ਚੀਨ ਬਨਾਮ ਕਰੋਨਾ: ਵਿਸ਼ਵ ਸਿਹਤ ਸੰਗਠਨ ਦਾਅਵਿਆਂ ਤੋਂ ਪਿੱਛੇ ਹਟਿਆ

ਜਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਚੀਨ ਤੇ ਕਰੋਨਾ ਦੇ ਮਾਮਲੇ ‘ਚ ਆਪਣੇ ਦਾਅਵੇ ਤੋਂ ਪਿੱਛੇ ਹਟ ਗਿਆ ਹੈ। ਕੋਵਿਡ-19 ਸਾਹਮਣੇ ਆਉਣ ਤੋਂ ਬਾਅਦ ਡਬਲਿਊ.ਐਚ.ਓ. ਨੇ ਦੱਸਿਆ ਸੀ ਕਿ ਚੀਨ ਸਰਕਾਰ ਨੇ ਮਹਾਮਾਰੀ ਫੈਲਣ ਦੀ ਜਾਣਕਾਰੀ ਸੰਯੁਕਤ ਰਾਸ਼ਟਰ ਨੂੰ ਦਿੱਤੀ ਸੀ, ਪਰ ਹੁਣ ਸਿਹਤ ਸੰਗਠਨ ਨੇ ਆਪਣੇ ਹੀ ਦਾਅਵੇ ਤੋਂ ਪਾਸਾ ਵੱਟ ਲਿਆ ਹੈ। ਅਮਰੀਕੀ ਹਫਤਾਵਰੀ ਮੈਗਜ਼ੀਨ ‘ਵਾਸ਼ਿੰਗਟਨ ਐਗਜ਼ਾਮੀਨਰ’ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੇ

ਆਪਣੀ ਵੈਬਸਾਈਟ ਤੋਂ ਇਹ ਸੂਚਨਾ ਹਟਾ ਲਈ ਹੈ, ਜਿਸ ‘ਚ ਚੀਨ ਵਲੋਂ ਵੁਹਾਨ ‘ਚ ਮਹਾਮਾਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਦੀ ਜਗ੍ਹਾ ਕੋਵਿਡ-19 ਦੇ ਕੌਮਾਂਤਰੀ ਮਾਮਲਿਆਂ ਦੀ ਕਮੇਟੀ ਦੀ ਅੰਦਰੂਨੀ ਰਿਪੋਰਟ ਦਿੱਤੀ ਗਈ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਲੋਕਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਚੀਨ ਨੇ ਕਦੇ ਵੀ ਵੁਹਾਨ ‘ਚ ਮਹਾਮਾਰੀ ਫੈਲਣ ਦੀ ਜਾਣਕਾਰੀ ਸਿਹਤ ਸੰਗਠਨ ਨੂੰ ਨਹੀਂ ਦਿੱਤੀ।
ਪੇਈਚਿੰਗ: ਚੀਨ ਵਿਚ ਸੂਰਾਂ ‘ਚ ਪਾਏ ਜਾ ਰਹੇ ਫਲੂ ਵਾਇਰਸ ਦੀ ਨਵੀਂ ਨਸਲ ਸੂਰ ਸਨਅਤ ਨਾਲ ਜੁੜੇ ਕਰਮਚਾਰੀਆਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਹੀ ਹੈ ਅਤੇ ਇਸ ‘ਚ ਆਲਮੀ ਮਹਾਮਾਰੀ ਫੈਲਾਉਣ ਵਾਲੇ ਵਿਸ਼ਾਣੂ ਵਰਗੀਆਂ ਸਾਰੀਆਂ ਵਿਸ਼ੇਸ਼ਤਾਵਾਂ ਹਨ ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਅਜੇ ਇਸ ਵਾਇਰਸ ਦੇ ਕੌਮਾਂਤਰੀ ਖਤਰਾ ਬਣਨ ਦੀ ਸੰਭਾਵਨਾ ਨਹੀਂ ਹੈ। ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ। ਇਹ ਅਧਿਐਨ 2011 ਤੋਂ 2018 ਵਿਚਾਲੇ ਚੀਨ ‘ਚ ਸੂਰਾਂ ਦੀ ਨਿਗਰਾਨੀ ਉਤੇ ਆਧਾਰਿਤ ਹੈ ਅਤੇ ਇਸ ‘ਚ ਪਾਇਆ ਗਿਆ ਹੈ ਕਿ ਇਨਫਲੂਐਂਜ਼ਾਂ ਵਾਇਰਸ ਦੀ ਇਹ ਇਕ ਕਿਸਮ ਜਿਨ੍ਹਾਂ ‘ਚ ਜੀ4 ਜੀਨੋਟਾਈਪ ਜੈਨੇਟਿਕ ਸਮੱਗਰੀ ਹੈ, 2016 ਤੋਂ ਸੂਰਾਂ ‘ਚ ਦਿਖਾਈ ਦੇ ਰਹੀ ਹੈ।
ਚੀਨ ਬਿਮਾਰੀ ਕੰਟਰੋਲ ਦੇ ਬਚਾਅ ਕੇਂਦਰ ਦੇ ਵਿਗਿਆਨੀਆਂ ਸਮੇਤ ਹੋਰਨਾਂ ਮੁਤਾਬਕ ਇਹ ਜੀ4 ਵਿਸ਼ਾਣੂ ਮਨੁੱਖੀ ਸੈੱਲਾਂ ‘ਚ ਰਿਸੈਪਟਰ ਅਣੂਆਂ ਨਾਲ ਬੰਨ੍ਹੇ ਜਾਂਦੇ ਹਨ ਤੇ ਸਾਹਤੰਤਰ ਦੀ ਬਾਹਰੀ ਪਰਤ ਵਿਚ ਆਪਣੀ ਗਿਣਤੀ ਵਧਾਉਂਦੇ ਹਨ। ਖੋਜੀਆਂ ਅਨੁਸਾਰ ਮਨੁੱਖ ਨੂੰ ਹੋਰਨਾਂ ‘ਮਨੁੱਖੀ ਇਨਫਲੂਐਂਜ਼ਾ’ ਟੀਕਿਆਂ ਤੋਂ ਮਿਲਣ ਵਾਲੀ ਬਿਮਾਰੀ ਰੋਕੂ ਸਮਰਥਾ ਜੀ4 ਵਾਇਰਸ ਤੋਂ ਨਹੀਂ ਬਚਾ ਸਕਦੀ। ਇਹ ਗੱਲ ਇਸ ਦਾ ਸੰਕੇਤ ਹੈ ਕਿ ਵਾਇਰਸ ਨਾਲ ਲੜਨ ਲਈ ਮਨੁੱਖੀ ਸਰੀਰ ‘ਚ ਪਹਿਲਾਂ ਤੋਂ ਕੋਈ ਤਾਕਤ ਮੌਜੂਦ ਨਹੀਂ ਹੈ।
ਦੂਜੇ ਪਾਸੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ‘ਚ ਮਹਾਮਾਰੀਆਂ ਦਾ ਅਧਿਐਨ ਕਰ ਰਹੇ ਐਰਿਕ ਫੀਗਲ ਡਿੰਗ ਨੇ ਕਿਹਾ ਕਿ ਇਹ ਵਾਇਰਸ ਅਜੇ ਸਿਰਫ ਸੂਰਾਂ ‘ਚ ਹੈ। ਇਸ ਦੇ ਮਨੁੱਖ ਤੋਂ ਮਨੁੱਖ ‘ਚ ਫੈਲਣ ਬਾਰੇ ਕੋਈ ਕੇਸ ਨਹੀਂ ਹੈ। ਇਹ 2016 ਦਾ ਵਾਇਰਸ ਹੈ ਅਤੇ ਸੂਰ ਪਾਲਣ ਵਾਲੇ ਕਿਸਾਨਾਂ ਦੇ ਸਰੀਰ ਇਸ ਵਾਇਰਸ ਨਾਲ ਲੜਨ ਦੀ ਸਮਰੱਥਾ ਹੈ।
_________________________________________________
ਚੀਨ ਨੂੰ ਕਰੋਨਾ ਫੈਲਾਉਣ ਦੀ ਜ਼ਿੰਮੇਵਾਰੀ ਲੈਣੀ ਹੀ ਪਵੇਗੀ: ਟਰੰਪ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਕਿਹਾ ਹੈ ਕਿ ਕਰੋਨਾ ਵਾਇਰਸ ਨੂੰ ਦੁਨੀਆਂ ਭਰ ‘ਚ ਫੈਲਾਉਣ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਹਫਤੇ ‘ਚ ਦੂਜੀ ਵਾਰ ਹੈ ਕਿ ਟਰੰਪ ਨੇ ਚੀਨ ਉਤੇ ਕਰੋਨਾ ਵਾਇਰਸ ਫੈਲਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਇਸ ਸਭ ਲਈ ਜ਼ਿੰਮੇਵਾਰੀ ਲੈਣੀ ਹੀ ਪਵੇਗੀ।