲਵੇ ਦਿਖਾਏਗੀ; ਕਦੀ ਕਦੀ ਨਿੱਕਾ ਨਿੱਕਾ ਅਤੇ ਕਦੀ ਕਦੀ ਛੱਰਾਟੇਦਾਰ ਮੀਂਹ ਵੀ ਵਰਸੇਗਾ; ਕਦੀ ਕਦੀ ਡਾਢੀ ਸੜ੍ਹਿਆਂਦ ਭਰੀ ਹੁੰਮਸ ਵੀ ਧਾਵਾ ਬੋਲੇਗੀ; ਡੱਡੂ ਵੀ ਗੜੈਂ ਗੜੈਂ ਕਰਨਗੇ, ਮੱਛਰਾਂ ਦੀਆਂ ਫੌਜਾਂ ਵੀ ਧਾਵਾ ਬੋਲਣਗੀਆਂ;, ਕੋਇਲਾਂ, ਬੀਂਡੇ, ਬੁਲਬੁਲਾਂ ਅਤੇ ਪਪੀਹੇ ਵੀ ਸੁਰੀਲੇ ਨਗਮੇ ਗਾਉਣਗੇ, ਮੋਰ ਵੀ ਪੈਲਾਂ ਪਾਉਣਗੇ ਤੇ ਅਨੰਦ ਲੈਣਗੇ, ਪਰ ਨਾ ਤਾਂ ਸੱਜ ਵਿਆਹੀਆਂ ਧੀਆਂ ਪੇਕੇ ਆ ਸਕਣਗੀਆਂ ਅਤੇ ਨਾ ਹੀ ਪਿੱਪਲਾਂ ‘ਤੇ ਪੀਂਘਾਂ ਪੈਣਗੀਆਂ, ਨਾ ਗਿੱਧੇ ਪੈਣਗੇ ਅਤੇ ਨਾ ਹੀ ਤੀਆਂ ਦੀਆਂ ਰੌਣਕਾਂ ਲੱਗਣਗੀਆਂ। ਫਿਰ ਇਹ ਸਾਉਣ ਮਹੀਨਾ ਕਿਵੇਂ ਦਾ ਹੋਵੇਗਾ? ਓਹੋ ਜਿਹਾ ਹੀ ਹੋਵੇਗਾ, ਜੈਸਾ ਮਾਲਕ ਜੀ ਦਾ ਹੁਕਮ ਹੈ,
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਇਸ ਵਾਰੀ ਕੁਦਰਤ ਦੇ ਕਾਦਰ ਦਾ ਹੁਕਮ ਹੈ ਕਿ ਬਾਕੀ ਸਾਰਾ ਕੁਝ ਤਾਂ ਜਿਉਂ ਦਾ ਤਿਉਂ ਹੀ ਚਲੇਗਾ, ਪਰ ਬੰਦੇ ਭਾਵ ਮਨੁੱਖ ਜਾਤੀ ਦਾ ਡਾਢਾ ਤਕੜਾ ਇਮਤਿਹਾਨ ਹੋਵੇਗਾ, ਕਿਉਂਕਿ ਬੰਦਾ ਮਨ ਮਰਜ਼ੀ ਬਥੇਰੀ ਕਰ ਬੈਠਾ ਹੈ। ਇਸ ਨੇ ਕੁਦਰਤ ਨਾਲ ਖਿਲਵਾੜ ਵੀ ਰੱਜ ਕੇ ਕੀਤਾ ਹੈ, ਕਾਦਰ ਦੀ ਮਨੁੱਖਤਾ ਲਈ ਬਣਾਈ ਹਰ ਚੀਜ਼ ਨੂੰ ਤੋੜ ਭੰਨ ਸੁਟਿਆ ਹੈ; ਪਉਣ-ਪਾਣੀ ਦੀ ਸਮੁੱਚੀ ਸਵੱਛਤਾ ਰੱਜ ਕੇ ਭੰਗ ਕੀਤੀ ਹੈ, ਇਸ ਦੀ ਤਰੱਕੀ ਦਾ ਹਰ ਕਦਮ ਜ਼ਿੰਦਗੀ ਨਹੀਂ, ਬਰਬਾਦੀ ਵਲ ਵਧਿਆ ਹੈ; ਇਹ ਆਪ ਮੁਹਾਰਾ ਹੋ ਇਨਸਾਨ ਨਹੀਂ, ਸ਼ੈਤਾਨ ਬਣ ਬੈਠਾ ਹੈ; ਜੀਵਨ ਦੇ ਜੋ ਮੁਢਲੇ ਸਰੋਤ ਸਨ, ਉਨ੍ਹਾਂ ਦਾ ਖਾਤਮਾ ਕਰਕੇ ਆਪਣੀ ਹੈਵਾਨੀਅਤ ਦਾ ਸਿੱਕਾ ਜਮਾਉਣ ਲਈ ਕਾਹਲਾ ਹੈ। ਇਨਸਾਨ ਨੇ ਕੁਦਰਤ ਨਾਲ ਜਿੰਨੀ ਜ਼ਿਆਦਤੀ ਅਤੇ ਛੇੜ ਛਾੜ ਪਿਛਲੇ ਕੁਝ ਬੀਤੇ ਸਮੇਂ ਵਿਚ ਕੀਤੀ ਹੈ, ਉਨੀ ਸ਼ਾਇਦ ਕਈ ਸਦੀਆਂ ਵਿਚ ਵੀ ਨਾ ਹੋਈ ਹੋਵੇ।
ਪਉਣ ਗੁਰੂ: ਇਨਸਾਨ ਮਾਲਕ ਦੀ ਬਣਾਈ ਹੋਈ ਸੁੰਦਰ ਪ੍ਰਕਿਰਤੀ ਅਤੇ ਉਸ ਦੇ ਖੂਬਸੂਰਤ ਹਰੇ ਭਰੇ ਜੰਗਲਾਂ ਨੂੰ ਉਜਾੜ ਕੇ ਸਾਰੇ ਕੁਦਰਤੀ ਨਜ਼ਾਰੇ ਨਸ਼ਟ ਕਰਕੇ ਪ੍ਰਦੂਸ਼ਣ ਨੂੰ ਅਸਮਾਨ ਤਕ ਲੈ ਗਿਆ ਹੈ, ਜਿਸ ਹਵਾ ਵਿਚ ਸਾਹ ਲੈ ਕੇ ਇਸ ਨੇ ਜ਼ਿੰਦਗੀ ਜਿਉਣੀ ਸੀ, ਓਸੇ ਹਵਾ ਵਿਚ ਇਸ ਨੇ ਜ਼ਹਿਰ ਭਰ ਲਿਆ ਹੈ। ਇਥੋਂ ਤੱਕ ਕਿ ਆਪਣੇ ਘਰਾਂ ਦੇ ਵਿਹੜਿਆਂ ਵਿਚੋਂ ਵੀ ਰੁੱਖ ਗਾਇਬ ਕਰ ਕੇ ਰੱਬੀ ਰਹਿਮਤਾਂ ਤੋਂ ਵਾਂਝਾ ਹੋ ਮਨੁੱਖਤਾ ਦਾ ਅੰਤ ਕਰਨ ਲਈ ਘਾੜਤਾਂ ਪਿਆ ਘੜਦਾ ਹੈ ਅਤੇ ਘੜਦਾ ਰਹੇਗਾ। ਇਸ ਦੀ ਹਉਮੈ ਦੀ ਉਡਾਰੀ ਨਰ ਸੰਘਾਰ ਕਰਨ ‘ਤੇ ਤੁਲੀ ਪਈ ਹੈ।
ਪਾਣੀ ਪਿਤਾ: ਸਮੁੱਚੇ ਸੰਸਾਰ ਵਿਚ ਹਾਇ ਪਾਣੀ, ਹਾਇ ਪਾਣੀ ਦੀ ਹਾਹਾਕਾਰ ਮੱਚੀ ਪਈ ਹੈ। ਇਥੇ ਵੀ ਹਰ ਮਹੀਨੇ ਦੇ ਬਿਲ ‘ਤੇ ਇਹ ਲਿਖਿਆ ਮਿਲ ਰਿਹਾ ਹੈ ਕਿ ਪਾਣੀ ਦੀ ਵਰਤੋਂ ਸੀਮਤ ਕਰੋ, ਪਾਣੀ ਦੀ ਬਹੁਤ ਘਾਟ ਹੈ। ਜਦ ਅਮਰੀਕਾ ਵਰਗਾ ਮੁਲਕ ਤੜਪ ਰਿਹਾ ਹੈ ਤਾਂ ਬਾਕੀ ਦੁਨੀਆਂ ਵਿਚ ਪਾਣੀ ਦਾ ਕੀ ਹਾਲ ਹੈ, ਹਰ ਬੰਦਾ ਸਮਝ ਸਕਦਾ ਹੈ! ਅਸੀਂ ਇਨਸਾਨਾਂ ਨੇ ਜੋ ਪਾਣੀ ਪਿਤਾ ਦੀ ਦੁਰਦਸ਼ਾ ਕੀਤੀ ਹੈ, ਉਹ ਲਿਖੀ ਨਹੀਂ ਜਾ ਸਕਦੀ, ਪਰ ਅਸੀਂ ਅਜੇ ਵੀ ਆਪਣੀਆਂ ਗਲਤੀਆਂ ਮੰਨਣ ਨੂੰ ਤਿਆਰ ਨਹੀਂ ਹਾਂ, ਕਸੂਰ ਸਾਰਾ ਰੱਬ ਦਾ ਕੱਢ ਕੇ ਆਪ ਵਿਹਲੇ ਹੋ ਬੈਠਦੇ ਹਾਂ। ਇਹ 2020 ਦੇ ਸਾਲ ਦਾ ਸਮਾਂ ਤਾਂ ਸਮੁੱਚੀ ਮਨੁੱਖਤਾ ਲਈ ਉਹ ਕਹਿਰ ਬਣ ਕੇ ਆਇਆ ਹੈ, ਜੋ ਨਾ ਕਦੀ ਦੇਖਿਆ ਸੀ ਅਤੇ ਨਾ ਹੀ ਕਦੀ ਸੁਣਿਆ ਸੀ। ਦੁਨੀਆਂ ਦੇ ਹਰ ਮੁਲਕ ਦੀ ਸਰਕਾਰ ਆਪਣੇ ਲੋਕਾਂ ਦੀ ਹਿਫਾਜ਼ਤ ਲਈ ਸਿਰ ਤੋੜ ਮਿਹਨਤ ਕਰ ਰਹੀ ਹੈ, ਇਸ ਦੇ ਬਾਵਜੂਦ ਕਿਸੇ ਦੇ ਹੱਥ ਪੱਲੇ ਕੁਝ ਨਹੀਂ ਪੈ ਰਿਹਾ।
ਹੁਣ ਕਿਉਂ ਹਰ ਬਸ਼ਰ ਰੱਬ ਵੱਲ ਪਿਆ ਅੱਡੀਆਂ ਚੁੱਕ ਚੁੱਕ ਵੇਖਦਾ ਹੈ, ਹੁਣ ਰੱਬ ਅਤੇ ਉਸ ਦੀ ਪ੍ਰਕਿਰਤੀ ਦੀ ਕੀਤੀ ਬਰਬਾਦੀ ਵੀ ਸਾਨੂੰ ਯਾਦ ਆ ਰਹੀ ਹੈ, ਅਸੀਂ ਭਾਵੇਂ ਮੰਨਣ ਤਾਂ ਲੱਗ ਪਏ ਹਾਂ ਕਿ ਕੁਦਰਤ ਨਾਲ ਛੇੜ ਛਾੜ ਬੰਦੇ ਨੂੰ ਬਹੁਤ ਮਹਿੰਗੀ ਪੈ ਰਹੀ ਹੈ, ਪਰ ਆਪਣੇ ਬਚਾਉ ਦੇ ਸਾਧਨਾਂ ਵਿਚ ਅਤੇ ਸਰਕਾਰਾਂ ਦੇ ਸਾਥ ਦੇਣ ਵਿਚ ਅਜੇ ਵੀ ਰੱਜ ਕੇ ਕੁਤਾਹੀਆਂ ਤੇ ਅਣਗਹਿਲੀਆਂ ਵਰਤ ਰਹੇ ਹਾਂ। ਜਿਸ ਦਿਨ ਅਸੀਂ ਆਪਣਾ ਸਾਥ ਆਪ ਦਿੱਤਾ ਤਾਂ ਦੇਖਣਾ ਕਾਦਰ ਅਤੇ ਕੁਦਰਤ ਮਨੁੱਖਤਾ ਦੇ ਨਾਲ ਆ ਖੜੇ ਹੋਣਗੇ; ਉਹ ਮਾਲਕ ਜਿਸ ਨੂੰ ਅਣਗਿਣਤ ਨਾਂਵਾਂ ਨਾਲ ਪੁਕਾਰਿਆ ਜਾਂਦਾ ਹੈ, ਉਹ ਗਿਆ ਹੀ ਕਿੱਥੇ ਹੈ! ਸਦਾ ਸਾਡੇ ਨਾਲ ਹੈ ਤੇ ਨਾਲ ਹੀ ਰਹੇਗਾ ਅਤੇ ਆਪਣੀ ਇਸ ਖੂਬਸੂਰਤ ਤੇ ਪਿਆਰੀ ਰਚਨਾ ਸੰਸਾਰ ਦੀ ਰਖਿਆ ਵੀ ਜ਼ਰੂਰ ਕਰੇਗਾ।
ਆਉ, ਸਾਰੇ ਮਿਲ ਕੇ ਸਮੁੱਚੇ ਸੰਸਾਰ ਲਈ ਅਰਦਾਸਾਂ ਵੀ ਕਰੀਏ, ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਦੇ ਬਚਾਉ ਸਾਧਨਾਂ ਵਿਚ ਪੂਰਾ ਪੂਰਾ ਸਹਿਯੋਗ ਦੇਈਏ। ਫਿਰ ਦੇਖਣਾ ਉਹ ਮਾਲਕ ਜ਼ਰੂਰ ਮਿਹਰਬਾਨ ਹੋਵੇਗਾ। ਸਾਉਣ ਮਹੀਨਾ ਵੀ ਸੁਖਦਾਈ ਹੋਵੇਗਾ, ਫਿਰ ਮੇਘਾ ਵੀ ਬਰਸੇਗਾ, ਕੁਦਰਤ ਸੱਤ ਰੰਗੀ ਪੀਂਘ ਵੀ ਪਾਵੇਗੀ; ਕੋਇਲਾਂ, ਬਬੀਹੇ, ਅਤੇ ਬੁਲਬੁਲਾਂ ਸਾਰੇ ਮਿਲ ਕੇ ਗਾਵਣਗੇ; ਮੋਰ ਪੈਲਾਂ ਪਾਉਣਗੇ ਤੇ ਸਾਡੀਆਂ ਧੀਆਂ ਵੀ ਤੀਆਂ ਮਨਾਉਣ ਲਈ ਆਪਣੇ ਪੇਕੜੇ ਪਿੰਡੀਂ ਜ਼ਰੂਰ ਆਉਣਗੀਆਂ। ਮਾਲ ਪੂੜੇ ਤੇ ਖੀਰਾਂ ਵੀ ਬਣਨਗੇ, ਸਾਰੇ ਪਿਆਰਾਂ ਨਾਲ ਮਿਲ ਕੇ ਸਾਉਣ ਦੀਆਂ ਖੁਸ਼ੀਆਂ ਵੀ ਮਨਾਉਣਗੇ ਤੇ ਖੀਰ ਪੂੜੇ ਵੀ ਖਾਵਣਗੇ, “ਸਾਵਣੁ ਆਇਆ ਹੇ ਸਖੀ॥”