ਗੁਲਜ਼ਾਰ ਸਿੰਘ ਸੰਧੂ
ਮੈਂ ਹੁਣ ਤੱਕ ਆਪਣੇ ਆਪ ਨੂੰ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਾਕਿਆਂ ਦੀ ਧਰਤੀ ਦਾ ਜੰਮਪਲ ਕਹਿੰਦਾ ਆਇਆ ਹਾਂ। ਮੇਰੀ ਨਾਨੀ ਨੂੰ ਕੂਕਿਆਂ ਦੀ ਧੀ ਹੋਣ ਦੇ ਬਾਵਜੂਦ ਐਨ ਦੂਜੇ ਪਾਸੇ ਪੈਂਦੇ ਮਹਤਵਪੂਰਨ ਸਥਾਨ ਭੈਣੀ ਸਾਹਿਬ ਕਿਵੇਂ ਵਿਸਰੇ ਰਹੇ, ਇਸ ਦਾ ਮੇਰੇ ਕੋਲ ਕੋਈ ਉਤਰ ਨਹੀਂ। ਨਾਨੀ ਦੀਆਂ ਗੱਲਾਂ ਵਿਚ ਭੈਣੀ ਸਾਹਿਬ ਦਾ ਜ਼ਿਕਰ ਤਾਂ ਆਉਂਦਾ ਸੀ ਪਰ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ, ਬੰਦਾ ਬਹਾਦਰ ਦਾ ਡੰਕਾ ਸਮਰਾਲਾ-ਮਾਛੀਵਾੜਾ ਦੀ ਧਰਤੀ ਨਾਲੋਂ ਮੇਰੇ ਬਾਲ ਮਨ ਨੂੰ ਸਰਹਿੰਦ ਵਾਲੇ ਪਾਸੇ ਖਿਚ ਲੈ ਜਾਂਦਾ ਸੀ। ਉਸ ਉਮਰ ਵਿਚ ਜਿਨ੍ਹਾਂ ਕਿੱਸਿਆਂ ਨੇ ਮੈਨੂੰ ਪ੍ਰਭਾਵਤ ਕੀਤਾ, ਉਹ ਵੀ ਭੈਣੀ ਸਾਹਿਬ ਦੇ ਮਹੱਤਵ ਨੂੰ ਉਘਾੜਨ ਵਾਲੇ ਨਹੀਂ ਸਨ। ਅਪਣੀ ਅੱਧੀ ਉਮਰ ਦਿੱਲੀ ਵਿਚ ਬਿਤਾਉਣ ਉਪਰੰਤ ਹਰਵਿੰਦਰ ਸਿੰਘ ਹੰਸਪਾਲ ਨਾਲ ਹੋਈ ਇੱਕ ਬੈਠਕ ਦੌਰਾਨ ਬਾਬਾ ਰਾਮ ਸਿੰਘ ਜੀ ਵਲੋਂ ਸੁਤੰਤਰਤਾ ਸੰਗਰਾਮ ਤੋਂ ਹਟਵੇਂ ਪਰ ਸਮਾਜਕ ਤੇ ਸਭਿਆਚਾਰਕ ਕਲਿਆਣ ਵਿਚ ਪਾਏ ਯੋਗਦਾਨ ਦੀ ਗੱਲ ਹੋਈ ਤਾਂ ਮੈਂ ਦਿੱਲੀ ਤੋਂ ਉਚੇਚੇ ਤੌਰ ‘ਤੇ ਭੈਣੀ ਸਾਹਿਬ ਦੇ ਦੌਰੇ ਉਤੇ ਆਇਆ। ਦੌਰਾ ਸਰਕਾਰੀ ਸੀ, ਕੇਂਦਰ ਦੇ ਖੇਤੀ ਮੰਤਰਾਲੇ ਵਲੋਂ ਵਿੱਢੇ ਗਏ ਸੰਘਣੀ ਖੇਤੀ ਪ੍ਰੋਗਰਾਮ ਨਾਲ ਸਬੰਧਤ, ਜਿਸ ਦੇ ਅਧੀਨ ਲੁਧਿਆਣਾ ਨੂੰ ਦੇਸ਼ ਭਰ ਦੇ ਦਰਜਨ ਭਰ ਜ਼ਿਲਿਆਂ ਵਿਚ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੇ ਪੂਰੇ ਦੇਸ਼ ਦੀ ਖੇਤੀ ਦਾ ਮਾਡਲ ਬਣਨਾ ਸੀ। ਹਰਿਆਣਾ ਵਿਚੋਂ ਇਹ ਸਥਾਨ ਕਰਨਾਲ ਨੂੰ ਪ੍ਰਾਪਤ ਸੀ ਤੇ ਹੋਰਨਾਂ ਰਾਜਾਂ ਵਿਚੋਂ 10-12 ਹੋਰ ਜ਼ਿਲਿਆਂ ਨੂੰ। ਸਮਰਾਲਾ ਜ਼ਿਲਾ ਲੁਧਿਆਣਾ ਦੀ ਉਘੀ ਤਹਿਸੀਲ ਮੰਨੀ ਜਾਂਦੀ ਹੈ।
ਚੰਡੀਗੜ੍ਹ-ਲੁਧਿਆਣਾ ਮਾਰਗ ਉਤੇ ਨੀਲੋਂ ਦੇ ਪੁਲ ਵਾਲੀ ਨਹਿਰ ਸਰਹਿੰਦ ਦੀ ਬੁੱਕਲ ਵਿਚ ਪੈਂਦਾ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਦੇ ਵਿੱਢੇ ਸਮਾਜ ਕਲਿਆਣ ਵਾਲੇ ਕਾਰਜਾਂ ਕਾਰਨ ਰਮਣੀਕ ਵੀ ਲੱਗਿਆ ਤੇ ਮਹਾਨ ਵੀ। ਜੂਨ ਮਹੀਨੇ ਦੀ 9 ਤਰੀਕ ਨੂੰ ਭੈਣੀ ਸਾਹਿਬ ਵਿਖੇ ਵਰਤਮਾਨ ਸੰਚਾਲਕ ਠਾਕਰ ਉਦੈ ਸਿੰਘ ਦੀ ਦੇਖ ਰੇਖ ਵਿਚ ਉਨ੍ਹਾਂ ਕਾਰਜਾਂ ਦੀ 150 ਵੀਂ ਵਰ੍ਹੇ ਗੰਢ ਮਨਾਈ ਗਈ ਤਾਂ ਬਾਬਾ ਰਾਮ ਸਿੰਘ ਦੀ ਦੇਣ ਨੂੰ ਸ਼ਰਧਾ ਦੇ ਫੁੱਲ ਚੜ੍ਹਾਏ ਗਏ। ਮੇਰੀ ਵਾਰੀ ਆਈ ਤਾਂ ਮੈਨੂੰ ਆਪਣੀ ਨਾਨੀ ਚੇਤੇ ਆ ਗਈ ਜਿਹੜੀ ਅਪਣੇ ਸ਼ਾਹੂਕਾਰਾ ਕਰਨ ਤੇ ਸ਼ਿਕਾਰ ਖੇਡਣ ਵਾਲੇ ਪਤੀ ਭਾਵ ਮੇਰੇ ਨਾਨੇ ਨੂੰ ਆਪਣੇ ਆਪ ਨੂੰ ਕੂਕਿਆਂ ਦੀ ਧੀ ਕਹਿ ਕੇ ਉਚਾ ਬੋਲਣੋਂ ਵਰਜ ਦਿੰਦੀ ਸੀ। ਉਸ ਨੂੰ ਇਹ ਸ਼ਕਤੀ ਬਾਬਾ ਰਾਮ ਸਿੰਘ ਵਲੋਂ 150 ਸਾਲ ਪਹਿਲਾਂ ਇਸਤਰੀ ਨੂੰ ਦਿੱਤੀ ਬਰਾਬਰੀ ਦੀ ਧਾਰਨਾ ਵਿਚੋਂ ਮਿਲੀ ਹੋਈ ਸੀ। ਬਾਬਾ ਜੀ ਨੇ ਇਕ ਮਹਤਵਪੂਰਨ ਹੁਕਮਨਾਮੇ ਰਾਹੀਂ ਧੀ ਨੂੰ ਮਾਰਨ, ਵੇਚਣ ਤੇ ਵੱਟਾ ਕਰਨ ਵਾਲੇ ਮਾਪਿਆਂ ਦਾ ਬਾਈਕਾਟ ਕਰਨ ਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਗੁਰਮੁਖੀ ਅਖਰਾਂ ਦਾ ਗਿਆਨ ਪ੍ਰਾਪਤ ਕਰਨ ਦੇ ਨਾਲ ਨਾਲ ਲੜਕੇ ਲੜਕੀਆਂ ਦੀ ਸ਼ਾਦੀ ਵਾਸਤੇ ਉਮਰ ਵੀ ਨਿਸ਼ਚਿਤ ਕੀਤੀ ਸੀ। ਅਪਣੇ ਵਚਨਾਂ ਨੂੰ ਅਮਲੀ ਜਾਮਾ ਪਹਿਨਾਉਣ ਹਿੱਤ ਸੰਨ 1863 ਦੀ ਪਹਿਲੀ ਜੂਨ ਨੂੰ ਲੁਧਿਆਣਾ ਜ਼ਿਲੇ ਦੇ ਪਿੰਡ ਸਿਆੜ੍ਹ ਵਿਖੇ ਬੀਬੀਆਂ ਨੂੰ ਮਰਦਾਂ ਦੇ ਬਰਾਬਰ ਅੰਮ੍ਰਿਤ ਛਕਾਉਣ ਦੀ ਉਪਕਾਰੀ ਰਸਮ ਨਿਭਾਈ ਤੇ ਦੋ ਦਿਨ ਪਿਛੋਂ 3 ਜੂਨ ਨੂੰ ਫਿਰੋਜ਼ਪੁਰ ਦੇ ਪਿੰਡ ਖੋਟੇ ਵਿਖੇ ਸ਼ਾਸਤਰੀ ਮਰਿਆਦਾ ਤੋਂ ਹਟਵਾਂ ਗੁਰਮਤਿ ਮਰਿਆਦਾ ਵਾਲਾ ਅਨੰਦ ਕਾਰਜ ਰਚਾਇਆ। ਇਸ ਕਾਰਜ ਦੀ ਸਰਲਤਾ, ਸਾਦਗੀ ਤੇ ਸੁਹੱਪਣ ਨੂੰ ਲਿਸ਼ਕਾਉਣ ਹਿੱਤ 6 ਜੋੜਿਆ ਦੇ ਵਿਆਹ ਇਸ ਲਈ ਇਕਠੇ ਰਚਾਏ ਗਏ ਕਿ ਅਜਿਹਾ ਕੀਤਿਆਂ ਇਸ ਰਸਮ ਉਤੇ ਉਕਾ ਹੀ ਕੋਈ ਖਰਚ ਨਹੀਂ ਸੀ ਆਇਆ। ਮੁਖ ਮਨੋਰਥ ਦਾਜ ਦੀ ਪ੍ਰਥਾ ਨੂੰ ਠਲ੍ਹ ਪਾਉਣ ਦਾ ਸੀ। ਖੂਬੀ ਇਹ ਕਿ ਇਨ੍ਹਾਂ ਛੇ ਜੋੜਿਆਂ ਵਿਚੋਂ ਦੋ ਜੋੜੇ ਅਜਿਹੇ ਵੀ ਸਨ ਜਿਨ੍ਹਾਂ ਵਿਚੋਂ ਇੱਕ ਕੇਸ ਵਿਚ ਲੜਕੀ ਤਰਖਾਣਾਂ ਦੀ ਸੀ ਤੇ ਲੜਕਾ ਅਰੋੜਿਆਂ ਦਾ ਤੇ ਦੂਜੇ ਵਿਚ ਲੜਕੀ ਅਰੋੜਿਆਂ ਦੀ ਸੀ ਤੇ ਲਾੜਾ ਛੀਂਬਾ ਬਰਾਦਰੀ ਦਾ।
ਬਾਬਾ ਰਾਮ ਸਿੰਘ ਵਲੋਂ ਇਹ ਪਿਰਤ ਪਾਏ ਜਾਣ ਦਾ ਇਲਾਕੇ ਦੇ ਬ੍ਰਾਹਮਣਾਂ ਨੂੰ ਏਨਾ ਦੁੱਖ ਹੋਇਆ ਕਿ ਉਨ੍ਹਾਂ ਨੇ ਬਾਬਾ ਜੀ ਦੇ ਇਸ ਅਮਲ ਲਈ ਉਸ ਵੇਲੇ ਦੀ ਗੋਰੀ ਸਰਕਾਰ ਨੂੰ ਏਨਾ ਭੜਕਾਇਆ ਕਿ ਬਾਬਾ ਜੀ ਨੂੰ 4-5 ਦਿਨ ਬਾਘਾ ਪੁਰਾਣਾ ਦੇ ਥਾਣੇ ਹੀ ਨਹੀਂ ਰਖਿਆ ਗਿਆ ਸਗੋਂ ਪੂਰਾ ਇਕ ਮਹੀਨਾ ਭੈਣੀ ਸਾਹਿਬ ਤੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਗੇ ਹਾਜ਼ਰੀ ਲਾਉਣੀ ਪਈ। ਮੇਰੀ ਨਾਮਧਾਰੀ ਨਾਨੀ ਨੇ ਨਾਮਧਾਰੀ ਸਰਲਤਾ ਦਾ ਪਾਲਣ ਕਰਦਿਆਂ ਆਪਣੀਆਂ ਚਾਰੇ ਧੀਆਂ ਦੇ ਨਾਂ ਵੀ ਕਿਸੇ ਧਾਰਮਕ ਪੋਥੀ ਦਾ ਅੱਖਰ ਕੱਢੇ ਬਿਨਾ ਸਿਧੇ ਗੁਰਦਿੱਤ ਕੌਰ, ਗੁਰਚਰਨ ਕੌਰ, ਗੁਰਦੇਵ ਕੌਰ ਤੇ ਗੁਰਬਚਨ ਕੌਰ ਹੀ ਰੱਖੇ ਅਤੇ ਵੱਡੀਆਂ ਦੋਨੋਂ ਧੀਆਂ ਦੇ ਵਿਆਹ ਵੀ ਇੱਕੋ ਸਮੇਂ ਰਚਾਏ। ਉਨ੍ਹਾਂ ਵਿਚੋਂ ਦੂਜੇ ਨੰਬਰ ਵਾਲੀ ਮੇਰੀ ਮਾਂ ਸੀ।
ਜੇ ਨਾਮਧਾਰੀ ਮਰਿਆਦਾ ਦੇ ਟਾਕਰੇ ਮੁਸਲਿਮ ਮਰਿਆਦਾ ਨੂੰ ਰੱਖ ਕੇ ਵੇਖਣਾ ਹੋਵੇ ਤਾਂ ਮੈਂ ਦੱਸਣਾ ਚਾਹਾਂਗਾ ਕਿ 1998 ਦੇ ਅਪਰੈਲ ਮਹੀਨੇ ਜਦੋਂ ਮੈਂ ਤੇ ਮੇਰੀ ਪਤਨੀ ਸੁਰਜੀਤ ਕੌਰ ਨਵਾਜ਼ ਸ਼ਰੀਫ ਦੇ ਜੱਦੀ ਪਿੰਡ ਜਾਤੀ ਉਮਰਾ ਦੇ ਸਰਪੰਚ ਅਰਜਣ ਸਿੰਘ ਦੀ ਸੰਗਤ ਵਿਚ ਪਾਕਿਸਤਾਨ ਗਏ ਤਾਂ ਮੀਆਂ ਮੀਰ ਦੇ ਮਜ਼ਾਰ ਦੀ ਅੰਦਰੋਂ ਤਸਵੀਰ ਲੈਣ ਸਮੇਂ ਮੇਰੀ ਪਤਨੀ ਨੂੰ ਸਰਦਲ ਦੇ ਅੰਦਰ ਪੈਰ ਧਰਨੋਂ ਵੀ ਵਰਜ ਦਿੱਤਾ ਗਿਆ ਸੀ। ਮੁਸਲਿਮ ਮਰਿਆਦਾ ਔਰਤਾਂ ਨੂੰ ਪੂਜਨੀਕ ਅਸਥਾਨਾਂ ਦੇ ਅੰਦਰ ਜਾਣ ਦੀ ਵੀ ਆਗਿਆ ਨਹੀਂ ਦਿੰਦੀ। ਬਾਬਾ ਰਾਮ ਸਿੰਘ ਵਲੋਂ ਡੇਢ ਸੌ ਸਾਲ ਪਹਿਲਾਂ ਦਿਵਾਈ ਬਰਾਬਰੀ ਦਾ ਹੱਕ ਤਾਂ ਬਹੁਤ ਦੂਰ ਦੀ ਗੱਲ ਹੈ।
ਮੈਨੂੰ ਭੈਣੀ ਸਾਹਿਬ ਦੀ ਸੱਜਰੀ ਫੇਰੀ ਨੇ ਆਪਣੇ ਨਾਨਕਿਆਂ ਦੀ ਧਰਤੀ ਅਤੇ ਮਰਿਆਦਾ ਹੀ ਚੇਤੇ ਨਹੀ ਕਰਵਾਈ, ਨਾਮਧਾਰੀਆਂ ਦੀ ਉਸ ਵਿਚਾਰਧਾਰਾ ਦੇ ਸਨਮੁਖ ਹੋਣ ਦਾ ਮੌਕਾ ਵੀ ਦਿੱਤਾ ਜਿਹੜੀ ਕਿ ਅੰਤਾਂ ਦੀ ਕਲਿਆਣਕਾਰੀ ਹੈ। ਇਹ ਸਬੱਬ ਦੀ ਗੱਲ ਹੈ ਕਿ ਇਸ ਮਰਿਆਦਾ ਦੀ 150ਵੀਂ ਵਰ੍ਹੇਗੰਢ ਵਰਤਮਾਨ ਸੰਚਾਲਕ ਠਾਕਰ ਉਦੈ ਸਿੰਘ ਦੇ ਹਿੱਸੇ ਆਈ ਹੈ। ਇਹ ਸਬੱਬ ਕੁਝ ਇਸੇ ਤਰ੍ਹਾਂ ਦਾ ਹੈ ਜਿਹੋ ਜਿਹਾ ਦੇਸ਼ ਦੀ ਸੁਤੰਤਰਤਾ ਦਾ 50ਵਾਂ ਵਰ੍ਹਾ ਇੰਦਰ ਕੁਮਾਰ ਗੁਜਰਾਲ ਦੇ ਰਾਜ ਕਾਲ ਵਿਚ ਪੈਣਾ। ਉਸ ਗੁਜਰਾਲ ਦੇ ਜਿਹੜਾ ਪੰਜਾਬੀ ਹੀ ਨਹੀਂ, ਓਧਰਲੇ ਪੰਜਾਬ ਤੋਂ ਉਜੜ ਕੇ ਆਇਆ ਸ਼ਰਨਾਰਥੀ ਸੀ। ਮੈਂ ਡਾæ ਮਨਮੋਹਨ ਸਿੰਘ ਦੇ ਰੂਪ ਵਿਚ ਇੱਕ ਹੋਰ ਪੰਜਾਬੀ ਦਾ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬਹਿਣਾ ਵੀ ਉਸੇ ਦਾ ਚਿਨ੍ਹਾਤਮਕ ਵਿਕਾਸ ਵੇਖਦਾ ਹਾਂ।
ਗੁਜਰਾਲ ਤੇ ਮਨਮੋਹਨ ਸਿੰਘ ਤਾਂ ਕੇਵਲ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਠਾਕਰ ਉਦੈ ਸਿੰਘ ਤਾਂ ਦੇਸ਼ਾਂ-ਦੇਸਾਂਤਰਾਂ ਵਿਚ ਪਸਰੀ ਨਾਮਧਾਰੀ ਮਰਿਆਦਾ ਦੇ ਸੰਚਾਲਕ ਹੋ ਕੇ ਉਭਰੇ ਹਨ। ਇਸ ਸਰਲ, ਸਾਦਾ ਤੇ ਸੁਹਣੀ ਮਰਿਆਦਾ ਦੇ ਭਵਿਖੀ ਵਿਕਾਸ ਦੀ ਕਾਮਨਾ ਕਰਨਾ ਸੁਭਾਵਿਕ ਵੀ ਹੈ ਤੇ ਜ਼ਰੂਰੀ ਵੀ।
ਅੰਤਿਕਾ:
(ਬਾਬਾ ਕਾਲਾ ਸਿੰਘ ਦੇ ‘ਪੰਥ ਪ੍ਰਕਾਸ਼’ ਵਿਚੋਂ)
ਦੇਸੀ ਕਾਟ ਸਿੱਧੀ ਸਾਦੀ ਪਹਿਰ ਲੈਣੀ,
ਬਾਣਾ ਗੁਰਮੁਖੀ ਜੋ ਚੂੜੀਦਾਰ ਬੀਬੀ।
ਰੋਣਾ ਪਿੱਟਣਾ ਸਿਆਪਾ ਨਾ ਕਰੀਂ ਜਾ ਕੇ,
ਮਰੇ ਸਾਕ ਸਨਬੰਧ, ਵਿਚਾਰ ਬੀਬੀ।
ਲੋਰੀ ਦੇਣੀ ਹੈ, ਦੇਸ਼ ਅਜ਼ਾਦ ਕਰਨਾ,
ਕਰਨਾ ਦੇਸ਼ ਨੂੰ ਸਦਾ ਪਿਆਰ ਬੀਬੀ।
Leave a Reply