ਅਕਾਲ ਤਖਤ ਉਤੇ ਹਮਲੇ ਵਾਲੇ ਸਾਕੇ ਨੂੰ ਪੂਰੇ 29 ਸਾਲ ਹੋ ਗਏ ਹਨ। ਉਸ ਦੌਰ ਵਿਚ ਬਹੁਤ ਤੇਜ਼ੀ ਨਾਲ ਵਾਪਰੇ ਇਸ ਘਟਨਾਕ੍ਰਮ ਅਤੇ ਉਸ ਤੋਂ ਬਾਅਦ ਬਣੇ ਹਾਲਾਤ ਨਾਲ ਜਿੰਨਾ ਨੁਕਸਾਨ ਸਿੱਖ ਭਾਈਚਾਰੇ ਦਾ ਹੋਇਆ ਹੈ, ਸ਼ਾਇਦ ਹੀ ਕਿਸੇ ਦਾ ਹੋਇਆ ਹੋਵੇ। ਇਸ ਨੁਕਸਾਨ ਦੀ ਭਰਪਾਈ ਕਦੀ ਵੀ ਨਹੀਂ ਹੋ ਸਕਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਹਮਲੇ ਨਾਲ ਹੋਏ ਮਾਲੀ ਨੁਕਸਾਨ ਦੇ ਹਰਜਾਨੇ ਲਈ ਭਾਵੇਂ ਕੇਸ ਦੀ ਪੈਰਵੀ ਕਰਨ ਦਾ ਫੈਸਲਾ ਕੀਤਾ ਹੈ, ਪਰ ਇਹ ਨੁਕਸਾਨ ਕੀ ਇਉਂ ਮਾਇਆ ਦੇ ਹਿਸਾਬ ਮਿਣਿਆ ਜਾ ਸਕਦਾ ਹੈ? ਬਿਲਕੁਲ ਨਹੀਂ! ਇਹ ਤਾਂ ਉਹ ਨੁਕਸਾਨ ਹੈ ਜਿਸ ਦੀ ਚੀਸ ਅੱਠੇ ਪਹਿਰ ਪੈਂਦੀ ਰਹਿਣੀ ਹੈ। ਅਸਲ ਵਿਚ ਉਸ ਵੇਲੇ ਦਿੱਲੀ ਦੀ ਕੁਹਜ ਨਾਲ ਭਰੀ ਸਿਆਸਤ ਵਲੋਂ ਦਰਦ ਦਾ ਜਿਹੜਾ ਦਰਦ ਵਹਾਇਆ ਗਿਆ ਸੀ, ਉਹ ਤਿੰਨ ਦਹਾਕਿਆਂ ਦਾ ਲੰਮਾ ਵਕਤ ਬੀਤ ਜਾਣ ‘ਤੇ ਵੀ ਜਿਉਂ ਦਾ ਤਿਉਂ ਕਾਇਮ ਹੈ। ਇਸ ਮੁੱਦੇ ਬਾਰੇ ਬਹਿਸਾਂ ਅਤੇ ਵਿਚਾਰਾਂ ਉਦੋਂ ਤੋਂ ਹੀ ਹੋ ਰਹੀਆਂ ਹਨ, ਪਰ ਇਹ ਵੀ ਸੱਚ ਹੈ ਕਿ ਇਸ ਇਕੱਲੇ ਮੁੱਦੇ ਉਤੇ ਸਿਆਸਤ ਇੰਨੀ ਜ਼ਿਆਦਾ ਕੀਤੀ ਗਈ ਹੈ ਕਿ ਹੁਣ ਇਸ ਤੰਦ-ਤਾਣੀ ਦਾ ਕੋਈ ਲੜ-ਸਿਰਾ ਫੜਨਾ ਵੀ ਮੁਸ਼ਕਿਲ ਹੋ ਰਿਹਾ ਹੈ। ਇਸੇ ਕਰ ਕੇ ਹੀ ਸ਼ਹੀਦਾਂ ਦੀ ਯਾਦਗਾਰ ਜਾਂ ਇਸ ਨਾਲ ਜੁੜੇ ਹੋਰ ਮਸਲੇ ਹੁਣ ਵੀ ਤਕਰੀਬਨ ਉਸੇ ਤਰ੍ਹਾਂ ਦਾ ਰੂਪ ਅਖਤਿਆਰ ਕਰ ਕੇ ਸਾਡੇ ਸਾਹਮਣੇ ਮੂੰਹ ਅੱਡੀ ਆਣ ਖੜ੍ਹੇ ਹਨ।
ਬੁਨਿਆਦੀ ਤੌਰ ‘ਤੇ ਵਿਚਾਰਿਆ ਜਾਵੇ ਤਾਂ ਇਹ ਮੁੱਦਾ ਤਾਂ ਅਸਲ ਮੁੱਦਾ ਹੈ ਵੀ ਨਹੀਂ। ਅਸਲ ਮੁੱਦਾ ਤਾਂ ਉਸ ਦੌਰ ਵਿਚ ਜੋ ਕੁਝ ਇੰਨੀ ਤੇਜ਼ੀ ਅਤੇ ਦਰਦਨਾਕ ਢੰਗ ਨਾਲ ਹੋਇਆ-ਵਾਪਰਿਆ, ਉਸ ਬਾਰੇ ਗਹਿਰ-ਗੰਭੀਰ ਵਿਚਾਰਾਂ ਕਰਨ ਦਾ ਸੀ; ਪਰ ਯਾਦਗਾਰ ਦੇ ਮੁੱਦੇ ‘ਤੇ ਜਿਸ ਤਰ੍ਹਾਂ ਦੀ ਬਹਿਸ ਅਤੇ ਵਿਵਾਦ ਪਿਛਲੇ ਕੁਝ ਸਮੇਂ ਤੋਂ ਸਾਹਮਣੇ ਆਇਆ ਹੈ, ਉਸ ਨਾਲ ਵੱਖ ਵੱਖ ਧਿਰਾਂ ਦੀ ਗੈਰ-ਸੰਜੀਦਾ ਪਹੁੰਚ ਦੀ ਹੀ ਸੂਹ ਲੱਗੀ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਸਾਰੇ ਵਰਤਾਰੇ, ਜਿਸ ਨੇ ਸਿੱਖ ਭਾਈਚਾਰੇ ਵਿਚ ਬੇਗਾਨਗੀ ਦੇ ਅਹਿਸਾਸ ਦਾ ਹੜ੍ਹ ਲਿਆ ਦਿੱਤਾ ਸੀ, ਦੀਆਂ ਵੱਖ ਵੱਖ ਤਹਿਆਂ ਫਰੋਲੀਆਂ ਜਾਂਦੀਆਂ ਅਤੇ ਉਸ ਤੱਤੇ ਦੌਰ ਵਿਚ ਲੀਡਰਾਂ ਵੱਲੋਂ ਨਿਭਾਏ ਗਏ ਰੋਲ ਦੀ ਨਿੱਠ ਕੇ ਪੁਣ-ਛਾਣ ਕੀਤੀ ਜਾਂਦੀ; ਪਰ ਹੋਇਆ ਇਸ ਤੋਂ ਐਨ ਉਲਟ। ਦਰਦ ਦੇ ਦਰਿਆ ਦੇ ਨਾਲ-ਨਾਲ ਭਾਵੁਕਤਾ ਦਾ ਇਕ ਹੋਰ ਦਰਿਆ ਵਗਾ ਦਿੱਤਾ ਗਿਆ, ਤੇ ਇਤਿਹਾਸ ਗਵਾਹ ਹੈ ਕਿ ਅਜਿਹੀ ਭਾਵੁਕਤਾ ਸਿਆਸੀ ਗੋਟੀਆਂ ਖੇਡਣ ਵਾਲਿਆਂ ਦੇ ਬਹੁਤ ਸੂਤ ਬੈਠਦੀ ਹੈ। ਹੁਣ ਅਗਲੇ ਸਾਲ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਮੁੱਦਾਹੀਣ ਸਿਆਸਤ ਕਰਨ ਵਾਲਿਆਂ ਨੂੰ ਫਿਰ ਅਜਿਹੇ ਮੁੱਦਿਆਂ ਦੀ ਹੀ ਤਾਂ ਤਲਾਸ਼ ਹੁੰਦੀ ਹੈ! ਉਹ ਅਜਿਹੇ ਮੁੱਦੇ ਖੁਦ, ਮਸਨੂਈ ਢੰਗ ਨਾਲ ਉਭਾਰ ਲੈਂਦੇ ਹਨ ਅਤੇ ਲੋਕਾਂ ਨੂੰ ਸਿਆਸਤਦਾਨਾਂ ਦੀ ਇਸ ਚਤੁਰਾਈ ਦਾ ਪਤਾ ਬਹੁਤ ਪਛੜ ਕੇ ਲਗਦਾ ਹੈ। ਇਸ ਚਤੁਰਾਈ ਨੇ ਹੀ ਤਾਂ ਪੰਜਾਬ ਨੂੰ ਇਕ ਵੇਲੇ ਬਲਦੀ ਦੇ ਬੁੱਥੇ ਪਾਈ ਰੱਖਿਆ ਸੀ।
ਉਂਜ, ਸਿਆਸਤ ਦੀ ਇਸ ਦਲ ਦਲ ਵਿਚੋਂ ਰਤਾ ਕੁ ਬਾਹਰ ਨਿਕਲ ਕੇ ਹੁਣ ਇਹ ਸੋਚਣ ਦਾ ਵੇਲਾ ਹੈ ਕਿ ਆਖਰਕਾਰ ਉਹ ਕੀ ਕਾਰਨ ਹਨ ਜਿਨ੍ਹਾਂ ਕਰ ਕੇ ਸਿੱਖ ਭਾਈਚਾਰੇ ਲਈ ਵਕਤ ਦੀ ਸੂਈ ਜੂਨ ਚੁਰਾਸੀ ਉਤੇ ਹੀ ਅਟਕਾ ਦਿੱਤੀ ਗਈ ਹੈ?
ਸਿੱਖ ਭਾਈਚਾਰੇ ਦਾ ਇਤਿਹਾਸ ਭਰ ਵਗਦੇ ਦਰਿਆ ਵਾਂਗ ਹੈ ਜਿਸ ਦੀ ਫਿਤਰਤ ਸਦਾ ਵਹਿੰਦੇ ਜਾਣ ਦੀ ਹੈ। ਇਸ ਨੇ ਮੁਸ਼ਕਿਲ ਦੌਰ ਵਿਚ ਵੀ ਸਦਾ ਅਨੰਤ ਭਵਿੱਖ ਨੂੰ ਸੈਨਤਾਂ ਮਾਰੀਆਂ ਹਨ ਅਤੇ ਬਿਖੜੇ ਪੈਂਡੇ ਪੂਰੇ ਦਿਲ-ਗੁਰਦੇ ਨਾਲ ਪਾਰ ਕੀਤੇ ਹਨ; ਪਰ ਹੁਣ ਬੇਵਸੀ ਵਾਲੀ ਜਿਹੜੀ ਲਹਿਰ ਆਵਾਮ ਦੇ ਦਿਲਾਂ ਵਿਚ ਉਤਾਰ ਦਿੱਤੀ ਗਈ ਹੈ, ਉਸ ਤੋਂ ਪਾਰ ਜਾਣਾ ਸ਼ਾਇਦ ਔਖਾ ਹੋ ਰਿਹਾ ਹੈ। ਇਸ ਬੇਵਸੀ ਨੇ ਜਿਸ ਤਰ੍ਹਾਂ ਦੇ ਹਾਲਾਤ ਨੂੰ ਜਨਮ ਦਿੱਤਾ ਹੈ, ਉਨ੍ਹਾਂ ਦੇ ਖਾਸੇ ਨੂੰ ਸਮਝਣ-ਬੁੱਝਣ ਜਾਂ ਇਸ ਦਾ ਕੋਈ ਇਕ ਲੜ-ਸਿਰਾ ਫੜਨ ਲਈ ਅੱਜ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਸਿਆਸਤ ‘ਤੇ ਨਿਗਾਹ ਮਾਰੀ ਜਾ ਸਕਦੀ ਹੈ। ਜਿਸ ਤਰ੍ਹਾਂ ਦੀ ਸਿਆਸਤ ਅੱਜ ਇਹ ‘ਪੰਥਕ ਪਾਰਟੀ’ ਕਰ ਰਹੀ ਹੈ, ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਚੋਣਾਂ ਜਿੱਤਣ ਲਈ ਕੋਈ ਆਗੂ ਜਾਂ ਜਥੇਬੰਦੀ ਕਿਸ ਹੱਦ ਤੱਕ ਹੇਠਾਂ ਜਾ ਸਕਦਾ ਹੈ। ਅਕਾਲ ਤਖਤ ਉਤੇ ਹਮਲੇ ਦਾ ਮਾਮਲਾ ਹੋਵੇ ਜਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ, ਚੁਰਾਸੀ ਦੇ ਸਿੱਖ ਕਤਲੇਆਮ ਦਾ ਹੋਵੇ ਜਾਂ ਸਿੱਖ ਭਾਈਚਾਰੇ ਨਾਲ ਜ਼ਿਆਦਤੀਆਂ ਦਾ; ਇਹ ਦਲ ਨਿਆਂ ਦੀ ਲੜਾਈ ਵਾਲੇ ਬਿਖੜੇ ਪੈਂਡੇ ਉਤੇ ਸਬੂਤੇ ਕਦਮੀਂ ਤੁਰ ਨਹੀਂ ਸਕਿਆ ਹੈ, ਪਰ ਇਨ੍ਹਾਂ ਮੁੱਦਿਆਂ ਦਾ ਜਿੰਨਾ ਸਿਆਸੀ ਅਤੇ ਆਰਥਿਕ ਲਾਹਾ ਇਸ ਜਥੇਬੰਦੀ ਨੇ ਲਿਆ ਹੈ, ਜਾਂ ਇਸ ਨੂੰ ਮਿਲਿਆ ਹੈ, ਉਹ ਬੇਅੰਤ ਹੋ ਨਿਬੜਿਆ ਹੈ। ਸਿਆਸਤ ਦੀ ਇਸੇ ਲੋੜ ਮੁਤਾਬਕ ਹੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਹ ਮੁੱਦੇ ਸੰਸਦ ਵਿਚ ਹੀ ਜ਼ੋਰ-ਸ਼ੋਰ ਨਾਲ ਉਠਾ ਦਿੰਦੀ ਹੈ ਅਤੇ ਬੱਲੇ ਬੱਲੇ ਕਰਵਾ ਲੈਂਦੀ ਹੈ। ਜਿਸ ਤਰ੍ਹਾਂ ਦਾ ਗੇੜ ਇਸ ਸੱਤਾਧਾਰੀ ਦਲ ਨੇ ਚਲਾਇਆ ਹੈ, ਉਹ ਹੁਣ ਚੱਕਰਵਿਊ ਵਾਂਗ ਜਾਪਣ ਲੱਗ ਪਿਆ ਹੈ, ਜਿਹੜਾ ਫਿਲਹਾਲ ਟੁੱਟ ਨਹੀਂ ਰਿਹਾ। ਇਸ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਜਿਸ ਚੱਕਰਵਿਊ ਨੂੰ ਜਿੰਨੇ ਵੱਡੇ ਪੱਧਰ ਉਤੇ ਜਾ ਕੇ ਵੰਗਾਰਨ ਦੀ ਲੋੜ ਹੈ, ਉਸ ਪੱਧਰ ‘ਤੇ ਜਾ ਕੇ ਸੋਚਣ ਬਾਰੇ ਸ਼ਾਇਦ ਹੀ ਕਿਸੇ ਧਿਰ ਨੇ ਸੋਚਿਆ ਹੋਵੇ। ਮੁਫਾਦ ਦੀ ਲੜੀ ਹੀ ਇੰਨੀ ਲੰਮੀ ਹੈ ਕਿ ਇਸ ਲੰਮੀ ਲੜਾਈ ਦੇ ਰਾਹ ਉਤੇ ਤੁਰਦਾ ਕੋਈ ਨਜ਼ਰੀਂ ਨਹੀਂ ਪੈ ਰਿਹਾ। ਸਭ ਦੀਆਂ ਲੜਾਈਆਂ ਬਹੁਤ ਪਿਛਾਂਹ ਅਤੇ ਪਹਿਲਾਂ ਹੀ ਦਮ ਤੋੜ ਰਹੀਆਂ ਹਨ। ਇਸੇ ਕਰ ਕੇ ਅਜਿਹੇ ਤੌਖਲੇ ਵਾਰ ਵਾਰ ਉਠ ਰਹੇ ਹਨ ਕਿ ਸਿਆਸਤ ਕਰ ਰਹੀਆਂ ਧਿਰਾਂ ਵਲੋਂ ਵਕਤ ਨੂੰ ਪੁੱਠਾ ਗੇੜਾ ਦੇਣ ਲਈ ਇਕ ਵਾਰ ਫਿਰ ਯਤਨ ਕੀਤੇ ਜਾ ਰਹੇ। ਇਸ ਸੂਰਤ ਵਿਚ ਆਵਾਮ ਦਾ ਸਿਰੜ ਹੀ ਰਾਹ-ਦਸੇਰਾ ਬਣ ਸਕਦਾ ਹੈ।
Leave a Reply