ਸਿੱਖ ਹੀ ‘ਸਿੱਖ ਫਲਸਫੇ’ ਤੋਂ ਕਿਉਂ ਦੂਰ ਹੋ ਰਹੇ ਨੇ?

ਅਮਰਜੀਤ ਸਿੰਘ ਮੁਲਤਾਨੀ
‘ਪੰਜਾਬ ਟਾਈਮਜ਼’ ਦੇ 4 ਜੁਲਾਈ ਦੇ ਅੰਕ ਵਿਚ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਨੇ ਪ੍ਰਭਸ਼ਰਨ-ਭਰਾਵਾਂ ਬਾਰੇ ਇਕ ਵੱਡਾ ਲੇਖ ਛਪਿਆ ਹੈ। ਲੇਖ ਅਨੁਸਾਰ ਵੱਡੇ ਭਰਾਤਾ ਪ੍ਰਭਸ਼ਰਨਦੀਪ ਸਿੰਘ ਅੰਗਰੇਜ਼ੀ ਵਿਚ ਐਮ. ਏ. ਹਨ ਅਤੇ ਲੰਡਨ ਵਿਚ ਹੀ ਉਨ੍ਹਾਂ ਨੇ ਧਰਮ ਵਿਸ਼ੇ ‘ਤੇ ਵੀ ਐਮ. ਏ. ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਵਿਚ ਆਪਣੇ ਵਿਸ਼ੇ ਬਾਰੇ ਡਾਕਟਰ ਆਫ ਫਿਲਾਸਫੀ ਦਾ ਥੀਸਸ ਵੀ ਹਾਲ ਹੀ ਵਿਚ ਜਮ੍ਹਾਂ ਕਰਵਾਇਆ ਹੈ। ਉਹ ਆਦਰਸ਼ਵਾਦ ਨਾਲ ਜੁੜੇ ਜਰਮਨ ਫਿਲਾਸਫਰ ਹੀਗਲ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉਨ੍ਹਾਂ ਨੇ 26 ਜਨਵਰੀ 1986 ਦੇ ‘ਸਰਬੱਤ ਖਾਲਸਾ’ ਵਿਚ ਪੱਤਰਕਾਰ ਦਲਬੀਰ ਸਿੰਘ ਤੇ ਸਾਥੀਆਂ ਦੇ ਰੋਲ ਬਾਰੇ ਸੋਸ਼ਲ ਮੀਡੀਏ ‘ਤੇ ਪੋਸਟ ਪਾਈ ਸੀ, ਜਿਸ ਵਿਚ ਕਰਮਜੀਤ ਸਿੰਘ ਅਨੁਸਾਰ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਤੇ ਗੁਰਬਚਨ ਸਿੰਘ ‘ਦੇਸ਼ ਪੰਜਾਬ’ ਵਾਲੇ ਸ਼ਾਮਲ ਹੋਏ। ਅਜਮੇਰ ਸਿੰਘ ‘ਤੇ ਵੀ ਚਰਚਾ ਹੋਈ।

‘ਪੰਜਾਬ ਟਾਈਮਜ਼’ ਵਿਚ ਲਿਖੇ ਲੇਖ ਵਿਚ ਉਨ੍ਹਾਂ ਨੇ ਸਾਰੇ ਘਟਨਾਕ੍ਰਮ ਨੂੰ ਆਪਣੇ ਨੁਕਤੇ-ਨਿਗਾਹ ਨਾਲ ਤਰਤੀਬ ਦਿੱਤੀ ਹੈ। ਇਸੇ ਲੇਖ ਵਿਚ ਉਨ੍ਹਾਂ ਨੇ ਪੱਤਰਕਾਰ ਦਲਬੀਰ ਸਿੰਘ ਨੂੰ ਬੜੇ ਲੰਮੇ ਹੱਥੀਂ ਲਿਆ ਹੈ। ਇਕ ਕਿਸਮ ਨਾਲ ਲਹਿਰ ਨੂੰ ਸਾਬੋਤਾਜ ਕਰਨ ਦਾ ਦੋਸ਼ੀ ਗਰਦਾਨਿਆ ਹੈ ਅਤੇ ਖਾਲਿਸਤਾਨ ਦੇ ਐਲਾਨ ਵਿਚ ਅੜਿੱਕਾ ਦੱਸਿਆ ਹੈ। ਉਨ੍ਹਾਂ ਨੇ ਉਸ ਵੇਲੇ ਦਰਪੇਸ਼ ਭਾਰਤੀ ਹਕੂਮਤ ਦੀਆਂ ਸਿੱਖ ਵਿਰੋਧੀ ਨੀਤੀਆਂ ਨੂੰ ਵੀ ਆਪਣੀ ਨਿਸ਼ਾਨਦੇਹੀ ਦੇ ਦਾਇਰੇ ਵਿਚ ਲਿਆਂਦਾ ਹੈ।
ਛੋਟੇ ਭਰਾਤਾ ਪ੍ਰਭਸ਼ਰਨਬੀਰ ਸਿੰਘ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਲੈਕਚਰਾਰ ਹਨ। ਉਨ੍ਹਾਂ ਨੇ ਵੀ ਪੀਐਚ. ਡੀ. ਕੀਤੀ ਹੋਈ ਹੈ। ਪ੍ਰਭਸ਼ਰਨਬੀਰ ਸਿੰਘ ਨੇ 20ਵੀਂ ਸਦੀ ਦੇ ਪ੍ਰਸਿੱਧ ਫਿਲਾਸਫਰ ਮਾਰਟਨ ਹੈਗਰ ਨੂੰ ਆਪਣੇ ਅਧਿਐਨ ਦਾ ਕੇਂਦਰ ਬਿੰਦੂ ਬਣਾਇਆ ਹੋਇਆ ਹੈ। ਇਸੇ ਦਿਸ਼ਾ ਵਿਚ ਉਨ੍ਹਾਂ ਦਾ ਖੋਜ ਪੱਤਰ ਵੀ ਇਕ ਕੌਮਾਂਤਰੀ ਜਰਨਲ ਵਿਚ ਛਪਣ ਲਈ ਚੁਣਿਆ ਗਿਆ ਹੈ। ਹੈਡੇਗਰ ਕੰਟੀਨੈਂਟਲ ਫਿਲਾਸਫੀ ਦੇ ਇਤਿਹਾਸ ਦਾ ਵੱਡਾ ਥੰਮ੍ਹ ਮੰਨਿਆ ਜਾ ਰਿਹਾ ਹੈ।
ਕਰਮਜੀਤ ਸਿੰਘ ਨੇ ਇਸ ਲੇਖ ਵਿਚ ਧਰਮ-ਯੁੱਧ ਅਤੇ ਚੁਰਾਸੀ ਦੇ ਦੌਰ ਦੇ ਦਿਨਾਂ ਦਾ ਵਿਸਤ੍ਰਿਤ ਜ਼ਿਕਰ ਕੀਤਾ ਹੈ। ਪੱਤਰਕਾਰ ਦਲਬੀਰ ਸਿੰਘ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕੀਤੀ ਪੇਸ਼ੀਨਗੋਈ ਦਾ ਵੀ ਜ਼ਿਕਰ ਕੀਤਾ ਹੈ, ਜੋ ਉਨ੍ਹਾਂ ਅਨੁਸਾਰ ਸੱਚ ਸਾਬਤ ਹੋਈ। ਇਸੇ ਹੀ ਲੇਖ ਵਿਚ ਪੱਤਰਕਾਰ ਕਰਮਜੀਤ ਸਿੰਘ ਸਿੱਖ ਸੰਘਰਸ਼ ਦੇ ਸੰਦਰਭ ਵਿਚ ਯੂਨਾਨੀ ਦੁਖਾਂਤ ਦਾ ਜ਼ਿਕਰ ਕਰਦਾ ਹੈ ਕਿ ਦਿੱਬ ਦ੍ਰਿਸ਼ਟੀ ਵਾਲੇ ਲੋਕ ਕਿਵੇਂ ਪਹਿਲਾਂ ਹੀ ਭਵਿੱਖ ਵਿਚ ਹੋਣ ਵਾਲੀਆਂ ਸ਼ਹੀਦੀਆਂ ਬਾਰੇ ਅਗਾਊਂ ਹੀ ਜਾਣ ਜਾਂਦੇ ਹਨ। ਯੂਨਾਨੀ ਨਾਇਕ ਤੇ ਉਸ ਦੇ ਗਿਣਤੀ ਦੇ ਜੁਝਾਰੂ ਸਾਥੀਆਂ ਵੱਲੋਂ ਦਰਸਾਏ ਸਿਦਕ ਤੇ ਦ੍ਰਿੜਤਾ ਨਾਲ ਲੜੀ ਲੜਾਈ ਦੇ ਆਇਨੇ ਵਿਚੋਂ ਉਹ ਖਾੜਕੂ ਲਹਿਰ ਨੂੰ ਵੇਖਦਾ ਹੈ!
ਇਸ ਸੰਦਰਭ ਵਿਚ ਸਾਨੂੰ ਹਰ ਆਮ ਸਿੱਖ ਨੂੰ ਉਸ ਦੇ ਸਮਾਜਕ ਤੇ ਆਰਥਕ ਪੱਖ ਤੋਂ ਵਾਚਣਾ ਬਣਦਾ ਹੈ। ਹਰ ਸਿੱਖ ਭਾਵੇਂ ਉਹ ਕਿਸੇ ਫਿਰਕੇ ਨਾਲ ਸਬੰਧਿਤ ਹੋਵੇ, ਉਨ੍ਹਾਂ ਦਾ ਪੂਰਾ ਸਮਰਥਨ ਹਰ ਲਹਿਰ ਦੀ ਸਫਲਤਾ ਲਈ ਬਹੁਤ ਜ਼ਰੂਰੀ ਹੈ। ਸਿੱਖਾਂ ਵਿਚ ਫਿਰਕੂਵਾਦ ਦਾ ਫੈਲਾਓ ਦਿਨ ਦੇ ਚਾਨਣੇ ਜਿਹਾ ਸੱਚ ਹੈ ਤੇ ਸਾਨੂੰ ਕਬੂਲਣਾ ਵੀ ਚਾਹੀਦਾ ਹੈ। ਜੇ ਫਿਰਕੂਵਾਦ ਨਾ ਹੁੰਦਾ ਤਾਂ ਪਿੰਡਾਂ ਵਿਚ ਇਕ ਤੋਂ ਵੱਧ ਗੁਰਦੁਆਰੇ ਇਕ ਦੂਜੇ ਦੇ ਵਿਰੋਧ ਵਿਚ ਸੁਭਾਇਮਾਨ ਨਾ ਹੁੰਦੇ। ਹਰ ਸਿੱਖ ਕੀ ਚਾਹੁੰਦਾ ਹੈ ਅਤੇ ਉਸ ਨੂੰ ਸਮਾਜਕ ਤੇ ਆਰਥਕ ਪੱਧਰ ‘ਤੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਰਪੇਸ਼ ਹਨ? ਉਨ੍ਹਾਂ ਦੇ ਸਰਬ ਪ੍ਰਵਾਨਿਤ ਹੱਲ ਕੀ ਹੋ ਸਕਦੇ ਹਨ? ਕਿਵੇਂ ਸਾਰੀ ਕੌਮ ਨੂੰ ਇਕਮੁੱਠ ਰੱਖਿਆ ਜਾ ਸਕਦਾ ਹੈ? ਨਵੇਂ ਦੇਸ਼ ਦੀ ਪ੍ਰਾਪਤੀ ਕੋਈ ਸੌਖਾ ਕੰਮ ਨਹੀਂ, ਪ੍ਰਾਪਤੀ ਪਿਛੋਂ ਉਸ ਦੀ ਲੰਮੇ ਸਮੇਂ ਲਈ ਸਥਾਪਤੀ, ਆਦਿ ਕਈ ਮੁੱਦਿਆਂ ਵਿਚੋਂ ਅਹਿਮ ਹੈ, ਜਿਨ੍ਹਾਂ ‘ਤੇ ਸਾਰੀ ਸਿੱਖ ਕੌਮ (ਘੱਟੋ ਘੱਟ 80%) ਇਕਮੁੱਠ ਤੇ ਇਕਸੁਰ ਵਿਚ ਹੋਵੇ?
ਸ਼ਾਇਦ ਵਿਸਤ੍ਰਿਤ ਵਿਚਾਰ-ਵਟਾਂਦਰੇ ਅਤੇ ਖਾੜਕੂ ਸਫਾਂ ਵਿਚ ਤਾਲਮੇਲ ਦੀ ਘਾਟ ਰਹੀ ਹੋਏਗੀ; ਨਹੀਂ ਤਾਂ ਲੱਖਾਂ ਸਿੱਖ ਨੌਜਵਾਨਾਂ ਦੀ ਸ਼ਹਾਦਤ ਅਜਾਈਂ ਨਾ ਜਾਂਦੀ। ਇੱਥੇ ਇਹ ਗੱਲ ਤਾਂ ਸਪਸ਼ਟ ਹੈ ਕਿ ਖਾੜਕੂ ਲਹਿਰ ਨੂੰ ਸਿੱਖਾਂ ਦੀ ਬਹੁ ਗਿਣਤੀ ਦਾ ਸਮਰਥਨ ਪ੍ਰਾਪਤ ਨਹੀਂ ਸੀ, ਜੋ ਅਤਿ ਜ਼ਰੂਰੀ ਸੀ। ਸਾਨੂੰ ਚਾਹੀਦਾ ਹੈ ਕਿ ਅਸੀਂ ਪਿਛੋਕੜ ਵਿਚ ਹੋਏ ਸੰਘਰਸ਼ਾਂ ‘ਤੇ ਨਿੱਠ ਕੇ ਵਿਚਾਰ ਕਰੀਏ। ਦੁਨੀਆਵੀ ਨਿਜ਼ਾਮ ਵਿਚ ਦਿਨ ਪ੍ਰਤੀ ਦਿਨ ਵਿਚਾਰ ਧਾਰਾਵਾਂ ਅਨੁਸਾਰ ਰਾਜਨੀਤਕ ਬਦਲਾਓ ਆ ਰਹੇ ਹਨ। ਉਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਹੀ ਵਿਚਾਰਧਾਰਾ ਹੋਂਦ ਵਿਚ ਆਉਣੀ ਚਾਹੀਦੀ ਹੈ।
ਸਾਨੂੰ ਇੱਕ ਗੱਲ ਤਾਂ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ, ਸਿੱਖਾਂ ਦੀ ਹਰ ਸਮੱਸਿਆ ਦਾ ਹੱਲ ਗੁਰੂ ਨਾਨਕ ਦੇ ਫਲਸਫੇ ਵਿਚ ਲੁਕਿਆ ਹੋਇਆ ਹੈ। ਗੁਰੂ ਨਾਨਕ ਦੇ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਫਲਸਫੇ ‘ਤੇ ਬਹੁਤ ਹੀ ਵਿਸਤ੍ਰਿਤ ਖੋਜ ਕਰਨ ਦੀ ਲੋੜ ਹੈ ਤੇ ਫਿਰ ਇਸ ‘ਤੇ ਵਿਸ਼ਾਲ ਅਤੇ ਵਿਆਪਕ ਪੱਧਰ ‘ਤੇ ਵਿਚਾਰ ਕਰਨ ਦੀ ਲੋੜ ਹੈ। ‘ਕਿਰਤ ਕਰਨ, ਵੰਡ ਛਕਣ, ਨਾਮ ਜਪਣ’ ਨੂੰ ਅੱਜ ਤੱਕ ਸਿੱਖਾਂ ਨੇ ਉਸ ਵਿਸ਼ਾਲ ਤੇ ਵਿਸਤ੍ਰਿਤ ਸੰਦਰਭ ਵਿਚ ਵਿਚਾਰਿਆ ਹੀ ਨਹੀਂ, ਜਿਸ ਦਾ ਉਹ ਹੱਕਦਾਰ ਹੈ। ਇਹ ਸਿਰਫ ਕੁਝ ਆਮ ਜਿਹੇ ਸ਼ਬਦ ਨਹੀਂ ਹਨ; ਜੇ ਗੁਰੂ ਨਾਨਕ ਦੇ ਮੁੱਖੋਂ ਉਚਰੇ ਹਨ ਤਾਂ ਇਹ ਕੋਈ ਆਮ ਗੱਲ ਨਹੀਂ।
ਗੁਰੂ ਨਾਨਕ ਸਾਹਿਬ ਜਿਹਾ ਨਾ ਉਨ੍ਹਾਂ ਤੋਂ ਪਹਿਲਾਂ ਤੇ ਨਾ ਹੀ ਉਨ੍ਹਾਂ ਤੋਂ ਬਾਅਦ ਕੋਈ ਦੁਨੀਆਂ ਵਿਚ ਆਇਆ ਹੈ, ਜਿਸ ਨੇ ਆਮ ਇਨਸਾਨ ਦੇ ਜਾਮੇ ਵਿਚ ਸਮੇਂ ਦੇ ਸਾਸ਼ਕਾਂ ਨੂੰ ਲਲਕਾਰਿਆ ਹੋਵੇ? ਜਿਸ ਨੇ ਆਪਣੇ ਘਰ ਹਿੰਦੁਸਤਾਨ ਅਤੇ ਆਪਣੇ ਪੈਦਾਇਸ਼ੀ ਹਿੰਦੂ ਧਰਮ ਹੀ ਨਹੀਂ, ਸਗੋਂ ਹਜ਼ਾਰਾਂ ਮੀਲ ਯਾਤਰਾਵਾਂ ਕਰਕੇ, ਦੁਰਾਡੇ ਦੇਸ਼ਾਂ ਵਿਚ ਉਸ ਵੇਲੇ ਮੰਨੇ ਜਾਂਦੇ ਹੋਰਨਾਂ ਸਮਕਾਲੀ ਧਰਮਾਂ ਵਿਚ ਕਰਤੇ ਦੀ ਸੁੰਦਰ ਕਿਰਤ ‘ਮਨੁੱਖ’ ਉਤੇ ਧਰਮ ਦੇ ਨਾਂ ‘ਤੇ ਹੋ ਰਹੀਆਂ ਜ਼ਿਆਦਤੀਆਂ ਖਿਲਾਫ ਅਵਾਜ਼ ਬੁਲੰਦ ਕੀਤੀ ਤੇ ਸਹੀ ਮਾਰਗ ਦਰਸਾਇਆ।
ਅੱਜ ਸੈਂਕੜੇ ਸਾਲ ਬੀਤ ਜਾਣ ਪਿਛੋਂ ਵੀ ਉਨ੍ਹਾਂ ਦੇਸ਼ਾਂ ਵਿਚ ਗੁਰੂ ਨਾਨਕ ਦੀਆਂ ਯਾਤਰਾਵਾਂ ਦੇ ਵੇਰਵੇ ਤੇ ਯਾਦਗਾਰਾਂ ਮੌਜੂਦ ਹਨ, ਪਰ ਬਾਬਾ ਨਾਨਕ ਦੇ ਆਪਣੇ ਹੀ ਦੇਸ਼ ਭਾਰਤ ਵਿਚ ਸਿੱਖਾਂ ਦਾ ਉਸ ਦੇ ਫਲਸਫੇ ‘ਤੇ ਯਕੀਨ ਨਹੀਂ ਰਿਹਾ? ਉਸ ਦੇ ਰੌਸ਼ਨ ਦਿਮਾਗ ਸਿੱਖਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹੋਰਨਾਂ ਫਿਲਾਸਫਰਾਂ ਦੀ ਸੋਚ ਨੂੰ ਖੰਘਾਲਣਾ ਪੈ ਰਿਹਾ ਹੈ?