ਲੋਕ ਕਵੀ ਬਲਵੰਤ ਸਿੰਘ ‘ਗਜਰਾਜ’ ਦੇ ‘ਐਂਟੀਕ੍ਰਪਸ਼ਨ ਬੋਰਡ’ ਵਰਗੇ ਬੋਲ

ਰੂਪਇੰਦਰ ਸਿੰਘ (ਫੀਲਖਾਨਾ)
ਫੋਨ: 91-78891-86603
“ਮੇਰਾ ਦੇਸ਼ ਬਹਿਸ਼ਤੋਂ ਚੰਗਾ,
ਜਿੱਥੇ ਘਰ-ਘਰ ਵਿਚ ਨਵਾਬੀ।
ਬੰਦੇ ਸੋਹਣੇ, ਮਿੱਠੀ ਬੋਲੀ,
ਬੋਲਣ ਨਿੱਤ ਪੰਜਾਬੀ।”

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗੌਰਵ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਇਹ ਸ਼ਾਨਾਂਮੱਤੇ ਸ਼ਬਦ ਉਸ ਪ੍ਰਸਿੱਧ ਲੋਕ ਕਵੀ ਬਲਵੰਤ ਸਿੰਘ ਗਜਰਾਜ (1890-1970) ਦੀ ਰਚਨਾ ਹਨ, ਜਿਸ ਨੇ ਬਾਬੂ ਫਿਰੋਜ਼ ਦੀਨ ਸ਼ਰਫ, ਉਸਤਾਦ ਗਾਮ, ਗਿਆਨੀ ਰਘਬੀਰ ਸਿੰਘ ਬੀਰ ਅਤੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਜੈਸੇ ਮੰਨੇ-ਪ੍ਰਮੰਨੇ ਕਵੀਆਂ ਦੀ ਸੰਗਤ ਵਿਚ 55 ਸਾਲ ਤੋਂ ਵੀ ਵੱਧ ਸਮਾਂ ਸਟੇਜ ਰਾਹੀਂ ਪੰਜਾਬੀ ਬੋਲੀ ਦੀ ਭਰਪੂਰ ਸੇਵਾ ਕੀਤੀ। ਉਤਮ ਦਰਜੇ ਦੀ ਇਸ ਸੇਵਾ ਕਰਕੇ ਉਨ੍ਹਾਂ ਨੂੰ ਵਿਸ਼ਾਲ ਕਵੀ ਦਰਬਾਰਾਂ ਵਿਚ ਸੋਨੇ ਦੇ ਕਈ ਤਮਗੇ, ‘ਕਵੀ ਰਾਜ’ ਅਤੇ ‘ਪੰਜਾਬੀ ਬੁਲਬੁਲ’ ਜੈਸੀਆਂ ਮਹਾਨ ਉਪਾਧੀਆਂ ਤੋਂ ਇਲਾਵਾ 1955 ਵਿਚ ਮਹਿਕਮਾ ਪੰਜਾਬੀ, ਪੈਪਸੂ ਸਰਕਾਰ ਵੱਲੋਂ ‘ਸ਼੍ਰੋਮਣੀ ਸਾਹਿਤਕਾਰ’ ਦੇ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ। ਉਹ ਪਟਿਆਲਾ ਰਿਆਸਤ ਦੇ ਸ਼ਾਹੀ ਦਰਬਾਰ ਦੇ ਵੀ ‘ਰਾਜ-ਕਵੀ’ ਸਨ।
ਸ਼ ਗਜਰਾਜ ਨੇ ਆਪਣੀ ਰਚਨਾ ਰਾਹੀਂ ਸਮਾਜ ਦੇ ਹਰ ਰੰਗ ਨੂੰ ਬੜੇ ਢੁਕਵੇਂ ਰਸ ਵਿਚ ਬੜੀ ਪ੍ਰਬੀਨਤਾ ਨਾਲ ਪੇਸ਼ ਕੀਤਾ। ਠੇਠ ਮੁਹਾਵਰੇਦਾਰ ਬੋਲੀ ਵਿਚ ਉਨ੍ਹਾਂ ਦੇ ਆਖੇ ਗਏ ਸ਼ਬਦ ਸਰੋਤਿਆਂ ਦੇ ਦਿਲਾਂ ‘ਤੇ ਸਿੱਧਾ ਅਸਰ ਕਰਦੇ। ਸਮਾਜ ਵਿਰੋਧੀ ਤੱਤਾਂ ਦਾ ਭਾਂਡਾ ਚੌਰਾਹੇ ਭੰਨਣ ਵਾਲੇ ਅਤੇ ਭ੍ਰਿਸ਼ਟਾਚਾਰੀ, ਅਮੀਰਾਂ, ਵਜ਼ੀਰਾਂ ਤੇ ਅਫਸਰਾਂ ਦੀ ਚੰਗੀ ਤਰ੍ਹਾਂ ਖੁੰਭ ਠੱਪਣ ਵਾਲੇ ਉਨ੍ਹਾਂ ਦੇ ਬੋਲ ਲੋਕਾਂ ਨੂੰ ਬਹੁਤ ਪਸੰਦ ਸਨ। ਉਨ੍ਹਾਂ ਵੱਲੋਂ ਰਸਦਾਇਕ ਢੰਗ ਨਾਲ ਬਿਆਨੇ ਗਏ ਸੱਚੇ-ਸੁੱਚੇ ਬੋਲ ਬੜੇ ਸਹਿਜੇ ਹੀ ਲੋਕਾਂ ਦੇ ਚੇਤੇ ਵਿਚ ਵੱਸ ਜਾਇਆ ਕਰਦੇ। ਚੋਣਾਂ ਮੌਕੇ ਨੇਤਾ ਚੁਣਨ ਤੋਂ ਪਹਿਲਾਂ ਲੋਕਾਂ ਨੂੰ ਖਬਰਦਾਰ ਕਰਦਿਆਂ ਉਹ ਲਿਖਦੇ ਹਨ,
ਵਾਰ ਝੱਲਣੇ ਪੈਂਦੇ ਦੁਲੱਤਿਆਂ ਦੇ,
ਜੇਕਰ ਕੁਰਸੀ ਬਹਾਲੀਏ ਖੋਤਿਆਂ ਨੂੰ।
ਭਾਵੇਂ ਮੱਕੇ ਮਦੀਨੇ ‘ਚ ਫਿਰਨ ਭਾਉਂਦੇ,
ਹਾਜੀ ਕਿਹਾ ਨਹੀਂ ਕਿਸੇ ਨੇ ਬੋਤਿਆਂ ਨੂੰ।
ਸਿੰਮਲ ਰੁੱਖ ਨਹੀਂ ਕਿਸੇ ਨੂੰ ਫਲ ਦਿੰਦੇ,
ਚੰਗੇ ਲੱਗਦੇ ਨੇ ਦੂਰੋਂ ਖਲੋਤਿਆਂ ਨੂੰ।
ਇਕ ਮਿੰਟ ਅੰਦਰ ਅੱਖਾਂ ਫੇਰ ਲੈਂਦੇ,
ਭਾਵੇਂ ਲੱਖ ਚੂਰੀ ਚਾਰੋ ਤੋਤਿਆਂ ਨੂੰ।
ਆਪਣੀ ਨਾਲਾਇਕੀ ਕਾਰਨ ਇਕ ਸ਼ੋਭਾਮਈ ਕੁਰਸੀ ਦੀ ਸ਼ਾਨ ਨੂੰ ਫਿੱਕਾ ਕਰਨ ਵਾਲੇ ਅਮੀਰ-ਵਜ਼ੀਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕੁਝ ਅਜਿਹੀ ਸ਼ਾਬਦਿਕ ਦੀ ਬੰਬਾਰੀ ਕਰਦਿਆਂ ਭੋਰਾ ਢਿੱਲ ਨਹੀਂ ਸੀ ਕੀਤੀ,
ਮੂਰਖ ਬੈਠਾ ਤਖਤ ‘ਤੇ, ਪਿਆ ਢੱਡ ਵਜਾਵੇ।
ਰਾਜ-ਕਾਜ ਕੀ ਜਾਣਦਾ, ਪਿਆ ਕਲੀਆਂ ਲਾਵੇ।
ਬਾਂਦਰ ਦਾ ਬਾਂਦਰ ਰਹੇ, ਸੌ ਤੀਰਥ ਨ੍ਹਾਵੇ।
ਗਧਾ ਨਾ ਹਾਜੀ ਹੋਂਵਦਾ, ਚਾਹੇ ਮੱਕੇ ਜਾਵੇ।
ਗੰਗਾ ਰਿੱਛ ਨ੍ਹਵਾਈਐ, ਪਿਆ ਖੌਰੂ ਪਾਵੇ।
ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਨੇ ਆਪ ਬਾਰੇ ਇਕ ਵਾਰ ਠੀਕ ਹੀ ਲਿਖਿਆ ਸੀ, “ਮੈਂ ਨਿਰਸੰਦੇਹ ਆਖ ਸਕਦਾ ਹਾਂ ਕਿ ਗਜਰਾਜ ਜੀ ਸਾਡੀਆਂ ਫੂਲਕੀਆਂ ਰਿਆਸਤਾਂ ਦਾ ਮਾਨ ਅਤੇ ਪੂਰਨ ਸਨਮਾਨਯੋਗ ਹਨ। ਕਰਤਾਰ ਕਿਰਪਾ ਕਰਕੇ ਇਸ ਸਤਯ-ਪ੍ਰੇਮੀ ਕਵੀ ਨੂੰ ਵੱਡੀ ਉਮਰ ਤੇ ਸੁਖ ਸੰਪਦਾ ਪ੍ਰਦਾਨ ਕਰੇ।” ਸੱਚਮੁੱਚ ਹੀ ਸ਼ ਗਜਰਾਜ ਬੜੇ ਆਜ਼ਾਦ ਤਬੀਅਤ, ਸੱਚੇ-ਸੁੱਚੇ, ਸਾਫਗੋ ਤੇ ਦਲੇਰ ਪੁਰਸ਼ ਸਨ। ਭ੍ਰਿਸ਼ਟਾਚਾਰੀ ਤੇ ਦੰਭੀ ਤਾਂ ਉਨ੍ਹਾਂ ਨੂੰ ਜ਼ਹਿਰ ਦਿਖਾਈ ਦਿੰਦੇ ਸਨ ਅਤੇ ਅਜਿਹੇ ਲੋਕਾਂ ਦੀ ਤੁਰੰਤ ਢਿਬਰੀ-ਟਾਈਟ ਕਰਨ ਵਿਚ ਉਹ ਬਹੁਤ ਤਸੱਲੀ ਮਹਿਸੂਸ ਕਰਦੇ ਸਨ। ‘ਜਾਗ੍ਰਤੀ’ ਦੇ ਜੂਨ 1965 ਦੇ ਅੰਕ (ਪੰਨਾ-15) ਵਿਚ ਉਨ੍ਹਾਂ ਦੇ ਇਸੇ ਗੁਣ ਸਬੰਧੀ ਸ਼੍ਰੋਮਣੀ ਪੱਤਰਕਾਰ ਤੇ ਆਪਣੇ ਸਮੇਂ ਦੇ ਮੰਨੇ-ਪ੍ਰਮੰਨੇ ਵਿਅੰਗਕਾਰ ਸ਼ ਸੂਬਾ ਸਿੰਘ ਇਉਂ ਲਿਖਦੇ ਹਨ, “ਉਹ ਧੱਕਾ, ਸੀਨਾਜ਼ੋਰੀ, ਪਾਖੰਡ, ਦੰਭ, ਲਿਹਾਜ਼ਕਾਰੀਆਂ ਅਤੇ ਵੱਢੀਖੋਰੀਆਂ ਨੂੰ ਜਰ ਹੀ ਨਹੀਂ ਸਕਦੇ। ਉਹ ਅਜਿਹੇ ਲੋਕਾਂ ਨੂੰ ਵੇਖਦਿਆਂ ਸਾਰ ਹੀ ਐਸੀ ਚੋਟ ਕਰਨਗੇ ਕਿ ਸੱਟ ਖਾਣ ਵਾਲਾ 6 ਮਹੀਨੇ ਖੋਪਰੀ ਮਲਦਾ ਤੇ ਲਹੂ ਥੁੱਕਦਾ ਫਿਰੇ।”
ਇਕ ਵਾਰੀ ਪਟਿਆਲੇ ਦੇ ਕਿਸੇ ਟਰੈਫਿਕ ਸੁਪਰਡੈਂਟ, ਜੋ ਜਾਤ ਦਾ ਸੱਕਾ ਸੀ, ਨੇ ਆਪਣੀਆਂ ਜ਼ਿਆਦਤੀਆਂ ਨਾਲ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਸੀ। ਜਿਉਂ ਹੀ ਸ਼ ਗਜਰਾਜ ਨੂੰ ਇਸ ਬਾਰੇ ਜਾਣਕਾਰੀ ਹੋਈ, ਉਸੇ ਵਕਤ ਇਹ ਮਾਰਖੋਰੀ ਤੁਕਬੰਦੀ ਕਰਕੇ ਉਸ ਭੂਸਰੇ ਹੋਏ ਅਫਸਰ ਦੀ ਸੁਰਤ ਟਿਕਾਣੇ ਲਿਆ ਦਿੱਤੀ,
ਹੁਣ ਤੇ ਮਾਸ਼ਕੀ ਵੀ ਆਕੜਖਾਨ ਹੋ ਗਏ,
ਭੁੱਲ ਗਏ ਨੇ ਮਸ਼ਕਾਂ ਦੇ ਧੱਕਿਆਂ ਨੂੰ।
ਜੈਸਾ ਗੁੰਡਾ ਸੀ, ਵੈਸਾ ਹੀ ਕੰਮ ਮਿਲਿਆ,
ਫੜ੍ਹੋ ਤਾਂਗੇ, ਰਿਕਸ਼ੇ ਤੇ ਯੱਕਿਆਂ ਨੂੰ।
ਭਲਾ ਬਾਂਦਰ ਨੂੰ ਟੋਪੀ ਬਨਾਤ ਦੀ ਕੀ,
ਕੁਰਸੀ ਸਜਦੀ ਨਹੀਂ ਚੋਰਾਂ ਉਚੱਕਿਆਂ ਨੂੰ।
ਹੁਣ ਤਾਂ ਪਟਿਆਲੇ ‘ਚ ਰਹਿਣਾ ਦੁਸ਼ਵਾਰ ਹੋ ਗਿਆ,
ਸੁਪਰਡੰਟੀਆਂ ਮਿਲ ਗਈਆਂ ਸੱਕਿਆਂ ਨੂੰ।
ਸ਼ ਗਜਰਾਜ ਦੇ ਜੀਵਨ ਸਬੰਧੀ ਸੰਨ 1955 ਵਿਚ ਮਹਿਕਮਾ ਪੰਜਾਬੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਦੇ ਕਰਤਾ ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ, “ਅਜਿਹੀ ਰਚਨਾ ਦੀ ਕੀਮਤ ਤਾਂ ਭਾਵੇਂ ਵਕਤੀ ਹੀ ਹੁੰਦੀ ਹੈ, ਪਰ ਇਕ ਵਾਰ ਤਾਂ ਧਮਾਕੇਦਾਰ ਗੋਲਾ ਬਣ ਕੇ ਵਰ੍ਹਦੀ ਤੇ ਦੋਖੀ ਸੁਧਾਰ ਲਈ ‘ਐਂਟੀਕ੍ਰਪਸ਼ਨ ਬੋਰਡ’ ਜਿਹਾ ਕੰਮ ਕਰਦੀ ਹੈ।”
ਇਕ ਵਾਰ ਕਿਸੇ ਜ਼ਰੂਰੀ ਕੰਮ ਲਈ ਸ਼ ਗਜਰਾਜ ਕਿਸੇ ਦਫਤਰ ਪੁੱਜੇ। ਅਫਸਰ ਢੂੰਡਿਆਂ ਨਹੀਂ ਸੀ ਦਿਸ ਰਿਹਾ ਅਤੇ ਉਸ ਦਾ ਕਮਰਾ ਬੰਦ ਪਿਆ ਸੀ। ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਕਰਮਚਾਰੀ ਅਫਸਰ ਦੀ ਅਣਹੋਂਦ ਦਾ ਲਾਭ ਉਠਾਉਂਦਿਆਂ ਕੰਮ ਤਿਆਗ ਕੇ ਕੰਟੀਨ ਵਿਚ ਗੱਪਾਂ ਹੱਕਣ ਲੱਗੇ ਹੋਏ ਸਨ। ਸ਼ ਗਜਰਾਜ ਨੇ ਇੰਨੇ ਸਮੇਂ ਵਿਚ ਕੁਝ ਤੁਕਾਂ ਸਿਰਜ ਲਈਆਂ, ਜੋ ਲੇਟ ਲਤੀਫ ਅਫਸਰ ਦੇ ਆਉਂਦਿਆਂ ਹੀ ਗੋਲੀਆਂ ਵਾਂਗ ਉਸ ਉਤੇ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ,
ਬੂਹੇ ਢੋਅ ਦੇ, ਬਾਰੀ ਲਾ ਦੇ,
ਵਾਰੀ ਵਾਰੀ ਸਾਰੇ ਲਾ ਦੇ।
ਚਾਨਣ ਵਾਲਾ ਲੈਂਪ ਬੁਝਾ ਦੇ,
ਰੌਸ਼ਨਦਾਨੀ ਪਰਦੇ ਪਾ ਦੇ।
ਅੰਨ੍ਹੀ ਨਗਰੀ ਦਾ ਇਹ ਦਫਤਰ,
ਨਾ ਕੋਈ ਨੌਕਰ, ਨਾ ਕੋਈ ਅਫਸਰ।
ਆਜ਼ਾਦੀ ਮਿਲਣ ਉਪਰੰਤ ਦਿੱਲੀ ਵਿਖੇ ਲਾਲ ਕਿਲੇ ‘ਤੇ ਮਨਾਈ ਜਾ ਰਹੀ ਵਰ੍ਹੇਗੰਢ ਦੇ ਮੌਕੇ ਆਯੋਜਿਤ ਵਿਸ਼ਾਲ ਤ੍ਰੈ-ਭਾਸ਼ੀ ਕਵੀ ਦਰਬਾਰ ਵਿਚ ਵੱਡੇ-ਵੱਡੇ ਲੀਡਰਾਂ ਦੀ ਹਾਜ਼ਰੀ ਵਿਚ ਸ਼ ਗਜਰਾਜ ਨੇ ਆਪਣੀ ਕਵਿਤਾ ‘ਆਜ਼ਾਦੀ ਦੀ ਹੀਰ’ ਪੜ੍ਹੀ ਅਤੇ ਸਭ ਨੂੰ ਉਨ੍ਹਾਂ ਦੇ ਅਸਲੀ ਚਿਹਰੇ ਦਿਖਾਉਂਦਿਆਂ ਭੋਰਾ ਸੰਕੋਚ ਨਾ ਕੀਤਾ। ਕਵਿਤਾ ਦੇ ਸਿਰਫ ਦੋ ਬੰਦ ਹੀ ਪੇਸ਼ ਕੀਤੇ ਜਾ ਰਹੇ ਹਨ,
ਆਜ਼ਾਦ ਰਾਂਝਿਓ ਖੁਸ਼ੀ ਦੇ ਗੀਤ ਗਾਓ,
ਤੁਹਾਨੂੰ ਉਡ ਕੇ ਆਜ਼ਾਦੀ ਦੀ ਹੀਰ ਮਿਲ ਗਈ।
ਜਿਵੇਂ ਭਾਈ ਨੂੰ ਉਡ ਕੇ ਮਿਲੇ ਕੁਣਕਾ,
ਭੁੱਖੇ ਬਾਹਮਣ ਨੂੰ ਜਿਸ ਤਰ੍ਹਾਂ ਖੀਰ ਮਿਲ ਗਈ।
ਕਈ ਮਾਂਵਾਂ ਦੇ ਪੁੱਤਰ ਸ਼ਹੀਦ ਹੋ ਗਏ,
ਮਾਰੀ ਸ਼ੇਰਾਂ ਦੀ ਕਿਸੇ ਨੂੰ ਜਗੀਰ ਮਿਲ ਗਈ।
ਦੇਸ਼ ਭਗਤਾਂ ਨੂੰ ਮਿਲੇ, ਕੁਝ ਨਾ ਵੀ ਮਿਲੇ,
ਪਰ ਪਰਮਟ ਭਗਤਾਂ ਨੂੰ ਉਡ ਕੇ ਤਕਦੀਰ ਮਿਲ ਗਈ।
ਆਜ਼ਾਦੀ ਚਾਹੁੰਦੀ ਏ ਦੇਸ਼ ਪਰਵਾਨਿਆਂ ਨੂੰ,
ਇਹ ਨਹੀਂ ਚਾਹੁੰਦੀ ਇਹ ਭੂੰਡਾਂ ਭੰਡਾਰਿਆਂ ਨੂੰ।
ਆਜ਼ਾਦੀ ਚਾਹੁੰਦੀ ਏ ਮਿੱਠਿਆਂ ਚਸ਼ਮਿਆਂ ਨੂੰ,
ਇਹ ਨਹੀਂ ਚਾਹੁੰਦੀ ਸਮੁੰਦਰਾਂ ਖਾਰਿਆਂ ਨੂੰ।
ਸਿੱਖ-ਹਿੰਦੂ ਦਾ ਮੇਲ ਮਿਲਾਪ ਚਾਹੁੰਦੀ,
ਪਿਆਰ ਕਰਦੀ ਏ ਦੋਵੇਂ ਪਿਆਰਿਆਂ ਨੂੰ।
ਫਿਰਕਾਪ੍ਰਸਤੀ ਦੇ ਭਾਂਬੜ ਬਾਲਦੇ ਜੋ,
ਨਫਰਤ ਕਰਦੀ ਏ ਉਨ੍ਹਾਂ ਨਕਾਰਿਆਂ ਨੂੰ।
ਆਪਣੀ ਇਕ ਕਵਿਤਾ ‘ਵਤਨ ਦੇ ਬਣਾਵਟੀ ਆਸ਼ਕ’ ਵਿਚ ਉਹ ਸੱਚਾਈ ਬਿਆਨਦਿਆਂ ਲਿਖਦੇ ਹਨ,
ਪਰਮਿਟ ਦੇ ਆਸ਼ਕ ਲੱਖਾਂ ਨੇ
ਦੇਸ਼ ਭਗਤ ਕੋਈ ਕੋਈ ਏ,
ਭੈੜੇ ਤੋਂ ਭੈੜੇ ਅਫਸਰ ਨੂੰ
ਹੁਣ ਧੌਣ ਝੁਕਾਉਣੀ ਪੈਂਦੀ ਏ।
ਨਾ ਕੁੱਲੀ, ਗੁੱਲੀ, ਜੁੱਲੀ ਸੀ
ਅੱਜ ਕੋਠੀਆਂ, ਮੋਟਰ ਕਾਰਾਂ ਨੇ,
ਕੱਲ੍ਹ ਕੀ ਸੀ ਇਹ, ਅੱਜ ਹੋ ਗਏ ਕੀ?
ਇਹ ਗੱਲ ਛੁਪਾਉਣੀ ਪੈਂਦੀ ਏ।
ਜੋ ਦੇਸ਼ ਵਤਨ ਦੇ ਆਸ਼ਕ ਸਨ
ਉਹ ਫਾਂਸੀ ਉਤੇ ਝੂਟ ਗਏ,
ਇਹ ਆਜ਼ਾਦੀ ਉਨ੍ਹਾਂ ਦੀ ਬਰਕਤ ਏ
ਇਹ ਗੱਲ ਸੁਣਾਉਣੀ ਪੈਂਦੀ ਏ।
ਪਰਵਾਨਿਆਂ ਨੂੰ ਕੋਈ ਪੁੱਛਦਾ ਨਹੀਂ
ਭੂੰਡਾਂ ਦੇ ਜਾਦੂ ਚੱਲਦੇ ਹਨ,
ਰਿਸ਼ਵਤਖੋਰੀ-ਚੋਰੀ ਵੀ
ਇਨ੍ਹਾਂ ਦੀ ਦਬਾਉਣੀ ਪੈਂਦੀ ਏ।
ਗੁੱਟਾਂ ਵਿਚ ਝਗੜੇ, ਦੰਗੇ ਨੇ
ਪਏ ਪੱਗੋਂ ਹੱਥੀ ਹੁੰਦੇ ਨੇ,
‘ਗਜਰਾਜ’ ਉਨ੍ਹਾਂ ਵਿਚ ਜਾਣਾ ਕੀ
ਜਿੱਥੇ ਪੱਗ ਲੁਹਾਉਣੀ ਪੈਂਦੀ ਏ।
ਭਾਵੇਂ ਕੇਂਦਰ ਤੱਕ ਦੇ ਪ੍ਰਮੱਖ ਕਾਂਗਰਸੀ ਨੇਤਾ ਸ਼ ਗਜਰਾਜ ਦੇ ਚੰਗੇ ਮਿੱਤਰਾਂ ਵਿਚੋਂ ਸਨ, ਪਰ ਉਹ ਸੱਚ ਨੂੰ ਯਾਰੀ-ਦੋਸਤੀ ਨਾਲੋਂ ਉਚਾ ਸਥਾਨ ਦਿੰਦੇ ਸਨ। ਇਸੇ ਕਰਕੇ ਸਮਾਂ ਬੀਤਣ ਨਾਲ ਕਾਂਗਰਸੀਆਂ ਵਿਚ ਪਰਵੇਸ਼ ਕਰਨ ਪਿਛੋਂ ਪਾਖੰਡ ਤੋਂ ਪਰਦਾ ਸਰਕਾਉਂਦਿਆਂ ਆਪਣੀ ਕਵਿਤਾ ‘ਉਚੀ ਦੁਕਾਨ, ਫਿੱਕਾ ਪਕਵਾਨ’ ਵਿਚ ਲਿਖਦੇ ਹਨ,
ਇਕ ਟੰਗ ਦੇ ਭਾਰ ਖਲੋਤਾ,
ਬਗਲਾ ਤੱਕਿਆ ਨਹੀਂ ਕਿਨਾਰੇ।
ਲੋਕ ਸਮਝਣ ਇਹ ਭਗਤੀ ਕਰਦਾ,
ਇਹ ਨਹੀਂ ਪਤਾ ਕਿ ਮੱਛੀਆਂ ਮਾਰੇ।
ਮੱਛੀ ਆਈ, ਚੁੰਝ ਦੱਬੀ,
ਉਡਿਆ, ਉਡ ਕੇ ਓਸ ਕਿਨਾਰੇ।
ਬਗਲਿਆਂ ਦੀਆਂ ਡਾਰਾਂ ਆ ਰਲੀਆਂ,
ਹੰਸਾਂ ਦੀ ਨਾ ਰਹੀ ਪਛਾਣ।
ਲੱਲੀ-ਛੱਲੀ ਪੰਜ ਕਲਿਆਣ,
ਲੱਗ ਪਏ ਸਾਰੇ ਖੱਦਰ ਪਾਉਣ।
ਦੂਰੋਂ ਦੇਸ਼ ਭਗਤ ਪਿਆ ਜਾਪੇ,
ਵਿਚੋਂ ਨਿਰੀ ਕਪਟ ਦੀ ਖਾਣ।
ਵਾਹ ਪਿਆ ਤੇ ਦੇਖ ਲਿਆ,
ਉਚੀ ਦੁਕਾਨ ਤੇ ਫਿਕਾ ਪਕਵਾਨ।
ਅਲਬੇਲੀ ਤਬੀਅਤ ਹੋਣ ਕਰਕੇ ਸ਼ ਗਜਰਾਜ ਰਿਆਸਤੀ ਅਹਿਲਕਾਰਾਂ ਦੀ ਘੱਟ ਪਰਵਾਹ ਕਰਦੇ ਸਨ ਤੇ ਇਸੇ ਲਈ ਅਫਸਰਾਂ ਦੀ ਕਰੋਪੀ ਦਾ ਸ਼ਿਕਾਰ ਹੋ ਜਾਣ ਕਾਰਨ ਇਕ ਵਾਰ ਉਨ੍ਹਾਂ ਨੂੰ ਛੇ ਮਹੀਨੇ ਲਈ ਜੇਲ੍ਹ ਦੀ ਹਵਾ ਵੀ ਫੱਕਣੀ ਪਈ, ਪਰ ਉਨ੍ਹਾਂ ਨੇ ਆਪਣੀ ਉਸ ਆਜ਼ਾਦ-ਤਬੀਅਤ ਨੂੰ ਤਿਆਗਿਆ ਨਹੀਂ, ਸਗੋਂ ਬਰਕਰਾਰ ਰੱਖਿਆ, ਜੋ ਉਨ੍ਹਾਂ ਦੀਆਂ ਇਨ੍ਹਾਂ ਸਤਰਾਂ ਤੋਂ ਪਰਗਟ ਹੁੰਦਾ ਹੈ,
ਸ਼ੇਰਾਂ ਦੀ ਭਬਕਾਰ ਨਹੀਂ ਜਾਂਦੀ,
ਬੱਧੇ ਹੋਣ ਜ਼ੰਜੀਰਾਂ ਦੇ ਵਿਚ।
ਜੇਲ੍ਹ ਫਾਂਸੀਆਂ ਧੁਰ ਤੋਂ ਲਿਖੀਆਂ,
ਮਰਦਾਂ ਦੀਆਂ ਤਕਦੀਰਾਂ ਦੇ ਵਿਚ।
ਸਿੱਖੀ ਫਲਦੀ ਫੁੱਲਦੀ ਆਈ,
ਤਲਵਾਰਾਂ ਤੇ ਤੀਰਾਂ ਦੇ ਵਿਚ।
ਮੁਗਲ ਵੀ ਇਸ ਨੂੰ ਖਾ ਨਹੀਂ ਸਕੇ,
ਲੱਖਾਂ ਹੀ ਤਦਬੀਰਾਂ ਦੇ ਵਿਚ।
ਸਦਾ ਹੀ ਸ਼ੇਰਾਂ ਵਾਂਗੂ ਦਹਾੜਦਾ ਤੇ ਭ੍ਰਿਸ਼ਟਾਚਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾਉਂਦਾ ਇਹ ਨਿਧੜਕ ਤੇ ਨਿਡਰ ਕਵੀ 14 ਜੁਲਾਈ 1970 ਨੂੰ ਸਦਾ ਲਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਜਾ ਬੈਠਾ।