ਖਾਲਿਸਤਾਨ ਨਾਲ ਜੁੜੇ ਨੌਂ ਜਣਿਆਂ ਨੂੰ ਅਤਿਵਾਦੀ ਐਲਾਨਣ ਖਿਲਾਫ ਰੋਹ ਭਖਿਆ

ਚੰਡੀਗੜ੍ਹ: ਭਾਰਤ ਸਰਕਾਰ ਨੇ ਖਾਲਿਸਤਾਨ ਲਹਿਰ ਨਾਲ ਜੁੜੇ ਨੌਂ ਜਣਿਆਂ ਨੂੰ ਰਾਸ਼ਟਰ ਵਿਰੋਧੀ ਕਾਰਵਾਈਆਂ ਰਾਹੀਂ ਪੰਜਾਬ ਵਿਚ ਮੁੜ ਅਤਿਵਾਦ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਦੋਸ਼ ਹੇਠ ਅਤਿਵਾਦੀ ਐਲਾਨ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਖਿਲਾਫ ਸਿੱਖ ਜਥੇਬੰਦੀਆਂ ਵਿਚ ਰੋਸ ਹੈ।

ਦਲ ਖਾਲਸਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 9 ਸਿੱਖਾਂ ਨੂੰ ‘ਅਤਿਵਾਦੀ’ ਕਰਾਰ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਇਹ ਕਾਰਵਾਈ ਸਿੱਖਾਂ ਦਾ ਕੌਮਾਂਤਰੀ ਪੱਧਰ ਉਤੇ ਅਕਸ ਖਰਾਬ ਕਰਨ ਦੀ ਸਾਜ਼ਿਸ਼ ਤਹਿਤ ਕੀਤੀ ਹੈ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਪ੍ਰਸਿਧੀ ਤੋਂ ਘਬਰਾਈ ਭਾਰਤ ਸਰਕਾਰ ਨੇ ਗੈਰਕਾਨੂੰਨੀ ਗਤੀਵਿਧੀਆਂ ਐਕਟ 1967 ਦੀ ਵਰਤੋਂ ਕਰਦਿਆਂ 9 ਸਿੱਖਾਂ ਨੂੰ ‘ਅਤਿਵਾਦੀ’ ਐਲਾਨ ਦਿੱਤਾ। ਦੋਵਾਂ ਆਗੂਆਂ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਉਨ੍ਹਾਂ ਦਾ ਲੋਕਤੰਤਰੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਰਤ ਸਰਕਾਰ ਤੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਖਾਲਿਸਤਾਨੀਆਂ ਦੀ ਆਵਾਜ਼ ਦਬਾਉਣ ਵਾਸਤੇ ਵੱਖ-ਵੱਖ ਕੇਸ ਦਰਜ ਕੀਤੇ ਜਾਂਦੇ ਰਹੇ ਹਨ, ਜੋ ਸਾਰੇ ਹੀ ਅਦਾਲਤਾਂ ਵਿਚ ਗਲਤ ਸਾਬਤ ਹੋਏ ਹਨ। ਸਿਮਰਨਜੀਤ ਸਿੰਘ ਮਾਨ ‘ਤੇ ਵੀ ਦਰਜਨਾਂ ਅਜਿਹੇ ਕੇਸ ਥੋਪੇ ਗਏ ਸਨ, ਜਿਹੜੇ ਇਕ-ਇਕ ਕਰਕੇ ਗਲਤ ਸਾਬਤ ਹੋਏ ਹਨ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਨੇ ਵਿਦੇਸ਼ਾਂ ਵਿਚ ਵਸਦੇ ਇਨ੍ਹਾਂ ਵਿਅਕਤੀਆਂ ਖਿਲਾਫ ਸਰਹੱਦ ਪਾਰੋਂ ਹੁੰਦੇ ਦਹਿਸ਼ਤੀ ਕਾਰਿਆਂ ਵਿਚ ਸ਼ਮੂਲੀਅਤ ਕਾਰਨ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਲਾਈਆਂ ਹਨ। ਅਤਿਵਾਦੀ ਐਲਾਨੇ ਵਿਅਕਤੀਆਂ ਵਿਚ ਅਮਰੀਕਾ ਦੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂੰ, ਯੂਕੇ ਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਪਰਮਜੀਤ ਸਿੰਘ ਅਤੇ ਕੈਨੇਡਾ ਦੀ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਰਮਨੀ ਦੀ ਜਥੇਬੰਦੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖ ਮੈਂਬਰ ਭੁਪਿੰਦਰ ਸਿੰਘ ਭਿੰਦਾ ਅਤੇ ਗੁਰਮੀਤ ਸਿੰਘ ਬੱਗਾ, ਪਾਕਿਸਤਾਨ ਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਨੂੰ ਅਤਿਵਾਦੀ ਐਲਾਨਿਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਾਜ਼ਾ ਕਾਰਵਾਈ ਸਿੱਖਾਂ ਦੇ ਆਜ਼ਾਦੀ ਦੇ ਸੰਘਰਸ਼ ਨੂੰ ਦੁਨੀਆਂ ਦੀ ਨਜ਼ਰ ਵਿਚ ‘ਅਤਿਵਾਦ’ ਦੀ ਸਿਆਹੀ ਨਾਲ ਲਿਬੇੜਨ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਪਹਿਲੀ ਯੂ.ਪੀ.ਏ. ਸਰਕਾਰ ਵੇਲੇ ਵੀ ਜਿਹੜੇ ਸੰਗਠਨ ਅਤਿਵਾਦੀ ਕਰਾਰ ਦਿੱਤੇ ਗਏ, ਉਹ ਸਾਰੇ ਹੀ ਘੱਟ ਗਿਣਤੀਆਂ ਨਾਲ ਸਬੰਧਤ ਸਨ। ਪਿਛਲੇ ਸਾਲ ਪਹਿਲਾਂ ਕਸ਼ਮੀਰੀਆਂ ਕੋਲੋਂ ਜਬਰੀ ਉਨ੍ਹਾਂ ਦੇ ਹੱਕ ਖੋਹੇ ਗਏ, ਫਿਰ ਮੁਸਲਿਮ ਭਾਈਚਾਰੇ ‘ਤੇ ਨਾਗਰਿਕਤਾ ਕਾਨੂੰਨ ਵਿਚ ਸੋਧ ਕਰ ਕੇ ਕੁਹਾੜਾ ਚਲਾਇਆ ਗਿਆ ਤੇ ਹੁਣ ਸਿੱਖ ਮੋਦੀ ਸਰਕਾਰ ਦੇ ਨਿਸ਼ਾਨੇ ਉਤੇ ਆ ਗਏ ਹਨ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਭਾਰਤ ਵਿਚ ਘੱਟ ਗਿਣਤੀਆਂ ਦੀ ਹੋਂਦ ਖਤਰੇ ਵਿਚ ਹੈ ਤੇ ਆਉਣ ਵਾਲੇ ਦਿਨਾਂ ਵਿਚ ਹਾਲਾਤ ਬਦ ਤੋਂ ਬਦਤਰ ਹੋਣਗੇ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਰੈੱਫਰੈਂਡਮ-2020 ਦੀ ਆੜ ਹੇਠ ਸਿੱਖ ਨੌਜਵਾਨਾਂ ਦੀ ਥਾਣਿਆਂ ਵਿਚ ਸੱਦ ਕੇ ਕੀਤੀ ਜਾ ਰਹੀ ਖੱਜਲ-ਖੁਆਰੀ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਖਾਲਿਸਤਾਨ ਬਾਰੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਹੇਠ ਰੈਫਰੰਡਮ ਕਰਵਾਇਆ ਜਾਣਾ ਚਾਹੀਦਾ ਹੈ। ਜੇਕਰ ਭਾਰਤ ਵਿਚ ਰੈੱਫਰੈਂਡਮ 2020 ਦੀਆਂ ਵੋਟਾਂ ਪੁਆਈਆਂ ਗਈਆਂ ਤਾਂ ਉਹ ਖਾਲਿਸਤਾਨ ਦੇ ਹੱਕ ਵਿਚ ਵੋਟਾਂ ਪਾਉਣਗੇ।
____________________________________________
ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ
ਅੰਮ੍ਰਿਤਸਰ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਖਾਲਿਸਤਾਨ ਦੇ ਨਾਂ ‘ਤੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬੇਕਸੂਰ ਨੌਜਵਾਨਾਂ ਦੀ ਗ੍ਰਿਫਤਾਰੀ ਨਾਲ ਸੂਬੇ ਦੀ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਇਥੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਜਥੇਬੰਦੀ ਦੇ ਕਾਰਜਸ਼ੈਲੀ ਬਾਰੇ ਚਰਚਾ ਕੀਤੀ ਗਈ। ਭਾਈ ਡੋਡ ਨੇ ਕਿਹਾ ਕਿ ਫੈਡਰੇਸ਼ਨ ਸਿੱਖ ਕੌਮ ਦੀ ਆਜ਼ਾਦੀ, ਖਾਲਸਾਈ ਬੋਲਬਾਲੇ ਦੇ ਸੰਕਲਪ ਨੂੰ ਪੂਰਾ ਕਰਨ ਤੇ ਪੰਥ ਦੀ ਚੜ੍ਹਦੀ ਕਲਾ ਲਈ ਸੰਘਰਸ਼ ਨੂੰ ਤੇਜ਼ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਰਾਜਸੀ ਲੀਡਰਸ਼ਿਪ ਨੇ ਪੰਥ ਦੇ ਮਾਣ-ਸਨਮਾਨ ਨੂੰ ਹਿੰਦੂਤਵੀ ਤਾਕਤਾਂ ਦੇ ਪ੍ਰਭਾਵ ਹੇਠ ਢਾਹ ਲਾਈ ਹੈ।
__________________________________________
ਪੰਨੂ ਤੇ ਸਾਥੀਆਂ ਖਿਲਾਫ ਦੇਸ਼-ਧ੍ਰੋਹ ਦਾ ਕੇਸ ਦਰਜ
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐਸ਼ਐਫ਼ਜੇ.) ਦੇ ਗੁਰਪਤਵੰਤ ਸਿੰਘ ਪੰਨੂ ਨੂੰ ਅਤਿਵਾਦੀ ਐਲਾਨੇ ਜਾਣ ਤੋਂ ਬਾਅਦ, ਪੰਜਾਬ ਪੁਲਿਸ ਨੇ ਪੰਨੂ ਤੇ ਉਸ ਦੇ ਸਹਿਯੋਗੀ ਐਸ਼ਐਫ਼ਜੇ. ਮੈਂਬਰ ਜੋਗਿੰਦਰ ਸਿੰਘ ਗੁੱਜਰ ਖਿਲਾਫ ਅੰਮ੍ਰਿਤਸਰ ਅਤੇ ਕਪੂਰਥਲਾ ਵਿਚ ਦੇਸ਼-ਧ੍ਰੋਹ ਤੇ ਵੱਖਵਾਦ ਦੇ ਦੋਸ਼ਾਂ ਤਹਿਤ ਦੋ ਐਫ਼ਆਈ.ਆਰ. ਦਰਜ ਕੀਤੀਆਂ ਹਨ।
ਪੰਜਾਬ ਪੁਲਿਸ ਨੇ ਇਥੇ ਦਾਅਵਾ ਕੀਤਾ ਹੈ ਕਿ ਦਲਿਤ ਸੁਰੱਖਿਆ ਸੈਨਾ (ਡੀ.ਐਸ਼ਐਸ਼) ਨੇ ਗੁਰਪਤਵੰਤ ਪੰਨੂ ਅਤੇ ਉਸ ਦੇ ਸਾਥੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ ‘ਤੇ ਪੰਨੂ ਖਿਲਾਫ ਥਾਣਾ ਬੀ-ਡਵੀਜ਼ਨ, ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡਾ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਵਾਸਤੇ ਉਕਸਾਉਣ ਲਈ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੰਨੂ ਤੇ ਹੋਰਨਾਂ ਦੀ ਇਸ ਕਾਰਵਾਈ ਨਾਲ ਦੇਸ਼ ਦੇ ਸਮੁੱਚੇ ਐਸ਼ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪੁਲਿਸ ਮੁਤਾਬਕ ਦਲਿਤ ਸੁਰੱਖਿਆ ਸੈਨਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਅਮਰੀਕਾ ਅਧਾਰਿਤ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦਾ ਸਾਥੀ ਵੀਡੀਓ ਵਿਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਦੇ ਵੇਖੇ ਗਏ। ਉਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਅੱਗ ਲਾਉਂਦੇ ਵੇਖੇ ਗਏ। ਪੰਨੂ ਨੂੰ ਸਾਰੀ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਵਿਰੁੱਧ ਅਤੇ ਰੈੱਫਰੈਂਡਮ 2020 ਦੇ ਹੱਕ ਵਿਚ ਭੜਕਾਉਂਦੇ ਵੇਖਿਆ ਗਿਆ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਅਤਿਵਾਦੀਆਂ ਦੀਆਂ ਘਿਨਾਉਣੀਆਂ ਹਰਕਤਾਂ ਨੇ ਉਨ੍ਹਾਂ ਆਦਰਸ਼ਾਂ ਦੀ ਦੁਰਗਤ ਕੀਤੀ ਜਿਸ ਉਤੇ ਭਾਰਤੀ ਰਾਜ ਸਥਾਪਤ ਹੋਇਆ ਹੈ ਅਤੇ ਇਸ ਨਾਲ ਸਮੁੱਚੇ ਐਸ਼ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।