ਮੋਦੀ ਕੋਲ ਸ਼ਿਕਾਇਤ ਤੋਂ ਬਾਅਦ ਸੁਖਬੀਰ ਉਤੇ ਭੜਕੇ ਕੈਪਟਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਉਤੇ ਵਰ੍ਹਦਿਆਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਸਿਆਸੀ ਮੁਫਾਦਾਂ ਲਈ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਢਕਵੰਜ ਅਤੇ ਖੇਖਣਾਂ ਵਿਚ ਨਹੀਂ ਆਉਣਗੇ। ਦੱਸਣਯੋਗ ਹੈ ਕਿ ਬਾਦਲ ਜੋੜੇ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਭੇਜੇ ਰਾਸ਼ਨ ਵਿਚ ਘਪਲਾ ਹੋਣ ਦੀ ਗੱਲ ਆਖੀ ਹੈ ਅਤੇ ਇਸ ਦੀ ਪੜਤਾਲ ਮੰਗੀ ਹੈ।

ਕੈਪਟਨ ਨੇ ਸੁਖਬੀਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਵਿਧਾਇਕ ਸਿੱਧੇ ਤੌਰ ਉਤੇ ਲੋਕਾਂ ਨਾਲ ਜੁੜਿਆ ਹੁੰਦਾ ਹੈ ਅਤੇ ਉਹ ਭਲੀ ਭਾਂਤ ਜਾਣਦਾ ਹੈ ਕਿ ਫੌਰੀ ਮਦਦ ਸਭ ਤੋਂ ਪਹਿਲਾਂ ਲੋੜ ਕਿਸ ਨੂੰ ਦੇਣੀ ਹੈ ਅਤੇ ਇਹੀ ਯਕੀਨੀ ਬਣਾਉਣ ਲਈ ਵਿਧਾਇਕਾਂ ਨੇ ਰਾਸ਼ਨ ਵੰਡ ‘ਚ ਸਹਿਯੋਗ ਕੀਤਾ ਹੈ।
ਕੈਪਟਨ ਨੇ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੇਸ਼ ਕੀਤੇ ਤੱਥ ਵੀ ਪੂਰੀ ਤਰ੍ਹਾਂ ਗਲਤ ਹਨ ਜੋ ਇਹ ਦਰਸਾਉਂਦੇ ਹਨ ਉਹ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ। ਪੰਜਾਬ ਸਰਕਾਰ ਵੱਲੋਂ ਜੂਨ ਤੱਕ ਪ੍ਰਾਪਤ ਕੀਤੇ ਅਨਾਜ ਪਦਾਰਥਾਂ ਦੀ ਮਿਕਦਾਰ ਸੁਖਬੀਰ ਵੱਲੋਂ ਦਿੱਤੇ ਅੰਕੜਿਆਂ ਨਾਲੋਂ ਵੱਧ ਸੀ ਅਤੇ ਇਨ੍ਹਾਂ ਵਿਚੋਂ 90 ਫੀਸਦੀ ਤੋਂ ਵਧੇਰੇ ਹਿੱਸਾ ਵੰਡਿਆ ਜਾ ਚੁੱਕਿਆ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਸੂਬੇ ਨੂੰ 212164 ਮੀਟਰਕ ਟਨ ਕਣਕ ਅਲਾਟ ਕੀਤੀ ਗਈ, ਜਿਸ ਵਿਚੋਂ 199091 ਮੀਟਰਕ ਟਨ ਕਣਕ ਵੰਡੀ ਜਾ ਚੁੱਕੀ ਹੈ ਜਦੋਂਕਿ 10800 ਮੀਟਰਕ ਟਨ ਅਲਾਟ ਦਾਲ ਵਿਚੋਂ 10305 ਮੀਟਰਕ ਟਨ ਦੀ ਵੰਡ ਹੋ ਚੁੱਕੀ ਹੈ। ਇਸ ਦੇ ਨਾਲ ਹੀ, ਕੇਂਦਰ ਸਰਕਾਰ ਦੀ ਆਤਮ-ਨਿਰਭਰ ਭਾਰਤ ਸਕੀਮ ਤਹਿਤ ਕਣਕ (ਪ੍ਰਤੀ ਵਿਅਕਤੀ) ਅਤੇ ਦਾਲ (ਪ੍ਰਤੀ ਪਰਿਵਾਰ) 14.14 ਲੱਖ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਅਤੇ ਸੂਬੇ ਵੱਲੋਂ ਕਣਕ ਦਾ ਆਟਾ ਤਿਆਰ ਕਰਕੇ, ਇਸ ਨਾਲ ਦਾਲ ਸ਼ਾਮਲ ਕਰਕੇ ਇਸ ਨੂੰ ਪ੍ਰਤੀ ਵਿਅਕਤੀ ਇਕ ਕਿੱਲੋ ਬਣਾਇਆ ਗਿਆ ਅਤੇ ਸੂਬੇ ਵੱਲੋਂ ਆਪਣੀ ਪੱਧਰ ਉਤੇ ਇਕ ਕਿੱਲੋ ਖੰਡ ਇਸ ਵਿੱਚ ਪਾਈ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਅੰਕੜੇ ਇਹ ਦਰਸਾਉਣ ਲਈ ਕਾਫੀ ਹਨ ਕਿ ਖੁਰਾਕੀ ਅਨਾਜ ਦੀ ਵੰਡ ਸਬੰਧੀ ਸੁਖਬੀਰ ਵੱਲੋਂ ਕੀਤੇ ਦਾਅਵੇ ਅਤੇ ਲਗਾਏ ਦੋਸ਼ ਪੂਰੀ ਤਰ੍ਹਾਂ ਗਲਤ ਹਨ। ਤੇਲ ਉਤੇ ਲੱਗੇ ਵੈਟ ਦੇ ਮਸਲੇ ‘ਤੇ ਹਰਸਿਮਰਤ ਬਾਦਲ ਦੀ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਹਰਸਿਮਰਤ ਤੇਲ ਕੀਮਤਾਂ ਦੇ ਵਧਣ ਨਾਲ ਆਮ ਆਦਮੀ ਦੇ ਪ੍ਰਭਾਵਿਤ ਹੋਣ ਬਾਰੇ ਏਨੀ ਚਿੰਤਾਤੁਰ ਹੈ ਤਾਂ ਉਸ ਨੇ ਡੀਜ਼ਲ ਅਤੇ ਪੈਟਰੋਲ ਕੀਮਤਾਂ ਦੀਆਂ ਕੀਮਤਾਂ ਵਿਚ ਲਗਾਤਾਰ 22 ਦਿਨ ਹੋਏ ਵਾਧੇ ‘ਤੇ ਕਾਬੂ ਪਾਉਣ ਲਈ ਕੇਂਦਰ ਉਤੇ ਦਬਾਅ ਕਿਉਂ ਨਹੀਂ ਪਾਇਆ।
________________________________________
ਰਾਸ਼ਨ ਵੰਡ ਘੁਟਾਲੇ ਬਾਰੇ ਪੱਖਪਾਤ ਦੀ ਜਾਂਚ ਹੋਵੇ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਕੇਂਦਰੀ ਰਾਸ਼ਨ ਦੀ ਵੰਡ ਵਿਚ ਹੋਏ ਘੁਟਾਲੇ ਤੇ ਅਨਾਜ ਤੇ ਦਾਲਾਂ ਕਾਂਗਰਸੀ ਹਮਾਇਤੀਆਂ ਨੂੰ ਦਿੱਤੇ ਜਾਣ ਲਈ ਕੀਤੇ ਪੱਖਪਾਤ ਦੀ ਜਾਂਚ ਦੇ ਹੁਕਮ ਦੇਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਇਹ ਵੀ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਵਿਚ ਕੀਤੇ ਗਏ ਵਾਧੇ ਦੇ ਤਹਿਤ ਸੂਬੇ ਵਿਚ ਭੇਜੇ ਜਾਣ ਵਾਲੇ ਰਾਸ਼ਨ ਦੀ ਸਖਤੀ ਨਾਲ ਨਿਗਰਾਨੀ ਲਈ ਕੇਂਦਰੀ ਆਬਜ਼ਰਵਰ ਤਾਇਨਾਤ ਕਰਨ।