ਕਰੋਨਾ ਦੇ ਸੰਕਟ ‘ਚ ਵੀ ਭ੍ਰਿਸ਼ਟਾਚਾਰੀਆਂ ਨੂੰ ਸ਼ਰਮ ਨਹੀਂ!

-ਜਤਿੰਦਰ ਪਨੂੰ
ਸਾਡੇ ਲੋਕ ਇਸ ਵੇਲੇ ਕਰੋਨਾ ਵਾਇਰਸ ਦੇ ਉਸ ਸੰਕਟ ਦਾ ਸਾਹਮਣਾ ਕਰਦੇ ਪਏ ਹਨ, ਜੋ ਸਾਰੇ ਸੰਸਾਰ ਦੇ ਲੋਕਾਂ ਦੇ ਸਿਰ ਵੀ ਪਿਆ ਹੈ ਤੇ ਸਮੁੱਚਾ ਭਾਰਤ ਵੀ ਜਿਸ ਨੂੰ ਝੱਲ ਰਿਹਾ ਹੈ। ਉਸ ਸੰਕਟ ਬਾਰੇ ਵੀ ਚਿੰਤਾ ਕਰਦੇ ਪਏ ਹਨ, ਜੋ ਚੀਨ ਨਾਲ ਅਸਲੀ ਕੰਟਰੋਲ ਰੇਖਾ ਉਤੇ ਬਣੇ ਹੋਏ ਤਣਾਓ ਕਾਰਨ ਸਾਰੇ ਦੇਸ਼ ਦੇ ਸਾਹਮਣੇ ਹੈ। ਇਸੇ ਸਮੇਂ ਪੰਜਾਬ ਦੇ ਲੋਕਾਂ ਨੂੰ ਕੁਝ ਹੋਰ ਗੱਲਾਂ ਨਾਲ ਮਾਨਸਿਕ ਸੱਟ ਵੱਜੀ ਹੈ। ਇਹ ਮੁੱਦੇ ਸਰਕਾਰੀ ਵੀ ਹਨ ਅਤੇ ਧਰਮ ਖੇਤਰ ਵਿਚਲੀਆਂ ਕਿਆਸ ਨਾ ਕਰਨ ਵਾਲੀਆਂ ਘਟਨਾਵਾਂ ਬਾਰੇ ਵੀ ਹਨ। ਸਰਕਾਰੀ ਤੇ ਗੈਰ-ਸਰਕਾਰੀ ਖੇਤਰ ਦੇ ਭ੍ਰਿਸ਼ਟਾਚਾਰ ਅਤੇ ਧਰਮ ਦੇ ਓਹਲੇ ਹੇਠ ਜੋ ਸਿਰੇ ਦੀ ਬੇਸ਼ਰਮੀ ਵੇਖਣ ਨੂੰ ਮਿਲ ਰਹੀ ਹੈ, ਇਹ ਕੁਝ ਤਾਂ ਕਦੇ ਸੋਚਿਆ ਵੀ ਨਹੀਂ ਸੀ।

ਪਹਿਲੀ ਗੱਲ ਤਾਂ ਅਸੀਂ ਇਸ ਬਾਰੇ ਦੁਖੀ ਹਾਂ ਕਿ ਜਦੋਂ ਕਰੋਨਾ ਦੇ ਦੌਰ ਵਿਚ ਲੋਕ ਬੁਰੀ ਤਰ੍ਹਾਂ ਫਸੇ ਹੋਏ ਅਤੇ ਡਾਕਟਰੀ ਕਿੱਤੇ ਵੱਲ ਬੜੀ ਆਸ ਤੇ ਸਤਿਕਾਰ ਦੀ ਨਜ਼ਰ ਨਾਲ ਵੇਖ ਰਹੇ ਸਨ, ਉਦੋਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੇ ਭ੍ਰਿਸ਼ਟਾਚਾਰ ਦਾ ਕਿੱਸਾ ਸਾਹਮਣੇ ਆ ਗਿਆ ਹੈ। ਸਾਰੇ ਲੋਕ ਜਾਣਦੇ ਹਨ ਕਿ ਕਰੋਨਾ ਵਾਇਰਸ ਦੇ ਸ਼ੁਰੂ ਹੋਣ ਨਾਲ ਹਰ ਥਾਂ ਤੋਂ ਡਾਕਟਰੀ ਕਿੱਤੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਪੀ. ਪੀ. ਈ. ਕਿੱਟਾਂ ਦੀ ਅਣਹੋਂਦ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ। ਅਸਲ ਵਿਚ ਇਹ ਸੰਕਟ ਸ਼ੁਰੂ ਹੋਣ ਤੱਕ ਬਹੁਤੇ ਲੋਕਾਂ ਨੇ ਪੀ. ਪੀ. ਈ. ਕਿੱਟਾਂ ਦਾ ਕਦੀ ਨਾਂ ਵੀ ਨਹੀਂ ਸੀ ਸੁਣਿਆ ਅਤੇ ਇੱਕ ਦੂਜੇ ਕੋਲੋਂ ਇਨ੍ਹਾਂ ਕਿੱਟਾਂ ਬਾਰੇ ਪੁੱਛਦੇ ਹੁੰਦੇ ਸਨ।
ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ (ਪੀ. ਪੀ. ਈ.) ਕਿੱਟਾਂ ਮੁਢਲੇ ਰੂਪ ਵਿਚ 16ਵੀਂ ਸਦੀ ਵਿਚ ਯੂਰਪ ਵਿਚ ਪਲੇਗ ਦੀ ਬਿਮਾਰੀ ਫੈਲਣ ਵੇਲੇ ਬਣਾਈਆਂ ਗਈਆਂ ਅਤੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਹੋਰ ਕਾਮਿਆਂ ਨੂੰ ਉਨ੍ਹਾਂ ਦੇ ਆਪਣੇ ਬਚਾਓ ਲਈ ਦਿੱਤੀਆਂ ਗਈਆਂ ਸਨ। ਪਿਛੋਂ ਅਜਿਹੀਆਂ ਕਿੱਟਾਂ ਦੀ ਵਰਤੋਂ ਅੱਗ ਲੱਗਣ ਉਤੇ ਕੁਝ ਦੇਸ਼ਾਂ ਵਿਚ ਫਾਇਰ ਸਰਵਿਸ ਵਾਲੇ ਲੋਕਾਂ ਨੂੰ ਵੀ ਦਿੱਤੀਆਂ ਜਾਣ ਲੱਗ ਪਈਆਂ ਸਨ। ਖਤਰੇ ਨਾਲ ਸਿੱਝਦੇ ਸਮੇਂ ਖੁਦ ਖਤਰੇ ਤੋਂ ਪ੍ਰਭਾਵਤ ਹੋਣ ਤੋਂ ਬਚਣ ਲਈ ਵਰਤੇ ਜਾ ਸਕਣ ਵਾਲੇ ਇਹ ਸੂਟ ਇਸ ਵਾਰੀ ਕਰੋਨਾ ਵਾਇਰਸ ਤੋਂ ਬਚਣ ਲਈ ਐਮਰਜੈਂਸੀ ਫਲਾਈਟ ਵਾਲੇ ਪਾਇਲਟਾਂ ਅਤੇ ਹੋਰ ਅਮਲੇ ਲਈ ਵੀ ਜ਼ਰੂਰੀ ਸਮਝੇ ਜਾਣ ਲੱਗ ਪਏ ਸਨ ਅਤੇ ਕਰੋਨਾ ਦੇ ਰੋਗੀ ਦੀ ਮੌਤ ਪਿੱਛੋਂ ਅੰਤਿਮ ਸਸਕਾਰ ਵੇਲੇ ਨਾਲ ਜਾਣ ਵਾਲੇ ਲੋਕਾਂ ਲਈ ਵੀ ਇਸ ਦੀ ਵਰਤੋਂ ਦੀ ਮੰਗ ਉਠਣ ਲੱਗ ਪਈ ਸੀ। ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਏਸੇ ਪੀ. ਪੀ. ਈ. ਕਿੱਟ ਦੀ ਖਰੀਦ ਵਿਚ ਘਪਲਾ ਕੀਤਾ ਗਿਆ ਹੈ ਅਤੇ ਇਸ ਦੀ ਜਾਂਚ ਵਿਚ ਕਈ ਵੱਡੇ ਨਾਂ ਆ ਰਹੇ ਹਨ।
ਕਹਾਣੀ ਇਹ ਪਤਾ ਲੱਗਦੀ ਹੈ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਲਈ ਜਦੋਂ ਪੀ. ਪੀ. ਈ. ਕਿੱਟਾਂ ਹੋਰ ਕਿਤੋਂ ਨਹੀਂ ਸਨ ਮਿਲੀਆਂ ਤਾਂ ਸਥਾਨਕ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਾਰਲੀਮੈਂਟ ਮੈਂਬਰ ਵਾਲੇ ਹਲਕਾ ਵਿਕਾਸ ਫੰਡ ਵਿਚੋਂ ਇਸ ਕੰਮ ਲਈ ਗਰਾਂਟ ਦਿੱਤੀ ਸੀ। ਜਦੋਂ ਕਿੱਟਾਂ ਪਹੁੰਚੀਆਂ ਤਾਂ ਵਰਤਣ ਵਾਲਿਆਂ ਡਾਕਟਰਾਂ ਅਤੇ ਹੋਰ ਅਮਲੇ ਨੇ ਉਨ੍ਹਾਂ ਨੂੰ ਨਿਕੰਮੀਆਂ ਕਹਿ ਕੇ ਦੁਹਾਈ ਪਾ ਦਿੱਤੀ। ਜਾਂਚ ਕਰਨ ਦਾ ਕੰਮ ਜਦੋਂ ਭ੍ਰਿਸ਼ਟ ਲੋਕਾਂ ਨੂੰ ਕਟਹਿਰੇ ਵਿਚ ਖੜਾ ਕਰਨ ਦੀ ਥਾਂ ਬਚਾਉਣ ਵਾਲਾ ਜਾਪਿਆ ਤਾਂ ਫੰਡ ਦੇਣ ਵਾਲੇ ਐਮ. ਪੀ. ਨੇ ਕੇਂਦਰ ਸਰਕਾਰ ਨੂੰ ਇਸ ਦੀ ਜਾਂਚ ਕਰਾਉਣ ਲਈ ਚਿੱਠੀ ਲਿਖ ਦਿੱਤੀ। ਇਸ ਦਾ ਅਸਰ ਇਹ ਹੋਇਆ ਕਿ ਜਾਂਚ ਦੇ ਨਾਂ ਉਤੇ ਸਾਰੇ ਮੁੱਦੇ ਨੂੰ ਖੁਰਦ-ਬੁਰਦ ਕਰਨ ਵਾਲਿਆਂ ਦਾ ਰਾਹ ਬੰਦ ਹੋ ਗਿਆ ਅਤੇ ਨਤੀਜੇ ਵਜੋਂ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਤੇ ਕੁਝ ਹੋਰਨਾਂ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕਰਨਾ ਪੈ ਗਿਆ। ਅੱਗੋਂ ਜਾਂਚ ਕਿੱਥੋਂ ਤੱਕ ਜਾਵੇਗੀ, ਕਿਹਾ ਨਹੀਂ ਜਾ ਸਕਦਾ।
ਇਹ ਤਾਂ ਸਰਕਾਰੀ ਖੇਤਰ ਦੇ ਭ੍ਰਿਸ਼ਟਾਚਾਰ ਦਾ ਕਿੱਸਾ ਸੀ, ਕਰੋਨਾ ਵਾਇਰਸ ਦੇ ਦੌਰ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦਾ ਦੂਜਾ ਗੈਰ-ਸਰਕਾਰੀ ਕਿੱਸਾ ਇਸ ਤੋਂ ਵੀ ਭੈੜਾ ਹੈ। ਅੰਮ੍ਰਿਤਸਰ ਵਿਚ ਤੁਲੀ ਲੈਬ ਵਿਚ ਲੋਕਾਂ ਦੇ ਟੈਸਟ ਕੀਤੇ ਜਾਂਦੇ ਤੇ ਬਿਨਾ ਕਿਸੇ ਬੀਮਾਰੀ ਤੋਂ ਉਨ੍ਹਾਂ ਨੂੰ ਕਰੋਨਾ ਵਾਇਰਸ ਦੇ ਮਰੀਜ਼ ਕਹਿ ਕੇ ਇੱਕ ਖਾਸ ਹਸਪਤਾਲ ਤੋਂ ਇਲਾਜ ਕਰਾਉਣ ਲਈ ਰੈਫਰ ਕੀਤਾ ਜਾਂਦਾ ਸੀ। ਉਹ ਹਸਪਤਾਲ ਪਹਿਲਾਂ ਵੀ ਪੁੱਠੇ ਕੰਮ ਲਈ ਲੋਕਾਂ ਵਿਚ ਚਰਚਿਤ ਸੀ। ਅਗਲਾ ਕੰਮ ਉਸ ਹਸਪਤਾਲ ਵਿਚ ਇਹ ਹੁੰਦਾ ਰਿਹਾ ਕਿ ਠੀਕ-ਠਾਕ ਵਿਅਕਤੀਆਂ ਨੂੰ ਹਸਪਤਾਲ ਲਿਟਾ ਕੇ ਮੋਟੇ ਬਿੱਲ ਬਣਾਏ ਅਤੇ ਉਨ੍ਹਾਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਰਹੀਆਂ। ਜਦੋਂ ਇੱਕੋ ਪਰਿਵਾਰ ਦੇ ਕਈ ਲੋਕ ਕਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ ਦੱਸ ਕੇ ਇਸੇ ਹਸਪਤਾਲ ਵਿਚ ਭੇਜ ਦਿੱਤੇ ਗਏ ਤਾਂ ਪਰਿਵਾਰ ਦੇ ਦਾਮਾਦ ਨੇ ਜ਼ਿਦ ਕਰ ਕੇ ਸਰਕਾਰੀ ਲੈਬ ਤੋਂ ਉਨ੍ਹਾਂ ਦੇ ਸੈਂਪਲ ਟੈਸਟ ਕਰਵਾਏ ਤੇ ਨਤੀਜੇ ਵਿਚ ਉਹ ਲੋਕ ਕਿਸੇ ਵੀ ਬਿਮਾਰੀ ਤੋਂ ਰਹਿਤ ਨਿਕਲੇ।
ਫਿਰ ਵਿਜੀਲੈਂਸ ਦੀ ਕਾਰਵਾਈ ਚੱਲੀ ਤੇ ਤੁਲੀ ਲੈਬ ਦੇ ਨਾਲ ਹਸਪਤਾਲ ਦੇ ਅੱਧੀ ਕੁ ਦਰਜਨ ਡਾਕਟਰਾਂ ਉਤੇ ਸ਼ਿਕੰਜਾ ਕੱਸਿਆ ਜਾਣ ਲੱਗਾ ਤਾਂ ਉਹ ਸਾਰੇ ਜਣੇ ਜਾਂਚ ਦਾ ਸਾਹਮਣਾ ਕਰਨ ਦੀ ਥਾਂ ਗੁਪਤ ਵਾਸ ਹੋ ਕੇ ਕਾਨੂੰਨੀ ਕਾਰਵਾਈ ਕਰਨ ਨਿਕਲ ਪਏ। ਅਸੀਂ ਡਾਕਟਰੀ ਕਿੱਤੇ ਵੱਲ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਹਾਂ ਤੇ ਭਵਿੱਖ ਵਿਚ ਵੀ ਵੇਖਦੇ ਰਹਿਣਾ ਚਾਹੁੰਦੇ ਹਾਂ, ਪਰ ਸਾਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਸ ਮਾਮਲੇ ਵਿਚ ਡਾਕਟਰਾਂ ਦੀ ਕਿਸੇ ਜਥੇਬੰਦੀ ਨੇ ਡਾਕਟਰੀ ਕਿੱਤੇ ਦੇ ਇਸ ਭ੍ਰਿਸ਼ਟਾਚਾਰ ਵਿਰੁੱਧ ਅਵਾਜ਼ ਨਹੀਂ ਉਠਾਈ। ਡਾਕਟਰਾਂ ਦੀ ਐਸੋਸੀਏਸ਼ਨ ਉਦੋਂ ਵੀ ਚੁੱਪ ਰਹੀ, ਜਦੋਂ ਏਸੇ ਅੰਮ੍ਰਿਤਸਰ ਵਿਚ ਵੀਹ ਕੁ ਸਾਲ ਪਹਿਲਾਂ ਗਰੀਬ ਲੋਕਾਂ ਦੀਆਂ ਕਿਡਨੀਆਂ ਕੱਢ ਕੇ ਅਮੀਰਾਂ ਨੂੰ ਲਾਉਣ ਅਤੇ ਪੈਸਾ ਕਮਾਉਣ ਦੀ ਗੰਦੀ ਖੇਡ ਨੰਗੀ ਹੋਈ ਸੀ।
ਦੂਜਾ ਪੱਖ ਧਰਮ ਦੇ ਖੇਤਰ ਵਿਚ ਹੁੰਦੇ ਭ੍ਰਿਸ਼ਟਾਚਾਰ ਦਾ ਹੈ। ਜਦੋਂ ਕਰੋਨਾ ਵਾਇਰਸ ਦੇ ਕਾਰਨ ਭਾਰਤ ਸਰਕਾਰ ਨੇ ਲੌਕਡਾਊਨ ਕੀਤਾ ਹੋਇਆ ਸੀ ਤੇ ਪੰਜਾਬ ਵਿਚ ਕਰਫਿਊ ਹੋਣ ਕਾਰਨ ਲੋਕ ਧਰਮ ਅਸਥਾਨਾਂ ਵਿਚ ਜਾਂਦੇ ਨਹੀਂ ਸਨ, ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਵਿਚ ਲੱਖਾਂ ਰੁਪਏ ਦਾ ਲੰਗਰ ਘੁਟਾਲਾ ਹੋ ਗਿਆ। ਦੱਸਿਆ ਗਿਆ ਹੈ ਕਿ ਕਾਗਜ਼ਾਂ ਵਿਚ ਲੱਖਾਂ ਰੁਪਏ ਦੀ ਸਬਜ਼ੀ ਰੋਜ਼ ਤਾਜ਼ੀ ਖਰੀਦ ਕੇ ਬਣਾਈ ਜਾਂਦੀ ਤੇ ਸੰਗਤ ਆਉਣ ਤੋਂ ਬਿਨਾ ਰੋਜ਼ ਵਰਤਾਈ ਗਈ ਦਿਖਾਈ ਜਾਂਦੀ ਰਹੀ ਸੀ। ਰੌਲਾ ਪਿਆ ਤਾਂ ਇਸ ਦੀ ਜਾਂਚ ਕਰਾਉਣੀ ਪੈ ਗਈ। ਤਖਤ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਣ ਕਰ ਕੇ ਜਾਂਚ ਅਧਿਕਾਰੀ ਅੰਮਿਤਸਰੋਂ ਆਏ ਅਤੇ ਮਾਮਲਾ ਮੀਡੀਏ ਵਿਚ ਆ ਚੁਕਾ ਹੋਣ ਕਾਰਨ ਪੰਜ ਜਣੇ ਸਸਪੈਂਡ ਕਰਨ ਦਾ ਹੁਕਮ ਹੋ ਗਿਆ। ਇਨ੍ਹਾਂ ਪੰਜਾਂ ਵਿਚ ਇੱਕ ਉਸ ਤਖਤ ਸਾਹਿਬ ਦਾ ਮੈਨੇਜਰ ਸੀ ਅਤੇ ਦੂਜੇ ਉਸ ਦੇ ਨਾਲ ਮੀਤ ਮੈਨੇਜਰ ਤੇ ਹੋਰ ਜ਼ਿੰਮੇਵਾਰ ਅਧਿਕਾਰੀ ਸਨ।
ਹੈਰਾਨੀ ਦੀ ਗੱਲ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਵਿਚ ਵੀ ਘਪਲਾ ਹੋਵੇ ਤਾਂ ਪੁਲਿਸ ਨੂੰ ਰਿਪੋਰਟ ਕੀਤੀ ਜਾਂਦੀ ਹੈ, ਪਰ ਸ਼੍ਰੋਮਣੀ ਕਮੇਟੀ ਇਸ ਦੇਸ਼ ਦੇ ਸੰਵਿਧਾਨ ਮੁਤਾਬਕ ਬਣੀ ਹੋਣ ਦੇ ਬਾਵਜੂਦ ਇਸ ਵੱਡੇ ਘਪਲੇ ਦਾ ਕੇਸ ਦਰਜ ਕਰਾਉਣ ਤੋਂ ਕੰਨੀ ਕਤਰਾਉਣ ਦਾ ਕੰਮ ਹੋਣ ਲੱਗ ਪਿਆ। ਇੱਕ ਜਾਂਚ ਕਮੇਟੀ ਬਣਾ ਲਈ ਹੈ ਤੇ ਫਿਰ ਬਚਾਉਣ ਦੇ ਚਾਰੇ ਸ਼ੁਰੂ ਹੋ ਜਾਣਗੇ। ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਿਆਨ ਆਇਆ ਹੈ ਕਿ ਦੋਸ਼ੀਆਂ ਦੇ ਵਿਰੁੱਧ ਸਖਤੀ ਕੀਤੀ ਜਾਵੇਗੀ, ਪਰ ਆਮ ਲੋਕ ਇਹ ਮੰਨਣ ਵਿਚ ਬਹੁਤ ਜ਼ਿਆਦਾ ਔਖ ਮਹਿਸੂਸ ਕਰਦੇ ਹਨ ਕਿ ਢਾਈ ਮਹੀਨੇ ਜਦੋਂ ਏਸੇ ਤਖਤ ਸਾਹਿਬ ਦੇ ਅੰਦਰ ਲੰਗਰ ਦਾ ਲੱਖਾਂ ਰੁਪਏ ਦਾ ਘਪਲਾ ਹੁੰਦਾ ਰਿਹਾ, ਜਥੇਦਾਰ ਸਾਹਿਬ ਨੂੰ ਭਲਾ ਇਸ ਦੀ ਭਿਣਕ ਵੀ ਨਾ ਲੱਗੀ ਹੋਵੇਗੀ!
ਅਸੀਂ ਕੇਂਦਰ ਜਾਂ ਰਾਜ ਸਰਕਾਰ ਦੇ ਅਦਾਰਿਆਂ ਅਤੇ ਗੈਰ-ਸਰਕਾਰੀ ਲੈਬਾਰਟਰੀਆਂ ਤੇ ਹਸਪਤਾਲਾਂ ਵਿਚ ਨਿੱਤ ਵਾਪਰਦੇ ਭ੍ਰਿਸ਼ਟਾਚਾਰ ਦੀ ਛੋਟੀ ਜਿਹੀ ਵੰਨਗੀ ਦੀ ਗੱਲ ਕੀਤੀ ਹੈ, ਜਿਸ ਦੀ ਜਾਂਚ ਚੱਲਦੀ ਪਈ ਹੈ। ਉਂਜ ਹਸਪਤਾਲਾਂ ਦਾ ਇਹ ਕਿੱਸਾ ਵੀ ਅੱਜਕੱਲ੍ਹ ਗੁੱਝਾ ਨਹੀਂ ਰਹਿ ਗਿਆ ਕਿ ਕੁਝ ਹਸਪਤਾਲ ਸਰਕਾਰ ਦੀਆਂ ਆਯੂਸ਼ਮਾਨ ਜਾਂ ਹੋਰਨਾਂ ਸਕੀਮਾਂ ਹੇਠ ਚੰਗੇ-ਭਲੇ ਲੋਕਾਂ ਨੂੰ ਆਪਣੇ ਕਮਰਿਆਂ ਵਿਚ ਦਾਖਲ ਦੱਸ ਕੇ ਉਨ੍ਹਾਂ ਦਾ ਸਰਕਾਰ ਤੋਂ ਮਿਲਦਾ ਪੈਸਾ ਹੜੱਪਣ ਦਾ ਕੰਮ ਵੀ ਕਰਦੇ ਹਨ। ਮੋਹਾਲੀ ਵਿਚ ਇੱਕ ਵਾਰ ਏਦਾਂ ਦੇ ਜਾਅਲੀ ਮਰੀਜ਼ ਦਿਖਾ ਕੇ ਇੰਸ਼ੋਰੈਂਸ ਕੰੰਪਨੀਆਂ ਤੋਂ ਪੈਸੇ ਵਸੂਲ ਕਰਨ ਦਾ ਸਕੈਂਡਲ ਫੜਿਆ ਗਿਆ ਸੀ ਤੇ ਵੱਡੇ-ਵੱਡੇ ਹਸਪਤਾਲਾਂ ਬਾਰੇ ਚਰਚਾ ਹੋਈ ਸੀ। ਸਾਰੇ ਡਾਕਟਰ ਬਿਨਾ ਸ਼ੱਕ ਇਕੋ ਜਿਹੇ ਨਹੀਂ ਹੁੰਦੇ, ਬਹੁਤੇ ਡਾਕਟਰ ਲੋਕਾਂ ਦੀ ਸੇਵਾ ਦਾ ਫਰਜ਼ ਨਿਭਾਉਂਦੇ ਹਨ, ਪਰ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਡਾਕਟਰਾਂ ਦੇ ਸਾਰੇ ਭਾਈਚਾਰੇ ਨੂੰ ਚੁਭਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾ ਇਸ ਬਾਰੇ ਚੁੱਪ ਵੱਟ ਜਾਣਾ ਮਾੜਾ ਲੱਗਦਾ ਹੈ। ਇਸੇ ਤਰ੍ਹਾਂ ਜਦੋਂ ਕਿਸੇ ਧਰਮ ਅਸਥਾਨ ਵਿਚੋਂ ਤਖਤ ਕੇਸਗੜ੍ਹ ਸਾਹਿਬ ਦੇ ਲੰਗਰ ਜਿਹੀ ਹੇਰਾਫੇਰੀ ਦੀ ਗੱਲ ਬਾਹਰ ਆਉਂਦੀ ਤੇ ਉਸ ਦੇ ਖਿਲਾਫ ਸਖਤੀ ਦੇ ਐਲਾਨਾਂ ਦੇ ਓਹਲੇ ਹੇਠ ਪਰਦੇ ਪਾਉਣ ਦਾ ਕੰਮ ਚੱਲਦਾ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਅਜੇ ਬਾਕੀਆਂ ਵਾਂਗ ਬਦਨਾਮ ਨਹੀਂ ਸਮਝੇ ਜਾਂਦੇ, ਉਨ੍ਹਾਂ ਨੂੰ ਇਸ ਦੇ ਖਿਲਾਫ ਚੁੱਪ ਤੋੜਨੀ ਚਾਹੀਦੀ ਹੈ। ਸਾਨੂੰ ਦੁੱਖ ਹੈ ਕਿ ਜਦੋਂ ਲੋਕ ਕਰੋਨਾ ਦੇ ਕਹਿਰ ਝੱਲਦੇ ਪਏ ਹਨ, ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਉਦੋਂ ਵੀ ਸ਼ਰਮ ਨਹੀਂ ਆ ਰਹੀ।