ਬੋਲ-ਬਬੀਹੇ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮੌਲਿਕਤਾ ਦੇ ਮੌਲਦੇ ਬੂਟੇ ਦੀ ਬਾਤ ਪਾਉਂਦਿਆਂ ਕਿਆ ਖੂਬ ਕਿਹਾ ਸੀ, “ਮੌਲਿਕਤਾ ਸਦਾ ਜਿਉਂਦੀ। ਹਾਜ਼ਰ-ਨਾਜਰ। ਕਦੇ ਨਹੀਂ ਮਰਦੀ ਅਤੇ ਨਾ ਹੀ ਇਸ ਨੂੰ ਕੋਈ ਮਾਰ ਸਕਦਾ।

ਚਾਹੇ ਹਾਲਾਤ, ਸਮਾਜ ਜਾਂ ਚੌਗਿਰਦਾ ਮੌਲਿਕਤਾ ਦੀ ਸੰਘੀ ਘੁੱਟਣ ਲਈ ਪੂਰੀ ਵਾਹ ਲਾਵੇ।…ਮੌਲਿਕਤਾ ਨੂੰ ਮੌਲਣ ਦਿਓ। ਇਸ ਦੀ ਉਡਾਣ ਨੂੰ ਸੀਮਤ ਨਾ ਕਰੋ। ਨਾ ਹੀ ਇਸ ਦੇ ਜਗਦੇ ਚਿਰਾਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰੋ, ਸਗੋਂ ਹਵਾ ਦੀ ਰੁਮਕਣੀ ਇਸ ਦੇ ਨਾਮ ਕਰੋ ਤਾਂ ਕਿ ਮੌਲਿਕਤਾ ਦਾ ਦੀਵਾ ਹਮੇਸ਼ਾ ਜਗਦੇ ਰਹੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਬੋਲਾਂ ਦੇ ਮੂੰਹ ਵਿਚ ਅਜਿਹੇ ਬੋਲ ਪਾਉਣ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ ਹੈ, ਜਿਨ੍ਹਾਂ ਨਾਲ ਭਾਂਬੜ ਮੱਚਦੇ ਹੋਣ ਜਾਂ ਰਿਸ਼ਤਿਆਂ ਵਿਚ ਤ੍ਰੇੜਾਂ ਪੈਂਦੀਆਂ ਹੋਣ। ਉਹ ਕਹਿੰਦੇ ਹਨ, “ਬੋਲ, ਸੁਹਜਮਈ ਤੇ ਕੁਹਜੇ ਵੀ। ਅਵੈੜੇ ਵੀ ਤੇ ਮਲੂਕ ਵੀ। ਰਸੀਲੇ ਵੀ ਤੇ ਗੁਸੈਲੇ ਵੀ। ਝਗੜਾਲੂ ਵੀ ਤੇ ਸਮਝੌਤਾਵਾਦੀ ਵੀ। ਜਖਮ ਵੀ ਤੇ ਜਖਮਾਂ ਲਈ ਮਰ੍ਹਮ ਵੀ। ਦਰਦਵੰਤੇ ਵੀ ਅਤੇ ਦਰਦ ਦੀ ਦਵਾ ਵੀ। ਦੁੱਖ ਵਿਹਾਜਣੇ ਵੀ ਅਤੇ ਸੁੱਖ ਵਰਤਾਉਣੇ ਵੀ। ਬਹੁਤ ਹੀ ਰੂਪ ਨੇ ਬੋਲਾਂ ਦੇ।…ਬੋਲ ਸੰਕੋਚਵੇਂ, ਸੱਚੇ, ਸੁੱਚੇ, ਸੁੰਦਰ, ਸੰਜੀਦਾ ਅਤੇ ਸਪੱਸ਼ਟ ਹੋਣ ਤਾਂ ਇਨ੍ਹਾਂ ਦੇ ਅਰਥਾਂ ਦੀ ਅਸੀਮਤਾ ਤੇ ਡੂੰਘਾਈ, ਸੁਣਨ ਵਾਲੇ ਲਈ ਬੋਲ-ਬਬੀਹਾ ਹੁੰਦੀ, ਜਿਸ ਦੀ ਪੁਕਾਰ ਸੁਣ ਕੇ ਖੁਦਾ ਵੀ ਦ੍ਰਿਸ਼ਟਮਾਨ ਹੋ ਜਾਂਦਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਬੋਲ, ਭਾਵਾਂ ਦਾ ਅਦਾਨ-ਪ੍ਰਦਾਨ, ਗੱਲਬਾਤ ਦਾ ਸਬੱਬ, ਨਿਜੀ ਭਾਵਨਾਵਾਂ ਦਾ ਪ੍ਰਵਾਹ, ਦਿਲ ਦੀਆਂ ਰਮਜ਼ਾਂ ਨੂੰ ਉਲਥਾਉਣਾ ਅਤੇ ਇਨ੍ਹਾਂ ਨੂੰ ‘ਵਾ ਦੇ ਕੰਨੀਂ ਬੰਨ ਕੇ ਸੱਜਣਾਂ ਨੂੰ ਪਹੁੰਚਾਉਣਾ।
ਬੋਲ, ਸਮਾਜਕ ਵਰਤਾਰੇ ਦਾ ਅਹਿਮ ਅੰਗ, ਪਰਿੰਦਿਆਂ ਦੇ ਚੁੰਝ-ਚੋਚਲੇ, ਇਕ ਦੂਜੇ ਨੂੰ ਸੰਦੇਸ਼ ਪਹੁੰਚਾਉਣ ਲਈ ਤਰਕੀਬ, ਤਜਵੀਜ਼ ਅਤੇ ਤਰਜੀਹ।
ਬੋਲ, ਖਾਸ ਰਿਦਮ, ਅਨੁਸ਼ਾਸਨ ਅਤੇ ਤਰਤੀਬ ਵਿਚ ਅਰਥਮਈ ਜਦ ਕਿ ਉਗੜੇ-ਦੁੱਗੜੇ ਬੋਲ ਬੇਅਰਥੇ ਹੁੰਦੇ।
ਬੋਲ ਦੀ ਸੁੱਚਤਮਤਾ ਤੇ ਉਤਮਤਾ ਇਸ ਗੱਲ ਦੀ ਗਵਾਹ ਕਿ ਬੋਲ ਕਿਸ ਮੁਖਾਰਬਿੰਦ ਵਿਚੋਂ ਉਚਾਰੇ ਗਏ? ਕਿਸ ਨੂੰ ਮੁਖਾਤਿਬ ਹੋ ਕੇ ਉਚਾਰੇ ਗਏ? ਬੋਲਾਂ ਵਿਚ ਕਿਹੜਾ ਮਕਸਦ ਅਤੇ ਆਸਥਾ? ਬੋਲਾਂ ਦੀ ਤਾਸੀਰ ਇਸ ਗੱਲ ‘ਤੇ ਵੀ ਨਿਰਭਰ ਕਰਦੀ ਕਿ ਇਹ ਬੋਲ ਕਿਸ ਸਮੇਂ, ਕਿਹੜੀ ਥਾਂ ਅਤੇ ਕਿਨ੍ਹਾਂ ਹਾਲਤਾਂ ਵਿਚ ਆਪਣੀ ਹੋਂਦ ਪ੍ਰਗਟਾਉਂਦੇ?
ਬੋਲ, ਅਬੋਲ ਤੇ ਅਗਾਧ ਵੀ। ਉਦਾਸ ਵੀ ਤੇ ਹਾਸੇ-ਠੱਠੇ ਨਾਲ ਭਰਪੂਰ ਵੀ। ਗੁੰਮਸੁ.ਦਗੀ ਦੀ ਦੱਸ ਵੀ ਤੇ ਹਾਜ਼ਰੀ ਦਾ ਪਤਾ ਵੀ। ਬੋਲਾਂ ਦੀ ਤਾਸੀਰ, ਤਰਬੀਅਤ ਅਤੇ ਤਰੰਗਾਂ ਵਿਚੋਂ ਹੀ ਇਨ੍ਹਾਂ ਦੇ ਅੰਤਰੀਵ ਵਿਚ ਬੈਠੀ ਸੋਚ-ਸਪੱਸ਼ਟਤਾ ਦਾ ਝਲਕਾਰਾ।
ਬੋਲ, ਸੁਹਜਮਈ ਤੇ ਕੁਹਜੇ ਵੀ। ਅਵੈੜੇ ਵੀ ਤੇ ਮਲੂਕ ਵੀ। ਰਸੀਲੇ ਵੀ ਤੇ ਗੁਸੈਲੇ ਵੀ। ਝਗੜਾਲੂ ਵੀ ਤੇ ਸਮਝੌਤਾਵਾਦੀ ਵੀ। ਜਖਮ ਵੀ ਤੇ ਜਖਮਾਂ ਲਈ ਮਰ੍ਹਮ ਵੀ। ਦਰਦਵੰਤੇ ਵੀ ਅਤੇ ਦਰਦ ਦੀ ਦਵਾ ਵੀ। ਦੁੱਖ ਵਿਹਾਜਣੇ ਵੀ ਅਤੇ ਸੁੱਖ ਵਰਤਾਉਣੇ ਵੀ। ਬਹੁਤ ਹੀ ਰੂਪ ਨੇ ਬੋਲਾਂ ਦੇ।
ਬੋਲ ਜਦ ਚੀਸਾਂ, ਚੀਕ-ਚਿਹਾੜਾ, ਕੁਰਲਾਹਟ, ਕੀਰਨੇ ਜਾਂ ਕੂਕ ਬਣਦੇ ਤਾਂ ਵਕਤ ਦੇ ਪਿੰਡੇ ‘ਤੇ ਲਾਸ਼ਾਂ ਪੈਂਦੀਆਂ। ਇਨ੍ਹਾਂ ਦੀ ਚਸਕ ਰੂਹ ਨੂੰ ਲੀਰਾਂ ਕਰਦੀ। ਬੋਲ, ਕਦੇ ਸੱਸੀ ਦੀਆਂ ਥਲ ਵਿਚਲੀਆਂ ਕੂਕਾਂ, ਕਦੇ ਮਿਰਜ਼ੇ ਦੀ ਲਾਸ਼ ਕੋਲ ਕੀਰਨੇ ਪਾਉਂਦਾ ਸਾਹਿਬਾਂ ਦਾ ਵਿਰਲਾਪ, ਕਦੇ ਝਨਾਂ ਵਿਚ ਮਹੀਂਵਾਲ ਨੂੰ ਹਾਕਾਂ ਮਾਰਦੀ ਸੋਹਣੀ ਦਾ ਆਖਰੀ ਤਰਲਾ ਅਤੇ ਕਦੇ ਖੇੜਿਆਂ ਦੀ ਡੋਲੀ ਵਿਚ ਬਹਿ ਕੇ ਰੋਂਦੀ ਹੀਰ ਦੀਆਂ ਭੁੱਬਾਂ ਹੁੰਦੇ। ਇਹ ਬੋਲ ਕਰੁਣਾ ਵਿਚ ਪਸੀਜੇ, ਖਾਰੇ ਪਾਣੀਆਂ ‘ਚ ਖੁਰ, ਹੋਠਾਂ ‘ਤੇ ਉਕਰਿਆ ਮਰਸੀਆ ਬਣ ਜਾਂਦੇ।
ਬੋਲ, ਵਿਹੜੇ ਵਿਚ ਵਿਛੇ ਸੱਥਰ ਦੀ ਪੀੜ ਫਰੋਲਦੇ, ਆਪਣਿਆਂ ਦੇ ਸਦੀਵੀ ਵਿਛੋੜੇ ਵਿਚ ਪਿੱਘਲ ਕੇ ਕਬਰਾਂ ਨੂੰ ਜਾਂਦੀਆਂ ਰਾਹਾਂ ਧੋਂਦੇ ਅਤੇ ਸਿਵੇ ਵਿਚੋਂ ਉਡਦੀਆਂ ਲਾਟਾਂ ਵਿਚ ਸੜਦੇ ਬੋਲ ਅਵਾਕ ਹੋ ਜਾਂਦੇ। ਇਨ੍ਹਾਂ ਬੋਲਾਂ ਵਿਚ ਬਹੁਤ ਕੁਝ ਗੁੰਮ ਜਾਂਦਾ, ਜੋ ਧੂਣੀ ਦਾ ਧੂੰਆਂ ਬਣ ਕੇ ਜੀਵਨ ਧੁਆਂਖਦਾ।
ਬੋਲ ਲਲਕਾਰੇ, ਜੈਕਾਰੇ, ਵੰਗਾਰਾਂ, ਤਲਵਾਰਾਂ ਅਤੇ ਛਵੀਆਂ ਦੀਆਂ ਚੀਖਦੀਆਂ ਅਵਾਜ਼ਾਂ। ਅਜਿਹੇ ਬੋਲਾਂ ਵਿਚ ਮੂਕ ਹੋ ਜਾਂਦੇ ਧੜਕਦੀਆਂ ਜਿੰਦਾਂ ਦੇ ਸਾਜ਼। ਧਰਤ ‘ਤੇ ਵਿਛੀਆਂ ਲਾਸ਼ਾਂ ‘ਤੇ ਗਿਰਝਾਂ ਦੀ ਡਾਰ ਮੰਡਰਾਉਂਦੀ। ਚੀਥੜਿਆਂ ‘ਚੋਂ ਪ੍ਰਗਟ ਹੁੰਦੀ ਮਨੁੱਖ ਅੰਦਰ ਵੱਸਦੀ ਹੈਵਾਨੀਅਤ, ਜਿਸ ਲਈ ਜਿਉਣ ਨਾਲੋਂ ਮਰਨਾ ਅਤੇ ਮਾਰਨਾ ਹੀ ਜ਼ਿੰਦਗੀ ਦਾ ਦਸਤੂਰ।
ਬੋਲ ਨਿੰਦਿਆ, ਨਕਾਰਾਤਮਕ, ਨਿਰ-ਉਦੇਸ਼ ਅਤੇ ਨਫਰਤੀ ਹੋਣ ਤਾਂ ਬੋਲ, ਬੋਲ ਨਹੀਂ ਸਗੋਂ ਬੋਲਾਂ ਦੀ ਕੁੱਖ ਵਿਚ ਸਾਹਾਂ ਦਾ ਸੰਤਾਪ ਹੁੰਦਾ।
ਬੋਲ ਜਦ ਧਰਮ ਦੀ ਆੜ ਵਿਚ ਨਫਰਤ ਬੀਜਦੇ-ਅਰਦਾਸ, ਆਰਤੀ ਤੇ ਅਜ਼ਾਨ ਦੀ ਤਿੱਕੜੀ ਵਿਚ ਸੇਹ ਦਾ ਤੱਕਲਾ ਗੱਡਦੇ। ਮਾਨਤਵਤਾ ਦੇ ਮੁੱਖ ਨੂੰ ਬੇਦੋਸ਼ਿਆਂ ਦੇ ਖੂਨ ਵਿਚ ਰੰਗਦੇ ਤਾਂ ਬੋਲ ਖੁਦਕੁਸ਼ੀ ਕਰ ਜਾਂਦੇ, ਕਿਉਂਕਿ ਧਰਮੀ ਬੋਲ ਤਾਂ ਆਪਸੀ ਪ੍ਰੇਮ-ਭਾਵ ਮਿਲਵਰਤਣ ਅਤੇ ਸਹਿ-ਵਰਤਾਰੇ ਦਾ ਸੰਦੇਸ਼ ਹੁੰਦੇ। ਅਧਰਮੀ ਵਰਤਾਰਾ ਤਾਂ ਸਿਰਫ ਅਡੰਬਰੀ ਲੋਕਾਂ ਦੀ ਜ਼ਹਿਰੀਲੀ ਜ਼ਹਿਨੀਅਤ ਦਾ ਨੰਗਾ ਨਾਚ।
ਬੋਲ, ਮਾਂ ਦੀਆਂ ਬੱਚੇ ਨੂੰ ਦਿੱਤੀਆਂ ਲੋਰੀਆਂ, ਬਾਪ ਦੇ ਲਡਾਏ ਲਾਡਾਂ, ਮੇਲੀਆਂ ਦੀਆਂ ਪਾਈਆਂ ਬੋਲੀਆਂ, ਜਾਂਝੀਆਂ ਵਲੋਂ ਸਿੱਠਣੀਆਂ ਦੇ ਹੁੰਗਾਰੇ, ਵੀਰਾਂ ਦੇ ਗੁੱਟਾਂ ‘ਤੇ ਬੱਝੀਆਂ ਰੱਖੜੀਆਂ ‘ਚ ਭੈਣਾਂ ਦੀ ਅਸੀਸ, ਵਿਆਹ ਸਮੇਂ ਘੋੜੀਆਂ ਤੇ ਸੁਹਾਗ, ਧੀ ਦੇ ਤੋਰਨ ਵਿਚ ਵਿਰਾਗੀ ਮਾਂ ਦੀਆਂ ਲਿਲਕੜੀਆਂ, ਬਾਪ ਦਾ ਘਰ ਛੱਡ ਰਹੀ ਧੀ ਦੀਆਂ ਸਿਸਕੀਆਂ, ਨੂੰਹ ਤੋਂ ਪਾਣੀ ਵਾਰਦੀ ਸੱਸ ਦੀਆਂ ਦੁਆਵਾਂ ਆਦਿ ਦਾ ਰੂਪ ਧਾਰਦੇ ਤਾਂ ਨਵੇਂ ਪਰਿਵਾਰ, ਸਬੰਧਾਂ ਅਤੇ ਸਮਾਜ ਦਾ ਅਰੰਭ ਹੁੰਦਾ, ਜਿਸਨੇ ਭਵਿੱਖ ਦੀ ਸਿਰਜਣਾ ਕਰਨੀ ਹੁੰਦੀ।
ਬੋਲ, ਬੰਦਗੀ ਲਈ ਰਿਆਜ਼, ਬੰਦਿਆਈ ਦਾ ਬਿਹਤਰੀਨ ਅੰਦਾਜ਼, ਭਲਿਆਈ ਦਾ ਭਗਤੀ-ਨਾਦ ਅਤੇ ਅੰਤਰੀਵੀ ਯਾਤਰਾ ਦਾ ਸ਼ੁਭ-ਆਗਾਜ਼। ਬੋਲ-ਸਾਜ਼ ਜਦ ਅਗੰਮੀ ਨਾਦ ਬਣ ਕੇ ਰੂਹ ਵਿਚ ਗੂੰਜਦਾ ਤਾਂ ਬਹੁਤ ਕੁਝ ਮਨੁੱਖ ਨੂੰ ਹਾਸਲ ਹੁੰਦਾ, ਜਿਸ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ।
ਬੋਲ ਜਦ ਸੁੰਨ ਸਮਾਧੀ ਵਿਚ ਜਾਂਦੇ ਤਾਂ ਮਨੁੱਖ ਅੰਤਰੀਵ ‘ਚ ਉਤਰਦਾ। ਫਿਰ ਅਬੋਲ ਰਹਿ ਕੇ ਬਹੁਤ ਕੁਝ ਸੁਣਾਈ ਦਿੰਦਾ, ਜਿਸ ਤੋਂ ਜਾਣ ਬੁੱਝ ਕੇ ਅਣਜਾਣ ਬਣਦੇ। ਸਭ ਤੋਂ ਔਖਾ ਹੁੰਦਾ ਏ, ਮਨ ਦੇ ਪਾਕ ਬੋਲਾਂ ਨੂੰ ਸੁਣਨਾ ਅਤੇ ਇਸ ਦੀ ਉਂਗਲ ਫੜ ਕੇ ਜੀਵਨ ਵਿਉਂਤਣਾ। ਸੱਚ ਨਾਲੋਂ ਕੂੜ-ਮਾਰਗੀ ਬਣਨਾ ਅਸਾਨ ਹੁੰਦਾ, ਕਿਉਂਕਿ ਅਸੀਂ ਸਮਾਜ ਦੇ ਗੰਧਲੇਪਣ ਵਿਚ ਰੰਗੇ, ਖੁਦ ਨੂੰ ਸਫਾਫ ਬਣਾਉਣ ਵੰਨੀਂ ਕਦੇ ਉਤੇਜਿਤ ਹੀ ਨਹੀਂ ਹੁੰਦੇ।
ਬੋਲ ਕਿਤਾਬਾਂ, ਕਲਾ-ਕਿਰਤਾਂ ਵਿਚੋਂ ਵੀ ਉਗਣ ਲਈ ਤਰਲੇ ਲੈਂਦੇ। ਇਨ੍ਹਾਂ ਬੋਲਾਂ ਨੂੰ ਰੂਹ ਵਿਚ ਵਸਾਉਣਾ ਅਤੇ ਇਨ੍ਹਾਂ ਨਾਲ ਆੜੀ ਪਾਉਣਾ, ਸੱਚ ਦੇ ਰਾਹ ‘ਤੇ ਚਲਣ ਦਾ ਹੁਨਰ ਆਵੇਗਾ।
ਕਦੇ ਬੱਚਿਆਂ ਨੂੰ ਫੁੱਲਾਂ ਨਾਲ ਗੱਲਾਂ ਕਰਦੇ ਸੁਣਨਾ, ਪਾਲਤੂ ਜਾਨਵਰਾਂ ਨਾਲ ਗੱਲਬਾਤ ਵਿਚ ਰੁੱਝਿਆਂ ਨੂੰ ਵਾਚਣਾ, ਸ਼ਾਇਦ ਬਾਤਚੀਤ ਦੀ ਤੁਹਾਨੂੰ ਸਮਝ ਨਾ ਆਵੇ, ਪਰ ਉਸ ਬੋਲੀ ਨੂੰ ਫੁੱਲ ਅਤੇ ਜਾਨਵਰ ਬਾਖੂਬੀ ਸਮਝਦੇ।
ਹਵਾ ਦੀ ਰੁਮਕਣੀ, ਪੱਤਿਆਂ ਦੀ ਸਰਸਰਹਾਟ, ਬਿਰਖਾਂ ‘ਚ ਸ਼ੂਕਦੀ ਹਵਾ, ਪਾਣੀਆਂ ਦੀਆਂ ਲਹਿਰਾਂ ਵਿਚਲਾ ਸੰਗੀਤ ਜਾਂ ਪੁਸਤਕ ਦੇ ਵਰਕੇ ਪਰਤਦਿਆਂ ਪੈਦਾ ਹੋਈ ਧੁਨ ਨੂੰ ਸੁਣਨਾ, ਰੂਹ ਨਸ਼ਿਆ ਜਾਵੇਗੀ। ਬਹੁਤ ਕੁਝ ਅਨਾਦੀ ਰੂਪ ਵਿਚ ਹਾਸਲ ਹੋਵੇਗਾ।
ਕਦੇ ਬਗੀਚੀ ਵਿਚ ਭੌਰਿਆਂ, ਤਿਤਲੀਆਂ ਤੇ ਮਧੂ ਮੱਖੀਆਂ ਜਾਂ ਦੀਵੇ ਦੀ ਲਾਟ ਦੁਆਲੇ ਪਤੰਗੇ ਦੇ ਪਰਾਂ ਦੀ ਅਵਾਜ਼ ਸੁਣਨਾ? ਪਤਾ ਲੱਗੇਗਾ ਕਿ ਰੰਗ ਤੇ ਮਹਿਕ ਦੀ ਤਲਾਸ਼ ਦੇ ਕੀ ਅਰਥ ਨੇ? ਸ਼ਹਿਦ ਦੀ ਤਲਾਸ਼ ਕਿਵੇਂ ਕਰੀਦੀ? ਜੀਵਨ ਨਿਛਾਵਰਤਾ ਕੀ ਹੁੰਦੀ?
ਬੋਲ, ਦੋ ਜਣਿਆਂ ਦੀ ਆਪਸੀ ਗੁਫਤਗੂ। ਸੋਚਾਂ, ਸੁਪਨਿਆਂ, ਸਾਧਨਾਂ ਅਤੇ ਸਮਾਧਾਨਾਂ ਦਾ ਵਿਚਾਰ-ਵਟਾਂਦਰਾ। ਹੰਭਲਿਆਂ ਦੀ ਜਨਮਭੂਮੀ।
ਬੋਲ ਜਦ ਕਿਸੇ ਜਰਖੇਜ਼-ਧਰਾਤਲ ‘ਚ ਸੁਪਨੇ ਬੀਜਦੇ, ਸਿਰੜ ਤੇ ਪ੍ਰਤੀਬੱਧਤਾ ਦੀ ਜਾਗ ਲਾਉਂਦੇ ਜਾਂ ਮਸਤਕ ‘ਤੇ ਸਫਲਤਾਵਾਂ ਦੇ ਨਕਸ਼ ਉਘਾੜਨ ਦਾ ਜ਼ਰੀਆ ਬਣਦੇ ਤਾਂ ਬੋਲ ਆਪਣੀ ਪੁਖਤਗੀ ਅਤੇ ਪ੍ਰੇਰਣਾ ਦਾ ਸਬੂਤ ਬਣਦੇ। ਕਈ ਵਾਰ ਇਕ ਹੀ ਬੋਲ ਮਨੁੱਖੀ ਸਮੁੱਚਤਾ ਨੂੰ ਬਦਲ ਦਿੰਦਾ ਤੇ ਇਕ ਹੀ ਬੋਲ ਕੁਰਾਹੇ ਪਾਉਂਦਾ। ਇਕ ਹੀ ਬੋਲ ਕਾਇਆ-ਕਲਪ ਤੇ ਇਕ ਹੀ ਬੋਲ ਬਰਬਾਦੀ। ਇਕ ਹੀ ਬੋਲ ਕਤਲ ਕਰਵਾਉਂਦਾ ਅਤੇ ਇਕ ਹੀ ਬੋਲ ਜੀਵਨ-ਦਾਨ। ਇਕ ਹੀ ਬੋਲ ਅੰਬਰ-ਤਸ਼ਬੀਹ ਅਤੇ ਇਕ ਹੀ ਬੋਲ ਰਸਾਤਲ-ਗਰਕਣੀ। ਇਕ ਹੀ ਬੋਲ ਖੁਦਕੁਸ਼ੀ ਵੰਨੀਂ ਤੋਰਦਾ ਅਤੇ ਇਕ ਹੀ ਬੋਲ ਜੀਵਨ-ਜੰਗ ਜਿੱਤਣ ਦੀ ਨਿਸ਼ਠਾ। ਇਕ ਹੀ ਬੋਲ ਖਾਲਸਾ ਸਿਰਜਦਾ ਅਤੇ ਇਕ ਹੀ ਬੋਲ ਕੌਮ ਦਾ ਕਲੰਕ। ਇਕ ਹੀ ਬੋਲ ਕਈ ਗ੍ਰੰਥਾਂ ਦੀ ਰਚਨਾ ਕਰਦਾ ਅਤੇ ਇਕ ਹੀ ਬੋਲ ਧਾਰਮਿਕ ਆਸਥਾ ਨੂੰ ਚਕਨਾਚੂਰ ਕਰਦਾ। ਇਕ ਹੀ ਬੋਲ ਅੱਗ ਦੇ ਭਾਂਬੜ ਅਤੇ ਇਕ ਹੀ ਬੋਲ ਪਾਣੀ ਦੀਆਂ ਫੁਹਾਰਾਂ। ਇਕ ਹੀ ਬੋਲ ਰਿਸ਼ਤਿਆਂ ਵਿਚਲੀ ਤ੍ਰੇੜ ਅਤੇ ਇਕ ਹੀ ਬੋਲ ਸਬੰਧਾਂ ਦੀ ਭਰਪਾਈ। ਇਕ ਹੀ ਬੋਲ ਕੁੜੱਤਣਾਂ ਦਾ ਖਾਰਾ ਖੂਹ ਅਤੇ ਇਕ ਹੀ ਬੋਲ ਰਸੀਲੇਪਣ ਦੀ ਧਾਰਾ। ਇਕ ਹੀ ਬੋਲ ਆਪਣਿਆਂ ਤੋਂ ਦੂਰ ਕਰੇਂਦਾ ਅਤੇ ਇਕ ਹੀ ਬੋਲ ਆਪਣਿਆਂ ਦੀ ਗਲਵੱਕੜੀ। ਇਸ ਲਈ ਤਾਂ ਕਹਿੰਦੇ ਨੇ ਸੋਚ-ਸਮਝ ਕੇ ਬੋਲੇ ਇਕ ਹੀ ਬੋਲ ਦੇ ਗਰਭ ਵਿਚ ਬਹੁਤ ਕੁਝ ਛੁਪਿਆ ਹੁੰਦਾ, ਜਿਸ ਨੇ ਭਵਿੱਖ ਨੂੰ ਨਵੀਂ ਤਕਦੀਰ ਦੇਣੀ ਹੁੰਦੀ।
ਮਾਂ-ਬੱਚੇ ਦੇ ਬੋਲਾਂ ਵਿਚ ਕੋਮਲ ਗੱਲਾਂ, ਸੁਪਨਿਆਂ ਦੀ ਤਾਮੀਰਦਾਰੀ, ਤੋਤਲੇ ਬੋਲੇ ਵਿਚੋਂ ਅਣਕਿਆਸੇ ਅਤੇ ਅਣਛੋਹੇ ਅਰਥ ਦੀ ਭਾਲ ਅਤੇ ਮਮਤਾ ਦਾ ਜਲੌਅ। ਮਾਂ-ਬੱਚੇ ਦਰਮਿਆਨ ਆਂਦਰਾਂ ਦੀ ਇਕਜੁੱਟਤਾ ਤੇ ਇਕਸਾਰਤਾ ਦਾ ਅਨੂਠਾ ਸਰੂਪ। ਕੋਈ ਨਹੀਂ ਇਸ ਦਾ ਬਦਲ। ਭੈਣ-ਭਰਾ ਦੇ ਬੋਲਾਂ ਵਿਚ ਸ਼ਰਾਰਤਾਂ, ਰੁੱਸਣ ਅਤੇ ਮਨਾਉਣ ਦੀਆਂ ਅਦਾਵਾਂ, ਚਿੜਾਉਣ ਤੇ ਖਿਝਾਉਣ ਦੀ ਅਵੱਗਿਆ ਅਤੇ ਆਖਰ ਨੂੰ ਇਕ ਦੂਜੇ ਦੇ ਸਾਹੀਂ ਜਿਉਣ ਦਾ ਜਨੂੰਨ। ਬਹੁਤ ਪਾਕੀਜ਼ ਹੁੰਦੀ ਹੈ ਭੈਣ-ਭਰਾ, ਭੈਣ-ਭੈਣ ਜਾਂ ਭਰਾ-ਭਰਾ ਦੀ ਬਚਪਨੀ ਗੱਲਬਾਤ। ਮਿੱਤਰਾਂ ਦੀ ਗੱਲਬਾਤ ਵਿਚ ਹੁੰਦਾ ਹੈ ਖੁੱਲ੍ਹਾਪਣ, ਬੰਦਿਸ਼-ਮੁਕਤ, ‘ਵਾਵਾਂ ਨੂੰ ਗੰਢਾਂ ਦੇਣ ਦੀ ਬਿਰਤੀ, ਸੁਪਨੇ ਲੈਣ ਅਤੇ ਜੀਵਨੀ ਰੰਗਤ ਨੂੰ ਸੁਪਨਿਆਂ ਦੀ ਤਕਦੀਰ ਬਣਾਉਣ ਦੀ ਜਿਗਿਆਸਾ। ਇਹ ਸੰਗਤ ਜੇ ਸੁਚਾਰੂ ਮਾਰਗ-ਦਰਸ਼ਨ ਕਰੇ ਤਾਂ ਸਾਰੀ ਉਮਰ ਦੀਆਂ ਸਾਂਝਾਂ। ਇਸ ਮਿਲ-ਬੈਠਣੀ ਵਿਚੋਂ ਹੀ ਨਵੀਆਂ ਉਪਲਬਧੀਆਂ ਅਤੇ ਨਿਵੇਕਲੀਆਂ ਮੰਜ਼ਿਲਾਂ ਦੀ ਪ੍ਰਾਪਤੀ। ਪ੍ਰੇਮੀ ਤੇ ਪ੍ਰੇਮਿਕਾ ਦੇ ਪਿਆਰ-ਪਰੁੱਚੇ ਬੋਲਾਂ ਵਿਚ ਅੰਬਰ ਨੂੰ ਕਲਾਵੇ ‘ਚ ਲੈਣ ਅਤੇ ਸੂਹੀ ਰੰਗਤ ਨੂੰ ਮਾਣਨ ਦੀ ਤਮੰਨਾ। ਉਹ ਸੁਪਨਈ ਦੁਨੀਆਂ ਦੇ ਵਾਸੀ, ਪਰ ਜੇ ਇਹ ਸੁਪਨਾ ਸੱਚ ਬਣ ਜਾਵੇ ਤਾਂ ਜ਼ਿੰਦਗੀ ਰੰਗੀਨ, ਵਰਨਾ ਸਾਰੀ ਉਮਰ ਹੀ ਸੁਪਨਿਆਂ ਦੀ ਅਰਥੀ ਢੋਣੀ ਪੈਂਦੀ। ਮਾਂ-ਧੀ ਦੀਆਂ ਗੱਲਾਂ ਵਿਚ ਜੀਵਨ-ਸਿਆਣਪਾਂ ਤੇ ਸਹਿਜ-ਗਿਆਨ ਦੀਆਂ ਬਾਤਾਂ। ਪਿਉ-ਪੁੱਤ ਵਿਚਲੀ ਗੱਲਬਾਤ ਨਰੋਏ ਦਿਸਹੱਦਿਆਂ ਨੂੰ ਸਿਰਜਣ ਦੀ ਪ੍ਰੇਰਨਾ। ਅਧਿਆਪਕ ਤੇ ਸ਼ਿੱਸ਼ ਦਾ ਆਪਸੀ ਸੰਵਾਦ, ਉਚੇਰੀ ਤੇ ਮਿਆਰੀ ਵਿਦਿਆ ਰਾਹੀਂ ਜੀਵਨ ਨੂੰ ਹੋਰ ਖੂਬਸੂਰਤ ਬਣਾਉਣ ਦਾ ਖਬਤ। ਪਤੀ-ਪਤਨੀ ਦੀਆਂ ਗੱਲਾਂ ਪਰਿਵਾਰਕ ਮਸਲਿਆਂ ਦੀਆਂ ਗੁੰਝਲਾਂ ਨੂੰ ਫਰੋਲਣ ਅਤੇ ਖੋਲਣ ਵਿਚ ਹੀ ਗਵਾਚ ਜਾਂਦੀਆਂ। ਉਨ੍ਹਾਂ ਲਈ ਆਪਣੇ ਹਿੱਸੇ ਦੀ ਜ਼ਿੰਦਗੀ ਜਿਉਣ ਦਾ ਖਿਆਲ ਹੀ ਵਿਸਰ ਜਾਂਦਾ।
ਬੋਲ-ਬਾਣੀ ਇਸ ‘ਤੇ ਨਿਰਭਰ ਕਰਦੀ ਕਿ ਤੁਸੀਂ ਕਿਸ ਨਾਲ, ਕਿਸ ਬਾਰੇ ਅਤੇ ਕਿਹੜੀ ਸੋਚ ਨੂੰ ਲੈ ਕੇ ਗੱਲ ਕਰ ਰਹੇ ਹੋ? ਪਰ ਬੋਲਣ ਤੋਂ ਪਹਿਲਾਂ ਗੱਲਬਾਤ ਦੇ ਵਿਸ਼ੇ ਬਾਰੇ ਮਨ ਵਿਚ ਸਪੱਸ਼ਟਤਾ ਅਤਿ-ਜਰੂਰੀ। ਅਣਜਾਣੇ ਵਿਚ ਬੋਲੇ ਬੋਲ, ‘ਕੇਰਾਂ ਮੂੰਹ ਵਿਚੋਂ ਨਿਕਲਣ ‘ਤੇ ਵਾਪਸ ਨਹੀਂ ਪਰਤਦੇ। ਕਈ ਵਾਰ ਤਾਂ ਮੁਆਫੀ ਮੰਗਣ ਦੀ ਨੌਬਤ ਆ ਜਾਂਦੀ।
ਬੋਲ, ਬਹਾਦਰੀ ਵਾਲੇ ਵੀ ਤੇ ਕਾਇਰਤਾ ਵਾਲੇ ਵੀ। ਕਮੀਨਗੀ ਭਰਪੂਰ ਵੀ ਅਤੇ ਖੁਲ੍ਹਦਿਲੇ ਵੀ। ਪੁਰ-ਖਲੂਸ ਵੀ ਅਤੇ ਕਿਰਕਿਰੇ ਵੀ। ਕੜਕ ਵੀ ਅਤੇ ਸਹਿਲ ਵੀ। ਸ਼ੁਕਰਗੁਜਾਰੀ ਵਾਲੇ ਵੀ ਅਤੇ ਅਕ੍ਰਿਤਘਣੇ ਵੀ। ਬੋਲ ਤਾਂ,
ਬੋਲ, ਬੋਲਾਂ ਦੀਆਂ ਪਰਤਾਂ ਹੁੰਦੇ
ਬੋਲ, ਬੋਲਾਂ ਦੀਆਂ ਰਮਜ਼ਾਂ,
ਬੋਲ, ਬੋਲਾਂ ਦੇ ਭਰਮ-ਭੁਲੇਖੇ
ਬੋਲ, ਬੋਲਾਂ ਦੀਆਂ ਸਮਝਾਂ।
ਬੋਲ, ਬੋਲਾਂ ‘ਚ ਫੁੱਲ ਉਗਾਉਂਦੇ
ਬੋਲ, ਬੋਲਾਂ ‘ਚ ਕੰਡੇ,
ਬੋਲ, ਬੋਲਾਂ ਦੀ ਗਲਵੱਕੜੀ
ਬੋਲ, ਬੋਲਾਂ ਨੂੰ ਵੰਡੇ।
ਬੋਲ, ਬੋਲਾਂ ‘ਚ ਉਗਦੇ ਤਾਰੇ
ਬੋਲ, ਬੋਲਾਂ ਦੀ ਸੁਬਾ-ਸਵੇਰਾ,
ਬੋਲ, ਬੋਲਾਂ ਵਿਚਲਾ ਸੂਰਜ
ਬੋਲ, ਬੋਲਾਂ ‘ਚ ਅੰਧ-ਘਨੇਰਾ।
ਬੋਲ, ਬੋਲਾਂ ਦੀ ਪੱਤਝੜ ਹੁੰਦੇ
ਬੋਲਾਂ, ਬੋਲਾਂ ਦੇ ਬੋਲ-ਬਹਾਰਾਂ,
ਬੋਲ, ਬੋਲਾਂ ਦੀਆਂ ਰੱਕੜ-ਜੂਹਾਂ
ਬੋਲ, ਖਿੜੀਆਂ ਗੁਲਜ਼ਾਰਾਂ।
ਬੋਲ, ਬੋਲਾਂ ‘ਚ ਬਬੀਹਾ ਬੋਲੇ
ਬੋਲ, ਕੋਚਰੀ ਦੀ ਚੀਖ,
ਬੋਲ, ਜੰਗਲੀ ਮੋਰ ਪੈਲਦਾ
ਤੇ ਬੋਲ, ਟਟੀਹਰੀ-ਭੀਖ।
ਬੋਲ, ਬੋਲਾਂ ਦੀਆਂ ਬਾਹਾਂ
ਬੋਲ, ਬੋਲਾਂ ਦੀ ਸੀਰ,
ਬੋਲ, ਬੋਲੀਂ ਚੁੱਪ ਦਾ ਵਾਸਾ
ਬੋਲ ਹੀ ਗਾਉਂਦਾ ਫਕੀਰ।
ਬੋਲ, ਬੋਲਾਂ ਦਾ ਨਾਦੀ ਰਾਗ
ਤੇ ਬੋਲ ਹੀ ਅਗਮ-ਆਗਾਜ਼,
ਬੋਲ, ਮਨ ਦਾ ਬੋਲ-ਪਰਿੰਦਾ
ਬੋਲ ਹੀ ਰੂਹ ਦਾ ਸਾਜ਼।
ਬੋਲ, ਬੋਲਾਂ ਦੀ ਉਧੜੀ ਤਾਣੀ
ਬੋਲ ਹੀ ਸੁਰ ਤੇ ਤਾਲ,
ਬੋਲ, ਬੋਲਾਂ ਦੇ ਬੇਲੇ ਘੁੰਮਣਾ
ਬੋਲ ਹੀ ਖੁਦ ਦੀ ਭਾਲ।
ਬੋਲ, ਸੋਚ-ਧੜਕਣ ਦੀ ਸੂਹ
ਬੋਲ, ਕਰਮ ਦੀ ਹਾਕ,
ਬੋਲ, ਬੋਲਾਂ ਦਾ ਯੋਗ ਕਮਾਉਣਾ
ਬੋਲ ਹੀ ਵਾਕ-ਅਵਾਕ।
ਬੋਲ, ਬੋਲਾਂ ਦਾ ਗੁੰਗਾ ਦਰਦ
ਬੋਲ, ਖਣਕਦੇ ਬੋਲ,
ਬੋਲ ਕਦੇ ਦੂਰੀਆਂ ਬਣਦੇ
ਬੋਲ ਹੀ ਬਹਿੰਦੇ ਕੋਲ।
ਬੋਲ, ਬੋਲਾਂ ਦੀ ਨਿੰਦਿਆ-ਚੁਗਲੀ
ਬੋਲ, ਬੋਲਾਂ ਦੇ ਪਾਪ,
ਬੋਲ ਦੇ ਬੋਲੀਂ ਬੰਦਾ ਬੋਲੇ
ਬੋਲ ਹੀ ਬਣਦੇ ਜਾਪ।
ਬੋਲ, ਬੋਲਾਂ ਨੂੰ ਜਨਮਦੇ
ਬੋਲ, ਬੋਲਾਂ ਦੀਆਂ ਖਬਰਾਂ,
ਬੋਲ, ਬੋਲਾਂ ਦੇ ਸਾਹ ਬਣੇਂਦੇ
ਬੋਲ, ਬੋਲਾਂ ਦੀਆਂ ਕਬਰਾਂ।
ਬੋਲ, ਬੋਲਾਂ ਦੀ ਰੂਹ-ਪਰਵਾਜ਼
ਬੋਲ, ਬੋਲਾਂ ਦੀ ਸੂਹ,
ਬੋਲ, ਬੋਲਾਂ ਦਾ ਮਹਿਕ-ਬਸੇਰਾ
ਬੋਲ ਹੀ ਸੰਦਲੀ ਜੂਹ।
ਬੋਲ, ਬੋਲਾਂ ਦਾ ਬੀਜ-ਪੁੰਗਾਰਾ
ਬੋਲ, ਬੋਲਾਂ ਦੀ ਰੂਹ,
ਬੋਲ, ਬੋਲਾਂ ਦਾ ਜੀਣ ਤੇ ਥੀਣ
ਬੋਲ, ਬੋਲਾਂ ਦੀ ਛੂਹ।
ਬੋਲ, ਬੋਲਾਂ ਦੀ ਸ਼ੁਕਰ-ਸਾਬਰੀ
ਬੋਲ ਹੀ ਸੁਖਨ-ਸਬੂਰੀ,
ਬੋਲ, ਬੋਲਾਂ ਦਾ ਸੁਹਜ-ਸਹਿਜ
ਬੋਲ ਹੀ ਬੋਲ-ਕਸਤੂਰੀ।
ਬੰਦਿਆਂ ਦੇ ਸ਼ੋਰ-ਓ-ਗੁੱਲ ਵਿਚ ਗੁੰਮ ਗਈ ਏ-ਪਰਿੰਦਿਆਂ ਦੀ ਚਹਿਕਣੀ, ਬੋਟਾਂ ਦੀ ਗੁਫਤਗੂ ਅਤੇ ਜੰਗਲੀ ਜਾਨਵਰਾਂ ਦੀ ਦਹਾੜ। ਜਦ ਬੰਦਾ ਘਰ ਵਿਚ ਕੈਦ ਹੁੰਦਾ ਅਤੇ ਸੜਕਾਂ ਸੁੰਨਸਾਨ ਹੁੰਦੀਆਂ ਤਾਂ ਪੰਛੀਆਂ ਤੇ ਜਾਨਵਰਾਂ ਨੂੰ ਆਪਣੇ ਹਿੱਸੇ ਦੀ ਜ਼ਿੰਦਗੀ ਜਿਉਣਾ ਨਸੀਬ ਹੁੰਦਾ।
ਦੁਨਿਆਵੀ ਸ਼ੋਰ ਵਿਚ ਗਵਾਚ ਗਏ ਸੂਖਮ ਬੋਲ, ਪਿਆਰੀਆਂ ਬੋਲ-ਮਿਲਣੀਆਂ, ਪਿਆਰੇ ਦੇ ਸਾਥ ਦੀ ਸਾਹ-ਤਰੰਗਤਾ ਅਤੇ ਸੱਜਣਾਂ ਦੀ ਬੋਲ-ਛਾਂ ‘ਚ ਸੁਸਤਾਉਣਾ।
ਬੋਲ ਜਦ ਸੁਰ ਅਤੇ ਤਾਲ ਵਿਚ ਹੁੰਦੇ ਤਾਂ ਸੰਗੀਤ ਹੁੰਦੇ, ਜੋ ਰੂਹ ਦਾ ਸਕੂਨ, ਖੁਦਾਬੰਦ ਦੀ ਇਨਾਇਤ, ਰੱਬ ਦੀ ਭਗਤੀ ਜਾਂ ਰੂਹ ਨੂੰ ਸ਼ਰਸ਼ਾਰ ਕਰਕੇ, ਖੁਦ ਵਿਚੋਂ ਖੁਦ ਦੀ ਤਲਾਸ਼ ਅਰੰਭਦੇ। ਜਦ ਸੰਗੀਤ ਸ਼ੋਰ ਵੱਲ ਨੂੰ ਉਲਾਰ ਹੁੰਦਾ ਤਾਂ ਗਵਾਚ ਜਾਂਦਾ ਮਨੁੱਖ, ਕਰਤਾਰੀ ਬਿਰਤੀ, ਸੁਹਜ-ਸੰਵਦੇਨਾ ਅਤੇ ਸੁਰਤੀ-ਸਾਧਨਾ।
ਬੋਲ ਜਦ ਮਾਰੂਥਲ ਦੇ ਪਿੰਡੇ ‘ਤੇ ਰੇਤ ਦੀਆਂ ਲਹਿਰਾਂ, ਮੀਂਹ ਦੇ ਸੁਰੀਲੇਪਣ ਜਾਂ ਬਿਰਖਾਂ ਦੇ ਟਾਹਣਾਂ ਨਾਲ ਖਹਿੰਦੀ ਪੌਣ ਵਿਚੋਂ ਪੈਦਾ ਹੁੰਦੇ ਤਾਂ ਕੁਦਰਤ ਦੇ ਨਿਆਰੇਪਣ ਅਤੇ ਅਦਭੁੱਤਤਾ ਨਾਲ ਮਨ ਲਬਰੇਜ਼ ਹੋ ਜਾਂਦਾ। ਕੁਦਰਤ ਦੇ ਅੰਗ-ਅੰਗ ਵਿਚ ਵੱਸੀ ਹੈ ਸੰਗੀਤਕ ਬੋਲਾਂ ਦੀ ਰਮਜ਼।
ਬਾਬੇ ਨਾਨਕ ਦੇ ਬੋਲ ਜਦ ਮਰਦਾਨੇ ਦੀ ਰਬਾਬੀ ਸੰਗਤ ਵਿਚ ਫਿਜ਼ਾ ਵਿਚ ਪਿਘਲਦੇ ਤਾਂ ਕਾਇਨਾਤ ਮੰਤਰ-ਮੁਗਧ ਹੋ ਜਾਂਦੀ। ਸਮੁੱਚੀ ਲੋਕਾਈ ਉਨ੍ਹਾਂ ਬੋਲਾਂ ਵਿਚਲੀਆਂ ਮੱਤਾਂ ਨੂੰ ਜੀਵਨ ਵਿਚ ਢਾਲਦੀ, ਨਵੀਆਂ ਰਾਹਾਂ ਸਿਰਜਣਾ ਵਿਚ ਰੁੱਝ ਜਾਂਦੀ।
ਟਿੱਕੀ ਰਾਤ ਵਿਚ ਤਾਰਿਆਂ ਦੇ ਬੋਲ, ਰਾਤ ਦੀ ਸਾਂ ਸਾਂ, ਪਪੀਹੇ ਦੀ ਕੂਕ ਜਾਂ ਕੋਚਰੀ ਦੀ ਹੂਕ ਨੂੰ ਸੁਣਨ ਦੀ ਜਾਚ ਆ ਜਾਵੇ ਤਾਂ ਜੀਵਨ ਦੇ ਰੰਗ-ਬਿਰੰਗੇ ਪਲਾਂ ਨੂੰ ਜਿਉਣ ਦੀ ਜਾਚ ਆ ਜਾਂਦੀ। ਰਾਤ ਨੂੰ ਬੰਦਾ ਚੁੱਪ ਹੋ ਜਾਂਦਾ, ਜਾਨਵਰ ਤੇ ਪਰਿੰਦੇ ਵੀ ਰਾਤ ਨੂੰ ਨੀਂਦ ਦੀ ਆਗੋਸ਼ ਵਿਚ ਚੁੱਪ ਨੂੰ ਮਾਣਦੇ, ਪਰ ਕੁਦਰਤ ਕਦੇ ਵੀ ਨਹੀਂ ਸੌਂਦੀ। ਹਮੇਸ਼ਾ ਜਾਗਦੀ ਤੇ ਜਗਾਉਂਦੀ। ਇਸ ਦੇ ਬੋਲਾਂ ਦੀ ਨਿਰੰਤਰਤਾ ਹੀ ਜਿਉਂਦੇ ਹੋਣ ਦਾ ਸਬੂਤ। ਕੁਦਰਤ ਦੇ ਬੋਲ ਰੂਹ ਦੇ ਸਭ ਤੋਂ ਕਰੀਬ, ਮਾਨਸਿਕ ਭਟਕਣਾ ਲਈ ਟਿਕਾਅ ਅਤੇ ਦੁਨਿਆਵੀ ਦੌੜ-ਭੱਜ ਤੋਂ ਰਾਹਤ। ਖੁਦ ਦੇ ਕੋਲ ਕੋਲ ਰਹਿਣ ਅਤੇ ਖੁਦ ਸੰਗ ਜਿਉਣ ਦਾ ਬਿਹਤਰੀਨ ਮੌਕਾ। ਕਦੇ ਕਦਾਈਂ ਕੁਦਰਤ ਦੇ ਬੋਲਾਂ ਨਾਲ ਸਾਂਝ ਪਾਉਣੀ, ਜੀਵਨ-ਸੁੱਚਮਤਾ ਹਾਸਲ ਹੋਵੇਗੀ।
ਬੋਲ ਸੰਕੋਚਵੇਂ, ਸੱਚੇ, ਸੁੱਚੇ, ਸੁੰਦਰ, ਸੰਜੀਦਾ ਅਤੇ ਸਪੱਸ਼ਟ ਹੋਣ ਤਾਂ ਇਨ੍ਹਾਂ ਦੇ ਅਰਥਾਂ ਦੀ ਅਸੀਮਤਾ ਤੇ ਡੂੰਘਾਈ, ਸੁਣਨ ਵਾਲੇ ਲਈ ਬੋਲ-ਬਬੀਹਾ ਹੁੰਦੀ, ਜਿਸ ਦੀ ਪੁਕਾਰ ਸੁਣ ਕੇ ਖੁਦਾ ਵੀ ਦ੍ਰਿਸ਼ਟਮਾਨ ਹੋ ਜਾਂਦਾ।
ਬੋਲ ਤਾਂ ਬੋਲ ਹੁੰਦੇ, ਬੋਲਾਂ ਦਾ ਕੀ ਏ। ਬੋਲਾਂ ਵਿਚ ਬੋਲਦਾ ਤਾਂ ਮਨੁੱਖੀ ਜੀਅ ਏ। ਬੋਲਾਂ ਨਾਲ ਜਦ ਕਿਸੇ ਦਾ ਮੂੰਹ ਸੀਅ ਹੁੰਦਾ, ਤਾਂ ਬੋਲਾਂ ਕੋਲੋਂ ਕਹਿ ਨਾ ਸੀਅ ਹੁੰਦਾ। ਬੋਲਾਂ ਨੂੰ ਬੰਦੇ ਦਾ ਮਾਣ ਬਣਾਓ, ਬੋਲਾਂ ਦੀ ਝੋਲੀ ਰਹਿਮਤ ਪਾਓ। ਬੋਲ-ਬਰਕਤਾਂ ਸਮਿਆਂ ਦੇ ਲੇਖੇ ਲਾਓ, ਇਸ ਦੀ ਰੂਹੇ ਕਾਇਨਾਤ ਦੀ ਉਪਮਾ ਗਾਓ ਤਾਂ ਕਿ ਕੁਦਰਤ ਵੀ ਤੁਹਾਨੂੰ ਦੁਆਵਾਂ ਦਿੰਦੀ, ਜੀਵਨ-ਤਲੀ ‘ਤੇ ਮਹਿਕ ਦੀ ਮਹਿੰਦੀ ਲਾਵੇ।