ਖੁਦਕੁਸ਼ੀਆਂ ਨਾ ਕਰ ਸਕਣ ਕੋਈ ਸਮੱਸਿਆ ਹੱਲ਼

ਹਰਗੁਣਪ੍ਰੀਤ ਸਿੰਘ, ਪਟਿਆਲਾ
ਫੋਨ: 91-94636-19353
ਸਾਡਾ ਜੀਵਨ ਬਹੁਤ ਸੰਘਰਸ਼ਸ਼ੀਲ ਹੋਣ ਦੇ ਨਾਲ-ਨਾਲ ਬਹੁਤ ਖੂਬਸੂਰਤ ਵੀ ਹੈ। ਜੇ ਇੱਥੇ ਦੁਖ ਹੈ ਤਾਂ ਸੁਖ ਵੀ ਹੈ, ਜੇ ਰਾਤ ਹੈ ਤਾਂ ਸਵੇਰ ਵੀ ਹੈ ਅਤੇ ਜੇ ਖਟਾਸ ਹੈ ਤਾਂ ਮਿਠਾਸ ਵੀ ਹੈ। ਜ਼ਿੰਦਗੀ ਦੇ ਹਰ ਚੰਗੇ-ਮਾੜੇ ਰੰਗ ਨੂੰ ਖੁਸ਼ੀ-ਖੁਸ਼ੀ ਹੰਢਾਉਣ ਨਾਲ ਹੀ ਮਨੁੱਖ ਦਾ ਸੰਪੂਰਨ ਵਿਕਾਸ ਸੰਭਵ ਹੁੰਦਾ ਹੈ, ਪਰ ਕਈ ਵਾਰ ਇਨਸਾਨ ਕਿਸੇ ਅਸਫਲਤਾ ਜਾਂ ਅਣਸੁਖਾਵੀਂ ਘਟਨਾ ਕਾਰਨ ਇੰਨੀ ਘੋਰ ਨਿਰਾਸ਼ਾ ਵਿਚ ਚਲਾ ਜਾਂਦਾ ਹੈ ਕਿ ਉਹ ਖੁਦਕੁਸ਼ੀ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ ਅਤੇ ਆਪਣੀ ਕੀਮਤੀ ਜਾਨ ਤੋਂ ਹੱਥ ਧੋ ਬੈਠਦਾ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਸੰਸਾਰ ਭਰ ਵਿਚ ਹੁੰਦੀਆਂ ਕੁੱਲ ਮਨੁੱਖੀ ਮੌਤਾਂ ਵਿਚੋਂ 1.4 ਫੀਸਦੀ ਮੌਤਾਂ ਸਿਰਫ ਖੁਦਕੁਸ਼ੀਆਂ ਕਾਰਨ ਹੀ ਹੁੰਦੀਆਂ ਹਨ ਅਤੇ ਵਿਸ਼ਵ ਭਰ ਦੀਆਂ ਮੌਤਾਂ ਦੇ ਵੱਖ-ਵੱਖ ਕਾਰਨਾਂ ਵਿਚੋਂ 18ਵਾਂ ਸਭ ਤੋਂ ਵੱਡਾ ਕਾਰਨ ਖੁਦਕੁਸ਼ੀਆਂ ਹੀ ਹਨ। ਦੁਨੀਆਂ ਵਿਚ ਹਰ 40 ਸਕਿੰਟਾਂ ਵਿਚ ਇੱਕ ਮੌਤ ਖੁਦਕੁਸ਼ੀ ਕਾਰਨ ਹੋਣਾ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ। ਖੁਦਕੁਸ਼ੀ ਭਾਵੇਂ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸੇ ਗਰੀਬ ਵਿਅਕਤੀ ਦੀ ਹੋਵੇ ਜਾਂ ਫਿਰ ਕੋਈ ਵਿਹਾਰਕ ਜਾਂ ਵਪਾਰਕ ਨੁਕਸਾਨ ਕਾਰਨ ਤਣਾਓ ਵਿਚ ਆਏ ਕਿਸੇ ਅਮੀਰ ਵਿਅਕਤੀ ਦੀ ਹੋਵੇ, ਉਨ੍ਹਾਂ ਦੇ ਮਰਨ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ, ਰਿਸ਼ੇਤਦਾਰਾਂ ਅਤੇ ਮਿੱਤਰਾਂ ਦੇ ਸੁਪਨਿਆਂ ਤੇ ਆਸਾਂ ਦੀ ਵੀ ਮੌਤ ਹੋ ਜਾਂਦੀ ਹੈ।
ਮਨੁੱਖ ਨੂੰ ਹਰ ਸਮੇਂ ਆਪਣੀ ਸਮਰੱਥਾ, ਹਿੰਮਤ ਅਤੇ ਹਾਲਾਤ ਅਨੁਸਾਰ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ, ਪਰ ਆਪਣੇ ਆਪ ਕੋਲੋਂ ਜਾਂ ਦੂਜਿਆਂ ਕੋਲੋਂ ਲੋੜੋਂ ਵੱਧ ਉਮੀਦ ਰੱਖ ਕੇ ਗੰਭੀਰ ਤਣਾਓ ਅਤੇ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਜਾਣਾ ਕੋਈ ਸਿਆਣਪ ਵਾਲੀ ਗੱਲ ਨਹੀਂ। ਖੁਦਕੁਸ਼ੀਆਂ ਦੀ ਰੋਕਥਾਮ ਲਈ ਸਾਨੂੰ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ-ਦੋਹਾਂ ਵੱਲ ਬਰਾਬਰ ਧਿਆਨ ਦੇਣ ਦੀ ਲੋੜ ਹੈ। ਅਜੋਕੇ ਪੂੰਜੀਵਾਦੀ ਅਤੇ ਪਦਾਰਥਵਾਦੀ ਸਮਾਜ ਵਿਚ ਰੋਜ਼ਾਨਾ ਪੈਦਾ ਹੋਣ ਵਾਲੀਆਂ ਚਿੰਤਾਵਾਂ ਅਤੇ ਬੇਚੈਨੀਆਂ ਨੂੰ ਜਿੱਥੇ ਅਸੀਂ ਆਪਣੇ ਘਰ-ਪਰਿਵਾਰ ਅਤੇ ਮਿੱਤਰ-ਸਨੇਹੀਆਂ ਨਾਲ ਸਾਂਝਾ ਕਰ ਸਕਦੇ ਹਾਂ, ਉਥੇ ਨਾਲ ਹੀ ਮਨੋਵਿਗਿਆਨੀਆਂ ਅਤੇ ਕਾਊਂਸਲਰਾਂ ਤੋਂ ਵੀ ਸਮੇਂ ਸਿਰ ਯੋਗ ਇਲਾਜ ਕਰਵਾ ਕੇ ਆਪਣਾ ਡਿਪਰੈਸ਼ਨ ਦੂਰ ਕਰ ਸਕਦੇ ਹਾਂ।
ਜਦੋਂ ਵੀ ਕੋਈ ਵਿਅਕਤੀ ਸਾਡੇ ਉਤੇ ਪੂਰਾ ਭਰੋਸਾ ਕਰਕੇ ਸਾਡੇ ਨਾਲ ਆਪਣਾ ਦੁੱਖ ਸਾਂਝਾ ਕਰਦਾ ਹੈ ਤਾਂ ਉਸ ਨੂੰ ਮਜ਼ਾਕ ਵਿਚ ਨਾ ਲੈਂਦਿਆਂ ਜਿੱਥੇ ਪੂਰੀ ਹਮਦਰਦੀ ਅਤੇ ਧਿਆਨ ਨਾਲ ਉਸ ਨੂੰ ਸੁਣਨਾ ਚਾਹੀਦਾ ਹੈ, ਉਥੇ ਨਾਲ ਹੀ ਆਪਣੀ ਸਮਝ ਮੁਤਾਬਿਕ ਉਸ ਦੀ ਸਮੱਸਿਆ ਦਾ ਹੱਲ ਕੱਢਣ ਦਾ ਯਤਨ ਕਰਨਾ ਚਾਹੀਦਾ ਹੈ। ਉਸ ਨੂੰ ਹਰ ਸਮੇਂ ਚੜ੍ਹਦੀਕਲਾ ਵਿਚ ਰਹਿਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ, ਕਿਉਂਕਿ ਇਹ ਆਮ ਦੇਖਣ ਵਿਚ ਆਉਂਦਾ ਹੈ ਕਿ ਕਿਸੇ ਦੁਖਿਆਰੇ ਵਿਅਕਤੀ ਨਾਲ ਸਿਰਫ ਉਸ ਦਾ ਦਰਦ ਸਾਂਝਾ ਕਰਨ ਨਾਲ ਹੀ ਉਸ ਵਿਅਕਤੀ ਦਾ ਅੱਧਾ ਦੁੱਖ ਖਤਮ ਹੋ ਜਾਂਦਾ ਹੈ।
ਸੰਸਾਰ ਵਿਚ ਕੋਈ ਵੀ ਵਿਅਕਤੀ ਸੌ ਪ੍ਰਤੀਸ਼ਤ ਸੰਪੂਰਨਤਾਵਾਦੀ ਨਹੀਂ ਹੋ ਸਕਦਾ, ਪਰ ਅਸੀਂ ਬਹੁਤੀ ਵਾਰ ਖੁਦ ਆਪਣੇ ਆਪ ਨੂੰ ਅਤੇ ਹੋਰਾਂ ਨੂੰ ‘ਪਰਫੈਕਟ’ ਬਣਾਉਣ ਦੇ ਚੱਕਰ ਵਿਚ ਬੇਲੋੜੇ ਫਿਕਰਾਂ ਅਤੇ ਚਿੰਤਾਵਾਂ ਨੂੰ ਸਹੇੜ ਲੈਂਦੇ ਹਾਂ, ਜਦਕਿ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਅਤੇ ਸਫਲਤਾਵਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੰਦੇ ਹਾਂ। ਜਿਸ ਪ੍ਰਕਾਰ ਕੁਦਰਤੀ ਤੌਰ ਉਤੇ ਕਿਸੇ ਇੱਕ ਰੁੱਖ ‘ਤੇ ਅੰਬ, ਅਮਰੂਦ, ਸੇਬ, ਅਨਾਰ ਅਤੇ ਅੰਗੂਰ ਆਦਿ ਵੱਖ-ਵੱਖ ਕਿਸਮਾਂ ਦੇ ਫਲ ਨਹੀਂ ਲੱਗ ਸਕਦੇ ਅਤੇ ਸਿਰਫ ਇੱਕੋ ਤਰ੍ਹਾਂ ਦੇ ਫਲ ਹੀ ਲੱਗ ਸਕਦੇ ਹਨ, ਉਸੇ ਤਰ੍ਹਾਂ ਹੀ ਇੱਕ ਇਨਸਾਨ ਵੀ ਸਮਾਜਕ, ਆਰਥਕ, ਵਿਹਾਰਕ, ਬੌਧਿਕ ਅਤੇ ਧਾਰਮਿਕ ਆਦਿ ਪਹਿਲੂਆਂ ਵਿਚ ਇੱਕੋ ਸਮਾਨ ਸੰਪੂਰਨ ਨਹੀਂ ਹੋ ਸਕਦਾ। ਸੰਸਾਰ ਦੇ ਹਰ ਜੀਵ ਨੂੰ ਸ੍ਰਿਸ਼ਟੀਕਰਤਾ ਨੇ ਇਕ-ਦੂਸਰੇ ਤੋਂ ਵੱਖਰਾ ਤੇ ਵਿਸ਼ੇਸ਼ ਬਣਾਇਆ ਹੈ। ਸਾਡੀ ਸੋਚ, ਸੁਭਾਅ, ਵਿਹਾਰ, ਆਦਤਾਂ, ਖੂਬੀਆਂ ਅਤੇ ਕਮਜ਼ੋਰੀਆਂ ਵੀ ਇਕ-ਦੂਜੇ ਤੋਂ ਵੱਖਰੀਆਂ ਹੁੰਦੀਆਂ ਹਨ। ਸਾਡੀ ਸਫਲਤਾ ਜਾਂ ਅਸਫਲਤਾ ਵੀ ਸਾਡੇ ਵੱਖੋ-ਵੱਖਰੇ ਪਿਛੋਕੜ, ਪਰਿਵਾਰ, ਸਮਾਜ, ਸਿੱਖਿਆ, ਤਜਰਬੇ ਅਤੇ ਹਾਲਾਤਾਂ ਆਦਿ ਪਹਿਲੂਆਂ ਉਤੇ ਨਿਰਭਰ ਕਰਦੀ ਹੈ।
ਅਸੀਂ ਆਪਣੇ ਆਪ ਵਿਚ ਹੀ ਇਕ ਖਾਸ, ਨਿਵੇਕਲੀ ਅਤੇ ਵਿਲੱਖਣ ਸ਼ਖਸੀਅਤ ਦੇ ਮਾਲਕ ਹਾਂ। ਇਸ ਲਈ ਅਸੀਂ ਕਿਸੇ ਵਰਗੇ ਨਹੀਂ ਬਣ ਸਕਦੇ ਅਤੇ ਨਾ ਹੀ ਸਾਨੂੰ ਕਿਸੇ ਵਰਗਾ ਬਣਨ ਦਾ ਯਤਨ ਕਰਨਾ ਚਾਹੀਦਾ ਹੈ, ਪਰ ਹਰ ਵੇਲੇ ਕਿਸੇ ਦੀ ਮਹਾਨਤਾ ਅਤੇ ਚੰਗਿਆਈ ਤੋਂ ਜ਼ਰੂਰ ਪ੍ਰੇਰਨਾ ਲੈ ਕੇ ਆਪਣੇ ਆਪ ਵਿਚ ਨਿਰੰਤਰ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਜ਼ਿੰਦਗੀ ਦੇ ਹਰ ਮੋੜ ਉਤੇ ਪੇਸ਼ ਆਉਂਦੀਆਂ ਮੁਸੀਬਤਾਂ ਦਾ ਡਰ ਕੇ ਨਹੀਂ, ਸਗੋਂ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਭਾਵੇਂ ਖੁਦਕੁਸ਼ੀਆਂ ਨੂੰ ਰੋਕਣਾ ਸਮੁੱਚੀ ਮਾਨਵਤਾ ਲਈ ਇਕ ਬਹੁਤ ਵੱਡੀ ਚੁਣੌਤੀ ਹੈ, ਪਰ ਰਲ-ਮਿਲ ਕੇ ਮਾਰੇ ਹੰਭਲੇ ਨਾਲ ਅਸੀਂ ਇਸ ਨਕਾਰਾਤਮਕ ਵਰਤਾਰੇ ਨੂੰ ਜ਼ਰੂਰ ਰੋਕ ਸਕਦੇ ਹਾਂ।
ਸਾਨੂੰ ਜਿੱਥੇ ਪੁਰਾਣੇ ਸਮਿਆਂ ਵਾਂਗ ਆਪਣੀ ਸਮਾਜਕ ਅਤੇ ਭਾਈਚਾਰਕ ਸਾਂਝ ਨਿਰੰਤਰ ਵਧਾਉਣੀ ਚਾਹੀਦੀ ਹੈ, ਉਥੇ ਬਿਨਾ ਕੋਈ ਲੋਭ-ਲਾਲਚ ਰੱਖਦਿਆਂ ਅਤੇ ਤੁਲਨਾ-ਈਰਖਾ ਕਰਦਿਆਂ ਆਪਣੀ ਸੂਝ-ਬੂਝ ਤੇ ਸਬਰ-ਸੰਤੋਖ ਨਾਲ ਆਪਣੇ ਸਾਰੇ ਕਾਰ-ਵਿਹਾਰ ਪੂਰੀ ਮਿਹਨਤ ਨਾਲ ਕਰਨੇ ਚਾਹੀਦੇ ਹਨ, ਬਾਕੀ ਸਭ ਕੁਦਰਤ ਅਤੇ ਪਰਮਾਤਮਾ ਦੇ ਉਪਰ ਛੱਡ ਦੇਣਾ ਚਾਹੀਦਾ ਹੈ। ਯਾਦ ਰਹੇ, ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ, ਸਗੋਂ ਆਪ ਬਹੁਤ ਵੱਡੀ ਅਤੇ ਗੰਭੀਰ ਸਮੱਸਿਆ ਹੈ,
ਖੁਦਕੁਸ਼ੀਆਂ ਨਾ ਕਰ ਸਕਣ
ਕੋਈ ਸਮੱਸਿਆ ਹੱਲ,
ਸਮਝ, ਸਬਰ ਤੇ ਉਦਮ ਕੀਤਿਆਂ
ਬਣ ਸਕਦੀ ਹੈ ਗੱਲ।