ਖਾਲਿਸਤਾਨ ਇਕ ਬੇਲੋੜੀ ਬਹਿਸ; ਇਕ ਮ੍ਰਿਗ ਤ੍ਰਿਸ਼ਨਾ

ਪ੍ਰਭਸ਼ਰਨ-ਭਰਾਵਾਂ ਨੇ ਪਾਇਆ ਸਿੱਖ ਚਿੰਤਕ ਨੂੰ ਘੇਰਾ
ਸੰਪਾਦਕ ਜੀ,
ਪੰਜਾਬ ਟਾਈਮਜ਼ ਦੇ ਪਿਛਲੇ ਅੰਕਾਂ ਵਿਚ ਇੱਕ ਵਾਰ ਫਿਰ ਆਜ਼ਾਦ ਸਿੱਖ ਹੋਮਲੈਂਡ ਜਾਂ ਖਾਲਿਸਤਾਨ ਦੀ ਹਮਾਇਤ ਕਰਦੀਆਂ ਦਲੀਲਾਂ ਨਾਲ ਵਿਦਵਾਨ ਪ੍ਰਭਸ਼ਰਨ-ਭਰਾਵਾਂ ‘ਤੇ ਇਨ੍ਹਾਂ ਦੀ ਹੀ ਸੋਚ ਦੇ ਧਾਰਨੀ ਸ਼ ਕਰਮਜੀਤ ਸਿੰਘ ਹੁਰਾਂ ਦੇ ਲੇਖ ਪੜ੍ਹਨ ਨੂੰ ਮਿਲੇ ਹਨ, ਪਰ ਨਾਲ ਹੀ ਇਸ ਸੰਵੇਦਨਸ਼ੀਲ ਮੁੱਦੇ ਬਾਰੇ ਜਮੀਨੀ ਅਤੇ ਹਕੀਕੀ ਪੱਧਰ ‘ਤੇ ਸੱਚਾਈ ਨਾਲ ਰੂਬਰੂ ਕਰਾਉਂਦਿਆਂ ਸ਼ ਕਮਲਜੀਤ ਸਿੰਘ, ਸ਼ ਹਜਾਰਾ ਸਿੰਘ, ਸ਼ ਬਲਕਾਰ ਸਿੰਘ, ਸ਼ ਪ੍ਰੀਤਮ ਸਿੰਘ ਕੁਮੇਦਾਨ ਅਤੇ ਸ਼ ਹਰਚਰਨ ਸਿੰਘ ਪਰਹਾਰ ਵਰਗੇ ਚਿੰਤਕਾਂ ਦੇ ਵਿਰੋਧੀ ਵਿਚਾਰ ਵੀ ਇਸ ਅਖਬਾਰ ਵਿਚ ਸਥਾਨ ਪਾ ਚੁਕੇ ਹਨ।

ਇਹ ਸਭ ਪੜ੍ਹਦਿਆਂ ਜਾਪਦਾ ਹੈ ਕਿ ਪ੍ਰਭਸ਼ਰਨ-ਭਰਾਵਾਂ ਨੂੰ ਅਸਹਿਮਤੀ ਰੱਖਣ ਵਾਲੇ ਵਿਦਵਾਨਾਂ ਦੁਆਰਾ ਉਠਾਏ ਸਵਾਲਾਂ ਦਾ ਜਵਾਬ ਦੇਣ ‘ਚ ਕੋਈ ਦਿਲਚਸਪੀ ਨਹੀਂ ਹੈ, ਸਗੋਂ ਦਿਲਚਸਪੀ ਹੈ ਸਿਰਫ ਆਪਣੇ ਪੁਰਾਣੇ ਸਾਥੀ ਸਿੱਖ ਚਿੰਤਕ ਸ਼ ਅਜਮੇਰ ਸਿੰਘ ਦੀ ਆਲੋਚਨਾ ਕਰਨ ਵਿਚ, ਜਿਨ੍ਹਾਂ ਖੁਲ੍ਹ ਕੇ ਖਾਲਿਸਤਾਨੀ ਐਲਾਨਨਾਮੇ ਦਾ ਸਮਰਥਨ ਨਹੀਂ ਕੀਤਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਨਾਲ ਵਿਸ਼ਵਾਸਘਾਤ ਕੀਤਾ ਹੈ। ਸ਼ ਅਜਮੇਰ ਸਿੰਘ ਦੀਆਂ ਯੂਟਿਊਬ ਉਪਰ ਪਈਆਂ ਅਣਗਿਣਤ ਟੇਪਾਂ ਵਿਚ ਸਿੱਖ ਚਿੰਤਕ ਨੇ ਸੰਤ ਭਿੰਡਰਾਂਵਾਲਿਆਂ ਨੂੰ ਪਹਿਲਾਂ ਹੀ ਸੱਤਵੇਂ ਅਸਮਾਨ ਚਾੜ੍ਹਿਆ ਹੋਇਆ ਹੈ। ਪ੍ਰਭਸ਼ਰਨ ਭਰਾ ਸੰਤਾਂ ਨੂੰ ਹੋਰ ਉਪਰ ਕੀ ਲੈ ਜਾਣਗੇ?
ਆਪਣੀ ਅਗਲੀ ਗੱਲ ਮੈਂ ਇਸ ਹਫਤੇ ਦੇ ਪੰਜਾਬ ਟਾਈਮਜ਼ ‘ਚ ਛਪੀ ਸ਼ ਅਮਰਜੀਤ ਸਿੰਘ ਮੁਲਤਾਨੀ ਦੀ ਲਿਖਤ ‘ਸਿੱਖ ਹੋ? ਤਾਂ ਕਿਤੇ ਵੀ ਕੁਝ ਗਲਤ ਵੇਖੋ ਜਰੂਰ ਬੋਲੋ’ (ਇਫ ਯੂ ਸੀ ਸਮਥਿੰਗ, ਸੇ ਸਮਥਿੰਗ) ਦੇ ਹਵਾਲੇ ਨਾਲ ਸ਼ੁਰੂ ਕਰਾਂਗਾ। ਸ਼ ਮੁਲਤਾਨੀ ਨੇ ਕਿਹੈ ਕਿ ਬਾਬੇ ਨਾਨਕ ਨੇ ਵੀ ਜਿੱਥੇ ਗਲਤ ਵੇਖਿਆ ਉਸ ਬਾਰੇ ਨਾ ਸਿਰਫ ਬੋਲਿਆ, ਸਗੋਂ ਸਭ ਨੂੰ ਉਸ ‘ਗਲਤ’ ਬਾਰੇ ਸੁਚੇਤ ਵੀ ਕੀਤਾ। ਪਰ ਅੱਜ ਉਸੇ ਬਾਬੇ ਨਾਨਕ ਦਾ ਸਿੱਖ ਕਿਸੇ ਸਹਿਮ ਤਹਿਤ ਸਮਕਾਲੀ ਸਿੱਖਾਂ ਦੇ ਗਲਤ ਕਦਮਾਂ ਵਿਰੁੱਧ ਅਵਾਜ਼ ਉਠਾਉਣ ਤੋਂ ਕਤਰਾਉਂਦਾ ਨਜਰੀਂ ਪੈਂਦਾ ਹੈ। ਇਹ ਸੌ ਫੀਸਦੀ ਦਰੁਸਤ ਹੈ ਕਿ ਸਿੱਖ ਸੰਘਰਸ਼ ਦੇ ਗਲਤ ਰਾਹੇ ਪੈ ਜਾਣ ਉਪਰੰਤ ਵੀ ਆਮ ਲੋਕ ਮੂਕ ਦਰਸ਼ਕ ਬਣੇ ਰਹੇ, ਕਿਉਂਕਿ ਮਾਹੌਲ ਸਹਿਮ ਅਤੇ ਦਹਿਸ਼ਤ ਦਾ ਬਣਾ ਦਿੱਤਾ ਗਿਆ ਸੀ। ਹਿੰਦੂ-ਸਿੱਖ ਪਾੜੇ ਨੂੰ ਵਧਾਇਆ ਗਿਆ। ਬੜੀ ਵਿਊਂਤਬੰਦੀ ਨਾਲ ਪਾਵਨ ਦਰਬਾਰ ਸਾਹਿਬ ਦੀ ਮੋਰਚੇਬੰਦੀ ਕਰ ਜੰਗੇ-ਮੈਦਾਨ ਵਿਚ ਤਬਦੀਲ ਕਰ ਦਿੱਤਾ ਗਿਆ। ਸਹਿਮਤੀ ਨਾ ਰੱਖਣ ਵਾਲਿਆਂ ਦੇ ਸੋਧੇ ਲੱਗਦੇ ਰਹੇ। ਵਿਦਵਾਨ ਪ੍ਰਭਸ਼ਰਨਬੀਰ ਤੇ ਹੋਰ ਸੱਜਣ ਪਤਾ ਨਹੀਂ ਕਿਉਂ ਇਨ੍ਹਾਂ ਘਟਨਾਵਾਂ ਵੱਲੋਂ ਅੱਖਾਂ ਮੀਟ ਗੱਲ ਦਰਬਾਰ ਸਾਹਿਬ ‘ਤੇ ਹਮਲੇ ਤੋਂ ਹੀ ਸ਼ੁਰੂ ਕਰਦੇ ਹਨ। ਸ਼ਾਇਦ ਇਹ ਘਟਨਾਵਾਂ ਉਨ੍ਹਾਂ ਦੀਆਂ ਦਲੀਲਾਂ ਨੂੰ ਕਮਜੋਰ ਕਰਦੀਆਂ ਹੋਣ। ਆਪਣੇ ਪੱਖ ਨੂੰ ਮਜਬੂਤ ਕਰਨ ਲਈ ਰਾਈ ਦਾ ਪਹਾੜ ਬਣਾ ਦਿੱਤਾ ਜਾਂਦਾ ਹੈ ਜਾਂ ਫੇਰ ਲੋੜ ਅਨੁਸਾਰ ਪਹਾੜ ਨੂੰ ਰਾਈ ਸਾਬਤ ਕਰ ਦਿੱਤਾ ਜਾਂਦਾ ਹੈ; ਪਰ ਜਨਾਬ ਵਿਵੇਕਸ਼ੀਲ ਅਤੇ ਈਮਾਨਦਾਰ ਪਹੁੰਚ ਤੋਂ ਬਿਨਾ ਕੋਈ ਮਸਲਾ ਹਲ ਨਹੀਂ ਹੁੰਦਾ। ਹਾਂ, ਜੇ ਮਸਲਿਆਂ ਨੂੰ ਧੁਖਦਾ ਰੱਖਣ ਲਈ ਇਹ ਕੁਝ ਕੀਤਾ ਜਾ ਰਿਹੈ ਤਾਂ ਗੱਲ ਹੋਰ ਹੈ। ‘ਰਾਜ ਕਰੇਗਾ ਖਾਲਸਾ’ ਜਾਂ ‘ਖਾਲਸੇ ਦੇ ਬੋਲਬਾਲੇ’ ਵਰਗੇ ਫਿਕਰੇ ਜਜ਼ਬਾਤ ਨੂੰ ਹਵਾ ਦੇਣ ਲਈ ਵਾਰ ਵਾਰ ਵਰਤੇ ਜਾਂਦੇ ਹਨ, ਪਰ ਕਿਉਂ ਨਹੀਂ ਸਮਝਣ ਦਾ ਯਤਨ ਕੀਤਾ ਜਾਂਦਾ ਕਿ ਖਾਲਸਾ ਦਾ ਮਤਲਬ ‘ਖਾਲਿਸ’ ਹੈ, ਜੋ ਭ੍ਰਿਸ਼ਟਤੰਤਰ ਅਤੇ ਕੂੜ ਮੁਕਤ ਹੋਵੇ। ਕੀ ਮੇਰੇ ਵੀਰ ਇਹ ਦਾਅਵਾ ਕਰ ਸਕਦੇ ਹਨ ਕਿ ਉਨ੍ਹਾਂ ਦੇ ਸੁਪਨਿਆਂ ਦਾ ਰਾਜ ਸਤਯੁਗ ਹੋਵੇਗਾ ਤੇ ਸਭ ਨਾਲ ਇਨਸਾਫ ਹੋਵੇਗਾ। ਹਿੰਦੂਆਂ ਦੀ ਗੱਲ ਛੱਡੋ, ਜਿੱਥੇ ਅੱਧਿਓਂ ਵੱਧ ਸਹਿਜਧਾਰੀ ਸਿੱਖ ਆਬਾਦੀ ਨੂੰ ਦੁੱਧ ਵਿਚੋਂ ਮੱਖੀ ਵਾਂਗ ਕੱਢ ਪਤਿਤ ਦਾ ਦਰਜਾ ਦੇ ਲਾਂਭੇ ਕਰ ਦਿੱਤਾ ਗਿਆ ਹੋਵੇ, ਉਥੇ ਸਭ ਨਾਲ ਬਰਾਬਰੀ ਦੀ ਕੀ ਆਸ ਰੱਖੀ ਜਾ ਸਕਦੀ ਹੈ? ਕੀ ਧਰਮ ਆਧਾਰਤ ਪਾਕਿਸਤਾਨ ‘ਪਾਕ’ (ਖਾਲਿਸ) ਇਸਲਾਮੀ ਰਾਜ ਬਣ ਸਕਿਆ?
‘ਪੰਜਾਬ ਟਾਈਮਜ਼’ ਦੇ ਹੀ ਸਫਿਆਂ ‘ਤੇ ਮੁਸਲਿਮ ਬੁੱਧੀਜੀਵੀ ਡਾ. ਇਕਤਿਦਾਰ ਚੀਮਾ ਅਤੇ ਜਨਾਬ ਅਫਜਲ ਅਹਿਸਨ ਰੰਧਾਵਾ ਆਦਿ ਸਿੱਖ ਸੰਘਰਸ਼ ਦੀ ਬੜੀ ਹਮਾਇਤ ਕਰਦੇ ਨਜ਼ਰ ਆਉਂਦੇ ਹਨ, ਕਦੇ ਉਨ੍ਹਾਂ ਪਾਕਿਸਤਾਨ ਵਿਚ ਅਹਿਮਦੀਆਂ ਅਤੇ ਬਲੋਚਾਂ ਨਾਲ ਹੁੰਦੇ ਵਿਤਕਰੇ ਦਾ ਵਿਰੋਧ ਕੀਤਾ। ਪਾਕਿਸਤਾਨ ਦੁਆਰਾ ਬੰਗਲਾ ਦੇਸ਼ ‘ਚ ਲੱਖਾਂ ਬੰਗਾਲੀਆਂ ਨਾਲ ਹੋਏ ਤਸ਼ੱਦਦ ਬਾਰੇ ਚਿੰਤਾ ਜਾਹਰ ਕੀਤੀ? ਜਾਂ ਫੇਰ ਭਾਰਤ ਵਿਰੋਧ ਇਨ੍ਹਾਂ ਦਾ ਵੀ ਲੁਕਵਾਂ ਏਜੰਡਾ ਹੈ। ਜੇ ਕੋਈ ਠੋਸ ਹਕੀਕਤ ਨਾਲ ਰੂਬਰੂ ਹੋਣਾ ਲੋਚਦਾ ਹੈ ਤਾਂ ਪਤਾ ਕਰ ਸਕਦਾ ਹੈ ਕਿ ਭਾਰਤ ਵਸਦੇ ਮੁਸਲਮਾਨ ਕਿਸੇ ਕੀਮਤ ‘ਤੇ ਵੀ ਪਾਕਿਸਤਾਨ ਜਾ ਵਸਣ ਦੇ ਚਾਹਵਾਨ ਨਹੀਂ। ਕੁਲ ਸਿੱਖ ਆਬਾਦੀ ਦਾ ਇੱਕ ਵੱਡਾ ਹਿੱਸਾ ਸਾਰੇ ਭਾਰਤ ਵਿਚ ਰੰਗੀ ਵਸ ਰਿਹਾ ਹੈ, ਜਿਨ੍ਹਾਂ ਦੇ ਉਜਾੜੇ ਬਾਰੇ ਕਿਉਂ ਇੱਕ ਲਫਜ਼ ਵੀ ਨਹੀਂ ਬੋਲਿਆ ਜਾਂਦਾ?
ਵੀਅਤਨਾਮੀ ਜੁਝਾਰੂਆਂ ਨੇ ਸ਼ਕਤੀਸ਼ਾਲੀ ਅਮਰੀਕਾ ਦਾ ਲੰਮਾ ਸਮਾਂ ਮੁਕਾਬਲਾ ਕਰਕੇ ਆਜ਼ਾਦੀ ਪ੍ਰਾਪਤ ਕੀਤੀ, ਕਿਉਂਕਿ ਉਹ ਬਿਨਾ ਕਿਸੇ ਭੇਦ ਭਾਵ ਇੱਕ ਸਪਸ਼ਟ ਉਦੇਸ਼ ਲੈ ਆਪਣੇ ਲੋਕਾਂ ਲਈ ਲੜੇ, ਇਸ ਲਈ ਵੀਅਤਨਾਮੀ ਜਨਤਾ ਨੇ ਤਹਿ ਦਿਲੋਂ ਉਨ੍ਹਾਂ ਦਾ ਸਾਥ ਦਿੱਤਾ; ਪਰ ਪੰਜਾਬ ‘ਚ ਹਿੰਦੂ ਅਤੇ ਉਦਾਰਵਾਦੀ ਸਿੱਖਾਂ ਦੀਆਂ ਭਾਵਨਾਵਾਂ ਦਰਕਿਨਾਰ ਕਰ ਡੰਡੇ ਦੇ ਜੋਰ ਧਰਮੀ ਕੱਟੜਤਾ ਨੂੰ ਹਵਾ ਦਿੱਤੀ ਗਈ, ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਅੱਜ ਦੁਨੀਆਂ ਬੜੀ ਤੇਜ ਰਫਤਾਰ ਨਾਲ ‘ਏਕੀਕਰਣ’ ਦੇ ਰੁਝਾਨ ਨਾਲ ਇੱਕ ਗਲੋਬਲ ਪਿੰਡ ਵਿਚ ਤਬਦੀਲ ਹੋਣ ਵੱਲ ਵਧ ਰਹੀ ਹੈ, ਜਿੱਥੇ ਧਰਮ ਆਧਾਰਤ ਹੋਰ ਵੰਡੀਆਂ ਇਨਸਾਨੀਅਤ ਦੇ ਹੱਕ ਵਿਚ ਨਹੀਂ। ‘ਸਭੈ ਸਾਂਝੀਵਾਲਤਾ’ ਦਾ ਸੁਨੇਹਾ ਤਾਂ ਇਹੀ ਸੰਦੇਸ਼ ਦਿੰਦਾ ਹੈ। ਆਓ, ਵਖਰੇਵਿਆਂ ਤੋਂ ਉਪਰ ਉਠ ਕੇ ਇੱਕ ਚੰਗੇ ਇਨਸਾਨ ਬਣਨ ਦਾ ਯਤਨ ਕਰੀਏ ਅਤੇ ਸੰਸਾਰ ਨੂੰ ਇੱਕ ਸੁਖਾਵੇਂ ਭਵਿਖ ਵੱਲ ਲੈ ਜਾਣ ਦੇ ਭਾਗੀਦਾਰ ਬਣੀਏ।
-ਹਰਜੀਤ ਦਿਓਲ, ਬਰੈਂਪਟਨ
ਫੋਨ: 905-676-9242