ਸੌਖਾ ਨਹੀਂ ‘ਹਾੜ’ ਨੂੰ ਖੁਸ਼ਆਮਦੀਦ ਕਹਿਣਾ

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-98152-53245
ਉਤਰੀ ਭਾਰਤ ਦੇ ਇਸ ਖਿੱਤੇ ਵਿਚ ਜਿਸ ਨੂੰ ਅਸੀਂ ਪੰਜਾਬ ਕਹਿੰਦੇ ਹਾਂ, ਹਾੜ ਦਾ ਮਹੀਨਾ ਸਿਖਰਲੀ ਗਰਮੀ ਦਾ ਮਹੀਨਾ ਹੁੰਦਾ ਹੈ। ਉਹ ਸੂਰਜ ਦੇਵਤਾ, ਜਿਸ ਨੂੰ ਸਰਦੀਆਂ ਵਿਚ ਅੱਡੀਆਂ ਚੁੱਕ ਚੁੱਕ ਉਡੀਕਿਆ ਜਾਂਦੈ, ਹੁਣ ਅੱਖੀਆਂ ਨੂੰ ਰਤਾ ਨਹੀਂ ਸੁਖਾਉਂਦਾ। ਕਹਿਰਵਾਨ ਤੇ ਵੱਡ-ਪ੍ਰਤਾਪੀ ਰੂਪ ਅਖਤਿਆਰ ਕਰ ਚੁਕਾ ਇਹ ਅਗਨ ਗੋਲਾ ਸਵੇਰੇ ਹੀ ਕਿਰਨਾਂ ਦੇ ਅੰਗਿਆਰ ਸੁੱਟਣ ਲੱਗ ਪੈਂਦੈ। ਇਨ੍ਹੀਂ ਦਿਨੀਂ ਇਸ ਦੀ ਅੱਖ ਵਿਚ ਅੱਖ ਪਾ ਸਕਣਾ ਅਸੰਭਵ ਹੋ ਜਾਂਦੈ। ਦੁਪਹਿਰ ਤੱਕ ਧਰਤੀ ਲੂਸਣ ਲੱਗਦੀ ਐ ਤੇ ਅਸਮਾਨ ਤੰਦੂਰ ਵਾਂਗ ਭਖਣ ਲੱਗਦੈ।

14-14 ਘੰਟੇ ਲੰਮੇ ਦਿਨਾਂ ਦੀ ਦੁਪਹਿਰ ਮਸੀਂ ਕਿਤੇ ਢਲਣ ਵਿਚ ਆਉਂਦੀ ਏ ਤੇ ਤਪਸ਼ ਦਾ ਜਲੌਅ ਕੁਝ ਘਟਣ ਲੱਗਦੈ। ਰੁੱਖ, ਮਨੁੱਖ, ਪਸੂ, ਪੰਛੀ, ਵਣ-ਤ੍ਰਿਣ, ਸਭ ਹਿੱਸੇ-ਹਿੱਸੇ ਤੇ ਲਿੱਸੇ-ਲਿੱਸੇ ਨਜ਼ਰ ਆਉਂਦੇ ਹਨ। ਕਹਿਰਵਾਨ ਕੁਦਰਤ ਸਭ ਨੂੰ ਹਫਣ ਅਤੇ ਹਵਾਂਕਣ ਲਾ ਦਿੰਦੀ ਏ। ਕਾਂ, ਟਟੀਹਿਰੀ, ਕੋਇਲ, ਬੰਬੀਹਾ, ਬੀਂਡਾ-ਸਭ ਕੁਰਲਾ ਉਠਦੇ ਹਨ। ਪਾਣੀ ਦੇ ਸਰੋਤ ਸੁੱਕਣ ਲੱਗਦੇ ਹਨ ਤੇ ਗਰਮੀ ਦਾ ਕਹਿਰ ਹੋਰ ਵਡੇਰਾ ਤੇ ਅਸਹਿ ਹੋ ਜਾਂਦੈ।
ਪੁਰਤਾਨ ਪੇਂਡੂ ਪੰਜਾਬ ਵਿਚ ਇਨ੍ਹਾਂ ਦਿਨਾਂ ਵਿਚ ਬਹੁਤ ਸਾਰੀਆਂ ਸਮਾਜਕ-ਗਤੀਵਿਧੀਆਂ ਨੂੰ ਵਿਰਾਮ ਦੇ ਦਿੱਤਾ ਜਾਂਦਾ ਸੀ, ਪਰ ਫਿਰ ਵੀ ਖੇਤੀ ਦੇ ਅਤਿ ਜਰੂਰੀ ਰੁਝੇਵੇਂ ਤਾਂ ਕਰਨੇ ਹੀ ਪੈਂਦੇ ਸਨ, ਤੇ ਇਹ ਕਾਰਜ ਅੰਦਰ ਵੜ ਕੇ ਨਹੀਂ ਸਨ ਹੋ ਸਕਦੇ। ਪਸੂਆਂ ਲਈ ਖੇਤਾਂ ਵਿਚੋਂ ਜਾ ਕੇ ਪੱਠੇ ਵੱਢਣੇ, ਢੋਣੇ ਤੇ ਟੋਕੇ ‘ਤੇ ਹੱਥੀਂ ਕੁਤਰਨੇ, ਕੋਈ ਸੌਖੇ ਕੰਮ ਨਹੀਂ ਸਨ। ਉਨ੍ਹਾਂ ਨੂੰ ਵਾਰ ਵਾਰ ਪਾਣੀ ਪਿਲਾਉਣਾ, ਨਹਾਉਣਾ-ਧਵਾਉਣਾ, ਛਾਂਵੇਂ ਬੰਨਣਾ ਬੇਹੱਦ ਜ਼ਰੂਰੀ ਸੀ। ਲੱਖ ਯਤਨਾਂ ਦੇ ਬਾਵਜੂਦ ਪਸੂ ਲਿੱਸੇ ਪੈਣ ਲੱਗਦੇ ਤੇ ਲਵੇਰੀਆਂ ਦੁੱਧ ਸੁਕਾਉਣ ਲੱਗਦੀਆਂ। ਹਾੜੀ ਦੀ ਫਸਲ ਦੀ ਤਿਆਰੀ ਕਰਨ ਲਈ ਹਲ ਵੀ ਜੋਣੇ ਪੈਂਦੇ ਤੇ ਖੂਹ ਵੀ ਵਾਹੁਣੇ ਪੈਂਦੇ। ਪਾਣੀ ਦੀ ਕਿੱਲਤ ਕਰਕੇ ਹਰੀਆਂ ਸਬਜੀਆਂ ਅਤੇ ਚਾਰਾ ਵੀ ਮੁਰਝਾਉਣ ਲੱਗਦਾ। ਖੂਹ ਦੀਆਂ ਵਾਰੀਆਂ ਤੋਂ ਜੱਟ ਅਕਸਰ ਖਹਿਬੜ ਪੈਂਦੇ। ਪਿੰਡ ਦੀਆਂ ਖੂਹੀਆਂ ਤੇ ਭੀੜਾਂ ਲੱਗ ਜਾਂਦੀਆਂ ਤੇ ਝਗੜੇ-ਝੇੜੇ ਵੱਧ ਜਾਂਦੇ। ਹਰ ਵਿਅਕਤੀ ਖਪਿਆ-ਤਪਿਆ ਤੇ ਖਿਝਿਆ-ਕ੍ਰਿਝਿਆ ਨਜ਼ਰ ਆਉਂਦਾ ਤੇ ਨਿੱਕੀ-ਨਿੱਕੀ ਗੱਲ ‘ਤੇ ਕੱਪੜਿਓਂ ਬਾਹਰ ਹੋ ਹੋ ਪੈਂਦਾ। ਸਰੀਰ ‘ਤੇ ਕੱਪੜੇ ਘਟਦੇ ਜਾਂਦੇ, ਪਰ ਅੰਦਰ ਦਾ ਤਾਪ ਹੱਦਾਂ-ਬੰਨੇ ਟੱਪਣ ਲੱਗਦਾ।
ਪੰਜਾਬਣਾਂ ਵਿਚਾਰੀਆਂ ਦਾ ਤਾਂ ਹੋਰ ਵੀ ਬੁਰਾ ਹਾਲ ਹੋ-ਹੋ ਜਾਂਦਾ। ਪੂਰੇ ਕੱਪੜੇ ਪਾਏ ਹੋਣ ਕਰਕੇ ਪਸੀਨੋ-ਪਸੀਨੀ ਹੋਈ ਫਿਰਦੀਆਂ। ਅੱਗ ਸਾਹਵੇਂ ਬੈਠ ਰਸੋਈ-ਕਾਰਜ ਕਰਨੇ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਜਾਂਦਾ। ਬੱਚਿਆਂ ਨੂੰ ਧੁੱਪ ਤੋਂ ਬਚਾ ਕੇ ਰੱਖਣਾ ਵੀ ਵੱਡੀ ਵੰਗਾਰ ਵਰਗੀ ਗੱਲ ਸੀ। ਮਰਦਾਂ ਨੂੰ ਖਾਸ ਤੌਰ ‘ਤੇ ਬਾਹਰ ਖੇਤਾਂ ਵਿਚ ਸਿਖਰ ਦੁਪਹਿਰੇ ਜਾਣ ਤੋਂ ਵਰਜਣ ਲਈ ਕਈ ਵਹਿਮ-ਭਰਮ ਤੇ ਡਰ-ਭਾਓ ਘੜੇ ਜਾਂਦੇ। ਜੇ ਕਿਸੇ ਦੇ ਖੇਤ ਮੜੀਆਂ ਜਾਂ ਕਬਰਾਂ ਵੱਲ ਹੋਣ ਤਾਂ ਉਸ ਨੂੰ ਸਭ ਵੱਲੋਂ ਵਿਸ਼ੇਸ਼ ਤਾਕੀਦ ਕੀਤੀ ਜਾਂਦੀ ਕਿ ਦੁਪਹਿਰ ਢਲੇ ‘ਤੇ ਹੀ ਉਸ ਰਸਤੇ ਲੰਘਿਆ ਜਾਵੇ। ਸਮਝਿਆ ਜਾਂਦਾ ਸੀ ਤੇ ਪਿਛਾਂਹ ਹੱਟਵੇਂ ਪੇਂਡੂ ਖੇਤਰਾਂ ਵਿਚ ਅੱਜ ਵੀ ਸਮਝਿਆ ਜਾਂਦੈ ਕਿ ਗਰਮੀ ਵਿਚ ਰੂਹਾਂ ਵੀ ਤਪ ਉਠਦੀਆਂ ਹਨ, ਬੇ-ਚੈਨ ਰੂਹਾਂ ਡੈਣਾਂ ਬਣ ਆਦਮ-ਬੂ, ਆਦਮ-ਬੂ ਕਰਦੀਆਂ ਫਿਰਦੀਆਂ ਹਨ, ਤੇ ਆਉਂਦੇ-ਜਾਂਦੇ ਨੂੰ ਚਪੇੜਾਂ ਮਾਰ ਗੁੱਸਾ ਕੱਢਦੀਆਂ ਹਨ। ਵਾ-ਵਰੋਲਿਆਂ ਵਿਚ ਦੈਂਤਾਂ ਵਰਗੇ ਭੂਤ-ਪਰੇਤ ਧਰਤੀ ਅਤੇ ਆਕਾਸ਼ ਤੋਂ ਨਾਬਰ ਹੋਏ ਜਿਸ ਕਿਸੇ ਨੂੰ ਕਲਾਵੇ ਵਿਚ ਲੈ ਲੈਂਦੇ, ਉਸ ਨੂੰ ਬੇਸੁੱਧ ਕਰਕੇ ਪਰ੍ਹਾਂ ਵਗਾਹ ਮਾਰਦੇ। ਕੱਲਰ ਤੇ ਕਲਰਾਠੀ ਧਰਤੀ ਦੇ ਨਾਗ-ਨਾਗਨੀਆਂ ਤਪਸ਼ ਦੇ ਦਿਨਾਂ ਵਿਚ ਬੜੇ ਕੁਸੈਲੇ, ਗੂਸੈਲੇ ਤੇ ਵਿਹੁਲੇ ਹੋ ਜਾਂਦੇ। ਸ਼ਿਵ ਕੁਮਾਰ ਬਟਾਲਵੀ ਇਨ੍ਹਾਂ ਪ੍ਰਸਥਿਤੀਆਂ ਨੂੰ ਆਪਣੀ ਕਵਿਤਾ ‘ਡਰ’ ਵਿਚ ਇੰਜ ਪੇਸ਼ ਕਰਦਾ ਹੈ,
ਜੇਠ ਹਾੜ ਦੀ ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜੀਆਂ ਵਾਲੇ ਮੰਦਿਰ ਉਤੇ
ਬੈਠੀ ਚੁੱਪ ਤ੍ਰਿੰਜਣ ਕੱਤੇ
ਧੁੱਪ-ਛਾਂਵਾਂ ਦਾ ਮੁੱਢਾ ਲੱਥੇ
ਗਿਰਝਾਂ ਦਾ ਪਰਛਾਵਾਂ ਨੱਪੇ
ਨੰਗੀ ਡੈਣ ਪਈ ਇੱਕ ਨੱਚੇ
ਪੁੱਠੇ ਥਣ ਮੋਢੇ ਤੇ ਰੱਖੇ
ਛੱਜ ਪੌਣ ਦਾ ਕੱਲਰ ਛੱਟੇ
ਬੋਦੀ ਵਾਲਾ ਵਾਵਰੋਲਾ
ਰੱਕੜ ਦੇ ਵਿਚ ਚੱਕਰ ਕੱਟੇ
ਹਿੱਲਣ ਪਏ ਥੋਹਰਾਂ ਦੇ ਪੱਤੇ
ਵਿਚ ਕਰੀਰਾਂ ਸੱਪਣੀ ਵੱਸੇ
ਮੱਕੜੀਆਂ ਦੇ ਜਾਲ ਲਪੱਚੇ
ਅੱਕ ਕੱਕੜੀ ਦੇ ਫੰਭਿਆਂ ਤਾਈਂ
ਭੂਤ ਭੂਤਾਣਾ ਮਾਰੇ ਧੱਕੇ
ਬੁੱਢੇ ਬੋਹੜ ਦੀਆਂ ਖੋੜਾਂ ਵਿਚ
ਚਾਮ ਚੜਿਕਾਂ ਦਿੱਤੇ ਬੱਚੇ
ਮੜੀਆਂ ਵਾਲਾ ਬਾਬਾ ਹੱਸੇ
ਪਾਟੇ ਕੰਨ ਭਬੂਤੀ ਮੱਥੇ
ਤੇ ਮੇਰੇ ਖਾਬਾਂ ਦੇ ਬੱਚੇ
ਡਰ ਥੀਂ ਸਹਿਮੇ, ਜਾਵਣ ਨੱਸੇ
ਨੰਗੇ ਪੈਰ ਧੂੜ ਥੀਂ ਅੱਟੇ
ਦਿਲ ਧੜਕਣ ਤੇ ਚਿਹਰੇ ਲੱਥੇ
ਪੀਲੀ ਪਿੱਤਲ ਰੰਗੀ ਧੁੱਪੇ…।
ਇਸ ਪਿੱਤਲ-ਰੰਗੀ ਧੁੱਪ ਤੋਂ ਨਿਜਾਤ ਪਾਉਣ ਲਈ ਇੰਦਰ ਦੇਵਤਾ ਨੂੰ ਫੁੱਲੀਆਂ ਪਾਉਣੀਆਂ ਪੈਂਦੀਆਂ, ਜਿਸ ਲਈ ਕਈ ਟੂਣੇ-ਟੰਜਰ ਕੀਤੇ ਜਾਂਦੇ। ਗੁੱਡੀ-ਗੁੱਡਾ ਸਾੜਿਆ ਜਾਂਦਾ ਅਤੇ ਸਮੂਹਿਕ-ਪੁਕਾਰ ਕੀਤੀ ਜਾਂਦੀ,
ਗੁੱਡੀ-ਗੁੱਡਾ ਸਾੜਿਆ,
ਵੱਸ ਮੀਹਾਂ ਕਾਲਿਆ
ਗੁੱਡੀ-ਗੁੱਡਾ ਪਿੱਟਿਆ,
ਵੱਸ ਮੀਹਾਂ ਚਿੱਟਿਆ
ਜੇ ਔੜ ਥੋੜੀ ਜਿਹੀ ਲੰਬੀ ਹੋ ਜਾਂਦੀ ਤਾਂ ਜਲ-ਧਰਤ-ਆਕਾਸ਼ ਦੇ ਜੀਵ ਕੁਰਲਾ ਉਠਦੇ। ਪਾਣੀ ਘਟਣ ਕਾਰਨ ਜਲ-ਜੀਵ ਤੜਫਣ ਲੱਗਦੇ,
ਉਚਾ ਟੁਰ ਗਿਆ ਅੰਬਰ ਦਾ ਰਾਜਾ
ਜਲ ਵਿਚ ਰੋਣ ਮੱਛੀਆਂ।
ਪੰਜਾਬੀਆਂ ਨੂੰ ਇਨ੍ਹਾਂ ਦਿਨਾਂ ਵਿਚ ਬੰਬੀਹਾ ਬੋਲਦਾ ਬੜਾ ਪਿਆਰਾ ਲੱਗਦਾ। ਉਹ ਵੀ ਉਸ ਦੀ ਅਰਜੋਈ ਵਿਚ ਸ਼ਾਮਲ ਹੋ ਜਾਂਦੇ,
ਬੰਬੀਹਾ ਜਿਸ ਨੋ ਤੂ ਪੁਕਾਰਦਾ
ਤਿਸ ਨੋ ਲੋਚੈ ਸਭਿ ਕੋਇ।
ਆਪਣੀ ਕਿਰਪਾ ਕਰਕੇ ਵੱਸਸੀ
ਵਣ-ਤ੍ਰਿਣ ਹਰਿਆ ਹੋਇ।
ਅਰਦਾਸਾਂ ਅਤੇ ਅਰਜੋਈਆਂ ਦੇ ਉਨ੍ਹਾਂ ਜ਼ਮਾਨਿਆਂ ਦੇ ਮੁਕਾਬਲੇ ਅੱਜ ਦੇ ਮਸ਼ੀਨੀ ਤੇ ਤਕਨੀਕੀ ਯੁੱਗ ਵਿਚ ਮਨੁੱਖ ਬਹੁਤ ਅੱਗੇ ਨਿਕਲ ਗਿਆ ਹੈ ਅਤੇ ਅਸੀਂ ਪੰਜਾਬੀ ਵੀ ਬਹੁਤੇ ਪਿੱਛੇ ਨਹੀਂ ਰਹੇ। ਅਜੋਕੀ ਪੀੜ੍ਹੀ ਦੀ ਜਾਣੇ ਬਲਾ ਕੀ ਹੁੰਦੈ ਬੰਬੀਹਾ ਤੇ ਕੀ ਹੁੰਦੀਆਂ ਹਨ ਸਵਾਤੀ ਬੂੰਦਾਂ? ਪੁਰਾਣੇ ਸਮਿਆਂ ਦੇ ਮੁਕਾਬਲੇ ਆਧੁਨਿਕ ਜੀਵਨ-ਸ਼ੈਲੀ ਬਹੁਤ ਸੁਖਾਲੀ ਹੋ ਗਈ ਹੈ। ਪੰਜਾਬਣਾਂ ਇੱਕ ਚੁਟਕੀ ਨਾਲ ਅੱਗ ਮਘਾ ਲੈਂਦੀਆਂ ਹਨ। ਉਂਗਲਾਂ ਘੁਮਾਉਂਦੀਆਂ ਹਨ ਤੇ ਪਾਣੀ ਸਿਜਦਾ ਕਰਨ ਲੱਗਦੈ, ਨਿਉਂ ਨਿਉਂ ਪੈਂਦੈ। ਇਸ਼ਾਰਿਆਂ ਨਾਲ ਵਾਸ਼-ਰੂਮ ਦੇ ਸ਼ਾਵਰ ਚੱਲ ਪੈਂਦੇ ਹਨ। ਪੱਖੇ, ਕੂਲਰ ਅਤੇ ਏ. ਸੀ. ਦੀਆਂ ਸੁਵਿਧਾਵਾਂ ਨੇ ਬਹੁਤ ਹੱਦ ਤੱਕ ਕੁਦਰਤੀ-ਤਪਸ਼ ‘ਤੇ ਫਤਿਹ ਪਾ ਲਈ ਹੈ। ਟਰੈਕਟਰਾਂ, ਕੰਬਾਈਨਾਂ ਅਤੇ ਹੋਰ ਕਈ ਕਿਸਮ ਦੀਆਂ ਮਸ਼ੀਨਾਂ ਨੇ ਖੇਤੀ ਬਹੁਤ ਆਸਾਨ ਕਰ ਦਿੱਤੀ ਹੈ। ਹੁਣ ਰੁੱਖਾਂ ਦੀ ਛਾਂਵੇਂ ਕੌਣ ਬੈਠਦਾ ਹੈ ਤੇ ਮੜੀਆਂ ਦੇ ਕੋਲੋਂ ਪੈਦਲ ਕੌਣ ਲੰਘਦਾ ਹੈ?
ਪਰ ਹੈਰਾਨੀਜਨਕ ਤਾਂ ਇਹ ਹੈ ਕਿ ਇਨ੍ਹਾਂ ਸੁਖ-ਸਹੂਲਤਾਂ ਨੇ ਜਿੱਥੇ ਸਰੀਰਕ ਅਤੇ ਭੌਤਿਕ ਸੁੱਖਾਂ ਵਿਚ ਵਾਧਾ ਕੀਤਾ ਹੈ, ਉਥੇ ਜ਼ਿੰਦਗੀ ਦੇ ਮੂਲ-ਅਰਥਾਂ ਨੂੰ ਬਦਲਣ ਵਿਚ ਕੋਈ ਵੱਡਾ ਰੋਲ ਅਦਾ ਨਹੀਂ ਕੀਤਾ। ਪੁਰਾਤਨ ਸਮਿਆਂ ਵਿਚ ਅਤਿ ਮੁਸ਼ਕਿਲਾਂ ਦੇ ਬਾਵਜੂਦ ਕੋਈ ਜੀਵਨ-ਲੀਲਾ ਖਤਮ ਕਰਨ ਬਾਰੇ ਸੋਚ ਵੀ ਨਹੀਂ ਸੀ ਸਕਦਾ; ਪਰ ਮੌਜੂਦਾ ਦੌਰ ਵਿਚ ਮੁਕਾਬਲੇ ਦੀ ਦੌੜ ਵਿਚ ਨਿਰਾਸ਼ਾ ਦਾ ਆਲਮ ਪਹਿਲਾਂ ਤੋਂ ਕਿਤੇ ਵਡੇਰਾ ਨਜ਼ਰ ਆਉਂਦਾ ਹੈ। ਸਹਿਹੋਂਦ ਅਤੇ ਆਪਸੀ ਸਾਂਝ ਖਤਰੇ ਵਿਚ ਹੈ। ਵਾਤਾਨਕੂਲ ਘਰਾਂ ਨੇ ਬਹਿਰੂਨੀ ਠੰਡਕ ਤਾਂ ਪ੍ਰਦਾਨ ਕੀਤੀ ਹੈ, ਪਰ ਅੰਦਰੂਨੀ ਤਪਸ਼ ਸਗੋਂ ਵਧਾ ਦਿੱਤੀ ਹੈ। ਮਾਨਸਿਕ ਪ੍ਰੇਸ਼ਾਨੀਆਂ ਵਿਚ ਕਈ ਗੁਣਾ ਇਜ਼ਾਫਾ ਹੋ ਗਿਐ। ਆਤਮ-ਘਾਤ ਅਤੇ ਘਰੇਲੂ ਹਿੰਸਕ-ਪੀੜਤਾਂ ਦੀ ਗਿਣਤੀ ਕਿਤੇ ਵਧੇਰੇ ਅੰਕਿਤ ਕੀਤੀ ਜਾ ਰਹੀ ਹੈ।
ਬਹਿਰੂਨੀ ਸਹੂਲਤਾਂ ਦੇ ਨਾਲ ਨਾਲ ਅੰਦਰੂਨੀ ਤਪਸ਼ ਅਤੇ ਤੜਪਨ ਦੇ ਕਾਰਨਾਂ ਨੂੰ ਸਮਝਣਾ ਅਤੇ ਜਾਣਨਾ ਬੇਹੱਦ ਜ਼ਰੂਰੀ ਹੈ। ਜਿਸਮਾਨੀ ਨਾਲੋਂ ਕਿਤੇ ਵੱਧ ਹੈ ਰੂਹਾਨੀ ਸਕੂਨ। ਜੇ ਅਤੇ ਜਦੋਂ ਮਾਨਸਿਕਤਾ ਵਿਚ ਤਪਦੇ ਜੇਠ-ਹਾੜ ਵਿਚ ਠਹਿਰਾਵ ਆ ਜਾਵੇਗਾ, ਉਦੋਂ ਹੀ ਬਹਿਰੂਨੀ ਸੁੱਖ ਸੁਹੰਢਣੇ ਹੋਣਗੇ। ਉਦੋਂ ਤਪ ਰਿਹਾ ਸੂਰਜ ਅਤੇ ਝੁਲਸ ਰਹੀ ਧਰਤੀ ਵੀ ਉਸ ਕੁਦਰਤ ਦੇ ਕਿਸੇ ਵਿਸ਼ਾਲ ਵਰਤਾਰਿਆਂ ਦਾ ਹਿੱਸਾ ਲੱਗਣ ਲੱਗ ਪਵੇਗੀ। ਫਿਰ ਸ਼ਾਇਦ ਹਾੜ ਵੀ ‘ਸੁਹੰਦਾ’ ਅਤੇ ‘ਭਲਾ’ ਮਹਿਸੂਸ ਹੋਣ ਲੱਗੇ; ਪਰ ਇਸ ਅਵਸਥਾ ਨੂੰ ਪਹੁੰਚਣਾ ਕੋਈ ਆਸਾਨ ਪ੍ਰਾਪਤੀ ਨਹੀਂ ਹੁੰਦੀ।