ਦੁਸ਼ਵਾਰੀਆਂ ਨਾਲ ਜੂਝਦੇ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਅਤੇ ਭਾਵੁਕ ਉਲਾਰ

ਡਾ. ਗੁਰਨਾਮ ਕੌਰ, ਕੈਨੇਡਾ
ਅਮਰਜੀਤ ਸਿੰਘ ਗਰੇਵਾਲ ਨਾ ਸਿਰਫ ਇੱਕ ਬਹੁਤ ਹੀ ਸੁਲਝੇ ਹੋਏ, ਦਾਨਿਸ਼ਵਰ ਤੇ ਡੂੰਘੀ ਸੋਚ ਅਪਨਾਏ ਸਮੇਂ ਦੀ ਨਬਜ਼ ਨੂੰ ਪਛਾਣਨ ਵਾਲੇ ਚਿੰਤਕ ਹਨ, ਸਗੋਂ ਉਹ ਪੰਜਾਬ ਵਿਚ ਰਹਿੰਦਿਆਂ, ਵਿਚਰਦਿਆਂ ਗਾਹੇ-ਬਗਾਹੇ ਪੰਜਾਬ ਅਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਬਹੁਤ ਨੀਝ ਨਾਲ ਘੋਖਦੇ ਰਹਿੰਦੇ ਹਨ ਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਤਲਾਸ਼ਣ ਦੀ ਕੋਸ਼ਿਸ਼ ਵੀ ਕਰਦੇ ਹਨ|

ਉਹ ਪੰਜਾਬ ਦੀ ਤ੍ਰਾਸਦੀ ਨੂੰ ਬਹੁਤ ਨੇੜਿਓਂ ਅਨੁਭਵ ਕਰ ਰਹੇ ਹਨ-ਇਹ ਤ੍ਰਾਸਦੀ ਭਾਵੇਂ ਨਸ਼ਿਆਂ ਰਾਹੀਂ ਨੌਜੁਆਨ ਪੀੜ੍ਹੀ ਦੀ ਤਬਾਹੀ ਦੇ ਰੂਪ ਵਿਚ ਹੋਵੇ, ਭਾਵੇਂ ਕਿਸਾਨੀ ਦੀ ਬਰਬਾਦੀ ਅਤੇ ਖੁਦਕੁਸ਼ੀਆਂ, ਬੇਰੁਜ਼ਗਾਰੀ ਦੀ ਸਮੱਸਿਆ ਖਾਸ ਕਰਕੇ ਪੜ੍ਹੀ-ਲਿਖੀ ਨੌਜੁਆਨ ਪੀੜ੍ਹੀ ਦਾ ਬੇਰੁਜ਼ਗਾਰ ਹੋਣਾ ਅਤੇ ਜਾਂ ਫਿਰ ਇਨ੍ਹਾਂ ਸਮੱਸਿਆਵਾਂ ਦੀ ਜਕੜ ਤੋਂ ਨਿਜਾਤ ਪਾਉਣ ਲਈ ਬਾਹਰਲੇ ਮੁਲਕਾਂ ਵੱਲ ਪੰਜਾਬੀ ਨੌਜੁਆਨਾਂ ਦੀ ਦੌੜ| ਉਨ੍ਹਾਂ ਸੁਰਜੀਤ ਪਾਤਰ ਦੀ ਕਵਿਤਾ ਰਾਹੀਂ ਖੂਬ ਸਮਝਾਇਆ ਹੈ,
ਇਹ ਜਿਹੜੇ
ਨਸ਼ਿਆਂ ਦੇ ਉਡਣ-ਖਟੋਲੇ ਵਿਚ ਬੈਠ ਜਾਂਦੇ
ਉਨ੍ਹਾਂ ਨੇ ਵੀ
ਬੱਸ ਏਥੋਂ ਜਾਣ ਦਾ ਹੀ ਰਾਹ ਜਾਣੀ ਲੱਭਿਆ|
ਇਹ ਇੱਕ ਕੌੜੀ ਸੱਚਾਈ ਹੈ ਕਿ ਜਦੋਂ ਕੋਈ ਨੌਜੁਆਨ ਨਸ਼ਿਆਂ ਦੀ ਦਲਦਲ ਵੱਲ ਤੁਰਦਾ ਹੈ, ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ ਜਾਂ ਕੋਈ ਬੱਚਾ ਆਪਣੀ ਕਿਸਮਤ ਅਜਮਾਉਣ ਲਈ ਵਿਦੇਸ਼ਾਂ ਵੱਲ ਦੌੜ ਲਾਉਂਦਾ ਹੈ ਤਾਂ ਇਹ ਸਾਰਾ ਭਾਣਾ ਪੰਜਾਬ ਦੇ ਮੌਜੂਦਾ ਤ੍ਰਾਸਦਿਕ ਹਾਲਾਤ ਤੋਂ ਬਚਣ ਲਈ ਜਾਂ ਭੱਜ ਜਾਣ ਕਾਰਨ ਹੀ ਵਾਪਰਦਾ ਹੈ| ਸ਼ ਗਰੇਵਾਲ ਨੇ ਆਪ ਹੀ ਜ਼ਿਕਰ ਕੀਤਾ ਹੈ ਕਿ “ਕੇਵਲ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਅਤੇ ਨਸ਼ਿਆਂ ਅਤੇ ਨਸ਼ਿਆਂ ਵਿਚ ਦਮ ਤੋੜ ਰਹੀ ਨੌਜੁਆਨ ਪੀੜ੍ਹੀ ਹੀ ਨਹੀਂ, ਪੰਜਾਬ ਵਿਚ ਫੈਲ ਰਹੇ ਜੁਰਮ, ਪ੍ਰਦੂਸ਼ਣ, ਬੇਰੁਜ਼ਗਾਰੀ, ਨਾਬਰਾਬਰੀ, ਭ੍ਰਿਸ਼ਟਾਚਾਰ ਅਤੇ ਸਮਾਜਕ ਕਦਰਾਂ-ਕੀਮਤਾਂ ਨੂੰ ਲੱਗਣ ਵਾਲਾ ਖੋਰਾ ਆਦਿ ਪੰਜਾਬ ਦੇ ਉਸ ਸੰਕਟ ਦੀਆਂ ਅਲਾਮਤਾਂ ਹਨ, ਜਿਸ ਕਾਰਨ ‘ਚਲੋ ਏਥੋਂ ਚੱਲੀਏ’ ਦਾ ਸਮੂਹ ਗਾਨ ਗਾ ਰਿਹਾ ਪੰਜਾਬ ਆਖਦਾ ਹੈ, ਵੇਚ ਕੇ ਸਿਆੜ ਚਾਰ, ਕਰ ਕੇ ਜੁਗਾੜ ਕੋਈ, ਚੱਲ ਏਥੋਂ ਚੱਲੀਏ|”
ਸ਼ ਗਰੇਵਾਲ ਅਨੁਸਾਰ ਕਵਿਤਾ ਅਖੀਰ ‘ਚ ਇਹ ਸੁਆਲ ਛੱਡ ਜਾਂਦੀ ਹੈ ਕਿ ਪੰਜਾਬ ਦੀ ਧਰਤੀ ਨੂੰ ਮੁੜ ਤੋਂ ਵਸਣ ਯੋਗ ਅਤੇ ਰਸਣ ਯੋਗ ਕਿਵੇਂ ਬਣਾਇਆ ਜਾਵੇ? ਇਸੇ ਸਵਾਲ ਦਾ ਹੱਲ ਲੱਭਣ ਲਈ ਉਨ੍ਹਾਂ ਨੇ ਪਹਿਲਾਂ ਉਸ ਸੰਕਟ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੀਆਂ ਅਲਾਮਤਾਂ ਦਾ ਸੁਰਜੀਤ ਪਾਤਰ ਦੀ ਇਸ ਕਵਿਤਾ ਵਿਚ ਜ਼ਿਕਰ ਕੀਤਾ ਗਿਆ ਹੈ| ਫਿਰ ਉਨ੍ਹਾਂ ਨੇ ਇਨ੍ਹਾਂ ਅਲਾਮਤਾਂ ਦੀ ਨਿਸ਼ਾਨਦੇਹੀ ਕਰਦਿਆਂ ਇਨ੍ਹਾਂ ਨੂੰ ਵਿਸ਼ਵ ਪ੍ਰਸੰਗ ਵਿਚ ਦੇਖਣ ਤੇ ਘੋਖਣ ਦੀ ਅਤੇ ਇਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੈ|
‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਪੜ੍ਹਿਆ ਹੀ ਹੈ ਕਿ ਸ਼ ਗਰੇਵਾਲ ਨੇ ਪੰਜਾਬ ਦੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਅਤੇ ਉਨ੍ਹਾਂ ਦਾ ਹੱਲ ਇਸ ਤੱਥ ਵਿਚ ਕੱਢਿਆ ਹੈ ਕਿ “ਵਿਦਿਅਕ ਸੁਧਾਰਾਂ ਬਿਨਾ ਨਹੀਂ ਬਚੇਗਾ ਪੰਜਾਬ” ਅਤੇ ਇਸ ਸਿੱਟੇ ‘ਤੇ ਪਹੁੰਚਣ ਲਈ ਉਨ੍ਹਾਂ ਨੇ ਪੂਰੇ ਤਿੰਨ ਲੇਖਾਂ ‘ਪੰਜਾਬ ਦੇ ਪੁਨਰ-ਨਿਰਮਾਣ ਦਾ ਉਤਰ-ਪੂੰਜੀਵਾਦੀ ਏਜੰਡਾ’, ‘ਪੂੰਜੀ ਦੇ ਯੁੱਗ ਵਿਚ ਗਿਆਨ ਅਤੇ ਤਕਨੀਕ ਦਾ ਰੋਲ’ ਅਤੇ ‘ਬੇਚੈਨ ਪੰਜਾਬ: ਤੇਜ .ਤਬਦੀਲੀ ਬਨਾਮ ਪਿੰਡ ਵਲ ਵਾਪਸੀ’ ਰਾਹੀਂ ਇਸ ਨੂੰ ਘੋਖਿਆ, ਖੰਗਾਲਿਆ ਹੈ| ਇਨ੍ਹਾਂ ਤਿੰਨਾਂ ਲੇਖਾਂ ਰਾਹੀਂ ਸਮੱਸਿਆਵਾਂ ਦੀ ਜੜ੍ਹ ਤੱਕ ਪਹੁੰਚਣ ਅਤੇ ਇਨ੍ਹਾਂ ਨੂੰ ਵਿਦਿਅਕ ਢਾਂਚੇ ਵਿਚ ਸੁਧਾਰ ਕਰਕੇ ਇਸ ਨੂੰ ਸਮੇਂ ਦਾ ਹਾਣੀ ਬਣਾ ਕੇ ਪੰਜਾਬ ਦੀ ਦਸ਼ਾ ਕਿਵੇਂ ਸੁਧਾਰੀ ਜਾ ਸਕਦੀ ਹੈ, ਵੱਲ ਲੇਖਕ ਨੇ ਪੂਰੀ ਦਿਆਨਤਦਾਰੀ ਨਾਲ ਸੁਝਾ ਦਿੱਤੇ ਹਨ|
ਇਹ ਲੇਖ ਜਿੱਥੇ ਆਤਮਾ ਨੂੰ ਝੰਜੋੜਦੇ ਹਨ, ਉਥੇ ਆਸ ਦੀ ਕਿਰਨ ਵੀ ਜਗਾਉਂਦੇ ਹਨ ਕਿ ਅਜੇ ਵੀ ਵਕਤ ਹੈ ਕਿ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ| ਪੰਜਾਬ ਲਈ ਪ੍ਰੇਮ ਅਤੇ ਦਰਦ ਰੱਖਣ ਵਾਲੇ ਹਰ ਪੰਜਾਬੀ ਦੇ ਮਨ ਵਿਚੋਂ ਸ਼ੁਕਰਾਨੇ ਦੇ ਬੋਲ ਅਜਿਹੇ ਬੁੱਧੀਜੀਵੀਆਂ ਲਈ ਜ਼ਰੂਰ ਨਿਕਲਦੇ ਹਨ, ਜੋ ਨਸ਼ਿਆਂ ਦੀ ਮਾਰ ਨਾਲ ਪੰਜਾਬ ਦੀ ਤਬਾਹ ਹੋ ਰਹੀ ਨੌਜੁਆਨ ਪੀੜ੍ਹੀ ਅਤੇ ਬਰਬਾਦੀ ਦੇ ਕੰਢੇ ‘ਤੇ ਖੜੀ ਨਿਰਾਸ਼ ਹੋ ਕੇ ਖੁਦਕੁਸ਼ੀਆਂ ਵੱਲ ਰੁੱਖ ਕਰ ਰਹੀ ਪੰਜਾਬ ਦੀ ਕਿਸਾਨੀ ਦੇ ਦੁੱਖ ਨੂੰ ਸਮਝਣ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ| ‘ਪੰਜਾਬ ਟਾਈਮਜ’ ਵਧਾਈ ਦਾ ਪਾਤਰ ਹੈ, ਅਜਿਹੇ ਦਾਨਿਸ਼ਵੰਦਾਂ ਦੀਆਂ ਲੇਖਣੀਆਂ ਦੇ ਦਰਸ਼ਨ ਦੀਦਾਰੇ ਕਰਾਉਣ ਲਈ|
1947 ਦੀ ਵੰਡ ਨੇ ਪੰਜਾਬ ਦਾ ਕਰੀਬ 60% ਖੇਤਰ ਪਾਕਿਸਤਾਨ ਵਾਲੇ ਪਾਸੇ ਕਰ ਦਿੱਤਾ ਤੇ ਚਾਲੀ ਕੁ ਪ੍ਰਤੀਸ਼ਰਤ ਹਿੰਦੁਸਤਾਨ ਵਿਚ ਰਹਿ ਗਿਆ| ਇਸ ਵੰਡ ਨਾਲ ਜਿੱਥੇ ਲੱਖਾਂ ਦੀ ਸੰਖਿਆ ਵਿਚ ਪੰਜਾਬੀਆਂ ਦਾ ਉਜਾੜਾ ਹੋਇਆ, ਜਾਨਾਂ ਗਈਆਂ, ਇੱਜਤਾਂ ਮਿੱਟੀ-ਘੱਟੇ ਰੁਲੀਆਂ, ਉਥੇ ਹੀ ਪੰਜਾਬੀ ਖਾਸ ਕਰਕੇ ਸਿੱਖ ਕਿਸਾਨਾਂ ਨੂੰ ਆਪਣੇ ਭਰੇ-ਭੁਕੰਨੇ ਘਰਾਂ ਦੇ ਨਾਲ ਨਾਲ ਜਰਖੇਜ਼ ਜਮੀਨਾਂ ਵੀ ਛੱਡ ਕੇ ਆਉਣੀਆਂ ਪਈਆਂ| 1947 ਦੀ ਵੰਡ ਨਾਲ ਜਰਖੇਜ਼ ਜਮੀਨ ਗਈ ਅਤੇ 1966 ਵਿਚ ਪੰਜਾਬੀ ‘ਸੂਬੀ’ ਬਣਨ ਨਾਲ ਸਾਰੀ ਸਨਅਤ ਨਵੇਂ ਬਣੇ ਸੂਬੇ ਹਰਿਆਣੇ ਅਤੇ ਟੂਰਿਸਟ ਸਨਅਤ ਹਿਮਾਚਲ ਪ੍ਰਦੇਸ਼ ਵਿਚ ਚਲੀ ਗਈ| ਇਹੀ ਨਹੀਂ, ਪੰਜਾਬੀ ਬੋਲਦੇ ਇਲਾਕੇ ਵੀ ਇਨ੍ਹਾਂ ਦੋਹਾਂ ਨਵੇਂ ਬਣੇ ਸੂਬਿਆਂ ਵਿਚ ਚਲੇ ਗਏ| ਪੰਜਾਬ ਆਪਣੇ ਸਾਰੇ ਅਸਾਸੇ, ਦਰਿਆਈ ਪਾਣੀ, ਸਮੇਤ ਲਾਹੌਰ ਦੇ ਥਾਂ ਨਵੀਂ ਬਣੀ ਰਾਜਧਾਨੀ ਚੰਡੀਗੜ੍ਹ ਗੁਆ ਕੇ ਰਹਿ ਗਿਆ ਅਟਾਰੀ ਤੋਂ ਲੈ ਕੇ ਸ਼ੰਭੂ ਬਾਰਡਰ ਤੱਕ| ਇਸ ਨਵੀਂ ਬਣੀ ‘ਸੂਬੀ’ ਲਈ ਕੇਂਦਰ ਸਰਕਾਰ ਦੇ ਨਾਲ ਨਾਲ ਅਕਾਲੀ ਦਲ ਬਰਾਬਰ ਦਾ ਜਿੰ.ਮੇਵਾਰ ਹੈ, ਕਿਉਂਕਿ ਉਨ੍ਹਾਂ ਨੂੰ ਰਾਜ ਕਰਨ ਲਈ ਸਿੱਖ ਬਹੁ-ਗਿਣਤੀ ਵਾਲਾ ਏਨਾ ਕੁ ਹੀ ਖੇਤਰ ਚਾਹੀਦਾ ਸੀ| ਇਹ ਵੱਖਰੀ ਗੱਲ ਹੈ ਕਿ ਰਾਜ ਉਨ੍ਹਾਂ ਨੂੰ ਫਿਰ ਵੀ ਉਸੇ ਪਾਰਟੀ ਦੀ ਹਮਾਇਤ ਨਾਲ ਕਰਨਾ ਪੈਂਦਾ ਰਿਹਾ ਹੈ, ਜੋ ਸਿਧਾਂਤਕ ਤੌਰ ‘ਤੇ ਪੰਜਾਬ ਦੇ ਹੱਕਾਂ ਅਤੇ ਪੰਜਾਬੀ ਸੂਬੇ ਦੀ ਵਿਰੋਧੀ ਰਹੀ ਹੈ|
ਸ਼ ਪ੍ਰੀਤਮ ਸਿੰਘ ਕੁਮੇਦਾਨ ਵੀ ਪੰਜਾਬ ਦੇ ਪਾਣੀਆਂ ਦੇ ਮਸਲੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਸਮਝਦੇ ਹਨ| ਉਨ੍ਹਾਂ ਨੇ 20 ਜੂਨ ਦੇ ‘ਪੰਜਾਬ ਟਾਈਮਜ਼’ ਵਿਚ ਆਪਣੇ ਲੇਖ ‘ਖਾਲਿਸਤਾਨ ਬਾਰੇ ਕੁਝ ਸਵਾਲ’ ਵਿਚ “ਅਖਬਾਰਾਂ ਵਿਚ ਛਪੀਆਂ ਰਿਪੋਰਟਾਂ ਮੁਤਾਬਿਕ ਅਮਰੀਕਾ ਆਧਾਰਿਤ ਸੰਸਥਾ ‘ਸਿੱਖਸ ਫਾਰ ਜਸਟਿਸ’ ਲੰਡਨ ਵਿਚ 12 ਅਗਸਤ 2018 ਨੂੰ ਪਾਕਿਸਤਾਨ ਦੇ ਭਾਰਤ ਤੋਂ ਵੱਖ ਹੋਣ ਦੇ ਨਕਸ਼ੇ ਕਦਮ ‘ਤੇ ਖਾਲਿਸਤਾਨ ਦੀ ਪ੍ਰਾਪਤੀ ਦੇ ਉਦੇਸ਼ ਨੂੰ ਲੈ ਕੇ ਰਾਇਸ਼ੁਮਾਰੀ ‘ਰੈਫਰੈਂਡਮ 2020’ ਕਰ ਰਹੀ ਹੈ” ਦੇ ਸਬੰਧ ਵਿਚ ਕੁਝ ਸਵਾਲ ਸਾਹਮਣੇ ਰੱਖੇ ਹਨ ਅਤੇ ਮੰਗ ਕੀਤੀ ਹੈ ਕਿ “ਇਹ ਇਸ ਸੰਸਥਾ ਅਤੇ ਖਾਲਿਸਤਾਨ ਦੇ ਹੋਰ ਹਮਾਇਤੀਆਂ ਦਾ ਫਰਜ਼ ਬਣਦਾ ਕਿ ਉਹ ਪਹਿਲਾਂ, ਹੁਣੇ ਹੀ, ਦੁਨੀਆਂ ਭਰ ਦੇ ਸਿੱਖਾਂ ਤੇ ਹੋਰ ਲੋਕਾਂ ਨੂੰ ਆਜ਼ਾਦ ਖਾਲਿਸਤਾਨ ਰਾਜ ਦੀ ਪ੍ਰਾਪਤੀ ਤੋਂ ਮਗਰੋਂ ਖਾਲਿਸਤਾਨ ਅਤੇ ਇਸ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਸੰਭਾਵੀ ਮੁਸ਼ਕਿਲਾਂ ਤੇ ਔਖਿਆਈਆਂ ਬਾਰੇ ਦੱਸਣ ਅਤੇ ਇਹ ਵੀ ਦੱਸਣ ਕਿ ਖਾਲਿਸਤਾਨ ਉਨ੍ਹਾਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਕਿਵੇਂ ਹੱਲ ਕਰੇਗਾ?” ਸੰਭਾਵੀ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੀ ਲਿਸਟ ਵਿਚ:
“ਇਲਾਕਾਈ ਵੰਡ, ਵੰਡ ਦਾ ਢੰਗ-ਤਰੀਕਾ, ਆਬਾਦੀ ਦਾ ਆਦਾਨ-ਪ੍ਰਦਾਨ, ਹਾਈਡਲ ਬਿਜਲੀ, ਥਰਮਲ ਬਿਜਲੀ, ਨਤੀਜਾ, ਉਦਯੋਗ, ਆਵਾਜਾਈ, ਸਿੰਜਾਈ, ਅਨਾਜ, ਜਲ ਸਪਲਾਈ, ਪਾਕਿਸਤਾਨ ਨਾਲ ਸਬੰਧ,” ਦਾ ਜ਼ਿਕਰ ਕਰਕੇ ਉਨ੍ਹਾਂ ਨੇ “ਸਿੱਖਸ ਫਾਰ ਜਸਟਿਸ ਨੂੰ ਬੇਨਤੀ” ਕੀਤੀ ਹੈ ਕਿ “ਕਿਰਪਾ ਕਰ ਕੇ ਕਿਸੇ ਇਕ ਵੀ ਔਖਿਆਈ ਦਾ ਹੱਲ ਦੱਸੋ ਜਾਂ ਫਿਰ ਇਹ ਤਮਾਸ਼ਾ ਬੰਦ ਕਰ ਦਿਉ ਅਤੇ ਆਪਣੇ ਗੁਰੂਆਂ ਕੋਲੋਂ ਮੁਆਫੀ ਮੰਗ ਲਉ, ਜਿਵੇਂ ਅਸੀਂ ਰੋਜ਼ ਅਰਦਾਸ ਕਰਦੇ ਹਾਂ” ‘ਅਬ ਕੀ ਬਾਰ ਬਖਸਿ ਬੰਦੇ ਕਉ’ ਅਤੇ ਮੁੜ ਕਦੇ ਉਵੇਂ ਨਾ ਕਹਿਉ| ਅਮਰੀਕਾ ਪਰਤਣ ‘ਤੇ ਸਾਰੀ ਦੁਨੀਆਂ ਨੂੰ ਦੱਸੋ, ਜਿਵੇਂ ਕਬੀਰ ਸਾਹਿਬ ਗੁਰਬਾਣੀ ‘ਚ ਆਖਦੇ ਹਨ, “ਕਬੀਰਾ ਨਾ ਹਮ ਕੀਆ ਨ ਕਰਹਿਗੇ ਨਾ ਕਰ ਸਕੈ ਸਰੀਰੁ॥”
ਸ਼ ਪ੍ਰੀਤਮ ਸਿੰਘ ਕੁਮੇਦਾਨ ਅਨੁਸਾਰ ਇਨ੍ਹਾਂ ਸੱਸਿਆਵਾਂ ਦਾ ਹੱਲ ਦੱਸਣਾ ਇਨ੍ਹਾਂ ਲੋਕਾਂ ਦਾ ਨੈਤਿਕ ਫਰਜ਼ ਹੈ| ਮੈਂ ਸਮਝਦੀ ਹਾਂ ਕਿ ਇਹ ਸਿਰਫ ਨੈਤਿਕ ਫਰਜ਼ ਹੀ ਨਹੀਂ, ਸਗੋਂ ਆਮ ਸਿੱਖਾਂ ਪ੍ਰਤੀ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ| ਜੇ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਨਿਭਾ ਸਕਦੇ ਤਾਂ ਪਹਿਲਾਂ ਹੀ ਇੱਕ ਪੀੜ੍ਹੀ ਖਾੜਕੂਵਾਦ ਅਤੇ ਦੂਜੀ ਪੀੜ੍ਹੀ ਨਸ਼ਿਆਂ ਦੀ ਭੇਟ ਚੜ੍ਹਾ ਚੁਕੇ, ਤੇ ਜਿਵੇਂ ਅਮਰਜੀਤ ਗਰੇਵਾਲ ਨੇ ਆਪਣੇ ਲੇਖਾਂ ਵਿਚ ਜ਼ਿਕਰ ਕੀਤਾ ਹੈ, ਪਹਿਲਾਂ ਹੀ ਅਨੇਕ ਦੁਸ਼ਵਾਰੀਆਂ ਨਾਲ ਜੂਝ ਰਹੇ ਪੰਜਾਬੀਆਂ ਨੂੰ ਹੋਰ ਬਲਦੀ ਦੇ ਬੂਥੇ ਦੇਣ ਦਾ ਕੋਈ ਹੱਕ ਨਹੀਂ ਹੈ| ਉਹ ਖੁਦ ਤਾਂ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਵਿਚ ਮੌਜਾਂ ਮਾਣ ਰਹੇ ਹਨ ਪਰ ਪੰਜਾਬ ਦੀਆਂ ਜ਼ਮੀਨੀ ਹਕੀਕਤਾਂ ਨਾਲ ਤਾਂ ਪੰਜਾਬ ਵਿਚ ਵਸਦੇ ਸਿੱਖ ਜੂਝ ਰਹੇ ਹਨ ਅਤੇ ਇਨ੍ਹਾਂ ਦੀ ਕਰਨੀਆਂ ਦੇ ਨਤੀਜੇ ਵੀ ਹਿੰਦੁਸਤਾਨ ਵਿਚ ਰਹਿ ਰਹੇ ਸਿੱਖਾਂ ਨੂੰ ਹੀ ਭੁਗਤਣੇ ਪੈਂਦੇ ਹਨ|
ਕਰਮਜੀਤ ਸਿੰਘ ਦੇ “ਪ੍ਰਚੰਡ ਜਜ਼ਬਿਆਂ ਦੀ ਨਵੀਂ ਸਵੇਰ” ਦੇ ਉਤਰ ਵਿਚ ਡਾ. ਬਲਕਾਰ ਸਿੰਘ, ਅਮਰਜੀਤ ਸਿੰਘ ਮੁਲਤਾਨੀ, ਹਾਕਮ ਸਿੰਘ, ਹਰਚਰਨ ਸਿੰਘ ਪਰਹਾਰ, ਕਮਲਜੀਤ ਸਿੰਘ ਬਾਸੀ, ਹਜ਼ਾਰਾ ਸਿੰਘ ਅਤੇ ਕਈ ਹੋਰ ਵਿਦਵਾਨਾਂ ਨੇ ਆਪਣੇ ਪ੍ਰਤੀਕਰਮ ਵਿਚ ਸਵਾਲ ਉਠਾਏ ਹਨ| ਕਰਮਜੀਤ ਸਿੰਘ ਨੇ ਕਿਸੇ ਦਾ ਵੀ ਕੋਈ ਉਤਰ ਦਿੱਤੇ ਬਿਨਾ ਅਗਲਾ ਲੇਖ ਲਿਖ ਦਿੱਤਾ ਹੈ| ਇਨ੍ਹਾਂ ਪ੍ਰਸ਼ਨਾਂ ਦਾ ਉਤਰ ਦੇਣਾ ਕਰਮਜੀਤ ਲਈ ਔਖਾ ਨਹੀਂ ਹੋਣਾ ਚਾਹੀਦਾ| ਪਹਿਲਾ ਪ੍ਰਸ਼ਨ ਹੱਲ ਕੀਤੇ ਬਿਨਾ ਅੱਗੇ ਵਧਣਾ ਮੁਸ਼ਕਿਲ ਵੀ ਹੁੰਦਾ ਹੈ ਅਤੇ ਦਰੁਸਤ ਵੀ ਨਹੀਂ ਹੁੰਦਾ| ਬਿਹਤਰ ਹੈ ਕਿ ਸਿੱਖਾਂ ਪ੍ਰਤੀ ਆਪਣੀ ਨੈਤਿਕ ਜਿੰ.ਮੇਵਾਰੀ ਦਾ ਅਹਿਸਾਸ ਕਰਦਿਆਂ ਕਰਮਜੀਤ ਸਿੰਘ ਅੱਗੇ ਤੁਰਨ ਤੋਂ ਪਹਿਲਾਂ ਇਨ੍ਹਾਂ ਪ੍ਰਸ਼ਨਾਂ ਦਾ ਉਤਰ ਦੇਣ। ਜ਼ਮੀਨੀ ਹਕੀਕਤਾਂ ਅਤੇ ਭਾਵੁਕ ਉਲਾਰ ਵਿਚ ਬਹੁਤ ਫਰਕ ਹੁੰਦਾ ਹੈ|