ਪ੍ਰਿੰæ ਸਰਵਣ ਸਿੰਘ
ਕ੍ਰਿਕਟ ਜੋ ਜੈਂਟਲਮੈਨਾਂ ਦੀ ਖੇਡ ਕਹੀ ਜਾਂਦੀ ਸੀ, ਹੌਲੀ ਹੌਲੀ ਕਾਲੇ ਧੰਦੇ ਵਾਲਿਆਂ ਦੇ ਢਹੇ ਚੜ੍ਹ ਗਈ ਹੈ। ਚਾਲੀ ਹਜ਼ਾਰ ਕਰੋੜ ਰੁਪਿਆ ਕਹਿ ਦੇਣੀ ਗੱਲ ਹੈ। ਢੇਰ ਲੱਗ ਜਾਂਦੇ ਨੇ ਨੋਟਾਂ ਦੇ ਜਿਨ੍ਹਾਂ ਨੂੰ ਹੱਥਾਂ ਨਾਲ ਨਹੀਂ ਮਸ਼ੀਨਾਂ ਨਾਲ ਹੀ ਗਿਣਿਆ ਜਾ ਸਕਦੈ। ਏਨੇ ਪੈਸਿਆਂ ਨਾਲ ਦੇਸ਼ ਭਰ ‘ਚ ਸੈਂਕੜੇ ਹਸਪਤਾਲ, ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਖੇਡਾਂ ਦੇ ਅਦਾਰੇ ਚਲਾਏ ਜਾ ਸਕਦੇ ਨੇ। ਨਹਿਰਾਂ ਕੱਢੀਆਂ, ਕਾਰਖਾਨੇ ਲਾਏ ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਨੇ। ਭੇਤ ਖੁੱਲ੍ਹਿਆ ਹੈ ਕਿ ਕ੍ਰਿਕਟ ਦੀ ਆਈ ਪੀ ਐਲ ‘ਚ ਏਨੇ ਪੈਸਿਆਂ ਦਾ ਸੱਟਾ ਲੱਗਾ ਸੀ! ਸੱਟੇਬਾਜ਼ਾਂ ਵੱਲੋਂ ਮਰਜ਼ੀ ਦਾ ਓਵਰ ਸੁਟਵਾਉਣ ਲਈ ਕਿਸੇ ਖਿਡਾਰੀ ਨੂੰ ਚਾਲੀ ਲੱਖ ਤੇ ਕਿਸੇ ਨੂੰ ਸੱਠ ਲੱਖ ਦੀ ਵੱਢੀ ਦਿੱਤੀ ਗਈ। ਚੌਕੇ ਛਿੱਕੇ ਲੱਖਾਂ ‘ਚ ਲੱਗੇ। ਹਰ ਮੈਚ ਦਾ ਸੱਟਾ ਤਿੰਨ ਤੋਂ ਪੰਜ ਸੌ ਕਰੋੜ ਤਕ ਗਿਆ। ਸੱਚੀ ਗੱਲ ਤਾਂ ਇਹ ਹੈ ਕਿ ਕ੍ਰਿਕਟ ਹੁਣ ਜੈਂਟਲਮੈਨਾਂ ਦੀ ਖੇਡ ਰਹੀ ਹੀ ਨਹੀਂ, ਜੁਆਰੀਆਂ ਦਾ ਜੂਆ ਬਣ ਗਈ ਹੈ। ਕੋਈ ਵੀ ਖੇਡ ਜਦੋਂ ਪੈਸੇ ਦੇ ਢਹੇ ਚੜ੍ਹ ਜਾਵੇ ਤਾਂ ਉਹਦੇ ‘ਚੋਂ ਖੇਡ ਭਾਵਨਾ ਅਲੋਪ ਹੋ ਜਾਂਦੀ ਹੈ ਤੇ ਨੋਟ ਲਾਲਸਾ ਭਾਰੂ ਹੋ ਜਾਂਦੀ ਹੈ। ਖਿਡਾਰੀ ਉਂਜ ਹੀ ਵਿਕਣ ਲੱਗਦੇ ਹਨ ਜਿਵੇਂ ਘੋੜੇ ਵਿਕਦੇ ਜਾਂ ਜਿਣਸਾਂ ਵਿਕਦੀਆਂ ਹਨ।
ਪਹਿਲਵਾਨ ਦਾਰਾ ਸਿੰਘ ਨੇ ਕੁਸ਼ਤੀਆਂ ਤੇ ਫਿਲਮਾਂ ਵਿਚ ਬੜਾ ਨਾਂ ਕਮਾਇਆ। ਉਹ ਗਰੀਬ ਕਿਸਾਨ ਦੇ ਘਰ ਜੰਮਿਆ ਸੀ। ਕਿੱਲਿਆਂ ‘ਚ ਨਹੀਂ ਕਨਾਲਾਂ ‘ਚ ਜ਼ਮੀਨ ਆਉਂਦੀ ਸੀ ਉਹਦੇ ਹਿੱਸੇ। ਉਹ ਮਜਬੂਰੀ ਵੱਸ ਰੋਟੀ ਕਮਾਉਣ ਮਲਾਇਆ ਸਿੰਗਾਪੁਰ ਗਿਆ ਸੀ। ਉਥੇ ਉਹ ਕੁਸ਼ਤੀਆਂ ਕਰਨੀਆਂ ਸਿੱਖਿਆ ਤੇ ਮਿਹਨਤ ਕਰ ਕੇ ਵੱਡਾ ਪਹਿਲਵਾਨ ਬਣਿਆ। ਫਿਰ ਉਹਦੇ ਵਾਰੇ ਨਿਆਰੇ ਹੋਣ ਲੱਗੇ ਪਰ ਉਹਨੇ ਪੈਰ ਨਾ ਛੱਡੇ। ਉਹ ਨਿਮਰ ਤੇ ਮਿਲਾਪੜਾ ਸੱਜਣ ਬਣਿਆ ਰਿਹਾ। ਮੁੰਬਈ ਵਿਚ ਉਹਦੇ ਨਾਂ ਦੀ ਗੁੱਡੀ ਚੜ੍ਹੀ ਰਹੀ। ਉਹ ਇਮਾਨਦਾਰ ਰਿਹਾ ਤੇ ਉਹਦੀ ਇਮਾਨਦਾਰੀ ਨੂੰ ਫਲ ਵੀ ਬੜਾ ਲੱਗਾ। ਉਹ ਆਪਣੇ ਪੁੱਤਰਾਂ-ਪੋਤਰਿਆਂ ਲਈ ਚੋਖੀ ਜਾਇਦਾਦ ਛੱਡ ਕੇ ਗਿਆ ਕਿ ਉਹ ਸੁਖੀ ਵਸਣ। ਪਰ ਉਹਦੇ ਇਕ ਐਕਟਰ ਪੁੱਤਰ ਵਿੰਦੂ ਨੇ ਕ੍ਰਿਕਟ ਦੇ ਸੱਟੇ ਵਿਚ ਪੈ ਕੇ ਨਾ ਸਿਰਫ ਆਪਣੀ ਬਦਨਾਮੀ ਕਰਵਾਈ, ਨਾਲ ਅੰਤਾਂ ਦੇ ਸ਼ਰੀਫ ਬੰਦੇ ਦਾਰਾ ਸਿੰਘ ਦਾ ਨਾਂ ਵੀ ਬੱਦੂ ਕਰ ਦਿੱਤਾ।
ਵਿੰਦੂ ਦਾਰਾ ਸਿੰਘ ਕੋਲ ਪੈਸੇ ਦੀ ਕਮੀ ਨਹੀਂ ਸੀ, ਕਮੀ ਸੀ ਤਾਂ ਬੱਸ ਸਬਰ ਸੰਤੋਖ ਦੀ, ਜੋ ਉਸ ਤੋਂ ਹੋ ਨਾ ਸਕਿਆ। ਚੰਡੀਗੜ੍ਹ ਦਾ ਦਾਰਾ ਸਟੂਡੀਓ ਤੇ ਮੁੰਬਈ ਦੇ ਫਲੈਟ ਅਰਬਾਂ ਖਰਬਾਂ ਦੇ ਹਨ। ਕ੍ਰਿਕਟ ਦੇ ਜਿਹੜੇ ਖਿਡਾਰੀ ਪੈਸੇ ਦੇ ਲਾਲਚ ਵਿਚ ਵਿਕੇ, ਪੈਸੇ ਦੀ ਕਮੀ ਉਨ੍ਹਾਂ ਕੋਲ ਵੀ ਨਹੀਂ ਸੀ ਤੇ ਨਾਂ ਕ੍ਰਿਕਟ ਬੋਰਡ ਦਾ ਜੁਆਈ ਨੰਗ ਮਲੰਗ ਸੀ। ਦੌਲਤ ਹੁੰਦਿਆਂ ਵੀ ਉਹ ਦੌਲਤ ਨਾਲ ਰੱਜ ਨਾ ਸਕੇ। ਉਨ੍ਹਾਂ ਨੇ ਕ੍ਰਿਕਟ ਦੇ ਨਾਂ ‘ਤੇ ਵਹਿੰਦੀ ਮਾਇਆ ਦੀ ਨਦੀ ‘ਚੋਂ ਹੱਥ ਧੋਂਦਿਆਂ ਛਾਲਾਂ ਮਾਰਨ ਦੀ ਕੀਤੀ। ਵਿੰਦੂ ਆਪ ਤਾਂ ਡੁੱਬਾ, ਨਾਲ ਕਈ ਹੋਰਨਾਂ ਨੂੰ ਵੀ ਲੈ ਡੁੱਬਾ!
ਭਾਰਤ ਵਿਚ ਕ੍ਰਿਕਟ ਦਾ ਬੁਖਾਰ ਦੋ ਮਹੀਨੇ ਜ਼ੋਰਾਂ ਉਤੇ ਰਿਹਾ। ਇਸ ਦੀ ਆਈ ਪੀ ਐਲ ਜੁ ਚਲਦੀ ਸੀ ਜਿਸ ਨੂੰ ਮਜ਼ਾਕ ਨਾਲ ਇੰਡੀਅਨ ਪੈਸਾ ਲੀਗ ਵੀ ਕਿਹਾ ਜਾਂਦਾ ਹੈ। ਪ੍ਰਿੰਟ ਮੀਡੀਏ ਤੋਂ ਲੈ ਕੇ ਬਿਜਲਈ ਮੀਡੀਏ ਤਕ ਹਰ ਪਾਸੇ ਕ੍ਰਿਕਟ-ਕ੍ਰਿਕਟ ਹੋ ਰਹੀ ਸੀ। ਕੰਮ ਕਾਰ ਦੇ ਅਰਬਾਂ ਖਰਬਾਂ ਘੰਟੇ ਕ੍ਰਿਕਟ ਦੇ ਖਾਤੇ ਖਪਤ ਹੋਏ। ਦੂਰੋਂ ਕੋਈ ਇਸ਼ਾਰਾ ਕਰਦਾ ਤਾਂ ਸਮਝ ਲਓ ਉਹ ਕ੍ਰਿਕਟ ਦਾ ਸਕੋਰ ਪੁੱਛਦਾ ਸੀ। ਪੁੱਛਦਾ ਸੀ ਪਈ ਆਈ ਪੀ ਐਲ ‘ਚ ਟੀਮਾਂ ਦੀ ਪੁਜ਼ੀਸ਼ਨ ਕੀ ਐ? ਕ੍ਰਿਕਟ ਪ੍ਰੇਮੀ ਕਿਸੇ ਦੇ ਦਾਹ ਸਸਕਾਰ ‘ਤੇ ਵੀ ਗਏ ਹੁੰਦੇ ਤਾਂ ਵੀ ਮੋਬਾਈਲ ਦੇ ਜਰੀਏ ਕ੍ਰਿਕਟ ਦਾ ਸਕੋਰ ਸੁਣਨੋ ਨਾ ਟਲਦੇ!
ਕ੍ਰਿਕਟ ਦਾ ਜਨਮ ਇੰਗਲੈਂਡ ਵਿਚ ਹੋਇਆ ਸੀ। ਇਹ ਬਰਤਾਨੀਆ ਦੇ ਵਿਹਲੜ ਲਾਰਡਾਂ ਦੀ ਖੇਡ ਸੀ। ਫਿਰ ਅੰਗਰੇਜ਼ ਜਿਥੇ-ਜਿਥੇ ਰਾਜ ਕਰਨ ਗਏ, ਕ੍ਰਿਕਟ ਵੀ ਨਾਲ ਈ ਲੈ ਜਾਂਦੇ ਰਹੇ। ਹੁਣ ਇਹ ਖੇਡ ਖੇਡਦੇ ਵੀ ਕਾਮਨਵੈਲਥ ਮੁਲਕਾਂ ਦੇ ਦੇਸ਼ ਹੀ ਹਨ। ਮਸਲਨ ਹਿੰਦ ਮਹਾਂਦੀਪ ਦੇ ਭਾਰਤ, ਪਾਕਿਸਤਾਨ, ਸ੍ਰੀਲੰਕਾ ਤੇ ਬੰਗਲਾ ਦੇਸ਼, ਅਫਰੀਕਾ ਮਹਾਂਦੀਪ ਦੇ ਜਮਾਇਕਾ ਤੇ ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਨਿਊਜ਼ੀਲੈਂਡ। ਯੂਰਪ ਦਾ ਇਕੋ ਮੁਲਕ ਇੰਗਲੈਂਡ ਹੀ ਕ੍ਰਿਕਟ ਖੇਡਦੈ। ਓਲੰਪਿਕ ਖੇਡਾਂ ‘ਚ ਵਧੇਰੇ ਤਗਮੇ ਜਿੱਤਣ ਵਾਲੇ ਅਮਰੀਕਾ, ਚੀਨ, ਰੂਸ, ਜਪਾਨ, ਕੋਰੀਆ, ਫਰਾਂਸ, ਬਰਾਜ਼ੀਲ ਤੇ ਜਰਮਨੀ ਵਰਗੇ ਮੁਲਕਾਂ ਨੇ ਕ੍ਰਿਕਟ ਆਪਣੇ ਵਿਹੜੇ ਨਹੀਂ ਵੜਨ ਦਿੱਤੀ। ਇਹ ਲੰਮਾ ਸਮਾਂ ਲੈਣ ਵਾਲੀ ਖੇਡ ਅਮੀਰ ਲਾਰਡਾਂ ਦੇ ਹੀ ਅਨੁਕੂਲ ਸੀ। ਕੰਮੀਂ ਕਾਰੀਂ ਲੱਗੇ ਲੋਕਾਂ ਦੇ ਤਾਂ ਘੱਟ ਸਮਾਂ ਲੈਣ ਵਾਲੀਆਂ ਖੇਡਾਂ ਹੀ ਮਾਫਕ ਸਨ ਜੋ ਕ੍ਰਿਕਟ ਨਾਲੋਂ ਪੈਂਦੀਆਂ ਵੀ ਸਸਤੀਆਂ ਸਨ। ਖੇਡਾਂ ਤੋਂ ਚੇਤਨ ਦੇਸ਼ ਅਜੇ ਵੀ ਕ੍ਰਿਕਟ ਦੀ ਲਾਗ ਤੋਂ ਬਚੇ ਹੋਏ ਨੇ।
ਇੰਗਲੈਂਡ ਵਿਚ ਜਦ ਧੁੱਪ ਨਿਕਲਦੀ ਸੀ ਤਾਂ ਵਿਹਲੇ ਲਾਰਡ ਗੇਂਦ ਬੱਲੇ ਨਾਲ ਖੇਡਦੇ ਸਾਰੀ ਦਿਹਾੜੀ ਧੁੱਪ ਸੇਕੀ ਜਾਂਦੇ ਸਨ। ਇਹ ਉਨ੍ਹਾਂ ਦਾ ਟਾਈਮਪਾਸ ਸੀ ਤੇ ਸ਼ੁਗਲ ਦਾ ਸ਼ੁਗਲ! ਜਦੋਂ ਉਹ ਹਿੰਦੋਸਤਾਨ ਆਏ ਤਾਂ ਉਨ੍ਹਾਂ ਨੇ ਇਥੋਂ ਦੇ ਰਈਸ ਆਪਣੇ ਨਾਲ ਖੇਡਣ ਲਾ ਲਏ। ਰਈਸਾਂ ਦੇ ਵੀ ਇਹ ਖੇਡ ਫਿੱਟ ਬੈਠਦੀ ਸੀ। ਰੀਸੋ ਰੀਸ ਰਿਆਸਤਾਂ ਦੇ ਨਵਾਬ ਤੇ ਰਾਜੇ ਮਹਾਰਾਜੇ ਵੀ ਕ੍ਰਿਕਟ ਖੇਡਣ ਲੱਗੇ। ਜਿਹੜਾ ਕੁਝ ਅਮੀਰ ਵਰਗ ਕਰਨ ਲੱਗ ਪਵੇ ਉਹਦੀ ਰੀਸ ਫਿਰ ਗਰੀਬ ਵਰਗ ਵੀ ਕਰਨ ਲੱਗ ਪੈਂਦੈ। ਆਮ ਲੋਕ ਕ੍ਰਿਕਟ ਮਗਰ ਇਸੇ ਤਰ੍ਹਾਂ ਹੀ ਲੱਗੇ ਹਨ। ਕ੍ਰਿਕਟ ਹਿੰਦ ਮਹਾਂਦੀਪ ਦੇ ਲੋਕਾਂ ਨੂੰ ਨਸ਼ੇ ਵਾਂਗ ਚੜ੍ਹ ਚੁੱਕੀ ਹੈ। ਆਈ ਪੀ ਐਲ ਦੇ ਮੈਚਾਂ ਦੌਰਾਨ ਹਿੰਦਵਾਸੀ ਸੱਚੀਂਮੁੱਚੀਂ ਨਸ਼ੱਈਆਂ ਵਾਂਗ ਵਿਚਰੇ ਹਨ। ਮੀਡੀਏ ਦਾ ਰੋਲ ਵੀ ਲੋਕਾਂ ਨੂੰ ਕ੍ਰਿਕਟ ਦੇ ਨਸ਼ੱਈ ਕਰਨ ਵਾਲਾ ਸੀ। ਖਾਸ ਕਰ ਕੇ ਬਿਜਲਈ ਮੀਡੀਏ ਦਾ।
ਟੀæ ਵੀæ ਚੈਨਲਾਂ ਨੂੰ ਕ੍ਰਿਕਟ ਪੈਸਾ ਵੀ ਬੜਾ ਦਿੰਦੀ ਦੁਆਉਂਦੀ ਹੈ। ਇਹ ਕਿਹੜਾ ਹਾਕੀ, ਕਬੱਡੀ, ਬਾਸਕਟਬਾਲ, ਵਾਲੀਬਾਲ ਜਾਂ ਫੁਟਬਾਲ ਦਾ ਮੈਚ ਹੈ ਜਿਹੜਾ ਘੰਟੇ ਡੇਢ ਘੰਟੇ ਵਿਚ ਮੁੱਕ ਜਾਵੇਗਾ। ਅਜਿਹੇ ਮੈਚਾਂ ਵਿਚ ਖੜੋਤ ਕੋਈ ਨਹੀਂ ਹੁੰਦੀ ਯਾਨਿ ਖੱਪੇ ਨਹੀਂ ਹੁੰਦੇ। ਕ੍ਰਿਕਟ ਦੀ ਖੇਡ ਤਾਂ ਇਕ ਦਿਨ ਤੋਂ ਲੈ ਕੇ ਪੰਜਾਂ ਦਿਨਾਂ ਦੀ ਹੈ ਤੇ ਇਹਦੇ ਵਿਚ ਗੈਪ ਹੀ ਗੈਪ ਹਨ ਜਿਥੇ ਜਿੰਨੀਆਂ ਮਰਜ਼ੀ ਐਡਾਂ ਭਰ ਦਿੱਤੀਆਂ ਜਾਣ। ਇਹ ਹੈ ਵਿਹਲੇ ਲਾਰਡਾਂ ਦੀ ਖੇਡ ਨੂੰ ਆਮ ਕਿਰਤੀ ਲੋਕਾਂ ‘ਤੇ ਸਵਾਰ ਕਰਨ ਦਾ ਰਾਜ਼। ਉਤੋਂ ਕਾਲੇ ਧਨ ਨੇ ਕ੍ਰਿਕਟ ਖਿਡਾਰੀਆਂ ਦੀਆਂ ਜ਼ੇਬਾਂ ਵੀ ਭਰੀਆਂ ਹਨ ਤੇ ਸੱਟੇਬਾਜ਼ਾਂ ਦੇ ਵੀ ਵਾਰੇ ਨਿਆਰੇ ਕੀਤੇ ਹਨ। ਅਰਬਾਂ-ਖਰਬਾਂ ਦਾ ਜੂਆ ਖੇਡਿਆ ਗਿਆ ਹੈ ਕ੍ਰਿਕਟ ਦੇ ਜ਼ਰੀਏ। ਟਿਕਟਾਂ ਦੀ ਬਲੈਕ ਵੀ ਇਸੇ ਦਾ ਹਿੱਸਾ ਹੈ ਅਤੇ ਮੈਚ ਫਿਕਸਿੰਗ ਤੇ ਸਪਾਟ ਫਿਕਸਿੰਗ ਵੀ ਇਸੇ ਵਿਚ ਆਉਂਦੀ ਹੈ। ਕਾਲੀ ਕਮਾਈ ਨੇ ਕਈਆਂ ਦੇ ਮੂੰਹ ਕਾਲੇ ਕੀਤੇ ਹਨ ਤੇ ਕ੍ਰਿਕਟ ਨੂੰ ਵੀ ਕਾਲਖ ਮਲ ਦਿੱਤੀ ਹੈ। ਬਥੇਰੇ ਹਨ ਜਿਹੜੇ ਤਰੀਕਾਂ ਭੁਗਤਣਗੇ।
ਕੁਝ ਸੁਆਲ ਮਨ ‘ਚ ਉਠਦੇ ਹਨ। ਕ੍ਰਿਕਟ ਦਾ ਵਰਲਡ ਕੱਪ ਤਾਂ ਭਾਰਤ ਨੇ ਦੋ ਵਾਰ ਜਿੱਤ ਲਿਆ ਹੈ ਤੇ ਆਈ ਪੀ ਐਲ ਵੀ ਕਰਾਈ ਜਾ ਰਿਹੈ। ਕੀ ਉਹ 125 ਕਰੋੜ ਲੋਕਾਂ ਦੀ ਜਨ ਸੰਖਿਆ ਨਾਲ 2016 ਵਿਚ ਬਰਜ਼ੀਲ ਵਿਖੇ ਹੋ ਰਹੀਆਂ ਓਲੰਪਿਕ ਖੇਡਾਂ ‘ਚ ਕੋਈ ਕ੍ਰਿਸ਼ਮਾ ਕਰੇਗਾ? ਹਜ਼ਾਰ ਕੁ ਮੈਡਲਾਂ ਵਿਚੋਂ ਕਿੰਨੇ ਮੈਡਲ ਜਿੱਤੇਗਾ? ਫੁਟਬਾਲ ਦਾ ਵਰਲਡ ਕੱਪ ਖੇਡਣ ਲਈ ਕਦੋਂ ਕੁਆਲੀਫਾਈ ਕਰੇਗਾ? ਹਾਕੀ ਦਾ ਵਰਲਡ ਕੱਪ ਦੂਜੀ ਵਾਰ ਕਦੋਂ ਜਿੱਤੇਗਾ? ਕਦੇ ਅਥਲੈਟਿਕਸ ਵਿਚ ਵੀ ਓਲੰਪਿਕ ਖੇਡਾਂ ‘ਚੋਂ ਕੋਈ ਤਮਗਾ ਹਾਸਲ ਕਰੇਗਾ? ਹੋਰ ਕਿਹੜੀਆਂ ਖੇਡਾਂ ਹਨ ਜਿਨ੍ਹਾਂ ‘ਚ ਕੋਈ ਮਾਅਰਕਾ ਮਾਰੇਗਾ? ਪੰਜ ਸੱਤ ਨਹੀਂ, ਓਲੰਪਿਕ ਖੇਡਾਂ ਵਿਚ ਅਠਾਈ ਖੇਡਾਂ ਹਨ। ਕੀ ਉਹ ਕ੍ਰਿਕਟ ਤੋਂ ਮਾੜੀਆਂ ਹਨ? ਭਾਰਤ ਕੋਲ ਕ੍ਰਿਕਟ ਲਈ ਤਾਂ ਅਰਬਾਂ-ਖਰਬਾਂ ਰੁਪਏ ਹਨ, ਹੋਰਨਾਂ ਖੇਡਾਂ ਲਈ ਕਰੋੜਾਂ ਵੀ ਕਿਓਂ ਨਹੀਂ? ਇਹਦਾ ਕਾਰਨ ਕਿਤੇ ਕ੍ਰਿਕਟ ਦਾ ਲਾਰਡਾਂ ਦੀ ਲਾਡਲੀ ਧੀ ਤੇ ਅੰਡਰ ਵਰਲਡ ਦੇ ਵੈਲੀਆਂ ਦੀ ਰਖੇਲ ਹੋਣਾ ਤਾਂ ਨਹੀਂ?
Leave a Reply