‘ਬਲੈਕ ਲਾਈਵਜ਼ ਮੈਟਰ’ ਮੂਵਮੈਂਟ

ਕੀ ਦੁਨੀਆਂ ਵਿਚ ਰੰਗ, ਨਸਲ, ਜਾਤ, ਧਰਮ, ਲਿੰਗ ਆਧਾਰਿਤ ਵਿਤਕਰੇ ਖਤਮ ਕਰ ਸਕੇਗੀ?
ਹਰਚਰਨ ਸਿੰਘ ਪਰਹਾਰ*
ਫੋਨ: 403-681-8689
25 ਮਈ 2020 ਨੂੰ ਅਮਰੀਕਾ ਦੀ ਸਟੇਟ ਮਿਨੀਸੋਟਾ ਦੇ ਸ਼ਹਿਰ ਮਿਨੀਐਪੋਲਿਸ ਵਿਚ ਇੱਕ ਕਾਲੇ ਮੂਲ ਦੇ ਨਿਹੱਥੇ ਵਿਅਕਤੀ ਜਾਰਜ ਫਲਾਇਡ ਨੂੰ ਪੁਲਿਸ ਨੇ ਇੱਕ ਜ਼ਾਅਲੀ ਬਿੱਲ ਦੇ ਦੋਸ਼ ਵਿਚ ਗ੍ਰਿਫਤਾਰੀ ਦੌਰਾਨ ਅਣਗਹਿਲੀ ਕਰਕੇ ਬੇਰਹਿਮੀ ਨਾਲ ਮਾਰ ਦਿੱਤਾ ਸੀ। ਅਮਰੀਕਾ ਵਿਚ ਇਹ ਕੋਈ ਨਾ ਪਹਿਲੀ ਘਟਨਾ ਸੀ ਤੇ ਨਾ ਹੀ ਸ਼ਾਇਦ ਨਿਕਟ ਭਵਿੱਖ ਵਿਚ ਆਖਰੀ ਘਟਨਾ ਹੋਵੇ? ਪਰ ਕਈ ਵਾਰ ਕੁਝ ਛੋਟੀਆਂ ਘਟਨਾਵਾਂ ਵੀ ਇਤਿਹਾਸ ਬਦਲਣ ਲਈ ਕਾਫੀ ਹੁੰਦੀਆਂ ਹਨ।

ਜਿਸ ਤਰ੍ਹਾਂ ਪਹਿਲੀ ਦਸੰਬਰ 1955 ਨੂੰ 42 ਸਾਲਾ ਰੋਜ਼ਾ ਪਾਰਕ ਨਾਮ ਦੀ ਇੱਕ ਕਾਲੀ ਔਰਤ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਸ ਨੇ ਮੌਂਟਗੁੰਮਰੀ (ਅਲਬਾਮਾ) ਵਿਚ ਬੱਸ ਸਫਰ ਦੌਰਾਨ ਇੱਕ ਗੋਰੇ ਵਿਅਕਤੀ ਲਈ ਸੀਟ ਛੱਡਣ ਤੋਂ ਨਾਂਹ ਕਰ ਦਿੱਤੀ ਸੀ। ਬੇਸ਼ਕ ਕਾਨੂੰਨੀ ਤੌਰ ‘ਤੇ ਅਮਰੀਕਾ ‘ਚ 1865 ਵਿਚ ਕਾਲਿਆਂ ਦੀ ਗੁਲਾਮੀ ਖਤਮ ਕਰ ਦਿੱਤੀ ਗਈ ਸੀ, ਪਰ ਸਮਾਜਕ ਜਾਂ ਰਾਜਸੀ ਤੌਰ ‘ਤੇ ਰੰਗ ਆਧਾਰਿਤ ਨਸਲਵਾਦੀ ਵਿਤਕਰਾ ਉਵੇਂ ਹੀ ਜਾਰੀ ਸੀ, ਜੋ ਵੱਖ-ਵੱਖ ਕਾਨੂੰਨੀ ਸੋਧਾਂ ਕਰਕੇ 1970 ਤੱਕ ਖਤਮ ਕੀਤਾ ਗਿਆ।
ਕਾਲਿਆਂ ਨੂੰ ਬਰਾਬਰੀ ਦੇਣ ਦੀ ਕੋਸ਼ਿਸ਼ ਕਰਨ ਵਾਲੇ ਦੂਜੇ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਨੂੰ 1963 ਵਿਚ ਨਸਲਵਾਦੀ ਗੋਰਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੂੰ 1865 ਵਿਚ ਕਾਲਿਆਂ ਦੀ ਗੁਲਾਮੀ ਖਤਮ ਕਰਨ ਕਰਕੇ ਕਤਲ ਕਰ ਦਿੱਤਾ ਗਿਆ ਸੀ। 1970 ਤੱਕ ਅਮਰੀਕਾ ਵਿਚ ਨਾ ਸਿਰਫ ਬੱਸਾਂ-ਟਰੇਨਾਂ ਵਿਚ ਕਾਲਿਆਂ ਦੇ ਬੈਠਣ ਲਈ ਪਿਛੇ ਸੀਟਾਂ ਹੁੰਦੀਆਂ ਸਨ, ਸਗੋਂ ਕਾਲਿਆਂ ਦੇ ਵੱਖਰੇ ਚਰਚ ਅਤੇ ਸਕੂਲ, ਕਾਲੋਨੀਆਂ, ਅਪਾਰਟਮੈਂਟਾਂ, ਰੈਸਟੋਰੇਂਟ ਆਦਿ ਵੱਖਰੇ ਸਨ। ਇਸੇ ਤਰ੍ਹਾਂ ਫਲਾਇਡ ਦੀ ਮੌਤ ਮੌਕੇ ਕਿਸੇ ਵਲੋਂ ਬਣਾਈ ਵੀਡੀਉ ਦੇ ਵਾeਰਿਲ ਹੋਣ ਪਿਛੋਂ ਜਿਥੇ ਪਹਿਲਾਂ ਅਮਰੀਕਾ ਭਰ ਵਿਚ ਗੁੱਸੇ ਨਾਲ ਭਰੀਆਂ ਭੀੜਾਂ ਹਿੰਸਕ ਹੋ ਗਈਆਂ ਸਨ, ਪਰ ਜਲਦੀ ਹੀ ਵਿਰੋਧ ਦਾ ਘਟਨਾਕ੍ਰਮ ਅਮਰੀਕਾ ਤੋਂ ਵਧਦਾ ਸਾਰੀ ਦੁਨੀਆਂ ਵਿਚ ‘ਬਲੈਕ ਲਾਈਵਜ਼ ਮੈਟਰ’ ਨਾਮ ਦੀ ਸ਼ਾਂਤੀਪੂਰਨ ਮਾਸ ਮੂਵਮੈਂਟ ਵਿਚ ਬਦਲ ਗਿਆ।
ਪਿਛਲੇ ਮਹੀਨੇ ਪੱਛਮ ਦੇ ਕਰੀਬ ਸਾਰੇ ਦੇਸ਼ਾਂ ਵਿਚ ਆਮ ਲੋਕਾਂ ਦੇ ਵੱਡੇ-ਵੱਡੇ ਇਕੱਠ ਹੋਏ ਤੇ ਫਿਰ ਇਹ ਮੂਵਮੈਂਟ ਨਸਲਵਾਦੀ ਸੋਚ ਅਧੀਨ ਬਣੀਆਂ ਯਾਦਗਾਰੀ ਇਮਾਰਤਾਂ ਤੇ ਬੁੱਤਾਂ ਦੀ ਤੋੜ-ਭੰਨ ਵੱਲ ਨੂੰ ਹੋ ਗਈ। ਮੁਜਾਹਰਕਾਰੀਆਂ ਵਲੋਂ ਨਸਲਵਾਦ ਦਾ ਪ੍ਰਤੀਕ ਅਨੇਕਾਂ ਪ੍ਰਸਿੱਧ ਵਿਅਕਤੀਆਂ ਦੇ ਬੁੱਤ ਤੋੜੇ ਗਏ, ਜਿਨ੍ਹਾਂ ਵਿਚ ਸਲੇਵ ਟਰੇਡਰ ਐਡਵਰਡ ਕੌਲਸਟਨ, ਕ੍ਰਿਸਟੋਫਰ ਕੋਲੰਬਸ, ਮਹਾਤਮਾ ਗਾਂਧੀ, ਮਰਚੈਂਟ ਸਲੇਵ ਟਰੇਡਰ ਰੌਬਰਟ ਮਿਲੀਗਨ, ਨਸਲਵਾਦੀ ਸਾਬਕਾ ਫੌਜੀ ਤੇ ਹਿਟਲਰ ਹਮਾਇਤੀ ਰੌਬਰਟ ਬੇਡਨ ਪੌਵਲ ਸ਼ਾਮਿਲ ਸਨ। ਮੁਜਾਹਰਾਕਾਰੀਆਂ ਵਲੋਂ ਇਸੇ ਤਰ੍ਹਾਂ ਦੇ ਨਸਲਵਾਦ ਦੇ ਪ੍ਰਤੀਕ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ ਤੇ ਹੋਰ ਪੱਛਮੀ ਦੇਸ਼ਾਂ ਵਿਚ ਲੱਗੇ ਹੋਏ ਬੁੱਤਾਂ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ‘ਬਲੈਕ ਲਾਈਵਜ਼ ਮੈਟਰ’ ਮੂਵਮੈਂਟ 2013 ਵਿਚ ਅਮਰੀਕਾ ਤੋਂ ਉਸ ਵੇਲੇ ਸ਼ੁਰੂ ਹੋਈ ਸੀ, ਜਦੋਂ 2012 ਵਿਚ 17 ਸਾਲਾ ਕਾਲੇ ਨੌਜਵਾਨ ਟਰੇਵੌਨ ਮਾਰਟਿਨ ਨੂੰ ਫਲੋਰਿਡਾ ਵਿਚ ਗੋਲੀ ਮਾਰ ਕੇ ਮਾਰਨ ਵਾਲੇ ਗੋਰੇ ਜੌਰਜ਼ ਜ਼ਿਮਰਮੈਨ ਨੂੰ ਅਦਾਲਤ ਨੇ ਸਾਫ ਬਰੀ ਕਰ ਦਿੱਤਾ ਸੀ। ਇਸ ਪਿਛੋਂ ਇਸ ਮੂਵਮੈਂਟ ਨੇ ਉਸ ਵਕਤ ਹੋਰ ਜ਼ੋਰ ਫੜਿਆ ਸੀ, ਜਦੋਂ 2014 ਵਿਚ ਦੋ ਹੋਰ ਕਾਲੇ ਨੌਜਵਾਨ ਪੁਲਿਸ ਗੋਲੀ ਨਾਲ ਮਾਰੇ ਗਏ ਸਨ। ਬੇਸ਼ਕ ਇਹ ਮੂਵਮੈਂਟ ਪਿਛਲੇ ਮਹੀਨੇ ਤੱਕ ਅਮਰੀਕਾ ਤੱਕ ਸੀਮਤ ਸੀ, ਪਰ ਜਾਰਜ ਫਲਾਇਡ ਦੀ ਮੌਤ ਪਿਛੋਂ ਦੁਨੀਆਂ ਭਰ ਵਿਚ ਫੈਲ ਚੁਕੀ ਹੈ। ਕਾਲਿਆਂ ਨਾਲ ਅਮਰੀਕਾ ਵਿਚ ਅਣਮਨੁੱਖੀ ਨਸਲਵਾਦੀ ਵਤੀਰਾ 300 ਸਾਲ ਤੋਂ ਵੀ ਪੁਰਾਣਾ ਹੈ। ਜਦੋਂ ਬਰਤਾਨਵੀ ਬਸਤੀਵਾਦੀ ਗੋਰੇ ਹਾਕਮਾਂ ਨੇ ਅਫਰੀਕਾ ਤੋਂ ਆਪਣੇ ਘਰੇਲੂ ਤੇ ਖੇਤੀਬਾੜੀ ਦੇ ਕੰਮਾਂ ਲਈ ਕਾਲੇ ਕਾਮੇ ਖਰੀਦ ਕੇ ਲਿਆਉਣੇ ਸ਼ੁਰੂ ਕੀਤੇ ਸਨ, ਜਿਨ੍ਹਾਂ ਨੂੰ ਪਿਛੋਂ ਵੱਖ-ਵੱਖ ਢੰਗਾਂ ਨਾਲ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਅਮਰੀਕਨ ਇਤਿਹਾਸਕਾਰਾਂ ਅਨੁਸਾਰ 30 ਲੱਖ ਕਾਲਿਆਂ ਨੂੰ ਅਫਰੀਕਾ ਵਿਚੋਂ ਖਰੀਦ ਕੇ ਜਬਰਦਸਤੀ ਬੰਦੀ ਬਣਾ ਕੇ ਅਮਰੀਕਾ ਲਿਆਂਦਾ ਗਿਆ ਸੀ। ਵੱਡੀ ਗਿਣਤੀ ਵਿਚ ਕਾਲੇ ਰਸਤਿਆਂ ਵਿਚ ਹੀ ਬੀਮਾਰੀ ਜਾਂ ਭੁੱਖ ਨਾਲ ਮਰ ਜਾਂਦੇ ਸਨ, ਜਿਨ੍ਹਾਂ ਨੂੰ ਸਮੁੰਦਰ ਵਿਚ ਮੱਛੀਆਂ ਦੇ ਖਾਣ ਲਈ ਸੁੱਟ ਦਿੱਤਾ ਜਾਂਦਾ ਸੀ। ਬੇਸ਼ਕ ਅਮਰੀਕਾ ਬਸਤੀਵਾਦੀ ਅੰਗਰੇਜਾਂ ਤੋਂ 19 ਅਪਰੈਲ 1775 ਨੂੰ ਅਜ਼ਾਦ ਹੋ ਗਿਆ ਸੀ, ਪਰ ਆਜ਼ਾਦੀ ਪਿਛੋਂ ਵੀ ਅਮਰੀਕਨ ਗੋਰਿਆਂ ਨੇ ਕਾਲਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਜਾਰੀ ਰੱਖਿਆ। ਅਮਰੀਕਾ ਵਿਚ 1860 ਤੋਂ ਪਹਿਲਾਂ ਕਾਲਿਆਂ ਨੂੰ ਇੱਕ ਮਨੁੱਖ ਵਜੋਂ ਨਹੀਂ, ਸਗੋਂ ਗੋਰੇ ਮਾਲਕਾਂ ਵਲੋਂ ਆਪਣੀ ਜਾਇਦਾਦ ਦੇ ਤੌਰ ‘ਤੇ ਰੱਖਿਆ ਜਾਂਦਾ ਸੀ। ਗੋਰੇ ਪਸੂਆਂ ਨਾਲ ਘੱਟ ਜ਼ੁਲਮ ਕਰਦੇ ਸਨ, ਪਰ ਅਫਰੀਕਨ ਕਾਲਿਆਂ ਨਾਲ ਵੱਧ ਜ਼ੁਲਮ ਹੁੰਦਾ ਸੀ।
ਪਹਿਲੀ ਵਾਰ 1860 ਵਿਚ ਅਬਰਾਹਿਮ ਲਿੰਕਨ ਦੇ ਅਮਰੀਕਨ ਪ੍ਰਧਾਨ ਬਣਨ ਪਿਛੋਂ ਜਦੋਂ ਉਸ ਨੇ ਕਾਲਿਆਂ ਦੀ ਗੁਲਾਮੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰੀਬ 10 ਸਟੇਟਾਂ ਨੇ ਬਗਾਵਤ ਕਰ ਦਿੱਤੀ, ਜਿਸ ਦੇ ਨਤੀਜੇ ਵਜੋਂ 1861 ਤੋਂ 1865 ਤੱਕ ਅਮਰੀਕਾ ਵਿਚ ਹੋਈ ਖੂਨੀ ਸਿਵਿਲ ਵਾਰ (ਘਰੇਲੂ ਜੰਗ), ਜਿਸ ਵਿਚ ਕੋਈ 15 ਲੱਖ ਲੋਕ ਮਾਰੇ ਗਏ ਸਨ, ਪਿਛੋਂ ਬੇਸ਼ਕ 18 ਦਸੰਬਰ 1865 ਵਿਚ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚੋਂ ਕਾਲਿਆਂ ਦੀ ਸਲੇਵਰੀ (ਖਰੀਦ-ਵੇਚ) ਖਤਮ ਕਰ ਦਿੱਤੀ ਗਈ ਸੀ, ਪਰ ਕਾਲਿਆਂ ਨੂੰ ਕਾਨੂੰਨੀ ਤੌਰ ‘ਤੇ ਸਾਰੇ ਕਾਨੂੰਨੀ ਤੇ ਮਨੁੱਖੀ ਹੱਕ ਅਜੇ ਤੱਕ ਨਹੀਂ ਮਿਲੇ। ਕਾਲੇ ਅਮਰੀਕਨ ਆਦਮੀਆਂ ਨੂੰ 1870 ਵਿਚ ਵੋਟ ਪਾਉਣ ਦਾ ਹੱਕ ਦਿੱਤਾ ਗਿਆ, ਪਰ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ। ਪਹਿਲੀ ਵਾਰ 1920 ਵਿਚ ਅਮਰੀਕਨ ਗੋਰੀਆਂ ਨੇ ਤਾਂ ਵੋਟ ਪਾਉਣ ਦਾ ਹੱਕ ਲੈ ਲਿਆ ਸੀ, ਪਰ ਅਮਰੀਕਨ ਕਾਲਿਆਂ, ਏਸ਼ੀਅਨ, ਸਪੈਨਿਸ਼, ਮੂਲ ਨਿਵਾਸੀ ਔਰਤਾਂ ਨੂੰ ਇਹ ਹੱਕ 6 ਅਗਸਤ 1965 ਵਿਚ ਸਿਵਿਲ ਰਾਈਟਸ ਮੂਵਮੈਂਟ ਪਿਛੋਂ ਮਿਲਿਆ ਸੀ। ਜ਼ਿਕਰਯੋਗ ਹੈ ਕਿ ਲਿੰਕਨ ਨੂੰ 15 ਅਪਰੈਲ 1865 ਨੂੰ ਕਾਨੂੰਨੀ ਤੌਰ ‘ਤੇ ਕਾਲਿਆਂ ਦੀ ਗੁਲਾਮੀ ਖਤਮ ਕਰਨ ਤੋਂ ਪਹਿਲਾਂ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
ਗੁਲਾਮ ਕਾਲਿਆਂ (ਮਰਦ-ਔਰਤਾਂ), ਸਪੈਨਿਸ਼ ਲੋਕਾਂ (ਨਾਰਥ ਤੇ ਸਾਊਥ ਅਮਰੀਕਾ ਦੇ ਲੋਕਾਂ), ਮੂਲ ਨਿਵਾਸੀ ਅਮਰੀਕਨਾਂ, ਏਸ਼ੀਅਨਾਂ ਨਾਲ ਪਹਿਲਾਂ ਬਸਤੀਵਾਦੀ ਗੋਰਿਆਂ ਅਤੇ ਬਾਅਦ ‘ਚ ਅਮਰੀਕਨ ਗੋਰਿਆਂ ਵਲੋਂ ਜੋ ਜ਼ੁਲਮ-ਤਸ਼ੱਦਦ ਤੇ ਅਣਮਨੁੱਖੀ ਵਰਤਾਰਾ 300 ਸਾਲ ਕੀਤਾ ਗਿਆ ਤੇ ਵੱਖ-ਵੱਖ ਢੰਗਾਂ ਨਾਲ ਅਸਿੱਧੇ ਤੌਰ ‘ਤੇ ਅਜੇ ਵੀ ਜਾਰੀ ਹੈ, ਨੂੰ ਪੜ੍ਹ ਕੇ ਸਾਨੂੰ ਆਪਣੇ ਮਨੁੱਖ ਹੋਣ ‘ਤੇ ਸ਼ਰਮ ਆਉਣ ਲਗਦੀ ਹੈ ਕਿ ਮਨੁੱਖ ਤੋਂ ਵਹਿਸ਼ੀ ਜਾਨਵਰ ਇਸ ਦੁਨੀਆਂ ਵਿਚ ਕੋਈ ਹੋਰ ਨਹੀਂ। ਬਾਕੀ ਤਕੜੇ ਜਾਨਵਰ ਤਾਂ ਸਿਰਫ ਆਪਣੀ ਭੁੱਖ ਦੀ ਪੂਰਤੀ ਜਾਂ ਡਰ ਵਿਚ ਹੀ ਕਿਸੇ ‘ਤੇ ਹਮਲਾ ਕਰਦੇ ਹਨ, ਪਰ ਮਨੁੱਖ ਇੱਕ ਅਜਿਹਾ ਵਹਿਸ਼ੀ ਦਰਿੰਦਾ ਹੈ, ਜੋ ਆਪਣੀਆਂ ਇੱਛਾਵਾਂ ਅਤੇ ਆਪਣੀ ਰੰਗ, ਨਸਲ, ਲਿੰਗ, ਧਰਮ, ਰਾਜਸੀ ਤਾਕਤ ਆਦਿ ਦੇ ਨਸ਼ੇ ਵਿਚ ਅਜਿਹਾ ਵਹਿਸ਼ੀਪੁਣਾ ਕਰ ਸਕਦਾ ਹੈ, ਜਿਸ ਨਾਲ ਦੁਨੀਆਂ ਦਾ ਇਤਿਹਾਸ ਭਰਿਆ ਪਿਆ ਹੈ। ਬੇਸ਼ਕ ਅੱਜ ਮਨੁੱਖ ਨੇ ਵਿਗਿਆਨ ਦੀਆਂ ਕਾਢਾਂ ਨਾਲ ਅਨੇਕਾਂ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਲਈਆਂ ਹਨ, ਪਰ ਅੰਦਰੋਂ ਉਸ ਦੀਆਂ ਇੱਛਾਵਾਂ ਕਦੇ ਨਾ ਖਤਮ ਹੋਣ ਵਾਲੀਆਂ ਹਨ, ਜਿਸ ਅਧੀਨ ਕਾਬਜ਼ ਤਾਕਤਵਰ ਜਮਾਤਾਂ ਦੂਜਿਆਂ ਨੂੰ ਗੁਲਾਮ ਬਣਾਉਣ ਲਈ ਨਵੇਂ ਨਵੇਂ ਢੰਗ ਤਰੀਕੇ ਲੱਭਦੀਆਂ ਰਹਿੰਦੀਆਂ ਹਨ। ਅਮਰੀਕਾ ਤੇ ਯੂਰਪ ਵਿਚ ਕਾਲੇ ਗੁਲਾਮਾਂ ਨਾਲ ਅਨੇਕਾਂ ਤਰ੍ਹਾਂ ਦੇ ਅਣਮਨੁੱਖੀ ਜ਼ੁਲਮ ਢਾਹੇ ਜਾਂਦੇ ਸਨ, ਉਨ੍ਹਾਂ ਵਿਚੋਂ ਇਥੇ ਕੁਝ, ਇਸ ਲਈ ਵਰਣਨ ਕਰਨੇ ਜਰੂਰੀ ਹਨ, ਤਾਂ ਜੋ ਸਾਨੂੰ ਉਨ੍ਹਾਂ ਦੀ ਗੁਲਾਮੀਅਤ ਦਾ ਅਹਿਸਾਸ ਹੋ ਸਕੇ ਤੇ ਜੋ ਲੋਕ ਅਜੇ ਵੀ ਨਵੇਂ ਢੰਗ ਨਾਲ ਲੋਕਾਂ ਨੂੰ ਗੁਲਾਮ ਬਣਾ ਰਹੇ, ਉਨ੍ਹਾਂ ਪ੍ਰਤੀ ਚੇਤੰਨ ਹੋਇਆ ਜਾ ਸਕੇ ਅਤੇ ਜਿਨ੍ਹਾਂ ਨੂੰ ਗੁਲਾਮੀਅਤ ਤੋਂ ਆਜ਼ਾਦੀ ਨਹੀਂ ਮਿਲ ਸਕੀ, ਉਨ੍ਹਾਂ ਦੇ ਹੱਕ ਵਿਚ ਖੜ ਸਕਣ ਲਈ ਕੋਈ ਯਤਨ ਕਰ ਸਕੀਏ।
ਬਸਤੀਵਾਦੀ ਅੰਗਰੇਜ਼ਾਂ ਤੇ ਬਾਅਦ ਵਿਚ ਅਮਰੀਕਨ ਗੋਰਿਆਂ ਵਲੋਂ ਕਾਲੇ ਲੋਕਾਂ ਨੂੰ ਵਸਤੂਆਂ (ਜਾਂ ਪਸੂਆਂ) ਵਾਂਗ ਖਰੀਦਿਆ-ਵੇਚਿਆ ਜਾਂਦਾ ਸੀ, ਉਨ੍ਹਾਂ ਨੂੰ ਬਹੁਤ ਵਾਰ ਪਸੂਆਂ ਤੋਂ ਵੀ ਨੀਵੇਂ ਪੱਧਰ ‘ਤੇ ਰੱਖਿਆ ਜਾਂ ਵਰਤਿਆ ਜਾਂਦਾ ਸੀ, ਕਾਲੀਆਂ ਔਰਤਾਂ ਨੂੰ ਘਰਾਂ ਦੇ ਕੰਮਾਂ ਜਾਂ ਗੋਰੇ ਬੱਚੇ ਪਾਲਣ ਲਈ ਬੰਧੂਆ ਮਜਦੂਰ ਬਣਾ ਕੇ ਰੱਖਿਆ ਜਾਂਦਾ ਸੀ, ਗੋਰੇ ਮਰਦ ਕਾਲੇ ਖਰੀਦਣ ਦੀ ਥਾਂ ਬਹੁਤ ਵਾਰ, ਜਿਥੇ ਕਾਲੀਆਂ ਔਰਤਾਂ ਨਾਲ ਆਪਣੀ ਸੈਕਸ ਪੂਰਤੀ ਕਰਦੇ ਸਨ, ਉਥੇ ਉਨ੍ਹਾਂ ਰਾਹੀਂ ਪੈਦਾ ਹੋਏ ਬੱਚਿਆਂ ਨੂੰ ਮੁਫਤ ਦੇ ਗੁਲਾਮ (ਸੀਰੀ) ਬਣਾ ਕੇ ਰੱਖਦੇ ਸਨ, ਗੋਰੀਆਂ ਔਰਤਾਂ ਆਪਣੇ ਬੱਚਿਆਂ ਨੂੰ ਆਪ ਦੁੱਧ ਚੁੰਘਾਉਣ ਦੀ ਥਾਂ ਨਵੀਆਂ ਮਾਂ ਬਣੀਆਂ ਕਾਲੀਆਂ ਔਰਤਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਕੇ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਸਨ ਤੇ ਕਈ ਕਾਲੇ ਬੱਚੇ ਬਿਨਾ ਦੁੱਧ ਤੋਂ ਮਰ ਜਾਂਦੇ ਸਨ ਜਾਂ ਹੋਰ ਖੁਰਾਕ ਖਾ ਕੇ ਪਲਦੇ ਸਨ। ਗੋਰੇ ਮਾਲਕ ਆਪਣੇ ਕਾਲੇ ਗੁਲਾਮਾਂ ਦੇ ਸਰੀਰ ਉਤੇ ਗਰਮ ਰਾਡ ਨਾਲ ਕੋਈ ਨੰਬਰ ਜਾਂ ਨਾਮ ਖੋਦਦੇ ਸਨ ਤਾਂ ਜੋ ਆਪਣੇ ਗੁਲਾਮ ਦੀ ਪਛਾਣ ਰੱਖੀ ਜਾ ਸਕੇ। ਜੇ ਕੋਈ ਕਾਲਾ ਭੱਜਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਗੋਲੀ ਮਾਰਨਾ ਕਾਨੂੰਨੀ ਤੌਰ ‘ਤੇ ਜਾਇਜ਼ ਸੀ, ਜੇ ਕੋਈ ਕਾਲਾ ਗਲਤ ਕੰਮ ਕਰੇ ਜਾਂ ਮਾਲਕ ਦਾ ਹੁਕਮ ਨਾ ਮੰਨੇ ਤਾਂ ਉਸ ਨੂੰ ਨੰਗਾ ਕਰਕੇ ਹੰਟਰ ਮਾਰਨੇ, ਹੰਟਰ ਉਤੇ ਮੇਖਾਂ ਲਾ ਕੇ ਸਖਤ ਸਜ਼ਾ ਦੇਣ ਲਈ ਕੁੱਟਣਾ, ਲੋਹੇ ਦੀਆਂ ਗਰਮ ਰਾਡਾਂ ਨਾਲ ਕੁੱਟਣਾ, ਕਾਲਿਆਂ ਨੂੰ ਭੱਜਣ ਤੋਂ ਰੋਕਣ ਲਈ ਗਲਾਂ ਵਿਚ ਲੋਹੇ ਦਾ ਪਟਾ ਜਾਂ ਪੈਰਾਂ ਵਿਚ ਲੋਹੇ ਦੀਆਂ ਬੇੜੀਆਂ ਪਾ ਕੇ ਰੱਖਣਾ; ਕਾਲੇ ਆਪਣੀਆਂ ਮਾਲਕ ਗੋਰੀਆਂ ਨਾਲ ਸਰੀਰਕ ਸਬੰਧ ਨਾ ਬਣਾ ਸਕਣ, ਇਸ ਲਈ ਉਨ੍ਹਾਂ ਨੂੰ ਖੱਸੀ ਕਰਨਾ (ਨਾਮਰਦ ਬਣਾਉਣਾ) ਆਮ ਪ੍ਰਚਲਤ ਸੀ।
ਕਾਲੀਆਂ ਔਰਤਾਂ ਵਲੋਂ ਮਾਲਕਾਂ ਦਾ ਹੁਕਮ ਨਾ ਮੰਨਣ ਤੇ ਭੁੱਖੇ ਰੱਖਣਾ, ਉਨ੍ਹਾਂ ਦੇ ਬੱਚਿਆਂ ਨੂੰ ਆਪਣਾ ਉਧਾਰ ਚੁਕਾਉਣ ਜਾਂ ਡਾਲਰ ਬਣਾਉਣ ਲਈ ਮੰਡੀ ਵਿਚ ਵੇਚ ਦੇਣਾ, ਮਾਲਕਾਂ ਵਲੋਂ ਰੇਪ ਕਰਨਾ ਜਾਂ ਸਖਤ ਸਜ਼ਾ ਦੇ ਤੌਰ ‘ਤੇ ਗੈਂਗਰੇਪ ਕਰਨਾ; ਜੇ ਕੋਈ ਕਾਲਾ ਮਰਦ ਆਪਣੇ ਮਾਲਕ ਖਿਲਾਫ ਬਗਾਵਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਦੀ ਪਤਨੀ ਜਾਂ ਧੀ ਨੂੰ ਜ਼ਬਰਦਸਤੀ ਮੰਡੀ ਵਿਚ ਵੇਚਣਾ ਤੇ ਨਵੇਂ ਮਾਲਕਾਂ ਵਲੋਂ ਬਜ਼ਾਰ ਵਿਚ ਹੀ ਉਸ ਨਾਲ ਰੇਪ ਕਰਨਾ ਸਖਤ ਸਜ਼ਾਵਾਂ ਵਿਚੋਂ ਇੱਕ ਸੀ। ਗੋਰੇ ਮਾਲਕ ਜੇ ਕਿਸੇ ਹੋਰ ਅਮੀਰ ਗੋਰੇ ਤੋਂ ਉਧਾਰ ਲੈ ਕੇ ਮੋੜਨ ਦੇ ਸਮਰੱਥ ਨਾ ਹੋਣ ਤਾਂ ਉਹ ਆਪਣੇ ਗੁਲਾਮ ਕਾਲੇ ਬੱਚਿਆਂ ਜਾਂ ਲੜਕੀਆਂ ਨੂੰ ਵੇਚ ਸਕਦੇ ਸਨ, ਕਾਲੇ ਗੁਲਾਮਾਂ ਨੂੰ ਪੜ੍ਹਨ ਦਾ ਕੋਈ ਹੱਕ ਨਹੀਂ ਸੀ, ਜੇ ਕੋਈ ਗੋਰਾ ਟੀਚਰ ਕਿਸੇ ਕਾਲੇ ਬੱਚੇ ਨੂੰ ਚੋਰੀ ਪੜ੍ਹਾਏ ਤਾਂ ਉਸ ਨੂੰ 100-250 ਡਾਲਰ ਤੱਕ ਜ਼ੁਰਮਾਨਾ ਸੀ ਅਤੇ ਕਾਲੇ ਬੱਚੇ ਤੇ ਉਸ ਦੇ ਮਾਪਿਆਂ ਨੂੰ 20-50 ਹੰਟਰਾਂ ਦੀ ਸਜ਼ਾ ਹੁੰਦੀ ਸੀ। ਇਹ ਕਾਨੂੰਨੀ ਤੌਰ ‘ਤੇ 19ਵੀਂ ਸਦੀ ਤੱਕ ਲਾਗੂ ਰਿਹਾ, ਕਿਸੇ ਵੀ ਦੋਸ਼ ਵਿਚ ਗੋਰੇ ਮਾਲਕਾਂ ਵਲੋਂ ਆਪਣੇ ਗੁਲਾਮ ਕਾਲਿਆਂ ਨੂੰ ਮਾਰਨ ਲਈ ਕੋਈ ਸਜ਼ਾ ਨਹੀਂ ਹੁੰਦੀ ਸੀ। ਕਾਲੇ ਗੁਲਾਮਾਂ ਨੂੰ 14-16 ਘੰਟੇ ਸੱਤੇ ਦਿਨ ਆਪਣੇ ਮਾਲਕਾਂ ਲਈ ਕੰਮ ਕਰਨਾ ਪੈਂਦਾ ਸੀ, ਜਿਸ ਲਈ ਉਨ੍ਹਾਂ ਨੂੰ ਸਿਰਫ ਰਹਿਣ ਤੇ ਖਾਣ ਦਾ ਹੀ ਮਾਮੂਲੀ ਖਰਚਾ ਦਿੱਤਾ ਜਾਂਦਾ ਸੀ, ਉਨ੍ਹਾਂ ਕੋਲ ਕੋਈ ਵੀ ਜਾਇਦਾਦ ਰੱਖਣ ਦਾ ਹੱਕ ਨਹੀਂ ਸੀ, ਕੋਈ ਕਾਲਾ ਕਿਸੇ ਗੋਰੀ ਨਾਲ ਵਿਆਹ ਨਹੀਂ ਕਰਾ ਸਕਦਾ ਸੀ। ਸ਼ੁਰੂ ਵਿਚ ਉਨ੍ਹਾਂ ਕੋਲ ਧਰਮ ਨੂੰ ਮੰਨਣ ਦਾ ਹੱਕ ਨਹੀਂ ਸੀ, ਪਰ ਪਿਛੋਂ ਇਸਾਈਆਂ ਦੀ ਗਿਣਤੀ ਵਧਾਉਣ ਦੇ ਮਨਸ਼ੇ ਨਾਲ ਕਾਲਿਆਂ ਨੂੰ ਇਸਾਈ ਬਣਾਇਆ ਗਿਆ, ਪਰ ਉਨ੍ਹਾਂ ਦੇ ਚਰਚ ਵੱਖਰੇ ਸਨ, ਕਾਲਿਆਂ ਨੂੰ ਆਮ ਜਨ-ਜੀਵਨ ਵਿਚ ਪਬਲਿਕ ਵਿਚ ਜਾਣ ਦੀ ਮਨਾਹੀ ਸੀ।
ਗੋਰੀ ਨਸਲ ਦੇ ਲੋਕਾਂ ਵਿਚ ਇਹ ਭਰਮ ਸਦੀਆਂ ਪੁਰਾਣਾ ਹੈ ਕਿ ਬਾਕੀ ਸਾਰੀਆਂ ਨਸਲਾਂ ਤੋਂ ਉਹ ਉਤਮ ਹਨ ਤੇ ਗਾਡ ਨੇ ਉਨ੍ਹਾਂ ਨੂੰ ਬਾਕੀ ਸਾਰੀਆਂ ਨਸਲਾਂ ‘ਤੇ ਰਾਜ ਕਰਨ ਲਈ ਭੇਜਿਆ ਹੈ। ਉਨ੍ਹਾਂ ਦਾ ਸ਼ੁਰੂ ਤੋਂ ਇਹ ਮੰਨਣਾ ਹੈ ਕਿ ਔਰਤ ਭਾਵੇਂ ਕਿਸੇ ਵੀ ਨਸਲ ਜਾਂ ਰੰਗ ਦੀ ਹੋਵੇ, ਉਹ ਵੀ ਗਾਡ ਵਲੋਂ ਮਰਦ ਦੀ ਸੇਵਾ, ਸੈਕਸ ਪੂਰਤੀ, ਨਸਲ ਪੂਰਤੀ ਜਾਂ ਗੁਲਾਮੀ ਕਰਨ ਲਈ ਹੀ ਪੈਦਾ ਕੀਤੀ ਗਈ ਹੈ। ਇਸੇ ਸੋਚ ਅਧੀਨ ਦੁਨੀਆਂ ਭਰ ਵਿਚ ਵੱਖ-ਵੱਖ ਕੌਮਾਂ, ਧਰਮਾਂ, ਰੰਗਾਂ, ਨਸਲਾਂ, ਔਰਤਾਂ ਦੀ ਗੁਲਾਮੀ ਦਾ ਮੁੱਢ ਗੋਰੀ ਨਸਲ ਦੇ ਲੋਕਾਂ ਨੇ ਹੀ ਬੰਨ੍ਹਿਆ ਸੀ। ਬੇਸ਼ਕ ਬਦਲੇ ਹਾਲਤਾਂ ਵਿਚ ਪਿਛਲੇ 60-70 ਸਾਲਾਂ ਤੋਂ ਰਾਜਨੀਤਕ ਜਾਂ ਸਮਾਜਕ ਤੌਰ ‘ਤੇ ਗੋਰਿਆਂ ਨੇ ਸਿੱਧੀ ਗੁਲਾਮੀ ਵਾਲਾ ਪੈਂਤੜਾ ਬਦਲ ਲਿਆ ਹੈ, ਪਰ ਉਹ ਦੂਜਿਆਂ ਨੂੰ ਘਟੀਆ ਸਮਝ ਕੇ ਅੱਜ ਵੀ ਨਵੇਂ ਨਵੇਂ ਤਜਰਬੇ ਕਰ ਰਹੇ ਹਨ। ਵੱਖ-ਵੱਖ ਢੰਗਾਂ ਨਾਲ ਦੇਸ਼ਾਂ ‘ਤੇ ਹਮਲੇ ਕਰਦੇ ਹਨ ਜਾਂ ਆਪਣੀਆਂ ਕਾਰਪੋਰੇਸ਼ਨਾਂ ਰਾਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਭਾਰਤੀ ਖਿੱਤੇ ਵਿਚ ਵੀ ਜਾਤ ਦੇ ਨਾਂ ‘ਤੇ ਪਿਛਲੇ 3 ਹਜ਼ਾਰ ਸਾਲਾਂ ਤੋਂ ਚੱਲ ਰਿਹਾ ਨਸਲਵਾਦ ਵੀ ਸੈਂਟਰਲ ਏਸ਼ੀਆ ਜਾਂ ਸੈਂਟਰਲ ਯੂਰਪ ਤੋਂ ਗਏ ਗੋਰੀ ਨਸਲ ਦੇ ਆਰੀਅਨ ਲੋਕਾਂ ਨੇ ਹੀ ਉਥੇ ਦੇ ਮੂਲ ਨਿਵਾਸੀ ਦਰਾਵੜਾਂ ਨੂੰ ਹਰਾ ਕੇ ਸ਼ੁਰੂ ਕੀਤਾ ਸੀ, ਜੋ ਅਜੇ ਵੀ ਬਦਸਤੂਰ ਜਾਰੀ ਹੈ। ਜਦੋਂ ਅਸੀਂ ਅਮਰੀਕਾ ਜਾਂ ਯੂਰਪ ਵਿਚ ਕਾਲੇ ਗੁਲਾਮਾਂ ਦਾ ਹਸ਼ਰ ਪੜ੍ਹਦੇ ਹਾਂ ਤਾਂ ਭਾਰਤੀ ਖਿੱਤੇ ਵਿਚਲੇ ਦਲਿਤਾਂ ਜਾਂ ਅਛੂਤਾਂ ਦਾ ਹਾਲ ਕਾਲਿਆਂ ਤੋਂ ਵੀ ਭੈੜਾ ਸੀ (ਕਾਫੀ ਹੱਦ ਤੱਕ ਹੁਣ ਵੀ ਹੈ)। ਜਥੇਬੰਦਕ ਧਰਮ ਹਮੇਸ਼ਾਂ ਹਾਕਮ ਜਾਤਾਂ ਦੇ ਪੂਰਕ ਬਣ ਕੇ ਵਿਚਰਦੇ ਹਨ, ਇਸ ਲਈ ਨਸਲਵਾਦ ਫੈਲਾਉਣ ਵਿਚ ਧਰਮਾਂ ਨੇ ਵੀ ਵੱਡਾ ਰੋਲ ਅਦਾ ਕੀਤਾ ਹੈ। ਧਾਰਮਿਕ ਪੁਜਾਰੀਆਂ ਨੇ ਰਾਜਨੀਤਕ ਤਾਕਤ ਨਾਲ ਆਪਣੇ ਫਿਰਕੇ ਨੂੰ ਵੱਡਾ ਕਰਨ ਲਈ ਹਾਕਮ ਜਮਾਤਾਂ ਦੇ ਮਨੁੱਖਤਾ ਵਿਰੋਧੀ ਨਿਜ਼ਾਮ ਦਾ ਹਮੇਸ਼ਾ ਸਾਥ ਦਿੱਤਾ ਹੈ, ਜਿਸ ਕਰਕੇ ਲੋਕ ਸਦੀਆਂ ਤੋਂ ਵੱਖ-ਵੱਖ ਤਰ੍ਹਾਂ ਦੇ ਨਸਲਵਾਦ ਦਾ ਸ਼ਿਕਾਰ ਹਨ।
ਜਾਰਜ਼ ਫਲਾਇਡ ਦੇ ਕਤਲ ਪਿਛੋਂ ‘ਬਲੈਕ ਲਾਈਵਜ਼ ਮੈਟਰ’ ਵਰਗਾ ਉਠਿਆ ਲੋਕ ਉਭਾਰ ਅਕਸਰ ਵਕਤੀ ਤੇ ਜਜ਼ਬਾਤੀ ਹੋ ਨਿਭੜਦਾ ਹੈ, ਜੇ ਲਹਿਰ ਦੇ ਆਗੂ ਅਜਿਹੇ ਉਭਾਰਾਂ ਨੂੰ ਲੋਕ ਪੱਖੀ ਪੈਂਤੜੇ ਤੋਂ ਲਹਿਰ ਦਾ ਰੂਪ ਨਾ ਦੇ ਸਕਣ। ਬੇਸ਼ਕ ਇਹ ਮੂਵਮੈਂਟ ਕਾਲਿਆਂ ਦੀ ਬਰਾਬਰੀ ਨੂੰ ਲੈ ਕੇ ਉਠੀ ਹੈ, ਪਰ ਬਾਕੀ ਦੇਸ਼ਾਂ, ਕੌਮਾਂ, ਨਸਲਾਂ, ਰੰਗਾਂ, ਲਿੰਗਾਂ ਆਦਿ ਦੇ ਲੋਕਾਂ ਨੂੰ ਇਸ ਨੂੰ ਆਪਣੇ ਪੈਂਤੜੇ ਤੋਂ ਨਸਲਵਾਦ ਵਿਰੁੱਧ ਲਹਿਰ ਬਣਾਉਣ ਦੀ ਲੋੜ ਹੈ, ਜੋ ਜਥੇਬੰਦਕ ਹੋਵੇ ਤੇ ਮਨੁੱਖਤਾ ਦੇ ਭਲੇ ਵਾਲੀ ਹੋਵੇ; ਤਾਂ ਹੀ ਸਾਰਥਕ ਸਿੱਟੇ ਨਿੱਕਲ ਸਕਦੇ ਹਨ।

*ਐਡੀਟਰ, ‘ਸਿੱਖ ਵਿਰਸਾ’, ਮਾਸਿਕ ਰਸਾਲਾ।