ਮਹਾਰਾਣੀ ਜਿੰਦਾਂ: ਜੁਲਾਈ 1799 ਤੋਂ ਜੁਲਾਈ 1861

ਗੁਲਜ਼ਾਰ ਸਿੰਘ ਸੰਧੂ
ਮਹਾਰਾਣੀ ਜਿੰਦਾਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਤੇ ਬਣਦੀ ਫਬਦੀ ਰਾਣੀ ਸੀ। ਉਸ ਨੇ ਅਪਣੇ ਲੰਮੇ ਜੀਵਨ ਕਾਲ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਚੜ੍ਹਤ ਵੀ ਮਾਣੀ, ਆਪਣੇ ਪੁੱਤਰ ਦੁਲੀਪ ਸਿੰਘ ਤੋਂ ਟੁੱਟੇ ਰਹਿਣ ਦਾ ਵਿਯੋਗ ਵੀ ਝੱਲਿਆ ਅਤੇ ਉਸ ਨੂੰ ਮਿਲਣ ਪਿਛੋਂ ਉਸ ਦੇ ਦੁੱਖ ਤੇ ਝੋਰੇ ਵੀ ਆਪਣੀਆਂ ਅੱਖਾਂ ਨਾਲ ਵੇਖੋ।

7 ਜੁਲਾਈ 1799 ਨੂੰ ਨੌਜਵਾਨ ਰਣਜੀਤ ਸਿੰਘ ਵਲੋਂ ਲਾਹੌਰ ਦੇ ਕਿਲੇ ਵਿਚ ਪ੍ਰਵੇਸ਼ ਕਰਕੇ ਵਿਰੋਧੀ ਮਿਸਲਾਂ ਦੇ ਤੰਗੀਆਂ ਤੇ ਰਾਮਗੜ੍ਹੀਆਂ ਨੂੰ ਖੁੱਡੇ ਲਾਉਣ ਤੋਂ ਪਿੱਛੋਂ ਦੀਆਂ ਜਿੱਤਾਂ ਨੇ ਮਹਾਰਾਣੀ ਨੂੰ ਕਿੰਨੀ ਮਾਣਮੱਤੀ ਬਣਾਇਆ ਹੋਵੇਗਾ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਆਪਣੇ 40 ਸਾਲਾ ਰਾਜ ਵਿਚ ਉਸ ਦੇ ਸਾਈਂ ਨੇ ਸਤਲੁਜ ਤੋਂ ਦੱਰਾ ਖੈਬਰ ਅਤੇ ਲੱਦਾਖ ਤੋਂ ਸਿੰਧ ਤੱਕ ਦੇ ਇਲਾਕੇ ਉਤੇ ਕਬਜ਼ਾ ਕਰਕੇ ਇਥੋਂ ਦੇ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਵਸਨੀਕਾਂ ਦਾ ਮਨ ਮੋਹਿਆ ਤੇ ਸ਼ੇਰ-ਏ-ਪੰਜਾਬ ਦੀ ਪਦਵੀ ਪ੍ਰਾਪਤ ਕੀਤੀ। ਮਹਾਰਾਜੇ ਦੇ ਆਪਣੇ ਕਥਨ ਅਨੁਸਾਰ ਤੈਮੂਰ ਉਸ ਦਾ ਰੌਲ ਮਾਡਲ ਸੀ, ਉਸ ਨੇ ਤੈਮੂਰ ਦੀ ਕਥਨੀ ਨੂੰ ਕਰਨੀ ਕਰਕੇ ਦਿਖਾਇਆ। ਉਸ ਦੀ ਦਰਿਆਦਿਲੀ, ਉਦਮ, ਸੂਰਮਗਤੀ ਤੇ ਪਾਬੰਦੀ ਦੇ ਕਿੱਸੇ ਦੂਰ ਦੂਰ ਤੱਕ ਚੇਤੇ-ਦੁਹਰਾਏ ਜਾਣ ਲੱਗੇ। ਉਸ ਨੇ ਜਿੱਤੇ ਗਏ ਇਲਾਕਿਆਂ ਦੀ ਰਾਖੀ ਕਰਨ ਵਾਲੇ ਸੂਰਬੀਰਾਂ ਨੂੰ ਤੋਹਫੇ ਤੇ ਜਗੀਰਾਂ ਦਿੱਤੀਆਂ। ਵਿਰੋਧੀ ਨਾਲ ਟੱਕਰ ਲੈਂਦਿਆਂ ਉਕਾ ਹੀ ਨਹੀਂ ਸੀ ਝਿਜਕਦਾ। ਸ਼ਾਹੀ ਜਾਮੇ ਵਿਚ ਵੀ ਆਰਾਮ ਨਹੀਂ ਲੋੜਿਆ ਅਤੇ ਗਰੀਬ ਗੁਰਬਿਆਂ, ਫਕੀਰਾਂ ਤੇ ਫਕੱਰਾਂ ਨੂੰ ਦਾਨ ਦੇ ਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਖੂਬੀ ਇਹ ਕਿ ਇਨ੍ਹਾਂ ਪ੍ਰਾਪਤੀਆਂ ਨੂੰ ਪਰਮਾਤਮਾ ਦੀ ਦੇਣ ਕਹਿੰਦਾ ਰਿਹਾ।
ਪਰ ਹੋਇਆ ਇਹ ਕਿ ਮਹਾਰਾਣੀ ਜਿੰਦਾਂ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਵਜੂਦ ਮਹਾਰਾਜੇ ਦੀ ਮੌਤ ਤੋਂ ਪਿੱਛੋਂ ਕੁਝ ਖੁਦਗਰਜਾਂ ਨੇ ਅਜਿਹੀ ਬੇਵਸਾਹੀ, ਧੋਖੇਬਾਜ਼ੀ, ਖਹਿਬਾਸ਼ੀ ਤੇ ਰਸ਼ਕ ਭਾਵਨਾ ਪੈਦਾ ਕੀਤੀ ਕਿ ਖਾਲਸਾ ਰਾਜ ਖੇਰੂੰ ਖੇਰੂੰ ਹੋ ਗਿਆ। ਉਧਰ ਫਰੰਗੀ ਹਾਕਮਾਂ ਨੇ ਮਹਾਰਾਜੇ ਨਾਲ ਕੀਤੇ ਅਹਿਦਨਾਮਿਆਂ ਨੂੰ ਹੀ ਲੀਰੋ ਲੀਰ ਨਹੀਂ ਕੀਤਾ, ਮਹਾਰਾਣੀ ਤੋਂ ਉਸ ਦਾ ਬੇਟਾ ਵੀ ਵਿਛੋੜ ਦਿੱਤਾ ਤੇ ਉਸ ਨੂੰ ਖੁਦ ਨੂੰ ਲਾਹੌਰ ਤੋਂ ਦੂਰ ਸ਼ੇਖੂਪੁਰਾ, ਬਨਾਰਸ ਤੇ ਹੋਰ ਦੁਰੇਡੀਆਂ ਥਾਂਵਾਂ ਵਿਚ ਬੰਦ ਕਰਕੇ ਮਾਇਕ ਜਗੀਰਾਂ ਦੇ ਕੇ ਭਰਮਾਇਆ। ਹੌਲੀ ਹੌਲੀ ਉਹ ਵੀ ਏਨੀਆਂ ਘਟਾ ਦਿੱਤੀਆਂ ਕਿ ਰਾਣੀ ਜਿੰਦਾਂ ਲਈ ਜਿਉਣਾ ਕਠਿਨ ਹੋ ਗਿਆ।
ਜਦੋਂ ਮਹਾਰਾਣੀ ਨੂੰ ਪੂਰਾ ਯਕੀਨ ਹੋ ਗਿਆ ਕਿ ਬਰਤਾਨਵੀ ਹਾਕਮ ਉਸ ਨੂੰ ਕਿਸੇ ਹਾਲਤ ਵਿਚ ਵੀ ਆਪਣੇ ਬੇਟੇ ਦਲੀਪ ਸਿੰਘ ਦੇ ਨੇੜੇ ਨਹੀਂ ਹੋਣ ਦਿੰਦੇ ਤਾਂ ਉਹ ਕੈਦਖਾਨੇ ਵਿਚੋਂ ਬਾਹਰ ਨਿਕਲਣ ਦੀਆਂ ਸਬੀਲਾਂ ਸੋਚਣ ਲੱਗੀ। ਅੰਤ ਇਕ ਦਿਨ ਅੱਧੀ ਰਾਤ ਨੂੰ ਉਸ ਨੇ ਆਪਣਾ ਸ਼ਾਹੀ ਪਹਿਰਾਵਾ ਤੇ ਗਹਿਣੇ ਆਪਣੀ ਦੇਖ-ਰੇਖ ਕਰ ਰਹੀ ਦਾਸੀ ਨੂੰ ਪਹਿਨਾ ਕੇ ਉਸ ਦੀ ਖੱਦਰ ਦੀ ਸਾੜੀ ਪਹਿਨੀ ਤੇ ਕੈਦਖਾਨੇ ਵਿਚੋਂ ਬਾਹਰ ਨਿਕਲ ਅਣਦਿਸਦੀ ਯਾਤਰਾ ਉਤੇ ਨਿਕਲ ਤੁਰੀ। ਕੀ ਤੁਸੀਂ ਸੋਚ ਸਕਦੇ ਹੋ ਕਿ ਸ਼ੇਰ-ਏ-ਪੰਜਾਬ ਦੀ ਇਹ ਧਰਮ ਪਤਨੀ ਜੰਗਲ ਬੇਲੇ ਤੇ ਨਦੀਆਂ ਦੇ ਪੈਂਡੇ ਤਹਿ ਕਰਦੀ ਨੇਪਾਲ ਦੀ ਹੱਦ ਪਾਰ ਕਰ ਗਈ! ਉਥੇ ਪਹੁੰਚ ਕੇ ਉਸ ਨੇ ਨੇਪਾਲ ਦੇ ਰਾਜੇ ਨੂੰ ਖਬਰ ਭੇਜੀ ਤਾਂ ਰਾਜੇ ਨੇ ਉਸ ਨੂੰ ਕਾਠਮੰਡੂ ਲਿਆਉਣ ਵਾਸਤੇ ਪਾਲਕੀ ਭੇਜੀ, ਜੋ ਉਸ ਨੂੰ ਰਾਜੇ ਦੇ ਮਹਿਲ ਵਿਚ ਲੈ ਗਈ। ਉਸ ਦੀ ਯਾਤਰਾ ਹਾਲਤ ਦੇਖ ਕੇ ਰਾਜੇ ਨੂੰ ਯਕੀਨ ਨਾ ਆਵੇ ਕਿ ਉਹ ਮਹਾਰਾਣੀ ਜਿੰਦਾਂ ਹੈ। ਥੋੜ੍ਹੀ ਝਿਜਕ ਤੋਂ ਪਿੱਛੋਂ ਰਾਣੀ ਨੇ ਨੇਪਾਲ ਦੇ ਰਾਜੇ ਨੂੰ ਉਹਦੇ ਬਰਾਬਰ ਦੀ ਹੋ ਕੇ ਏਨੀ ਦਲੇਰੀ ਨਾਲ ਪੁਕਾਰਿਆ ਕਿ ਉਸ ਨੂੰ ਉਸ ਦੇ ਮਹਾਰਾਣੀ ਹੋਣ ਉਤੇ ਯਕੀਨ ਹੋ ਗਿਆ। ਨੇਪਾਲ ਦੇ ਰਾਜੇ ਦੀ ਖੁਲ੍ਹ ਦਿੱਲੀ ਵੇਖੋ ਕਿ ਉਸ ਨੇ ਪੂਰੇ ਗਿਆਰਾਂ ਸਾਲ ਰਾਣੀ ਜਿੰਦਾਂ ਨੂੰ ਪਨਾਹ ਦਿੱਤੀ, ਪਰ ਏਸ ਅਰਸੇ ਵਿਚ ਉਹ ਆਪਣੇ ਪੁੱਤਰ ਦਲੀਪ ਸਿੰਘ ਦੀ ਯਾਦ ਵਿਚ ਏਨਾ ਰੋਈ ਕਿ ਉਸ ਦੀ ਨਜ਼ਰ ਜਾਂਦੀ ਰਹੀ। ਉਹ ਅੰਨ੍ਹੀ ਹੀ ਹੋ ਗਈ।
ਦੂਜੇ ਪਾਸੇ ਬਰਤਾਨਵੀ ਹਾਕਮਾਂ ਨੇ ਬਾਲਕ ਦਲੀਪ ਸਿੰਘ ਨੂੰ ਰਾਜ ਕੁਮਾਰਾਂ ਵਾਂਗ ਪਾਲਿਆ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਉਸ ਨੂੰ ਪੰਜਾਬ ਤੇ ਸਿੱਖੀ ਮਾਣ ਮਰਿਆਦਾ ਨਾਲੋਂ ਤੋੜ ਕੇ ਅਤੇ ਬਰਤਾਨਵੀ ਵਰਤ-ਵਰਤਾਰੇ ਨੂੰ ਵਡਿਆ ਕੇ ਉਸ ਨੂੰ ਈਸਾਈ ਬਣਾਉਣ ਦੀ ਕੋਈ ਕਸਰ ਨਾ ਛੱਡੀ। ਹਿੰਦੁਸਤਾਨ ਰਹਿੰਦਿਆਂ ਉਸ ਨੂੰ ਠੰਢੀਆਂ ਥਾਂਵਾਂ ਵਿਚ ਘੁਮਾਇਆ ਅਤੇ ਇੰਗਲੈਂਡ ਲਿਜਾ ਕੇ ਅਜਿਹੇ ਟਿਕਾਣਿਆਂ ਉਤੇ ਰੱਖਿਆ, ਜਿਨ੍ਹਾਂ ਦੀਆਂ ਬਾਰੀਆਂ ਦੇ ਮੂੰਹ ਉਸ ਦੀ ਰਖਵਾਲੀ ਕਰ ਰਹੇ ਜੌਹਨ ਲਾਗਿਨ ਜਿਹੇ ਮਨੋਵਿਗਿਆਨੀ ਰੁਚੀਆਂ ਵਾਲੇ ਈਸਾਈਆਂ ਵਲ ਖੁਲ੍ਹਦੇ ਸਨ। ਉਸ ਨੂੰ ਈਸਾਈ ਮੱਤ ਵਲ ਪ੍ਰੇਰਨ ਲਈ ਮਹਾਰਾਜਾ ਪਰਿਵਾਰ ਦੇ ਪੁਰਾਣੇ ਨੌਕਰ ਭਜਨ ਲਾਲ ਨੂੰ ਵੀ ਲੱਭਿਆ ਗਿਆ, ਜੋ ਜੱਦੀ ਪੁਸ਼ਤੀ ਬ੍ਰਾਹਮਣ ਤੋਂ ਈਸਾਈ ਹੋ ਚੁਕਾ ਸੀ। ਉਸ ਨੇ ਆਪਣਾ ਪ੍ਰਮਾਣ ਦੇ ਕੇ ਬਾਲਕ ਦਲੀਪ ਸਿੰਘ ਨੂੰ ਏਨਾ ਪ੍ਰੇਰਿਆ ਕਿ ਉਸ ਨੇ ਜੌਹਨ ਲਾਗਿਨ ਦੇ ਆਪਣੇ ਤੋਂ ਦੂਰ ਇੱਕ ਮਹੀਨੇ ਦੀ ਛੁੱਟੀ ਸਮੇਂ ਹੀ ਐਲਾਨ ਕਰ ਦਿੱਤਾ ਕਿ ਉਸ ਨੂੰ ਈਸਾਈ ਮੱਤ ਪ੍ਰਵਾਨ ਕਰਕੇ ਖੁਸ਼ੀ ਹੋਵੇਗੀ।
ਜਦ ਫਰੰਗੀਆਂ ਨੂੰ ਪੂਰਾ ਯਕੀਨ ਹੋ ਗਿਆ ਕਿ ਦਲੀਪ ਸਿੰਘ ਤਨੋ-ਮਨੋ ਈਸਾਈ ਹੋ ਚੁਕਾ ਹੈ, ਤਦ ਹੀ ਉਸ ਨੂੰ ਹਿੰਦੁਸਤਾਨ ਆ ਕੇ ਆਪਣੀ ਮਾਂ ਨੂੰ ਮਿਲਣ ਦਾ ਰਾਹ ਦਿਖਾਇਆ। ਹਿੰਦੁਸਤਾਨ ਪਰਤਣ ਤੋਂ ਪਹਿਲਾਂ ਸਾਰੇ ਯੂਰਪ ਦੀ ਸੈਰ ਕਰਵਾਉਣਾ ਵੀ ਇਨ੍ਹਾਂ ਭਰਮਾਊ ਵਿਧੀਆਂ ਦਾ ਹਿੱਸਾ ਸੀ। ਅੰਤ ਦਲੀਪ ਸਿੰਘ ਦਾ ਯੂਰਪ ਰਾਹੀਂ ਤੇ ਉਸ ਦੀ ਮਾਂ ਦਾ ਕਾਠਮੰਡੂ ਤੋਂ ਸਿੱਧਾ ਕਲਕੱਤੇ ਪਹੁੰਚਾਉਣ ਦੀ ਦਾਸਤਾਨ ਏਨੀ ਮਾਰਮਿਕ ਹੈ ਕਿ ਛੋਟੇ ਲੇਖ ਵਿਚ ਨਹੀਂ ਸਮਾਂ ਸਕਦੀ। ਫਿਰ ਜਦ ਪੁੱਤਰ-ਮਿਲਾਪ ਉਤੇ ਮਹਾਰਾਣੀ ਜਿੰਦਾਂ ਨੂੰ ਪਤਾ ਲੱਗਾ ਕਿ ਉਸ ਦਾ ਬੇਟਾ ਈਸਾਈ ਹੋ ਚੁਕਾ ਹੈ ਤੇ ਮਾਂ ਨੂੰ ਇੰਗਲੈਂਡ ਲਿਜਾਣਾ ਚਾਹੁੰਦਾ ਹੈ ਤਾਂ ਮਹਾਰਾਣੀ ਨੇ ਇਸ ਸ਼ਰਤ ਉਤੇ ਜਾਣਾ ਮੰਨਿਆ ਕਿ ਉਹ ਮੁੜ ਸਿੱਖੀ ਅਪਨਾਏ। ਪੁੱਤਰ ਵਲੋਂ ਪੱਕਾ ਹੁੰਗਾਰਾ ਮਿਲਣ ਉਤੇ ਉਹ ਮੰਨ ਗਈ ਤੇ ਅੰਤ ਜੁਲਾਈ 1861 ਨੂੰ ਉਥੇ ਪਹੁੰਚ ਗਈ। ਦੋ ਸਾਲ ਜੀਵਤ ਰਹਿ ਕੇ ਉਸ ਨੇ ਲੰਡਨ ਵਿਚ ਹੀ ਆਪਣੇ ਪ੍ਰਾਣ ਤਿਆਗੇ।
ਬਾਦਸ਼ਾਹ ਅਕਬਰ ਜਿਹਾ ਨਾਮਣਾ ਖੱਟ ਕੇ ਸ਼ੇਰ-ਏ-ਪੰਜਾਬ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਦੀ ਧਰਮ ਪਤਨੀ ਜਿੰਦਾਂ ਦੀ ਇਸ ਮਾਰਮਿਕ ਗਾਥਾ ਨੂੰ ਜੁਲਾਈ ਦੇ ਮਹੀਨੇ ਨਾਲ ਜੋੜਦਿਆਂ ਮੈਨੂੰ ਤਾਲਾਬੰਦੀ ਤੋਂ ਰਾਹਤ ਮਿਲ ਰਹੀ ਹੈ।
ਅੰਤਿਕਾ: ਗੁਰਭਜਨ ਗਿੱਲ
ਹੋਠਾਂ ਉਤੋਂ ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ।
ਮਨ ਮਸਤਕ ਵਿਚ ਜੋ ਵੀ ਆਵੇ ਬੋਲ ਦਿਆ ਕਰ।
ਤੂੰ ਧਰਤੀ ਦੀ ਧੀ ਹੈਂ ਲੇਖਾ ਮਾਂਵਾਂ-ਧੀਆਂ,
ਮਾਂ ਦੀ ਬੁੱਕਲ ਬਹਿ ਕੇ ਦੁਖ-ਸੁਖ ਫੋਲ ਦਿਆ ਕਰ।
ਇਕ ਮੁਸਕਾਨ ਉਧਾਰੀ ਦੇ ਕੇ ਪੌਣਾਂ ਨੂੰ ਤੂੰ,
ਕੁਲ ਆਲਮ ਦੇ ਸਾਹੀਂ ਸੰਦਲ ਘੋਲ ਦਿਆ ਕਰ।
ਸਾਰਾ ਅੰਬਰ ਤੇਰਾ ਤੇਰੇ ਚੰਦ ਸਿਤਾਰੇ,
ਮਾਰ ਉਡਾਰੀ ਪੌਣਾਂ ਵਿਚ ਪਰ ਤੋਲ ਦਿਆ ਕਰ।
ਮਾਣਕ ਮੋਤੀ ਮਹਿੰਗੇ ਇਹ ਅਣਮੋਲ ਖਜਾਨਾ,
ਪਾਣੀ ਵਾਂਗੂੰ ਅੱਥਰੂ ਨਾ ਤੂੰ ਡੋਲ੍ਹ ਦਿਆ ਕਰ।