ਭਾਰਤ-ਚੀਨ ਤਣਾਓ: ਕੁਝ ਹਕੀਕਤਾਂ, ਕੁਝ ਰੌਲੇ

ਭਾਰਤ ਅਤੇ ਚੀਨ ਵਿਚਾਲੇ ਚੱਲ ਰਿਹਾ ਤਣਾਓ ਆਖਰਕਾਰ ਖੂਨੀ ਝੜਪਾਂ ਵਿਚ ਬਦਲ ਗਿਆ। ਰਤਾ ਕੁ ਗਹਿਰਾਈ ਅਤੇ ਸੰਜੀਦਗੀ ਨਾਲ ਇਸ ਮਸਲੇ ਦੀ ਪੁਣ-ਛਾਣ ਕਰੀਏ ਤਾਂ ਕੁਝ ਤੱਥ ਨਿਖਰ ਕੇ ਸਾਹਮਣੇ ਆ ਜਾਂਦੇ ਹਨ। ‘ਪੰਜਾਬ ਟਾਈਮਜ਼’ ਵਿਚ ਗਾਹੇ-ਬਗਾਹੇ ਕਈ ਅਹਿਮ ਮਸਲਿਆਂ ਬਾਰੇ ਭਰਪੂਰ ਹਾਜ਼ਰੀ ਲੁਆਉਣ ਵਾਲੇ ਲਿਖਾਰੀ ਪਰਮਜੀਤ ਰੋਡੇ ਨੇ ਇਨ੍ਹਾਂ ਤੱਥਾਂ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। ਲੇਖ ਵਿਚ ਦਰਜ ਇਹ ਤੱਥ ਹੈਰਾਨ ਕਰਨ ਵਾਲੇ ਹਨ ਅਤੇ ਸ਼ਾਸਕਾਂ ਲਈ ਖਰੇ ਸਵਾਲ ਬਣਦੇ ਹਨ।

-ਸੰਪਾਦਕ

ਪਰਮਜੀਤ ਰੋਡੇ
ਫੋਨ: 510-501-4191

15 ਜੂਨ ਦੀ ਰਾਤ ਨੂੰ ਭਾਰਤੀ-ਚੀਨੀ ਫੌਜੀ ਟੁਕੜੀਆਂ ਵਿਚਾਲੇ ਹੋਈ ਖੂੰਖਾਰ ਝੜਪ ਨੇ ਸੁਣਨ ਵਾਲਿਆਂ ਨੂੰ ਹਿਲਾ ਕੇ ਰੱਖ ਦਿੱਤਾ। ਇਕ ਅਫਸਰ ਸਮੇਤ ਭਾਰਤ ਦੇ 20 ਜਵਾਨਾਂ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਪ੍ਰਤੀਕਰਮ ਵਜੋਂ ਦੇਸ਼ ਭਰ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਦੌੜ ਗਈ। ਬਾਅਦ ਵਿਚ ਆਈ ਖਬਰ ਕਿ ਭਾਰਤ ਦੇ 76 ਜਵਾਨ ਜ਼ਖਮੀ ਹੋਏ ਹਨ ਅਤੇ ਚੀਨੀ ਸੈਨਿਕ ਸਾਡੇ ਚਾਰ ਅਫਸਰਾਂ ਸਮੇਤ 10 ਸੈਨਿਕਾਂ ਨੂੰ ਬੰਦੀ ਬਣਾ ਕੇ ਲੈ ਗਏ ਹਨ, ਨੇ ਗੁੱਸੇ ਦੇ ਨਾਲ-ਨਾਲ ਹੈਰਾਨੀ ਅਤੇ ਪ੍ਰੇਸ਼ਾਨੀ ਵਿਚ ਵੀ ਵਾਧਾ ਕੀਤਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਸੈਨਿਕਾਂ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਉਹ ਮਾਰਦੇ-ਮਾਰਦੇ ਸ਼ਹੀਦ ਹੋਏ, ਪਰ ਐਸੀ ਦੁਖਦਾਈ ਅਤੇ ਘਿਨਾਉਣੀ ਘਟਨਾ ਵਾਪਰੀ ਹੀ ਕਿਉਂ? ਫਿਲਹਾਲ ਕੋਈ ਤਰਕਸੰਗਤ ਜਵਾਬ ਨਹੀਂ ਮਿਲ ਰਿਹਾ।
ਘਟਨਾ ਵਾਪਰਦਿਆਂ ਹੀ ਚੀਨ ਦੇ ਸਰਕਾਰੀ ਨੁਮਾਇੰਦੇ ਮੀਡੀਆ ਸਾਹਮਣੇ ਆ ਗਏ ਅਤੇ ਇਸ ਜ਼ਾਲਮ ਘਟਨਾ ਲਈ ਭਾਰਤੀ ਫੌਜ ਨੂੰ ਕਸੂਰਵਾਰ ਠਹਿਰਾਉਣਾ ਸ਼ੁਰੂ ਕਰ ਦਿੱਤਾ। ਭਾਰਤੀ ਲੀਡਰਾਂ ਅਤੇ ਅਧਿਕਾਰੀਆਂ ਨੇ ਦੋ ਦਿਨ ਤਾਂ ਮੌਨ ਧਾਰੀ ਰੱਖਿਆ, ਜਦੋਂ ਚੁੱਪ ਤੋੜੀ ਤਾਂ ਪ੍ਰਧਾਨ ਮੰਤਰੀ ਤੇ ਰੱਖਿਆ ਅਧਿਕਾਰੀਆਂ ਦੇ ਬਿਆਨ ਐਨੇ ਆਪਾ-ਵਿਰੋਧੀ ਸਨ ਕਿ ਲੋਕ ਮਨਾਂ ਅੰਦਰ ਪਨਪ ਰਹੇ ਸੁਆਲਾਂ ਅਤੇ ਸ਼ੰਕਿਆਂ ਨੂੰ ਨਵਿਰਤ ਕਰਨ ਦੀ ਥਾਂ ਉਨ੍ਹਾਂ ਵਿਚ ਵਾਧਾ ਕਰਨ ਦਾ ਕਾਰਨ ਬਣ ਗਏ।
ਪਹਿਲਾਂ ਖਬਰ ਆਈ ਕਿ ਸਾਡੀ ਫੌਜੀ ਟੁਕੜੀ ਸਰਹੱਦੀ ਏਰੀਏ ਵਿਚ ਰੈਗੂਲਰ ਗਸ਼ਤ (ਪੈਟਰੋਲ) ‘ਤੇ ਗਈ, ਪਰ ਚੀਨੀ ਸੈਨਿਕਾਂ ਨੇ ਸਾਡੇ ਇਲਾਕੇ ਵਿਚ ਦਾਖਲ ਹੋ ਕੇ ਗਸ਼ਤ ਪਾਰਟੀ ‘ਤੇ ਹਮਲਾ ਕਰ ਦਿੱਤਾ, ਪਰ ਦੋ ਦਿਨਾਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਹਿ ਦਿੱਤਾ, “ਨਾ ਕੋਈ ਵਹਾਂ ਹਮਾਰੀ ਸੀਮਾ ਮੇਂ ਘੁਸਾ ਹੈ, ਔਰ ਨਾ ਕੋਈ ਘੁਸਾ ਹੁਆ ਹੈ, ਨਾ ਹੀ ਕੋਈ ਪੋਸਟ ਕਿਸੀ ਦੂਸਰੇ ਕੇ ਕਬਜ਼ੇ ਮੇਂ ਹੈ।” ਸਰਕਾਰ ਨੇ ਖਬਰ ਸਿਰਫ 20 ਜਵਾਨਾਂ ਦੇ ਸ਼ਹੀਦ ਹੋਣ ਬਾਰੇ ਹੀ ਦਿੱਤੀ। 76 ਫੌਜੀਆਂ ਦੇ ਜ਼ਖਮੀ ਹੋਣ ਅਤੇ 10 ਸੈਨਿਕਾਂ ਦੇ ਬੰਦੀ ਬਣਾਏ ਜਾਣ ਬਾਰੇ ਸਰਕਾਰ ਚੁੱਪ ਰਹੀ। ਇਥੋਂ ਤੱਕ ਕਿ ਸਰਬ ਪਾਰਟੀ ਮੀਟਿੰਗ ਤੱਕ ਵੀ ਸਾਡੇ ਅਫਸਰਾਂ ਅਤੇ ਜਵਾਨਾਂ ਦੇ ਬੰਦੀ ਬਣਨ ਬਾਰੇ ਕੋਈ ਜ਼ਿਕਰ ਕਰਨ ਦੀ ਲੋੜ ਨਹੀਂ ਸਮਝੀ ਗਈ। ਇਹ ਤਾਂ ਬੀ. ਬੀ. ਸੀ. ਨੇ ਸਭ ਤੋਂ ਪਹਿਲਾਂ ਕਲਕਤੇ ਤੋਂ ਛਪਣ ਵਾਲੇ ਅਖਬਾਰ ‘ਹਿੰਦੂ’ ਦੇ ਹਵਾਲੇ ਨਾਲ ਖਬਰ ਨੂੰ ਕੌਮਾਂਤਰੀ ਪੱਧਰ ‘ਤੇ ਨਸ਼ਰ ਕੀਤਾ ਕਿ ਚੀਨੀ ਫੌਜ ਨੇ ਭਾਰਤੀ ਫੌਜ ਦੇ ਚਾਰ ਅਫਸਰਾਂ ਸਮੇਤ 10 ਸੈਨਿਕਾਂ ਨੂੰ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੂੰ ਅੱਜ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬਾਅਦ ਵਿਚ ਭਾਰਤੀ ਮੀਡੀਆ ਵਿਚ ਇਹ ਖਬਰ ਆ ਗਈ ਕਿ ਚੀਨ ਵਲੋਂ ਰਿਹਾ ਕੀਤੇ 10 ਜਵਾਨਾਂ ਨੂੰ ਦਿੱਲੀ ਵਿਖੇ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਭਾਰਤੀ ਸਰਕਾਰ ਫਿਰ ਵੀ ਚੁੱਪ ਹੀ ਰਹੀ।
ਹਰ ਕੋਈ ਭੰਬਲਭੂਸੇ ਵਿਚ ਸੀ ਕਿ ਜੇ ਕੋਈ ਸਾਡੇ ਇਲਾਕੇ ਵਿਚ ਵੜਿਆ ਹੀ ਨਹੀਂ ਤਾਂ 15 ਜੂਨ ਵਾਲੀ ਝੜਪ ਹੋਣ ਦਾ ਕੀ ਤਰਕ ਹੈ? ਜੇ ਕੋਈ ਵੜਿਆ ਹੀ ਨਹੀਂ ਤਾਂ ਸਾਡੇ ਜਵਾਨ ਸ਼ਹੀਦ, ਜ਼ਖਮੀ ਅਤੇ ਬੰਦੀ ਕਿਹਦੇ ਇਲਾਕੇ ਵਿਚੋਂ ਬਣਾਏ ਗਏ? ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਦੇ ਇਕ ਹਿੱਸੇ ਵਿਚ ਖਬਰ ਗੇੜੇ ਕੱਢਣ ਲੱਗ ਪਈ ਕਿ ਝੜਪ ਤੋਂ ਪਹਿਲਾਂ ਭਾਰਤੀ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਕਿਹਾ ਕਿ ਉਹ ਭਾਰਤੀ ਜ਼ਮੀਨ ‘ਤੇ ਨਾਜਾਇਜ਼ ਰੂਪ ਵਿਚ ਬਣਾਏ ਤੰਬੂ ਚੁੱਕ ਲੈਣ, ਪਰ ਜਦ ਉਹ ਨਾ ਮੰਨੇ ਤਾਂ ਗੁੱਸੇ ਵਿਚ ਆਏ ਭਾਰਤੀ ਸੈਨਿਕਾਂ ਨੇ ਤੰਬੂਆਂ ਨੂੰ ਅੱਗ ਲਾ ਦਿੱਤੀ ਤਾਂ ਪਹਿਲਾਂ ਹੀ ਤਿਆਰ ਬੈਠੇ ਚੀਨੀ ਸੈਨਿਕਾਂ ਨੇ ਤੇਜ਼ ਹਥਿਆਰਾਂ ਨਾਲ ਸਾਡੇ ਸੈਨਿਕਾਂ ‘ਤੇ ਹਮਲਾ ਕਰ ਦਿੱਤਾ। ਇਕ ਪੰਜਾਬੀ ਟੀ. ਵੀ. ਚੈਨਲ ‘ਤੇ ਇਕ ਪੱਤਰਕਾਰ, ਜੋ ਰਿਟਾਇਰਡ ਫੌਜੀ ਵੀ ਹੈ, ਨੇ ਵੀ ਇਸ ਸਵਾਲ ਦੇ ਜਵਾਬ ਵਿਚ ਅੱਗ ਲਾਉਣ ਵਾਲੀ ਘਟਨਾ ਦਾ ਜ਼ਿਕਰ ਕੀਤਾ। ਅਮਰੀਕਾ ਦੇ ਮੀਡੀਏ ਵਿਚ ਵੀ ਭਾਰਤੀ ਸੈਨਕਾਂ ਵਲੋਂ ਤੰਬੂ ਨੂੰ ਤਬਾਹ ਕਰਨ ਦਾ ਜ਼ਿਕਰ ਹੋਇਆ। ਅਮਰੀਕਨ ਸੈਟੇਲਾਈਟ ਅਪਰੇਟਰ ਮੈਕਸਰ ਟੈਕਨਾਲੋਜੀਜ਼ ਨੇ ਤਬਾਹ ਹੋਏ ਤੰਬੂ ਦੀ ਤਸਵੀਰ ਨੂੰ ਵੀ ਦਿਖਾਇਆ। ਆਖਿਰ ਭਾਰਤ ਦੇ ਕੇਂਦਰੀ ਰਾਜ ਮੰਤਰੀ ਵੀ. ਕੇ. ਸਿੰਘ, ਜੋ ਰਿਟਾਇਰਡ ਜਨਰਲ ਹੈ, ਨੇ ਮੀਡੀਆ ਨੂੰ ਦੱਸਿਆ ਕਿ ਚੀਨੀ ਫੌਜ ਦੇ ਟੈਂਟ ਨੂੰ ਅਚਾਨਕ ਅੱਗ ਲੱਗ ਗਈ ਸੀ। ਚੀਨੀ ਸੈਨਿਕਾਂ ਨੂੰ ਲੱਗਾ ਕਿ ਇਹ ਅੱਗ ਭਾਰਤੀਆਂ ਨੇ ਲਾਈ ਹੈ, ਸੋ ਉਨ੍ਹਾਂ ਨੇ ਭਾਰਤੀ ਸੈਨਿਕਾਂ ‘ਤੇ ਹਮਲਾ ਕਰ ਦਿੱਤਾ। ਮੰਤਰੀ ਦੇ ਬਿਆਨ ਅਤੇ ਬਾਕੀ ਵੇਰਵਿਆਂ ਤੋਂ ਅੰਦਾਜ਼ਾ ਲਾਉਣਾ ਕਾਫੀ ਆਸਾਨ ਹੋ ਗਿਆ ਹੈ। ਦਾਅਵੇ ਨਾਲ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ, ਪਰ ਵੱਧ ਸੰਭਾਵਨਾ ਇਸੇ ਗੱਲ ਦੀ ਹੈ ਕਿ ਅੱਗ ਲਾਉਣ ਵਾਲੀ ਘਟਨਾ ਸੱਚਮੁੱਚ ਵਾਪਰੀ ਹੈ, ਉਸ ਪਿਛੋਂ ਹੀ ਚੀਨੀ ਸੈਨਿਕਾਂ ਨੇ ਭਾਰਤੀ ਸੈਨਿਕਾਂ ‘ਤੇ ਹਮਲਾ ਕੀਤਾ। ਉਂਜ, ਅੱਗ ਵਾਲੀ ਇਸ ਘਟਨਾ ਨੂੰ ਲੁਕਾਉਣ ਦੀ ਲੋੜ ਨਹੀਂ ਸੀ। ਪਿਛਲੇ ਡੇਢ ਮਹੀਨੇ ਤੋਂ ਜਿਹੋ ਜਿਹਾ ਤਣਾਓ ਚੱਲ ਰਿਹਾ ਸੀ ਅਤੇ ਭਾਰਤੀ ਸੈਨਿਕਾਂ ਨੂੰ ਜਿੰਨਾ ਗੁੱਸਾ ਸੀ, ਅਜਿਹਾ ਵਾਪਰਨਾ ਵਾਜਿਬ ਹੀ ਹੈ। ਅਫਸੋਸ ਸਿਰਫ ਇਸ ਗੱਲ ਦਾ ਹੈ ਕਿ ਇਹ ਘਟਨਾ ਟਲ ਵੀ ਸਕਦੀ ਸੀ।
ਸਰਹੱਦ ‘ਤੇ ਹਾਲਤ ਵਿਸਫੋਟਕ ਹੈ। ਦੋਵੇਂ ਧਿਰਾਂ ਅੰਦਰ ਜੰਗੀ ਤਿਆਰੀਆਂ ਜ਼ੋਰਾਂ ‘ਤੇ ਹਨ। ਦੋਵਾਂ ਨੇ ਥਲ ਸੈਨਾ ਦੇ ਨਾਲ-ਨਾਲ ਨੇਵੀ ਅਤੇ ਏਅਰਫੋਰਸ ਨੂੰ ਵੀ ਅਲਰਟ ਜਾਰੀ ਕਰ ਦਿੱਤੇ ਹਨ। ਦੇਸ਼ ਭਰ ਵਿਚ ਚੀਨ ਤੋਂ ਬਦਲਾ ਲੈਣ ਦੀ ਸੁਰ ਉਚੀ ਹੋ ਰਹੀ ਹੈ, ਲਾਜ਼ਮੀ ਹੈ ਕਿ ਚੀਨ ਵਿਚ ਵੀ ਅਜਿਹਾ ਹੀ ਹੋ ਰਿਹਾ ਹੋਵੇਗਾ। ਜ਼ਰਾ ਠੰਢੇ ਮਨ ਨਾਲ ਸੋਚ ਕੇ ਦੇਖੋ ਕਿ ਜੇ ਸੱਚਮੁੱਚ ਹੀ ਜੰਗ ਛਿੜ ਪਈ ਤਾਂ ਕੀ ਹਸ਼ਰ ਹੋਵੇਗਾ! ਦੋਹੀਂ ਪਾਸੀਂ ਲਾਸ਼ਾਂ ਦੇ ਢੇਰ ਲੱਗਣ ਦੇ ਬਾਵਜੂਦ ਖੱਟਣ-ਖਟਾਉਣ ਨੂੰ ਕੁਝ ਵੀ ਨਹੀਂ। ਇਥੇ ਕੌਮਾਂਤਰੀ ਕਮਿਊਨਿਸਟ ਲੀਡਰ ਲੈਨਿਨ ਦੇ ਜੰਗ ਪ੍ਰਤੀ ਵਿਚਾਰਾਂ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ।
ਲੈਨਿਨ ਨੇ ਕਿਹਾ ਕਿ ਜੰਗ ਪ੍ਰਤੀ ਰਵੱਈਏ ਅਤੇ ਨੀਤੀ ਨੂੰ ਤੈਅ ਕਰਨ ਤੋਂ ਪਹਿਲਾਂ ਦੇਖਣਾ ਪਵੇਗਾ ਕਿ ਜੰਗ ਹੱਕੀ ਹੈ ਜਾਂ ਨਿਹੱਕੀ। ਜ਼ਰੂਰੀ ਹੈ ਜਾਂ ਗੈਰ-ਜ਼ਰੂਰੀ। ਕਿਸੇ ਧਿਰ ਦਾ ਠੀਕ ਜਾਂ ਗਲਤ ਹੋਣਾ ਇਸ ਤੱਥ ਤੋਂ ਤੈਅ ਨਹੀਂ ਹੁੰਦਾ ਕਿ ਪਹਿਲੀ ਗੋਲੀ ਕਿਸ ਨੇ ਚਲਾਈ, ਸਗੋਂ ਇਸ ਸੱਚਾਈ ਤੋਂ ਤੈਅ ਹੁੰਦਾ ਹੈ ਕਿ ਜੰਗ ਕਿਸ ਮਕਸਦ ਦੀ ਪੂਰਤੀ ਲਈ ਲੜੀ ਜਾ ਰਹੀ ਹੈ। ਜੰਗ ਵਿਚ ਕਿਸ ਜਮਾਤ ਜਾਂ ਦੇਸ਼ ਦੇ ਹਿੱਤ ਛੁਪੇ ਹੋਏ ਹਨ।
ਵੈਸੇ ਤਾਂ ਚੀਨ ਅਤੇ ਭਾਰਤ ਦਾ ਬਾਰਡਰ 3500 ਕਿਲੋਮੀਟਰ ਦੇ ਕਰੀਬ ਹੈ, ਪਰ ਅਰੁਣਾਚਲ ਪ੍ਰਦੇਸ਼, ਉਤਰਾਖੰਡ ਅਤੇ ਲੱਦਾਖ ਅਜਿਹਾ ਏਰੀਆ ਹੈ, ਜਿਸ ‘ਤੇ ਭਾਰਤ ਅਤੇ ਚੀਨ ਦੋਵੇਂ ਹੀ ਆਪਣੇ ਦੇਸ਼ ਦਾ ਹਿੱਸਾ ਹੋਣ ਦਾ ਦਾਅਵਾ ਕਰਦੇ ਹਨ, ਪਰ ਤਾਜ਼ਾ ਲੜਾਈ ਦੇ ਕੇਂਦਰ, ਪੂਰਬੀ ਲੱਦਾਖ ਦੇ ਚਾਰ ਖੇਤਰ-ਗਲਵਾਨ ਵਾਦੀ, ਹੌਟ ਸਪਰਿੰਗਜ਼, ਦੇਪਸਾਂਗ ਅਤੇ ਪੈਂਗੌਂਗ ਝੀਲ ਬਣੇ ਹੋਏ ਹਨ। ਔਸਤਨ 14,000 ਫੁੱਟ ਦੀ ਉਚਾਈ ਵਾਲਾ ਇਹ ਉਚ-ਹਿਮਾਲਿਆਈ ਇਲਾਕਾ ਬਰਫੀਲਾ ਮਾਰੂਥਲ ਹੈ। ਗਰਮੀਆਂ ਵਿਚ ਵੀ ਬਰਫ ਨਾਲ ਢਕਿਆ ਰਹਿੰਦਾ ਹੈ ਅਤੇ ਮਾਈਨਸ ਡਿਗਰੀ ਤੱਕ ਠੰਢਾ ਰਹਿਣ ਕਰ ਕੇ ਮਨੁੱਖੀ ਵਸੇਬੇ ਦੇ ਲਾਇਕ ਨਹੀਂ। ਇਸ ਦੀ ਉਚਾਈ ਉਸ ਉਚਾਈ ਨਾਲੋਂ ਵੀ ਦੁੱਗਣੀ ਹੈ, ਜਿਸ ਉਚਾਈ ‘ਤੇ ਜਾ ਕੇ ਮਨੁੱਖ ਲੰਗੜਾ ਕੇ ਤੁਰਨ ਲੱਗ ਪੈਂਦਾ ਹੈ। ਜਿਥੇ ਜਾ ਕੇ ਮਨੁੱਖ ਬਹੁਤ ਹੀ ਨਿਰਬਲ ਤੇ ਥੱਕਿਆ ਮਹਿਸੂਸ ਕਰਦਾ ਹੈ ਅਤੇ ਉਲਟੀਆਂ ਲੱਗ ਜਾਂਦੀਆਂ ਹਨ। ਦੋਹਾਂ ਦੇਸ਼ਾਂ ਲਈ ਇਸ ਇਲਾਕੇ ਦੀ ਸਿਰਫ ਯੁਧਨੀਤਕ ਮਹੱਤਤਾ ਹੈ, ਪਰ ਜੇ ਪੱਕੀ ਜੰਗਬੰਦੀ ਹੋ ਜਾਵੇ ਤਾਂ ਦੋਹਾਂ ਦੇਸ਼ਾਂ ਲਈ ਇਸ ਦੀ ਕੀਮਤ ਜ਼ੀਰੋ ਹੋ ਜਾਂਦੀ ਹੈ।
ਸਭ ਨੂੰ ਪਤਾ ਹੈ ਕਿ ਬਾਰਡਰ ਸਬੰਧੀ ਭਾਰਤ ਨਾਲ ਵਿਵਾਦ ਆਜ਼ਾਦੀ ਤੋਂ ਕੁਝ ਸਾਲ ਬਾਅਦ ਹੀ ਖੜ੍ਹਾ ਹੋ ਗਿਆ ਸੀ। ਪਿਛਲੇ 70 ਸਾਲਾਂ ਦੌਰਾਨ ਦੋਹਾਂ ਦੇਸ਼ਾਂ ਦੇ ਸਬੰਧ ਵਿਚ ਕਈ ਉਤਰਾ-ਚੜ੍ਹਾਅ ਵੀ ਆਏ ਅਤੇ ਇਸ ਝਗੜੇ ਨੂੰ ਲੈ ਕੇ ਮੀਟਿੰਗਾਂ ਤੇ ਡਿਪਲੋਮੈਟਿਕ ਪੱਧਰ ‘ਤੇ ਗੱਲਬਾਤ ਵੀ ਹੁੰਦੀ ਰਹੀ, ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਸਿਆਣੇ ਕਹਿੰਦੇ ਹਨ ਕਿ ਕਿਸੇ ਵੀ ਮਸਲੇ ਦਾ ਹੱਲ ਮਸਲੇ ਦੇ ਅੰਦਰ ਹੀ ਛੁਪਿਆ ਹੁੰਦਾ ਹੈ, ਲੋੜ ਸਿਰਫ ਹਕੀਕਤ ਨੂੰ ਪਛਾਣਨ ਅਤੇ ਹੱਲ ਲਈ ਸੰਜੀਦਾ ਕੋਸ਼ਿਸ਼ਾਂ ਦੀ ਹੁਮਦਿ ਹੈ। ਕਹਿਣ ਨੂੰ ਤਾਂ ਦੋਵੇਂ ਦੇਸ਼ ਇਨ੍ਹਾਂ ਇਲਾਕਿਆਂ ਨੂੰ ਸਿਰਫ ਉਸ ਇਕੱਲੇ ਦੇ ਹੋਣ ਦਾ ਦਾਅਵਾ ਕਰਦੇ ਹਨ, ਪਰ ਵਿਹਾਰਕ ਤੌਰ ‘ਤੇ ਉਹ ਇਸ ਨੂੰ ਰੌਲੇਵਾਲਾ ਇਲਾਕਾ ਹੀ ਸਮਝਦੇ ਹਨ। ਕੌੜੀ ਹਕੀਕਤ ਇਹ ਵੀ ਹੈ ਕਿ ਕੁਝ ਲੈ-ਦੇ ਕੀਤੇ ਬਿਨਾ ਝਗੜਾ ਮੁੱਕ ਨਹੀਂ ਸਕਦਾ।
ਅੱਜ ਵਾਂਗ 1962 ਦੀ ਜੰਗ ਤੋਂ ਪਹਿਲਾਂ ਵਾਲੇ ਸਾਲਾਂ ਵਿਚ ਵੀ ਮਾਹੌਲ ਬਹੁਤ ਤਣਾਅਪੂਰਨ ਸੀ। ਕੌਮਾਂਤਰੀ ਮਸ਼ਹੂਰੀ ਵਾਲੇ ਮਰਹੂਮ ਪੱਤਰਕਾਰ ਕੁਲਦੀਪ ਨਈਅਰ ਮੁਤਾਬਕ ਨਹਿਰੂ ਵਜ਼ਾਰਤ ਦੇ ਵਿਦੇਸ਼ ਮੰਤਰੀ ਕ੍ਰਿਸ਼ਨਾ ਮੈਨਨ ਨੇ ਜਨੇਵਾ ਵਿਚ ਚੀਨ ਦੇ ਵਿਦੇਸ਼ ਮੰਤਰੀ ਚੇਨਯੀ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਭਾਰਤ ਅਕਸਾਈ ਚਿੰਨ ਅਤੇ ਸੜਕ ਨਾਲ ਲਗਦੇ 10 ਮੀਲ ਲੰਮੇ ਖੇਤਰ ‘ਤੇ ਚੀਨ ਦਾ ਕਬਜ਼ਾ ਪ੍ਰਵਾਨ ਕਰ ਸਕਦਾ ਹੈ, ਬਸ਼ਰਤੇ ਇਵਜ਼ ਵਿਚ ਚੀਨ ਅਧਿਕਾਰਤ ਤੌਰ ‘ਤੇ ਮੈਕਮੋਹਨ ਲਾਈਨ ਅਤੇ ਬਾਕੀ ਦੇ ਲੱਦਾਖ ‘ਤੇ ਭਾਰਤ ਦੇ ਅਧਿਕਾਰ ਨੂੰ ਕਬੂਲ ਕਰੇ। ਚੀਨ ਨੇ ਕ੍ਰਿਸ਼ਨਾ ਮੈਨਨ ਦਾ ਸੁਝਾਅ ਮੰਨ ਲਿਆ, ਪਰ ਪਤਾ ਲੱਗਣ ‘ਤੇ ਭਾਰਤੀ ਰੱਖਿਆ ਮੰਤਰੀ ਕੇ. ਸੀ. ਪੰਤ ਆਕੜ ਗਿਆ। ਕੈਬਨਿਟ ਮੀਟਿੰਗ ਵਿਚ ਹੋਈ ਬਹਿਸ ਦੌਰਾਨ ਕੇ. ਸੀ. ਪੰਤ ਨੇ ਕਿਹਾ ਕਿ ਚੀਨ ਨੂੰ ਇਹ ਇਲਾਕਾ ਪੱਕੇ ਤੌਰ ‘ਤੇ ਦੇਣਾ ਤਾਂ ਦੂਰ ਦੀ ਗੱਲ, ਅਸੀਂ ਇਹ ਇਲਾਕਾ ਉਸ ਨੂੰ ਲੀਜ਼ ‘ਤੇ ਵੀ ਨਹੀਂ ਦੇ ਸਕਦੇ। ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਿਤ ਦੀ ਰੱਖਿਆ ਮੰਤਰੀ ਨੂੰ ਪੂਰੀ ਹਮਾਇਤ ਸੀ, ਕਿਉਂਕਿ ਦੋਵੇਂ ਹੀ ਸਮਝਦੇ ਸਨ ਕਿ ਵਿਦੇਸ਼ ਮੰਤਰੀ ਕ੍ਰਿਸ਼ਨਾ ਮੈਨਨ ਅੰਦਰੋਂ ਕਮਿਊਨਿਸਟ ਹੈ। ਸੋ, ਤਜਵੀਜ਼ ਰੱਦ ਕਰ ਦਿੱਤੀ ਗਈ।
ਕੁਲਦੀਪ ਨਈਅਰ ਤਾਂ ਇਹ ਵੀ ਲਿਖਦਾ ਹੈ ਕਿ ਪੋਲੈਂਡ ਦੇ ਰਾਜਦੂਤ (ਜਿਸ ਨਾਲ ਉਸ ਦੇ ਨੇੜਲੇ ਸਬੰਧ ਸਨ) ਨੇ ਉਸ ਨੂੰ ਕਿਹਾ ਕਿ ਚੀਨ ਵਲੋਂ ਜਿਸ ਇਲਾਕੇ ‘ਤੇ ਦਾਅਵਾ ਕੀਤਾ ਜਾ ਰਿਹਾ ਹੈ, ਉਸ ਬਾਰੇ ਦੋਵੇਂ ਦੇਸ਼ਾਂ ਵਿਚੋਂ ਕਿਸੇ ਨੂੰ ਵੀ ਪੱਕਾ ਪਤਾ ਨਹੀਂ ਕਿ ਇਸ ‘ਤੇ ਕਿਸੇ ਦਾ ਕਬਜ਼ਾ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤ ਵਲੋਂ ਜਿਸ ਇਲਾਕੇ ‘ਤੇ ਦਾਅਵਾ ਕੀਤਾ ਜਾ ਰਿਹਾ ਹੈ, ਉਸ ਉਤੇ ਬਰਤਾਨੀਆਂ ਨੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਸੀ, ਇਸ ਲਈ ਕੋਈ ਵੀ ਤਾਕਤ ਇਸ ਸਾਮਰਾਜੀ ਰੇਖਾ ਨੂੰ ਕਿਵੇਂ ਪ੍ਰਵਾਨ ਕਰ ਸਕਦੀ ਹੈ। ਉਸ ਨੇ ਇਹ ਵੀ ਦੱਸਿਆ ਕਿ ਸਾਰੇ ਸਮਾਜਵਾਦੀ ਦੇਸ਼ ਇਸ ਮਸਲੇ ‘ਤੇ ਚੀਨ ਦੇ ਨਾਲ ਹਨ। ਇਸ ਲਈ ਭਾਰਤ ਨੂੰ ਇਹ ਪੇਸ਼ਕਸ਼ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਕੁਲਦੀਪ ਨਈਅਰ ਮੁਤਾਬਕ, ਉਸ ਦੇ ਕਹਿਣ ‘ਤੇ ਉਹਨੇ ਕੇ. ਸੀ. ਪੰਤ ਨਾਲ ਇਸ ਬਾਰੇ ਗੱਲ ਕੀਤੀ, ਪਰ ਉਹ ਸੁਣ ਕੇ ਚੁੱਪ ਹੀ ਰਿਹਾ। ਉਸ ਤੋਂ ਬਾਅਦ ਵੀ ਕਈ ਮੌਕੇ ਆਏ ਹਨ, ਜਦੋਂ ਚੀਨ ਨੇ ਮਸਲਾ ਨਿਬੇੜਨ ਲਈ ਗੱਲਬਾਤ ਦੀ ਪੇਸ਼ਕਸ਼ ਕੀਤੀ, ਪਰ ਗੱਲ ਅਗਾਂਹ ਨਹੀਂ ਤੁਰੀ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਰਹਿ ਚੁਕੇ ਸਹਾਇਕ ਅਤੇ ਬਾਅਦ ਵਿਚ ਨਿਊ ਸਾਊਥ ਏਸ਼ੀਆ ਸੰਸਥਾ ਦੇ ਫਾਊਂਡਰ ਸੁਧੀਂਦਰਾ ਕੁਲਕਰਨੀ ਦੀ ਲਿਖਤ ਮੁਤਾਬਕ, ਮਾਉ ਤਸੇ ਤੁੰਗ ਦੀ ਮੌਤ ਪਿਛੋਂ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਲੀਡਰ ਡੈਂਗ ਸਿਆਓ ਪੈਂਗ ਨੇ 1979 ਵਿਚ ਚੀਨ ਦੇ ਦੌਰੇ ‘ਤੇ ਗਏ ਭਾਰਤ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਗੱਲਬਾਤ ਦੌਰਾਨ ਸਰਹੱਦੀ ਝਗੜਾ ਨਿਬੇੜਨ ਦੀ ਪੇਸ਼ਕਸ਼ ਕੀਤੀ ਸੀ। ਉਸ ਪਿਛੋਂ ਵੀ 1982 ਵਿਚ ਇਹੀ ਪੇਸ਼ਕਸ਼ ਚੀਨ ਵਿਚ ਭਾਰਤੀ ਰਾਜਦੂਤ ਜੀ. ਪਾਰਥਾਸਾਰਥੀ ਕੋਲ ਦੁਹਰਾਈ ਗਈ। ਫਿਰ 1983 ਵਿਚ ਚੀਨ ਦੇ ਪ੍ਰਧਾਨ ਮੰਤਰੀ ਜਾਓ ਜਿਆਨ ਨੇ ਭਾਰਤੀ ਰਾਜਦੂਤ ਏ. ਪੀ. ਵੈਂਕਟੇਸ਼ਵਰਨ ਨਾਲ ਇਸੇ ਪੇਸ਼ਕਸ ‘ਤੇ ਗੱਲ ਕੀਤੀ ਤਾਂ ਕਿ ਬਾਰਡਰ ਝਗੜਾ ਖਤਮ ਕੀਤਾ ਜਾਵੇ, ਪਰ ਇੰਦਰਾ ਇਨ੍ਹਾਂ ਮੌਕਿਆਂ ਦਾ ਫਾਇਦਾ ਉਠਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ। ਕੁਲਕਰਨੀ ਮੁਤਾਬਕ, ਚੀਨ ਆਪਣੇ ਵਲੋਂ ਪੇਸ਼ ਕੀਤੀ ਪੈਕੇਜ ਡੀਲ ਵਿਚ ਤਰਮੀਮ ਕਰਨ ਅਤੇ ਅਕਸਾਈ ਚਿੰਨ ਦਾ ਕੁਝ ਹੋਰ ਇਲਾਕਾ ਛੱਡਣ ਲਈ ਵੀ ਤਿਆਰ ਹੋ ਗਿਆ ਸੀ, ਪਰ ਇੰਦਰਾ ਗਾਂਧੀ ਇਸ ਮਸਲੇ ਨੂੰ ਲਟਕਾ ਕੇ 1985 ਦੀਆਂ ਚੋਣਾਂ ਤੱਕ ਲਿਜਾਣਾ ਚਾਹੁੰਦੀ ਸੀ। 1984 ਵਿਚ ਉਸ ਦਾ ਕਤਲ ਹੋ ਗਿਆ ਤਾਂ ਮਸਲਾ ਫਿਰ ਠੰਢੇ ਬਸਤੇ ਵਿਚ ਪੈ ਗਿਆ।
2018 ਵਿਚ ਨਰਿੰਦਰ ਮੋਦੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਹੋਈ। ਗੱਲਬਾਤ ਦੇ ਅੰਤ ‘ਤੇ ਦੋਹਾਂ ਵਿਚਾਲੇ ਸਹਿਮਤੀ ਬਣੀ ਕਿ ਛੇਤੀ ਹੀ ਭਾਰਤ-ਚੀਨ ਬਾਰਡਰ ਬਾਰੇ ਵਾਜਿਬ ਅਤੇ ਸੰਤੋਖਜਨਕ ਹੱਲ ਲੱਭਣਾ ਚਾਹੀਦਾ ਹੈ, ਜੋ ਦੋਹਾਂ ਧਿਰਾਂ ਨੂੰ ਮਨਜ਼ੂਰ ਹੋਵੇ। 2014 ਤੋਂ ਹੁਣ ਤੱਕ 6 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨੀ ਅਧਿਕਾਰੀਆਂ ਨਾਲ 18 ਮਿਲਣੀਆਂ ਹੋ ਚੁਕੀਆਂ ਹਨ। ਕੀ ਕਦੇ ਸਰਹੱਦੀ ਝਗੜੇ ਨੂੰ ਨਿਬੇੜਨ ਬਾਰੇ ਵੀ ਕੋਈ ਕੋਸ਼ਿਸ਼ ਹੋਈ? ਕੋਈ ਨਹੀਂ ਜਾਣਦਾ।
ਅਕਤੂਬਰ 2019 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਨੇ ਸਾਂਝੇ ਤੌਰ ‘ਤੇ ਬਿਆਨ ਜਾਰੀ ਕੀਤਾ ਕਿ ਅਗਲੇ ਸਾਲ ਤੱਕ ਆਪਸੀ ਸਬੰਧਾਂ ਨੂੰ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸਾਂਝ ਨੂੰ ਪੱਕਿਆਂ ਕਰਨ ਲਈ ਵਪਾਰ, ਮਿਲਟਰੀ ਅਤੇ ਪੁਰਾਤਨ-ਸਭਿਆਚਾਰਕ ਸਾਂਝ ਵਗੈਰਾ ਬਾਰੇ 70 ਸਰਗਰਮੀਆਂ ਦੀ ਲਿਸਟ ਬਣਾਈ ਸੀ। ਕੀ ਪਤਾ ਸੀ ਕਿ ਆਪਸੀ ਸਬੰਧ ਬੁਲੰਦੀਆਂ ਦੀ ਥਾਂ ਡੂੰਘੀਆਂ ਨਿਵਾਣਾਂ ਤੱਕ ਧਸ ਜਾਣਗੇ!
ਇੰਜ ਲਗਦਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਦੁਵੱਲੇ ਸਬੰਧਾਂ ਨੂੰ ਸਿਖਰਾਂ ‘ਤੇ ਪਹੁੰਚਾਉਣ ਦੀਆਂ ਗੱਲਾਂ ਕਰ ਰਹੇ ਸਨ, ਅੰਦਰੋਂ ਉਹ ਜ਼ਰੂਰ ਜਾਣਦੇ ਹੋਣਗੇ ਕਿ ਸਬੰਧਾਂ ਵਿਚ ਪਿਛਲਮੋੜਾ ਤਾਂ ਸ਼ੁਰੂ ਹੋ ਚੁਕਾ ਹੈ। ਅਮਰੀਕਾ ਦੀ ਅਗਵਾਈ ਵਾਲਾ ਸਾਮਰਾਜੀ ਗੁੱਟ, ਖਾਸ ਕਰ ਕੇ ਅਮਰੀਕਾ, ਆਸਟਰੇਲੀਆ ਤੇ ਜਪਾਨ ਨਾਲ ਭਾਰਤ ਦੀ ਵਧ ਰਹੀ ਨੇੜਤਾ ਤੋਂ ਚੀਨ ਫਿਕਰਮੰਦ ਸੀ। ਭਾਰਤ ਦੇ ਪਾਕਿਸਤਾਨ ਪ੍ਰਤੀ ਸਖਤ ਰਵੱਈਏ, ਕਸ਼ਮੀਰ ਵਿਚ ਧਾਰਾ 370 ਨੂੰ ਖਤਮ ਕਰਨ ਅਤੇ ਕਸ਼ਮੀਰ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਕਾਰਵਾਈ ਨੂੰ ਚੀਨ ਨੇ ਖਤਰੇ ਦੀ ਘੰਟੀ ਸਮਝਿਆ। ਕਰੋਨਾ ਬਾਰੇ ਡਬਲਿਊ. ਐਚ. ਓ. ਦੀ ਮੀਟਿੰਗ ਵਿਚ ਭਾਰਤ ਦੀ ਚੀਨ ਵਿਰੋਧੀ ਵੋਟ ਨੇ ਬਲਦੀ ‘ਤੇ ਤੇਲ ਦਾ ਕੰਮ ਕੀਤਾ। ਪਾਕਿਸਤਾਨ ਅਤੇ ਚੀਨ ਤੋਂ ਇਲਾਕੇ ਵਾਪਿਸ ਲੈਣ ਬਾਰੇ ਕੁਝ ਭਾਰਤੀ ਲੀਡਰਾਂ ਦੀਆਂ ਫੋਕੀਆਂ ਬੜ੍ਹਕਾਂ ਨੇ ਵੀ ਰਿਸ਼ਤਿਆਂ ਦੇ ਮਾਮਲੇ ਵਿਚ ਨਾਂਹ-ਪੱਖੀ ਰੋਲ ਹੀ ਨਿਭਾਇਆ ਲਗਦਾ ਹੈ। 15 ਜੂਨ ਦੀ ਖੂਨੀ ਝੜਪ ਦੋਹਾਂ ਦੇਸ਼ਾਂ ਵਿਚ ਪੈਦਾ ਹੋ ਚੁਕੀ ਬੇਪ੍ਰਤੀਤੀ ਦਾ ਸਿਖਰ ਸੀ।
ਸਰਹੱਦ ‘ਤੇ ਸਥਿਤੀ ਬਹੁਤ ਨਾਜ਼ੁਕ ਅਤੇ ਵਿਸਫੋਟਕ ਹੈ। ਦੋਹਾਂ ਦੇਸ਼ਾਂ ਦਰਮਿਆਨ ਡਿਪਲੋਮੇਸੀ ਅਤੇ ਮਿਲਟਰੀ ਪੱਧਰ ‘ਤੇ ਮੀਟਿੰਗਾਂ ਦਾ ਦੌਰ ਜਾਰੀ ਹੈ, ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗ ਰਹੀ। ਦੋਹਾਂ ਧਿਰਾਂ ਵਿਚੋਂ ਜੰਗ ਕੋਈ ਵੀ ਨਹੀਂ ਚਾਹੁੰਦਾ, ਪਰ ਜਿਸ ਪੱਧਰ ‘ਤੇ ਦੋਹਾਂ ਨੇ ਜੰਗੀ ਤਿਆਰੀਆਂ ਕਰ ਲਈਆਂ ਹਨ, ਉਨ੍ਹਾਂ ਨੂੰ ਦੇਖ ਕੇ ਡਰ ਲੱਗਦਾ ਹੈ ਕਿ ਕਿਧਰੇ ਕੋਈ ਧਿਰ ਡਰ ਅਤੇ ਗਲਤਫਹਿਮੀ ਵਿਚੋਂ ਕੋਈ ਗਲਤ ਕਦਮ ਨਾ ਚੁੱਕ ਲਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਲੇਹ ਦਾ ਦੌਰਾ ਕੀਤਾ ਹੈ। ਸੁਰੱਖਿਆ ਬਲਾਂ ਨੂੰ ਸੰਬੋਧਨ ਸਮੇਂ ਉਸ ਨੇ ਚੀਨ ਖਿਲਾਫ ਸਖਤ ਬਿਆਨ ਦਿੱਤਾ ਹੈ। ਬਿਆਨ ਤਾਂ ਇਸ ਤੋਂ ਵੀ ਕਿਤੇ ਵੱਧ ਸਖਤ ਦਿੱਤਾ ਜਾ ਸਕਦਾ ਸੀ, ਪਰ ਇਸ ਮੌਕੇ ਜਦੋਂ ਸਰਹੱਦੀ ਤਣਾਓ ਘਟਾਉਣ ਲਈ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅਤੇ ਦੋਹਾਂ ਧਿਰਾਂ ਵਿਚਾਲੇ ਬੇਵਿਸਾਹੀ ਸਿਖਰ ‘ਤੇ ਹੈ ਤਾਂ ਅਜਿਹਾ ਸਖਤ ਬਿਆਨ ਬੇਮੌਕਾ ਲਗਦਾ ਹੈ। ਸਮੇਂ ਦੀ ਲੋੜ ਹੈ ਕਿ ਧਿਆਨ ਅਜਿਹੀਆਂ ਕੋਸ਼ਿਸ਼ਾਂ ‘ਤੇ ਕੇਂਦ੍ਰਿਤ ਕੀਤਾ ਜਾਵੇ ਕਿ ਸਖਤ ਬਿਆਨ ਦੇਣ ਦੀ ਲੋੜ ਹੀ ਨਾ ਪਵੇ।
ਜ਼ਰਾ ਕਿਆਸ ਕਰ ਕੇ ਦੇਖੋ ਕਿ ਅਜੇ ਤੱਕ ਤਾਂ ਛੋਟੀਆਂ-ਮੋਟੀਆਂ ਝੜਪਾਂ ਹੀ ਹੋ ਰਹੀਆਂ ਹਨ, ਜੇ ਕਿਤੇ ਪੂਰੀ-ਸੂਰੀ ਜੰਗ ਲੱਗ ਜਾਂਦੀ ਹੈ ਤਾਂ ਕੀ ਬਣੇਗਾ? ਦੋਹੀਂ ਪਾਸੀਂ ਮਰਨਾ ਤਾਂ ਰੋਜ਼ੀ-ਰੋਟੀ ਲਈ ਭਰਤੀ ਹੋਏ ਗਰੀਬਾਂ ਨੇ ਹੀ ਹੈ। ਭੇੜ ਸਾਨ੍ਹਾਂ ਦਾ, ਉਜਾੜਾ ਲੋਕਾਂ ਦਾ!