ਇਕ ਹੋਰ ਅਕਾਲੀ ਦਲ

ਸੀਨੀਆਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਸੰਭਾਲ ਲਈ। ਪਹਿਲਾਂ-ਪਹਿਲ ਇਹ ਖਬਰਾਂ ਸਨ ਕਿ ਉਹ ਨਵੀਂ ਪਾਰਟੀ ਬਣਾ ਰਹੇ ਹਨ, ਪਰ ਇਕੱਠ ਦੌਰਾਨ ਇਹ ਐਲਾਨ ਕੀਤਾ ਗਿਆ ਕਿ ਸੌ ਸਾਲ ਪੁਰਾਣੀ ਇਤਿਹਾਸਕ ਜਥੇਬੰਦੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੀ ਗ੍ਰਿਫਤ ਵਿਚੋਂ ਆਜ਼ਾਦ ਕਰਵਾਇਆ ਜਾਵੇਗਾ ਅਤੇ ਇਸ ਕਾਰਜ ਲਈ ਜੇ ਕਾਨੂੰਨੀ ਲੜਾਈ ਦੀ ਵੀ ਲੋੜ ਮਹਿਸੂਸ ਹੋਈ ਤਾਂ ਉਹ ਵੀ ਲੜੀ ਜਾਵੇਗੀ। ਉਂਜ, ਇਹ ਐਲਾਨ ਉਸ ਵਰ੍ਹੇ ਦੌਰਾਨ ਹੋਇਆ ਹੈ,

ਜਦੋਂ ਅਕਾਲੀ ਦਲ ਆਪਣੀ ਸਥਾਪਨਾ ਵਾਲਾ ਵਰ੍ਹਾ ਮਨਾ ਰਿਹਾ ਹੈ। ਇਸ ਜਥੇਬੰਦੀ ਦਾ ਜਨਮ ਆਜ਼ਾਦੀ ਦੇ ਘੋਲ ਦੌਰਾਨ 14 ਦਸੰਬਰ 1920 ਨੂੰ ਹੋਇਆ ਸੀ ਅਤੇ ਇਸ ਨੇ ਸਿੱਖ ਇਤਿਹਾਸ ਦੀ ਲਗਾਤਾਰਤਾ ਵਿਚ ਅਹਿਮ ਯੋਗਦਾਨ ਪਾਇਆ ਸੀ। ਇਸੇ ਦੌਰਾਨ ਬਾਅਦ ਵਿਚ ਸ਼੍ਰæੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ, ਜਿਸ ਦਾ ਆਪਣਾ ਸ਼ਾਨਾਂਮੱਤਾ ਇਤਿਹਾਸ ਹੈ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਅਕਾਲੀ ਸਿਆਸਤ ਅੰਦਰ ਪਿਛਲੇ ਕੁਝ ਸਾਲਾਂ ਤੋਂ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਅਸਲ ਵਿਚ ਜਦੋਂ ਤੋਂ ਇਸ ਇਤਿਹਾਸਕ ਜਥੇਬੰਦੀ ਉਤੇ ਬਾਦਲ ਪਰਿਵਾਰ ਦਾ ਕਬਜ਼ਾ ਹੋਇਆ ਹੈ, ਇਸ ਦੀ ਸਿਆਸਤ ਅੰਦਰ ਬਹੁਤ ਵੱਡਾ ਮੋੜਾ ਆਇਆ ਹੈ। ਇਸ ਪਾਰਟੀ ਅਤੇ ਸਿੱਖਾਂ ਦੀ ਪਾਰਲੀਮੈਂਟ ਸਮਝੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਾਰਟੀ ਨੂੰ ਜਿਸ ਢੰਗ ਨਾਲ ਬਾਦਲ ਪਰਿਵਾਰ ਚਲਾ ਰਿਹਾ ਹੈ, ਉਸ ਤੋਂ ਸੀਨੀਅਰ ਅਕਾਲੀ ਆਗੂ ਵੱਖ-ਵੱਖ ਮੌਕਿਆਂ ਉਤੇ ਬਗਾਵਤ ਦਾ ਰੁਖ ਅਖਤਿਆਰ ਕਰਦੇ ਰਹੇ ਹਨ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਦੀ ਇਕ ਵੀ ਨਹੀਂ ਚੱਲਣ ਦਿੱਤੀ। ਸਿੱਟੇ ਵਜੋਂ ਅੱਜ ਅਕਾਲੀ ਸਿਆਸਤ ਵਿਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਨ੍ਹਾਂ ਦੀ ਅਗਲੀ ਪੀੜ੍ਹੀ ਜਿਸ ਵਿਚ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ, ਨੂੰਹ ਦਾ ਭਰਾ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਰਿਸ਼ਤੇਦਾਰ ਸ਼ਾਮਿਲ ਹਨ, ਪਾਰਟੀ ਉਤੇ ਭਾਰੂ ਪੈ ਗਈ ਹੈ। ਇਸ ਤੋਂ ਪਹਿਲਾਂ ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌਹੜਾ ਵਰਗੇ ਚੋਟੀ ਦੇ ਆਗੂ ਬਾਦਲ ਨੂੰ ਚੁਣੌਤੀ ਦੇ ਕੇ ਹੰਭ ਗਏ, ਪਰ ਬਾਦਲ ਨੇ ਅਜਿਹੀ ਸਿਆਸਤ ਕੀਤੀ ਕਿ ਇਹ ਆਗੂ ਅਕਾਲੀ ਸਿਆਸਤ ਅੰਦਰ ਕੋਈ ਬੱਝਵਾਂ ਅਸਰ ਨਹੀਂ ਪਾ ਸਕੇ।
ਹੁਣ ਇਹੀ ਸਵਾਲ ਸੁਖਦੇਵ ਸਿੰਘ ਢੀਂਡਸਾ ਅੱਗੇ ਹੈ। ਕੱਲ੍ਹ ਤੱਕ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਸੱਜਾ ਹੱਥ ਸਮਝਿਆ ਜਾਂਦਾ ਰਿਹਾ ਹੈ। ਪਾਰਟੀ ਅੰਦਰ ਬਗਾਵਤ ਵਾਲੇ ਜਿੰਨੇ ਵੀ ਸੰਕਟ ਉਠਦੇ ਰਹੇ ਹਨ, ਉਨ੍ਹਾਂ ਨੂੰ ਨਜਿੱਠਣ ਲਈ ਢੀਂਡਸਾ ਦੀ ਹੀ ਡਿਊਟੀ ਲਗਦੀ ਰਹੀ ਹੈ। ਜਾਹਰ ਹੈ ਕਿ ਪਾਰਟੀ ਨੂੰ ਬਾਦਲਾਂ ਦੇ ਬੋਝੇ ਅੰਦਰ ਧੱਕਣ ਵਿਚ ਉਨ੍ਹਾਂ ਦਾ ਵੀ ਬਰਾਬਰ ਦਾ ਯੋਗਦਾਨ ਹੈ। ਇਸੇ ਸਿਆਸਤ ਵਿਚੋਂ ਹੀ ਉਨ੍ਹਾਂ ਦਾ ਆਪਣਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੀ ਇਲਾਕੇ ਦੇ ਸੀਨੀਅਰ ਅਕਾਲੀ ਆਗੂਆਂ ਨੂੰ ਪਿਛਾਂਹ ਛੱਡ ਕੇ ਸਾਲ 2000 ਵਿਚ ਸੁਨਾਮ ਤੋਂ ਵਿਧਾਇਕ ਬਣ ਗਿਆ ਸੀ। ਉਦੋਂ ਉਸ ਦੀ ਉਮਰ ਸਿਰਫ 27 ਸਾਲ ਸੀ। ਫਿਰ ਉਸ ਨੂੰ ਲਗਾਤਾਰ ਪਾਰਟੀ ਟਿਕਟ ਮਿਲਦੀ ਰਹੀ ਅਤੇ ਉਹ 2002, 2007, 2012 ਤੇ 2017 ਵਿਚ ਜਿੱਤ ਕੇ ਵਿਧਾਇਕ ਬਣਦਾ ਰਿਹਾ, ਸਗੋਂ 2007 ਤੋਂ 2017 ਤੱਕ ਤਾਂ ਉਹ ਅਕਾਲੀ ਸੱਤਾ ਦੌਰਾਨ ਮੰਤਰੀ ਰਿਹਾ। ਉਂਜ, ਇਹ ਗੱਲ ਸਭ ਸਿਆਸੀ ਮਾਹਿਰ ਸਵੀਕਾਰ ਕਰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਆਸਤ ਇਸ ਢੰਗ ਨਾਲ ਚਲਾਈ ਕਿ ਕਿਸੇ ਵੀ ਸਿਰਕੱਢ ਲੀਡਰ ਨੂੰ ਕਦੀ ਪੰਜਾਬ ਦੇ ਸਿਆਸੀ ਦ੍ਰਿਸ਼ ਉਤੇ ਨਹੀਂ ਆਉਣ ਦਿੱਤਾ, ਸਗੋਂ ਇਨ੍ਹਾਂ ਸਾਰਿਆਂ ਨੂੰ ਇਨ੍ਹਾਂ ਦੇ ਜਿਲਿਆਂ ਤੱਕ ਹੀ ਸੀਮਤ ਰੱਖਿਆ। ਇਹੀ ਕਾਰਨ ਹੈ ਕਿ ਬਾਦਲਾਂ ਨੂੰ ਕਦੀ ਵੀ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਅਕਾਲੀ ਦਲ (ਟਕਸਾਲੀ) ਇਸ ਦੀ ਤਾਜ਼ਾ ਮਿਸਾਲ ਹੈ। ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਟਕਸਾਲੀ ਦਲ ਬਣਾਉਣ ਵਾਲੇ ਸੀਨੀਅਰ ਅਕਾਲੀ ਆਗੂ ਬੱਸ ਲੋਕਲ ਪੱਧਰ ਜੋਗੇ ਹੀ ਰਹਿ ਗਏ।
ਇਸ ਪ੍ਰਸੰਗ ਵਿਚ ਇਕ ਹੋਰ ਨੁਕਤਾ ਵੀ ਵਿਚਾਰਨ ਵਾਲਾ ਹੈ। ਪਿਛਲੇ ਸਾਲ ਜਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਬਾਦਲਾਂ ਨਾਲੋਂ ਨਾਤਾ ਤੋੜਨ ਦੀ ਕਵਾਇਦ ਸ਼ੁਰੂ ਕੀਤੀ ਹੈ, ਉਨ੍ਹਾਂ ਨੇ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨਾਲ ਪੂਰਾ ਰਾਬਤਾ ਰੱਖਿਆ ਹੈ। ਇਹੀ ਨਹੀਂ, ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਲੀਡਰਾਂ ਨੇ ਬਾਦਲਾਂ ਤੋਂ ਬਾਹਰੇ ਹੋ ਕੇ ਢੀਂਡਸਾ ਨੂੰ ਪਦਮ ਭੂਸ਼ਣ ਦਾ ਖਿਤਾਬ ਵੀ ਬਖਸ਼ਿਆ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਭਾਰਤੀ ਜਨਤਾ ਪਾਰਟੀ ਅੰਦਰ ਪਿਛਲੇ ਕੁਝ ਸਾਲਾਂ ਤੋਂ ਇਹ ਵਿਚਾਰ-ਚਰਚਾ ਚੱਲ ਰਹੀ ਹੈ ਕਿ ਪੰਜਾਬ ਵਿਚ ਸਿਆਸਤ ਹੁਣ ਅਕਾਲੀ ਦਲ ਤੋਂ ਵੱਖ ਹੋ ਕੇ ਕੀਤੀ ਜਾਵੇ। ਇਸ ਸਿਆਸਤ ਦਾ ਦਾਈਆ ਇਹ ਹੈ ਕਿ ਰਵਾਇਤੀ ਅਕਾਲੀ ਦਲ ਅਤੇ ਕਾਂਗਰਸ ਨੂੰ ਪਛਾੜਦਿਆਂ ਸੂਬੇ ਵਿਚ ਆਪਣੇ ਦਮ ਉਤੇ ਸਰਕਾਰ ਬਣਾਉਣ ਲਈ ਯਤਨ ਕੀਤੇ ਜਾਣ। ਇਹ ਅਸਲ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਮਜ਼ਬੂਤ ਕੇਂਦਰ ਉਸਾਰਨ ਵਾਲੀ ਸਿਆਸਤ ਦਾ ਹੀ ਦਾਈਆ ਹੈ, ਜਿਸ ਦੇ ਨਜ਼ਾਰੇ ਮੁਲਕ ਭਰ ਦੇ ਲੋਕਾਂ ਨੇ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਤਿੰਨ ਨਵੇਂ ਆਰਡੀਨੈਂਸਾਂ ਦੇ ਰੂਪ ਵਿਚ ਦੇਖੇ ਹਨ। ਸਾਫ ਜਾਹਰ ਹੈ ਕਿ ਕੇਂਦਰ ਵਿਚ ਸੱਤਾ ਉਤੇ ਕਬਜ਼ਾ ਕਰੀ ਬੈਠੀ ਭਾਰਤੀ ਜਨਤਾ ਪਾਰਟੀ ਮੁਲਕ ਵਿਚ ਸੂਬਿਆਂ ਦੇ ਹੱਕਾਂ ਉਤੇ ਸਿੱਧਾ ਡਾਕਾ ਮਾਰ ਰਹੀ ਹੈ। ਹੁਣ ਸਵਾਲ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਉਸ ਦੇ ਜੋਟੀਦਾਰ ਭਾਰਤੀ ਜਨਤਾ ਪਾਰਟੀ ਦੀ ਇਸ ਸਿਆਸਤ ਨੂੰ ਕੋਈ ਚੁਣੌਤੀ ਦੇ ਸਕਦੇ ਹਨ? ਜਵਾਬ ਬਿਨਾ ਸ਼ੱਕ ‘ਨਾਂਹ’ ਵਿਚ ਹੀ ਮਿਲੇਗਾ। ਇਸ ਲਈ ਢੀਂਡਸਾ ਦੀ ਅਗਵਾਈ ਵਿਚ ਭਾਵੇਂ ਬਾਦਲਾਂ ਨੂੰ ਚੁਣੌਤੀ ਦਿੱਤੀ ਗਈ ਹੈ, ਪਰ ਇਸ ਨਾਲ ਪੰਜਾਬ ਦੀ ਸਿਆਸਤ ਅੰਦਰ ਕੋਈ ਸਿਫਤੀ ਤਬਦੀਲੀ ਹੋਵੇਗੀ, ਇਸ ਦੀ ਉਮੀਦ ਬਹੁਤ ਘੱਟ ਹੈ, ਸਗੋਂ ਨਾ ਹੋਇਆਂ ਵਰਗੀ ਹੈ। ਪੰਜਾਬ ਨੂੰ ਇਸ ਵਕਤ ਜਿਸ ਤਰ੍ਹਾਂ ਦੀ ਨਿੱਖਰੀ, ਨਿਆਰੀ ਅਤੇ ਨਿਵੇਕਲੀ ਸਿਆਸਤ ਦੀ ਜ਼ਰੂਰਤ ਹੈ, ਉਹ ਜਾਪਦਾ ਹੈ, ਰਵਾਇਤੀ ਲੀਡਰਾਂ ਦੇ ਵੱਸ ਦਾ ਰੋਗ ਹੀ ਨਹੀਂ ਹੈ।