ਪ੍ਰਭਸ਼ਰਨ-ਭਰਾਵਾਂ ਦੀ ਰੌਂਗ ਐਂਟਰੀ: ਸੰਤਾਂ ਦੇ ਅਸਲ ਵਾਰਸ ਹੋਣ ਦਾ ਰੌਲਾ

‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ ਵਿਚ ਪ੍ਰਭਸ਼ਰਨ-ਭਰਾਵਾਂ ਬਾਰੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਦੀ ਇਕ ਲਿਖਤ ਛਾਪੀ ਸੀ। ਉਸੇ ਅੰਕ ਵਿਚ ਜੂਨ 1984 ਦੇ ਸਾਕੇ ਬਾਰੇ ਪ੍ਰਭਸ਼ਰਨਦੀਪ ਸਿੰਘ ਦੇ ਵਿਚਾਰ ਵੀ ਛਾਪੇ ਸਨ, ਜਿਸ ਵਿਚ ਉਨ੍ਹਾਂ ਭਾਰਤੀ ਸਟੇਟ ਤੇ ਸਰਕਾਰ ਦੇ ਨਾਲ-ਨਾਲ ਖੱਬੇ-ਪੱਖੀਆਂ ਨੂੰ ਆਪਣੀ ਕਲਮ ਦੀ ਨੋਕ ‘ਤੇ ਰੱਖਿਆ ਸੀ ਅਤੇ ਖੱਬੇ ਵਿਚਾਰਾਂ ਦੇ ਰਾਹੀ ਰਹੇ ਸਿੱਖ ਵਿਦਵਾਨਾਂ ‘ਤੇ ਵੀ ਤਨਜ਼ ਕੱਸੀ ਸੀ। ਕਰਮਜੀਤ ਸਿੰਘ ਦੀ ਲਿਖਤ ‘ਖਾਲਿਸਤਾਨ ਦਾ ਐਲਾਨਨਾਮਾ:

ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ, ਨਵੀਂ ਬਹਾਰ’ ਨਾਲ ਸ਼ੁਰੂ ਹੋਏ ਇਸ ਬਹਿਸ-ਮੁਬਾਹਿਸੇ ਦੌਰਾਨ ਪਿਛਲੇ ਅੰਕਾਂ ਵਿਚ ਅਸੀਂ ਵੱਖ ਵੱਖ ਪ੍ਰਤੀਕਰਮ ਛਾਪ ਚੁਕੇ ਹਾਂ। ਇਸ ਅੰਕ ਵਿਚ ਅਸੀਂ ਹਜ਼ਾਰਾ ਸਿੰਘ ਮਿਸੀਸਾਗਾ, ਹਰਜੀਤ ਦਿਓਲ ਬਰੈਂਪਟਨ, ਡਾ. ਗੁਰਨਾਮ ਕੌਰ ਅਤੇ ਅਮਰਜੀਤ ਸਿੰਘ ਮੁਲਤਾਨੀ ਦੇ ਪ੍ਰਤੀਕਰਮ ਛਾਪ ਰਹੇ ਹਾਂ। ਇਸ ਪ੍ਰਸੰਗ ਵਿਚ ਆAੁਂਦੇ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।-ਸੰਪਾਦਕ

ਹਜ਼ਾਰਾ ਸਿੰਘ, ਮਿਸੀਸਾਗਾ
ਫੋਨ: 905-795-3428
ਪ੍ਰਭਸ਼ਰਨ ਭਰਾ ਸਿੱਖ ਮਸਲਿਆਂ ਅਤੇ ਚਿੰਤਨ ਬਾਰੇ ਲਿਖਦੇ ਅਤੇ ਬੋਲਦੇ ਆ ਰਹੇ ਹਨ। ਯੂਨੀਵਰਸਿਟੀਆਂ ਦੀ ਉੱਚ ਵਿੱਦਿਆ ਦੇ ਨਾਲ ਨਾਲ ਪੜ੍ਹਨ-ਪੜ੍ਹਾਉਣ ਦੇ ਖੇਤਰ ਨਾਲ ਜੁੜੇ ਹੋਣ ਕਾਰਨ ਕਈ ਚਿਰਾਂ ਤੋਂ ਹੀ ਜਾਪਦਾ ਸੀ ਕਿ ਇਹ ਦੋਵੇ ਨੌਜੁਆਨ ਸਿੱਖ ਹਲਕਿਆਂ ਅੰਦਰ ਬੁੱਧੀਜੀਵਆਂ ਵਜੋਂ ਪ੍ਰਵਾਨ ਚੜ੍ਹਨਗੇ। ਕੁੱਝ ਹਫਤਿਆਂ ਤੋਂ ਇਨ੍ਹਾਂ ਦੀਆਂ ਲਿਖਤਾਂ ਵੀ ਵਧੇਰੇ ਗਿਣਤੀ ਵਿਚ ਆਈਆਂ ਅਤੇ ਆਈਆਂ ਵੀ ਕਈ ਸਵਾਲ ਅਤੇ ਕਈ ਵਿਵਾਦ ਲੈ ਕੇ। ਜਿਸ ਕਾਰਨ ਇਨ੍ਹਾਂ ਨੌਜੁਆਨਾਂ ਦਾ ਸਿੱਖ ਹਲਕਿਆਂ ਅੰਦਰ ਚਰਚਾ ਵੀ ਤੇਜ ਹੋ ਰਿਹਾ ਹੈ। ਇਸ ਚਰਚੇ ਦੌਰਾਨ ਹੀ ਪੱਤਰਕਾਰ ਕਰਮਜੀਤ ਸਿੰਘ ਦਾ ਇੱਕ ਵਿਸ਼ਾਲ ਲੇਖ, ‘ਸਿੱਖ ਬੁੱਧੀਜੀਵੀਆਂ ਵਿਚ ਪ੍ਰਭਸ਼ਰਨ ਭਰਾਵਾਂ ਦਾ ਸਥਾਨ ਅਤੇ ਮਹੱਤਤਾ’, ਛਪਿਆ। ਕਰਮਜੀਤ ਸਿੰਘ ਹੁਰਾਂ ਦਾ ਇਹ ਲੇਖ ਪ੍ਰਭਸ਼ਰਨ ਭਰਾਵਾਂ ਨੂੰ ਸਿੱਖ ਵਿਹੜੇ ਅੰਦਰ ਬੁੱਧੀਜੀਵਆਂ ਵਜੋਂ ਸਥਾਪਿਤ ਕਰਨ ਲਈ ਕੀਤੀ ਗਈ ਠੋਸ ਹਮਾਇਤ ਹੈ। ਜੇਕਰ ਪ੍ਰਭਸ਼ਰਨ ਭਰਾਵਾਂ ਦੀਆਂ ਲਿਖਤਾਂ ਬਾਰੇ ਮਾਹੌਲ ਵਿਚ ਤਣਾਓ ਨਾ ਹੁੰਦਾ ਤਾਂ ਇਹ ਹਮਾਇਤੀ ਲੇਖ ਹੋਰ ਵੀ ਕਾਰਗਰ ਸਾਬਿਤ ਹੋਣਾ ਸੀ। ਹੁਣ ਇਸ ਲੇਖ ਦਾ ਬਹੁਤਾ ਅਸਰ ਮੌਜੂਦਾ ਵਾਦ-ਵਿਵਾਦ ਵਿਚ ਇੱਕ ਧਿਰ ਨਾਲ ਡਟ ਕੇ ਖਲੋਣ ਤੱਕ ਮਹਿਦੂਦ ਹੋ ਕੇ ਰਹਿ ਜਾਏਗਾ।
ਪਿਛਲੇ ਕੁੱਝ ਵਰ੍ਹਿਆਂ ਤੋਂ ਪ੍ਰਭਸ਼ਰਨ ਭਰਾ ਸਿੱਖ ਹਲਕਿਆਂ ਅੰਦਰ ਬੁੱਧੀਜੀਵੀਆਂ ਵਜੋਂ ਸਥਾਪਿਤ ਹੋਣ ਲਈ ਮਿਹਨਤ ਅਤੇ ਯਤਨ ਕਰਦੇ ਆ ਰਹੇ ਹਨ ਅਤੇ ਕਰਮਜੀਤ ਸਿੰਘ ਹੁਰਾਂ ਵਾਂਗ ਬਹੁਤ ਸਾਰੇ ਹੋਰ ਲੋਕ ਵੀ ਇਨ੍ਹਾਂ ਨੌਜੁਆਨਾਂ ਨੂੰ ਸਿੱਖ ਪਲੇਟਫਾਰਮ ਤੇ ਸਿੱਖ ਬੁੱਧੀਜੀਵੀਆਂ ਵਾਂਗ ਸਥਾਪਿਤ ਹੋਇਆ ਵੇਖਣ ਦੇ ਚਾਹਵਾਨ (ਸਨ) ਹਨ। ਪਰ ਇਹ ਵਿਦਵਾਨ ਆਪਣਾ ਨਰੋਆ, ਤਾਜ਼ਾ ਅਤੇ ਖੁਸ਼ਬੂਦਾਰ ਬਿਰਤਾਂਤ ਪੇਸ਼ ਕਰਕੇ ਸਥਾਪਿਤ ਹੋਣ ਦੀ ਥਾਂ ਪਹਿਲਾਂ ਤੋਂ ਸਥਾਪਿਤ ਹੋਏ ਵਿਦਵਾਨਾਂ ਨੂੰ ਕੂੜਾ ਦੱਸ ਕੇ ਹੂੰਝਣ ਲੱਗ ਪਏ। ਜਿਸ ਤਰ੍ਹਾਂ ਇਹ ਵਿਦਵਾਨ ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸੁਰਜੀਤ ਪਾਤਰ, ਦਲਬੀਰ ਸਿੰਘ ਅਤੇ ਅਜਮੇਰ ਸਿੰਘ ਨੂੰ ਝੰਬ ਕੇ ਆਪਣੇ ਲਈ ਮੈਦਾਨ ਵਿਹਲਾ ਕਰਨ ਲੱਗ ਪਏ, ਉਹ ਤਰੀਕਾ ਬਹੁਤਾ ਕਾਰਗਰ ਨਹੀਂ। ਆਮ ਸਾਧਾਰਨ ਲੋਕਾਂ ਦਾ ਖਿਆਲ ਹੈ ਕਿ ਕਿਸੇ ਲਕੀਰ ਨੂੰ ਮਿਟਾਉਣ ਨਾਲੋਂ ਆਪਣੀ ਲਕੀਰ ਵੱਡੀ ਕਰਨ ਦੇ ਯਤਨ ਹੋਣੇ ਚਾਹੀਦੇ ਹਨ। ਪਰ ਇੱਥੇ ਪਹਿਲੀਆਂ ਲਕੀਰਾਂ ਮਿਟਾਉਣ ਤੇ ਜ਼ੋਰ ਜਿਆਦਾ ਜਾਪਦਾ ਹੈ। ਮਿਸਾਲ ਵਜੋਂ ਡਾ: ਢਿੱਲੋਂ ਬਾਰੇ (ਕਾਫੀ ਸਮਾਂ ਪਹਿਲਾਂ) ਇਹ ਕਹਿਣਾ ਕਿ ਉਸਨੂੰ ਨਾਂ ਅੰਗਰੇਜ਼ੀ ਆਉਂਦੀ ਹੈ ਨਾਂ ਪੰਜਾਬੀ। ਅਜਮੇਰ ਸਿੰਘ ਨੂੰ ਅਨਪੜ੍ਹ ਅਤੇ ਜਾਅਲਸਾਜ਼ ਕਹਿਣਾ। ਇਹ ਵਿਦਵਾਨ ਆਪਣੀਆਂ ਲਿਖਤਾਂ ਪੇਸ਼ ਕਰਦੇ, ਲੋਕ ਆਪੇ ਫੈਸਲਾ ਕਰ ਲੈਂਦੇ ਕਿ ਕੌਣ ਅਨਪੜ੍ਹ ਹੈ ਅਤੇ ਕੌਣ ਵਿਦਵਾਨ। 4 ਜੁਲਾਈ ਦੇ ‘ਪੰਜਾਬ ਟਾਈਮਜ਼’ ‘ਚ ‘ਸਾਲ 84 ਦਾ ਘਲੂਘਾਰਾ: ਬਿਰਤਾਂਤਕ ਹਿੰਸਾ’ ਸਿਰਲੇਖ ਵਾਲੇ ਆਪਣੇ ਅਹਿਮ ਲੇਖ ਵਿਚ ਉਹ ਟਕਸਾਲੀ ਧਿਰਾਂ ਦੇ ਸਤਿਕਾਰਤ ‘ਭਾਅ ਜੀ’ ਦਲਬੀਰ ਸਿੰਘ ਅਤੇ ‘ਭਾਈ’ ਅਜਮੇਰ ਸਿੰਘ ਨੂੰ ‘ਪੁਰਾਣੇ ਸਿੱਕੇਬੰਦ ਕਾਮਰੇਡ’ ਦਸਦਿਆਂ ਉਨ੍ਹਾਂ ਉਪਰ ਸੰਤਾਂ ਦੇ ਸੁਪਨੇ ਨੂੰ ਅੰਦਰੋਂ ਸਾਬੋਤਾਜ ਕਰਨ ਦਾ ਗੰਭੀਰ ਇਲਜ਼ਾਮ ਲਗਾਉਂਦੇ ਹਨ| ਪਰ ਇਹ ਸਤਰਾਂ ਪੜ੍ਹ ਕੇ ਬਹੁਤ ਹਾਸਾ ਆਉਂਦਾ ਹੈ ਕਿ ਜਿਨ੍ਹਾਂ ਹਿਮਾਲੀਅਨ ਉਚਾਈਆਂ ਤੇ ਆਪਣੀਆਂ ਪੁਸਤਕਾਂ ਅਤੇ ਅਨੇਕਾਂ ਪ੍ਰਵਚਨਾਂ ਰਾਹੀਂ ਸੰਤ ਭਿੰਡਰਾਂ ਵਾਲਿਆਂ ਨੂੰ ਇਹ ਦੋਵੇਂ ਕਾਮਰੇਡ ਪਹਿਲਾਂ ਹੀ ਪਹੁੰਚਾਈ ਬੈਠੇ ਹਨ-ਪ੍ਰਭਸ਼ਰਨ ਭਰਾ ਉਨ੍ਹਾਂ ਨੂੰ ਹੋਰ ਉਪਰ ਕਿੱਥੇ ਪਹੁੰਚਾ ਦੇਣਗੇ? ਉਂਜ ਪੰਥਕ ਪਿੜ ਵਿਚ ਜਾਣੇ-ਪਛਾਣੇ ਲੋਕਾਂ ਨੂੰ ਖਦੇੜਨ ਲਈ ਉਨ੍ਹਾਂ ਨੂੰ ਖਾਲਿਸਤਾਨ ਵਿਰੋਧੀ ਜਾਂ ਖਾਲਿਸਤਾਨ ਖਿਲਾਫ ਸਾਜਿਸ਼ਕਾਰ ਵਜੋਂ ਪੇਸ਼ ਕਰਨ ਦਾ ਜੋ ਪੈਂਤੜਾ ਲਿਆ ਗਿਆ, ਇਹ ਕੋਈ ਨਵਾਂ ਨਹੀਂ ਹੈ। ਸਿੱਖਾਂ ਵਿਚ ਆਪਣੇ ਰਾਜਸੀ ਵਿਰੋਧੀਆਂ ਨੂੰ ਏਜੰਸੀਆਂ ਦਾ ਏਜੰਟ ਕਹਿ ਕੇ ਭੰਡਣ ਦੀ ਰੀਤ ਬਹੁਤ ਪੁਰਾਣੀ ਹੈ। ਹੁਣ ਬੁੱਧੀਜੀਵੀਆਂ ਵੱਲੋਂ ਇਸੇ ਖੁੰਢੇ ਹਥਿਆਰ ਦੀ ਵਰਤੋਂ ਦਲਬੀਰ ਸਿੰਘ ਅਤੇ ਅਜਮੇਰ ਸਿੰਘ ਨੂੰ ਖਾਲਿਸਤਾਨ ਵਿਰੋਧੀ ਸਾਬਿਤ ਕਰਨ ਲਈ ਕਰ ਲਈ ਗਈ। ਪ੍ਰਭਸ਼ਰਨ ਭਰਾਵਾਂ ਵੱਲੋਂ ਦਲਬੀਰ ਸਿੰਘ ਅਤੇ ਅਜਮੇਰ ਸਿੰਘ ਨੂੰ ਖਾਲਿਸਤਾਨ ਦਾ ਐਲਾਨ ਅੱਗੇ ਪੁਆਉਣ ਵਾਲੇ ਸਾਜਿਸ਼ਕਾਰ ਦੱਸ ਕੇ ਪੰਥ ਨੂੰ ਪੰਥਕ ਨਿਸ਼ਾਨੇ ਤੋਂ ਥਿੜਕਾਉਣ ਵਾਲੇ ਦੱਸਿਆ ਜਾ ਰਿਹਾ ਹੈ। ਭਲਾ ਜੇ 26 ਜਨਵਰੀ 1986 ਨੂੰ ਖਾਲਿਸਤਾਨ ਦਾ ਐਲਾਨ ਹੋ ਵੀ ਜਾਂਦਾ ਤਾਂ ਕੀ ਹੋ ਜਾਣਾ ਸੀ ਜੋ 29 ਅਪਰੈਲ ਵਾਲੇ ਐਲਾਨ ਤੋਂ ਬਾਅਦ ਨਹੀ ਹੋਇਆ?
ਹੋਰ ਲੋਕਾਂ ਵਾਂਗ ਇਹ ਵਿਦਵਾਨ ਭਰਾ ਵੀ, ‘ਜਿਸ ਦਿਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ’, ਵਰਗੀ ਧਾਰਨਾ ਨੂੰ ਸੰਤ ਜਰਨੈਲ ਸਿੰਘ ਦਾ ਪੰਥ ਲਈ ਗਿਆਰਵੇਂ (ਜਾਂ ਬਾਰਵੇਂ) ਗੁਰੂ ਵਜੋਂ ਕੀਤੇ ਹੁਕਮ ਵਜੋਂ ਪੇਸ਼ ਕਰਦੇ ਹਨ। ਇਸ ਕਥਨ ਦੀ ਬੇਦਰੇਗ ਵਰਤੋਂ ਨੇ ਸਿੱਖਾਂ ਨੂੰ ਸਿਆਸੀ ਮੈਦਾਨ ਵਿਚੋਂ ਖਾਰਿਜ ਕਰਨ ਵਿਚ ਬੜੀ ਅਹਿਮ ਭੂਮਿਕਾ ਨਿਭਾਈ ਹੈ। ਰਵਾਇਤੀ ਅਕਾਲੀ ਦਲ ਦੇ ਬਦਲ ਵੱਜੋਂ ਜਦ ਵੀ ਕੋਈ ਸਿਆਸੀ ਜਮਾਤ ਉਸਾਰਨ ਦੀ ਗੱਲ ਚਲਦੀ ਤਾਂ ਇਸ ਕਥਨ ਦੇ ਹਵਾਲੇ ਨਾਲ ਖਾਲਿਸਤਾਨ ਲੈਣ ਵਾਲੇ ਸਭ ਕੁੱਝ ਤਾਰ-ਤਾਰ ਕਰ ਦਿੰਦੇ। ਇਹ ਵਿਦਵਾਨ ਭਰਾ ਇਸ ਦੀ ਵਰਤੋਂ ਵਿਦਵਤਾ ਦੇ ਖੇਤਰ ਨੂੰ ਸਾਫ ਕਰਨ ਲਈ ਕਰ ਰਹੇ ਹਨ। ਮੇਰੀ ਸਮਝ ਅਨੁਸਾਰ ਸੰਤ ਜਰਨੈਲ ਸਿੰਘ ਦਾ ਇਹ ਕਥਨ ਉਸ ਸਮੇਂ ਉਸ ਖਿਲਾਫ ਪੈਦਾ ਹੋ ਰਹੇ ਮਹੌਲ ਵਿਚ ਆਪਣੇ ਬਚਾਅ ਲਈ ਕਹੀ ਗਈ ਇੱਕ ਦਾਅ-ਪੇਚਕ ਗੱਲ ਸੀ ਨਾਂ ਕਿ ਭਵਿੱਖ ਦਾ ਪ੍ਰੋਗਰਾਮ। ਬੁਰਛਾਗਰਦ ਬਿਰਤੀਆਂ ਵੱਲੋਂ ਇਸ ਕਥਨ ਨੂੰ ਖਰੇ ਅਤੇ ਖੋਟੇ ਪਛਾਨਣ ਦੀ ਕਸਵੱਟੀ ਮਿਥ ਦਿੱਤਾ ਗਿਆ। ਇਹੋ ਕਸਵੱਟੀ ਹੁਣ ਬੌਧਿਕ ਖੇਤਰ ਵਿਚ ਵਰਤੀ ਜਾ ਰਹੀ ਹੈ। ਜੋ ਲੋਕ ਇਹ ਸਮਝਦੇ ਸਨ (ਹਨ) ਕਿ ਹਮਲਾ ਹੋਣ ਤੋਂ ਬਾਅਦ ਖਾਲਿਸਤਾਨ ਦੀ ਜੰਗ ਛਿੜ ਗਈ, ਉਹ ਜਾਂ ਅਨਾੜੀ ਹਨ ਜਾਂ ਚਾਲਾਕ। ਖਾਲਿਸਤਾਨ ਦੀ ਲੜਾਈ ਸਿੱਖ 6 ਜੂਨ 1984 ਨੂੰ ਸ਼ਾਮ 5 ਵਜੇ ਤੱਕ ਹਾਰ ਗਏ ਸਨ। ਬਾਅਦ ਵਿਚ ਜੋ ਹੋਇਆ ਇਹ ਉਸ ਲੜਾਈ ਚੋਂ ਬਚੀ ਤਾਕਤ ਨੂੰ ਖੁਰਦ ਬੁਰਦ ਕਰਨ ਦਾ ਖੇਲ ਸੀ। ਯਾਦ ਰਹੇ ਰੋਟੀ ਪਕਾਉਣ ਦਾ ਕੰਮ ਨਿੱਬੜ ਜਾਣ ਤੋਂ ਬਾਅਦ ਵੀ ਤੰਦੂਰ ਕਈ ਘੰਟੇ ਗਰਮ ਰਹਿੰਦਾ ਹੈ। ਜੁਗਤੀ ਲੋਕ ਇਸ ਗਰਮੀ ਨੂੰ ਵੀ ਲੋੜ ਅਨੁਸਾਰ ਪਾਣੀ ਵਗੈਰਾ ਗਰਮ ਕਰਨ ਲਈ ਵਰਤ ਲੈਂਦੇ ਹਨ ਪਰ ਅਣਜਾਣਪੁਣੇ ਕਾਰਨ ਵਿਹਲੇ ਤੰਦੂਰ ਚੋਂ ਉਡੇ ਫਲੂਹੇ ਨੁਕਸਾਨ ਵੀ ਕਰ ਦਿੰਦੇ ਹਨ। ਜੂਨ 1984 ਤੋਂ ਬਾਅਦ ਬਚੀ ਤਾਕਤ ਜੇ ਜੁਗਤ ਨਾਲ ਵਰਤੀ ਜਾਂਦੀ ਤਾਂ ਉਹ ਰਵਾਇਤੀ ਸਿਆਸਤ ਦਾ ਬਦਲ ਬਣ ਸਕਦੀ ਸੀ। ਪਰ ਇਹ ਤਾਕਤ ਫਲੂਹਿਆਂ ਵਾਂਗ ਉਡ ਕੇ ਹੋਰ ਨੁਕਸਾਨ ਕਰ ਗਈ। ਨਵੇਂ ਵਿਦਵਾਨ ਇਸ ਨੂੰ ਸੰਤ ਜਰਨੈਲ ਸਿੰਘ ਵੱਲੋਂ ਵਰਤਾਇਆ ਅੱਲੋਕਾਰਾ ਵਰਤਾਰਾ ਕਹਿ ਰਹੇ ਹਨ। ਪਰ ਬਿਨਾਂ ਕਿਸੇ ਤਿਆਰੀ ਦੇ ਜਿਨ੍ਹਾਂ ਕੁੰਦਰਾਂ ਵਿਚ ਪੰਥ ਨੂੰ ਫਸਾ ਦਿੱਤਾ ਗਿਆ ਉਸ ਲਈ ਜਿੰਮੇਵਾਰ ਕੌਣ ਹੈ? ਇਹ ਗੱਲ ਅਜਮੇਰ ਸਿੰਘ ਸਮੇਤ ਕੋਈ ਵੀ ਵਿਦਵਾਨ ਕਰਨ ਨੂੰ ਰਾਜ਼ੀ ਨਹੀ ਹੈ।
ਖੈਰ! ਜੇਕਰ ਪ੍ਰਭਸ਼ਰਨ ਭਰਾ ਆਪਣੀ ਵਿਦਵਤਾ ਦੀ ਖੁਸ਼ਬੂ ਲੈ ਕੇ ਪੰਥਕ ਵਿਹੜੇ ਵਿਚ ਜ਼ਰਾ ਕੁ ਸਹਿਜ ਨਾਲ ਪੈਰ ਪਾਉਂਦੇ ਤਾਂ ਚੰਗਾ ਹੋਣਾ ਸੀ। ਪਰ ਇਨ੍ਹਾਂ ਦੇ ਗਿਆਨ ਦੀ ਖੜਗ ਦੀ ਲਿਸ਼ਕ ਨਜ਼ਰ ਪੈਣ ਤੋਂ ਪਹਿਲਾਂ ਹੀ ਇਨ੍ਹਾਂ ਵੱਲੋਂ ਦੂਸਰਿਆਂ ਉਪਰ ਦੋਸ਼ਾਂ, ਊਜਾਂ ਅਤੇ ਚਿੱਕੜ ਉਛਾਲੀ ਵਰਗੇ ਕਾਰਨਾਮਿਆਂ ਦਾ ਘੜਮੱਸ ਮਚ ਗਿਆ ਹੈ। ਇਸੇ ਘੜਮੱਸ ਦਾ ਹੀ ਨਤੀਜਾ ਹੈ ਕਿ ਜਿੱਥੇ ਇਹ ਭਰਾ ਦੂਸਰਿਆਂ ਨੂੰ ਅਨਪੜ੍ਹ, ਜਾਅਲਸਾਜ਼, ਪੰਥਕ ਨਿਸ਼ਾਨੇ ਤੋਂ ਥਿੜਕੇ ਜਾਂ ਥਿੜਕਾਉਣ ਵਾਲੇ ਦੱਸ ਰਹੇ ਹਨ, ਉਥੇ ਇਨ੍ਹਾਂ ਉਪਰ ਵੀ ਮੋੜਵੇਂ ਦੋਸ਼ਾਂ ਦੀ ਝੜੀ ਲੱਗ ਗਈ ਹੈ। ਕਿਸੇ ਸਮੇ ਇਨ੍ਹਾਂ ਡਾ: ਗੁਰਦਰਸ਼ਨ ਸਿੰਘ ਢਿੱਲੋਂ ਬਾਰੇ ਬੁਰਾ-ਭਲਾ ਲਿਖਿਆ ਸੀ। ਡਾ. ਢਿੱਲੋਂ ਇਨ੍ਹਾਂ ਭਰਾਵਾਂ ਬਾਰੇ ਆਰ ਐਸ ਐਸ ਦੇ ਹੱਥ ਠੋਕੇ ਹੋਣ ਦੀਆਂ ਦੁਹਾਈਆਂ ਦੇ ਰਿਹਾ ਹੈ। ਇੱਥੇ ਹੀ ਬੱਸ ਨਹੀਂ ਇਨ੍ਹਾਂ ਭਰਾਵਾਂ ਉਪਰ ਵਿਦੇਸ਼ੀ ਵਿਦਵਾਨਾਂ ਦੀ ਉਸ ਲਾਈਨ ਵਿਚ ਖੜ੍ਹੇ ਹੋਣ ਦੇ ਦੋਸ਼ ਹਨ, ਜੋ ਸਿੱਖੀ ਨੂੰ ਜੜ੍ਹੋਂ ਉਖਾੜਨ ਲਈ ਲੱਕ ਬੰਨ੍ਹੀ ਫਿਰਦੇ ਹਨ। ਮਿਸਾਲ ਵਜੋਂ ਡ: ਢਿੱਲੋਂ ਅਮਰੀਕਨ ਸਕਾਲਰ ਅਰਵਿੰਦਰਪਾਲ ਸਿੰਘ ਮੰਡੇਰ ਦਾ ਹਵਾਲਾ ਦਿੰਦੇ ਹਨ। ਪ੍ਰਭਸਰ.ਨ ਭਰਾ ਮੰਡੇਰ ਦੇ ਹਮਾਇਤੀ ਹਨ ਅਤੇ ਡਾ. ਢਿੱਲੋਂ ਉਸਦੀ ਲਿਖਤ ਨੂੰ ਜ਼ਹਿਰ ਆਖ ਕੇ ਰੱਦ ਕਰਨ ਦੇ ਨਾਲ ਨਾਲ ਸਿੱਖਾਂ ਨੂੰ ਐਸੇ ਦੁਸ਼ਮਣਾਂ ਤੋਂ ਸਾਵਧਾਨ ਕਰਨ ਦੀਆਂ ਅਪੀਲਾਂ ਕਰ ਰਿਹਾ ਹੈ।
ਸ਼ ਕਰਮਜੀਤ ਸਿੰਘ ਹੁਰਾਂ ਨੇ ਤਾਂ ਹਮਾਇਤ ਕਰਦਿਆਂ ਪ੍ਰਭਸ਼ਰਨ ਭਰਾਵਾਂ ਦਾ ਸਿੱਖ ਬੁੱਧੀਜੀਵੀਆਂ ਵਿਚ ਸਥਾਨ ਅਤੇ ਮਹੱਤਤਾ ਦੀ ਗੱਲ ਕੀਤੀ ਹੈ। ਪਰ ਜਿਵੇਂ ਸ਼ੁਰੂਆਤ ਹੀ ਦੋਸਾਂ. ਅਤੇ ਮੋੜਵੇਂ ਦੋਸ਼ਾਂ ਤੋਂ ਹੋਈ ਹੈ, ਉਸ ਤੋਂ ਲਗਦਾ ਹੈ ਕਿ ਅਗਲਾ ਬਹੁਤ ਸਾਰਾ ਸਮਾਂ ਦੋਸ਼ ਲਾਉਣ ਅਤੇ ਲਾਹੁਣ ਵਿਚ ਹੀ ਖਚਤ ਹੋਏਗਾ। ਕਿੰਨਾ ਚੰਗਾ ਹੁੰਦਾ ਜੇ ਗੱਲ ਕਿਸੇ ਸਾਰਥਿਕ ਵਿਚਾਰ ਵੱਲ ਤੁਰਦੀ। ਇੰਜ ਲਗਦਾ ਹੈ ਜਿਵੇਂ ਪੰਥਕ ਸਟੇਜ ‘ਤੇ ਪ੍ਰਭਸ਼ਰਨ ਭਰਾਵਾਂ ਦੀ ਐਂਟਰੀ ਹੀ ਰੌਂਗ ਹੋ ਗਈ ਹੋਵੇ।