ਵਿਆਕਰਣ ਦਾ ਦਰਜਾ ਗੁਰਬਾਣੀ ਦੇ ਫਲਸਫੇ ਤੋਂ ਉੱਚਾ ਨਹੀਂ

ਮਾਣਯੋਗ ਸੰਪਾਦਕ ਸਾਹਿਬ,
ਪੰਜਾਬ ਟਾਈਮਜ਼ ਦੇ 13 ਜੂਨ 2020 ਦੇ ਅੰਕ ਵਿਚ ਜਪੁਜੀ ਸਾਹਿਬ ‘ਤੇ ਚੱਲ ਰਹੀ ਡਾ. ਗੋਬਿੰਦਰ ਸਿੰਘ ਸਮਰਾਓ ਦੀ ਵਿਆਖਿਆ ਪੜ੍ਹੀ। 27 ਜੂਨ 2020 ਦੇ ਅੰਕ ਵਿਚ ਪ੍ਰੋ. ਕਸ਼ਮੀਰਾ ਸਿੰਘ ਦਾ ਲੇਖ ਉਸ ਦੇ ਵਿਰੋਧ ਵਿਚ ਛਪਿਆ। ਇਸੇ ਅੰਕ ‘ਚ ਹਰਸ਼ਿੰਦਰ ਸਿੰਘ ਸੰਧੂ ਦਾ ਆਰਟੀਕਲ ‘ਗੁਰਬਾਣੀ ਤੇ ਮੁਹਾਵਰੇ’ ਪੜ੍ਹਿਆ। 11 ਜੁਲਾਈ 2020 ਦੇ ਅੰਕ ਵਿਚ ਇਸ ਲੇਖ ਦੇ ਵਿਰੁਧ ਵੀ ਕਸ਼ਮੀਰਾ ਸਿੰਘ ਦੀ ਹੀ ਟਿੱਪਣੀ ਛਪੀ। ਦੋਵੇਂ ਟਿੱਪਣੀਆਂ ‘ਸੰਪਾਦਕ ਦੀ ਡਾਕ’ ਕਾਲਮ ਹੇਠਾਂ ਸਨ।

ਡਾ. ਸਮਰਾਓ ਆਪਣੇ ਲੇਖਾਂ ਵਿਚ ਜਪੁਜੀ ਸਾਹਿਬ ਦੇ ਫਲਸਫੇ ਦੀ ਇਕ ਵਿਸ਼ਾਲ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਰਸ਼ਿੰਦਰ ਸਿੰਘ ਆਪਣੇ ਲੇਖ ਰਾਹੀਂ ਗੁਰਬਾਣੀ ਦੀ ਸਰਲਤਾ, ਮਹਾਨਤਾ ਤੇ ਨਿੱਤ ਵਰਤੋਂ ਦੀ ਗੱਲ ਕਰ ਰਹੇ ਹਨ। ਉਨ੍ਹਾਂ ਦੇ ਖਿਆਲ ਅਨੁਸਾਰ ਵਿਆਕਰਣ ਤਾਂ ਦੂਰ ਦੀ ਗੱਲ ਹੈ, ਨਿੱਤ ਦੀ ਮੂੰਹ ਚੜ੍ਹੀ ਬੋਲੀ ਕਰਕੇ ਗੁਰਬਾਣੀ ਦੀ ਪੂਰੀ ਤੁਕ ਹੀ ਤਬਦੀਲ ਹੋ ਜਾਂਦੀ ਹੈ (ਰੁਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ)।
ਪ੍ਰੋ. ਕਸ਼ਮੀਰਾ ਸਿੰਘ ਸਿਰਫ ਬਿੰਦੀਆਂ-ਟਿੱਪੀਆਂ ਦੇ ਚੱਕਰ ਵਿਚ ਫਸੇ, ਖੂਹ ਦੇ ਡੱਡੂ ਵਾਂਗ ਘੁੰਮ ਰਹੇ ਹਨ। ਉਹ ਕਿਸੇ ਲੇਖ ਵਿਚਲੇ ਉਦੇਸ਼ ਜਾਂ ਸਿੱਖੀ ਫਿਲਸਫੇ ਦੇ ਵਿਸ਼ਾਲ ਦਾਇਰੇ ਵੱਲ ਝਾਤ ਮਾਰਨ ਦੇ ਸਮਰੱਥ ਨਹੀਂ।
ਡਾ. ਸਮਰਾਓ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਹਿਸਟਰੀ ਦੇ ਪ੍ਰੋਫੈਸਰ ਰਹਿ ਚੁਕੇ ਹਨ। ਖੋਜੀ ਤੇ ਵਿਦਵਾਨ ਹਨ। ਉਨ੍ਹਾਂ ਵਲੋਂ ਕੀਤੀ ਵਿਆਖਿਆ ਤੋਂ ਅਨੇਕਾਂ ਮਨੁੱਖ ਲਾਭ ਉਠਾ ਰਹੇ ਹਨ।
‘ਅਖਾਣ ਤੇ ਮੁਹਾਵਰੇ’ ਦੇ ਲੇਖਕ ਹਰਸ਼ਿੰਦਰ ਸਿੰਘ ਸੰਧੂ ਇਕ ਵੱਡੇ ਵਪਾਰੀ, ਦਾਨੀ ਤੇ ਵਿਦਵਾਨ ਪੁਰਸ਼ ਹਨ। ਸੰਗਤਾਂ ਦੀ ਲੋੜ ਨੂੰ ਮੁੱਖ ਰਖਦਿਆਂ ਉਨ੍ਹਾਂ ਕੁਝ ਕੁ ਗਿਣਤੀ ਦੇ ਸਾਥੀਆਂ ਨਾਲ ਰਲ ਕੇ ਵਾਸ਼ਿੰਗਟਨ ਦੇ ਸ਼ਹਿਰ ਆਬਰਨ ਵਿਚ ਇਕ ਗੁਰਦੁਆਰੇ ਦੀ ਇਮਾਰਤ ਖੜੀ ਕੀਤੀ, ਜਿਸ ਦਾ ਪ੍ਰਬੰਧ ਉਹ ਇਮਾਨਦਾਰੀ ਨਾਲ ਚਲਾ ਰਹੇ ਹਨ। ਲੇਖਕ ਦਾ ਆਪਣੇ ਲਈ ਵਰਤਿਆ ਸ਼ਬਦ ‘ਸੇਵਾਦਾਰ’ ਦਾ ਭਾਵ ਕਸ਼ਮੀਰਾ ਸਿੰਘ ‘ਗ੍ਰੰਥੀ ਜਾਂ ਰਾਗੀ’ ਹੀ ਸਮਝ ਰਹੇ ਹਨ। ਸ਼ ਸੰਧੂ ਦੇ ਲੇਖ ਵਿਚ ਇਕ ਵੱਡਾ ਸੁਨੇਹਾ ਹੈ। ਆਪਣੀ ਯਾਦ ਸ਼ਕਤੀ ਨਾਲ ਗੁਰਬਾਣੀ ਵਿਚੋਂ ਚੁਣੇ ਸਾਰੇ ਮੁਹਾਵਰੇ ਉਨ੍ਹਾਂ ਇਕ ਲੜੀ ਵਿਚ ਪਰੋ ਕੇ ਸਾਹਮਣੇ ਰੱਖੇ ਹਨ। ਕਸ਼ਮੀਰਾ ਸਿੰਘ ਦਿੱਤੇ ਹੋਏ ਸੁਨੇਹੇ ਨੂੰ ਬਿੰਦੀਆਂ-ਟਿੱਪੀਆਂ ਵਿਚ ਲੁਕਾਉਣ ਦਾ ਯਤਨ ਕਰ ਰਹੇ ਹਨ। ਸ਼ੁੱਧ ਉਚਾਰਨ ਜਾਂ ਵਿਆਕਰਣ ਦਾ ਦਰਜਾ ਗੁਰਬਾਣੀ ਦੇ ਫਲਸਫੇ ਤੋਂ ਉੱਚਾ ਨਹੀਂ ਹੋ ਸਕਦਾ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਰੋਮਨ ਲਿਪੀਬੱਧ ਕਰ ਕੇ ਇਸ ਦਾ ਤਜਰਮਾ ਜਰਮਨ, ਰੂਸੀ, ਜਾਪਾਨੀ, ਉੜੀਆ, ਕੰਨੜ੍ਹ, ਤੈਲਗੂ, ਮਲਯਾਲਮ ਤੇ ਕਈ ਹੋਰ ਭਾਸ਼ਾਵਾਂ ਵਿਚ ਵੀ ਹੋ ਗਿਆ ਹੈ। ਕੀ ਕਸ਼ਮੀਰਾ ਸਿੰਘ ਸੰਥਿਆ ਦੀ ਇਕਸਾਰਤਾ ਕਾਇਮ ਰੱਖ ਸਕਦੇ ਹਨ? ਸਾਹਿਤ ਵਿਚ ਆਲੋਚਨਾ ਕਰਨ ਦੇ ਕੁਝ ਨਿਯਮ ਹੁੰਦੇ ਹਨ। ਉਨ੍ਹਾਂ ਵਿਚ ਹਉਮੈ ਕਦਾਚਿਤ ਨਹੀਂ ਹੈ।
-ਬਲਿਹਾਰ ਸਿੰਘ ਲੇਹਲ (ਸਿਆਟਲ)
ਫੋਨ: 206-244-4663
_________________________________

ਸਤਿਕਾਰਯੋਗ ਸੰਪਾਦਕ ਜੀ,
ਬਹੁਤ ਬਹੁਤ ਧੰਨਵਾਦ ਕਿ ਤੁਸੀ ‘ਪੰਜਾਬ ਟਾਈਮਜ਼’ ਹਰ ਹਫਤੇ ਪੰਜਾਬੀਆਂ ਤਕ ਪਹੁੰਚਾਉਂਦੇ ਹੋ। ਮੈਂ ਖਬਰਾਂ ਤੋਂ ਜ਼ਿਆਦਾ ਲੇਖ ਪੜ੍ਹਦੀ ਹਾਂ। ਇਸ ਅਖਬਾਰ ਵਰਗੇ ਲੇਖ ਮੈਨੂੰ ਅੱਜ ਤਕ ਹੋਰ ਕਿਤੋਂ ਨਹੀਂ ਮਿਲੇ। ਚੰਗੇ, ਜੀਵਨ ਉਸਾਰੂ ਲੇਖਾਂ ਨੂੰ ਮੈਂ ਸਾਂਭ ਕੇ ਰੱਖਦੀ ਹਾਂ।
ਇਸ ਤਰ੍ਹਾਂ ਹੀ ਇਕ ਲੇਖ ਪੜ੍ਹਿਆ, ‘ਗੁਰਬਾਣੀ ਤੇ ਮੁਹਾਵਰੇ’, ਜੋ 27 ਜੂਨ ਦੀ ਅਖਬਾਰ ਵਿਚ ਛਪਿਆ ਹੈ। ਮੈਂ ਕਾਫੀ ਮੁਹਾਵਰਿਆਂ ਤੋਂ ਅੱਗੇ ਵਾਕਿਫ ਸਾਂ, ਪਰ ਕਦੇ ਵਰਤੋਂ ਵਿਚ ਨਹੀਂ ਲਿਆਂਦੇ ਸਨ। ਇਹ ਲੇਖ ਪੜ੍ਹਨ ਪਿਛੋਂ ਮੈਨੂੰ ਮੁਹਾਵਰੇ ਵਰਤਣ ਦੀ ਆਦਤ ਪੈ ਗਈ ਹੈ; ਜ਼ਿਆਦਾ ਕਰ ਕੇ ਆਪਣੇ ਆਪ ਨੂੰ ਸਮਝਾਉਣ ਲਈ। ਕਰੋਨਾ ਕਰ ਕੇ ਨੌਕਰੀ ਚਲੀ ਗਈ ਹੈ, ਪਰ ਇਸ ਲੇਖ ਨੇ ‘ਨਾਨਕ ਚਿੰਤਾ ਮਤਿ ਕਰੋ’ ਦੇ ਮੁਹਾਵਰੇ ਨਾਲ ਮਨ ਦਾ ਡਿਪਰੈਸ਼ਨ ਦੂਰ ਕਰ ਦਿੱਤਾ ਹੈ। ਇਸ ਤਰ੍ਹਾਂ ਹੋਰ ਮੁਹਾਵਰੇ, ‘ਸਭਨਾ ਕਾ ਦਰਿ ਲੇਖਾ ਹੋਇ; ਮਿਠਤੁ ਨੀਵੀ ਨਾਨਕਾ’, ਯਾਦ ਆਉਣ ਕਰਕੇ ਆਪਣੇ ਜੀਵਨ ਵਿਚ ਕੁਝ ਤਬਦੀਲੀ ਮਹਿਸੂਸ ਕਰਦੀ ਹਾਂ।
ਪੰਜਾਬ ਟਾਈਮਜ਼ ਦੇ 11 ਜੁਲਾਈ ਦੇ ਅੰਕ ਵਿਚ ਪ੍ਰੋ. ਕਸ਼ਮੀਰਾ ਸਿੰਘ ਦਾ ਪੱਤਰ ਛਪਿਆ ਹੈ, ਜਿਸ ਵਿਚ ਲਗਾਂ-ਮਾਤਰਾ ਦੀਆਂ ਗਲਤੀਆਂ ਕੱਢੀਆਂ ਹਨ। ਉਨ੍ਹਾਂ ਅਨੁਸਾਰ ਗੁਰਬਾਣੀ ਦੇ ਸਤਿਕਾਰ ਲਈ, ਇਹ ਜਰੂਰੀ ਹਨ। ਪਰ ਮੈਨੂੰ ਇਸ ਲੇਖ ਲਈ ਕਸ਼ਮੀਰਾ ਸਿੰਘ ਦਾ ਪ੍ਰਤੀਕਰਮ ਦੇਖ ਕੇ ਬਹੁਤ ਹੈਰਾਨੀ ਹੋਈ। ਯਕੀਨਨ ਉਨ੍ਹਾਂ ਨੂੰ ਇਨ੍ਹਾਂ ਤੁਕਾਂ ਦੇ ਪੰਨੇ ਯਾਦ ਨਹੀਂ ਹੋਣੇ। ਉਸ ਨੇ ਪੰਨਾ ਨੰਬਰ ਲੱਭਣ ਦੀ ਮਿਹਨਤ ਕੀਤੀ, ਪਰ ਕਿਸੇ ਪਾਠਕ ਨੂੰ ਉਸ ਦੀ ਕੀਤੀ ਮਿਹਨਤ ਦਾ ਕੀ ਲਾਭ ਹੋਇਆ? ਜੇ ਉਹ ਲੇਖਕ ਨੂੰ ਹੀ ਗਲਤੀਆਂ ਦੱਸਣਾ ਚਾਹੁੰਦਾ ਸੀ, ਤਾਂ ਟੈਲੀਫੋਨ ਰਾਹੀਂ ਵੀ ਦੱਸ ਸਕਦਾ ਸੀ। ਲੇਖਕ ਨੇ ਆਪਣਾ ਫੋਨ ਨੰਬਰ ਨਾਲ ਦਿੱਤਾ ਹੈ।
ਮੈਂ ਕਸ਼ਮੀਰਾ ਸਿੰਘ ਦੇ ਦਿੱਤੇ ਫੋਨ: 801-414-0171 ‘ਤੇ ਬਹੁਤ ਵਾਰ ਕਾਲ ਕੀਤੀ, ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਸੋ ਮੈਨੂੰ ਪੱਤਰ ਲਿਖਣ ਲਈ ਮਜ਼ਬੂਰ ਹੋਣਾ ਪਿਆ।
ਕੱਲ ਨੂੰ ਪ੍ਰੋ. ਕਸ਼ਮੀਰਾ ਸਿੰਘ ਇਹ ਦਾਅਵਾ ਕਰਨਗੇ ਕਿ ਕਿਸੇ ਨੇ ਮੁਹਾਵਰਾ ਬੋਲਣ ਲੱਗਿਆਂ ਵਿਸਰਾਮ ਚਿੰਨ੍ਹਾਂ ਦਾ ਧਿਆਨ ਨਹੀਂ ਰੱਖਿਆ; ਸੋ ਅਰਥ, ਅਨਰਥ ਹੋ ਗਏ।
ਕਸ਼ਮੀਰਾ ਸਿੰਘ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਲੇਖਕ ਉਹ ਲਿਖ ਰਿਹਾ ਹੈ, ਜੋ ਅਸੀਂ ਸੁਣਦੇ ਹਾਂ। ਉਹ ਲਿਖਦਾ ਹੈ ਕਿ ਇਹ ਸੁਣਨ-ਸੁਣਾਉਣ ਨਾਲ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਦੇ ਹਨ। ਮੈਂ ਕਈ ਵਾਰ ਆਪਣੇ ਬਜੁਰਗਾਂ ਤੋਂ ‘ਮੰਡਲ’ ਦੀ ਜਾਂ ‘ਮੰਡਪ’ ਸ਼ਬਦ ਸੁਣਿਆ ਹੈ। ਲੇਖਕ ਤਾਂ ਖੁਦ ਸਹੀ ਮੌਕੇ ‘ਤੇ ਸਹੀ ਉਚਾਰਨ ਕਰਨ ਦਾ ਸੁਝਾਅ ਦੇ ਰਿਹਾ ਹੈ।
ਗੁਰੂ ਨਾਨਕ ਕਾਲ ਵੇਲੇ ਇਹ ਵੱਡੀ ਸਮਸਿਆ ਸੀ ਕਿ ਬ੍ਰਾਹਮਣ ਲੋਕ ਆਪਣੇ ਧਰਮ ਦੇ ਔਖੇ ਸਲੋਕਾਂ ਨੂੰ ਯਾਦ ਕਰ ਕੇ, ਸਹੀ ਉਚਾਰਨ ਕਰਨ ਵਿਚ ਆਪਣਾ ਮਾਣ ਸਮਝਦੇ ਸਨ ਤੇ ਉਚੇ ਆਚਰਣ ਵਾਲੇ ਜੀਵਨ ਤੋਂ ਭਟਕੇ ਹੋਏ ਸਨ।
ਮੇਰੇ ਖਿਆਲ ਅਨੁਸਾਰ ਜੀਵਨ ਦੇ ਮਿਆਰ ਨੂੰ ਉਚਾ ਚੁੱਕਣ ਲਈ ਲਿਖਣਾ ਹੀ ਸਾਰਥਕ ਹੈ।
ਭੁੱਲ-ਚੁੱਕ ਦੀ ਖਿਮਾ।
-ਰਵਿੰਦਰ ਕੌਰ