ਜਾਰਜ ਔਰਵੈਲ ਦੇ ਨਾਵਲ ‘1984’ ਦੇ ਝਲਕਾਰੇ

ਭਾਰਤ ਵਿਚ ਜਿਸ ਤਰ੍ਹਾਂ ਆਮ ਲੋਕ ਮਸਲਿਆਂ ਬਾਰੇ ਅਵਾਜ਼ ਉਠਾਉਣ ਵਾਲਿਆਂ ਨੂੰ ਲੱਭ-ਲੱਭ ਕੇ ਉਨ੍ਹਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ, ਉਸ ਨੇ ਸੰਸਾਰ ਪ੍ਰਸਿੱਧ ਲਿਖਾਰੀ ਜਾਰਜ ਔਰਵੈਲ ਦੇ ਨਾਵਲ ‘1984’ ਦਾ ਚੇਤਾ ਕਰਵਾ ਦਿੱਤਾ ਹੈ। ਇਹ ਨਾਵਲ 1949 ਵਿਚ ਛਪਿਆ ਸੀ ਅਤੇ ਲਿਖਾਰੀ ਨੇ ਉਸ ਸਮੇਂ ਤੋਂ 35 ਸਾਲ ਬਾਅਦ ਦਾ ਨਕਸ਼ਾ ਆਪਣੇ ਨਾਵਲ ਵਿਚ ਖਿੱਚਿਆ ਸੀ, ਕਿਸ ਤਰ੍ਹਾਂ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਨੇ ਇਸ ਨਾਵਲ ਦੇ ਹਵਾਲੇ ਨਾਲ ਹਿੰਦੂ ਕੱਟੜਪੰਥੀਆਂ ਵਲੋਂ ਮਚਾਈ ਹਨੇਰਗਰਦੀ ਦੀ ਚਰਚਾ ਆਪਣੇ ਇਸ ਲੇਖ ਅੰਦਰ ਕੀਤੀ ਹੈ। -ਸੰਪਾਦਕ

ਰਵੀਸ਼ ਕੁਮਾਰ
ਅਨੁਵਾਦ: ਵਰਿੰਦਰ ਦੀਵਾਨਾ

ਜੇ ਤੁਸੀਂ ਨਾਜ਼ੀ ਦੌਰ ਦਾ ਇਤਿਹਾਸ ਦੇਖੋਗੇ ਤਾਂ ਤੁਹਾਨੂੰ ਇੱਕ ਸ਼ਬਦ ਮਿਲੇਗਾ ‘ਕਲੀਨਜ਼ਿੰਗ’ ਜਿਸ ਨੂੰ ਯਹੂਦੀਆਂ ਦੇ ਸਫਾਏ ਦੇ ਪ੍ਰਸੰਗ ਵਿਚ ਵਰਤਿਆ ਜਾਂਦਾ ਸੀ। ਇਹ ਸ਼ਬਦ ਸਫਾਏ ਅਤੇ ਸਫਾਈ ਦੋਹਾਂ ਮਾਇਨਿਆਂ ਵਿਚ ਵਰਤਿਆ ਗਿਆ ਹੈ। ਉਨ੍ਹਾਂ ਦੀਆਂ ਬਸਤੀਆਂ ਦੀ ਕਲੀਨਜ਼ਿੰਗ ਤੋਂ ਲੈ ਕੇ ਨਸਲ ਦੀ (ਕਲੀਨਜ਼ਿੰਗ) ਥਾਂ-ਥਾਂ ਮਿਲੇਗੀ। ਵਸੋਂ ਦੇ ਕਿਸੇ ਹਿੱਸੇ ਨੂੰ ਯੋਜਨਾਬੱਧ ਢੰਗ ਨਾਲ ਖਤਮ ਕਰਨ ਦੇ ਅਮਲ ਨੂੰ ਕਲੀਨਜ਼ਿੰਗ ਕਹਿੰਦੇ ਹਨ।
ਨਾਜ਼ੀ ਸ਼ਾਸਨ ਵਿਚ ਕਲੀਨਜ਼ਿੰਗ ਸ਼ਬਦ ਦੀ ਜਿਨ੍ਹਾਂ ਪ੍ਰਸੰਗਾਂ ਵਿਚ ਵਰਤੋਂ ਕੀਤੀ ਗਈ ਅਤੇ ਜਿਸ ਤਰ੍ਹਾਂ ਇਹ ਸ਼ੁੱਧੀਕਰਨ ਮੁਹਿੰਮ ਲਾਗੂ ਕੀਤੀ ਗਈ-ਇਸ ਸਭ ਬਾਰੇ ਜਾਣੂ ਹੋਣ ਤੋਂ ਬਾਅਦ ਤੁਸੀਂ ਜਾਰਜ ਔਰਵੈਲ ਦੇ ਨਾਵਲ ‘1984’ ਦਾ ਕੋਈ ਵੀ ਪੰਨਾ ਲਵੋ। ਇਸ ਵਿਚ ‘ਥੌਟ ਪੁਲਿਸ’ ਨਾਂ ਦੀ ਚੀਜ਼ ਮਿਲੇਗੀ ਜਿਸ ਨੂੰ ਤੁਸੀਂ ‘ਵਿਚਾਰ ਪੁਲਿਸ’ ਕਹਿ ਸਕਦੇ ਹੋ। ਔਰਵੈਲ ਆਪਣੇ ਨਾਵਲ ਵਿਚ ਇਸ ਨਾਂ ਨਾਲ ਇਹੋ ਜਿਹੀ ਸੰਸਥਾ ਦੀ ਕਲਪਨਾ ਕਰ ਰਹੇ ਹਨ, ਜੋ ਨਾਗਰਿਕਾਂ ਦੇ ਮਨਾਂ ਵਿਚ ਚਲ ਰਹੇ ਹਰ ਵਿਚਾਰ ਨੂੰ ਜਾਣ ਲੈਂਦੀ ਹੈ, ਉਨ੍ਹਾਂ ‘ਤੇ ਨਿਗ੍ਹਾ ਰੱਖਦੀ ਹੈ। ਕੋਈ ਵੀ ਨਾਗਰਿਕ ਪਾਰਟੀ ਦੇ ਖਿਲਾਫ ਸੋਚ ਨਹੀਂ ਸਕਦਾ, ਲਿਖ ਨਹੀਂ ਸਕਦਾ, ਬੋਲ ਨਹੀਂ ਸਕਦਾ। ਥਾਂ-ਥਾਂ ਗ੍ਰਾਮੋਫੋਨ ਲੱਗੇ ਹਨ, ਵਿਸ਼ਾਲ ਟੈਲੀ-ਸਕਰੀਨ ਲੱਗੀਆਂ ਹਨ। ਇਨ੍ਹਾਂ ਸਕਰੀਨਾਂ ਪਿੱਛੇ ਤੁਹਾਨੂੰ ਕੋਈ ਦੇਖ ਰਿਹਾ ਹੈ। ਕੋਈ ਤੁਹਾਨੂੰ ਸੁਣ ਰਿਹਾ ਹੈ। ‘ਵਿਚਾਰ ਪੁਲਿਸ’ ਨਹੀਂ ਚਾਹੁੰਦੀ ਕਿ ਨਾਗਰਿਕ ਜਾਂ ਇਨਸਾਨ ਦੇ ਤੌਰ ‘ਤੇ ਤੁਹਾਡੇ ਅੰਦਰ ਕਿਸੇ ਵੀ ਤਰ੍ਹਾਂ ਦੀ ਭਾਵਨਾ ਜਿਉਂਦੀ ਰਹੇ। ਇਹ ਭਾਵਨਾ ਭਾਵੇਂ ਬੇਕਾਬੂ ਖੁਸ਼ੀ ਦੀ ਕਿਉਂ ਨਾ ਹੋਵੇ! ਸਾਰੇ ਨਾਗਰਿਕਾਂ ਦੀਆਂ ਭਾਵਨਾਵਾਂ ‘ਤੇ ਪਾਰਟੀ ਦਾ ਹੀ ਕੰਟਰੋਲ ਹੈ।
ਔਰਵੈਲ ਦਾ ਇਹ ਨਾਵਲ 1949 ਵਿਚ ਛਪਿਆ ਸੀ। ਇਨ੍ਹਾਂ ਦਿਨਾਂ ਵਿਚ ਇਹ ਅਮਰੀਕਾ ਵਿਚ ਨਵੇਂ ਸਿਰੇ ਤੋਂ ਪੜ੍ਹਿਆ ਜਾਣ ਲੱਗਾ ਹੈ। ਕਿਵੇਂ ਉਸ ਆਦਮੀ ਨੇ ਅੱਜ ਤੋਂ ਸੱਤਰ ਸਾਲ ਪਹਿਲਾਂ, ਸਾਡੇ ਸਮੇਂ ਨੂੰ ਇਸ ਤਰ੍ਹਾਂ ਸਾਫ-ਸਾਫ ਦੇਖ ਲਿਆ ਸੀ ਅਤੇ ਸਾਡੇ ਲਈ ਲਿਖ ਵੀ ਲਿਆ ਸੀ? ਦੁਨੀਆਂ ਉਦੋਂ ਵੀ ਬੇਖਬਰ ਰਹੀ, ਅੱਜ ਵੀ ਬੇਖਬਰ ਹੈ! ਜ਼ਰਾ ਗੌਰ ਕਰੋ, ਪੁਲਵਾਮਾ ਹਮਲੇ ਤੋਂ ਅਗਲੇ ਦਿਨ ਮਤਲਬ, 15 ਫਰਵਰੀ, 2019 ਨੂੰ ਭਾਰਤ ਵਿਚ 9 ਨੌਜਵਾਨਾਂ ਨੇ ਮਿਲ ਕੇ ਫੇਸਬੁੱਕ ‘ਤੇ ‘ਕਲੀਨ ਦਿ ਨੇਸ਼ਨ’ (ਸੀ.ਟੀ.ਐਨ.) ਨਾਂ ਦਾ ਗਰੁੱਪ ਬਣਾਇਆ। ਅਗਲੇ ਦੋ ਦਿਨਾਂ ਵਿਚ ਉਹ ਪੁਲਵਾਮਾ ਹਮਲੇ ‘ਤੇ ਸੁਆਲ ਉਠਾਉਣ ਵਾਲਿਆਂ ਦੀ ਸ਼ਨਾਖਤ ਕਰਦੇ ਹਨ। ਉਨ੍ਹਾਂ ਖਿਲਾਫ ਪੁਲਿਸ ਸ਼ਿਕਾਇਤ ਕਰਵਾਉਂਦੇ ਹਨ। ਪਛਾਣੇ ਗਏ ਇਹ ਲੋਕ ਟਰੋਲ ਹੁੰਦੇ ਹਨ। ਤਦ ਪੁਲਿਸ ਉਨ੍ਹਾਂ ਨੂੰ ਦੇਸ਼ਧ੍ਰੋਹ ਅਤੇ ਹੋਰ ਮਾਮਲਿਆਂ ਵਿਚ ਗ੍ਰਿਫਤਾਰ ਕਰ ਲੈਂਦੀ ਹੈ, ਤੇ ਇਹ ਸਾਰੇ ਆਪੋ-ਆਪਣੀਆਂ ਨੌਕਰੀਆਂ, ਯੂਨੀਵਰਸਿਟੀਆਂ ਤੋਂ ਮੁਅੱਤਲ ਕੀਤੇ ਜਾਂਦੇ ਹਨ। ਇਸੇ ਦੌਰਾਨ ਇਸ ਫੇਸਬੁੱਕ ਗਰੁੱਪ ਦੇ 4500 ਮੈਂਬਰ ਬਣ ਜਾਂਦੇ ਹਨ। ਜ਼ਿਆਦਾਤਰ ਦੀ ਉਮਰ 20 ਸਾਲ ਦੇ ਨੇੜੇ-ਤੇੜੇ ਹੈ। ਇਹ ਨੋਇਡਾ, ਦਿੱਲੀ ਵਿਚ ਆਈ.ਟੀ. ਕਿੱਤਾਕਾਰ ਦੇ ਰੂਪ ਵਿਚ ਕੰਮ ਵੀ ਕਰਦੇ ਹਨ। ਇਨ੍ਹਾਂ ਦਾ ਨਿਸ਼ਾਨਾ ਹੈ-‘ਦੇਸ਼ ਧ੍ਰੋਹੀਆਂ ਦਾ ਸਫਾਇਆ’।
‘ਕਲੀਨ ਦਿ ਨੇਸ਼ਨ’ (ਸੀ.ਟੀ.ਐਨ.) ਪ੍ਰੋਜੈਕਟ ਇੱਕ ਵੀਡਿਓ ਜਾਰੀ ਹੋਣ ਮਗਰੋਂ ਸ਼ੁਰੂ ਹੁੰਦਾ ਹੈ ਜਿਸ ਵਿਚ ‘ਭਾਰਤੀ ਸੈਨਾ’ ਲਿਖੀ ਹੋਈ ਟੀ-ਸ਼ਰਟ ਪਾ ਕੇ ਇਸ ਦੇ ਕੋਰ ਮੈਂਬਰ ਮਧੁਰ ਸਿੰਘ ਕਹਿੰਦੇ ਹਨ ਕਿ ‘ਉਨ੍ਹਾਂ ਲੋਕਾਂ ਦਾ ਪਤਾ ਕਰੋ ਜੋ ਭਾਰਤੀ ਫੌਜ ‘ਤੇ ਹੱਸ ਰਹੇ ਹਨ। ਉਨ੍ਹਾਂ ਦੀ ਨੌਕਰੀ ਵਾਲੀ ਥਾਂ ਰਾਬਤਾ ਕਰੋ। ਜਿਥੇ ਉਹ ਪੜ੍ਹ ਰਹੇ ਹਨ, ਉਸ ਯੂਨੀਵਰਸਿਟੀ ਨਾਲ ਰਾਬਤਾ ਕਰੋ। ਉਨ੍ਹਾਂ ਨੂੰ ਸਬਕ ਸਿਖਾ ਦਿਓ। ਨੌਕਰੀ ਤੋਂ ਕਢਵਾ ਦਿਓ। ਯੂਨੀਵਰਸਿਟੀ ਤੋਂ ਮੁਅੱਤਲ ਕਰਵਾ ਦਿਓ।’
ਇੰਡੀਅਨ ਐਕਸਪ੍ਰੈਸ (ਅੰਗਰੇਜ਼ੀ ਅਖਬਾਰ) ਦੀ ਕ੍ਰਿਸ਼ਮਾ ਮਹਿਰੋਤਰਾ ਨੇ ਮਧੁਰ ਸਿੰਘ ਅਤੇ ਸੀ.ਟੀ.ਐਨ. ਦੇ ਹੋਰ ਵੀ ਕੋਰ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ। ਉਸ ਨੂੰ ਇਸ ਟੋਲੇ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਫੇਸਬੁੱਕ ਰਾਹੀਂ ਭਾਰਤ-ਵਿਰੋਧੀਆਂ ਬਾਰੇ ਸੂਚਨਾਵਾਂ ਇਕੱਠੀਆਂ ਕਰਦੀ ਹੈ, ਕਿਉਂਕਿ ਉਥੇ ਸਭ ਤੋਂ ਵੱਧ ਨਿੱਜੀ ਜਾਣਕਾਰੀਆਂ ਮਿਲ ਜਾਂਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਤਕਰੀਬਨ ਪੰਤਾਲੀ ਮਾਮਲਿਆਂ ਵਿਚ ਭਾਰਤ-ਵਿਰੋਧੀ ਲੋਕਾਂ ਖਿਲਾਫ ਕਾਰਵਾਈ ਕਰਵਾਈ ਗਈ ਹੈ: ਗੁਹਾਟੀ ਦੇ ਇੱਕ ਕਾਲਜ ਦਾ ਸਹਾਇਕ ਪ੍ਰੋਫੈਸਰ ਮੁਅੱਤਲ ਹੋ ਚੁੱਕਿਆ ਹੈ; ਰਾਜਸਥਾਨ ਯੂਨੀਵਰਸਿਟੀ ਨੇ ਚਾਰ ਕਸ਼ਮੀਰੀ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ; ਇੱਕ ਟਵੀਟ ਕਾਰਨ ਜੈਪੁਰ ਵਿਚ ਇੱਕ ਗ੍ਰਿਫਤਾਰੀ ਹੋਈ ਹੈ; ਗ੍ਰੇਟਰ ਨੋਇਡਾ ਦੇ ਇੱਕ ਇੰਜਨੀਅਰਿੰਗ ਕਾਲਜ ਨੇ ਕਸ਼ਮੀਰੀ ਵਿਦਿਆਰਥੀ ਨੂੰ ਮੁਅੱਤਲ ਕੀਤਾ ਹੈ; ਬਿਹਾਰ ਦੇ ਕਟਿਹਾਰ ਵਿਚ ਇੱਕ ਵਿਦਿਆਰਥੀ ਫੇਸਬੁੱਕ ਪੋਸਟ ਕਾਰਨ ਗ੍ਰਿਫਤਾਰ ਹੋਇਆ ਹੈ। ਕਈ ਸੰਸਥਾਵਾਂ ਨੇ ਸੀ.ਟੀ.ਐਨ. ਨੂੰ ਆਪ ਕੀਤੀ ਕਾਰਵਾਈ ਦਾ ਵੇਰਵਾ ਵੀ ਭੇਜਿਆ ਹੈ।
ਉਸ ਤੋਂ ਬਾਅਦ 29 ਜੂਨ, 2019 ਨੂੰ ਸੀ.ਟੀ.ਐਨ. ਨੂੰ ਸੋਸ਼ਲ ਮੀਡੀਆ ਪੱਤਰਕਾਰੀ ਲਈ ਐਵਾਰਡ ਦਿੱਤਾ ਜਾਂਦਾ ਹੈ ਜਿਸ ਦਾ ਨਾਂ ਹੈ-ਸੋਸ਼ਲ ਮੀਡੀਆ ਪੱਤਰਕਾਰੀ ਨਾਰਦ ਸਨਮਾਨ। ਸਨਮਾਨ ਦੇਣ ਵਾਲੀ ਸੰਸਥਾ ਦਾ ਨਾਂ ਹੈ-ਇੰਦਰਪ੍ਰਸਥ ਵਿਸ਼ਵ ਸੰਵਾਦ ਕੇਂਦਰ (ਆਈ.ਵੀ.ਐਸ਼ਕੇ.)। ਇਹ ਸਨਮਾਨ ਸਮਾਗਮ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਹੁੰਦਾ ਹੈ ਅਤੇ ਸਟੇਜ ‘ਤੇ ਬਿਰਾਜਮਾਨ ਹਨ-ਰਾਸ਼ਟਰੀ ਸਵੈਮਸੇਵਕ ਸੰਘ ਦੇ ਮਨਮੋਹਨ ਵੈਦ ਅਤੇ ਕੇਂਦਰੀ ਮੰਤਰੀ ਸਿਮਰਿਤੀ ਇਰਾਨੀ।
ਇੰਡੀਅਨ ਐਕਸਪ੍ਰੈਸ ਨੇ ਐਵਾਰਡ ਦੇਣ ਵਾਲੀ ਸੰਸਥਾ ਆਈ.ਵੀ.ਐਸ਼ਕੇ. ਦੇ ਸਕੱਤਰ ਵਗੀਸ਼ ਇਸ਼ਰ ਨਾਲ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ‘ਇਸ ਟੀਮ ਨੂੰ ਐਵਾਰਡ ਇਸ ਲਈ ਦਿੱਤਾ ਗਿਆ, ਕਿਉਂਕਿ ਅਸੀਂ ਦੇਖਿਆ ਕਿ ਇਹ ਸਾਡੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਨ। ਬਹੁਤ ਸਾਰੇ ਲੋਕ ਦੇਸ਼ ਨੂੰ ਪਿਆਰ ਕਰਦੇ ਹਨ, ਪਰ ਕੁਝ ਲੋਕ ਜ਼ਿਆਦਾ ਕਿਰਿਆਸ਼ੀਲਤਾ ਨਾਲ ਪਿਆਰ ਕਰਦੇ ਹਨ।’
ਗੁਹਾਟੀ ਦੇ ਇੱਕ ਕਾਲਜ ਤੋਂ ਮੁਅੱਤਲ ਕੀਤੀ ਸਹਾਇਕ ਪ੍ਰੋਫੈਸਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਮੀਡੀਆ ਉਸ ਦਾ ਪਿੱਛਾ ਕਰਨ ਲੱਗਿਆ, ਘਰ ਛੱਡ ਕੇ ਭੱਜਣਾ ਪਿਆ। ਜੈਪੁਰ ਵਿਚ ਚਾਰ ਕਸ਼ਮੀਰੀ ਕੁੜੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ, ਉਨ੍ਹਾਂ ਦੇ ਵ੍ਹੱਟਸਐਪ ਸੁਨੇਹੇ ਦਾ ਇਹ ਮਤਲਬ ਕੱਢਿਆ ਗਿਆ ਕਿ ਇਨ੍ਹਾਂ ਨੇ ਪੁਲਵਾਮਾ ਹਮਲੇ ‘ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਨੂੰ ਕਾਲਜ ਅਤੇ ਹੋਸਟਲ ਤੋਂ ਮੁਅੱਤਲ ਕੀਤਾ ਗਿਆ। ਸਥਾਨਕ ਲੋਕ ਵੀ ਇਨ੍ਹਾਂ ਖਿਲਾਫ ਪ੍ਰਦਰਸ਼ਨ ਕਰਨ ਨਿਕਲੇ। ਐਫ਼ਆਈ.ਆਰ. ਦਰਜ ਹੋਈ ਪਰ ਕੋਈ ਗ੍ਰਿਫਤਾਰੀ ਨਹੀਂ ਹੋਈ। ਇੰਡੀਅਨ ਐਕਸਪ੍ਰੈਸ ਨੇ ਥਾਣੇ ਦੇ ਐਸ਼ਐਚ.ਓ. ਨਾਲ ਗੱਲ ਕੀਤੀ, ਉਨ੍ਹਾਂ ਦੱਸਿਆ ਕਿ ਕੁੜੀਆਂ ਵਿਰੁਧ ਕੋਈ ਕਾਰਵਾਈ ਨਹੀਂ ਬਣਦੀ।
ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਸਥਾਨਕ ਪੱਧਰ ‘ਤੇ ਮਹੱਲਿਆਂ ਵਿਚ, ਦਫਤਰਾਂ ਵਿਚ ਜ਼ਰੂਰ ਬਹਿਸ ਹੋਈ ਹੋਵੇਗੀ। ਲੋਕਾਂ ਨੂੰ ਫਰਜ਼ੀ ਸੂਚਨਾਵਾਂ ਦੇ ਆਧਾਰ ‘ਤੇ ‘ਰਾਸ਼ਟਰਵਾਦੀ’ ਬਣਾਇਆ ਗਿਆ ਹੋਵੇਗਾ। ਮੀਡੀਆ ਵੀ ਇਸ ਗਰਮਾ-ਗਰਮ ਬਹਿਸ ਵਿਚ ਕੁੱਦਣ ਵਿਚ ਪਿੱਛੇ ਕਿਉਂ ਰਹਿੰਦਾ! ਹੁਣ ਇਹ ਮਾਮਲਾ ਖਤਮ ਹੋ ਗਿਆ ਹੈ। ਨਾ ਸਮਾਜ ਨੂੰ ਅਫਸੋਸ ਹੈ, ਨਾ ਮੀਡੀਆ ਨੂੰ। ਥਾਂ-ਥਾਂ ਇਸੇ ਤਰਜ਼ ‘ਤੇ ਬਹਿਸ ਦੇ ਮੁੱਦੇ ਪੈਦਾ ਕੀਤੇ ਜਾਂਦੇ ਹਨ। ਲੋਕਾਂ ਦੇ ਵਿਚੋਂ ‘ਰਾਸ਼ਟਰਵਿਰੋਧੀ’ ਦੀ ਪਛਾਣ ਕੀਤੀ ਜਾਂਦੀ ਹੈ। ਕੋਈ ਨਵਾਂ ਮਾਮਲਾ ਬਣਾਇਆ ਜਾਂਦਾ ਹੈ ਅਤੇ ਦੂਜੇ ਜ਼ਰੂਰੀ ਮੁੱਦਿਆਂ ਤੋਂ ਲੋਕਾਂ ਨੂੰ ਭਟਕਾਇਆ ਜਾਂਦਾ ਹੈ। ਹਰ ਰੋਜ਼ ਲੋਕ ਇਸੇ ਤਰ੍ਹਾਂ ਦੀ ਕਸਰਤ ਕਰ ਰਹੇ ਹਨ। ਉਹ ਜਾਰਜ ਔਰਵੈਲ ਦੇ ਨਾਵਲ ‘1984’ ਦੇ ਨਾਗਰਿਕ ਬਣ ਗਏ ਹਨ। ਉਹ ਹੁਣ ਔਰਵੈਲਿਅਨ ਸੰਸਾਰ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਆਪਣੀ ਕੋਈ ਸੋਚ ਨਹੀਂ ਰਹੀ ਹੈ, ਕੋਈ ਸਮਝ ਨਹੀਂ ਰਹੀ ਹੈ। ਉਹ ਹੁਣ ਆਪਣਾ ਹਾਸਾ ਵੀ ਨਹੀਂ ਹੱਸ ਸਕਦੇ। ਜਦੋਂ ਸੱਤਾ ਵਿਚ ਬੈਠਾ ਆਗੂ ਕਹੇਗਾ ਅਤੇ ਜਿਨ੍ਹਾਂ ਹੱਸੇਗਾ, ਤਾਂ ਉਨ੍ਹਾਂ ਹੀ ਸਭ ਨੂੰ ਹੱਸਣਾ ਪਵੇਗਾ।
ਸੀ.ਟੀ.ਐਨ. ਗੈਂਗ ਜਿਹੀ ‘ਪੁਲਿਸ’ ਤੁਹਾਡੇ ਆਸ-ਪਾਸ ਹੈ। ਨਹੀਂ ਵੀ ਹੈ ਤਾਂ ਉਸ ਦੇ ਆ ਜਾਣ ਦਾ ਡਰ ਲੱਗਿਆ ਰਹਿੰਦਾ ਹੈ। ਇਸ ਲਈ ਤੁਸੀਂ ਖੁੱਲ੍ਹ ਕੇ ਲਿਖਣ ਤੋਂ ਡਰਦੇ ਹੋ। ਖੁੱਲ੍ਹ ਕੇ ਬੋਲਣ ਤੋਂ ਬਚਦੇ ਹੋ। ਟਰੋਲ ਦੇ ਹਮਲੇ ਤੋਂ ਘਬਰਾਉਂਦੇ ਹੋ, ਕਿਉਂਕਿ ਤੁਹਾਡੇ ‘ਤੇ ਸੀ.ਟੀ.ਐਨ. ਜਿਹੇ ਟੋਲਿਆਂ ਦੀ ਨਜ਼ਰ ਹੈ। ‘ਬਿੱਗ ਬ੍ਰਦਰ ਇਜ਼ ਵਾਚਿੰਗ ਯੂ। ਹੁਣ ਸੀ.ਟੀ.ਐਨ. ਜਿਹੇ ਟੋਲੇ ਬਿੱਗ ਬ੍ਰਦਰ, ਜਰਵਾਣਿਆਂ ਦੇ ਸੀ.ਸੀ.ਟੀ.ਵੀ. ਕੈਮਰੇ ਹਨ।
ਭਾਰਤ ਦੇ ਨਵੇਂ ਗਣਤੰਤਰ ਵਿਚ ਤੁਹਾਡਾ ਸੁਆਗਤ ਹੈ। ਹੁਣ ਤੁਸੀਂ ਨਾਗਰਿਕ ਨਹੀਂ ਹੋ; ਪਾਰਟੀ ਬਣ ਚੁੱਕੇ ਹੋ। ਜੋ ਨਹੀਂ ਬਣੇ ਹਨ, ਉਨ੍ਹਾਂ ਨੂੰ ਇਸ ਦਾ ਮੁੱਲ ਦੇਣਾ ਪਵੇਗਾ ਅਤੇ ਤੁਹਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ।
ਮੈਂ ਫਿਰ ਤੋਂ ਉਸ ‘ਕਲੀਨਜ਼ਿੰਗ’ ਸ਼ਬਦ ਦੀ ਯਾਦ ਦਿਵਾਉਦਾ ਹਾਂ ਜਿਸ ਨਾਲ ਇਸ ਲੇਖ ਦੀ ਸ਼ੁਰੂਆਤ ਕੀਤੀ ਸੀ। ਨਾਜ਼ੀਆਂ ਦੀ ਸਫਾਈ ਮੁਹਿੰਮ ਯਹੂਦੀਆਂ ਤੋਂ ਸ਼ੁਰੂ ਹੋਈ ਸੀ। ਫਿਰ ਵਸੋਂ ਦੇ ਦੂਜੇ ਤਬਕਿਆਂ ਨੂੰ ਵੀ ਇਸ ਸੂਚੀ ਵਿਚ ਜੋੜ ਲਿਆ ਗਿਆ। ਇੱਕ ਲੰਮੀ ਸੂਚੀ ਤਿਆਰ ਹੋ ਗਈ, ਹੁੰਦੀ ਗਈ। ਈਨਾ ਆਰ. ਫ੍ਰੀਡਮੈਨ ਆਪਣੇ ਲੇਖ ‘ਦਿ ਅਦਰ ਵਿਕਟਮਜ਼ ਆਫ ਦਿ ਨਾਜ਼ੀਜ਼’ ਵਿਚ ਸਾਨੂੰ ਸਾਵਧਾਨ ਕਰਦੀ ਹੈ ਕਿ ਸੱਠ ਲੱਖ ਯਹੂਦੀਆਂ ਨਾਲ ਨਾਜ਼ੀ ਸ਼ਾਸਨ ਨੇ ਪੰਜਾਹ ਲੱਖ ਹੋਰ ਲੋਕਾਂ ਨੂੰ ਵੀ ਮਾਰ ਦਿੱਤਾ ਸੀ। ਇਹ ਉਹ ਲੋਕ ਸਨ ਜੋ ਨਸਲੀ ਤੌਰ ‘ਤੇ ਅਸ਼ੁੱਧ, ਜਰਮਨ-ਵਿਰੋਧੀ, ਕਮਜ਼ੋਰ, ਬਾਂਝ ਜਾਂ ਅਨੈਤਿਕ ਐਲਾਨੇ ਗਏ ਸਨ। ਇਨ੍ਹਾਂ ਵਿਚ ਜਿਪਸੀ, ਕਾਲੇ, ਯਹੋਵਾ ਦੇ ਸਾਥੀ, ਮਾਨਸਿਕ ਤੇ ਸਰੀਰਕ ਤੌਰ ‘ਤੇ ਅਪੰਗ, ਕਮਿਊਨਿਸਟ, ਸਮਾਜਿਕ ਲੋਕ-ਪੱਖੀ ਅਤੇ ਨਾਜ਼ੀਆਂ ਦੇ ਹੋਰ ਵਿਰੋਧੀ, ਅਸਹਿਮਤ ਪਾਦਰੀ, ਸਮਲਿੰਗੀ, ਟ੍ਰਾਂਸਜੈਂਡਰ, ਯੁੱਧ ਬੰਦੀ, ਮਿਰਗੀ ਦੇ ਰੋਗੀ, ਸ਼ਰਾਬੀ, ਸਲੈਵਿਕ, ਚਿੱਤਰਕਾਰ, ਲੇਖਕ, ਸੰਗੀਤਕਾਰ ਅਤੇ ਹੋਰ ਕਲਾਕਾਰ ਜੋ ਹਿਟਲਰ ਦੇ ਵਿਚਾਰਾਂ ਤੇ ਕੰਮਾਂ ਨਾਲ ਸਹਿਮਤ ਨਹੀਂ ਸਨ, ਸਾਰੇ ਸ਼ਾਮਿਲ ਸਨ।
ਫ੍ਰੀਡਮੈਨ ਨੇ ਲਿਖਿਆ ਹੈ, “ਜਨਤਾ ਅਤੇ ਰਾਜ ਤੋਂ ਤਣਾਅ ਦੂਰ ਕਰਨ ਸਬੰਧੀ ਕਾਨੂੰਨ ਨੇ ਨਾਜ਼ੀਆਂ ਨੂੰ ਤਮਾਮ ਨਾਗਰਿਕ ਅਤੇ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰਨ ਦੀ ਖੁੱਲ੍ਹ ਦੇ ਦਿੱਤੀ, ਜੋ ਪਹਿਲਾਂ ਜਰਮਨ ਸੰਵਿਧਾਨ ਵਿਚ ਦਰਜ ਸਨ। ਇਸੇ ਲੜੀ ਤਹਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਬੜਾਵਾ ਦੇਣ ਲਈ ਪ੍ਰੈਸ ਅਤੇ ਰੇਡੀਓ ਦਾ ਪ੍ਰਾਪੇਗੰਡਾ ਸ਼ੁਰੂ ਕੀਤਾ ਗਿਆ, ਜਿਸ ਵਿਚ ਆਪਣੇ ਸ਼ਿਕਾਰ ਲੋਕਾਂ ਨੂੰ ਚੂਹੇ, ਕੀੜੇ, ਨੀਚ ਮਨੁੱਖ ਆਦਿ ਅਪਮਾਨਜਨਕ ਲਕਵਾਂ ਨਾਲ ਨਿਵਾਜਿਆ ਗਿਆ।”
ਇਸ ਤੋਂ ਬਾਅਦ ਫ੍ਰੀਡਮੈਨ ਤਤਕਾਲੀਨ ਹਾਲਤ ਨੂੰ ਲੈ ਕੇ ਇਹੋ ਜਿਹੀ ਟਿੱਪਣੀ ਕਰਦੀ ਹੈ, ਜਿਸ ਨਾਲ ਇਤਿਹਾਸ ਸਾਡੀਆਂ ਬਰੂਹਾਂ ‘ਤੇ ਆ ਖਲੋਂਦਾ ਹੈ। ਉਹ ਇਸ ਗੱਲ ਵੱਲ ਧਿਆਨ ਦਿਵਾਉਂਦੀ ਹੈ ਕਿ ਹਿਟਲਰ ਅਤੇ ਨਾਜ਼ੀਆਂ ਦਾ ਸ਼ੁੱਧ ‘ਮਾਸਟਰ ਨਸਲ’ ਵਿਚ ਭਰੋਸਾ ਰੱਖਣਾ ਕੋਈ ਖਾਸ ਗੱਲ ਨਹੀਂ ਸੀ। ਖਾਸ ਗੱਲ ਤਾਂ ਇਹ ਸੀ ਕਿ ‘ਅਣਇੱਛਤ ਸਮੂਹਾਂ’ ਦੀ ਪਛਾਣ ਕਰਵਾਉਣ ਦੇ ਕੰਮ ਵਿਚ ਜਰਮਨ ਸਮਾਜ ਦੇ ਵੱਖਰੇ ਤਬਕਿਆਂ ਵਿਚੋਂ ਵਿਗਿਆਨੀ, ਡਾਕਟਰ, ਇੰਜਨੀਅਰ, ਮਾਨਵ ਵਿਗਿਆਨੀ, ਵਿਦਿਆਰਥੀ ਆਦਿ ਵੀ ਉਤਸ਼ਾਹ ਨਾਲ ਸ਼ਾਮਿਲ ਸਨ। ਉਹ ਆਪਣੇ ਦੇਸ਼ ਤੋਂ ‘ਦੇਸ਼ ਧ੍ਰੋਹੀਆਂ’ ਦਾ ਸਫਾਇਆ ਕਰ ਰਹੇ ਹਨ।
ਔਰਵੈਲ ਦਾ ਨਾਵਲ ‘1984’ ਪੜ੍ਹਦਿਆਂ ਫ੍ਰੀਡਮੈਨ ਦੇ ਲੇਖ ‘ਤੇ ਨਿਗਾਹ ਮਾਰਨਾ ਨਾ ਭੁੱਲਿਓ। ਇਹ ਲੇਖ ਔਨਲਾਇਨ ਮਿਲ ਜਾਂਦਾ ਹੈ। ਉਸ ਨੂੰ ਪੜ੍ਹਦਿਆਂ ਤੁਸੀਂ ਮਹਿਸੂਸ ਕਰੋਗੇ ਕਿ ਇਤਿਹਾਸ ਦੇ ਪੁਰਾਣੇ ਸਮਾਨ ਨੂੰ ਨਵਾਂ ਕਹਿ ਕੇ ਵੇਚਿਆ ਜਾ ਰਿਹਾ ਹੈ।