ਉਹ ਦਿਨ ਕਿੱਥੋਂ ਲੱਭਾਂ!

ਨਿੰਦਰ ਘੁਗਿਆਣਵੀ
ਕਣਕਾਂ ਨਿੱਸਰਦੀਆਂ। ਬੇਰੀਆਂ ਨੂੰ ਬੂਰ ਪੈਣ ਲਗਦੇ। ਜਦ ਕਣਕਾਂ ਸਿੱਟੇ ਕੱਢ ਖਲੋਂਦੀਆਂ, ਬੇਰੀਆਂ ਬੇਰਾਂ ਨਾਲ ਲੱਦੀਆਂ ਦਿਸਦੀਆਂ। ਉਦੋਂ ਮਲ੍ਹਿਆਂ ਤੇ ਦੇਸੀ ਬੇਰੀਆਂ ਦੇ ਬੇਰ ਮੰਡੀ-ਬਜ਼ਾਰ ਨਹੀਂ ਸਨ ਵਿਕਦੇ, ਆਮ ਜੋ ਹੁੰਦੇ ਸਨ। ਜਿਨ੍ਹਾਂ ਇਲਾਕਿਆਂ ਵਿਚ ਬੇਰੀਆਂ ਘੱਟ ਹੁੰਦੀਆਂ, ਲੋਕੀਂ ਆਪਣੇ ਰਿਸ਼ਤੇਦਾਰਾਂ ਨੂੰ ਰੁੱਤ ਦਾ ਮੇਵਾ ਝੋਲੇ ਭਰ-ਭਰ ਕੇ ਬੇਰਾਂ ਦੇ ਭੇਜਦੇ। ਸੀਜ਼ਨ ਦੀ ਸੌਗਾਤ ਲੈ ਕੇ ਲੋਕ ਪ੍ਰਸੰਨ ਹੁੰਦੇ ਸਨ। ਸੇਊ ਬੇਰ ਹਾਲੇ ਨਹੀਂ ਸੀ ਹੋਣ ਲੱਗੇ। ਬੇਰੀਆਂ ਪੇਂਦਣਾ ਬਹੁਤ ਪਿਛੋਂ ਸ਼ੁਰੂ ਹੋਇਆ।

ਮੇਰੇ ਨਾਨਕੇ ਪਿੰਡ ਸ਼ਰੀਂਹ ਵਾਲਾ ਵਿਚ ਝੰਜਣ ਦੀ ਫਸਲ ਬਹੁਤ ਹੁੰਦੀ ਸੀ। ਇਹ ਝੋਨਾ ਲਾਉਣ ਤੋਂ ਪਹਿਲਾਂ ਤਿਆਰ ਕੀਤੀ ਜਾਂਦੀ, ਕੁਝ ਵਿਚੇ ਵਾਹ ਲੈਂਦੇ ਤੇ ਬਾਕੀ ਦੀ ਬਾਲਣ ਵਾਸਤੇ ਸਾਂਭ ਲੈਂਦੇ। ਝੰਜਣ ਦੇ ਟਾਂਡੇ ਕਾਫੀ ਮੋਟੇ ਤੇ ਲੰਬੇ ਹੁੰਦੇ। ਇਹ ਸੁੱਕੇ ਟਾਂਡੇ ਛੇਤੀ ਕੀਤਿਆਂ ਟੁੱਟਦੇ ਨਹੀਂ ਸਨ। ਮੇਰਾ ਪਿਓ ਇੱਕ-ਅੱਧ ਵਾਰ ਬੋਤੀ-ਗੱਡੀ ‘ਤੇ ਟਾਂਡੇ ਲੈਣ ਗਿਆ ਸੀ। ਵਾਪਸੀ ‘ਤੇ ਮੇਰੇ ਨਾਨੇ ਨੇ ਮੇਰੇ ਬਹਿਣ ਲਈ ਖੇਸ ਚੌਹਰਾ ਕਰ ਕੇ ਟਾਂਡਿਆਂ ‘ਤੇ ਵਿਛਾ ਦਿੱਤਾ ਤਾਂ ਕਿ ਨਿਆਣੇ ਦੋਹਤੇ ਦੇ ਟਾਂਡੇ ਨਾ ਖੁਭਣ। ਮੈਂ ਭਰੀ ਗੱਡੀ ਦੀ ਸਿਖਰ ‘ਤੇ ਰਾਜਾ ਬਣਿਆ ਬੈਠਾ ਆਲੇ-ਦੁਆਲੇ ਨੂੰ ਨਿਹਾਰ ਰਿਹਾ ਨਜ਼ਾਰੇ ਲੈ ਰਿਹਾ ਸਾਂ। ਦੂਰ ਤੀਕ ਖੇਤਾਂ ਵਿਚ ਖੜ੍ਹੀਆਂ ਫਸਲਾਂ ਤੇ ਰੁੱਖ ਮੇਰੇ ਮਨ ਨੂੰ ਖੇੜਾ ਦੇਈ ਜਾਂਦੇ ਸਨ। ਪਿਤਾ ਗੱਡੀ ਦੇ ਅਗਲੇ ਹਿੱਸੇ (ਗਾਡਰ) ‘ਤੇ ਬੈਠਾ ਹੋਇਆ ਸੀ। ਕਦੇ-ਕਦੇ ਉਹ ਬੋਤੀ ਦੀ ਮੁਹਾਰ ਫੜ੍ਹ ਕੇ ਅੱਗੇ ਅੱਗੇ ਤੁਰਨ ਲਗਦਾ, ਜਦ ਜੀਅ ਕਰਦਾ ਬਹਿ ਜਾਂਦਾ। ਨਾਲੇ ਨਾਲ ਮੇਰੇ ‘ਤੇ ਵੀ ਨਿਗ੍ਹਾ ਰਖਦਾ। ਬੋਤੀ ਲੰਮੀਆਂ-ਲੰਮੀਆਂ ਪੁਲਾਂਘਾਂ ਭਰਦੀ ਤਾਂ ਗੱਡੀ ਝੂਲਦੀ, ਮੈਨੂੰ ਝੂਟੇ ਆਉਂਦੇ, ਮੈਂ ਖੁਸ਼ ਹੁੰਦਾ ਤਾਂ ਪਿਤਾ ਵੀ ਖੁਸ਼ ਹੋ ਕੇ ਪੁਛਦਾ, “ਕਿਵੇਂ ਆਂ, ਆਉਂਦੇ ਐ ਠੂਹਣੇਂ?” ਜਦ ਸਾਦਿਕ ਮੰਡੀ ਆਉਂਦੀ ਤਾਂ ਪਿਤਾ ਮੈਨੂੰ ਮੱਕੀ ਦੇ ਫੁੱਲੇ ਜਾਂ ਕੁਲਫੀ ਲੈ ਦਿੰਦਾ।
ਮਾਮੇ ਹੁਰੀਂ ਵੰਗੇ ਬਹੁਤ ਬੀਜਦੇ ਗਰਮੀਆਂ ‘ਚ। ਜਦ ਨਾਨਾ-ਨਾਨੀ ਜਾਂ ਕੋਈ ਮਾਮਾ-ਮਾਮੀ ਸਾਡੇ ਕੋਲ ਆਉਂਦੇ ਤਾਂ ਵੰਗਿਆਂ ਦੇ ਝੋਲ਼ ਭਰੀ ਲਿਆਉਂਦੇ। ਇੱਕ ਝੋਲਾ ਸਾਡੇ ਘਰ, ਦੂਜਾ ਮਾਸੀ ਕੇ। ਫਰਿੱਜਾਂ ਦਾ ਅਜੇ ਨਾਮੋਂ-ਨਿਸ਼ਾਨ ਨਹੀਂ ਸੀ। ਬੋਰਿਆਂ ‘ਚ ਬਰਫ ਦੇ ਡਲੇ (ਬਲਾਕ) ਸ਼ਹਿਰੋਂ ਰੇਹੜਿਆਂ ‘ਤੇ ਲੱਦੇ ਆਉਂਦੇ, ਕਾਫੀ ਸਾਰੀ ਬਰਫ ਰਾਹੇ ਖੁਰ ਜਾਂਦੀ, ਬਚਦੀ ਚੁਆਨੀ-ਚੁਆਨੀ ਦੀ ਲੋਕ ਲਿਜਾਂਦੇ। ਬਰਫ ਦੀ ਵਰਤੋਂ ਤੋਂ ਵੀ ਆਮ ਲੋਕ ਪਰਹੇਜ਼ ਹੀ ਕਰਦੇ ਸਨ। ਖੂਹਾਂ ਤੇ ਨਲਕਿਆਂ ਦਾ ਪਾਣੀ ਬਰਫ ਦੇ ਪਾਣੀ ਨੂੰ ਮਾਤ ਪਾਉਂਦਾ ਸੀ। ਖੇਤਾਂ ਵਿਚ ਨੱਕੋ-ਨੱਕ ਭਰੇ ਵਗਦੇ ਕੱਚੇ ਖਾਲਾਂ ਦਾ ਪਾਣੀ ਅਸੀਂ ਬੁੱਕਾਂ ਭਰ-ਭਰ ਅਕਸਰ ਹੀ ਪੀ ਲੈਂਦੇ ਸਾਂ। ਖਾਲਿਆਂ ਤੇ ਟੋਭਿਆਂ ਦਾ ਇਹ ਪਾਣੀ ਨਿੱਤਰਿਆ ਤੇ ਸਾਫ-ਸ਼ਫਾਫ ਹੁੰਦਾ।
ਮੇਰਾ ਪਿਓ ਖੂਹੀ ‘ਚੋਂ ਪਾਣੀ ਦੀ ਬਾਲਟੀ ਖਿੱਚ੍ਹਦਾ ਤੇ ਬਾਲਟੀ ‘ਚ ਵੰਗੇ ਸੁੱਟ ਦਿੰਦਾ। ਖੇਤੋਂ ਲਿਆਂਦੀ ਖੱਟੀ (ਨਿੰਬੂ ਦੀ ਭੈਣ) ਠੰਢੇ ਵੰਗਿਆਂ ‘ਤੇ ਨਿਚੋੜ ਕੇ ਕਾਲੀ-ਲੂਣ ਮਿਰਚ ਭੁੱਕ ਲਈ ਜਾਂਦੀ। ਉਨ੍ਹੀਂ ਦਿਨੀਂ ਰਾਤ ਦੀ ਰੋਟੀ ਨਾਲ ਖਾਣ ਵਾਲਾ ਸਲਾਦ ਇਹੋ ਹੀ ਹੁੰਦਾ ਸੀ। ਟਮਾਟਰ, ਖੀਰੇ, ਤਰਾਂ ਆਦਿ ਬਾਰੇ ਕਦੇ ਕੋਈ ਸੋਚਦਾ ਵੀ ਨਹੀਂ ਸੀ। ਖੇਤੋਂ ਖੱਖੜੀਆਂ, ਖਰਬੂਜੇ ਤੇ ਮਤੀਰੇ ਆਮ ਲਹਿੰਦੇ। ਕਰਤਾਰਾ ਬੌਰੀਆ ਸਾਡੇ ਖੂਹ ਵਾਲੇ ਖੇਤ ਬਹੁਤ ਸਾਲ ਖੱਖੜੀਆਂ, ਖਰਬੂਜੇ ਤੇ ਮਤੀਰੇ ਅੱਧ ‘ਤੇ ਬੀਜਦਾ ਰਿਹਾ। ਕਦੇ-ਕਦੇ ਘਰ ਦਾ ਕੋਈ ਜੀਅ ਸ਼ਹਿਰ ਜਾਂਦਾ ਤਾਂ ਲਿਆਂਦੇ ਗਏ ਅੰਬ ਵੀ ਖੂਹੀ ਦੇ ਪਾਣੀ ਨਾਲ ਠੰਢੇ ਕੀਤੇ ਜਾਂਦੇ। ਆਮ ਤੌਰ ‘ਤੇ ਰਾਤ ਦੀ ਰੋਟੀ ਨਾਲ ਸਲਾਦ ਵਜੋਂ ਗੰਢੇ ਭੰਨੇ ਜਾਂਦੇ। ਲੋਕ ਅਜੇ ਅੰਬ ਦਾ ਅਚਾਰ ਨਹੀਂ ਸੀ ਪਾਉਣ ਲੱਗੇ। ਉਦੋਂ ਜੋ ਕੁਝ ਖੇਤੋਂ ਮਿਲਦਾ, ਉਸੇ ਦਾ ਅਚਾਰ ਪਾਇਆ ਜਾਂਦਾ, ਕਰੀਰਾਂ ਦੇ ਡੇਲੇ ਆਮ ਸਨ ਸਾਡੇ ਖੇਤ ਟਿੱਬਿਆਂ ‘ਤੇ। ਕਿੱਕਰਾਂ ਦੇ ਤੁੱਕਿਆਂ ਦਾ ਅਚਾਰ ਘਰ-ਘਰ ਪੈਂਦਾ ਸੀ। ਮਿਰਚਾਂ ਵੀ ਖੇਤੋਂ ਤੋੜ ਕੇ ਹੀ ਅਚਾਰ ਪਾਇਆ ਜਾਂਦਾ। ਜਦ ਅੰਬ ਦਾ ਅਚਾਰ ਪੈਣਾ ਸ਼ੁਰੂ ਹੋਇਆ ਤਾਂ ਤੁੱਕਿਆਂ ਤੇ ਡੇਲਿਆਂ ਦਾ ਅਚਾਰ ਖਾਣ ਵੱਲੋਂ ਲੋਕਾਂ ਦਾ ਧਿਆਨ ਹਟਣ ਲੱਗਿਆ। ਹੌਲੀ-ਹੌਲੀ ਲੋਕਾਂ ਨੇ ਖੇਤਾਂ ‘ਚ ਕੁਝ-ਕੁਝ ਬੂਟੇ ਨਿੰਬੂ ਤੇ ਖੱਟੀ ਦੇ ਲਾਉਣੇ ਸ਼ੁਰੂ ਕੀਤੇ, ਤਾਂ ਇਹ ਵੀ ਅਚਾਰ ਦੇ ਕੰਮ ਆਉਣ ਲੱਗੇ। ਮੇਰਾ ਦਾਦਾ ਘਰੇ ਅਕਸਰ ਹੀ ਟੋਕਦਾ ਹੁੰਦਾ ਕਿ ਸਾਉਣ ਦੀ ਝੜੀ ਤੋਂ ਮਗਰੋਂ ਖੱਖੜੀਆਂ, ਖਰਬੂਜੇ, ਮਤੀਰੇ ਨਹੀਂ ਖਾਈਦੇ। ਇਨ੍ਹਾਂ ਵਿਚ ਪਾਣੀ ਭਰ ਜਾਂਦਾ ਹੈ ਤੇ ਹੈਜ਼ਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਮੀਂਹਾਂ ਤੋਂ ਪਹਿਲਾਂ ਖੱਖੜੀਆਂ, ਖਰਬੂਜੇ ਆਮ ਹੀ ਖਾਧੇ ਜਾਂਦੇ ਤੇ ਦਾਦੀ ਖੱਖੜੀ ਦੀ ਸਬਜੀ ਵੀ ਬਣਾਉਂਦੀ ਰਹਿੰਦੀ।